.

ਗਰਭ ਬਸੇਰਾ

ਪ੍ਰਮਾਤਮਾ ਸਦਾ ਦਿਆਲੂ ਅਤੇ ਅਭੁੱਲ ਹੈ ਇਸ ਲਈ ਉਸ ਦੇ ਬਣਾਏ ਨਿਯਮ ਵੀ ਸਾਰਿਆ ਲਈ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਵਿੱਚ ਸੋਧ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਤੱਕ ਡੇਰਿਆਂ ਵੱਲੋਂ, ਰਾਗੀਆਂ ਜਾਂ ਹੋਰ ਧਰਮਾਂ ਦੇ ਪ੍ਰਚਾਰਕਾਂ ਤੋਂ ਇਹ ਹੀ ਸੁਣਨ ਨੂੰ ਮਿਲਿਆ ਕਿ ਮਾਤਾ ਦੇ ਗਰਭ ਵਿੱਚ ਬੱਚਾ ਉਲਟਾ ਹੁੰਦਾ ਹੈ ਅਤੇ ਉਹ ਰੱਬ ਅੱਗੇ ਅਰਦਾਸਾਂ ਕਰਦਾ ਰਹਿੰਦਾ ਹੈ ਕਿ ਮੈਨੂੰ ਕੁੰਭੀ ਨਰਕ ਤੋਂ ਬਾਹਰ ਕੱਢ। ਮਾਤਾ ਦੇ ਗਰਭ ਵਿੱਚ ਬੱਚਾ ਸੁਆਸ ਸੁਆਸ ਰੱਬ ਦਾ ਸਿਮਰਨ ਕਰਦਾ ਰਹਿੰਦਾ ਹੈ ਆਦਿ।

ਪਰ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਬੱਚੇ ਗਰਭ ਵਿੱਚ ਮਰ ਜਾਂਦੇ ਹਨ:

ਕੀ ਰੱਬ ਸਭ ਦੀ ਪਾਲਣਾ ਕਰਨ ਵਾਲਾ ਨਹੀਂ ਹੈ?

ਕੀ ਰੱਬ ਸਭ ਨਾਲ ਇੱਕ ਤਰ੍ਹਾਂ ਦਾ ਇਨਸਾਫ ਨਹੀਂ ਕਰਦਾ?

ਕੀ ਰੱਬ ਦੇ ਬਣਾਏ ਨਿਯਮ ਗਲਤ ਹਨ?

ਇੱਕ ਗੱਲ ਧਿਆਨ ਵਿੱਚ ਇਹ ਵੀ ਆਉਂਦੀ ਕਿ ਠੀਕ ਹੈ ਕਿ ਰੱਬੀ ਨਿਯਮ ਅਨੁਸਾਰ ਬੱਚਾ ਮਾਤਾ ਦੇ ਗਰਭ ਵਿੱਚ ਉਲਟਾ ਹੁੰਦਾ ਹੈ ਪਰ ਉਹ ਅਰਦਾਸ ਕਰਦਾ ਜਾਂ ਨਾਮ ਸਿਮਰਦਾ ਹੈ, ਇਹ ਗੱਲ ਸਮਝ ਤੋਂ ਬਾਹਰ ਜਾਪਦੀ ਹੈ ਕਿਉਕਿ ਗਰਭ ਵਿੱਚ ਬੱਚੇ ਨੂੰ ਇਨ੍ਹਾਂ ਗੱਲਾਂ ਬਾਰੇ ਕੀ ਪਤਾ ਜਾਂ ਕਿਸੇ ਨੇ ਬੱਚੇ ਦੀ ਕਦੇ ਸਿਮਰਨ ਕਰਦੇ ਦੀ ਆਵਾਜ਼ ਸੁਣੀ ਹੈ ਕਿ ਬੱਚਾ ਅਰਦਾਸ ਕਰ ਰਿਹਾ ਹੈ ਜਾਂ ਸਿਮਰਨ ਕਰ ਰਿਹਾ ਹੈ। ਇਸ ਗੱਲ ਨੂੰ ਸਾਡੇ ਡੇਰਿਆਂ ਵੱਲੋਂ ਬੜਾ ਜ਼ੋਰ ਨਾਲ ਪ੍ਰਚਾਰਿਆ ਗਿਆ ਕਿ ਬੱਚਾ ਗਰਭ ਵਿੱਚ ਇਹ ਅਰਦਾਸ ਕਰਦਾ ਰਹਿੰਦਾ ਹੈ ਕਿ ਐ ਪ੍ਰਭੂ ਮੈਨੂੰ ਗਰਭ ਦੀ ਅੱਗ ਤੋਂ ਬਚਾ ਲੈ ਅਤੇ ਮੈਨੂੰ ਬਾਰ-ਬਾਰ ਇਸ ਗਰਭ ਦੀ ਅੱਗ ਵਿੱਚ ਪੈਣਾ ਨਾ ਪਵੇ ਅਤੇ ਗੁਰਬਾਣੀ ਦੀ ਇਹ ਪੰਗਤੀ ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ।। ਅਗਨਿ ਦਹੈ ਅਰੁ ਗਰਭ ਬਸੇਰਾ।। ਰਹਾਉ।। (ਗੁਰੂ ਗ੍ਰੰਥ ਸਾਹਿਬ ਪੰਨਾ ਨੰ: 329) ਸੁਣਾ ਦਿੱਤੀ ਜਾਂਦੀ ਹੈ।

ਦਰ ਅਸਲ ਇਸ ਸ਼ਬਦ ਵਿੱਚ ਬੇਨਤੀ ਇਹ ਕੀਤੀ ਗਈ ਹੈ ਕਿ ਐ ਪ੍ਰਭੂ ਮੇਰਾ ਇੱਕ ਦੁੱਖ ਕੱਟ ਦੇ ਉਹ ਇਹ ਕਿ ਮਾਇਆ ਰੂਪੀ ਗਰਭ ਵਿੱਚ ਪੈਣ ਨਾਲ (ਵਿਕਾਰਾਂ ਦੇ ਵੱਸ ਪੈਣ ਨਾਲ) ਵਿਕਾਰਾਂ ਦੀ ਅਗਨ ਹੰਸ ਹੇਤੁ ਲੋਭ ਕੋਪੁ ਆਦਿ ਮੈਨੂੰ ਸਾੜਦੀ ਰਹਿੰਦੀ ਹੈ ਭਾਵ ਇਹ ਅਗਨ ਮੇਰੇ ਅੰਦਰ ਜ਼ੋ ਰੱਬੀ ਚੰਗੇ ਗੁਣ ਹਨ ਉਨ੍ਹਾਂ ਨੂੰ ਸੜਦੀ ਰਹਿੰਦੀ ਹੈ।

ਪ੍ਰਭੂ ਦੇ ਬਣਾਏ ਪੱਕੇ ਨਿਯਮ ਅਨੁਸਾਰ ਜਿਸ ਤਰ੍ਹਾਂ ਵੀ ਕਿਸੇ ਜੀਵਾਂ ਦਾ ਜਨਮ ਹੁੰਦਾ ਹੈ, ਉਸ ਨੂੰ ਗਲਤ ਕਹਿਣਾ ਪ੍ਰਮਾਤਮਾ ਦੀ ਨਿੰਦਾ ਕਰਨ ਦੇ ਤੁੱਲ ਹੈ। ਉਸ ਦੇ ਬਣਾਏ ਨਿਯਮ ਕਿਸੇ ਨੂੰ ਦੁਖ ਕਿਵੇ ਦੇ ਸਕਦੇ ਹਨ। ਕਿ ਪ੍ਰਮਾਤਮਾ ਸਾਡਾ ਦੁਸ਼ਮਣ ਹੈ? ਗੁਰਬਾਣੀ ਤਾਂ ਪ੍ਰਭੂ ਨੂੰ ਸਾਡਾ ਮਾਤਾ, ਪਿਤਾ, ਮਿੱਤਰ ਆਦਿ ਫੁਰਮਾਨ ਕਰਦੀ ਹੈ। ਆਓ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚੋਂ ਇਸ ਸੱਚ ਦੀ ਭਾਲ ਕਰੀਏ-

ਵਡਭਾਗੀ ਹਰਿ ਸੰਤੁ ਮਿਲਾਇਆ।।

ਗੁਰਿ ਪੂਰੇ ਹਰਿ ਰਸੁ ਮੁਖਿ ਪਾਇਆ।।

ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀੳ} ੩}

(ਗੁਰੂ ਗ੍ਰੰਥ ਸਾਹਿਬ ਪੰਨਾ ਨੰ: 95)

ਜਿਵੇਂ ਸੂਰਜ ਤੋਂ ਸੂਰਜ ਦੀ ਰੌਸ਼ਨੀ ਵੱਖ ਨਹੀਂ ਹੋ ਸਕਦੀ, ਫੁਲ ਤੋਂ ਫੁਲ ਦੀ ਖੁਸ਼ਬੂ ਵੱਖ ਨਹੀਂ ਹੋ ਸਕਦੀ ਅਤੇ ਇਸੇ ਤਰ੍ਹਾਂ ਪ੍ਰਮਾਤਮਾ ਤੋਂ ਪ੍ਰਮਾਤਮਾ ਦੇ ਗੁਣ ਵੱਖ ਨਹੀਂ। ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਹਰੀ ਦੇ ਗੁਣਾਂ ਦੀ ਪ੍ਰਾਪਤੀ ਹੋ ਗਈ। ਪੂਰੇ ਗੁਰਿ ਦਾ ਭਾਵ ਉਹ ਗਿਆਨ ਜੋ ਸਮੇਂ ਨਾਲ ਬਦਲਦਾ ਨਹੀਂ ਜਾਂ ਇਉਂ ਕਹਿ ਸਕਦੇ ਹਾਂ ਕਿ ਰੱਬ ਦੇ ਬਣਾਏ ਅਟੱਲ ਨਿਯਮ ਜਿਨ੍ਹਾਂ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ। ਰੱਬੀ ਗੁਣ ਮਨੁੱਖੀ ਹਿਰਦੇ ਵਿੱਚ ਅਸਲ ਖੁਸ਼ੀ, ਸਦੀਵੀ ਖੇੜਾ ਭਰ ਦਿੰਦੇ ਹਨ। ਮਨ ਦੇ ਮੁੱਖ ਵਿੱਚ ਹਰਿ ਰਸ ਪਾਉਣ ਦਾ ਭਾਵ ਮਨ ਨੂੰ ਰੱਬੀ ਗੁਣਾ ਦੀ ਪ੍ਰਾਪਤੀ ਹੋ ਜਾਣਾ। ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਸਮਝ ਮਿਲਣ ਨਾਲ ਮਨ ਵਿੱਚ ਅਸਲ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਮਨੁੱਖ ਇਸ ਗਿਆਨ ਨੂੰ ਸਮਝ ਕੇ ਨਹੀਂ ਅਪਣਾਉਂਦੇ ਉਨ੍ਹਾਂ ਮਨੁੱਖਾਂ ਨੂੰ ਹੀ ਭਾਗਹੀਣ ਕਿਹਾ ਜਾ ਸਕਦਾ ਹੈ। ਗੁਰੂ ਦੀ ਮੱਤ ਨੂੰ ਨਾ ਅਪਣਾਉਣ ਵਾਲੇ ਮਨੁੱਖ ਨਿੱਤ ਹੀ ਭਾਵ ਹਰ ਸਮੇਂ ਕਿਸੇ ਨਾ ਕਿਸੇ ਵਿਕਾਰ ਅਧੀਨ ਮਾਇਆ ਦੇ ਗਰਭ ਵਿੱਚ ਪਏ ਰਹਿੰਦੇ ਹਨ। ਮਨ ਵਿੱਚ ਹਮੇਸ਼ਾਂ ਫੁਰਨੇ ਚਲਦੇ ਰਹਿੰਦੇ ਹਨ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਵਿਕਾਰੀ ਫੁਰਨਿਆਂ ਦਾ ਮਨ ਵਿੱਚ ਚਲਣਾ ਨਿੱਤ ਜਨਮ ਦਾ ਹੋਣਾ ਹੈ ਅਤੇ ਸਾਰੇ ਵਿਕਾਰ ਮਾਇਆ ਦੇ ਪੁੱਤਰ ਹਨ। ਜਦੋਂ ਤੱਕ ਗੁਰਮਤਿ ਨੂੰ ਸਮਝ ਕੇ ਉਸ ਅਨੁਸਾਰ ਮਨ ਦਾ ਸਰੂਪ ਨਹੀਂ ਬਣਦਾ ਉਦੋਂ ਤੱਕ ਮਨੁੱਖੀ ਮਨ ਵਿੱਚੋਂ ਵਿਕਾਰੀ ਬਿਰਤੀਆਂ ਦੇ ਜਨਮ ਨੂੰ ਨਹੀਂ ਰੋਕਿਆ ਜਾ ਸਕਦਾ।

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹਿ ਤੁਮ ਰਾਖਨਹਾਰੇ।।

ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ।। ੧।।

ਮਾਧੋ ਤੂੰ ਠਾਕੁਰੁ ਸਿਰਿ ਮੋਰਾ।। ਈਹਾ ਊਹਾ ਤੁਹਾਰੋ ਧੋਰਾ।। ਰਹਾਉ।। (613)

ਭਾਵ ਐ ਪ੍ਰਭੂ! ਮੈਨੂੰ ਮਨ ਦੇ ਵਿਕਾਰਾਂ ਭਰੇ ਸੰਸਾਰ ਵਿੱਚ ਤੇਰਾ ਹੀ ਆਸਰਾ ਹੈ ਭਾਵ ਤੇਰੇ ਗਿਆਨ ਰਾਹੀਂ ਹੀ ਵਿਕਾਰਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਹੰਸ, ਹੇਤ, ਲੋਭ, ਕੋਪੁ ਆਦਿ ਵਿਕਾਰ ਅਗਨਿ ਦੀਆਂ ਉਠਦੀਆਂ ਲਹਿਰਾਂ ਮਨੁੱਖ ਦੇ ਰੱਬੀ ਗੁਣਾ ਨੂੰ ਸਾੜ ਕੇ ਸੁਆਹ ਕਰ ਦਿੰਦੀਆਂ ਹਨ। ਇਨ੍ਹਾਂ ਮਨ ਵਿੱਚ ਉਠਦੀਆਂ ਅਗਨਿ ਦੀਆਂ ਲਹਿਰਾਂ ਤੋਂ ਕੇਵਲ ਗੁਰੂ ਦਾ ਗਿਆਨ (ਸਰਬ ਸੀਲ ਮਮੰ ਸੀਲੰ) ਹੀ ਬਚਾ ਸਕਦਾ ਹੈ। ਹੁਣ ਵੀ ਅਤੇ ਫਿਰ ਵੀ ਭਾਵ ਕੇਵਲ ਇਨ੍ਹਾਂ ਵਿਕਾਰਾਂ ਤੋਂ ਰੱਬੀ ਗੁਣਾ ਦੇ ਸਹਾਰੇ ਹੀ ਬਚਿਆ ਜਾ ਸਕਦਾ ਹੈ। ਰਹਾਉ।

ਮਾਇਆ ਰੂਪੀ ਗਰਭ ਦੇ ਸਮੁੰਦਰ ਵਿੱਚ ਹੰਸ ਹੇਤ ਕੋਪ ਆਦਿ ਵਿਕਾਰਾਂ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ। ਇਹ ਲਹਿਰਾਂ ਇਤਨੀਆਂ ਡੂੰਘੀਆਂ ਹਨ ਕਿ ਇਨ੍ਹਾਂ ਲਹਿਰਾਂ ਵਿੱਚੋਂ ਮਨੁੱਖੀ ਸਿਆਣਪ ਨਾਲ ਬਾਹਰ ਨਹੀਂ ਨਿਕਲਿਆ ਜਾ ਸਕਦਾ। ਇਸ ਲਈ ਐ ਪ੍ਰਭੂ ਤੇਰੇ ਗੁਣਾ ਦੀ ਯਾਦ (ਰੱਬੀ ਗੁਣਾ ਨੂੰ ਅਪਣਾ ਕੇ) ਦੇ ਸਹਾਰੇ ਇਨ੍ਹਾਂ ਲਹਿਰਾਂ ਵਿੱਚੋਂ ਤਰਿਆ ਜਾ ਸਕਦਾ ਹੈ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਐ ਪ੍ਰਮਾਤਮਾ ਤੇਰਾ ਗਿਆਨ ਹੀ ਇਨ੍ਹਾਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾਉਣਯੋਗ ਹੈ, ਇਨ੍ਹਾਂ ਵਿਕਾਰੀ ਬਿਰਤੀਆਂ ਤੋਂ ਬਚਾ ਕਰ ਸਕਦਾ ਹੈ। ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ।। ਅਗਨਿ ਦਹੈ ਅਰੁ ਗਰਭ ਬਸੇਰਾ।। ਰਹਾਉ।। (329)। ਮਾਇਆ ਰੂਪੀ ਗਰਭ ਦੇ ਵਸੇਬੇ ਵਿੱਚ ਤ੍ਰਿਸ਼ਨਾ ਆਦਿ ਵਿਕਾਰਾਂ ਦੀ ਅਗਨਿ ਮੇਰੇ ਮਨੁੱਖਤਾ ਵਾਲੇ ਰੱਬੀ ਗੁਣਾ ਨੂੰ ਸਾੜਦੀ ਰਹਿੰਦੀ ਹੈ। ਮੇਰੇ ਇਹ ਰੱਬੀ ਗੁਣ ਬਚੇ ਰਹਿਣ, ਬਸ ਐ ਪਰਮੇਸ਼ਰ ਮੇਰਾ ਇਹ ਦੁੱਖ ਕੱਟ ਦੇ। ਐ ਪ੍ਰਭੂ! ਮੇਰਾ ਇਹ ਦੁੱਖ ਤੇਰੇ ਨਿਯਮਾਂ ਨੂੰ ਮੰਨ ਕੇ ਮਿਟਾਇਆ ਜਾ ਸਕਦਾ ਹੈ।

ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ।। ੧।। ਰਹਾਉ।।

ਇਹ ਸੰਸਾਰ ਤੇ ਤਬ ਹੀ ਛੁਟਉ ਜਉ ਮਾਇਆ ਨਹ ਲਪਟਾਵਉ।।

ਮਾਇਆ ਨਾਮੁ ਗਰਭੁ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ।। ੩।। (693)

ਭਾਵ ਅਰਥ: ਪਾਤਸ਼ਾਹ ਫੁਰਮਾਨ ਕਰਦੇ ਹਨ ਕਿ ਆਤਮਕ ਮੌਤ ਨ ਲਿਆਉਣ ਵਾਲੀ ਗੁਰੂ ਦੀ ਸਿੱਖਿਆ ਸਮਝ ਕੇ ਮੈਂ ਆਪਣੇ ਆਪ ਨੂੰ ਸਮਝਾਉਂਦਾ ਹਾਂ। ਰਹਾਉ।

ਮਨ ਦੀ ਆਪਣੀ ਮਤਿ ਦੇ ਬਣਾਏ ਸੰਸਾਰ ਤੋਂ ਤਾਂ ਬਚ ਸਕਦੇ ਹਾਂ ਜਦੋਂ ਇਸ ਵਿਸ਼ੇ ਵਿਕਾਰਾਂ ਵਾਲੀ ਮਾਇਆ ਦੀ ਅਗਨਿ ਦੀ ਲਪੇਟ ਵਿੱਚ ਮਨੁੱਖ ਨਾ ਆਵੇ। ਜਿਵੇਂ ਮਾਤਾ ਦੇ ਗਰਭ ਵਿੱਚੋਂ ਬਾਹਰ ਆ ਕੇ ਮਨ ਰੂਪੀ ਬੱਚਾ ਰੱਬ ਨੂੰ ਜਾਣ ਸਕਦਾ ਹੈ। ਵਿਕਾਰਾਂ ਵਿੱਚ ਪਏ ਰਹਿਣਾ ਹੀ ਮਾਇਆ ਦੇ ਗਰਭ ਵਿੱਚ ਵਾਸ ਹੈ। ਇਸੇ ਤਰ੍ਹਾਂ ਮਾਇਆ ਰੂਪੀ ਗਰਭ ਵਿੱਚੋਂ ਬਾਹਰ ਨਿਕਲ ਕੇ ਮਨੁੱਖ ਪ੍ਰਭੂ ਦੇ ਦੀਦਾਰ ਕਰ ਸਕਦਾ ਹੈ। ਮਾਇਆ ਦੇ ਗਰਭ ਵਿੱਚ ਰਿਹਾਂ ਪ੍ਰਭੂ ਦਰਸ਼ਨ ਹੋਣੇ ਮੁਸ਼ਕਿਲ ਹਨ। ਇਸ ਗਰਭ ਦੇ ਤਿਆਗ ਤੋਂ ਬਿਨਾ ਰੱਬੀ ਮਿਲਾਪ ਨਹੀਂ ਹੋ ਸਕਦਾ।

ਇਸੇ ਤਰ੍ਹਾਂ ਗੁਰਬਾਣੀ ਵਿੱਚ ਜਿਥੇ ਕਿਤੇ ਵੀ ਮਾਤ ਗਰਭ ਦੀ ਗੱਲ ਹੈ ਉਹ ਮਾਇਆ ਰੂਪੀ ਗਰਭ ਦੀ ਹੀ ਗੱਲ ਹੈ। ਰੱਬੀ ਨਿਯਮ ਕਿਸੇ ਨੂੰ ਦੁੱਖ ਦੇਣ ਲਈ ਨਹੀਂ ਹਨ। ਇਹੀ ਗੱਲ ਤੀਸਰੇ ਨਾਨਕ ਨੇ ਰਾਮਕਲੀ ਮਹਿਲਾ ੩ ਵਿੱਚ ਅੰਕ 921 ਤੇ ਆਖੀ ਹੈ ਕਿ ਪ੍ਰਭੂ ਮਾਇਆ ਰੂਪੀ ਗਰਭ ਵਿੱਚ ਪਏ ਹੋਏ ਮਨੁੱਖ ਦੀ ਵਿਕਾਰਾਂ ਤੋ ਖਲਾਸੀ ਕਰਦਾ ਹੈ। ਇਸ ਲਈ ਤੂੰ ਉਸ ਨੂੰ ਕਿਉਂ ਵਿਸਾਰਦਾ ਹੈ, ਕਿਉਂ ਉਸ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ। ਉਹ ਪ੍ਰਭੂ ਇਤਨਾ ਦਿਆਲੂ ਹੈ ਕਿ ਜੇ ਤੂੰ ਉਸ ਦਾ ਸਹਾਰਾ ਲਏ ਤਾਂ ਮਾਇਆ ਰੂਪੀ ਗਰਭ ਵਿੱਚ ਪਏ ਦੀ ਵੀ ਤੇਰੀ ਰੱਖਿਆ ਕਰਦਾ ਹੈ ਅਤੇ ਜਿਸ ਨੂੰ ਇਸ ਗੱਲ ਦੀ ਸਮਝ ਮਿਲ ਜਾਂਦੀ ਹੈ ਉਸ ਨੂੰ ਵਿਕਾਰਾਂ ਦੀ ਅੱਗ ਛੂਹ ਨਹੀਂ ਸਕਦੀ। ਜਦੋਂ ਮਨੁੱਖ ਵਿੱਚ ਪ੍ਰਭੂ ਦੇ ਅਟੱਲ ਹੁਕਮ ਅਨੁਸਾਰ ਸੱਚ ਦੇ ਗਿਆਨ ਰਾਹੀਂ ਮਨੁੱਖਤਾ ਦਾ ਜਨਮ ਹੁੰਦਾ ਹੈ ਤਾਂ ਮਨੁੱਖ ਦੇ ਆਪਣੇ ਪਰਿਵਾਰ ਭਾਵ ਕਰਮ ਇੰਦਰੇ ਅਤੇ ਗਿਆਨ ਇੰਦਰਿਆਂ ਰੱਬੀ ਨਿਯਮਾਂ ਅਨੁਸਾਰੀ ਹੋਣ ਕਰਕੇ ਪ੍ਰਭੂ ਨੂੰ ਭਾਅ ਜਾਂਦੇ ਹਨ। ਗੁਰਬਾਣੀ ਮਨੁੱਖ ਲਈ ਇੱਕ ਸੁੱਚਜਾ ਜੀਵਨ ਜਿਉਣ ਲਈ ਰਾਹ ਹੈ। ਉਸ ਦੇ ਨਿਯਮ (ਹੁਕਮ, ਸ਼ਬਦ, ਰਜ਼ਾ) ਆਦਿ ਨੂੰ ਸਹੀ ਮੰਨਣਾ ਹੀ ਮਨੁੱਖ ਦਾ ਪਹਿਲਾ ਫਰਜ਼ ਹੈ।

ਮੋਹਨ ਸਿੰਘ




.