.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵਿਗੜੈਲ ਜਵਾਨੀ ਦੇ ਕਾਰੇ

ਨੌਜਵਾਨਾਂ ਦੀ ਜਵਾਨੀ ਨੂੰ ਵਗਦੇ ਦਰਿਆ ਨਾਲ ਉਪਮਾ ਦਿੱਤੀ ਜਾਂਦੀ ਹੈ। ਜੇ ਕਰ ਦਰਿਆਵਾਂ `ਤੇ ਬੰਨ੍ਹ ਮਾਰ ਲਿਆ ਜਾਏ ਤਾਂ ਜਿੱਥੇ ਪਾਣੀ ਬਿਜਲੀ ਪੈਦਾ ਕਰਦਾ ਹੈ ਓੱਥੇ ਖੇਤਾਂ ਦੀ ਸਿੰਜਾਈ ਵੀ ਕਰਦਾ ਹੈ। ਇੰਜ ਲੱਖਾਂ ਲੋਕਾਂ ਨੂੰ ਪਾਣੀ ਨਵਾਂ ਜੀਵਨ ਦੇਂਦਾ ਹੈ। ਜੇ ਕਰ ਪਾਣੀ ਨੂੰ ਖੁਲ੍ਹਾ ਛੱਡ ਦਿੱਤਾ ਜਾਏ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਮਨੁੱਖਤਾ ਨੂੰ ਤਬਾਹ ਕਰਨ ਦੀ ਅਥਾਹ ਸਮਰੱਥਾ ਕਰਦਾ ਹੈ। ਏਹੀ ਹਾਲ ਅੱਜ ਜਵਾਨੀਆਂ ਦਾ ਹੋਇਆ ਹੈ। ਬਹੁਤੇ ਨੌਜਵਾਨ ਆਪ ਹੁਦਰੇ ਹੋਏ ਹੋਏ ਫਿਰ ਰਹੇ ਹਨ। ਨਾ ਮਾਪਿਆਂ ਦੀ ਗੱਲ ਸੁਣਦੇ ਹਨ ਨਾ ਕਿਸੇ ਸਮਾਜ ਸੇਵੀ ਦੀ ਗੱਲ ਮੰਨਦੇ ਹਨ। ਨੌਜਵਾਨ ਹੀ ਕਿਸੇ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਾਰੇ ਨੌਜਵਾਨ ਇਕੋ ਜੇਹੇ ਨਹੀਂ ਹੁੰਦੇ। ਜਦੋਂ ਕੋਈ ਭੇੜੀਆ ਜਨਮ ਲੈਂਦਾ ਹੈ ਤਾਂ ਸਾਰੇ ਸੋਚਣ ਲਈ ਮਜ਼ਬੂਰ ਹੁੰਦੇ ਹਨ। ਤਲਾਬ ਦੇ ਪਾਣੀ ਨੂੰ ਇਕੋ ਮੱਛੀ ਹੀ ਗੰਦਾ ਕਰ ਦੇਂਦੀ ਹੈ। ਅੱਜ ਵਿਗੜੈਲ ਜਵਾਨੀ ਗੁੰਡਾਗਰਦੀ `ਤੇ ਉੱਤਰੀ ਹੋਈ ਹੈ ਜੋ ਘਰਦਿਆਂ ਤੇ ਸਮਾਜ ਲਈ ਮੁਸੀਬਤ ਬਣੇ ਹੋਏ ਹਨ।
੨੭ ਫਰਵਰੀ ੨੦੧੬ ਨੂੰ ਬਟਾਲੇ ਇੱਕ ਪਰਵਾਰ ਵਲੋਂ ਆਪਣੇ ਕਾਕੇ ਦੇ ਸਗਨ ਦੀਆਂ ਰਸਮਾਂ ਢੀਂਡਸਾ ਪੈਲਸ ਵਿੱਚ ਨਿਭਾਈਆਂ ਜਾ ਰਹੀਆਂ ਸਨ। ਸ਼ਾਮ ਤੀਕ ਸਭ ਕੁੱਝ ਠੀਕ ਚੱਲ ਰਿਹਾ ਸੀ। ਸਾਕ ਸਬੰਧੀ ਸਗਨ ਦੀਆਂ ਰਸਮਾਂ ਨਿਭਾਅ ਕੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਸਨ। ਇੱਕ ਅਧਿਆਪਕਾ ਆਪਣੀ ਬੱਚੀ ਨੂੰ ਆਈਸ ਕਰੀਮ ਖਲਾਉਣ ਲਈ ਅਟਕ ਗਈ। ਓੱਥੇ ਦੋ ਫੁਕਰਿਆਂ ਤੇ ਮਨਚਲਿਆਂ ਨੇ ਨੌਜਵਾਨ ਕੰਪਿਊਟਰ ਆਧਿਆਪਕਾ ਨੂੰ ਭੱਦਾ ਮਜ਼ਾਕ ਕੀਤਾ ਜਿਸ ਦਾ ਬੱਚੀ ਨੇ ਵਿਰੋਧ ਕੀਤਾ। ਏਨ੍ਹੀ ਗੱਲ ਸੁਣਦਿਆਂ ਹੀ ਸਿਰ ਫਿਰੇ ਅਯਾਸ਼ ਕਿਸਮ ਦੇ ਨੌਜਵਾਨ ਨੇ ਕੰਪਿਊਟਰ ਅਧਿਆਪਕਾ ਦੇ ਮੱਥੇ ਵਿੱਚ ਗੋਲੀ ਮਾਰ ਕੇ ਹੱਸਦਾ ਵੱਸਦਾ ਪਰਵਾਰ ਅੱਖ ਦੇ ਫੋਰ ਵਿੱਚ ਬਰਬਾਦ ਕਰਕੇ ਕੇ ਰੱਖ ਦਿੱਤਾ। ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਅਜੇਹਾ ਵਰਤਾਰਾ ਕਰਨ ਵਾਲਿਆਂ ਨੂੰ ਆਪਣੀਆਂ ਧੀਆਂ, ਭੈਣਾਂ ਤੇ ਮਾਵਾਂ ਦਾ ਚੇਤਾ ਆਉਂਦਾ ਹੀ ਨਹੀਂ ਹੈ। ਉਹਨਾਂ ਨੂੰ ਇਹ ਵੀ ਖਿਆਲ ਨਹੀਂ ਆਉਂਦਾ ਕਿ ਜਿਸ ਨੂੰ ਮੈਂ ਕਾਮਕ ਬਿਰਤੀ ਨਾਲ ਦੇਖ ਰਿਹਾਂ ਹਾਂ ਏਦਾਂ ਦੀ ਮੇਰੀ ਆਪਣੀ ਭੈਣ ਵੀ ਘਰ ਵਿੱਚ ਹੈ। ਸਵਾਲ ਹੈ ਕਿ ਕੀ ਅਜੇਹੇ ਲਫੰਗਿਆਂ-ਲੋਫਰਾਂ ਦਿਆਂ ਘਰਾਂ ਵਿੱਚ ਧੀਆਂ ਭੈਣਾਂ ਨਹੀਂ ਹਨ? ਕੀ ਇਹਨਾਂ ਨੂੰ ਇਹਨਾਂ ਵਾਕਾਂ ਦਾ ਖਿਆਲ ਨਹੀਂ ਆਉਂਦਾ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ `ਤੇ। ਇਹਨਾਂ ਵਿਗੜੈਲਾਂ ਵਲੋਂ ਤਾਂ ਪੰਜਾਬ ਦੇ ਨਾਂ ਨੂੰ ਹੀ ਕਲੰਕ ਲਾ ਦਿੱਤਾ ਹੈ। ਲਾਹਨਤ ਹੈ ਅਜੇਹੀ ਜਵਾਨੀ `ਤੇ
ਸੋਚਣ ਵਾਲੀ ਗੱਲ ਹੈ--
ਅੱਜ ਧਰਮ ਦੇ ਨਾਂ `ਤੇ ਚਾਰ ਚੁਫੇਰੇ ਜ਼ੋਰ ਸ਼ੋਰ ਨਾਲ ਪਰਚਾਰ ਕੀਤਾ ਜਾ ਰਿਹਾ ਹੈ। ਹਰੇਕ ਧਰਮੀ ਪਰਚਾਰਕ ਏਸੇ ਗੱਲ `ਤੇ ਹੀ ਜ਼ੋਰ ਲਗਾ ਰਿਹਾ ਹੈ ਕਿ ਭਈ ਸੱਚ ਬੋਲੋ ਗਰੀਬਾਂ ਦੀ ਮਦਦ ਕਰੋ। ਕਿਸੇ ਦਾ ਦਿੱਲ ਨਾ ਦਿਖਾਓ। ਸਿੱਖੀ ਦਾ ਅਦਰਸ਼ ਹੀ ਇਹ ਹੈ ਕਿ ਇਹ ਆਪਣੇ ਤੋਂ ਵੱਡੀ ਨੂੰ ਮਾਂ ਬਰਾਬਰ, ਆਪਣੇ ਬਰਾਬਰ ਦੀ ਨੂੰ ਭੈਣ ਤੇ ਆਪਣੇ ਤੋਂ ਛੋਟੀ ਨੂੰ ਧੀ ਜਾਨਣਾ ਹੈ। ਏਨਾ ਪਰਚਾਰ ਹੋਣ ਦੇ ਬਾਵਜੂਦ ਵੀ ਇਖ਼ਲਾਕ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਜਾਪਦੀ। ਜਦੋਂ ਵੀ ਕੋਈ ਨਗਰ ਕੀਰਤਨ ਨਿਕਲਦਾ ਹੈ ਤਾਂ ਇਹ ਵਿਗੜੈਲ ਨੌਜਵਾਨ ਆਪਣੇ ਮੋਟਰ ਸਾਇਕਲਾਂ ਦੇ ਸਲੰਸਰ ਲਾਹ ਕੇ ਭੈੜੀਆਂ ਭੈੜੀਆਂ ਅਵਾਜ਼ਾਂ ਨਾਲ ਨਗਰ ਕੀਰਤਨਾਂ ਵਿੱਚ ਹਿੱਸਾ ਲੈਂਦੇ ਹਨ। ਇਹ ਨੌਜਵਾਨ ਸੀਟੀਆਂ ਮਾਰਦੇ ਬੇ-ਲੋੜੀ ਆਤਸ਼ਬਾਜ਼ੀ ਚਲਾਉਂਦੇ ਤੇ ਹਰ ਪ੍ਰਕਾਰ ਦੀ ਖੱਪ ਪਉਂਦੇ ਤੇ ਹਰਲ ਹਰਲ ਕਰਦੇ ਹੋਏ ਨਜ਼ਰ ਆਉਂਦੇ ਹਨ। ਨਗਰ ਕੀਰਤਨ ਕਿੱਤੇ ਨਿਕਲਦਾ ਹੈ ਇਹ ਵਿਹਲੜ ਜੇਹੇ ਨੌਜਵਾਨ ਆਪਣੇ ਆਪ ਹੀ ਸ਼ਾਮਿਲ ਹੋ ਜਾਂਦੇ ਹਨ। ਬਹੁਤੀ ਥਾਂਈਂ ਪੁਲੀਸ ਮੂਕ ਦਰਸ਼ਕ ਬਣੀ ਖਲੋਤੀ ਹੁੰਦੀ ਹੈ ਤੇ ਪ੍ਰਬੰਧਕ ਲਾਚਾਰ ਦਿਖਾਈ ਦੇਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਇਹਨਾਂ ਦੇ ਦਿਮਾਗ ਵਿਚੋਂ ਧਰਮ ਨਾਂ ਦੀ ਚੀਜ਼ ਉੱਡ ਗਈ ਹੈ?
ਨੇਤਾ ਜਨਾ ਨੂੰ ਲੱਠ ਮਾਰ ਚਾਹੀਦੇ ਹਨ--
ਅਜੋਕੀ ਰਾਜ ਨੀਤੀ ਵਿੱਚ ਬਹੁਤ ਵੱਡਾ ਨਿਘਾਰ ਆ ਗਿਆ ਹੈ। ਨੇਤਾ ਜਨਾ ਵਿੱਚ ਪੰਥ ਭਗਤੀ, ਕੌਮੀ ਪਿਆਰ ਆਪਣੀ ਕੌਮ ਨਾਲ ਵਫ਼ਾਦਾਰੀ ਆਪਣੇ ਸਮਾਜ ਪ੍ਰਤੀ ਜਵਾਬ ਦੇਹ ਹੋਣਾ ਚਾਹੀਦਾ ਹੈ। ਸਿੱਖ ਨੇਤਾਵਾਂ ਦੀ ਸਭ ਤੋਂ ਵੱਧ ਜ਼ਿਮੇਵਾਰੀ ਬਣਦੀ ਹੈ ਕਿਉਂਕਿ ਜਿੱਥੇ ਇਹ ਸਿੱਖ ਨੇਤਾ ਹਨ ਓੱਥੇ ਇਹ ਪੰਥ ਪ੍ਰਤੀ ਵੀ ਜੁਆਬ ਦੇਹ ਹਨ। ਅਜੌਕੀ ਰਾਜਨੀਤੀ ਵਿੱਚ ਦੂਜੇ ਤੇ ਪ੍ਰਭਾਵ ਪਉਣ ਲਈ ਜਾਂ ਕਬਜ਼ੇ ਲੈਣ ਲਈ ਵਿਹਲੜ ਲਫੰਡਰ ਜੇਹੇ ਨੌਜਵਾਨ ਭਰਤੀ ਕੀਤੇ ਹੁੰਦੇ ਹਨ। ਜਿੰਨ੍ਹਾਂ ਦਾ ਕੰਮ ਸਿਰਫ ਦਹਿਸ਼ਤ ਪਉਣਾ ਹੀ ਹੁੰਦਾ ਹੈ। ਭੂਮੀ ਮਾਫੀਆ, ਨਸ਼ਾ ਮਾਫੀਆ, ਟ੍ਰਾਂਸਪੋਰਟ ਮਾਫੀਆ, ਰੇਤ-ਬੱਜਰੀ ਮਾਫੀਆ ਆਦਿ ਵਿੱਚ ਨੇਤਾ ਜਨਾ ਦਾ ਇਹ ਬਿਰਗੇਟ ਮੋਹਰੀ ਹੁੰਦਾ ਹੈ। ਏਸੇ ਕਾਰਨ ਪੰਜਾਬ ਵਿੱਚ ਗੁੰਡਾਗਰਦੀ ਦੀਆਂ, ਉਹ ਵੀ ਧੜੱਲੇ ਨਾਲ ਸ਼ਰੇਆਮ ਵਾਰਦਾਤਾਂ `ਚ ਤਿੱਖਾ ਵਾਧਾ ਹੋਇਆ ਹੈ। ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਇਹਨਾਂ ਵਿਗੜੈਲ ਨੌਜਵਾਨਾਂ ਨੂੰ ਸਿਆਸੀ ਨੇਤਾਵਾਂ ਦਾ ਅਸ਼ੀਰਵਾਦ ਤੇ ਸਰਪ੍ਰਸਤੀ ਹਾਸਲ ਹੁੰਦੀ ਹੈ। ਇਹਨਾਂ ਨੂੰ ਪੁਲੀਸ ਦਾ ਕੋਈ ਖ਼ੌਫ਼ ਨਹੀਂ ਹੈ। ਇਹਨਾਂ ਨੂੰ ਸਰਕਾਰੀ ਤੰਤਰ ਵੀ ਕੁੱਝ ਨਹੀਂ ਆਖਦਾ। ਜਿੰਨੀਆਂ ਕੁ ਮੈਂ ਪ੍ਰਾਈਵੇਟ ਬੱਸਾਂ ਵਿੱਚ ਸਫਰ ਕੀਤਾ ਹੈ ਉਹਨਾਂ ਸਾਰੀਆਂ ਬੱਸਾਂ ਤਿੰਨ ਚਾਰ ਭੂਤਰੇ ਹੋਏ ਬੱਸਾਂ ਦਿਆਂ ਦਰਵਾਜ਼ਿਆਂ ਵਿੱਚ ਖੜੇ ਹੋ ਜਾਂਦੇ ਹਨ ਤਾਂ ਸਵਾਰੀ ਇਹਨਾਂ ਨਾਲ ਖਹਿ ਕੇ ਲੰਘੇ।
ਗੈਰ-ਮਿਆਰ ਗੀਤ ਤੇ ਗਾਇਕੀ ਤੇ ਸਭਿਆਚਰਕ ਪਾਰਟੀਆਂ
ਸਾਡਾ ਸਮਾਜ ਉਹ ਹੀ ਵੱਢ ਰਿਹਾ ਹੈ ਜੋ ਇਸ ਨੇ ਬੀਜਿਆ ਹੋਇਆ ਹੈ। ਨੌਜਵਾਨਾਂ ਦੀ ਮਾਨਸਿਕਤਾ ਵਿੱਚ ਅਖੋਤੀ ਸਭਿਆਚਾਰ ਰਾਂਹੀਂ ਗੀਤਕਾਰ ਤੇ ਗਾਇਕ ਗੈਰ-ਮਿਆਰੀ ਤੇ ਲਚਰਤਾ ਵਾਲੀ ਗਾਇਕੀ ਪਰੋਸ ਕੇ ਦੇ ਰਹੇ ਹਨ। ਘਰ ਦੀ ਸ਼ਰਾਬ ਹੋਵੇ, ਸੜਕਾਂ ਤੇ ਅੱਗ ਤੁਰੀ ਜਾਂਦੀ ਆ, ਹੋਇਆ ਕੀ ਜੇ ਤੇਰੀ ਬਾਂਹ ਫੜ ਲਈ, ਸਾਹਮਣੇ ਚੁਬਾਰੇ ਵਾਲੀਏ, ਰੰਨ ਬੋਤਲ ਵਰਗੀ, ਸਾਡੇ ਨਾਲ ਨਚ ਲੈ, ਪੜ੍ਹਾਈ ਦੇ ਬਹਾਨੇ ਚਿੱਠੀਆਂ ਲਿਖਣੀਆਂ, ਧੀਆਂ ਦੇ ਭਾਰ ਤੋਲਣੇ ਜਾਂ ਉਹਨਾਂ ਦੇ ਲੱਕ ਮਿਣਨੇ, ਆਪਣੇ ਪਿੰਡ ਦੀ ਧੀ ਭੈਣ ਨਾਲ ਇਸ਼ਕ ਮਸ਼ੂਕ ਦੀਆਂ ਗੱਲਾਂ ਕਰਨੀਆਂ, ਰੱਬਾ ਰਾਤ ਨਾ ਮੁੱਕੇ ਆਦਿ ਗੰਦਗੀ ਵੇਚੀ ਜਾ ਰਹੀ ਹੈ ਤੇ ਅਸੀਂ ਔਖਿਆਂ ਹੋ ਕੇ ਵੀ ਇਹ ਸੌਦਾ ਖਰੀਦ ਰਹੇ ਹਾਂ। ਇੱਕ ਵਿਆਹ ਦੇ ਦੋ ਦਿਨਾਂ ਵਿੱਚ ਚਾਰ ਚਾਰ ਵਾਰੀ ਅਜੇਹੀ ਗੰਦਗੀ ਪਰੋਸ ਪੋਰਸ ਕੇ ਦਿੱਤੀ ਜਾ ਰਹੀ ਹੈ। ਕੀ ਅਜੇਹੀ ਗਾਇਕੀ ਨਾਲ ਕਿਸੇ ਸਨਮਾਨ ਯੋਗ ਸਮਾਜ ਦੀ ਸਿਰਜਣਾ ਦੀ ਆਸ ਰੱਖੀ ਜਾ ਸਕਦੀ ਹੈ? ਸਭਿਆਚਾਰਕ ਟੋਲੀਆਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਘੱਟ ਤੋਂ ਘੱਟ ਕਪੜੇ ਪਾ ਕੇ ਆਪਣੇ ਜਿਸਮ ਦਾ ਪ੍ਰਦਰਸ਼ਨ ਕਰਦੀਆਂ ਹਨ। ਸੁਣਨ ਵਾਲਾ ਸਮਝਦਾ ਹੈ ਕਿ ਸਾਇਦ ਏਹਨਾਂ ਨੇ ਸਾਡੇ ਨਾਲ ਹੀ ਤੁਰ ਪੈਣਾ ਹੈ। ਇਹਨਾਂ ਦਿਆਂ ਗੀਤਾਂ ਗਾਇਕਾਂ ਤੇ ਸਭਿਆਚਾਰਕ ਟੋਲੀਆਂ ਵਿੱਚ ਕਾਮਕ, ਬਜ਼ਾਰੂ ਤੇ ਭੜਕਾਊ ਬਿਰਤੀ ਭਾਰੂ ਹੁੰਦੀ ਹੈ।
ਹਥਿਆਰਾਂ ਦਾ ਸ਼ੋਕ--
ਪੰਜਾਬੀਆਂ ਨੂੰ ਡੱਬ ਵਿੱਚ ਰਿਵਾਲਰ ਰੱਖਣਾ, ਮਿੱਤਰਾਂ ਨੂੰ ਸ਼ੌਕ ਹਥਿਆਰ ਦਾ, ਬੱਕਰੇ ਬਲਾਉਣੇ ਤੇ ਰਫਲ ਰੱਖਣ ਦਾ ਸ਼ੌਂਕ ਗਾਇਕਾਂ ਨੇ ਦਿੱਤਾ ਹੈ। ਕਚਹਿਰੀ ਵਿੱਚ ਤਰੀਕਾਂ ਪੈਣੀਆਂ ਤੇ ਉਸ ਨੂੰ ਮੇਲੇ ਦਾ ਨਾਂ ਦੇਣਾ ਡੁੱਬ ਕੇ ਮਰਨ ਵਾਲੀ ਗੱਲ ਹੈ। ਏਦਾਂ ਕਿਹਾ ਜਾ ਸਕਦਾ ਹੈ ਕਿ ਅਜੇਹੀ ਗਾਇਕੀ ਨੇ ਸਮਾਜ ਦੀਆਂ ਕਦਰਾਂ ਕੀਮਤਾਂ ਗਵਾ ਦਿੱਤੀਆਂ ਹਨ। ਅਸੀਂ ਹੀ ਤਾਂ ਇਹਨਾ ਨੂੰ ਸਮਾਜ ਵਿਚ ਥਾਂ ਦਿੱਤੀ ਹੋਈ ਹੈ। ਇਹ ਸਾਰਾ ਕੁੱਝ ਓਦੋਂ ਤੱਕ ਚਲਦਾ ਰਹੇਗਾ ਜਦ ਤੱਕ ਸਮੱਸਿਆ ਦੀ ਜੜ੍ਹ ਨਹੀਂ ਫੜਦੇ ਤੇ ਉਸ ਦਾ ਇਲਾਜ ਨਹੀਂ ਕਰਦੇ। ਇਹ ਵਿਗੜੈਲ ਇੱਕ ਦੂਜੇ ਦਾ ਹਥਿਆਰ ਊਂਈਂ ਫਿਲਮਾਂ ਵਾਂਗ ਘੁਮਾਈ ਜਾਂਦੇ ਹਨ।
ਬੇ ਲੋੜੇ ਸੱਦਾ ਪੱਤਰ ਤੇ ਯਾਰਾਂ ਦੇ ਅਗਾਂਹ ਯਾਰਾਂ ਦਾ ਆਉਣਾ--
ਸਿਆਣੇ ਬਜ਼ੁਰਗ ਕਹਿੰਦੇ ਸਨ ਕਿ ਕਿਸੇ ਪਰਵਾਰ ਵਿੱਚ ਕੋਈ ਮੌਤ ਹੋ ਜਾਏ ਤਾਂ ਸਾਨੂੰ ਆਪਣੇ ਆਪ ਚਲੇ ਜਾਣਾ ਚਾਹੀਦਾ ਹੈ ਪਰ ਖੁਸ਼ੀ ਦੇ ਸਮਾਗਮਾਂ ਵਿੱਚ ਬਿਨ ਬੁਲਾਏ ਨਹੀਂ ਜਾਣਾ ਚਾਹੀਦਾ। ਪੰਜਾਬ ਵਿੱਚ ਅੱਜ ਕਲ੍ਹ ਸਾਰਾ ਕੁੱਝ ਉਲਟ ਪੁਟਲ ਹੀ ਹੋ ਗਿਆ ਹੈ। ਆਮ ਮੈਰਿਜ ਪੈਲਿਸਾਂ ਵਿੱਚ ਜਿੱਥੇ ਆਪਣੇ ਨੇੜੇ ਦੇ ਭੈਣ ਭਰਾ ਆਏ ਹੁੰਦੇ ਹਨ ਓੱਥੇ ਬੇਲੋੜੀ ਤੇ ਅਣਚਾਹੀ ਮੰਡੀਰ ਵੀ ਆਈ ਹੁੰਦੀ ਹੈ ਤੇ ਖਾਣ ਪੀਣ ਵਿੱਚ ਸਭ ਤੋਂ ਵੱਧ ਉਹਨਾਂ ਦਾ ਹੀ ਖਿਆਲ ਰੱਖਿਆ ਜਾਂਦਾ ਹੈ। ਵਿਆਹ ਵਾਲਾ ਪ੍ਰਵਾਰ ਆਪਣੇ ਕਿਸੇ ਦੋਸਤ ਨੂੰ ਵਿਆਹ ਵਾਲਾ ਕਾਰਡ ਦੇਂਦਾ ਹੈ ਤਾਂ ਉਹ ਅਗਾਂਹ ਇੱਕ ਦੋ ਹੋਰ ਕਾਰਡ ਹੋਰ ਵੀ ਦੇ ਆਉਂਦਾ ਹੈ ਆਪਣੇ ਦੋਸਤਾਂ ਨੂੰ ਦੇ ਦਿਆ ਜੇ। ਦੋਸਤ ਦੇ ਅਗਾਂਹ ਦੋਸਤ ਬੇਗਾਨੇ ਵਿਆਹਾਂ ਵਿੱਚ ਭੰਗੜਾ ਪਾਈ ਜਾਣਗੇ। ਜੇ ਕੋਈ ਆਪਣਾ ਰਿਸ਼ਤੇਦਾਰ ਹੈ ਤਾਂ ਉਸ ਨੂੰ ਤਾਂ ਕੋਈ ਸ਼ਰਮ ਹਯਾ ਹੋ ਸਕਦੀ ਹੈ ਬੇਗਾਨਿਆਂ ਨੂੰ ਕੋਈ ਸ਼ਰਮ ਹਯਾ ਨਹੀਂ ਹੁੰਦੀ ਹੈ। ਬਹੁਤਿਆਂ ਵਿਆਹ ਸ਼ਾਦੀਆਂ ਵਿੱਚ ਬੇ-ਲੋੜੀ ਮੰਡੀਰ ਵਲੋਂ ਵੀ ਅਣਸੁਖਾਵੀਆਂ ਘਟਨਾਵਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਅਣਚਾਹੇ ਦੋਸਤ ਵਿਆਹ ਖਤਮ ਹੋਣ ਤੇ ਡੀਜੇ ਬੰਦ ਨਹੀਂ ਕਰਨ ਦੇਂਦੇ। ਬਹੁਤੀ ਥਾਈ ਡੀ ਜੇ ਵਾਲਿਆਂ ਦੀ ਵੀ ਸ਼ਾਮਤ ਆਈ ਹੁੰਦੀ ਹੈ। ਬੇਰੋਜ਼ਗਾਰ ਵਿਹਲੀ ਮੰਡੀਰ ਲੋਕਾਂ ਦਿਆਂ ਵਿਆਹਾਂ ਵਿੱਚ ਜਾ ਕੇ ਰੰਗ ਵਿੱਚ ਭੰਗ ਪਉਂਦੇ ਹੋਏ ਦਿਸਦੇ ਹਨ।
ਵਿਆਹ ਸ਼ਾਦੀਆਂ ਤੇ ਸ਼ਰਾਬ ਦਾ ਪਰੋਸਣਾ
ਅਨੰਦ ਕਾਰਜ ਜਦੋਂ ਗੁਰਦੁਆਰੇ ਵਿੱਚ ਹੁੰਦਾ ਹੈ ਤਾਂ ਵੱਧ ਤੋਂ ਵੱਧ ਵੀਹ ਕੁ ਜਣੇ ਸ਼ਾਮਿਲ ਹੁੰਦੇ ਹਨ ਜਦ ਕੇ ਮੈਰਿਜ ਪੈਲਿਸ ਵਿੱਚ ਇੱਕ ਹਜ਼ਾਰ ਬੰਦਾ ਇਕੱਠਾ ਹੋਇਆ ਹੁੰਦਾ ਹੈ। ਮੈਰਿਜ ਪੈਲਿਸ ਵਿੱਚ ਹਰ ਮੇਜ਼ ਤੇ ਸ਼ਰਾਬ ਸਜਾਈ ਹੁੰਦੀ ਹੈ। ਸ਼ਰਾਬ ਤਾਂ ਹੁਣ ਇੱਕ ਸਮਾਜਿਕ ਵਰਤਾਰਾ ਹੀ ਬਣ ਗਿਆ ਹੈ। ਥੋੜਾ ਪਿੱਛੇ ਚਲੇ ਜਾਈਏ ਤਾਂ ਵਿਆਹ ਸ਼ਾਦੀਆਂ ਵਿੱਚ ਲੋਕ ਚੋਰੀ ਛਿੱਪੇ ਪੀਂਦੇ ਹੁੰਦੇ ਸਨ। ਹੁਣ ਤਾਂ ਅਸੀਂ ਜ਼ਿਆਦਾ ਹੀ ਅਗਾਂਹ ਵਧੂ ਹੋ ਗਏ ਹਾਂ ਲੜਕੀਆਂ ਸ਼ਰਾਬ ਵਰਤਾਉਂਦੀਆਂ ਦਿਸਦੀਆਂ ਹਨ। ਹੁਣ ਤੁਸੀਂ ਦੱਸੋ ਡੱਬ ਵਿੱਚ ਰਿਵਾਲਵਰ, ਸ਼ਰਾਬ ਪੀਤੀ ਹੋਵੇ ਤੇ ਸਾਰੇ ਨੱਚ ਰਹੇ ਹੋਣ ਕੀ ਸੁਲਝੇ ਹੋਏ ਸਮਾਜ ਦੀ ਆਸ ਕੀਤੀ ਜਾ ਸਕਦੀ ਹੈ? ਕੀ ਅਜੇਹੇ ਸਮਾਗਮਾਂ ਵਿਚੋਂ ਕੋਈ ਬਚਾ ਹੋ ਸਕਦਾ ਹੈ?
ਸਮੱਸਿਆ ਦਾ ਹੱਲ
ਇਹਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਗੁਰਬਾਣੀ ਅਨੁਸਾਰ ਚੱਲਣ ਦਾ ਯਤਨ ਕਰਾਂਗੇ। ਸਾਰੇ ਪ੍ਰੋਗਰਾਮ ਨੂੰ ਸਾਦਾ ਰੱਖਿਆ ਜਾਏ। ਸਾਰਾ ਸਮਾਗਮ ਗੁਰਦੁਆਰੇ ਵਿੱਚ ਰੱਖਿਆ ਜਾਏ। ਡੀਜੇ, ਸਭਿਆਚਾਰ ਵਾਲੀਆਂ ਪਾਰਟੀਆਂ, ਗਾਇਕਾਂ ਤੇ ਸ਼ਰਾਬ ਆਦਿ ਦੀ ਵਰਤੋਂ ਨਾ ਕੀਤੀ ਜਾਏ। ਸਿੱਖੀ ਵਿੱਚ ਇਹ ਸਾਰੀਆਂ ਵਿਵਰਜ ਚੀਜ਼ਾਂ ਹਨ। ਬੇ-ਲੋੜੇ ਕਾਰਡ ਨਾ ਦਿੱਤੇ ਜਾਣ ਪ੍ਰੋਗਰਾਮ ਨੂੰ ਕੇਵਲ ਆਪਣੇ ਨਿਗਦੇ ਰਿਸ਼ਤੇਦਾਰਾਂ ਤੱਕ ਹੀ ਸੀਮਤ ਰੱਖਿਆ ਜਾਏ।
ਜੇ ਮੇਰਿਜ ਪੈਲਿਸਾਂ ਵਿੱਚ ਅਜੇਹੇ ਸਮਾਗਮ ਕਰਨੇ ਹਨ ਤਾਂ ਘਰ ਵਾਲੇ ਸਖਤਾਈ ਵਰਤਣ ਤੇ ਅਸਲਾ ਆਦਿ ਮੈਰਿਜ ਪੈਲਿਸ ਵਿੱਚ ਨਾ ਆਉਣ ਦੇਣ।
ਪੁਲੀਸ ਨੂੰ ਕਾਨੂੰਨ ਲਾਗੂ ਕਰਾਉਣਾ ਚਾਹੀਦਾ ਹੈ
ਅਜੇਹੀ ਘਿਨਾਉਣੀ ਹਰਕਤ ਕਰਨ ਵਾਲੇ ਨੂੰ ਮਿਸਾਲੀ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਯਾਦ ਰੱਖਣ। ਅਜੇਹੇ ਕੇਸਾਂ ਵਿੱਚ ਵਕੀਲਾਂ ਨੂੰ ਵੀ ਅਜੇਹੇ ਬਦ ਇਖਲਾਕੀ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਅਦਾਲਤ ਨੇ ਫੈਸਲਾ ਗਵਾਹੀਆਂ `ਤੇ ਦੇਣਾ ਹੁੰਦਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਦੇਖਦੇ ਸਾਰੇ ਹਨ ਪਰ ਸਚਾਈ ਲਈ ਕੋਈ ਗਵਾਹੀ ਲਈ ਅੱਗੇ ਨਹੀਂ ਆਉਂਦਾ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਬੰਦਾ ਚੰਦ ਸਾਲਾਂ ਵਿੱਚ ਹੀ ਜੇਹਲ ਤੋਂ ਛੁੱਟ ਕੇ ਬਾਹਰ ਆ ਜਾਂਦਾ ਹੈ। ਕਈ ਤਾਂ ਮੁੜ ਪੱਕੇ ਅਪਰਾਧ ਦੀ ਦੁਨੀਆਂ ਵਿੱਚ ਹੀ ਚਲੇ ਜਾਂਦੇ ਹਨ। ਪੁਲੀਸ ਨੂੰ ਬਿਨਾ ਪੱਖਪਾਤ ਦੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇ ਪੁਲੀਸ ਚਾਹੇ ਤਾਂ ਅਜੇਹੀਆਂ ਘਟਨਾਵਾਂ ਵਾਪਰ ਹੀ ਨਹੀਂ ਸਕਦੀਆਂ। ਜੇ ਕੁੱਝ ਮੈਰਿਜ ਪੈਲਿਸਾਂ ਵਿਚੋਂ ਅਸਲਾ ਫੜ ਕੇ ਜ਼ਬਤ ਕੀਤਾ ਜਾਏ ਤਾਂ ਅਗਾਂਹ ਕਿਸੇ ਦਾ ਹੀਆ ਹੀ ਨਹੀਂ ਪੈ ਸਕਦਾ।
ਜਾਟ ਅੰਦੋਲਨ ਜਾਂ ਵਿਗੜੈਲਾਂ ਦੀ ਗੁੰਡਾਗਰਦੀ
ਲੋਕਰਾਜੀ ਢਾਂਚੇ ਵਿੱਚ ਆਪਣੀ ਗੱਲ ਸਰਕਾਰ ਤੀਕ ਪਹੁੰਚਾਉਣ ਲਈ ਅੰਦੋਲਨ ਕਰਨਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਹਰ ਮਹਿਕਮੇ ਦੇ ਮੁਲਾਜ਼ਮ ਸਮੇਂ ਸਮੇਂ ਆਪਣੀਆਂ ਮੰਗਾਂ ਮਨਾਉਣ ਲਈ ਜਲਸੇ ਆਦ ਕਰਦੇ ਰਹਿੰਦੇ ਹਨ। ਪੰਜਾਬ ਵਿੱਚ ਜਦੋਂ ਬੱਲਾਂ ਵਾਲੇ ਬਾਬਾ ਜੀ ਦਾ ਬਾਹਰਲੇ ਮੁਲਕ ਵਿੱਚ ਕਤਲ ਹੋਇਆ ਸੀ ਤਾਂ ਓਦੋਂ ਵੀ ਸਰਕਾਰੀ ਜਾਇਦਾਦ ਨੂੰ ਵੱਡੀ ਪੱਧਰ ਸਾੜਿਆ ਫੁਕਿਆ ਗਿਆ ਸੀ। ਪੰਜਾਬ ਪੁਲੀਸ ਮੂਕ ਦਰਸ਼ਕ ਬਣੀ ਹੋਈ ਦਿਸਦੀ ਸੀ। ਹਰਿਆਣੇ ਵਿੱਚ ਜਾਟ ਅੰਦੋਲਨ ਦੀ ਇੱਕ ਵੀਡੀਓ ਫੇਸ ਬੁੱਕ `ਤੇ ਦੇਖਣ ਨੂੰ ਮਿਲੀ ਹੈ। ਇਸ ਵੀਡੀਓ ਵਿੱਚ ਹਰਿਆਣੇ ਦੀ ਪੁਲੀਸ ਦੁੰਬ ਦਬਾ ਕੇ ਭੱਜਦੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਲਾਹਨਤ ਆ ਅਜੇਹੇ ਪੁਲਸੀਆਂ ਦੇ ਜਿਹੜੀ ਸ਼ਰੇਆਮ ਹੀ ਸਿਰ `ਤੇ ਪੈਰ ਰੱਖ ਕੇ ਭੱਜ ਰਹੇ ਹਨ। ਇਸ ਦਾ ਅਰਥ ਹੈ ਕਿ ਹਰਿਆਣੇ ਦੀ ਪੁਲੀਸ ਆਮ ਲੋਕਾਂ ਨੂੰ ਗੁੰਡਿਆਂ ਦੇ ਹਵਾਲੇ ਆਪ ਕਰ ਰਹੀ ਸੀ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਫਿਰ ਇਹ ਸਾਰਾ ਕੁੱਝ ਪੁਲੀਸ ਦੀ ਮਿਲੀ ਭੁਗਤ ਨਾਲ ਹੀ ਹੋਇਆ ਹੈ। ਜਿੰਨੇ ਪੁਲੀਸ ਵਾਲੇ ਸ਼ੜਕ ਤੇ ਸ਼ਰੇਆਮ ਭਜ ਰਹੇ ਸਨ ਉਹ ਸਾਰੇ ਨੌਕਰੀ ਤੋਂ ਬਰਖਾਸਤ ਕਰਨੇ ਚਾਹੀਦੇ ਹਨ। ਸਰਕਾਰ ਕ੍ਰੋੜਾਂ ਰੁਪਏ ਇਹਨਾਂ ਨੂੰ ਤਨਖਾਹਾਂ ਦੇਂਦੀ ਹੈ ਕਿ ਤੁਸੀਂ ਲੋਕਾਂ ਦੇ ਮਾਲ ਜਾਨ ਦੀ ਰੱਖਿਆ ਕਰਨੀ ਹੈ। ਆਮ ਲੋਕ ਮਹਿਸੂਸ ਕਰਦੇ ਹਨ ਕਿ ਇਹ ਸਾਰਾ ਕੁੱਝ ਕਿਸੇ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਹੀ ਹੋਇਆ ਹੈ। ਜੀ. ਟੀ. ਰੋਡ ਤੇ ਬੱਚੀਆਂ ਨੂੰ ਜਬਰੀ ਕਾਰਾਂ ਵਿਚੋਂ ਕੱਢ ਕੇ ਗੈਂਗ ਰੇਪ ਕਰਨੇ ਅਤ ਘਿਨਾਉਣੇ ਕਾਰੇ ਹਨ। ਇਹਨਾਂ ਦੀ ਨਿੰਦਿਆ ਲਈ ਤਾਂ ਸ਼ਬਦਾਵਲੀ ਵੀ ਛੋਟੀ ਪੈ ਜਾਂਦੀ ਹੈ। ਮੁਸਾਫਰਾਂ ਨੂੰ ਲੁੱਟਣਾਂ ਉਹਨਾਂ ਦੀਆਂ ਗੱਡੀਆਂ ਨੂੰ ਅੱਗਾਂ ਲਗਾ ਦੇਣੀਆਂ ਤੇ ਚੁਣ ਚੁਣ ਕੇ ਪੰਜਾਬੀਆਂ ਦੀਆਂ ਦੁਕਾਨਾਂ ਸਾੜਨੀਆਂ ਸਰਕਾਰ ਦੀ ਨੀਅਤ ਤੇ ਸ਼ੱਕ ਖੜਾ ਹੁੰਦਾ ਹੈ। ਜੀ. ਟੀ. ਰੋਡ ਤੇ ਮੂਰਥਲ ਖੇਤਰ ਦੀ ਚੋਣ ਕਰਨੀ ਕਿਉਂਕਿ ਰਾਤ ਦੇ ਸਮੇਂ ਬਾਹਰਲਿਆਂ ਮੁਲਕਾਂ ਵਿਚੋਂ ਪੰਜਾਬੀ ਆਉਂਦੇ ਹਨ ਤੇ ਜੀ. ਟੀ. ਰੋਡ ਸਥਿੱਤ ਢਾਬਿਆਂ `ਤੇ ਚਾਹ ਆਦ ਪੀਂਦੇ ਹਨ। ਹਰਿਆਣੇ ਦਾ ਜਾਟ ਅੰਦੋਲਨ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ ਹੈ। ਪੰਜਾਬੀਆਂ ਪਾਸੋਂ ਕ੍ਰੋੜਾਂ ਦਾ ਕਾਰੋਬਾਰ ਕਰਨ ਵਾਲਾ ਸੁਖਦੇਵ ਢਾਬੇ ਦਾ ਮਾਲਕ ਬੇ-ਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਕਹਿੰਦਾ ਅਖੇ ਏੱਥੇ ਕੁੱਝ ਵੀ ਨਹੀਂ ਹੋਇਆ।
ਸਵਾਲਾਂ ਦਾ ਸੁਆਲ ਹੈ ਕਿ ਜੇ ਕਰ ੧੯੮੪ ਚੁਰਾਸੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਢੁੱਕਵੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਤਾਂ ਅਜੇਹੇ ਘਿਨਾਉਣੇ ਕਾਰਨਾਮਿਆਂ ਨੂੰ ਠੱਲ੍ਹ ਪੈ ਸਕਦੀ ਸੀ। ੧੯੮੪ ਵਿੱਚ ਗਿਣੀ ਮਿੱਥੀ ਸਾਜਿਸ਼ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆਂ ਧੀਆਂ ਦੇ ਗੈਂਗ ਰੇਪ ਹੋਏ ਪਰ ਸਜਾ ਕਿਸੇ ਨੂੰ ਵੀ ਨਹੀਂ ਮਿਲੀ। ਜਾਟ ਅੰਦੋਲਨ ਵਿੱਚ ਮੂਰਥਲ ਦੀਆਂ ਘਟਨਾਵਾਂ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਭਾਰਤ ਵਿੱਚ ਮਨੁੱਖ ਨਹੀਂ ਰਾਕਸ਼ ਵਸਦੇ ਹੋਣ। ਬਾਅਦ ਵਿੱਚ ਸਰਕਾਰ ਥੋੜਾ ਬਹੁਤਾ ਮੁਆਵਜਾ ਦੇ ਕੇ ਲੋਕਾਂ ਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਹੈ ਪਰ ਇੱਜ਼ਤਾਂ ਵਾਪਸ ਨਹੀਂ ਹੋ ਸਕਦੀਆਂ। ਇਹਨਾਂ ਘਟਨਾਵਾਂ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਘਟ ਗਿਣਤੀਆਂ ਲਈ ਕੋਈ ਕਨੂੰਨ ਨਾਂ ਦੀ ਕੋਈ ਸ਼ੈਅ ਨਹੀਂ ਹੈ।
ਇਸ ਸਾਰੇ ਵਿੱਚ ਸਰਕਾਰ ਨੇ ਆਪਣੀ ਕੋਈ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਨਾ ਹੀ ਪੁਲੀਸ ਨੇ ਲੋਕਾਂ ਦੀ ਕੋਈ ਰੱਖਿਆ ਕੀਤੀ ਹੈ। ਹਾਈਕੋਰਟ ਨੇ ਮੀਡੀਏ ਦੀਆਂ ਰਿਪਰਟਾਂ ਤੋਂ ਆਪਣੇ ਆਪ ਕਾਰਵਾਈ ਕੀਤੀ ਹੈ ਪਰ ਸਰਕਾਰ ਤੇ ਪੁਲੀਸ ਦੇ ਆਲ੍ਹਾ ਅਫ਼ਸਰਾਂ ਦੀ ਬੇਸ਼ਰਮੀ ਦੀ ਹੱਦ ਦੇਖੋ ਅਖੇ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰੀਆਂ ਹੀ ਨਹੀਂ ਹਨ। ਜਾਟ ਅੰਦੋਲਨ ਵਿੱਚ ਪੂਰਾ ਗੁੰਡਾਗਰਦੀ ਦਾ ਬੋਲਬਾਲਾ ਸੀ ਜਿਹੜਾ ਸਰਕਾਰ ਦੇ ਨੱਕ ਹੇਠ ਹੋਇਆ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਓਨ੍ਹੀ ਹੀ ਥੋੜੀ ਹੈ। ਅਜੇਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਮਿਸਾਲੀ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਵੱਧ ਰਹੇ ਜ਼ੁਲਮ ਨੂੰ ਠੱਲ ਪੈ ਸਕੇ।
.