.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ" -ਉਹ ‘ਗੁਰੂ’ ਜਿਸ ਨਾਲ "ਗੁਰੂ ਸਾਹਿਬਾਨ ਨੇ" ਗੁਰਬਾਣੀ ਰਾਹੀਂ ਜਗਿਆਸੂ ਭਾਵ ਸਿੱਖ ਨੂੰ ਜੋੜਿਆ ਹੈ "ਸਦੀਵੀ ਅਤੇ "ਸਦਾ ਥਿਰ" ਹੈ, ਉਹ ਜਨਮ-ਮਰਨ `ਚ ਨਹੀਂ ਆਉਂਦਾ। ਜਦਕਿ ਗੁਰਬਾਣੀ `ਚ ਉਸ "ਗੁਰੂ" ਲਈ ਲਫ਼ਜ਼ ਸਤਿਗੁਰੂ, ਸ਼ਬਦ, ਸ਼ਬਦ-ਗੁਰੂ, "ਵਿਵੇਕ ਗੁਰੂ" ਜਿਵੇਂ "ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+" (ਪੰ: ੭੯੩) ਆਦਿ ਭਿੰਨ ਭਿੰਨ ਵੀ ਆਏ ਹਨ ਅਤੇ ਇਹ ਸਾਰੇ ਸਮਅਰਥੀ ਵੀ ਹਨ।

ਉਂਜ ਲਫ਼ਜ਼ "ਸਤਿਗੁਰੂ" ਦੇ ਮੂਲ ਅਰਥ ਹੀ "ਸਦਾ ਥਿਰ" ਤੇ "ਸਦਾ-ਸਦਾ" ਉਹ "ਗੁਰੂ" ਹੀ ਹਨ ਜਿਹੜਾ "ਜਨਮ-ਮਰਨ" `ਚ ਨਹੀਂ ਆਉਂਦਾ। ਇਸ ਲਈ ਅੱਗੇ ਚੱਲ ਕੇ ਕੁੱਝ ਅਜਿਹੇ ਗੁਰ-ਪ੍ਰਮਾਣ ਵੀ ਲਵਾਂਗੇ ਜਿਨ੍ਹਾਂ `ਚ ਲਫ਼ਜ਼ "ਗੁਰੂ" ਦੇ ਬਦਲੇ ਸਤਿਗੁਰੂ ਦੀ ਵਰਤੋਂ ਹੀ ਕੀਤੀ ਹੋਈ ਹੋਵੇਗੀ ਪਰ ਉਹ ਵੀ ਗੁਰਬਾਣੀ ਆਧਾਰਤ "ਗੁਰੂ" ਦੇ ਅਰਥਾਂ `ਚ ਹੀ। ਦੂਜਾ, ਗੁਰਬਾਣੀ ਅਨੁਸਾਰ "ਗੁਰੁ ਪਰਮੇਸਰੁ ਏਕੋ ਜਾਣੁ. ." (ਪੰ: ੮੬੪) "ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) ਹੋਰ "ਗੁਰੁ ਪਰਮੇਸਰੁ ਪਾਰਬ੍ਰਹਮੁ. ." (ਪੰ: ੪੯) ਆਦਿ ਗੁਰ-ਫ਼ੁਰਮਾਨਾ ਅਨੁਸਾਰ ਗੁਰਬਾਣੀ ਆਧਾਰਤ ਲਫ਼ਜ਼ "ਗੁਰੂ", ਅਕਾਲਪੁਰਖ ਦਾ ਹੀ ਨਿਜ ਗੁਣ ਹੈ, ਅਕਾਲਪੁਰਖ ਤੋਂ ਭਿੰਨ ਨਹੀਂ।

ਉਪ੍ਰੰਤ "ਗੁਰੂ ਹਸਤੀਆਂ ਲਈ ਗੁਰਬਾਣੀ `ਚ ਲਫ਼ਜ਼ ‘ਗੁਰੂਵਿਸ਼ੇ ਵੱਲ ਅੱਗੇ ਵਧਣ ਤੋਂ ਪਹਿਲਾਂ ਉਚੇਚੇ ਧਿਆਨ ਕਰਣਾ ਹੈ ਕਿ ਉਪਰ ਆ ਚੁੱਕੇ ਵੇਰਵੇ ਅਨੁਸਾਰ "ਗੁਰਬਾਣੀ `ਚ ‘ਗੁਰੂ’ ਮਨੁੱਖੀ ਸਰੀਰਾਂ ਪੱਖੋਂ ਕੇਵਲ ਤੇ ਕੇਵਲ "ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਬਾਕੀ ਜਾਮਿਆਂ ਉਪ੍ਰੰਤ ਕੁਲ ਮਿਲਾਕੇ ਦਸਮੇਸ਼ ਪਿਤਾ ਤੀਕ" ਭਾਵ ਦਸ ਪਾਤਸ਼ਾਹੀਆਂ ਲਈ ਹੀ ਸੀਮਤ ਹੈ। ਉਨ੍ਹਾਂ ਤੋਂ ਬਾਹਿਰ ਗੁਰਬਾਣੀ ਆਧਾਰਤ ਲਫ਼ਜ਼ ‘ਗੁਰੂ’ ਕਿਸੇ ਵੀ ਮਨੁੱਖਾ ਸਰੀਰ `ਤੇ ਲਾਗੂ ਨਹੀਂ ਹੁੰਦਾ।

ਦੂਜਾ, ਗੁਰਬਾਣੀ `ਚ ਜਿੱਥੇ-ਕਿੱਥੇ ਵੀ ਲਫ਼ਜ਼ "ਆਪਣੇ ਗੁਰੂ" ਦੀ ਵਰਤੋਂ ਜਾਂ ਗੱਲ ਆਈ ਹੈ ਤਾਂ ਉਥ ਵੀ "ਆਪਣਾ ਗੁਰੂ" ਕੇਵਲ ਅਤੇ ਕੇਵਲ "ਗੁਰੁ ਪਰਮੇਸਰੁ ਏਕੋ ਜਾਣੁ. ." (ਪੰ: ੮੬੪) "ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) "ਗੁਰੁ ਪਰਮੇਸਰੁ ਪਾਰਬ੍ਰਹਮੁ. ." (ਪੰ: ੪੯) ਅਕਾਲਪੁਰਖ ਲਈ ਹੀ ਹੈ ਹੋਰ ਕਿਸੇ ਵੀ "ਮਨੁੱਖ" ਜਾਂ "ਮਨੁੱਖਾ ਸਰੀਰ" ਨੂੰ ਲਈ ਨਹੀਂ।

"ਗੁਰੂ ਹਸਤੀਆਂ ਲਈ ਗੁਰਬਾਣੀ `ਚ ਆਏ ਲਫ਼ਜ਼ ‘ਗੁਰੂ’ ਸੰਬੰਧੀ" ? -ਇਸ ਦੇ ਨਾਲ ਇਹ ਵੀ ਸੱਚ ਹੈ ਕਿ ਸਾਡੇ ਰਾਹੀਂ "ਦਸੋਂ ਹੀ ਪਾਤਸ਼ਾਹੀਆਂ" ਲਈ ਲਫ਼ਜ਼ "ਗੁਰੂ" ਨੂੰ ਵਰਤਣ ਤੋਂ ਪਰਹੇਜ਼ ਜਾਂ ਸੰਕੋਚ ਕਰਣਾ, ਸਾਡੀ ਵੱਡੀ ਭੁੱਲ ਹੋਵੇਗੀ। ਕਿਉਂਕਿ ਇਹ "ਦਸ ਗੁਰੂ ਹਸਤੀਆਂ" ਹੀ ਹਨ ਜਿਨ੍ਹਾਂ ਦੀ ਬਦੌਲਤ ਅੱਜ ਸੰਸਾਰ ਨੂੰ ਸਦੀਵੀ ਤੇ ਇਲਾਹੀ ਸਦਾ ਥਿਰ "ਗੁਰੂ" ਦਾ ਪ੍ਰਗਟਾਵਾ "ਜੁਗੋ ਜੁਗ ਅਟੱਲ" "ਅਖਰ ਰੂਪ", "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਪ੍ਰਾਪਤ ਹੋਏ ਹਨ।

ਬਲਕਿ ਇਸ ਨਾਲ ਇਹ ਵੀ ਸੱਚ ਹੈ ਕਿ ਸੰਸਾਰ ਨੂੰ ਲਫ਼ਜ਼ "ਗੁਰੂ" ਦੇ ਗੁਰਬਾਣੀ ਆਧਾਰਤ ਨਿਵੇਕਲੇ ਅਤੇ ਨਵੇਂ ਉਹ ਅਰਥ ਪ੍ਰਾਪਤ ਹੋਏ ਜਿੱਥੋਂ ਸਮਝ ਆ ਸਕੀ ਕਿ "ਸਿੱਖ ਦਾ ਗੁਰੂ" ਹੀ ਉਹ ਹੈ ਜਿਹੜਾ "ਆਦਿ-ਜੁਗਾਦੀ" "ਰੂਪ, ਰੇਖ ਰੰਗ ਤੋਂ ਨਿਆਰਾ" ਹੈ ਅਤੇ "ਬਿਨਸਨਹਾਰ" ਨਹੀਂ।

ਅੰਦਾਜ਼ਾ ਲਗਾਓ! ਜੇ ਸੰਸਾਰ `ਚ ਇਨ੍ਹਾਂ "ਦਸ ਗੁਰੂ ਹਸਤੀਆਂ" ਦਾ ਆਗਮਨ ਹੀ ਨਾ ਹੋਇਆ ਹੁੰਦਾ ਤਾਂ ਅੱਜ ਸੰਸਾਰ ਨੂੰ ਮਨੁੱਖਤਾ ਦੇ "ਸੱਚੇ" ਤੇ ਸਦੀਵਕਾਲੀ ਰਹਿਬਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਰਗੀ ਮਹਾਨ ਹਸਤੀ ਪ੍ਰਾਪਤ ਵੀ ਨਹੀਂ ਸੀ ਹੋਣੀ। ਵਿਚਾਰਣ ਦਾ ਵਿਸ਼ਾ ਇਹ ਵੀ ਹੈ ਕਿ ਅੱਜ ਕੁੱਝ ਸਤਿਕਾਰ ਜੋਗ ਸੱਜਨਾਂ ਰਾਹੀਂ, ਉਚੇਚੇ "ਦਸ ਗੁਰੂ ਹਸਤੀਆਂ" ਲਈ ਲਫ਼ਜ਼ "ਗੁਰੂ" ਵਰਤਣ ਤੋਂ ਸੰਕੋਚ ਜਾਂ ਪਰਹੇਜ਼ ਕਿਉਂ? ਉਹ ਵੀ, ਅਜਿਹੇ ਸਤਿਕਾਰ ਜੋਗ ਸੱਜਨਾਂ ਰਾਹੀਂ, ਜਿਹੜੇ ਤਨੋ-ਮਨੋ "ਦਸੋਂ ਹੀ ਗੁਰੂ ਹਸਤੀਆਂ ਦਾ ਸਤਿਕਾਰ ਵੀ ਕਰਦੇ ਹਨ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਨਾਂ `ਚ "ਤਨੋ-ਮਨੋ ਨਤ-ਮਸਤਕ" ਅਤੇ ਸਮ੍ਰਪਿਤ ਵੀ ਹਨ।

ਉਪ੍ਰੰਤ ਜੇ ਥੋੜਾ ਸਿਦਕਦਿਲੀ ਨਾਲ, ਇਸ ਪੱਖੋਂ ਗਹਿਰਾਈ ਤੋਂ "ਗੁਰਬਾਣੀ" ਦੇ ਦਰਸ਼ਨ ਕੀਤੇ ਜਾਣ ਤਾਂ ਜਿੱਥੇ "ਗੁਰਬਾਣੀ" ਰਾਹੀਂ ਸੰਪੂਰਣ ਮਾਨਵਤਾ ਦੇ ਇਕੋ ਇੱਕ ਇਲਾਹੀ ਗੁਰੂ, ਸ਼ਬਦ-ਗੁਰੂ ਵਾਲਾ ਵਿਸ਼ਾ ਦ੍ਰਿੜ ਕਰਵਾਇਆ ਹੋਇਆ ਹੈ।

ਉਥੇ ਇੱਕ ਪਾਸ ਸਦਾ ਤੋਂ ਚਲਦੇ ਆ ਰਹੇ ਗੁਰੂ ਪਦ ਦੇ, ਪੁਰਾਤਨ ਤੇ ਸਨਾਤਨੀ ਆਦਿ ਸਮੂਚੇ ਅਰਥਾਂ ਨੂੰ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ, ਉਨ੍ਹਾਂ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ ਹੋਇਆ।

ਜਦਕਿ ਗੁਰਬਾਣੀ `ਚ "ਗੁਰੂ ਨਾਨਕ ਪਾਤਸ਼ਾਹ ਦੇ ਨਾਲ-ਨਾਲ ਬਾਕੀ ਗੁਰੂ ਹਸਤੀਆਂ" ਲਈ ਵੀ "ਗੁਰੂ ਪਦ" ਨੂੰ ਬੜਾ ਖੁੱਲ ਕੇ ਵਰਤਿਆ ਹੋਇਆ ਹੈ। ਖਾਸ ਕਰ ਪੰਜਵੇਂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਲਈ ਅਤੇ ਭਟਾਂ ਨੇ ਸਵਯਾਂ `ਚ ਵੀ। ਉਪ੍ਰੰਤ ਗੁਰਬਾਣੀ ਤੋਂ ਬਾਹਿਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅਤੇ ਕਬਿੱਤਾਂ `ਚ ਵੀ।

ਖ਼ੂਬੀ ਇਹ ਕਿ ਗੁਰਬਾਣੀ `ਚ ਉਂਜ ਜਿੱਥੇ ਕਿੱਥੇ ਵੀ ਗੁਰੂ ਸਰੂਪਾਂ ਅਤੇ ਗੁਰੂ ਪਾਤਸ਼ਾਹੀਆਂ ਲਈ ‘ਸਰੀਰ ਗੁਰੂ’ ਦੀ ਗੱਲ ਆਈ ਹੈ, ਉਥੇ ਹੀ ਉਨ੍ਹਾਂ ਅੰਦਰ ਕਲਾ ਅਕਾਲਪੁਰਖ ਦੀ ਵਰਤਦੀ ਹੀ ਦਰਸਾਈ ਹੋਈ ਹੈ। ਫ਼ਿਰ ਉਹ ਲਿਖਤਾਂ ਚਾਹੇ "ਭਟਾਂ ਦੇ ਸਵਈਆਂ" ਹਨ, "ਸਤਾ ਤੇ ਬਲਵੰਡ ਦੀ ਵਾਰ’ ਜਾਂ ਗੁਰੂ ਹਸਤੀਆਂ ਦੀਆਂ ਆਪਣੀਆਂ ਰਚਨਾਵਾਂ। ਹੋਰ ਤਾਂ ਹੋਰ, ਬਲਕਿ ਗੁਰਬਾਣੀ `ਚ ਇਸ ਨਾਲ ਸੰਬੰਧਤ ਘੋਖਣ ਵਾਲਾਵਿਸ਼ਾ ਇਹ ਵੀ ਹੈ ਕਿ ਗੁਰੂ ਹਸਤੀਆਂ ਨੇ ਗੁਰਬਾਣੀ `ਚ ਜਦੋਂ-ਜਦੋਂ ਗੁਰੂ ਪਦ ਆਪਣੇ ਨਾਲ ਸੰਬੰਧਤ ਕਰਕੇ ਵਰਤਿਆ ਤਾਂ ਆਪਣੇ ਮਨੁੱਖੀ ਸਰੀਰ ਨੂੰ ਉਸ ਤੋਂ ਅੱਡ ਕਰਕੇ।

ਗੁਰਬਾਣੀ `ਚ "ਗੁਰੂ ਪਦ", ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਤ:-

(ਕੁਝ ਗੁਰਬਾਣੀ ਫ਼ੁਰਮਾਨ)

"ਸਲੋਕੁ ਮਃ ੫॥ ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ॥ ੧॥" (ਪੰ: ੩੨੨)

ਅਰਥ : —ਜਿਸ ਮਨ ਵਿੱਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤੁ੍ਰੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ। ੧।

ਆਸਾ ਮਹਲਾ ੫॥ ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ ੧ ॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥ ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥ ੨ ॥ ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥ ੩ ॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ ੪ (ਪੰ: ੩੯੬)

ਅਰਥ : — (ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ (ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ। ਰਹਾਉ।

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ। (ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿੱਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ)। ੧। ……। ੪। ੭। ੧੦੧।

"…ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥ ਗੁਰ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ" (ਪੰ: ੪੫੨)

ਅਰਥ : — "…. . ਮੇਰੇ ਪਿਆਰੇ! ਮੇਰੇ ਮਨ ਵਿੱਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।

ਨਾਨਕ (ਆਖਦਾ ਹੈ—ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ। ੪।

"…ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ॥ ੩ ॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ" (ਪੰ: ੬੧੨)

ਅਰਥ : — "…. . ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿੱਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ। ੩।

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ੪। ੨। ੧੩।

"…. ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ" (ਪੰ: ੭੩੨)

ਅਰਥ : — "…. ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ, ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ"

"ਰਾਗੁ ਸੂਹੀ ਮਹਲਾ ੫ ਘਰੁ ੬ …. ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ" (ਪੰ: ੭੪੭)

ਅਰਥ : — "…. ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)। ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ। ੪। ੧। ੪੭।

"…ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ। ੪। ੧੦। ੫੭" (ਪੰ: ੭੫੦)

ਅਰਥ : — "…. ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿੱਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ)। ੪।

"…ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ॥ ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ" (ਪੰ: ੭੬੩)

ਅਰਥ : — "…. ਮੈਂ ਜੋ ਕੁੱਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ। ਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ। (ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ।

ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ।

"ਅਨਦੁ ਕਰਹੁ ਮਿਲਿ, ਸੁੰਦਰ ਨਾਰੀ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ ੨॥ ੩॥ ੨੧॥" (ਪੰ: ੮੦੬)

ਅਰਥ : — "… (ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ"

"…ਦਾਸ ਕੀ ਲਾਜ ਰਖੈ ਮਿਹਰਵਾਨੁ॥ ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ" (ਪੰ: ੮੨੧)

ਅਰਥ : — "… (ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿੱਚ ਪਰਵਾਨ ਹੈ (ਤੇ, ਗੁਰੂ ਨਾਨਕ ਆਖਦਾ ਹੈ ਕਿ) ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ)।

"ਗੁਰੁ ਪੂਰਾ ਪਾਈਐ ਵਡਭਾਗੀ॥ ਗੁਰ ਕੀ ਸੇਵਾ ਦੂਖੁ ਨ ਲਾਗੀ॥ ਗੁਰ ਕਾ ਸਬਦੁ ਨ ਮੇਟੈ ਕੋਇ॥ ਗੁਰੁ ਨਾਨਕੁ ਨਾਨਕੁ ਹਰਿ ਸੋਇ" (ਪੰ: ੮੬੪)

ਅਰਥ : — "… ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ"

". . ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ" (ਪੰ: ੧੦੦੧)

ਅਰਥ : — "… ਹੇ ਭਾਈ! ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇੱਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ। ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

"…ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ॥ ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ" (ਪੰ: ੧੨੬੫)

ਅਰਥ : — "…ਹੇ ਭਾਈ! (ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿੱਚ ਟਿਕਾਈ ਰੱਖਦਾ ਹੈ। ਹੇ ਭਾਈ! ਸਭ ਜੀਵਾਂ ਵਿੱਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫॥ ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ॥ ……………. . … ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ॥ ੯ 

ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰਖ ਦਾ ਹੀ ਰੂਪ ਦੱਸਦੇ ਹੋਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਉਪ੍ਰੌਕਤ ਨੌ ਸਵਯਾਂ `ਚੋਂ ਹਰੇਕ ਸਵਈਏ `ਚ ਪਹਿਲਾਂ ਅਕਾਲਪੁਰਖ ਦੀ ਵਡਿਆਈ ਕੀਤੀ ਹੋਈ ਹੈ। ਫ਼ਿਰ ਸਵਯੇ ਦੀ ਸਮਾਪਤੀ ਸਮੇਂ ਗੁਰੂ ਨਾਨਕ ਪਾਤਸ਼ਾਹ ਨੂੰ ਅਕਾਲਪੁਰਖ ਦੇ ‘ਸਮਸਰਿ’, ‘ਤੁਲਿ’ ਦਸਿਆ ਹੈ (ਅਕਾਲਪੁਰਖ ਨਹੀਂ)। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੀ ਇਸ ਨੌ ਸਵਯਾਂ ਦੀ ਲੜੀ ਦੇ ਅਖ਼ੀਰਲੇ, ਨੌਵੈਂ ਅਤੇ ਅੰਤਮ ਸਵਯੇ `ਚ ਗੁਰਦੇਵ ਫ਼ੁਰਮਾਂਉਂਦੇ ਹਨ:-

"ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ" ਭਾਵ "ਪਾਰਬ੍ਰਹਮ ਦਾ ਰੂਪ, ਉਸ ਦਾ ‘ਜਨੁ’ ਗੁਰੂ ‘ਨਾਨਕੁ’ ਸਾਰੇ ਭਵਨਾਂ `ਚ ਪ੍ਰਗਟ ਹੈ, (ਗੁਰੂ ਨਾਨਕ) ‘ਅੰਧ੍ਯ੍ਯਾਰ ਮਹਿ’ `ਚਰਾਗੁ’ ‘ਬਲਿਓ’ ਹੈ।

ਨੋਟ:- ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਇਨ੍ਹਾਂ ਸਾਰੇ ਨੌਂ ਸਵਯਾਂ `ਚ, ਗੁਰੂ ਨਾਨਕ ਸਾਹਿਬ ਨੂੰ ਬਾਰ ਬਾਰ ਅਕਾਲ ਪੁਰਖ ਦਾ ਰੂਪ ਵਰਨਣ ਕਰਕੇ ਬਿਆਣਿਆ ਬਲਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਉਂ ਲੈ-ਲੈ ਕੇ, ਉਨ੍ਹਾਂ ਦੀ ਵਡਿਆਈ ਵੀ ਕੀਤੀ ਹੋਈ ਹੈ।

ਫ਼ਿਰ "ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫" ਦੇ ਸਿਰਲੇਖ ਹੇਠਲੇ ਪੰਜਵੇਂ ਪਾਤਸ਼ਾਹ ਦੇ ਉਨ੍ਹਾਂ ਨੌ ਸਵਯਾਂ ਤੋਂ ਇੱਕ ਦੰਮ ਬਾਅਦ, ਆਰੰਭ ਹੋਏ ਭੱਟਾਂ ਦੇ ਸਵਯਾਂ `ਚ, ਭੱਟਾਂ ਨੇ ਵੀ ਆਪਣੇ ਸਵਯਾਂ `ਚ ਗੁਰੂ ਹਸਤੀਆਂ ਸੰਬੰਧੀ ਇਹੀ ਢੰਗ ਵਰਤਿਆ ਹੈ ਅਤੇ ਉਨ੍ਹਾਂ ਲਈ "ਗੁਰੂ" ਸ਼ਬਦ ਦਾ ਬਰਾਬਰ ਇਸਤੇਮਾਲ ਵੀ ਕੀਤਾ ਹੋਇਆ ਹੈ।

ਇਸ ਤਰ੍ਹਾਂ ਪੰਜਵੇਂ ਪਾਤਸ਼ਤਹ, ਉਪ੍ਰੰਤ ਯਾਰਾਂ ਭੱਟਾ ਦੇ ਸਮੂਚੇ ਸਵਯਾਂ `ਚ, ਗੁਰੂ ਪੰਚਮ ਪਾਤਸ਼ਾਹ ਦਾ ਅਤੇ ਭੱਟਾਂ ਦਾ, ਦੋਵੇਂ ਪਾਸੇ ਗੁਰੂ ਨਾਨਕ ਪਾਤਸ਼ਾਹ ਅਤੇ ਬਾਕੀ ਗੁਰੂ ਹਸਤੀਆਂ ਦੀ ਉਸਤਤ ਕਰਣ ਦਾ ਮੂਲ ਮਨੋਰਥ ਅਤੇ ਢੰਗ ਇੱਕੋ ਹੀ ਹੈ, ਵੱਖਰਾ-ਵੱਖਰਾ ਨਹੀਂ।

ਤਾਂ ਤੇ ਪੰਜਵੇਂ ਪਾਤਸ਼ਾਹ ਦੇ ਅਰੰਭ `ਚ ਆਏ ਉਨ੍ਹਾਂ ਨੌਂ ਸਵਯਾਂ `ਚੋਂ ਹਰੇਕ ਸਵਯੇ ਦੀ ਸਮਾਪਤੀ `ਤੇ ਗੁਰੂ ਨਾਨਕ ਪਾਤਸ਼ਾਹ ਸੰਬੰਧੀ ਜਿਹੜੀ ਸ਼ਬਦਾਵਲੀ ਆਈ ਹੈ, ਉਹ ਨੰਬਰਵਾਰ ਅਰਥਾਂ ਸਹਿਤ:-

"…. ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ ੧ ॥" (ਪੰ: ੧੩੮੫)

ਅਰਥ: — (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ੧।

ਨੋਟ: — ਉਪ੍ਰੋਕਤ ਸਵਯਾਂ `ਚ ਪਦ ‘ਹਾਂ ਕਿ’ ਸਵਈਏ ਲਈ ਟੇਕ-ਮਾਤ੍ਰ ਹੀ ਵਰਤਿਆ ਹੈ।

"…. ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ ੨ ॥" (ਪੰ: ੧੩੮੫)

ਅਰਥ: — ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ੨।

"…. ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ ੩ ॥" (ਪੰ: ੧੩੮੬)

ਅਰਥ: — ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ੩।

"…ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ
ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ ੪
 ॥" (ਪੰ: ੧੩੮੬)

ਅਰਥ: — ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ। ੪।

"…. ਧੰਨਿ ਧੰਨਿ ਤੇ ਧੰਨਿ ਜਨ, ਜਿਹ ਕ੍ਰਿਪਾਲੁ ਹਰਿ ਹਰਿ ਭਯਉ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥ ੫ ॥" (ਪੰ: ੧੩੮੬)

ਅਰਥ: — ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ। ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ। ੫।

"…ਜਿਹ ਠਾਕੁਰੁ ਸੁਪ੍ਰਸੰਨੁ ਭਯ+, ਸਤਸੰਗਤਿ ਤਿਹ ਪਿਆਰੁ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ॥ ੬ ॥" (ਪੰ: ੧੩੮੬)

ਅਰਥ: — ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤਿ ਵਿੱਚ ਪ੍ਰੇਮ (ਪੈ ਗਿਆ ਹੈ)। (ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ। ੬।

"…ਜਿਹ ਕ੍ਰਿਪਾਲੁ ਹੋਯਉ ਗ+ਬਿੰਦੁ, ਸਰਬ ਸੁਖ ਤਿਨਹੂ ਪਾਏ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ॥ ੭ ॥" (ਪੰ: ੧੩੮੬)

ਅਰਥ: — ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ। (ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿੱਚ ਨਹੀਂ ਆਉਂਦੇ। ੭।

"…ਜਿਹ ਕਾਟੀ ਸਿਲਕ ਦਯਾਲ ਪ੍ਰਭਿ, ਸੇਇ ਜਨ ਲਗੇ ਭਗਤੇ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ॥ ੮ ॥" (ਪੰ: ੧੩੮੬)

ਅਰਥ: — ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿੱਚ ਜੁੜ ਗਏ ਹਨ। (ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿੱਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ। ੮।

"…. ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ॥ ੯ ॥" (ਪੰ: ੧੩੮੭)

ਅਰਥ: — ਹੇ ਭਾਈ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿੱਚ ਪਰਗਟ ਹੋਇਆ ਹੈ। (ਗੁਰੂ ਨਾਨਕ) ਹਨੇਰੇ ਵਿੱਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ। ੯। (ਅਰਥ- ਇਨ-ਬਿਨ ਪ੍ਰੋ: ਸਾਹਿਬ ਸਿੰਘ ਜੀ) (ਚਲਦਾ) #234P-1I,-02.17-0217#p2v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-II

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.