.

ਮਿਲਨ ਕੀ ਬਰੀਆ (ਭਾਗ 1)

‘ਮਿਲਨ ਕੀ ਬਰੀਆ’ ਵਿਸ਼ਾ ਕੇਵਲ ਇਕ ਸਮੁਦਾਏ ਜਾਂ ਪ੍ਰਾਂਤ ਦੇ ਲੋਕਾਂ ਲਈ ਨਹੀਂ ਬਲਕਿ ਸੰਪੂਰਨ ਮਨੁੱਖਤਾ ਲਈ ਹੈ। ਅਸੀਂ ਸਾਰੇ ਆਪਣੇ ਆਪ ਨੂੰ ਨਵਾਂ ਜਨਮ ਦੇ ਸਕਦੇ ਹਾਂ। ਸਾਡੀ ਉਮਰ ਕਿੰਨੀ ਹੈ ਇਹ ਮਾਇਨੇ ਨਹੀਂ ਰੱਖਦਾ। ਜ਼ਿੰਦਗੀ ਦੇ ਕਿਸੇ ਵੀ ਪੜਾਅ ਤੋਂ ਸਵੇਰ ਸ਼ੁਰੂ ਹੋ ਸਕਦੀ ਹੈ।

ਆਤਮਕ ਨੀਂਦ ਵਿਚ ਜ਼ਿੰਦਗੀ ਰਾਤ ਵਰਗੀ ਹੁੰਦੀ ਹੈ। ਜਿਵੇਂ ਜੰਗਲ ਵਿਚ ਰਾਤ ਵੇਲੇ ਸ਼ਿਕਾਰੀ ਚਿੱਟਾ ਚਾਨਣ ਕਰਕੇ ਹਿਰਨ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ। ਸ਼ਿਕਾਰੀ ਵੱਲੋਂ ਕੀਤੀ ਗਈ ਚੰਦ ਵਰਗੀ ਚਾਨਣੀ (ਚੰਦ੍ਰਾਇਣ) ਨੂੰ ਵੇਖਕੇ ਹਿਰਨ ਉਸ ਜਾਲ ਵਿਚ ਫੱਸ ਜਾਂਦਾ ਹੈ। ਜ਼ਿੰਦਗੀ ਦੀ ਇਸ ਹਨੇਰੀ ਰਾਤ ਵਿਚ ਮੇਰਾ ਮਨ ਰੂਪੀ ਹਿਰਨ, ਵਿਕਾਰਾਂ ਰੂਪੀ ਚੰਦ੍ਰਾਇਣ ਦੇ ਜਾਲ ਵਿਚ ਫੱਸ ਗਿਆ ਹੈ - ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ (460)

ਜੇਕਰ ਇਹ ਮਹਿਸੂਸ ਹੋਵੇ ਕਿ ਮੈਂ ਵਿਕਾਰਾਂ ਦੇ ਜਾਲ ਵਿਚ ਫੱਸ ਗਿਆ ਹਾਂ ਤਾਂ ਛੁੱਟਣ ਦਾ ਉਪਰਾਲਾ ਕਰਨਾ ਆ ਹੀ ਜਾਏਗਾ। ਇਹ ਸਮਝ ਆ ਜਾਣਾ ਕਿ ਮੈਂ ਫਸ ਗਿਆ ਹਾਂ ਅਤੇ ਛੁੱਟਣ ਲਈ ਮਿਹਨਤ ਕਰਨੀ ਹੈ, ਇਹ ਬਹੁਤ ਉੱਚੀ ਆਤਮਕ ਅਵਸਥਾ ਹੈ। ਮਨੁੱਖ ਤੇ ਤਰਸ ਖਾਕੇ ਰੱਬ ਵੱਲੋਂ ਆਦਿ ਤੋਂ ਹੀ ਗੁਰਪ੍ਰਸਾਦਿ ਦਾ ਮੀਂਹ ਵਰਸਾਇਆ ਹੋਇਆ ਹੈ। ਇਸੇ ਨੂੰ ਕਿਰਪਾ ਕਹਿੰਦੇ ਹਨ। ਨਦਰੀ ਰੱਬ ਨੇ ਆਪਣਾ ਫਲਸਫਾ (ਧਰਮ) ਸਾਰੀ ਦੁਨੀਆ ਨੂੰ ਦਿੱਤਾ ਹੋਇਆ ਹੈ। ਇਸ ਦੀ ਵਰਤੋਂ ਕਰਕੇ ਮੈਂ ਵਿਕਾਰੀ ਖਿਆਲਾਂ ਦੇ ਜਾਲ ਤੋਂ ਛੁੱਟ ਸਕਦਾ ਹਾਂ।

ਮਨੁੱਖ ਦੇ ਵਿਕਾਰੀ ਖਿਆਲਾਂ ਦਾ ਮੂਲ ਕਾਰਨ ਧਰਮ ਦੀ ਨਾਕਦਰੀ ਹੈ। ਜੇ ਧਰਮ ਦਾ ਪੱਲਾ ਫੜ ਲਈਏ ਤਾਂ ਇਸ ਜਾਲ ਤੋਂ ਛੁੱਟ ਸਕਦੇ ਹਾਂ। ਇਹ ਨਾਕਦਰੀ ਧਰਮ ਵਲ ਪਿੱਠ ਕਰਨਾ (ਨਿੰਦਾ ਕਰਨਾ) ਕਹਿਲਾਉਂਦੀ ਹੈ। ਵਿਕਾਰਾਂ ਦੇ ਜਾਲ ਤੋਂ ਬਚਣ ਲਈ ਨਵਾਂ ਜਨਮ ਲੈਣਾ ਪਏਗਾ। ਨਵੇ ਜਨਮ ਦਾ ਭਾਵ ਹੈ ਕਿ ਭੈੜੀਆਂ ਆਦਤਾਂ ਛੱਡਣੀਆਂ ਪੈਣ ਗੀਆਂ। ਧਰਮ ਮਨੁੱਖ ਨੂੰ ਉਸਦੇ ਅੰਦਰ ਵਸਦੇ ਰੱਬ ਨਾਲ ਮਿਲਾਉਂਦਾ ਹੈ। ਇਹੀ ‘ਮਿਲਨ ਕੀ ਬਰੀਆ’ ਲੇਖ ਦਾ ਮੰਤਵ ਹੈ।

ਰੋਜ਼ਾਨਾ ਜ਼ਿੰਦਗੀ ਦੇ ਵਿਚ ਧਰਮ ਜੀਅ ਕੇ ਰੱਬੀ ਮਿਲਨ ਹੋ ਸਕਦਾ ਹੈ ਅਤੇ ਮਨੁੱਖ ਚੈਨ ਅਤੇ ਸੁੱਖ ਦੀ ਅਵਸਥਾ ਮਾਣ ਸਕਦਾ ਹੈ। ਪਰ ਅਫਸੋਸ ਸਾਨੂੰ ਇਹ ਹੀ ਨਹੀਂ ਪਤਾ ਕਿ ਧਰਮ ਨੂੰ ਵਰਤਣਾ ਕਿਵੇਂ ਹੈ। ਮੈਂ ਆਪਣੀ ਪੜਚੋਲ ਕਰਾਂ ਕਿ ਧਰਮ ਦੀ ਵਰਤੋਂ ਮੈਂ ਕਿਵੇਂ ਕਰਦਾ ਹਾਂ ਅਤੇ ਧਰਮ ਦਾ ਮੇਰੇ ਲਈ ਕੀ ਮਾਇਨਾ ਹੈ।

ਕਿਧਰੇ ਮੇਰਾ ਹਾਲ ਉਸ ਮਨੁੱਖ ਵਰਗਾ ਤੇ ਨਹੀਂ ਜਿਸਨੇ ਬਾਗ ਵਿਚ ਪਾਣੀ ਦੇਣ ਲਈ ਨੌਕਰ ਰੱਖੇ। ਮਾਲਕ ਹਰ-ਰੋਜ਼ ਨੌਕਰ ਨੂੰ ਪੁੱਛਦਾ ਸੀ ਕਿ ਬਾਗ ਵਿਚ ਪਾਣੀ ਦਿੱਤਾ ਕਿ ਨਹੀਂ? ਇੱਕ ਦਿਨ ਮੀਹ ਪੈ ਰਿਹਾ ਸੀ ਤੇ ਮਾਲਕ ਨੇ ਨੌਕਰ ਨੂੰ ਪੁੱਛਿਆ ਕਿ ਬਾਗ ਵਿਚ ਪੋਦਿਆਂ ਨੂੰ ਪਾਣੀ ਦਿੱਤਾ? ਨੌਕਰ ਬੜੀ ਹੀ ਹਲੀਮੀ ਵਿਚ ਕਹਿੰਦਾ ਹੈ, ‘ਮਾਲਕੋ! ਬਾਹਰ ਤੇ ਮੀਹ ਪੈ ਰਿਹਾ ਹੈ’। ਇਹ ਸੁਣਕੇ ਮਾਲਕ ਕਹਿੰਦਾ ਹੈ, ‘ਜੇ ਮੀਹ ਪੈ ਰਿਹਾ ਹੈ ਤੇ ਛਤਰੀ ਲੈਕੇ ਪੌਦਿਆਂ ਨੂੰ ਪਾਣੀ ਦੇ ਦੇਣਾ ਸੀ’

ਇਸ ਮਾਲਕ ਨੂੰ ਪਤਾ ਹੀ ਨਹੀਂ ਕਿ ਪੌਦਿਆਂ ਨੂੰ ਪਾਣੀ ਕਿਉਂ ਦਿੱਤਾ ਜਾਂਦਾ ਹੈ। ਹੂ-ਬਹੂ ਸਾਨੂੰ ਵੀ ਨਹੀਂ ਪਤਾ ਕਿ ਧਰਮ ਦੀ ਵਰਤੋਂ ਕਿਵੇਂ ਕਰਨੀ ਹੈ। ਇਸ ਲਈ ਸਾਡਾ ਰੱਬ ਨਾਲ ਮਿਲਾਪ ਨਹੀਂ ਹੋ ਰਿਹਾ। ਸਾਨੂੰ ਸਹੀ ਮਾਇਨੇ ਵਿਚ ਧਰਮੀ ਜੀਵਨ ਜਿਊਣਾ ਨਹੀਂ ਆ ਰਿਹਾ।

ਧਰਮ ਦਾ ਜਿਹੜਾ ਖਿਆਲ ਜ਼ਿਹਨ ਵਿਚ ਉਪਜਦਾ ਹੈ ਉਸਨੂੰ ਜਲਦ ਹੀ ਅਮਲ ਵਿਚ ਲਿਆਣਾ ਚਾਹੀਦਾ ਹੈ। ਇਸੇ ਪ੍ਰਥਾਂਏ ਗੁਰਬਾਣੀ ਵਿਚ ਫੁਰਮਾਨ ਹੈ - ਨਹ ਬਿਲੰਬ ਧਰਮੰ ਬਿਲੰਬ ਪਾਪੰ ॥ (1354) ਧਰਮ ਦੇ ਕੰਮਾਂ ਵਿਚ ਕਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ। ਭਗਤ ਕਬੀਰ ਜੀ ਵੀ ਕਹਿੰਦੇ ਹਨ - ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥ (1375) ਧਰਮ ਦੀ ਉਪੇਖਿਆ ਕੀਤੀ ਜਾਏ ਤਾਂ ਅਉਗੁਣਾਂ ਰੂਪੀ ਵਿਆਜ ਵਧਦਾ ਜਾਂਦਾ ਹੈ। ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥ (1375) - ਜੇ ਧਰਮ ਨਾ ਜੀਵਿਆ ਜਾਏ ਤਾਂ ਮਨ ਤੇ ਪਈ ਹੋਈ ਅਉਗੁਣਾਂ ਦੀ ਛਾਪ (ਲੇਖਾ) ਨਹੀਂ ਮਿਟਦੀ।

ਧਰਮ ਤੋਂ ਸਿਖਿਆ ਲੈਕੇ ਲੜਾਈ ਮੁਕਾਣੀ ਸੀ ਪਰ ਅਸੀਂ ਮਜ਼ਹਬੀ ਲੜਾਈਆਂ ਸ਼ੁਰੂ ਕਰ ਦਿੱਤੀਆਂ। ਪਸ਼ੂਆਂ ਵਾਂਗੂੰ ਲੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਧਰਮ ਵਰਤਣਾ ਨਹੀਂ ਆਇਆ। ਉਲਟਾ ਧਰਮ ਦੇ ਰਖਵਾਲੇ ਬਣਨ ਦੀ ਗਲਤਫਹਿਮੀ ਪੈ ਗਈ। ਦਰਅਸਲ ਧਰਮ ਨੂੰ ਵਰਤ ਕੇ ਪਸ਼ੂ ਬਿਰਤੀਆਂ ਤੋਂ ਆਪਣੀ ਰਾਖੀ ਕਰਨੀ ਸੀ ਪਰ ਅਫਸੋਸ ਧਰਮ ਬਚਾਉਣ ਦਾ ਭਰਮ ਪੈ ਗਿਆ।

ਜੇ ਅਸੀਂ ਧਰਮ ਦੀ ਗਲ ਨਹੀਂ ਸੁਣਦੇ ਤਾਂ ਗੁਰਬਾਣੀ ਇਸ ਪ੍ਰਥਾਏ ਕਹਿੰਦੀ ਹੈ - ਜੋ ਨ ਸੁਨਹਿ ਜਸੁ ਪਰਮਾਨੰਦਾ ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥ (188) ਭਾਵ ਧਰਮ ਤੋਂ ਸੱਖਣੇ ਮਨੁੱਖ ਦਾ ਜੀਵਨ ਪਸ਼ੂ-ਪੰਛੀਆਂ ਤੋਂ ਵੀ ਬਦਤਰ ਹੈ। ਐਸੀ ਮਾਨਸਕਤਾ ਵਾਲਾ ਮਨੁੱਖ ਕੀ ਵਾਕਈ ‘ਮਨੁੱਖ’ ਕਹਿਲਾਏਗਾ?

ਧਰਮ ਤੋਂ ਜੇ ਮੈਂ ਮਨੁੱਖਤਾ ਵਾਲੇ ਗੁਣ ਨਹੀਂ ਸਿੱਖੇ ਅਤੇ ਮਾਨਵਤਾ ਮੇਰੀ ਜ਼ਿੰਦਗੀ ਵਿੱਚੋਂ ਅਲੋਪ ਹੈ ਤਾਂ ਕੀ ਮੈਂ ਧਰਮ ਨੂੰ ਕੇਵਲ ਨੁਮਾਇਸ਼ ਲਈ ਜਾਂ ਵਿਖਾਵੇ ਲਈ ਬਣਾਇਆ ਹੋਇਆ ਹੈ? ਇਸਨੂੰ ਕਹਿੰਦੇ ਹਨ - ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥ (240) ਮੈਨੂੰ ਕਹਿ ਰਹੇ ਹਨ ਕਿ ਜੇ ਤੂੰ ਧਰਮ ਦਾ ਵਿਵਹਾਰ ਨਹੀਂ ਸਿਖਿਆ ਤਾਂ ਐ ਮਨੁੱਖ ਤੂੰ ਟੁਰਦਾ ਫਿਰਦਾ ਲਾਸ਼ ਹੈਂ।

ਜੇ ਧਰਮ ਸੁਣ-ਪੜ੍ਹ ਕੇ ਰੱਬੀ ਗੁਣਾਂ ਵਾਲੀ ਜੀਵਨੀ ਨਾ ਬਣੀ ਤਾਂ ਮਾਨੋ ਉਹ ਮਨੁੱਖ ਹੀ ਨਹੀਂ ਹੈ। ਉਹ ਤਾਂ ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ (267) ਹੈ। ਵੇਖਣ ਵਿਚ ਮਨੁੱਖ ਲਗਦਾ ਹੈ ਪਰ ਅੰਦਰੋਂ ਪਸ਼ੂ ਹੈ, ਗੁਰਬਾਣੀ ਦਾ ਫੁਰਮਾਨ ਹੈ - ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ (1284) ਇਨਸਾਨ ਨੇ ਮਨੁੱਖ ਦਾ ਚੰਮੜਾ ਲਪੇਟਿਆ ਹੋਇਆ ਹੈ ਪਰ ਅੰਦਰੋਂ ਜਾਨਵਰ ਬਿਰਤੀ ਹੈ। ਮਨੁੱਖਤਾ ਦੇ ਕਿਰਦਾਰ ਤੋਂ ਡਿੱਗ ਜਾਣਾ ਅਵਤਰਣ ਕਹਿਲਾਉਂਦਾ ਹੈ। ਧਰਮ ਦਾ ਮਕਸਦ ਮਨੁੱਖਤਾ ਦੇ ਤਲ ਤੋਂ ਡਿੱਗੇ ਮਨੁੱਖ ਦੀ ਜਾਨਵਰ ਬਿਰਤੀ ਨੂੰ ਮੁੜ੍ਹ ਇਨਸਾਨੀਅਤ ਦੀ ਟੀਸੀ ਤੇ ਪਹੁੰਚਾਉਣ ਦਾ ਹੈ।

ਇੱਕ ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ, "ਮਾਂ! ਸਾਡੀ ਅਧਿਆਪਕਾ ਸਾਨੂੰ ਦੱਸ ਰਹੀ ਸੀ ਕਿ ਅਸੀਂ ਸਾਰੇ ਦੂਜਿਆਂ ਲਈ ਬਣੇ ਹਾਂ। ਮਾਂ ਕਹਿੰਦੀ ਹੈ - "ਵਾਹ! ਤੁਹਾਡੀ ਅਧਿਆਪਕਾ ਬਿਲਕੁਲ ਠੀਕ ਕਹਿ ਰਹੀ ਸੀ"। ਪਰ ਬੱਚਾ ਕਹਿੰਦਾ ਹੈ ਕਿ, "ਮਾਂ! ਮੈਂ ਉਲਝਣ ਵਿਚ ਫੱਸ ਗਿਆ ਹਾਂ ਕਿ ਜੇ ਅਸੀਂ ਲੋਕ ਦੂਜਿਆਂ ਲਈ ਪੈਦਾ ਹੋਏ ਹਾਂ ਤਾਂ ਦੂਜੇ ਲੋਕ ਕਿਸ ਲਈ ਪੈਦਾ ਹੋਏ ਹਨ?"। ਇਸ ਵਿਅੰਗ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਅਸੀਂ ਸਾਰੇ ਇਕ ਦੂਜੇ ਲਈ ਹੀ ਪੈਦਾ ਹੋਏ ਹਾਂ।

ਸਰੀਰ ਦੇ ਸਾਰੇ ਅੰਗ ਇੱਕ ਦੂਜੇ ਲਈ ਕੰਮ ਕਰਦੇ ਹਨ, ਗੁਰਬਾਣੀ ਦਾ ਫੁਰਮਾਨ ਹੈ ਕਿ, ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ (309)

ਧਰਮ ਦੀ ਸਿਖਲਾਈ ਮੈਂ ਆਪਣੇ ਹੀ ਅੰਗਾਂ ਤੋਂ ਲੈ ਸਕਦਾ ਹਾਂ, ਜਿਵੇਂਕਿ -

1. ਰੋਟੀ ਮੂੰਹ ਵਿਚ ਪਾਉਂਦਾ ਹਾਂ ਪਰ ਮੇਰੇ ਸਾਰੇ ਸਰੀਰ ਦੇ ਵਿਚ ਉਸਦੀ ਤਾਕਤ ਪਹੁੰਚਦੀ ਹੈ।

2. ਸੁਣਦੇ ਕੰਨ ਹਨ ਪਰ ਮੇਰਾ ਸਾਰਾ ਸਰੀਰ ਕੰਨਾਂ ਦੁਆਰਾ ਸੁਣੇ ਸੁਨੇਹੇ ਅਨੁਸਾਰ ਹੀ ਹਰਕਤ ਕਰਦਾ ਹੈ।

3. ਵੇਖਦੀਆਂ ਅੱਖਾਂ ਹਨ ਪਰ ਪੈਰ ਟੁਰਕੇ ਜਾਂਦੇ ਹਨ ਅਤੇ ਠੇਡਾ ਖਾਣ ਤੋਂ ਬੱਚ ਜਾਂਦੇ ਹਨ।

4. ਟੁਰਦੇ ਪੈਰ ਹਨ ਅਤੇ ਸਾਰੇ ਸਰੀਰ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈਕੇ ਜਾਂਦੇ ਹਨ।

5. ਹੱਥ ਰੋਟੀ ਦੀ ਗਰਾਈ ਤੋੜਕੇ ਮੂੰਹ ਵਿਚ ਪਾਉਂਦੇ ਹਨ।

ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਕਿਵੇਂ ਸਾਰੇ ਅੰਗ ਇਕ ਦੂਜੇ ਲਈ ਕੰਮ ਕਰਦੇ ਹਨ।

ਕੀ ਅਸੀਂ ਦੂਜਿਆਂ ਲਈ ਜੀਅ ਰਹੇ ਹਾਂ? ਅਸੀਂ ਤਾਂ ਘੋੜੇ, ਮੱਖੀ, ਮੱਛਰ, ਖੋਤੇ ਆਦਿ ਬਣੇ ਹੋਏ ਹਾਂ। ਸਾਂਡ ਬਣ ਕੇ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਸਿੰਗ ਲੜਾਉਂਦੇ ਹਾਂ ਭਾਵ ਬਹਿਸ ਕਰਦੇ ਹਾਂ। ਜਿਵੇਂ ਖੋਤੇ ਨੇ ਚੰਦਨ ਆਪਣੀ ਪਿੱਠ ਉੱਤੇ ਲਦਿਆ ਹੁੰਦਾ ਹੈ, ਜਿਸਦਾ ਉਸਨੂੰ ਆਪ ਨੂੰ ਕੋਈ ਫਾਇਦਾ ਨਹੀਂ ਹੁੰਦਾ, ਇਸੇ ਤਰ੍ਹਾਂ ਧਰਮ ਦਾ ਗਿਆਨ ਅਸੀਂ ਕੇਵਲ ਇੱਕਠਾ ਕਰ ਲਿਆ ਹੈ। ਆਪਣੇ ਜੀਵਨ ਵਿਚ ਇਸ ਦੀ ਵਰਤੋਂ ਨਹੀਂ ਕਰ ਰਹੇ ਹਾਂ।

ਵੀਰ ਭੁਪਿੰਦਰ ਸਿੰਘ
.