.

ਗਿਆਨ ਤੇ ਜਾਣਕਾਰੀ

ਹਰਚਰਨ ਸਿੰਘ ਪਰਹਾਰ
ਫੋਨ: 403-681-8689 ਈ-ਮੇਲ:
[email protected]

ਆਮ ਤੌਰ ਤੇ ਗਿਆਨ ਅਤੇ ਜਾਣਕਾਰੀ ਨੂੰ ਇਕੋ ਗੱਲ ਸਮਝ ਲਿਆ ਜਾਂਦਾ ਹੈ, ਜਦਕਿ ਇਸ ਵਿੱਚ ਵੱਡਾ ਬੁਨਿਆਦੀ ਫਰਕ ਹੈ। ਵੱਧ ਜਾਣਕਾਰੀ ਵਾਲੇ ਨੂੰ ਅਕਸਰ ਅਸੀਂ ਗਿਆਨਵਾਨ ਜਾਂ ਵਿਦਵਾਨ ਸਮਝ ਲੈਂਦੇ ਹਾਂ, ਜਦਕਿ ਅਜਿਹਾ ਨਹੀਂ ਹੈ। ਸਾਡੇ ਸਰੀਰ ਦੇ ਕੁੱਝ ਗਿਆਨ (ਜਾਣਕਾਰੀ) ਇੰਦਰੇ ਹਨ, ਜਿਨ੍ਹਾਂ ਰਾਹੀਂ ਅਸੀਂ ਬਾਹਰ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਜਿਸ ਤਰ੍ਹਾਂ ਅੱਖਾਂ ਰਾਹੀਂ ਦੇਖ ਕੇ, ਕੰਨਾਂ ਰਾਹੀਂ ਸੁਣ ਕੇ, ਨੱਕ ਰਾਹੀਂ ਸੁੰਘ ਕੇ, ਜੀਭ ਰਾਹੀਂ ਚੱਖ ਕੇ ਤੇ ਹੱਥਾਂ ਰਾਹੀਂ ਛੂਹ ਕੇ (ਸਪੱਰਸ਼ ਕਰਕੇ) ਜਾਣਕਾਰੀ ਲੈਂਦੇ ਹਾਂ। ਇਨ੍ਹਾਂ ਸਾਰੇ ਇੰਦਰਿਆਂ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਸਾਡਾ ਦਿਮਾਗ ਸਾਂਭਦਾ ਹੈ ਤੇ ਲੋੜ ਪੈਣ ਤੇ ਜਮ੍ਹਾਂ (ਸਟੋਰ) ਕੀਤੀ ਜਾਣਕਾਰੀ ਦੀ ਵਰਤੋਂ ਕਰਦਾ ਹੈ। ਦਿਮਾਗ ਦਾ ਹੀ ਇੱਕ ਹੋਰ ਹਿੱਸਾ, ਸਾਂਭੀ ਹੋਈ ਜਾਣਕਾਰੀ ਨੂੰ ਪੜਚੋਲ ਕੇ ਬਾਹਰ ਭੇਜਦਾ ਹੈ ਕਿ ਕਿਹੜੀ ਜਾਣਕਾਰੀ, ਕਿਸ ਮੌਕੇ ਵਰਤਣੀ ਹੈ। ਸਾਡੇ ਦਿਮਾਗ ਵਿੱਚ ਜਾਣਕਾਰੀ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਹੈ, ਪਰ ਹਰ ਇੱਕ ਜਾਣਕਾਰੀ ਨੂੰ ਅਸੀਂ ਹਰ ਜਗ੍ਹਾ ਨਹੀਂ ਵਰਤ ਸਕਦੇ। ਜਿਸ ਵਿਅਕਤੀ ਦੇ ਦਿਮਾਗ ਦਾ ਉਹ ਹਿੱਸਾ ਕੰਮ ਕਰਨੋਂ ਹਟ ਜਾਵੇ ਜਾਂ ਘੱਟ ਕੰਮ ਕਰੇ ਤਾਂ ਦਿਮਾਗ ਅਜਿਹੀਆਂ ਜਾਣਕਾਰੀਆਂ ਬਾਹਰ ਕੱਢ ਸਕਦਾ ਹੈ, ਜਿਸ ਨਾਲ ਵਿਅਕਤੀ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਹੋ ਸਕਦੀਆਂ ਹਨ। ਕੁਦਰਤ ਨੇ ਇੱਕ ਬੜਾ ਕਮਾਲ ਦਾ ਪਰਦਾ ਪਾਇਆ ਹੋਇਆ ਹੈ, ਜਿਸ ਜਾਣਕਾਰੀ ਦੀ ਜਿਥੇ ਲੋੜ ਹੈ, ਦਿਮਾਗ ਦਾ ਪੜਚੋਲੀਆ ਹਿੱਸਾ ਉਹੀ ਜਾਣਕਾਰੀ ਬਾਹਰ ਭੇਜਦਾ ਹੈ। ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਹੈ ਕਿ ਜਾਣਕਾਰੀ ਪ੍ਰਾਪਤ ਕਰਨ ਵਾਲੇ ਇੰਦਰਿਆਂ ਰਾਹੀਂ, ਜਿਹੜਾ ਵਿਅਕਤੀ ਵੱਧ ਜਾਣਕਾਰੀ ਇਕੱਠੀ ਕਰਕੇ ਦਿਮਾਗ ਵਿੱਚ ਜਮ੍ਹਾਂ ਕਰ ਲੈਂਦਾ ਹੈ, ਉਹ ਉਤਨਾ ਵੱਡਾ ਵਿਦਵਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵਿਦਿਆਰਥੀ ਵੱਧ ਜਾਣਕਾਰੀ ਯਾਦ ਕਰ ਸਕੇ, ਉਹ ਵੱਧ ਹੁਸ਼ਿਆਰ ਤੇ ਵੱਡੀ ਡਿਗਰੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਵੱਧ ਜਾਣਕਾਰੀ ਇਕੱਠੀ ਕਰਕੇ ਯਾਦ ਕਰ ਲੈਣ ਨਾਲ ਵਿਦਵਾਨ ਬਣਿਆ ਜਾ ਸਕਦਾ ਹੈ, ਹੁਸ਼ਿਆਰ ਹੋਇਆ ਜਾ ਸਕਦਾ ਹੈ, ਵੱਡੀ ਡਿਗਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕੋਈ ਚੰਗੀ ਨੌਕਰੀ ਲਈ ਜਾ ਸਕਦੀ ਹੈ, ਚੰਗਾ ਬਿਜਨੈਸ ਕੀਤਾ ਜਾ ਸਕਦਾ ਹੈ, ਵਿਦਵਾਨ ਬਣਿਆ ਜਾ ਸਕਦਾ ਹੈ, ਪਰ ਇਸ ਨਾਲ ਮਨੁੱਖ ਗਿਆਨਵਾਨ ਨਹੀਂ ਬਣ ਸਕਦਾ, ਸੂਝਵਾਨ ਨਹੀਂ ਬਣ ਸਕਦਾ। ਸੂਝ ਤੁਹਾਡੇ ਅੰਦਰੋਂ ਪੈਦਾ ਹੁੰਦੀ ਹੈ, ਕੋਈ ਪੜ੍ਹਿਆ ਲਿਖਿਆ ਤੇ ਵਿਦਵਾਨ ਵੀ ਮੂਰਖ ਹੋ ਸਕਦਾ ਹੈ ਅਤੇ ਕੋਈ ਦੁਨਿਆਵੀ ਜਾਣਕਾਰੀ ਤੋਂ ਸੱਖਣਾ ਅਨਪੜ੍ਹ ਵਿਅਕਤੀ ਸੂਝਵਾਨ ਹੋ ਸਕਦਾ ਹੈ, ਗਿਆਨਵਾਨ ਹੋ ਸਕਦਾ ਹੈ। ਗਿਆਨ ਤੁਹਾਡੇ ਅੰਦਰਲੇ ਤੇ ਬਾਹਰੀ ਅਨੁਭਵ ਤੋਂ ਪੈਦਾ ਹੁੰਦਾ ਹੈ। ਇਸ ਲਈ ਜਾਣਕਾਰੀ ਯਾਦ ਕਰ ਲੈਣੀ ਹੋਰ ਗੱਲ ਹੈ, ਗਿਆਨ ਹੋਣਾ ਹੋਰ ਗੱਲ ਹੈ।
ਸਾਡੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਇੰਦਰੇ (ਜਿਨ੍ਹਾਂ ਨੂੰ ਅਸੀਂ ਗਲਤੀ ਨਾਲ ਗਿਆਨ ਇੰਦਰੇ ਵੀ ਕਹਿੰਦੇ ਹਾਂ) ਬਾਹਰਮੁਖੀ ਹਨ ਤੇ ਇਹ ਬਾਹਰੋਂ ਜਾਣਕਾਰੀ ਪ੍ਰਾਪਤ ਕਰਦੇ ਹਨ, ਪਰ ਜੇ ਇਹ ਇੰਦਰੇ ਅੰਦਰੋਂ ਜਾਣਕਾਰੀ ਪ੍ਰਾਪਤ ਕਰਨ ਲੱਗ ਜਾਣ ਤਾਂ ਗਿਆਨ ਪੈਦਾ ਹੁੰਦਾ ਹੈ। ਜੇ ਇਸਨੂੰ ਇਵੇਂ ਕਿਹਾ ਜਾਵੇ ਕਿ ਅੱਖਾਂ ਖੋਲ੍ਹ ਕੇ ਪ੍ਰਾਪਤ ਕੀਤਾ ਗਿਆਨ ਤਾਂ ਜਾਣਕਾਰੀ ਹੈ, ਪਰ ਅੱਖਾਂ ਬੰਦ ਕਰਕੇ ਪ੍ਰਾਪਤ ਕੀਤੀ ਜਾਣਕਾਰੀ, ਗਿਆਨ ਹੈ। ਜਦੋਂ ਸਾਡੇ ਇਹ ਇੰਦਰੇ ਬਾਹਰਮੁੱਖਤਾ ਦੀ ਥਾਂ ਅੰਤਰਮੁੱਖੀ ਹੋਣ ਤਾਂ ਜੋ ਗਿਆਨ ਪੈਦਾ ਹੁੰਦਾ ਹੈ, ਉਸਦੇ ਹੀ ਗ੍ਰੰਥ ਬਣਦੇ ਹਨ, ਦੁਨੀਆਂ ਉਨ੍ਹਾਂ ਨੂੰ ਪੂਜਦੀ ਹੈ। ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਲੋਕ ਵਿਦਵਾਨ ਬਣਦੇ ਹਨ। ਇੱਕ ਬੜੀ ਮਜ਼ੇ ਦੀ ਗੱਲ ਹੈ ਕਿ ਜਿਨ੍ਹਾਂ ਵੱਡ ਆਕਰੀ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਅਰਥ ਕਰਕੇ, ਲੋਕ ਵਿਦਵਾਨ ਬਣਦੇ ਹਨ, ਪੀ. ਐਚ. ਡੀ. ਦੀਆਂ ਡਿਗਰੀਆਂ ਲੈਂਦੇ ਹਨ, ਡਾਕਟਰ ਬਣਦੇ ਹਨ। ਜਿਨ੍ਹਾਂ ਨੇ ਉਹ ਗ੍ਰੰਥ ਲਿਖੇ ਹੁੰਦੇ ਹਨ, ਉਨ੍ਹਾਂ ਨੇ ਗ੍ਰੰਥ ਨਹੀਂ ਪੜ੍ਹੇ ਹੁੰਦੇ।
ਵੱਧ ਜਾਣਕਾਰੀ ਇਕੱਠੀ ਕਰਕੇ, ਉਸਨੂੰ ਯਾਦ ਕਰਕੇ, ਦੱਸਣ ਵਾਲਾ ਵਿਅਕਤੀ ਵਿਦਵਾਨ ਤੇ ਹੋ ਸਕਦਾ ਹੈ, ਪਰ ਗਿਆਨੀ ਹੋਵੇ, ਜਰੂਰੀ ਨਹੀਂ। ਗਿਆਨੀ ਹੋਣਾ ਬਹੁਤ ਵੱਡੀ ਘਟਨਾ ਹੈ, ਜੀਵਨ ਦੀ ਕਾਇਆ ਕਲਪ ਹੋਣਾ ਹੈ। ਪਰ ਅਗਿਆਨਤਾ ਵਿੱਚ ਅਸੀਂ ਜਿਥੇ ਵਿਦਵਤਾ ਨੂੰ ਹੰਕਾਰ ਬਣਾ ਲਿਆ ਹੈ, ਉਥੇ ਗਿਆਨੀ ਹੋਣ ਨੂੰ ਹੀਣ ਭਾਵਨਾ ਨਾਲ ਜੋੜ ਲਿਆ ਹੈ। ਅੱਜ ਮਨੁੱਖ ਵਿਦਵਾਨ ਕਹਾਉਣ ਵਿੱਚ ਤਾਂ ਫਖਰ ਮਹਿਸੂਸ ਕਰਦਾ ਹੈ ਤੇ ਗਿਆਨੀ ਕਹਾਉਣ ਨੂੰ ਹੀਣਾਪਨ ਮਹਿਸੂਸ ਕਰਦਾ ਹੈ। ਇਸਦਾ ਕਾਰਨ ਇਹ ਵੀ ਹੈ ਕਿ ਅਸੀਂ ਅਣਜਾਣੇ ਵਿੱਚ ਗੁਰਦੁਆਰਿਆਂ ਦੇ ਭਾਈਆਂ (ਗ੍ਰੰਥੀਆਂ) ਨੂੰ ਗਿਆਨੀ ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਜਦਕਿ ਉਨ੍ਹਾਂ ਕੋਲ ਆਮ ਤੌਰ ਗਿਆਨ ਤਾਂ ਬਹੁਤ ਦੂਰ ਦੀ ਗੱਲ ਹੈ, ਵਿਦਵਤਾ ਵੀ ਨਹੀਂ ਹੁੰਦੀ। ਇਸੇ ਲਈ ਆਮ ਲੋਕ ਆਪਣੇ ਆਪ ਨੂੰ ਗਿਆਨੀ ਕਹਾਉਣ ਤੋਂ ਪਾਸਾ ਵੱਟਦੇ ਹਨ। ਬਹੁਤ ਵਾਰ ਗਿਆਨੀ ਨੂੰ ਅਸੀਂ ਪਹਿਰਾਵੇ ਨਾਲ ਵੀ ਜੋੜ ਲਿਆ ਹੈ ਤੇ ਸਮਝਦੇ ਹਾਂ ਕਿ ਗਿਆਨੀਆਂ ਦਾ ਕੋਈ ਖਾਸ ਪਹਿਰਾਵਾ ਹੋਣਾ ਚਾਹੀਦਾ ਹੈ?
ਬੇਸ਼ਕ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਵਿੱਚ ਵਿਚਰਨ ਤੇ ਤਰੱਕੀ ਕਰਨ ਲਈ ਜਾਣਕਾਰੀ ਇਕੱਠੀ ਕਰਨ, ਯਾਦ ਕਰਨ ਤੇ ਲੋੜ ਅਨੁਸਾਰ ਵਰਤਣ ਦਾ ਬੜਾ ਮਹੱਤਵ ਹੈ, ਉਸ ਤੋਂ ਬਿਨਾਂ ਅੱਜ ਦੇ ਸਮਾਜ ਵਿੱਚ ਕਾਮਯਾਬ ਨਹੀਂ ਹੋਇਆ ਜਾ ਸਕਦਾ। ਪਰ ਇਸਦੇ ਨਾਲ-ਨਾਲ ਸਾਨੂੰ ਆਪਣੇ ਇਨ੍ਹਾਂ ਜਾਣਕਾਰੀ ਵਾਲੇ ਇੰਦਰਿਆਂ ਨੂੰ ਬਾਹਰਮੁੱਖਤਾ ਤੋਂ ਮੋੜ ਕੇ ਅੰਤਰਮੁੱਖੀ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਗਿਆਨਵਾਨ ਵੀ ਹੋ ਸਕੀਏ। ਜੀਵਨ ਦੇ ਬਹੁਤ ਸਾਰੇ ਰਹੱਸ, ਜਿਨ੍ਹਾਂ ਕਰਕੇ ਅਕਸਰ ਸ਼ੈਤਾਨ ਲੋਕ ਸਾਨੂੰ ਗੁੰਮਰਾਹ ਕਰਦੇ ਹਨ, ਸਮਝ ਆ ਸਕਣ। ਅਸੀਂ ਵੀ ਉਸ ਅਨੁਭਵ ਤੋਂ ਜਾਣੂ ਹੋ ਸਕੀਏ, ਜਿਸ ਲਈ ਸਾਡਾ ਮਨ ਅਕਸਰ ਬੇਚੈਨ ਰਹਿੰਦਾ ਹੈ। ਅਸੀਂ ਕਿਸੇ ਸਦੀਵੀ ਆਨੰਦ ਲਈ ਤਾਂਘਦੇ ਰਹਿੰਦੇ ਹਾਂ।


ਸ਼ਰਧਾ ਤੇ ਵਿਸ਼ਵਾਸ਼


ਧਰਮਾਂ ਵਿੱਚ ਸ਼ਰਧਾ ਤੇ ਵਿਸ਼ਵਾਸ਼ ਸ਼ਬਦ ਅਕਸਰ ਵਰਤੇ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਧਰਮ ਵਿੱਚ ਤਰਕ ਨਹੀਂ, ਸ਼ਰਧਾ ਜਾਂ ਵਿਸ਼ਵਾਸ਼ ਵਾਲਾ ਵਿਅਕਤੀ ਹੀ ਧਰਮੀ ਹੋ ਸਕਦਾ ਹੈ। ਤਰਕ ਕਰਨ ਵਾਲੇ ਨੂੰ ਅਕਸਰ ਨਾਸਤਿਕ ਸਮਝਿਆ ਜਾਂਦਾ ਹੈ। ਜਦਕਿ ਇਹ ਜਰੂਰੀ ਨਹੀਂ ਕਿ ਹਰ ਤਰਕਸ਼ੀਲ ਵਿਅਕਤੀ ਨਾਸਤਿਕ ਹੋਵੇ ਤੇ ਹਰ ਸ਼ਰਧਾਵਾਨ ਆਸਤਿਕ ਜਾਂ ਧਾਰਮਿਕ ਹੋਵੇ। ਵੈਸੇ ਦੇਖਿਆ ਜਾਵੇ ਤਾਂ ਇਸ ਵਿੱਚ ਕੀ ਫਰਕ ਹੈ ਕਿ ਇੱਕ ਵਿਅਕਤੀ ਵਿਸ਼ਵਾਸ਼ ਕਰਦਾ ਹੈ ਕਿ ਰੱਬ ਹੈ ਤੇ ਦੂਜਾ ਵਿਸ਼ਵਾਸ਼ ਕਰਦਾ ਹੈ ਕਿ ਨਹੀਂ ਹੈ। ਜਦਕਿ ਦੋਨੋ ਸਿਰਫ ਵਿਸ਼ਵਾਸ਼ ਕਰਦੇ ਹਨ, ਕਿਸੇ ਹੋਰ ਦੀ ਗੱਲ ਤੇ। ਨਾ ਤੇ ਮੰਨਣ ਵਾਲਿਆਂ ਨੇ ਖੋਜਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਖੋਜ ਤੋਂ ਬਾਅਦ ਰੱਬ ਮਿਲ ਗਿਆ ਸੀ ਤੇ ਹੁਣ ਉਹ ਪੂਰੇ ਵਿਸ਼ਾਵਸ਼ ਨਾਲ ਕਹਿੰਦੇ ਹਨ ਕਿ ਰੱਬ ਹੈ। ਇਸੇ ਤਰ੍ਹਾਂ ਨਾ ਮੰਨਣ ਵਾਲੇ ਵੀ ਖੋਜ ਕਰਕੇ ਨਹੀਂ ਕਹਿੰਦੇ ਕਿ ਰੱਬ ਨਹੀਂ ਹੈ, ਜਾਂ ਉਹ ਖੋਜ ਕਰਦੇ ਸੀ ਤੇ ਉਨ੍ਹਾਂ ਨੂੰ ਖੋਜ ਤੋਂ ਬਾਅਦ ਪਤਾ ਲੱਗਾ ਕਿ ਰੱਬ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਮਿਲਿਆ ਨਹੀਂ। ਅਸਲ ਵਿੱਚ ਦੋਨੋ ਤਰ੍ਹਾਂ ਦੇ ਲੋਕ ਵਿਸ਼ਵਾਸ਼ੀ ਹੀ ਹਨ। ਇੱਕ ਕਿਸੇ ਧਾਰਮਿਕ ਗ੍ਰੰਥ ਜਾਂ ਧਾਰਮਿਕ ਗੁਰੂ ਦੀ ਗੱਲ ਨੂੰ ਸੱਚ ਮੰਨ ਕੇ ਸ਼ਰਧਾ ਨਾਲ ਕਹਿੰਦੇ ਹਨ ਕਿ ਰੱਬ ਹੈ ਤੇ ਦੂਜੇ ਕਿਸੇ ਸਾਇੰਸਦਾਨ ਦੀ ਕਿਤਾਬ ਪੜ੍ਹ ਕੇ ਕਹਿੰਦੇ ਹਨ ਕਿ ਰੱਬ ਨਹੀਂ ਹੈ। ਇਸ ਗੱਲ ਦਾ ਵੀ ਕੀ ਭਰੋਸਾ ਹੈ ਕਿ ਰੱਬ ਨੂੰ ਮੰਨਣ ਵਾਲੇ ਜਿਸ ਤੇ ਵਿਸ਼ਾਵਾਸ਼ ਕਰਕੇ ਮੰਨਦੇ ਹਨ, ਉਸਨੂੰ ਰੱਬ ਮਿਲਿਆ ਸੀ ਜਾਂ ਨਹੀਂ, ਜਾਂ ਜਿਹੜਾ ਮਿਲਿਆ ਸੀ, ਉਹੀ ਰੱਬ ਸੀ? ਇਸੇ ਤਰ੍ਹਾਂ ਨਾ ਮੰਨਣ ਵਾਲਿਆ ਨੇ ਕਿਹੜੀ ਕੋਈ ਖੋਜ ਕੀਤੀ ਸੀ ਕਿ ਉਹ ਲੱਭਦੇ ਸੀ ਤੇ ੳੇਨ੍ਹਾਂ ਨੂੰ ਲੱਭਾ ਨਹੀ ਤੁੇ ਉਨ੍ਹਾਂ ਕਹਿ ਦਿੱਤਾ ਕਿ ਰੱਬ ਨਹੀਂ ਹੈ। ਇੱਕ ਨੁਕਤਾ ਹੋਰ ਵੀ ਵਿਚਾਰਨ ਵਾਲਾ ਹੈ ਕਿ ਜੇ ਸਾਇੰਸਦਾਨਾਂ ਨੂੰ ਰੱਬ ਨਹੀਂ ਲੱਭਾ ਤਾਂ ਇਸਦਾ ਮਤਲਬ ਇਹ ਕਿਵੇਂ ਲਿਆ ਜਾਵੇ ਕਿ ਲੱਭਾ ਨਹੀਂ, ਇਸ ਲਈ ਹੈ ਹੀ ਨਹੀਂ। ਇਹ ਕੋਈ ਤਰਕ ਵੀ ਮੰਨਣਯੋਗ ਨਹੀਂ? ਇਹ ਤਾਂ ਕਿਹਾ ਜਾ ਸਕਦਾ ਹੈ ਕਿ ਖੋਜ ਜਾਰੀ ਹੈ, ਅਜੇ ਤੱਕ ਨਹੀਂ ਲੱਭਾ, ਜਦੋਂ ਲੱਭੇਗਾ, ਫਿਰ ਘੋਸ਼ਣਾ ਕਰ ਦੇਵਾਂਗੇ? ਇਹ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਦਾ ਰੱਬ ਉਹ ਲੱਭਦੇ ਹੋਣ, ਅਜਿਹਾ ਰੱਬ ਹੋਵੇ ਹੀ ਨਾ?
ਇਸ ਲਈ ਸਾਨੂੰ ਇਸ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਕਿ ਰੱਬ ਹੈ ਜਾਂ ਨਹੀਂ? ਜਾਂ ਹੈ ਤੇ ਕਿਥੇ ਹੈ? ਜਾਂ ਕਿਹੋ ਜਿਹਾ ਹੈ? ਜਾਂ ਜੇ ਰੱਬ ਹੈ ਤਾਂ ਸਾਨੂੰ ਦਿਖਾਉ? ਪਹਿਲਾਂ ਅਸੀਂ ਇਹ ਦੇਖੀਏ ਕਿ ਅਸੀਂ ਕੀ ਹਾਂ? ਅਸੀਂ ਕਿਥੇ ਖੜੇ ਹਾਂ? ਅਸੀਂ ਜਿਸ ਧਰਤੀ ਜਾਂ ਸਮਾਜ ਵਿੱਚ ਰਹਿ ਰਹੇ ਹਾਂ, ਉਸਨੂੰ ਬੇਹਤਰ ਕਰਨ ਲਈ ਕੀ ਕਰ ਰਹੇ ਹਾਂ? ਕੀ ਉਸਨੂੰ ਹੋਰ ਖਰਾਬ ਤੇ ਨਹੀਂ ਕਰ ਰਹੇ? ਕੀ ਸਾਡੇ ਜੀਵਨ ਦਾ ਮਨੋਰਥ ਸਿਰਫ ਖਾਣਾ-ਪੀਣਾ, ਪਹਿਨਣਾ, ਬੱਚੇ ਪੈਦੇ ਕਰਨੇ, ਉਨ੍ਹਾਂ ਪਰਵਰਿਸ਼ ਕਰਨੀ, ਪੈਸਾ ਕਮਾਉਣ ਹੀ ਹੈ ਜਾਂ ਇਸ ਜੀਵਨ ਦਾ ਕੋਈ ਹੋਰ ਮਕਸਦ ਵੀ ਹੈ? ਇਸ ਤੋਂ ਵੀ ਪਹਿਲਾਂ ਕਿ ਅਸੀਂ ਦੁਨੀਆਂ ਜਾਂ ਸਮਾਜ ਨੂੰ ਸੁਧਾਰਨ ਤੁਰ ਪਈਏ, ਕਦੇ ਆਪਣੇ ਗਿਰੇਬਾਨ ਵਿੱਚ ਝਾਤੀ ਮਾਰ ਕੇ ਵੀ ਦੇਖ ਲਈਏ ਕਿ ਅਸੀਂ ਕੀ ਕਰ ਰਹੇ ਹਾਂ? ਕੀ ਇਸ ਜੀਵਨ ਦਾ ਮਕਸਦ ਇੱਕ ਦਿਨ ਦੇ ਜੰਮ ਕੇ, ਕੁੱਝ ਸਮਾਂ ਧਰਤੀ ਤੇ ਰਹਿ ਕੇ, ਖਤਮ ਹੋ ਜਾਣਾ ਹੀ ਹੈ? ਜਾਂ ਇਸ ਸਰੀਰ ਦੇ ਅੰਤ ਤੋਂ ਪਹਿਲਾਂ ਵੀ ਕੁੱਝ ਕਰਨਯੋਗ ਹੈ, ਜਿਸ ਵੱਲ ਸਾਡਾ ਅਜੇ ਧਿਆਨ ਨਹੀਂ ਗਿਆ? ਅਸੀਂ ਜੋ ਵੀ ਕਰੀਏ, ਚਾਹੇ ਸ਼ਰਧਾ ਜਾਂ ਵਿਸ਼ਵਾਸ਼ ਨਾਲ ਕਰੀਏ ਤੇ ਚਾਹੇ ਤਰਕ ਜਾਂ ਦਲੀਲ ਨਾਲ ਕਰੀਏ, ਪਰ ਜਾਗਰੂਕ ਹੋ ਕੇ ਕਰੀਏ ਤੇ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਕਰ ਰਹੇ ਹਾਂ।


ਵਿਸ਼ਵਾਸ਼ਵਾਦੀ, ਵਿਚਾਰਵਾਦੀ ਤੇ ਪ੍ਰਯੋਗਵਾਦੀ


ਧਾਰਮਿਕ ਸ਼ਰਧਾਲੂਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ, ਇੱਕ ਉਹ ਹੁੰਦੇ ਹਨ, ਜਿਹੜੇ ਧਰਮ ਦੇ ਹਰ ਕਰਮਕਾਂਡ, ਮਰਿਯਾਦਾ, ਪ੍ਰੰਪਰਾ ਆਦਿ ਨੂੰ ਬਿਨਾਂ ਕਿਸੇ ਹੀਲ ਹੁੱਜਤ ਜਾਂ ਕਿੰਤੂ ਪ੍ਰੰਤੂ ਦੇ ਅੱਖਾਂ ਮੀਟ ਕੇ ਸਿਰ ਝੁਕਾ ਦਿੰਦੇ ਹਨ। ਉਹ ਕਿਸੇ ਪ੍ਰੰਪਰਾ ਜਾਂ ਮਰਿਯਾਦਾ ਤੇ ਕਿਸੇ ਤਰ੍ਹਾਂ ਦਾ ਤਰਕ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਲਈ ਸਿਰ ਸੁੱਟ ਕੇ ਭੀੜ ਮਗਰ ਤੁਰਨਾ ਹੀ ਧਰਮ ਹੁੰਦਾ ਹੈ। ਧਰਮ ਦੇ ਕਿਸੇ ਮਸਲੇ ਬਾਰੇ ਸੋਚਣਾ ਉਨ੍ਹਾਂ ਲਈ ਪਾਪ ਹੁੰਦਾ ਹੈ। ਅਜਿਹੇ ਲੋਕ ਅਕਸਰ ਪੁਰਾਤਨਤਾ ਵਿੱਚ ਵਿਸ਼ਵਾਸ਼ ਕਰਦੇ ਹਨ। ਉਹ ਮੌਜੂਦਾ ਸਮੇਂ ਤੋਂ ਹਜ਼ਾਰਾਂ ਸਾਲ ਪਿਛੇ ਚੱਲਦੇ ਹਨ। ਉਹ ਹਜ਼ਾਰਾਂ ਸਾਲ ਪਹਿਲਾਂ ਦੀ ਝੂਠੀ ਜਾਂ ਗਲਤ ਪ੍ਰੰਪਰਾ ਨੂੰ ਬੜੇ ਦ੍ਰਿੜ ਇਰਾਦੇ ਨਾਲ ਮੰਨਦੇ ਹਨ, ਪਰ ਮੌਜੂਦਾ ਸਮੇਂ ਵਿੱਚ ਵਰਤ ਰਹੇ ਸੱਚ ਤੋਂ ਅਕਸਰ ਮੁਨਕਰ ਹੁੰਦੇ ਹਨ। ਉਹ ਸਮਝਦੇ ਹਨ ਕਿ ਜੋ ਪ੍ਰੰਪਰਾ ਜਾਂ ਮਰਿਯਾਦਾ ਉਨ੍ਹਾਂ ਦੇ ਬਜ਼ੁਰਗਾਂ ਨੇ ਚਲਾ ਦਿੱਤੀ, ਉਹ ਸਭ ਸੱਚ ਹੈ, ਉਸਨੂੰ ਬਦਲਣਾ ਜਾਂ ਉਸਦੇ ਉਲਟ ਜਾਣਾ ਧਰਮ ਦੇ ਖਿਲਾਫ ਹੈ ਤੇ ਉਹ ਅਜਿਹਾ ਕਰਕੇ ਨਰਕਾਂ ਵਿੱਚ ਨਹੀਂ ਪੈਣਾ ਚਾਹੁੰਦੇ। ਇਸ ਤਰ੍ਹਾਂ ਦੇ ਸ਼ਰਧਾਲੂਆਂ ਨੂੰ ਵਿਸ਼ਵਾਸ਼ਵਾਦੀ ਕਿਹਾ ਜਾਂਦਾ ਹੈ।
ਦੂਜੀ ਸ਼੍ਰੇਣੀ ਦੇ ਉਹ ਸ਼ਰਧਾਲੂ ਹੁੰਦੇ ਹਨ, ਜੋ ਵਿਸ਼ਵਾਦਵਾਦੀਆਂ ਵਾਂਗ ਹਰ ਗੱਲ ਨੂੰ ਅੱਖਾਂ ਮੀਟ ਕੇ ਨਹੀਂ ਮੰਨਦੇ ਅਤੇ ਨਾ ਹੀ ਹਰ ਪੁਰਾਤਨ ਧਾਰਨਾ ਜਾਂ ਵਿਸ਼ਵਾਸ਼ ਨੂੰ ਬਿਨਾਂ ਵਿਚਾਰੇ ਮੰਨਦੇ ਹਨ, ਸਗੋਂ ਬਹੁਤ ਵਾਰ ਅੰਧ ਵਿਸ਼ਵਾਸ਼ੀ ਧਾਰਨਾਵਾਂ ਨੂੰ ਰੱਦ ਵੀ ਕਰਦੇ ਹਨ। ਪਰ ਅਜਿਹੇ ਸ਼ਰਧਾਲੂ ਅਕਸਰ ਮਰਿਯਾਦਾ ਜਾਂ ਸਿਧਾਂਤ ਦੇ ਤਕੜੇ ਮੁਦੱਈ ਹੁੰਦੇ ਹਨ। ਉਹ ਧਾਰਮਿਕ ਗ੍ਰੰਥਾਂ ਵਿਚਲੀਆਂ ਧਾਰਨਾਵਾਂ ਦੀ ਕੱਟੜਤਾ ਨਾਲ ਪਾਲਣਾ ਕਰਨ ਦੇ ਹੱਕ ਵਿੱਚ ਹੁੰਦੇ ਹਨ। ਅਜਿਹੇ ਸ਼ਰਧਾਲੂਆਂ ਨੂੰ ਵਿਚਾਰਵਾਦੀ ਕਿਹਾ ਜਾਂਦਾ ਹੈ। ਇਹ ਲੋਕ ਹੀ ਧਰਮਾਂ ਵਿੱਚ ਵਿਦਬਾਨ ਵੀ ਕਹਾਏ ਜਾਂਦੇ ਹਨ। ਬੇਸ਼ਕ ਅਜਿਹੇ ਸ਼ਰਧਾਲੂ ਵਿਚਾਰ ਜਾਂ ਤਰਕ ਦੀ ਗੱਲ ਕਰਦੇ ਹਨ, ਪਰ ਹੁੰਦੇ ਇਹ ਵੀ ਵਿਸ਼ਵਾਸ਼ਵਾਦੀ ਹੀ ਹਨ, ਜ਼ਰਾ ਦੂਜੇ ਢੰਗ ਦੇ ਵਿਸ਼ਵਾਸ਼ਵਾਦੀ ਹੁੰਦੇ ਹਨ। ਇਹ ਲੋਕ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ, ਸਮਝਣ ਤੇ ਅਮਲ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਆਪਣੇ ਦਿਮਾਗ ਨਾਲ ਅਰਥ ਵੀ ਕਰਦੇ ਹਨ, ਪਰ ਉਨ੍ਹਾਂ ਗ੍ਰੰਥਾਂ ਵਿੱਚ ਗ੍ਰੰਥਕਾਰਾਂ ਵਲੋਂ ਵਰਨਣ ਆਪਣੇ ਨਿੱਜ਼ੀ ਅਨੁਭਵ ਦੀਆਂ ਸਚਾਈਆਂ ਦੇ ਇਸ਼ਾਰਿਆਂ ਨੂੰ ਸਮਝਣ ਤੋਂ ਅਸਮਰਥ ਹੁੰਦੇ ਹਨ। ਇਸ ਲਈ ਉਹ ਅਕਸਰ ਅਰਥਾਂ ਦੇ ਅਨਰਥ ਵੀ ਕਰਦੇ ਹਨ ਤੇ ਧਾਰਮਿਕ ਫਿਰਕਿਆਂ ਵਿੱਚ ਆਪਣੀ ਵਿਦਵਤਾ ਦੇ ਹੰਕਾਰ ਵਿੱਚ ਕਈ ਤਰ੍ਹਾਂ ਦੇ ਝਗੜੇ ਵੀ ਖੜੇ ਕਰਦੇ ਹਨ।
ਤੀਜੀ ਸ਼੍ਰੇਣੀ ਅਜਿਹੇ ਸ਼ਰਧਾਲੂ ਹੁੰਦੇ ਹਨ, ਜੋ ਨਾ ਤੇ ਵਿਸ਼ਵਾਸ਼ਵਾਦੀਆਂ ਵਾਂਗ ਹਰ ਰੀਤ-ਰਸਮ, ਪ੍ਰੰਪਰਾ, ਮਰਿਯਾਦਾ, ਅੰਧ ਵਿਸ਼ਵਾਸ਼ ਨੂੰ ਅੱਖਾਂ ਮੀਟ ਕੇ ਬਿਨਾਂ ਵਿਚਾਰੇ ਮੰਨਦੇ ਹਨ ਅਤੇ ਨਾ ਹੀ ਵਿਚਾਰਵਾਦੀਆਂ ਵਾਂਗ ਹਰ ਗੱਲ ਤੇ ਤਰਕ ਜਾਂ ਕਿੰਤੂ ਪ੍ਰੰਤੂ ਹੀ ਕਰਦੇ ਹਨ। ਉਹ ਨਾ ਜਾਣੇ ਬਿਨਾਂ, ਮੰਨਣ ਜਾਂ ਰੱਦ ਕਰਨ ਦੇ ਧਾਰਨੀ ਨਹੀਂ ਹੁੰਦੇ। ਉਹ ਸਾਇੰਸ ਦੇ ਵਿਦਿਆਰਥੀ ਵਾਂਗ ਜਾਨਣ ਤੋਂ ਬਾਅਦ ਮੰਨਣ ਵਿੱਚ ਯਕੀਨ ਕਰਦੇ ਹਨ। ਉਹ ਧਾਰਮਿਕ ਗ੍ਰੰਥਾਂ ਵਿੱਚਲੇ ਇਸ਼ਾਰਿਆਂ ਨੂੰ ਲੈ ਕੇ ਆਪਣੀ ਖੋਜ ਦੇ ਰਾਹ ਪੈਂਦੇ ਹਨ, ਆਪਣਾ ਅਨੁਭਵ ਕਰਦੇ ਹਨ। ਅਜਿਹੇ ਸ਼ਰਧਾਲੂਆਂ ਨੂੰ ਪ੍ਰਯੋਗਵਾਦੀ ਕਿਹਾ ਜਾਂਦਾ ਹੈ। ਅਜਿਹੇ ਸ਼ਰਧਾਲੂ ਹਜ਼ਾਰਾਂ ਨਹੀਂ, ਲੱਖਾਂ ਵਿਚੋਂ ਇੱਕ ਹੁੰਦੇ ਹਨ। ਧਾਰਮਿਕ ਫਿਰਕਿਆਂ ਵਿੱਚ ਲੱਖਾਂ ਦੀਆਂ ਭੀੜਾਂ ਵਿਸ਼ਵਾਦੀਆਂ ਤੇ ਵਿਚਾਰਵਾਦੀਆਂ ਦੀਆਂ ਹੀ ਹੁੰਦੀਆਂ ਹਨ। ਪ੍ਰਯੋਗਵਾਦੀ ਬੜੇ ਵਿਰਲੇ ਹੁੰਦੇ ਹਨ। ਅਜਿਹੇ ਵਿਅਕਤੀ ਹੀ ਆਪਣੀ ਖੋਜ ਦੇ ਅਨੁਭਵ ਤੋਂ ਬਾਅਦ ਜੋ ਬੋਲਦੇ ਹਨ ਜਾਂ ਲਿਖਦੇ ਹਨ, ਉਸਦੇ ਹੀ ਧਾਰਮਿਕ ਗ੍ਰੰਥ ਬਣਦੇ ਹਨ। ਇਹ ਵੀ ਇੱਕ ਬਚਿੱਤਰ ਗੱਲ ਹੈ ਕਿ ਜਿਨ੍ਹਾਂ ਗ੍ਰੰਥਾਂ ਨੂੰ ਅੰਧ ਵਿਸ਼ਵਾਸ਼ੀ ਸ਼ਰਧਾ ਨਾਲ ਮੰਨਣ ਵਾਲੇ ਵਿਸ਼ਵਾਸ਼ਵਾਦੀ ਅਤੇ ਉਨ੍ਹਾਂ ਗ੍ਰੰਥਾਂ ਦੇ ਅਰਥ ਕਰਕੇ ਵਿਦਵਾਨ ਬਣੇ ਹੋਏ ਵਿਚਾਰਵਾਦੀ, ਅਕਸਰ ਧਰਮਾਂ ਵਿੱਚ ਝਗੜੇ ਖੜੇ ਰੱਖਦੇ ਹਨ, ਪਰ ਜਿਨ੍ਹਾਂ ਪ੍ਰਯੋਗਵਾਦੀਆਂ ਨੇ ਉਹ ਗ੍ਰੰਥ ਲਿਖੇ ਹੁੰਦੇ ਹਨ, ਉਨ੍ਹਾਂ ਨੇ ਆਮ ਤੌਰ ਗ੍ਰੰਥ ਨਹੀਂ ਪੜ੍ਹੇ ਹੁੰਦੇ, ਸਗੋਂ ਉਨ੍ਹਾਂ ਦੇ ਆਪਣੇ ਅਨੁਭਵ ਵਿਚੋਂ ਨਿਕਲੇ ਬਚਨ ਹੀ ਗ੍ਰੰਥ ਬਣਦੇ ਹਨ।
ਪ੍ਰਚਲਤ ਜਥੇਬੰਦਕ ਧਰਮਾਂ ਵਿੱਚ ਜ਼ਿਆਦਾਤਰ ਵਿਸ਼ਵਾਸ਼ਵਾਦੀਆਂ ਦਾ ਬੋਲ-ਬਾਲਾ ਹੁੰਦਾ ਹੈ ਤੇ ਵਿਚਾਰਵਾਦੀਆਂ ਦੀ ਗਿਣਤੀ ਅਕਸਰ ਘੱਟ ਹੁੰਦੀ ਹੈ। ਪਰ ਪ੍ਰਯੋਗਵਾਦੀ ਤਾਂ ਹਮੇਸ਼ਾਂ ਆਟੇ ਵਿੱਚ ਲੂਣ ਬਰਾਬਰ ਹੁੰਦੇ ਹਨ। ਪਰ ਉਨ੍ਹਾਂ ਲਈ ਜਥੇਬੰਦਕ ਧਰਮਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ਪ੍ਰਯੋਗਵਾਦੀ ਹਮੇਸ਼ਾਂ ਪ੍ਰਚਲਤ ਜਥੇਬੰਧਕ ਧਰਮਾਂ ਵਿੱਚ ਫਿੱਟ ਨਹੀਂ ਆਉਂਦੇ। ਉਹ ਹਮੇਸ਼ਾਂ ਆਪਣਾ ਰਸਤਾ ਆਪ ਚੁਣਦੇ ਹਨ। ਉਹ ਭੀੜ ਮਗਰ ਜਾਂ ਭੀੜ ਵਿੱਚ ਚੱਲਣ ਵਾਲੇ ਨਹੀਂ ਹੁੰਦੇ, ਸਗੋਂ ਸਮਾਂ ਪਾ ਕੇ ਭੀੜ ਉਨ੍ਹਾਂ ਦੇ ਮਗਰ ਤੁਰਦੀ ਹੈ। ਅਜਿਹੇ ਇਨਕਲਾਬੀ ਮਹਾਂਪੁਰਸ਼ਾਂ ਦੇ ਸੰਸਾਰ ਤੋਂ ਜਾਣ ਬਾਅਦ ਵਿਸ਼ਵਾਸ਼ਵਾਦੀ ਤੇ ਵਿਚਾਰਵਾਦੀ ਉਨ੍ਹਾਂ ਦੇ ਨਾਮ ਤੇ ਨਵੇਂ ਧਾਰਮਿਕ ਫਿਰਕੇ ਖੜੇ ਕਰ ਲੈਂਦੇ ਹਨ।
ਬੇਸ਼ਕ ਹਰ ਵਿਅਕਤੀ ਨੂੰ ਵਿਸ਼ਵਾਸ਼ਵਾਦੀ ਤੋਂ ਵਿਚਾਰਵਾਦੀ ਤੇ ਫਿਰ ਪ੍ਰਯੋਗਵਾਦ ਵਿਚੋਂ ਲੰਘਣਾ ਪੈਂਦਾ ਹੈ, ਪਰ ਵਿਸ਼ਵਾਸ਼ ਜਾਂ ਵਿਚਾਰ ਤੇ ਹੀ ਅਟਕ ਜਾਣਾ ਧਰਮ ਨਹੀਂ। ਅਸਲੀ ਰਸਤਾ ਪ੍ਰਯੋਗ ਤੋਂ ਹੀ ਸ਼ੁਰੂ ਹੁੰਦਾ ਹੈ। ਕੋਈ ਵੀ ਵਿਅਕਤੀ ਪ੍ਰਯੋਗ ਵਿੱਚ ਪਏ ਬਿਨਾਂ ਨਾ ਤੇ ਅੱਜ ਤੱਕ ਕਦੇ ਧਰਮੀ ਬਣ ਸਕਿਆ ਹੈ ਤੇ ਨਾ ਹੀ ਬਣ ਸਕੇਗਾ। ਸ਼ਾਇਦ ਅਜਿਹਾ ਹੀ ਵਿਧਾਤਾ ਦਾ ਵਿਧਾਨ ਹੈ। ਇਸ ਲਈ ਲੋੜ ਹੈ ਕਿ ਕਿਸੇ ਅਜਿਹੇ ਦੀ ਭਾਲ ਕਰ ਲਈ ਜਾਵੇ, ਜਿਸਨੇ ਪ੍ਰਯੋਗ ਕਰਕੇ ਜਾਣ ਲਿਆ ਹੋਵੇ ਤੇ ਤੁਹਾਨੂੰ ਪ੍ਰਯੋਗ ਕਰਾ ਸਕਦਾ ਹੋਵੇ। ਜਿਹੜਾ ਸਿਰਫ ਗੱਲਾਂ ਦੀ ਖੱਟੀ ਖਾਂਦਾ ਹੈ ਜਾਂ ਤੁਹਾਨੂੰ ਕਰਮਕਾਂਡਾਂ ਵਿੱਚ ਹੀ ਉਲਝਾਈ ਰੱਖਦਾ ਹੈ, ਸਮਝੋ ਉਹ ਪਾਖੰਡੀ ਹੈ। ਅਸਲੀ ਧਰਮੀਆਂ ਲਈ ਧਾਰਮਿਕ ਗ੍ਰੰਥ ਕਦੇ ਸਹਾਈ ਨਹੀਂ ਹੁੰਦੇ, ਪ੍ਰਯੋਗਵਾਦੀ ਤੋਂ ਸਿੱਖ ਕੇ ਆਪਣਾ ਪ੍ਰਯੋਗ ਕਰਨ ਨਾਲ ਹੀ ਰੱਬੀ ਸੱਚ ਨੂੰ ਜਾਣਿਆ ਜਾ ਸਕਦਾ ਹੈ। ਆਉ ਵਿਸ਼ਵਾਸ਼ ਤੇ ਵਿਚਾਰ ਦੇ ਚੱਕਰ ਵਿਚੋਂ ਨਿਕਲ ਕੇ ਪ੍ਰਯੋਗ ਦੇ ਰਾਹ ਪਈਏ। ਧਰਮ ਇੱਕ ਅਜਿਹਾ ਰਸਤਾ ਹੈ, ਜਿਥੇ ਤੁਸੀਂ ਦੂਜਿਆਂ ਦੀਆਂ ਪਾਈਆਂ ਲੀਹਾਂ ਤੇ ਨਹੀਂ ਚੱਲ ਸਕਦੇ, ਤੁਹਾਨੂੰ ਆਪਣਾ ਰਸਤਾ ਆਪਣਾ ਬਣਾਉਣਾ ਪੈਂਦਾ ਹੈ। ਧਰਮ ਜਮੀਨ ਤੇ ਤੁਰਨ ਦਾ ਨਹੀਂ, ਆਕਾਸ਼ ਵਿੱਚ ਉਡਣ ਦਾ ਨਾਮ ਹੈ। ਜਿਸ ਤਰ੍ਹਾਂ ਆਕਾਸ਼ ਵਿੱਚ ਉਡਣ ਵਾਲੇ ਪੰਛੀਆਂ ਦੇ ਪੈਰਾਂ ਦੇ ਨਿਸ਼ਾਨ ਨਹੀਂ ਹੁੰਦੇ ਤੇ ਹਰ ਇੱਕ ਪੰਛੀ ਨੂੰ ਆਪਣੀ ਉਡਾਣ ਆਪ ਭਰਨੀ ਪੈਂਦੀ ਹੈ, ਧਰਮ ਵੀ ਕੁੱਝ ਅਜਿਹਾ ਹੀ ਮਾਰਗ ਹੈ। ਪਰ ਅਸੀਂ ਲਕੀਰ ਦੇ ਫਕੀਰ ਬਣ ਕੇ ਸੱਪ ਲੰਘਣ ਤੋਂ ਬਾਅਦ ਲਕੀਰਾਂ ਪਿੱਟਦੇ ਫਿਰਦੇ ਹਾਂ। ਧਰਮ ਗ੍ਰੰਥਾਂ ਦੇ ਸ਼ਬਦਾਂ ਦਾ ਭਾਰ ਢੋਂਹਦੇ ਫਿਰਦੇ ਹਾਂ। ਧਰਮ ਗ੍ਰੰਥਾਂ ਵਿਚੋਂ ਸਾਨੂੰ ਇਸ਼ਾਰੇ ਤਾਂ ਮਿਲ ਸਕਦੇ ਹਨ, ਪਰ ਸਿਧਾਂਤ ਨਹੀਂ ਮਿਲ ਸਕਦੇ ਕਿਉਂਕਿ ਧਰਮ ਦਾ ਕੋਈ ਸਿਧਾਂਤ ਜਾਂ ਮਰਿਯਾਦਾ ਨਹੀਂ ਹੁੰਦੀ। ਮਰਿਯਾਦਾ ਜਾਂ ਸਿਧਾਂਤ ਸਿਰਫ ਧਰਮ ਦੇ ਨਾਮ ਤੇ ਬਣੇ ਹੋਏ ਫਿਰਕਿਆਂ ਦੇ ਹੁੰਦੇ ਹਨ, ਜਿਨ੍ਹਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ। ਧਾਰਮਿਕ ਫਿਰਕੇ ਸਿਰਫ ਦਿਮਾਗ ਕੰਟਰੋਲ ਕਰਨ ਦੀ ਰਾਜਨੀਤੀ ਹੈ। ਇਨ੍ਹਾਂ ਦੇ ਮਾਇਆਜਾਲ ਵਿਚੋਂ ਨਿਕਲ ਕੇ ਹੀ ਅਸਲੀ ਧਰਮ ਨੂੰ ਜਾਣਿਆ ਜਾ ਸਕਦਾ ਹੈ। ਜਿਸ ਲਈ ਪ੍ਰਯੋਗਵਾਦੀ ਬਣਨ ਦੀ ਲੋੜ ਹੈ।


ਦਿਖਾਵੇ ਵਾਲੇ ਸਮਾਗਮ


ਸਮਾਜਿਕ ਰੀਤਾਂ-ਰਸਮਾਂ, ਵਿਆਹਾਂ ਦੇ ਸਮਾਗਮ, ਸਭਿਆਚਾਰਕ ਮੇਲੇ, ਖੇਡਾਂ ਆਦਿ ਹਰ ਸਮਾਜ ਦਾ ਇੱਕ ਅਨਿਖੜਵਾਂ ਅੰਗ ਹੁੰਦੇ ਹਨ। ਖੁਸ਼ੀਆਂ-ਗ਼ਮੀਆਂ ਪਰਿਵਾਰਕ ਤੇ ਸਮਾਜਿਕ ਜੀਵਨ ਵਿੱਚ ਸਾਥ-ਸਾਥ ਚਲਦੀਆਂ ਹਨ। ਇਨ੍ਹਾਂ ਵਿੱਚ ਇੱਕ ਤਵਾਜ਼ਨ ਬਣਾ ਕੇ ਚੱਲਣਾ ਕਿਸੇ ਵੀ ਸਭਿਅਕ ਸਮਾਜ ਲਈ ਬੜਾ ਜਰੂਰੀ ਹੁੰਦਾ ਹੈ। ਇਹ ਤੇ ਮੈਨੂੰ ਪਤਾ ਨਹੀਂ ਕਿ ਪੰਜਾਬੀ ਪਹਿਲਾਂ ਤੋਂ ਹੀ ਅਜਿਹੇ ਹਨ, ਪਰ ਅੱਜ ਦੇ ਸਮੇਂ ਵਿੱਚ ਜੋ ਦੇਖਣ-ਸੁਣਨ ਨੂੰ ਮਿਲਦਾ ਹੈ, ਉਹ ਕੋਈ ਸ਼ੁੱਭ ਸ਼ਗਨ ਨਹੀਂ ਹੈ। ਪੰਜਾਬੀਆਂ ਦੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਿਥੇ ਸੰਜੀਦਗੀ ਤੇ ਸਾਦਾਪਨ ਦਿਨੋ-ਦਿਨ ਅਲੋਪ ਹੋ ਰਿਹਾ ਹੈ, ਉਥੇ ਉਲਾਰ ਤੇ ਫੁਕਰਾਪਨ ਸਭ ਪਾਸੇ ਵਧਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ-ਨਾਲ ਸਾਡੇ ਧਾਰਮਿਕ ਸਮਾਗਮਾਂ ਤੋਂ ਲੈ ਕੇ ਸਮਾਜਿਕ, ਰਾਜਨੀਤਕ, ਪਰਿਵਾਰਕ ਹਰ ਤਰ੍ਹਾਂ ਦੇ ਫੰਕਸ਼ਨਾਂ ਵਿੱਚ ਲਿਫਾਫੇਬਾਜੀ ਵੱਧ ਹੁੰਦੀ ਹੈ। ‘ਅੱਡੀਆਂ ਚੁੱਕ ਕੇ ਫਾਹਾ ਲੈਣਾ’ ਜਿਥੇ ਸਾਡੇ ਕੌਮੀ ਸੁਭਾੳੇ ਦਾ ਹਿੱਸਾ ਬਣਦਾ ਜਾ ਰਿਹਾ ਹੈ, ਉਥੇ `ਚਾਦਰ ਦੇਖ ਕੇ ਪੈਰ ਪਸਾਰਨਾ’ ਸਾਨੂੰ ਭੁੱਲਦਾ ਹੀ ਜਾ ਰਿਹਾ ਹੈ। ਜਿਥੇ ਸਾਡੇ ਪਰਿਵਾਰਕ ਤੇ ਸਮਾਜਿਕ ਸਮਾਗਮਾਂ ਵਿੱਚ ਦਿਖਾਵੇਬਾਜੀ ਪ੍ਰਧਾਨ ਹੁੰਦੀ ਜਾ ਰਹੀ ਹੈ, ਉਥੇ ਧਾਰਮਿਕ ਸਮਾਗਮ ਫੋਕਟ ਰੀਤਾਂ-ਰਸਮਾਂ ਨਾਲ ਭਰਪੂਰ ਹਨ। ਇੱਕ ਪਾਸੇ ਅਸੀਂ ਨਸ਼ਿਆਂ ਨਾਲ ਨੌਜਵਾਨੀ ਦੀ ਹੋ ਰਹੀ ਤਬਾਹੀ ਲਈ ਬੜਾ ਰੌਲਾ-ਰੱਪਾ ਪਾ ਰਹੇ ਹਾਂ, ਉਥੇ ਸਾਡੇ ਪਰਿਵਾਰਕ, ਸਮਾਜਿਕ, ਰਾਜਨੀਤਕ ਤੇ ਇਥੋਂ ਤੱਕ ਕਿ ਧਾਰਮਿਕ ਸਮਾਗਮ ਵੀ ਦਾਰੂ ਤੋਂ ਬਿਨਾਂ ਸੰਪੂਰਨ ਨਹੀਂ ਹੁੰਦੇ ਹਨ। ਸਾਡੇ ਧਾਰਮਿਕ ਸਮਾਗਮ ਵੀ ਨਿਰੇ ਕਰਮਕਾਂਡ ਤੇ ਸ਼ੋਰ ਸ਼ਰਾਬੇ ਤੋਂ ਵੱਧ ਕੁੱਝ ਨਹੀਂ ਹੁੰਦੇ। ਵਿਆਹਾਂ ਵਰਗੇ ਖੁਸ਼ੀਆਂ ਦੇ ਮੌਕੇ ਤੇ ਦਿਖਾਵੇਬਾਜੀ ਕਿਸੇ ਹੱਦ ਤੱਕ ਜਾਇਜ ਹੋ ਸਕਦੀ ਹੈ, ਹੁਣ ਤੇ ਅਸੀਂ ਮਰਨਿਆਂ ਨੂੰ ਵੀ ਪੂਰੇ ਜ਼ਸ਼ਨਾਂ ਨਾਲ ਮਨਾਉਂਦੇ ਹਾਂ। ਮਰਨਿਆਂ ਤੇ ਭਾਰੀ ਇਕੱਠ ਕਰਨ ਨੂੰ ਵੀ ਸ਼ਾਨ ਸਮਝਦੇ ਹਾਂ। ਸਾਡੇ ਉਨ੍ਹਾਂ ਫੰਕਸ਼ਨਾਂ ਤੇ ਵੱਧ ਭੀੜਾਂ ਇਕੱਠੀਆਂ ਹੁੰਦੀਆਂ ਹਨ, ਜਿਥੇ ਸ਼ੋਰ-ਸ਼ਰਾਬਾ ਜਾਂ ਹਲਕੇ ਪੱਧਰ ਦਾ ਮਨੋਰੰਜਨ ਹੋਵੇ। ਪਰ ਇਸਦੇ ਉਲਟ ਕਿਸੇ ਵੀ ਤਰ੍ਹਾਂ ਦੇ ਸੰਜੀਦਾ ਪ੍ਰੋਗਰਾਮਾਂ ਲਈ ਗਿਣਤੀ ਦੇ ਬੰਦੇ ਇਕੱਠੇ ਕਰਨ ਲਈ ਵੀ ਅਨੇਕਾਂ ਯਤਨ ਕਰਦੇ ਪੈਂਦੇ ਹਨ। ਬੇਸ਼ਕ ਅਸੀਂ ਅਕਾਦਮਿਕ ਵਿਦਿਆ ਵਿੱਚ ਤਾਂ ਕਿਸੇ ਹੱਦ ਤਾਂ ਠੀਕ ਹਾਂ, ਪਰ ਸਾਹਿਤਕ, ਸਮਾਜਿਕ, ਧਾਰਮਿਕ ਪੜ੍ਹਾਈ ਵਿੱਚ ਅਸੀਂ ਦਿਨੋ-ਦਿਨ ਕੰਗਾਲ ਹੁੰਦੇ ਜਾ ਰਹੇ ਹਾਂ। ਇਹ ਗੱਲ ਸਾਡੇ ਨਾਲ ਹੁਣ ਪੱਕੀ ਜੁੜ ਗਈ ਹੈ ਕਿ ਪੰਜਾਬੀਆਂ ਦੇ ਘਰਾਂ ਵਿਚੋਂ ਮਹਿੰਗੀ ਤੋਂ ਮਹਿੰਗੀ ਸ਼ਰਾਬ ਦੀ ਬੋਤਲ ਤਾਂ ਜਰੂਰ ਮਿਲ ਸਕਦੀ ਹੈ, ਪਰ ਕੋਈ ਚੰਗੀ ਕਿਤਾਬ ਨਹੀਂ ਲੱਭਦੀ। ਸਾਡਾ ਧਾਰਮਿਕ ਸਿਸਟਮ ਅਜਿਹਾ ਬਣਦਾ ਜਾ ਰਿਹਾ ਹੈ ਕਿ ਜਿਥੇ ਪੜ੍ਹਿਆਂ ਲਿਖਿਆਂ ਨੂੰ ਧਰਮ ਤੇ ਧਰਮ ਅਸਥਾਨਾਂ ਤੋਂ ਦੂਰ ਧੱਕਿਆ ਜਾ ਰਿਹਾ ਹੈ। ਕਿਸੇ ਡਾਕਟਰ ਦੀ ਡਿਗਰੀ ਪ੍ਰਾਪਤ ਵਿਦਵਾਨ ਨੂੰ ਦਸ ਮਿੰਟ ਗੁਰਦੁਆਰੇ ਵਿੱਚ ਬੋਲਣ ਤੋਂ ਪਹਿਲਾਂ ਕਮੇਟੀਆਂ ਕੋਲ ਸਿਫਾਰਿਸ਼ ਹੀ ਨਹੀਂ ਕਰਨੀ ਪੈਂਦੀ, ਸਗੋਂ ਅਨਪੜ੍ਹ ਚੌਧਰੀਆਂ ਨੂੰ ਕਈ ਤਰ੍ਹਾਂ ਸਪੱਸ਼ਟੀਕਰਨ ਵੀ ਦੇਣੇ ਪੈਂਦੇ ਹਨ ਤੇ ਕਈ ਤਰ੍ਹਾਂ ਦੀਆਂ ਹਿਦਾਇਤਾਂ ਤੋਂ ਬਾਅਦ ਮੌਕਾ ਮਿਲਦਾ ਹੈ, ਉਹ ਵੀ ਕਿਸੇ ਕਿਸੇ ਵਿਦਵਾਨ ਨੂੰ, ਜਦਕਿ ਕੋਈ ਨੰਗੀਆਂ ਲੱਤਾਂ, ਲੰਮਾ ਚੋਲਾ, ਗੋਲ ਦਸਤਾਰ ਵਾਲਾ ਅਨਪੜ੍ਹ ਸਾਧ ਆ ਜਾਵੇ ਤਾਂ ਘੰਟਿਆਂ ਬੱਧੀ ਢੋਲਕੀਆਂ ਛੈਣੇ ਖੜਕਾ ਸਕਦਾ ਹੈ, ਉਸਨੂੰ ਕੋਈ ਪੁਛਣ ਵਾਲਾ ਨਹੀਂ। ਪੜ੍ਹੇ-ਲਿਖੇ ਤੇ ਸੂਝਵਾਨ ਲੋਕ ਸੱਚ ਦਾ ਸਾਹਮਣਾ ਕਰਨ ਦੀ ਥਾਂ ਡਰ ਦੇ ਸਾਏ ਹੇਠ ਘਰਾਂ ਵਿੱਚ ਜਾ ਵੜੇ ਹਨ। ਦਿਖਾਵੇ, ਪਹਿਰਾਵੇ ਤੇ ਪਾਖੰਡ ਹੀ ਸਭ ਪਾਸੇ ਪ੍ਰਧਾਨ ਹਨ।


ਸ਼ਰਧਾਲੂਆਂ ਦੀ ਉਲਟੀ ਸੋਚ


ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਮ ਲੋਕ ਦੁਨਿਆਵੀ ਕੰਮਾਂ ਵਿੱਚ ਤੇ ਸੋਚ ਸਮਝ ਕੇ ਚਲਦੇ ਹਨ, ਆਪਣੀ ਦੁਨਿਆਵੀ ਪੜ੍ਹਾਈ ਤੋਂ ਲਾਭ ਉਠਾ ਕੇ ਜੀਵਨ ਵਿੱਚ ਤਰੱਕੀ ਵੀ ਕਰਦੇ ਹਨ। ਆਪਣੀ ਅਕਲ ਵਰਤ ਕੇ ਘਰ ਪਰਿਵਾਰ ਵੀ ਚਲਾਉਂਦੇ ਹਨ। ਪਰ ਉਹੀ ਵਿਅਕਤੀ ਜਦੋਂ ਧਾਰਮਿਕ ਸ਼ਰਧਾਲੂ ਦੇ ਰੂਪ ਵਿੱਚ ਦਿਸਦੇ ਹਨ ਤਾਂ ਨਾ ਸਿਰਫ ਆਪਣੀ ਸੋਚ ਨੂੰ ਜਿੰਦਰੇ ਮਾਰ ਲੈਂਦੇ ਹਨ, ਸਗੋਂ ਬਹੁਤ ਵਾਰ ਉਲਟੀ ਸੋਚ ਨਾਲ ਚਲਦੇ ਹਨ। ਪਿਛੇ ਜਿਹੇ ਕਿਸੇ ਪੜ੍ਹੇ-ਲਿਖੇ ਸ਼ਰਧਾਲੂ ਦੋਸਤ ਨਾਲ ਪਾਠਾਂ, ਮੰਤਰ-ਜਾਪਾਂ ਆਦਿ ਬਾਰੇ ਗੱਲ ਚੱਲ ਰਹੀ ਸੀ ਤਾਂ ਮੈਂ ਉਸਨੂੰ ਸਵਾਲ ਕੀਤਾ ਕਿ ਅਗਰ ਤੁਹਾਨੂੰ ਪਿਆਸ ਲੱਗੀ ਹੋਵੇ ਤਾਂ ਤੁਸੀਂ ਕੀ ਕਰੋਗੇ ਤਾਂ ਉਸਨੇ ਜਵਾਬ ਦਿੱਤਾ ਕਿ ਸਿੱਧੀ ਜਿਹੀ ਗੱਲ ਹੈ ਕਿ ਮੈਂ ਪਾਣੀ ਜਾਂ ਜੂਸ ਆਦਿ ਪੀਵਾਂਗੇ ਤੇ ਪਿਆਸ ਬੁਝਾ ਲਵਾਂਗਾ ਤਾਂ ਮੈਂ ਉਸਨੂੰ ਸਵਾਲ ਕੀਤਾ ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਪਾਣੀ ਮੈਂ ਪੀ ਲਵਾਂ ਤੇ ਪਿਆਸ ਤੇਰੀ ਬੁੱਝ ਜਾਵੇ ਤਾਂ ਉਹ ਮੇਰੀ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ ਕਿ ਮੈਂ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹਾਂ। ਮੈਂ ਉਸਨੂੰ ਇੱਕ ਹੋਰ ਸਵਾਲ ਪੁਛਿਆ ਕਿ ਜੇ ਤੈਨੂੰ ਭੁੱਖ ਲੱਗੀ ਹੋਵੇ ਤਾਂ ਭੋਜਨ ਤੇਰੀ ਜਗ੍ਹਾ ਕੋਈ ਹੋਰ ਕਰੇ ਤਾਂ ਕੀ ਤੇਰੀ ਭੁੱਖ ਮਿਟ ਸਕਦੀ ਹੈ, ਕਹਿੰਦਾ ਬਿਲਕੁਲ ਨਹੀਂ। ਮੈਂ ਕਿਹਾ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਿਸੇ ਕਾਲਿਜ਼ ਯੂਨੀਵਰਸਿਟੀ ਵਿਚੋਂ ਕੋਈ ਡਿਗਰੀ ਲੈਣੀ ਹੋਵੇ, ਕੋਈ ਵਿਦਿਆ ਹਾਸਿਲ ਕਰਨੀ ਹੋਵੇ, ਕੋਈ ਗਿਆਨ ਲੈਣਾ ਹੋਵੇ ਤਾਂ ਕੀ ਕੋਈ ਹੋਰ ਪੜ੍ਹਦਾ ਰਹੇ ਤੇ ਤੁਹਾਨੂੰ ਉਸਦੇ ਪੜ੍ਹਨ ਦਾ ਲਾਭ ਹੋ ਸਕਦਾ ਹੈ, ਕੀ ਤੁਹਾਨੂੰ ਕਿਸੇ ਦੇ ਪੜ੍ਹਨ ਨਾਲ ਡਿਗਰੀ ਮਿਲ ਸਕਦੀ ਹੈ? ਕਹਿੰਦਾ ਨਹੀਂ, ਭਾਜੀ ਤੁਸੀਂ ਕਿਸ ਤਰ੍ਹਾਂ ਦੀਆਂ ਪੁੱਠੀਆਂ ਗੱਲਾਂ ਕਰਦੇ ਹੋ। ਮੈਂ ਕਿਹਾ ਇੱਕ ਆਖਰੀ ਗੱਲ ਪੁਛਣਾ ਚਾਹੁੰਦਾ ਹਾਂ ਕਿ ਤੇਰੇ ਕੋਲ ਪੈਸੇ ਹੋਣ ਤੇ ਤੂੰ ਕਿਸੇ ਨੂੰ ਕਹੇਂ ਕਿ ਮੈਂ ਤੈਨੂੰ ਪੇ ਕਰ ਦਿੰਦਾ ਹੈ, ਤੂੰ ਮੇਰੀ ਜਗ੍ਹਾ ਆਪਣੇ ਘਰ ਜਾਂ ਸਾਡੇ ਘਰ ਇੱਕ ਕਮਰੇ ਵਿੱਚ ਪੜ੍ਹੀ ਜਾਵੀਂ ਤੇ ਬਾਅਦ ਵਿੱਚ ਅਰਦਾਸ ਕਰ ਦੇਵੀਂ ਕਿ ਇਸਦਾ ਸਾਰਾ ਫਲ ਤੈਨੂੰ ਮਿਲ ਜਾਵੇ ਤੇ ਉਹ ਸਾਰੀ ਜਾਣਕਾਰੀ ਤੈਨੂੰ ਟਰਾਂਸਫਰ ਹੋ ਜਾਵੇ ਤੇ ਤੂੰ ਗਿਆਨਵਾਨ ਹੋ ਜਾਵੇਂ ਤੇ ਇਮਤਿਹਾਨ ਵਿਚੋਂ ਵੀ ਪਾਸ ਹੋ ਜਾਵੇਂ? ਕਹਿੰਦਾ ਭਾਜੀ ਇਹ ਕੀ ਮੂਰਖਾਂ ਵਾਲੀ ਗੱਲ ਹੋਈ, ਇਹ ਕਿਵੇਂ ਹੋ ਸਕਦਾ ਹੈ? ਮੈਂ ਕਿਹਾ ਹੋ ਕਿਉਂ ਨਹੀਂ ਸਕਦਾ, ਤੁਸੀਂ ਲੋਕ ਆਪਣੇ ਘਰਾਂ, ਗੁਰਦੁਆਰਿਆਂ, ਡੇਰਿਆਂ ਵਿੱਚ ਪਾਠ ਰਖਾਉਂਦੇ ਹੋ, ਪਾਠੀ ਨੂੰ ਪੈਸੇ ਦੇ ਦਿੰਦੇ ਹੋ ਤੇ ਪਾਠੀ ਬਾਅਦ ਵਿੱਚ ਅਰਦਾਸ ਕਰ ਦਿੰਦਾ ਹੈ ਕਿ ਪਾਠ ਦਾ ਫਲ ਪਰਿਵਾਰ ਨੂੰ ਮਿਲੇ ਤੇ ਸ਼ਰਧਾਲੂ ਸੋਚਦਾ ਹੈ ਕਿ ਸਾਰੀ ਬਾਣੀ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਟਰਾਂਸਫਰ ਹੋ ਗਈ ਹੈ ਤੇ ਉਸਦਾ ਮਹਾਤਮ (ਫਲ) ਵੀ ਉਨ੍ਹਾਂ ਨੂੰ ਮਿਲ ਜਾਣਾ ਹੈ, ਜਿਸ ਭਾਵਨਾ (ਮਨੋ ਕਾਮਨਾ) ਨਾਲ ਉਨ੍ਹਾਂ ਪਾਠ ਕਰਾਇਆ ਸੀ, ਉਹ ਵੀ ਪੂਰੀ ਹੋ ਜਾਣੀ ਹੈ ਤਾਂ ਜੇ ਇਹ ਸੰਭਵ ਹੈ ਤਾਂ ਫਿਰ ਦੁਨਿਆਵੀ ਗਿਆਨ ਕਿਸੇ ਨੂੰ ਪੈਸੇ ਦੇ ਕੇ ਟਰਾਂਫਰ ਕਿਉਂ ਨਹੀਂ ਹੋ ਸਕਦਾ? ਫਿਰ ਹੋਰ ਵੀ ਹੈਰਾਨੀ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਮਿਰਤਕ ਵਿਅਕਤੀ ਦਾ ਸਰੀਰ ਹਸਪਤਾਲ ਜਾਂ ਸ਼ਮਸ਼ਾਨਘਾਟ ਪਿਆ ਹੁੰਦਾ ਹੈ, ਉਸਦੀ ਆਤਮਾ ਸਰੀਰ ਛੱਡ ਕੇ ਕਿਸੇ ਅਣਦੱਸੀ ਥਾਂ (?) ਜਾ ਚੁੱਕੀ ਹੁੰਦੀ ਹੈ, ਪਰਿਵਾਰ ਵਾਲੇ ਆਪਣੇ ਘਰ ਹੁੰਦੇ ਹਨ, ਪਾਠ ਗੁਰਦੁਆਰੇ ਚੱਲ ਰਿਹਾ ਹੁੰਦਾ ਹੈ, ਫਿਰ ਇਹ ਪੈਸੇ ਦੇ ਕੇ ਕਰਵਾਇਆ ਪਾਠ ਫੋਰ ਵੇ (ਚੌਤਰਫਾ) ਕਿਵੇਂ ਟਰਾਂਸਫਰ ਹੁੰਦਾ ਹੈ? ਉਸ ਕੋਲ ਕੋਈ ਜਵਾਬ ਤੇ ਨਹੀਂ ਸੀ, ਪਰ ਉਸਨੇ ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਸ਼ਰਧਾ ਦੀਆਂ ਗੱਲਾਂ ਹਨ, ਧਰਮ ਵਿੱਚ ਤਰਕ ਨਹੀਂ ਚਲਦਾ। ਪਰ ਅਜਿਹੇ ਸ਼ਰਧਾਲੂ ਆਪਣੀ ਆਮ ਜ਼ਿੰਦਗੀ ਵਿੱਚ ਹਰ ਜਗ੍ਹਾ ਤਰਕ ਵਰਤਦੇ ਹਨ, ਪਰ ਧਰਮ ਵਿੱਚ ਉਨ੍ਹਾਂ ਦੀ ਸੋਚ ਉਲਟੀ ਚੱਲਣ ਲੱਗ ਪੈਂਦੀ ਹੈ। ਜ਼ਰਾ ਤੁਸੀਂ ਵੀ ਸੋਚੋ ਕਿ ਕਿਤੇ ਤੁਹਾਡੀ ਵੀ ਮੱਤ ਧਰਮ ਅਸਥਾਨ ਵਿੱਚ ਜਾ ਕੇ ਜਾਂ ਸ਼ਰਧਾਲੂ ਰੂਪ ਵਿੱਚ ਪੁੱਠੀ ਤੇ ਨਹੀਂ ਹੋ ਜਾਂਦੀ?

ਵਿਗਿਆਨਕ ਸੋਚ ਬਨਾਮ ਰੂੜ੍ਹੀਵਾਦੀ ਸੋਚ


ਆਮ ਤੌਰ ਤੇ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ, ਇੱਕ ਉਹ ਜਿਨ੍ਹਾਂ ਦੀ ਸੋਚ ਰੂੜ੍ਹੀਵਾਦੀ, ਅੰਧਵਿਸ਼ਵਾਸ਼ੀ, ਪਿਛਾਂਹਖਿਚੂ ਹੁੰਦੀ ਹੈ ਅਤੇ ਦੂਜੇ ਉਹ ਲੋਕ ਜਿਨ੍ਹਾਂ ਦੀ ਸੋਚ ਤਰਕਵਾਦੀ, ਅਗਾਂਹਵਧੂ, ਵਿਗਿਆਨਕ ਹੁੰਦੀ ਹੈ। ਇਹ ਆਮ ਧਾਰਨਾ ਹੈ ਕਿ ਅਨਪੜ੍ਹ, ਗੰਵਾਰ ਜਾਂ ਪੇਂਡੂ ਲੋਕਾਂ ਦੀ ਸੋਚ ਰੂੜੀਵਾਦੀ ਜਾਂ ਪਿਛਾਂਹਖਿਚੂ ਹੁੰਦੀ ਹੈ ਤੇ ਉਹ ਅਕਸਰ ਵਿਸ਼ਵਾਸ਼ਵਾਦੀ ਹੁੰਦੇ ਹਨ। ਇਹ ਵੀ ਧਾਰਨਾ ਹੈ ਕਿ ਪੜ੍ਹੇ ਲਿਖੇ, ਸੂਝਵਾਨ ਜਾਂ ਸ਼ਹਿਰੀ ਲੋਕ ਅਗਾਂਹਵਧੂ ਤੇ ਵਿਗਿਆਨਕ ਸੋਚ ਵਾਲੇ ਹੁੰਦੇ ਹਨ। ਅਸਲੀਅਤ ਵਿੱਚ ਇਹ ਦੋਨੋ ਧਾਰਨਾਵਾਂ ਹੀ ਹਨ, ਜਰੂਰੀ ਨਹੀਂ ਸਾਰੇ ਅਨਪੜ੍ਹ ਜਾਂ ਪੇਡੂ ਲੋਕ ਰੂੜ੍ਹੀਵਾਦੀ ਜਾਂ ਪਿਛਾਂਹਖਿਚੂ ਸੋਚ ਵਾਲੇ ਹੋਣ ਅਤੇ ਨਾ ਹੀ ਸਾਰੇ ਪੜ੍ਹੇ ਲਿਖੇ ਲੋਕ ਤਰਕਵਾਦੀ ਜਾਂ ਵਿਗਿਆਨਕ ਸੋਚ ਵਾਲੇ ਹੀ ਹੁੰਦੇ ਹਨ। ਵਿਗਿਆਨਕ ਸੋਚ ਹੋਣ ਲਈ ਦੁਨਿਆਵੀ ਪੜ੍ਹਾਈ ਸਹਾਈ ਤਾਂ ਹੋ ਸਕਦੀ ਹੈ, ਪਰ ਇਹ ਕੋਈ ਸ਼ਰਤ ਨਹੀਂ ਕਹੀ ਜਾ ਸਕਦੀ।
ਅਕਸਰ ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਬਹੁਤੇ ਲੋਕ ਪੁਰਾਤਨ ਸਮੇਂ ਤੋਂ ਪੀੜ੍ਹੀ-ਦਰ-ਪੀੜ੍ਹੀ ਚਲੇ ਆਉਂਦੇ ਰੀਤੀ ਰਿਵਾਜਾਂ, ਵਿਸ਼ਵਾਸ਼ਾਂ, ਪ੍ਰੰਪਰਾਵਾਂ, ਮਾਨਤਾਵਾਂ, ਮਰਿਯਾਦਾਵਾਂ ਦੇ ਧਾਰਨੀ ਹੁੰਦੇ ਹਨ ਤੇ ਸਮਾਜ ਜਾਂ ਧਰਮ ਵਲੋਂ ਉਨ੍ਹਾਂ ਦੀ ਬਚਪਨ ਤੋਂ ਅਜਿਹੀ ਕੰਡੀਸ਼ਨਿੰਗ ਕੀਤੀ ਹੁੰਦੀ ਹੈ ਕਿ ਉਹ ਚਾਹੁੰਦੇ ਹੋਏ ਵੀ, ਉਨ੍ਹਾਂ `ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਮਨੁੱਖ ਉੱਤੇ ਸਮਾਜ ਦਾ ਪ੍ਰਭਾਵ ਜਾਂ ਦਬਾਅ ਹੀ ਇਤਨਾ ਹੁੰਦਾ ਹੈ ਕਿ ਉਸਨੂੰ ਆਪਣੀ ਸਖਸ਼ੀਅਤ ਜਾਂ ਪ੍ਰੀਤਿਭਾ ਦਿਖਾਉਣ ਦਾ ਮੌਕਾ ਹੀ ਨਹੀਂ ਮਿਲਦਾ। ਸਧਾਰਨ ਮਨੁੱਖ ਸਾਰੀ ਉਮਰ ਸਮਾਜ ਵਲੋਂ ਲੱਦੀਆਂ ਹੋਈਆਂ ਦਕੀਆਨੂਸੀ ਪ੍ਰੰਪਰਾਵਾਂ ਦਾ ਭਾਰ ਢੋਂਹਦਾ ਹੀ ਮਰ ਖਪ ਜਾਂਦਾ ਹੈ। ਹਰ ਬੱਚਾ ਦੁਨੀਆਂ ਵਿੱਚ ਨਵੀਂ ਸ਼ਕਲ ਤੇ ਨਵੀਂ ਅਕਲ ਲੈ ਕੇ ਜੰਮਦਾ ਹੈ, ਪਰ ਪਰਿਵਾਰ ਜਾਂ ਸਮਾਜ ਵਲੋਂ ਉਸਦੀ ਉਸ ਨਵੀਂ ਵਿਲੱਖਣ ਸਖਸ਼ੀਅਤ ਨੂੰ ਨਿਖਰਨ ਤੋਂ ਪਹਿਲਾਂ ਹੀ ਪਰਿਵਾਰ, ਧਰਮ, ਸਮਾਜ, ਸੱਭਿਆਚਾਰ, ਬੋਲੀ, ਦੇਸ਼, ਕੌਮ, ਕਬੀਲੇ, ਫਿਰਕੇ ਆਦਿ ਦੀਆਂ ਮਰਿਯਾਦਾਵਾਂ, ਪ੍ਰੰਪਰਾਵਾਂ, ਮਾਨਤਾਵਾਂ ਲੱਦ ਦਿੱਤੀਆਂ ਜਾਂਦੀਆਂ ਹਨ ਕਿ ਉਹ ਕਦੇ ਵੀ ਉਹ ਨਹੀਂ ਬਣ ਪਾਉਂਦਾ, ਜੋ ਉਹ ਬਣ ਸਕਦਾ ਸੀ? ਜੇ ਉਸਨੂੰ ਪਨਪਣ, ਵਿਗਸਣ, ਮੌਲਣ ਦਾ ਖੁੱਲਾ ਮਾਹੌਲ ਦਿੱਤਾ ਹੁੰਦਾ? ਇਸੇ ਕਰਕੇ ਸਮਾਜ ਵਿੱਚ ਤਬਦੀਲੀ ਬਹੁਤ ਹੀ ਮੱਧਮ ਚਲਦੀ ਹੈ। ਕਦੇ ਕਦੇ ਕੋਈ ਯੁਗ ਪੁਰਸ਼ ਪੈਦਾ ਹੁੰਦਾ ਹੈ, ਜੋ ਪ੍ਰਚਲਤ ਨੂੰ ਰੱਦ ਕਰਕੇ ਨਵੇਂ ਰਾਹ ਦਿਖਾਉਂਦਾ ਹੈ। ਪਰ ਉਸਦੇ ਮਗਰ ਵੀ ਗਿਣਤੀ ਦੇ ਲੋਕ ਹੀ ਤੁਰਦੇ ਹਨ। ਬਹੁਤਾ ਸਮਾਜ ਉੱਥੇ ਦਾ ਉੱਥੇ ਖੜਾ ਰਹਿ ਜਾਂਦਾ ਹੈ ਤੇ ਸਮਾਂ ਪਾ ਕੇ ਨਵੇਂ ਬਣੇ ਇਨਕਲਾਬੀ ਵੀ ‘ਪੁਰਾਣੀ ਬੋਤਲ ਵਿੱਚ ਨਵੀਂ ਸ਼ਰਾਬ’ ਦੀ ਕਹਾਵਤ ਵਾਂਗ ਉਥੇ ਹੀ ਆ ਖੜਦੇ ਹਨ ਤੇ ਸਮਾਂ ਕਿਸੇ ਨਵੇਂ ਯੁਗ ਪੁਰਸ਼ ਦੀ ਉਡੀਕ ਕਰਦਾ ਰਹਿੰਦਾ ਹੈ।
ਗੱਲ ਕਰ ਰਹੇ ਸੀ, ਰੂੜ੍ਹੀਵਾਦੀ ਤੇ ਵਿਗਿਆਨਕ ਸੋਚ ਦੀ? ਮੇਰੀ ਜਾਚੇ ਵਿਗਿਆਨਕ ਸੋਚ ਉਹ ਹੈ, ਜਦੋਂ ਤੁਸੀਂ ਨਾ ਅੱਖਾਂ ਮੀਟ ਕੇ ਤੇ ਬਿਨਾਂ ਸੋਚੇ-ਵਿਚਾਰੇ ਮੰਨਦੇ ਹੋ ਅਤੇ ਨਾ ਹੀ ਅੱਖਾਂ ਮੀਟ ਕੇ ਬਿਨਾਂ ਸੋਚੇ-ਵਿਚਾਰੇ ਰੱਦ ਕਰਦੇ ਹੋ। ਅੱਖਾਂ ਮੀਟ ਕੇ ਬਿਨਾਂ ਵਿਚਾਰੇ ਜਾਂ ਜਾਣੇ, ਮੰਨਣਾ ਜਾਂ ਰੱਦ ਕਰਨਾ, ਦੋਨੋ ਪੱਖ ਹੀ ਵਿਗਿਆਨਕ ਨਹੀਂ ਹਨ। ਜਿੱਥੇ ਅੱਖਾਂ ਮੀਟ ਕੇ ਮੰਨਣ ਵਾਲਿਆਂ ਨੂੰ ਤੇ ਅਸੀਂ ਝੱਟ ਰੂੜੀਵਾਦੀ ਜਾਂ ਪਿਛਾਂਹਖਿਚੂ ਕਹਿ ਦਿੰਦੇ ਹਾਂ, ਪਰ ਕੀ ਅੱਖਾਂ ਮੀਟੇ ਜਾਂ ਬਿਨਾਂ ਵਿਚਾਰੇ ਰੱਦ ਕਰਨ ਵਾਲੀ ਸੋਚ ਵਿਗਿਆਨਕ ਹੋ ਸਕਦੀ ਹੈ? ਹਰ ਪੁਰਾਤਨ ਮਰਿਯਾਦਾ, ਪ੍ਰੰਪਰਾ, ਮਾਨਤਾ ਜਰੂਰੀ ਨਹੀਂ ਰੂੜੀਵਾਦੀ, ਪਿਛਾਂਹਖਿਚੂ ਜਾਂ ਅਵਿਗਿਆਨਕ ਹੋਵੇ, ਪਰ ਉਸ ਵਿਚਲੇ ਪੂਰੇ ਸੱਚ ਨੂੰ ਜਾਣੇ ਜਾਂ ਪੜਚੋਲ ਕੀਤੇ ਬਿਨਾਂ ਰੱਦ ਕਰਨਾ, ਕਦੇ ਵੀ ਵਿਗਿਆਨਕ ਨਹੀਂ ਹੋ ਸਕਦਾ? ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਪ੍ਰੰਪਰਾਵਾਦੀ ਹਰ ਗੱਲ ਨੂੰ ਅੱਖਾਂ ਮੀਟ ਨਾ ਸਿਰਫ ਮੰਨਦੇ ਹੀ ਹਨ, ਉਨ੍ਹਾਂ ਤੇ ਤਰਕ ਕਰਨ ਵਾਲਿਆਂ ਨੂੰ ਧਰਮ ਜਾਂ ਸਮਾਜ ਵਿਰੋਧੀ ਗਰਦਾਨਦੇ ਹਨ, ਉੱਥੇ ਦੂਜੇ ਪਾਸੇ ਸਾਇੰਸਵਾਦੀ ਜਾਂ ਅਗਾਂਹਵਧੂ ਵੀ ਅਕਸਰ ਪਿਛਾਂਹਖਿਚੂ ਹੀ ਹੁੰਦੇ ਹਨ, ਜਦੋਂ ਉਹ ਹਰ ਗੱਲ ਨੂੰ ਬਿਨਾਂ ਜਾਣੇ, ਬਿਨਾਂ ਵਿਚਾਰੇ ਜਾਂ ਉਸ ਪਿੱਛੇ ਛੁਪੇ ਵਿਗਿਆਨ ਨੂੰ ਜਾਣੇ ਬਿਨਾਂ ਗਿਆਨ (ਕਿਤਾਬੀ ਜਾਣਕਾਰੀ) ਦੇ ਹੰਕਾਰ ਵਿੱਚ ਸਭ ਕੁੱਝ ਨੂੰ ਰੱਦ ਕਰਨ ਦੇ ਰਾਹੇ ਤੁਰਦੇ ਹਨ। ਜਰੂਰੀ ਨਹੀਂ ਜੋ ਕੁੱਝ ਤੁਸੀਂ ਕਿਸੇ ਕਿਤਾਬ ਵਿੱਚ ਪੜ੍ਹ ਲਿਆ ਹੋਵੇ, ਉਹ ਪੂਰਨ ਸੱਚ ਹੋਵੇ। ਉਹ ਕਿਸੇ ਦਾ ਨਜ਼ਰੀਆਂ ਵੀ ਹੋ ਸਕਦਾ ਹੈ? ਅਜਿਹੀ ਸੋਚ ਕਦੇ ਵੀ ਵਿਗਿਆਨਕ ਨਹੀਂ ਹੋ ਸਕਦੀ, ਜੋ ਪਰਖ ਪੜਚੋਲ ਤੇ ਵਿਗਿਆਨ ਦੀ ਕਸਵੱਟੀ ਤੇ ਪਰਖੇ ਬਿਨਾਂ ਰੱਦ ਕਰ ਰਹੀ ਹੋਵੇ। ਇਹ ਗੱਲ ਵੀ ਸਮਝਣ ਵਾਲੀ ਹੈ ਕਿ ਕੁਦਰਤ ਵਿੱਚ ਬੇਅੰਤ ਭੇਦ ਅਜਿਹੇ ਹਨ, ਜਿਨ੍ਹਾਂ ਨੂੰ ਲੱਭਣਾ ਤੇ ਜਾਨਣਾ ਬਾਕੀ ਹੈ? ਪਰ ਅਜਿਹਾ ਮੰਨ ਕੇ ਚੱਲਣਾ ਕੇ ਵਿਗਿਆਨ ਨੇ ਸਭ ਕੁੱਝ ਲੱਭ ਲਿਆ ਹੈ ਤੇ ਜੋ ਕੁੱਝ ਲੱਭ ਲਿਆ ਹੈ, ਉਹੀ ਸੱਚ ਹੈ ਤੇ ਬਾਕੀ ਸਭ ਝੂਠ, ਵੀ ਵਿਗਿਆਨਕ ਸੋਚ ਨਹੀਂ ਕਹੀ ਜਾ ਸਕਦੀ। ਸੱਚੇ ਧਰਮਵਾਦੀਆਂ ਵਲੋਂ ਹਜ਼ਾਰਾਂ ਸਾਲਾਂ ਵਿੱਚ ਸਰੀਰ ਅੰਦਰ ਵਿਚਰ ਰਹੀ ਚੇਤੰਨਤਾ ਬਾਰੇ ਅਨੇਕਾਂ ਭੇਦਾਂ ਨੂੰ ਖੋਜਿਆ ਹੈ, ਜਿਨ੍ਹਾਂ ਨੂੰ ਹਰ ਕੋਈ ਆਪਣੇ ਲਈ ਖੋਜ ਸਕਦਾ ਹੈ, ਪਰ ਮੈਟਰ ਦੀ ਖੋਜ ਵਾਂਗ ਇਸਨੂੰ ਸਭ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਸੱਚੇ ਧਰਮਵਾਦੀਆਂ ਦੀਆਂ ਚੇਤੰਨਤਾ ਬਾਰੇ ਸਾਰੀਆਂ ਖੋਜਾਂ ਨੂੰ ਅੰਧ ਵਿਸ਼ਾਵਸ਼ ਜਾਂ ਪਿਛਾਂਹਖਿਚੂ ਸੋਚ ਕੇ ਰੱਦ ਕਰਨਾ ਕਦੇ ਵੀ ਵਿਗਿਆਨਕ ਸੋਚ ਨਹੀਂ ਕਹੀ ਜਾ ਸਕਦੀ? ਲੋੜ ਜੀਵਨ ਵਿੱਚ ਬੈਲੈਂਸ ਬਣਾ ਕੇ ਚੱਲਣ ਦੀ ਹੈ? ਸਾਨੂੰ ਇਹ ਮੰਨ ਕੇ ਚੱਲਣ ਦੀ ਲੋੜ ਹੈ ਕਿ ਕੁਦਰਤ ਦਾ ਪੂਰਾ ਸੱਚ ਅਜੇ ਤੱਕ ਕਦੇ ਕਿਸੇ ਨੂੰ ਨਹੀਂ ਲੱਗਾ ਤੇ ਸਾਨੂੰ ਉਸ ਭੇਦ ਨੂੰ ਸਮਝਣ ਲਈ ਮੰਨਣ ਦੀ ਥਾਂ ਜਾਨਣ ਵਾਲੇ ਪਾਂਧੀ ਬਣਨ ਦੀ ਲੋੜ ਹੈ।




.