.

ਮਿਲਨ ਕੀ ਬਰੀਆ (ਭਾਗ 2)

ਧਰਤੀ ਤੇ ਅਨੇਕ ਜੀਵ-ਜੰਤੂ ਵਸਦੇ ਹਨ। ਇਨ੍ਹਾਂ ਸਾਰਿਆਂ ਦਾ ਵਤੀਰਾ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਘੜਿਆ ਗਿਆ ਹੈ ਅਤੇ ਇਹ ਸਾਰੇ ਆਪਣੇ ਵਤੀਰੇ ਦੇ ਪੱਕੇ ਹਨ। ਪਰ ਇਕ ਮਨੁੱਖ ਹੀ ਐਸਾ ਜੀਵ ਹੈ ਜੋ ਕਿ ਆਪਣਾ ਵਤੀਰਾ ਛੱਡ ਕੇ ਜਾਨਵਰਾਂ ਦਾ ਵਤੀਰਾ ਵੀ ਅਪਣਾ ਲੈਂਦਾ ਹੈ। ਜਾਨਵਰਾਂ ਦਾ ਵਤੀਰਾ ਤਾਂ ਕੁਦਰਤੀ ਨਿਯਮਾਂ ਅੰਦਰ ਜਾਨਵਰਾਂ ਲਈ ਹੀ ਸੀ ਪਰ ਮਨੁੱਖ ਨੇ ਵੀ ਇਨ੍ਹਾਂ ਜਾਨਵਰਾਂ ਦੇ ਵਤੀਰਿਆਂ ਨੂੰ ਧਾਰਨ ਕਰ ਲਿਆ। ਗੁਰਬਾਣੀ ਦਾ ਫੁਰਮਾਣ ਹੈ - ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥ (251) ਜੇ ਅਸੀਂ ਇਨਸਾਨੀਅਤ ਦੇ ਤਲ ਤੋਂ ਥੱਲੇ ਡਿਗਦੇ ਹਾਂ ਤਾਂ ਪਸ਼ੂਆਂ ਵਾਲਾ ਜੀਵਨ ਹੈ। ਪਰ ਜੇ ਗੁਣਾ ਭਰਪੂਰ ਜੀਵਨੀ ਹੈ ਤਾਂ ਮਾਨੋ ਚੰਗੇ ਭਾਗ ਹਨ। ‘ਭਾਗ ਮਥੋਰ’ ਦਾ ਅਰਥ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਨਹੀਂ! ਬਲਕਿ ਅੱਜ ਹੁਣ ਦੇ ਜੀਵਨ ਲਈ ਹੈ।

ਅੱਜ ਕਿਸੇ ਵੀ ਇਸਤ੍ਰੀ ਦੀ ਪੱਤ ਲੁੱਟੀ ਜਾਏ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਉਸਦੇ ਪਿਛਲੇ ਜਨਮ ਦੇ ਕਰਮ ਹਨ। ਸਮਾਜ ਵਿਚ ਸਾਡੀਆਂ ਮਾਂਵਾਂ, ਧੀਆਂ, ਭੈਣਾਂ... ਦਾਜ ਦੇ ਨਾਂ ਹੇਠਾਂ ਸਾੜੀਆਂ ਜਾਂਦੀਆਂ ਹਨ। ਇਸਨੂੰ ਪਿਛਲੇ ਜਨਮ ਦੇ ਭਾਗ ਕਹਿਣਾ ਬਹੁਤ ਵੱਡਾ ਗੁਨਾਹ ਹੈ।

ਸਾਡੇ ਆਲੇ-ਦੁਆਲੇ, ਸੜਕ ਦੀ ਪਟੜੀ ਤੇ, ਝੁੱਗੀਆਂ ਵਿਚ, ਨਾਲੇ ਦੇ ਕੋਲ ਜਿੱਥੇ ਗੰਦਗੀ ਹੈ, ਉੱਥੇ ਸਾਡੇ ਦੇਸ਼ ਦੇ ਵਾਸੀ ਰੁਲ ਰਹੇ ਹਨ। ਉਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ। ਅਸੀਂ ਕੁੱਤਾ ਪਾਲਕੇ ਆਪਣੇ ਪਲੰਘ ਤੇ ਜਾਂ ਆਪਣੀ ਗੋਦੀ ਵਿਚ ਰੱਖਦੇ ਹਾਂ ਪਰ ਇਨ੍ਹਾਂ ਰੁਲ ਰਹੇ ਭੈਣਾਂ-ਭਰਾਵਾਂ ਬਾਰੇ ਕੋਈ ਉਪਰਾਲਾ ਨਹੀਂ ਕਰਦੇ। ਉੱਤੋਂ ਅਫਸੋਸ ਇਸ ਗਲ ਦਾ ਵੀ ਹੈ ਕਿ ਧਾਰਮਕ ਸਥਾਨ ਤੇ ਇਹ ਲੈਕਚਰ ਦਿੱਤਾ ਜਾਂਦਾ ਹੈ ਕਿ ਸੜਕ, ਫੁੱਟਪਾਥ ਤੇ ਸੌਣ ਵਾਲੇ ਗਰੀਬ ਲੋਕ ਆਪਣੇ ਪਿਛਲੇ ਜਨਮਾਂ ਦੇ ਕੀਤੇ ਮਾੜੇ ਕਰਮਾਂ ਦਾ ਨਤੀਜਾ ਭੋਗ ਰਹੇ ਹਨ।

ਜੇਕਰ ਸਾਡੇ ਵਿਚੋਂ ਕਿਸੇ ਦੀ ਮਾਂ-ਭੈਣ ਦੀ ਇੱਜ਼ਤ ਲੁੱਟੀ ਜਾਏ ਅਤੇ ਇਹ ਕਿਹਾ ਜਾਏ ਕਿ ਪਿਛਲੇ ਜਨਮ ਦੇ ਕਰਮਾਂ ਕਾਰਨ ਹੋਇਆ ਹੈ, ਤਾਂ ਕੀ ਸਾਨੂੰ ਬਰਦਾਸ਼ਤ ਹੋਵੇਗਾ? ਨਹੀਂ! ਇਸ ਲਈ ਸਾਡਾ ਇਹ ਨਿਮਾਣਾ ਜਿਹਾ ਉਪਰਾਲਾ ਹੈ ਕਿ ਅਸੀਂ ਪਿਛਲੇ ਜਨਮ ਦੇ ਕਰਮ, ਕਿਸਮਤ ਅਤੇ ਮੱਥੇ ਤੇ ਲਿਖੇ ਭਾਗ ਦੀ ਗਲ ਨੂੰ ਗੁਰਬਾਣੀ ਦੇ ਨਜ਼ਰੀਏ ਮੁਤਾਕਬਕ ਸਮਝੀਏ। ਦਰਅਸਲ ਚੌਰਾਸੀ ਲੱਖ ਜੂਨਾਂ ਦੀਆਂ ਜਾਨਵਰ ਬਿਰਤੀਆਂ ਤੋਂ ਛੁਟਕਾਰਾ ਦਿਵਾਉਣਾ ਹੀ ਗੁਰਬਾਣੀ ਦਾ ਮੁੱਖ ਮੰਤਵ ਹੈ।

ਅਸੀਂ ਆਮ ਵੇਖਦੇ ਹਾਂ ਕਿ ਲੋੜਵੰਦ ਲੋਕ ਚੌਂਕ ਤੇ ਖੜੇ ਹੋ ਕੇ, ਨੰਗੇ ਪੈਰੀ ਠੰਡ ਵਿਚ ਜਾਂ ਧੁੱਪ ਵਿਚ ਲੋਕਾਂ ਦੀ ਕਾਰ ਸਾਫ ਕਰਕੇ ਪੈਸੇ ਮੰਗ ਰਹੇ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਗਰੀਬੀ ਦੂਰ ਹੋ ਸਕਦੀ ਹੈ ਜੇਕਰ ਅਸੀਂ ਇਨ੍ਹਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨ ਦਾ ਉਪਰਾਲਾ ਕਰੀਏ। ਸਰਕਾਰ ਜਾਂ ਪੁਲਿਸ ਨੂੰ ਬੁਰਾ-ਭਲਾ ਕਹਿਣ ਦਾ ਕੋਈ ਲਾਭ ਨਹੀਂ ਹੋਵੇਗਾ।

ਇਸ ਵਿਸ਼ੇ ਨੂੰ ਸਮਝਣ ਲਈ ਮੈਨੂੰ ਇਹ ਪੜਚੋਲ ਕਰਨੀ ਹੈ ਕਿ ਬਾਹਰੋਂ ਦਿਖਣ ਵਿਚ ਤੇ ਮੈਂ ਮਨੁੱਖ ਲਗਦਾ ਹਾਂ ਪਰ ਮੇਰਾ ਸੁਭਾ ਖੋਤੇ, ਕੁੱਤੇ, ਸੱਪ, ਹਾਥੀ ਆਦਿ ਜਾਨਵਰਾਂ ਵਾਲਾ ਹੋ ਗਿਆ ਹੈ। ਜਿਸਨੂੰ ਇਹ ਗਲ ਸਮਝ ਆ ਜਾਂਦੀ ਹੈ ਉਹ ਜਾਨਵਰਾਂ ਵਾਲਾ ਜੀਵਨ ਨਹੀਂ ਜਿਊਣਾ ਚਾਹੇਗਾ। ਧਰਮ ਅਸੀਂ ਪੜ੍ਹਦੇ-ਸੁਣਦੇ ਤਾਂ ਬਹੁਤ ਹਾਂ ਪਰ ਆਪਣਾ ਜੀਵਨ ਉਸ ਅਨੁਸਾਰ ਨਹੀਂ ਬਣਾਉਂਦੇ। ਗੁਰਬਾਣੀ ਦਾ ਫੁਰਮਾਣ ਹੈ - ਗੁਰ ਮੰਤ੍ਰ ਹੀਣਸੵ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥ (1356) ਭਾਵ ਜੇ ਧਰਮ ਨੂੰ ਜੀਵਿਆ ਨਹੀਂ ਤਾਂ ਮਾਨੋ ਜੀਵਨ ਕੁੱਤੇ, ਸੂਅਰ, ਖੋਤੇ, ਕਾਂ ਅਤੇ ਸੱਪ ਦੀ ਨਿਆਈ ਹੈ। ਜੇ ਸਾਨੂੰ ਧਰਮ ਦਾ ਮਨੋਰਥ ਹੀ ਨਹੀਂ ਪਤਾ ਤਾਂ ਉਸੇ ਨੌਕਰ ਵਾਂਗ ਹਾਂ ਜੋ ਮੀਹ ਪੈਣ ਤੇ ਵੀ ਬੂਟਿਆਂ ਨੂੰ ਛਤਰੀ ਦੇ ਹੇਠਾਂ ਖੜ੍ਹੇ ਹੋ ਕੇ ਪਾਣੀ ਦੇਈ ਜਾ ਰਿਹਾ ਹੋਵੇ।

ਮਰਨ ਤੋਂ ਬਾਅਦ ਚੁਰਾਸੀ ਲੱਖ ਜੂਨਾਂ ਹਨ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਗੁਰਬਾਣੀ ਦਾ ਅਧਿਐਨ ਕਰਕੇ ਇਹ ਸਮਝ ਆ ਰਿਹਾ ਹੈ ਕਿ ਕਿਵੇਂ ਵਰਤਮਾਨ ਵਿਚ ਮੈਂ ਇਹ ਸਾਰੀਆਂ ਜੂਨਾਂ ਪਲ-ਪਲ ਭੋਗ ਰਿਹਾ ਹਾਂ।

ਮਨੁੱਖ ਦੇ ਕਿਰਦਾਰ ਦੀ ਉਸਾਰੀ ਕਰਨ ਵਾਲਾ ਕੌਣ ਹੈ?

ਗੁਰਬਾਣੀ ਇਸ ਗੁੱਝੇ ਭੇਤ ਨੂੰ ਖੋਲ੍ਹਦੀ ਹੈ ਅਤੇ ਦਸਦੀ ਹੈ ਕਿ, ਮਨੁੱਖ ਦਾ ਚੰਗਾ ਵਤੀਰਾ ਸੁਚੱਜੀ ਮਤ ਰੂਪੀ ਮਾਂ ਅਤੇ ਸੰਤੋਖ ਰੂਪੀ ਪਿਤਾ ਦੁਆਰਾ ਹੁੰਦਾ ਹੈ, ਮਾਤਾ ਮਤਿ ਪਿਤਾ ਸੰਤੋਖੁ ॥ (151) ਇਸ ਤੋਂ ਉਲਟ ਜੇ ਕੁਮਤ ਅਤੇ ਅਸੰਤੋਖ ਦਾ ਸੁਮੇਲ ਹੋਵੇ ਤਾਂ ਮਨੁੱਖ ਦਾ ਮੰਦਾ ਸੁਭਾ ਬਣਦਾ ਹੈ। ਪਰ ਇਸ ਗਲ ਤੋਂ ਅਸੀਂ ਅਵੇਸਲੇ ਰਹਿੰਦੇ ਹਾਂ ਕਿ ਸਾਡੇ ਕਿਰਦਾਰ ਨੂੰ (ਮਨ ਰੂਪੀ ਪੁੱਤਰ ਨੂੰ) ਕੁਮਤ ਜ਼ਹਿਰ ਪਿਲਾ ਰਹੀ ਹੈ ਜਾਂ ਸੁਮਤ ਆਪਣਾ ਅੰਮ੍ਰਿਤ ਵਰਗਾ ਦੁੱਧ ਪਿਲਾ ਰਹੀ ਹੈ - ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ (156) ਇਸੇ ਸ਼ਬਦ ਵਿਚ ਅੱਗੇ ਦਸਦੇ ਹਨ ਕਿ ਜੇ ਮਨ ਰੂਪੀ ਬਾਲਕ ਦੀ ਕੁਮਤ ਰੂਪੀ ਮਾਂ ਹੋਵੇ ਤਾਂ ਕਿਰਦਾਰ ਰੁੱਖ-ਬਿਰਖ, ਨਾਗ, ਪੰਛੀ ਆਦਿ ਜਾਨਵਰਾਂ ਵਾਲਾ ਬਣਦਾ ਹੈ - ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ (156)

ਇਸ ਤੋਂ ਉਲਟ ਸੁਮਤ ਰੂਪੀ ਮਾਂ ਦਾ ਦੁਧ ਪੀ ਕੇ ਮਨ ਦਾ ਕਿਰਦਾਰ - ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥ (1381) ਵਾਲਾ ਬਣਦਾ ਹੈ। ਰੁੱਖ ਲੋਕਾਂ ਨੂੰ ਫਲ, ਛਾਂ, ਲੱਕੜ, ਆਕਸੀਜ਼ਨ ਆਦਿ ਵਡਮੁੱਲੀਆਂ ਵਸਤਾਂ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਕਿਰਦਾਰ ਵੀ ਸਾਰਿਆਂ ਲਈ ਸੁਖੈਨ ਬਣ ਜਾਂਦਾ ਹੈ।

ਜੇ ਮਨੁੱਖ ਆਪਣੀ ਪੜਚੋਲ ਨਾ ਕਰੇ ਅਤੇ ਕੇਵਲ ਦੂਜਿਆਂ ਦੀਆਂ ਗਲਤੀਆਂ ਲੱਭੇ ਤਾਂ ਨੀਵਾਂ ਕਿਰਦਾਰ ਬਣ ਜਾਂਦਾ ਹੈ। ਮਨੁੱਖ ਦਾ ਧਿਆਨ ਦੂਜਿਆਂ ਵੱਲ ਇਤਨਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਗਲਤੀਆਂ ਦਾ ਭਾਰ ਵੀ ਆਪਣੇ ਮਨ ਅੰਦਰ ਤਕੜੀ ਲਾ ਕੇ ਤੋਲਦਾ ਰਹਿੰਦਾ ਹੈ। ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥ (156)

ਜੇ ਅਸੀਂ ਆਪਣੇ ਮਨ ਦੀ ਪੜਚੋਲ ਕਰਾਂਗੇ ਤਾਂ ਸਾਡੀ ਅਵਸਥਾ ਇਹ ਬਣੇਗੀ, ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ (156) ਅਉਗੁਣਾਂ ਕਾਰਨ ਮਨੁੱਖ ਦਾ ਸੁਭਾ ਪੱਥਰ ਵਰਗਾ ਕਠੋਰ ਹੋ ਜਾਂਦਾ ਹੈ। ਜਦੋਂ ਇਹ ਕਠੋਰਤਾ ਮਹਿਸੂਸ ਹੁੰਦੀ ਹੈ ਤਾਂ ਮਨ ਇਸ ਤੋਂ ਛੁੱਟਣਾ ਚਾਹੁੰਦਾ ਹੈ। ਪੱਥਰ ਦਿਲ ਮਨੁੱਖ ਵਿਆਹ ਵੇਲੇ ਦਾਜ ਮੰਗ ਲੈਂਦੇ ਹਨ, ਕਿਸੇ ਕੁੜੀ ਨਾਲ ਜਬਰਜਨਾਹ ਕਰ ਸਕਦੇ ਹਨ, ਦੂਜਿਆਂ ਨੂੰ ਆਪਣਾ ਗੁਲਾਮ ਬਣਾ ਲੈਂਦੇ ਹਨ ਆਦਿ। ਇਹ ਜੋ ਵਿਗੜਿਆ ਰੂਪ ਅਸੀਂ ਸਮਾਜ ਦਾ ਵੇਖ ਰਹੇ ਹਾਂ ਇਹ ਪੱਥਰ ਦਿਲ ਮਨੁੱਖਾਂ ਕਾਰਨ ਹੀ ਬਣਦਾ ਹੈ। ਜੇ ਮਨ ਆਪਣੀ ਖੁਆਰੀ ਮਹਿਸੂਸ ਕਰਨ ਵਿਚ ਕਾਮਯਾਬ ਹੋ ਜਾਏ ਤਾਂ ਪੱਥਰ ਦਿਲ ਮੋਮ ਦਿਲ ਵਿਚ ਤਬਦੀਲ ਹੋ ਸਕਦਾ ਹੈ।

ਇੱਕ ਬਜ਼ੁਰਗ ਮਾਤਾ ਜੀ ਜੋ ਕਿ ਬਿਮਾਰ ਸਨ, ਆਪਣੀ ਨੂੰਹ ਨੂੰ ਪੁੱਛਦੇ ਹਨ ਕਿ ਬੜੀ ਖੁਸ਼ਬੂ ਆ ਰਹੀ ਹੈ, ਕੀ ਬਣਾਇਆ ਹੈ। ਨੂੰਹ ਨੇ ਅੱਗੋਂ ਜਵਾਬ ਦਿੱਤਾ ਕਿ ਮਾਤਾ ਜੀ ਮਹਿਮਾਨਾਂ ਲਈ ਪਕਵਾਨ ਬਣ ਰਹੇ ਹਨ। ਮਾਤਾ ਜੀ ਵੀ ਪਕਵਾਨ ਖਾਣਾਂ ਚਾਹੁੰਦੇ ਸਨ ਪਰ ਨੂੰਹ ਕਹਿੰਦੀ ਕਿ, "ਮਾਤਾ ਜੀ ਤੁਹਾਡੀ ਤੇ ਤਬੀਅਤ ਖਰਾਬ ਹੈ ਤੁਹਾਡੀ ਜੀਭ ਕਿਉਂ ਲਟਕ ਰਹੀ ਹੈ"। ਸਾਡੇ ਸਮਾਜ ਵਿਚ ਬਜ਼ੁਰਗਾਂ ਨਾਲ ਐਸੀ ਦੁਰਾਚਾਰੀ ਬੋਲੀ ਵਰਤੀ ਜਾਂਦੀ ਹੈ।

ਮਾਤਾ ਜੀ ਉਡੀਕਦੇ ਰਹੇ, ਦੁਪਹਿਰ ਤੋਂ ਸ਼ਾਮ ਹੋ ਗਈ ਪਰ ਉਨ੍ਹਾਂ ਨੂੰ ਕੁਝ ਖਾਣ ਲਈ ਨਹੀਂ ਮਿਲਿਆ। ਜਿਨ੍ਹਾਂ ਮਹਿਮਾਨਾਂ ਲਈ ਪਕਵਾਨ ਬਣਾਏ ਸਨ ਉਹ ਆਏ ਜੋ ਕਿ ਦੇਰ ਰਾਤ ਖਾ-ਪੀ ਕੇ ਚਲੇ ਗਏ। ਮਾਤਾ ਜੀ ਉਡੀਕ ਕਰਦੇ-ਕਰਦੇ ਸੌ ਗਏ। ਰਾਤ ਦੋ ਵਜੇ ਮਾਤਾ ਜੀ ਉਠੇ ਤਾਂ ਉਨ੍ਹਾਂ ਨੂੰ ਫਿਰ ਰਸੋਈ ਵਿਚੋਂ ਭੋਜਨ ਦੀ ਖੁਸ਼ਬੂ ਆਈ। ਬੜੀ ਮੁਸ਼ਕਿਲ ਨਾਲ ਕੰਧ ਦਾ ਸਹਾਰਾ ਲੈਕੇ ਉਹ ਰਸੋਈ ਤਕ ਪੁੱਜੇ। ਸਾਰਾ ਭੋਜਨ ਮੁੱਕ ਚੁਕਾ ਸੀ। ਉਹ ਆਪਣੇ ਆਪਨੂੰ ਰੋਕ ਨਾ ਸਕੇ ਤੇ ਜੂਠੇ ਭਾਂਡਿਆਂ ਵਿਚੋਂ ਫੋਲਣ ਲੱਗੇ। ਭਾਂਡਿਆਂ ਦੀ ਖੜਕ ਸੁਣਕੇ ਨੌਕਰ ਸਮੇਤ ਸਾਰੇ ਜਾਗ ਪਏ। ਸਾਰੇ ਹੈਰਾਨ ਸਨ ਕਿ ਮਾਤਾ ਜੀ ਜੂਠੇ ਭਾਂਡੇ ਚੱਟਦੇ ਪਏ ਸਨ। ਉਨ੍ਹਾਂ ਦੇ ਬੱਚਿਆਂ ਦਾ ਕਿਰਦਾਰ ਪੱਥਰ ਦਿਲ ਹੈ ਜਿਨ੍ਹਾਂ ਨੇ ਬੁਢੜੀ ਮਾਈ ਨੂੰ ਭੁੱਖਾ ਰੱਖਿਆ ਅਤੇ ਮਾਤਾ ਜੀ ਨੂੰ ਕੁੱਤੇ ਦੀ ਜੂਨ ਵਿਚ ਪਾ ਦਿੱਤਾ, ਉਨ੍ਹਾਂ ਨੂੰ ਜੂਠਨ ਖਾਣੀ ਪਈ। ਕੈਸਾ ਸਮਾਜ ਅਸੀਂ ਬਣਾ ਲਿਆ ਹੈ?

ਵੀਰ ਭੁਪਿੰਦਰ ਸਿੰਘ
.