.

ਨਿੰਦਕੁ ਡੂਬਾ ਹਮ ਉਤਰੇ ਪਾਰਿ ॥

(ਭਾਗ 1)

ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਸੰਸਾਰ ਭਰਿਆ ਪਿਆ ਹੈ। ਜਿਨ੍ਹਾਂ ਤੋਂ ਆਮ ਪ੍ਰਾਣੀ ਲਈ ਬਚਣਾ ਬਹੁਤ ਔਖਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 486 ਤੇ ਰਾਗ ਆਸਾ ਵਿਚ ਭਗਤ ਰਵਿਦਾਸ ਜੀ ਲਿਖਦੇ ਹਨ ਕਿ ਹਰਨ, ਮੱਛੀ, ਭੌਰਾ, ਭੰਬਟ, ਹਾਥੀ ਇੱਕ-ਇੱਕ ਐਬ ਕਾਰਨ ਇਨ੍ਹਾਂ ਦਾ ਨਾਸ਼ ਹੋ ਜਾਂਦਾ ਹੈ{ ਪਰ ਮਨੁੱਖ ਵਿਚ ਤਾਂ ਇਹ ਪੰਜੇ ਅਸਾਧ ਰੋਗ ਹਨ। ਇਸ ਦੇ ਬਚਣ ਦੀ ਕਦ ਤੱਕ ਆਸ ਹੋ ਸਕਦੀ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥ (ਗੁਰੂ ਗ੍ਰੰਥ ਸਾਹਿਬ, ਪੰਨਾ 486)

ਇਨ੍ਹਾਂ ਪੰਜਾਂ ਰੋਗਾਂ ਤੋਂ ਇਲਾਵਾ ਆਮ ਪ੍ਰਾਣੀ ਤੇ ਤ੍ਰਿਸ਼ਨਾ, ਮੈਂ, ਮੇਰੀ, ਚੋਰੀ, ਯਾਰੀ, ਨਿੰਦਾ-ਚੁਗਲੀ ਆਦਿ ਦੀਆਂ ਵਾਦੀਆਂ ਵੀ ਅਸਰ ਪਾਉਂਦੀਆਂ ਹਨ ਅਤੇ ਜੀਵਨ ਨੂੰ ਤੰਗ ਕਰਦੀਆਂ ਹਨ। ਇਨ੍ਹਾਂ ਸਭ ਰੋਗਾਂ ਨੂੰ ਖਤਮ ਕਰਨਾ ਆਮ ਪ੍ਰਾਣੀ ਦੇ ਵੱਸ ਦੀ ਗੱਲ ਨਹੀਂ। ਪਰ ਸੰਜਮ ਤੋਂ ਕੰਮ ਲੈ ਕੇ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ ਜਿਸ ਨਾਲ ਜੀਵਨ ਸੌਖਾ ਬਤੀਤ ਹੋ ਜਾਂਦਾ ਹੈ।

ਇਸ ਲੇਖ ਵਿਚ ‘ਨਿੰਦਿਆ’ ਦੀ ਬਿਮਾਰੀ ਬਾਰੇ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ, ਜਿਸ ਬਾਰੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ:

ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥1॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥1॥ ਰਹਾਉ ॥ ਸਗਲ ਸਹੇਲੀ ਅਪਨੈ ਰਸ ਮਾਤੀ ॥ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥2॥ ਉਨ ਤੇ ਰਾਖੈ ਬਾਪੁ ਨ ਮਾਈ ॥ ਉਨ ਤੇ ਰਾਖੈ ਮੀਤੁ ਨ ਭਾਈ ॥ ਦਰਬਿ ਸਿਆਣਪ ਨਾ ਓਇ ਰਹਤੇ ॥ ਸਾਧਸੰਗਿ ਓਇ ਦੁਸਟ ਵਸਿ ਹੋਤੇ ॥3॥ (ਗੁਰੂ ਗ੍ਰੰਥ ਸਾਹਿਬ, ਪੰਨਾ 182)

ਹੇ ਭਾਈ! ਇਸ ਸਰੀਰ ਘਰ ਵਿਚ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ, ਜਿਹੜਾ ਸੁਚੇਤ ਰਹਿੰਦਾ ਹੈ, ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸ-ਪੂੰਜੀ ਸਾਂਭ ਲੈਂਦਾ ਹੈ॥1॥ ਰਹਾਉ॥

(ਦੇਖੋ) ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਦੇਖਣਾ - ਇਹ ਅੱਖਾਂ ਵਿਚ ਨੀਂਦ ਆ ਰਹੀ ਹੈ। ਹੋਰਨਾਂ ਦੀ ਨਿੰਦਿਆ ਦੀ ਵੀਚਾਰ ਸੁਣ-ਸੁਣ ਕੇ ਕੰਨ ਸੁੱਤੇ ਰਹਿੰਦੇ ਹਨ। ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ। ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ॥1॥

ਇਨ੍ਹਾਂ ਪੰਜਾ ਡਾਕੂਆਂ ਤੋਂ ਨਾ ਪਿਓ ਬਚਾ ਸਕਦਾ ਹੈ ਨਾ ਮਾਂ, ਨਾ ਮਿੱਤਰ ਅਤੇ ਨਾ ਹੀ ਕੋਈ ਭਰਾ। ਇਹ ਪੰਜੇ ਡਾਕੂ ਨਾ ਧਨ ਨਾਲ ਅਤੇ ਨਾ ਹੀ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ। ਇਹ ਪੰਜੇ ਦੁਸ਼ਟ ਸਿਰਫ ਸਾਧ ਸੰਗਤ ਦੀ ਕਿਰਪਾ ਨਾਲ ਹੀ ਕਾਬੂ ਆਉਂਦੇ ਹਨ॥3॥

ਨਿੰਦਿਆ: ਮਹਾਨ ਕੋਸ਼ ਮੁਤਾਬਕ, ‘ਗੁਣਾ ਵਿਚ ਦੋਸ਼ ਥਾਪਣ’ ਨੂੰ ਨਿੰਦਿਆ ਕਹਿੰਦੇ ਹਨ।

ਭਾਵ ਕਿਸੇ ਦੇ ਗੁਣਾਂ ਨੂੰ ਔਗੁਣਾਂ ਵਿਚ ਬਦਲ ਕੇ ਪ੍ਰਗਟ ਕਰਨ ਦੀ ਕਿਰਿਆ ਨੂੰ ਨਿੰਦਾ ਕਿਹਾ ਜਾਂਦਾ ਹੈ।

ਨਿੰਦਿਆ ਦੇ ਕਾਰਨ:

* ਅੰਦਰ ਵਸੀ ਈਰਖਾ ਅਤੇ ਸਾੜੇ ਦੀ ਪੂਰਤੀ ਲਈ ਦੂਜਿਆਂ ਨੂੰ ਬਦਨਾਮ ਕਰਨ ਲਈ ਵਧਾ-ਚੜ੍ਹਾ ਕੇ ਗੱਲਾਂ ਕਰਨੀਆਂ।

* ਹੋਰਨਾਂ ਦੀਆਂ ਕਮਜ਼ੋਰੀਆਂ ਨੂੰ ਉਘਾੜਨਾ ਅਤੇ ਦੋਸ਼ੀ ਸਿੱਧ ਕਰਨਾ।

* ਪਿੱਠ ਪਿੱਛੇ ਗੱਲ ਕਰਨੀ ਕਿਉਂਕਿ ਸਾਰਾ ਹੀ ਝੂਠ ਹੁੰਦਾ ਹੈ।

1. ਨਿੰਦਾ ਇਕ ਭੈੜੀ ਵਾਦੀ ਹੈ। ਨਿੰਦਕ ਅਤੇ ਨਿੰਦਾ ਸੁਣਨ ਵਾਲੇ ਝੂਠ ਦੇ ਵਪਾਰੀ ਬਣ ਕੇ, ਗੁਰੂ ਤੋਂ ਬੇਮੁਖ ਹੋ ਕੇ ਆਪਣੇ ਜੀਵਨ ਦੀ ਬਰਬਾਦੀ ਕਰਦੇ ਹਨ। ਗੁਰੂ ਅਰਜਨ ਸਾਹਿਬ ਦਾ ਵੀਚਾਰ ਹੈ:

ਨਿੰਦਕ ਕਉ ਫਿਟਕੇ ਸੰਸਾਰੁ ॥ ਨਿੰਦਕ ਕਾ ਝੂਠਾ ਬਿਉਹਾਰੁ ॥ ਨਿੰਦਕ ਕਾ ਮੈਲਾ ਆਚਾਰੁ ॥ ਦਾਸ ਅਪੁਨੇ ਕਉ ਰਾਖਨਹਾਰੁ ॥1॥ ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥1॥ ਰਹਾਉ ॥ਨਿੰਦਕ ਕਾ ਕਹਿਆ ਕੋਇ ਨ ਮਾਨੈ ॥ ਨਿੰਦਕ ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ ਨਿੰਦਕ ਕਉ ਦਈ ਛੋਡੈ ਨਾਹਿ ॥2॥ ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ ਨਿੰਦਕ ਕਉ ਲਾਗੈ ਦੁਖ ਸਾਂਗੈ ॥ ਬਗੁਲੇ ਜਿਉ ਰਹਿਆ ਪੰਖ ਪਸਾਰਿ ॥ ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥3॥ (ਗੁਰੂ ਗ੍ਰੰਥ ਸਾਹਿਬ, ਪੰਨਾ 1151)

ਭਾਵ: ਹੇ ਭਾਈ! ਪ੍ਰਭੂ-ਭਗਤਾਂ ਤੇ ਤੁਹਮਤਾਂ ਲਾਉਣ ਵਾਲਾ ਮਨੁੱਖ, ਤੁਮਤਾਂ ਲਾਉਣ ਵਾਲੇ ਦੀ ਸੰਗਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਪ੍ਰਭੂ ਪਰਮੇਸ਼ਰ ਨੇ ਵਿਕਾਰਾਂ ਵਿਚ ਡਿੱਗਣ ਵੱਲੋਂ ਸਦਾ ਹੀ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਨ੍ਹਾਂ ਉੱਤੇ ਤੁਹਮਤਾਂ ਲਾਉਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ ਗਰਜਦੀ ਰਹਿੰਦੀ ਹੈ।

ਹੇ ਭਾਈ! ਭਗਤ ਜਨਾ ਦੀ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਉਂਦਾ ਹੈ, ਨਿੰਦਕ ਦਾ ਆਪਣਾ ਆਚਰਣ ਹੀ ਗੰਦਾ ਹੋ ਜਾਂਦਾ ਹੈ। ਪਰੰਤੂ ਪਰਮਾਤਮਾ ਆਪਣੇ ਸੇਵਕ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਆਪ ਬਚਾ ਕੇ ਰੱਖਦਾ ਹੈ॥1॥

ਹੇ ਭਾਈ! ਭਗਤ-ਜਨਾਂ ਦੀ ਨਿੰਦਾ ਕਰਨ ਵਾਲੇ ਦੀ ਗੱਲ ਨੂੰ ਕੋਈ ਵੀ ਸੱਚ ਨਹੀਂ ਮੰਨਦਾ। ਨਿੰਦਾ ਕਰਨ ਵਾਲੇ ਝੂਠ ਬੋਲ ਕੇ ਫਿਰ ਅਫਸੋਸ ਹੀ ਕਰਦੇ ਹਨ। ਸੱਚਾਈ ਪ੍ਰਗਟ ਹੋਣ ਤੇ ਨਿੰਦਕ ਮੱਥੇ ਤੇ ਹੱਥ ਮਾਰਦੇ ਹਨ ਅਤੇ ਸ਼ਰੰਮਿੰਦਾ ਹੁੰਦੇ ਹਨ। ਪਰਮਾਤਮਾ ਉਨ੍ਹਾਂ ਨੂੰ ਨਿੰਦਾ ਦੀ ਸਜਾ ਜ਼ਰੂਰ ਦਿੰਦਾ ਹੈ॥2॥

ਹੇ ਭਾਈ! ਪਰਮਾਤਮਾ ਦਾ ਭਗਤ ਉਸ ਦੋਖੀ ਦਾ ਵੀ ਰਤਾ ਭਰ ਵੀ ਬੁਰਾ ਨਹੀਂ ਮੰਗਦਾ। ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ ਫਿਰ ਵੀ ਦੋਖੀ ਨੂੰ ਆਪਣੀ ਕਰਤੂਤ ਦਾ ਅਜਿਹਾ ਦੁੱਖ ਪਹੁੰਦਾ ਹੈ ਜਿਵੇਂ ਬਰਛੀ ਲੱਗਣ ਨਾਲ ਦੁੱਖ ਹੁੰਦਾ ਹੈ। ਹੇ ਭਾਈ! ਸੰਤ ਜਨਾਂ ਉੱਤੇ ਊਂਜਾਂ ਲਾਉਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਭ ਖਿਲਾਰੀ ਰੱਖਦਾ ਹੈ ਭਾਵ ਆਪਣੇ-ਆਪ ਨੂੰ ਚੰਗੇ ਜੀਵਨ ਵਾਲਾ ਪ੍ਰਗਟ ਕਰਦਾ ਹੈ ਪਰ ਜਦੋਂ ਨਿੰਦਾ ਕਰਦਾ ਹੈ ਤਾਂ ਉਹ ਝੂਠਾ ਹੋਣ ਕਰਕੇ ਲੋਕਾਂ ਵੱਲੋਂ ਦੁਰਕਾਰਿਆ ਜਾਂਦਾ ਹੈ॥3॥

2. ਗੁਰੂ ਰਾਮ ਦਾਸ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਅੰਦਰ ਚੁਗਲੀ ਨਿੰਦਾ ਹੁੰਦੀ ਹੈ ਉਹ ਚੁਗਲ ਦੇ ਨਾਮ ਨਾਲ ਮਸ਼ਹੂਰ ਹੋ ਜਾਂਦਾ ਹੈ, ਉਸ ਦੀ ਪਿਛਲੀ ਸਾਰੀ ਕੀਤੀ ਹੋਈ ਕਮਾਈ ਵਿਅਰਥ ਹੋ ਜਾਂਦੀ ਹੈ, ਉਹ ਸਦਾ ਪਰਾਈ ਝੂਠੀ ਚੁਗਲੀ ਕਰਦਾ ਹੈ, ਇਸ ਕਰਕੇ ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਅਤੇ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ।

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 308)

ਆਪ ਅੱਗੇ ਲਿਖਦੇ ਹਨ ਕਿ ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ ਗੁਰੂ ਤੋਂ ਵਿਛੜੇ ਰਹਿੰਦੇ ਹਨ, ਉਨ੍ਹਾਂ ਨੂੰ ਦਰਗਾਹ ਵਿਚ ਕੋਈ ਢੋਈ ਨਹੀਂ ਮਿਲਦੀ। ਜੇ ਕੋਈ ਉਨ੍ਹਾਂ ਦੀ ਸੰਗਤ ਕਰਦਾ ਹੈ ਉਸ ਦਾ ਭੀ ਮੂਹ ਫਿੱਕਾ ਅਤੇ ਲੋਕ ਫਿਟਕਾਰਾਂ ਮਾਰਦੇ ਹਨ। ਉਹ ਸਦਾ ਭੰਬਲਭੂਸੇ ਵਿਚ ਪਏ ਰਹਿੰਦੇ ਹਨ।

ਫਿਰ ਗੁਰੂ ਰਾਮਦਾਸ ਜੀ ਇਹ ਭੀ ਕਹਿੰਦੇ ਹਨ ਕਿ ਜੋ ਮਨੁੱਖ, ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਸ ਸਦਾ ਢਾਹਾਂ ਮਾਰਦੇ ਫਿਰਦੇ ਹਨ। ਉਨ੍ਹਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ ਅਤੇ ਸਦਾ ਭੁੱਖ-ਭੁੱਖ ਕੂਕਦੇ ਹਨ। ਕੋਈ ਉਨ੍ਹਾਂ ਦੀ ਗੱਲ ਤੇ ਇਤਬਾਰ ਨਹੀਂ ਕਰਦਾ। ਇਸ ਕਰਕੇ ਉਹ ਸਦਾ ਚਿੰਤਾ-ਫਿਰਕ ਵਿਚ ਹੀ ਖਪਦੇ ਹਨ।

ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ (ਗੁਰੂ ਗ੍ਰੰਥ ਸਾਹਿਬ, ਪੰਨਾ 308)

ਪੰਨਾ 314 ਤੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਸਤਿਗੁਰ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ ਮਿਲਦਾ ਹੈ। ਉਸ ਦਾ ਲੋਕ ਪ੍ਰਲੋਕ ਦੋਵੇਂ ਗਵਾਚ ਜਾਂਦੇ ਹਨ। ਪਰਮਾਤਮਾ ਦੇ ਦਰ ਤੇ ਭੀ ਉਸ ਨੂੰ ਥਾਂ ਨਹੀਂ ਮਿਲਦੀ।

ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥ ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 314)

3. ਰਾਗ ਆਸਾ ਪੰਨਾ 380 ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਭਾਈ! ਨਿੰਦਾ ਕਰਨ ਵਾਲੇ ਮਨੁੱਖ ਨੇ ਨਿੰਦਾ ਕਰਕੇ ਆਪਣਾ ਕੀਮਤੀ ਜਨਮ ਗਵਾ ਲਿਆ। ਕਿਸੇ ਭੀ ਕਾਰਨ ਉਹ ਸੰਤ ਜਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਅਤੇ ਨਿੰਦਾ ਕਾਰਨ ਉਸ ਨੂੰ ਪਰਲੋਕ ਵਿਚ ਵੀ ਆਦਰ ਦੀ ਥਾਂ ਨਹੀਂ ਮਿਲਦੀ॥ਰਹਾਉ॥

ਨਿੰਦਕ ਦੂਜਿਆਂ ਦੀ ਅਨੇਕ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ ਅਤੇ ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ। ਨਿੰਦਾ ਦੇ ਕਾਰਨ ਉਸ ਨੂੰ ਇਸ ਲੋਕ ਵਿਚ ਸੁੱਖ ਨਹੀਂ ਮਿਲਦਾ, ਪਰਮਾਤਮਾ ਦੀ ਹਜੂਰੀ ਵਿਚ ਭੀ ਉਸ ਨੂੰ ਆਦਰ ਵਾਲੀ ਥਾਂ ਨਹੀਂ ਮਿਲਦੀ। ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਹੈ॥1॥

ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥ ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥1॥ ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 380)

4. ਆਸਾ ਕੀ ਵਾਰ ਵਿਚ ਪੰਨਾ 472 ਤੇ ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਮਨੁੱਖ ਦੇ ਮਨ, ਜੀਵ, ਅੱਖਾਂ, ਕੰਨ ਆਦਿ ਭਿੱਟੇ ਪਏ ਹਨ ਕਿਉਂਕਿ ਉਹ ਲੋਭ ਝੂਠ ਬੋਲਚ, ਪਰਾਇਆ ਰੂਪ ਤੇ ਧਨ ਵੱਲ ਤੱਕਣ ਅਤੇ ਨਿੰਦਾ-ਚੁਗਲੀ ਸੁਣਨ ਵਿਚ ਮਸਤ ਹਨ। ਨਤੀਜਾ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਹੰਸਾਂ ਵਰਗੇ ਉੱਜਲ ਆਦਮੀ ਬਧੇ ਹੋਏ ਨਰਕਾਂ ਨੂੰ ਭਾਵ ਜਨਮ-ਮਰਨ ਦੇ ਗੇੜ ਵਿਚ ਪੈ ਝਾਂਦੇ ਹਨ। ਇਸ ਕਰਕੇ ਇਨ੍ਹਾਂ ਵਿਕਾਰਾਂ ਤੋਂ ਬਚਣ ਦੀ ਲੋੜ ਹੈ।

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 472)

5. ਰਾਗ ਸੂਹੀ ਵਿਚ ਗੁਰੂ ਅਰਜਨ ਜੀ ਕਹਿੰਦੇ ਹੇਨ ਕਿ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ। ਮਨੁਮੁਖ ਲੋਕ ਹੀ ਨਿੰਦਿਆ ਕਰਦੇ ਹਨ। ਆਪ ਦਾ ਫੁਰਮਾਨ ਹੈ:

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥6॥ (ਗੁਰੂ ਗ੍ਰੰਥ ਸਾਹਿਬ, ਪੰਨਾ 755)

6. ਰਾਗ ਬਿਲਾਵਲੁ ਵਿਚ ਆਪ ਲਿਖਦੇ ਹਨ:

ਨਿੰਦਕੁ ਐਸੇ ਹੀ ਝਰਿ ਪਰੀਐ ॥ ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥1॥ ਰਹਾਉ ॥

ਭਾਵ: ਨਿੰਦਕ ਦੇ ਜੀਵਨ ਦੀ ਇਹ ਨਿਸ਼ਾਨੀ ਹੈ ਕਿ ਜਿਵੇਂ ਕੱਲਰ ਦੀ ਕੰਧ ਡਿੱਗ ਪੈਂਦੀ ਹੈ, ਨਿੰਦਕ ਭੀ ਉਸੇ ਤਰ੍ਹਾਂ ਆਤਮਿਕ ਉਚਤਾ ਤੋਂ ਡਿੱਗ ਪੈਂਦਾ ਹੈ। ਇਸ ਤਰ੍ਹਾਂ ਸਾਰਾ ਜਗਤ ਉਸ ਨੂੰ ਪਿਟਕਾਰਾਂ ਪਾਉਂਦਾ ਹੈ।

ਬਲਬਿੰਦਰ ਸਿੰਘ ਅਸਟ੍ਰੇਲੀਆ
.