.

ਜੇਕਰ ਕਾਬੇ ਤੋਂ ਹੀ ਕੁਫਰ ਚਲੇਗਾ ਤਾਂ ਸੱਚ ਕਿਥੋਂ ਲੱਭਾਂਗੇ !

ਗੁਰਸ਼ਰਨ ਸਿੰਘ ਕਸੇਲ

ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਪ੍ਰਚਲਤ ਧਰਮ ਹਿੰਦੂ, ਮੁਸਲਮਾਨ ਅਤੇ ਜੋਗ ਮੱਤ ਵਾਲਿਆਂ ਬਹੁਗਿਣਤੀ ਪੁਜਾਰੀਆਂ ਵੱਲੋਂ ਲੋਕਾਈ ਨੂੰ ਅਤਾਮਿਕ ਤੌਰ ਤੇ ਬਲਵਾਨ ਕਰਨ ਦੀ ਬਜਾਏ ਵਹਿਮਾ ਭਰਮਾ, ਅੰਧਵਿਸ਼ਵਾਸ਼ਾਂ, ਕਰਮਕਾਡਾਂ ਅਤੇ ਸਗੁਨ ਅਪਸਗੁਨ ਦੇ ਚੱਕਰਾਂ ਵਿਚ ਪਾ ਪਾਇਆ ਹੋਇਆ ਸੀ। ਉਥੇ ਅਕਾਲ ਪੁਰਖ ਦੀ ਹੌਦ ਬਾਰੇ ਵੱਖ ਵੱਖ ਤਰ੍ਹਾਂ ਦੇ ਭਰਮ ਪਾਏ ਹੋਏ ਸਨ । ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਆਪਣੀ ਵਿਚਾਰਧਾਰਾ ਨਾਲ ਮੇਲ ਖਾਂਦਾ ਦਿਸਿਆ ਤਾਂ ਉਹਨਾਂ ਆਪਣੇ ਕੋਲ ਇਸ ਸ਼ਬਦ ਨੂੰ ਸਾਂਭ ਲਿਆ : ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ।। (ਭਗਤ ਨਾਮਦੇਵ ਜੀ, ਪੰਨਾ 874-875) ਅਰਥ:-ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ। (ਨੋਟ: ਇਥੇ ਗਿਆਨੀ ਤੋਂ ਭਾਵ ਸਿੱਖ ਧਰਮ ਨਾਲ ਸਬੰਧ ਰੱਖਣ ਵਾਲਾ ਗਿਆਨੀ ਨਹੀਂ ਹੈ।) ਟੀਕਾਕਾਰ:-ਪ੍ਰੋ: ਸਾਹਿਬ ਸਿੰਘ ਜੀ
ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਗੁਰੂ (ਜੀਵਨ ਜਾਚ) ਦੀ ਵਿਚਾਰਧਾਰਾ ਲੋਕਾਈ ਸਾਹਮਣੇ ਰੱਖੀ ਸੀ । ਪਰ ਅੱਜ ਸਾਡੇ ਕਿੰਨੇ ਕੁ ਪੇਸ਼ਾਵਰ ਪ੍ਰਚਾਰਕ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਸਿੱਖਾਂ ਨੂੰ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜ ਰਹੇ ਹਨ ? ਇਸ ਸਮੇਂ ਸ਼ਾਇਦ ਹੀ ਹਿੰਦੂ ਧਰਮ ਦੇ ਮੰਦਰਾਂ ਵਿਚ ਉਹਨੇ ਕਰਮਕਾਂਡ ਤੇ ਅੰਧਵਿਸ਼ਵਾਸ਼ਾਂ ਵਿਚ ਪਾਉਣ ਵਾਲੇ ਉਥੇ ਦੇ ਪੁਜਾਰੀ ਕਰਦੇ ਹੋਣ, ਜਿੰਨੇ ਸਾਡੇ ਬਹੁਗਿਣਤੀ ਗੁਰਦੁਆਰਿਆਂ ਵਿਚ ਹੁੰਦੇ ਹਨ ।
ਇਕ ਗੁਰਦੁਆਰੇ ਦੇ ਖਾਸ ਰੁਤਬੇ ਵਾਲੇ ਪ੍ਰਬੰਧਕ ਜਿਸ ਨੂੰ ਸਮਝਦਾ ਹਾਂ ਕਿ ਉਹ ਕਾਫੀ ਸੁਲਝੇ ਹੋਏ ਪੜ੍ਹੇ ਲਿਖੇ ਇਨਸਾਨ ਹਨ । ਉਹਨਾ ਨਾਲ ਰਾਗੀ,ਪਾਠੀ ਜਾਂ ਲੰਗਰ ਦੀ ਸੇਵਾ ਲਈ 31, 51, 101 ਜਾਂ ਇਸ ਤੋਂ ਵੱਧ ਵੀ ਲੈਣ ਸਮੇਂ ਹਮੇਸ਼ਾਂ ਇਕ ਡਾਲਰ ਵੱਧ ਕਰਨ ਦੀ ਗੱਲ ਕੀਤੀ ਸੀ ਕਿ ਵੀਰ ਜੀ, ਤੁਸੀਂ 30 ਜਾਂ 35 ਜਾਂ 40 ਆਦਿ ਕਿਉਂ ਨਹੀ ਲੈਂਦੇ, ਹਮੇਸ਼ਾਂ ਇਕ ਡਾਲਰ ਵੱਧ ਕਿਉਂ ਲੈਦੇ ਹੋ ? ਤਾਂ ਉਹਨਾਂ ਦਾ ਜਵਾਬ ਸੀ ਕਿ “ ਇਹ ਵਾਧੇ ਲਈ ਹੁੰਦਾ ਹੈ ਅਤੇ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਹੈ” । ਉਹਨਾਂ ਨੂੰ ਪੁੱਛਿਆ ਕਿ ਕਿਸ ਗੁਰੂ ਸਾਹਿਬ ਦੇ ਸਮੇਂ ਤੋਂ ਤਾਂ ਕਹਿੰਦੇ “ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ” । ਫਿਰ ਪੁੱਛਿਆ ਕਿ ਕੀ ਕੋਈ ਇਸ ਵਾਧੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੋਈ ਸ਼ਬਦ ਦਰਜ ਹੈ ? ਕੀ ਇਹ ਸਗਣ-ਅਪਸਗਣ ਵਾਲੀ ਗੱਲ ਤਾਂ ਨਹੀਂ ? ਤਾਂ ਗੁਸੇ ਨਾਲ ਕਹਿੰਦੇ, “ ਅੱਜ ਆਪਾਂ ਪੁਰਾਣੇ ਸਿੱਖਾਂ ਨਾਲੋਂ ਜਿਆਦਾ ਸਿਆਣੇ ਹੋ ਗਏ ਹਾਂ । ਪਰ ਇਹ ਕਹਿੰਦੇ ਸਗਨ-ਅਪਸਗਣ ਵਾਲੀ ਗੱਲ ਨਹੀਂ” । ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਪੁਰਾਣੇ ਸਿੱਖਾਂ ਨੂੰ ਆਪਾਂ ਧਰਮ ਵਿਚ ਹੀ ਸਿਆਣੇ ਸਮਝਦੇ ਹਾਂ ਕਿ ਕਿਸੇ ਹੋਰ ਵਿਸ਼ੇ ਤੇ ਵੀ ਤਾਂ ਉਸ ਬਾਰੇ ਕੋਈ ਜਵਾਬ ਨਹੀਂ ਸੀ । ਜਿਥੇ ਸਿੱਖਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾ ਭਰਮਾ ਅਤੇ ਕਰਮਕਾਂਡਾ ਵਿਚ ਪਾਉਣਾ ਹੁੰਦਾ ਹੈ ਉਥੇ ਅਸੀ ਪੁਰਾਣੇ ਸਿੱਖਾਂ ਦਾ ਨਾਂਅ ਲੈ ਲੈਂਦੇ ਹਾਂ । ਸਵਾਲ ਕਰਨ ਵਾਲੇ ਨੂੰ ਜਾਂ ਤਾਂ ਕਹਿਣਗੇ ਤੂੰ ਬਹੁਤਾ ਸਿਆਣਾ ਹੈ ਜਾਂ ਨਾਸਤਿਕ ਆਖ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ । ਮੂੰਹ ਤੋਂ ਭਾਵੇਂ ਅਜਿਹੇ ਪ੍ਰਬੰਧਕ ਤੇ ਪੇਸ਼ਾਵਰ ਪ੍ਰਚਾਰਕ ਇਹ ਗੱਲ ਨਹੀਂ ਮੰਨਦੇ ਪਰ ਹੈ ਇਹ ਲੋਕਾਂ ਨੂੰ ਸਗਨ-ਅਪਸਗਨ ਦੇ ਭਰਮਾ ਵਿਚ ਹੀ ਪਾਉਣ ਵਾਲੀ ਗੱਲ । ਹਾਂ, ਵਾਧਾ ਤਾਂ ਭਾਈ ਜੀ ਦਾ ਹੋਵੇਗਾ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਇਸ ਗੱਲੋਂ ਤਾਂ ਇਹ ਲੋਕ ਸੱਚੇ ਹਨ ਪਰ ਪੈਸੇ ਦੇਣ ਵਾਲੇ ਦਾ ਵਾਧਾ ਕਿਵੇਂ ਹੋਇਆ ? ਅਜਿਹੇ ਪ੍ਰਬੰਧਕ ਇਕ ਡਾਲਰ ਜਾਂ ਰੁਪਏ ਵੱਧ ਵਾਲੀ ਵਾਧੇ ਦੀ ਗੱਲ ਜਦੋਂ ਕਿਤੇ ਨੋਕਰੀ ਕਰਦੇ ਹਨ ਤਾਂ ਉਥੋਂ ਦੀ ਕੋਪਨੀ ਨੂੰ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਇਕ ਡਾਲਰ ਜਾਂ ਰੁਪਈਆ ਵੱਧ ਦਿਤਾ ਜਾਵੇ, ਇਸ ਨਾਲ ਸਾਡੇ ਘਰ ਵਿਚ ਵਾਧਾ ਹੋਵੇਗਾ; ਹਾਲਾਂਕਿ ਉਸ ਕਮਾਈ ਤੋਂ ਇਹਨਾਂ ਦਾ ਸਾਰੇ ਘਰ ਦਾ ਖਰਚ ਚਲਦਾ ਹੈ । ਗੁਰਮਤਿ ਅਜਿਹੇ ਸਗਨ-ਅਪਸਗਨ ਬਾਰੇ ਤਾਂ ਇਹ ਸਮਝਾਉਂਦੀ ਹੈ: ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥(ਮ:5,ਪੰਨਾ 401)
ਕੁਝ ਸੂਝਵਾਨ ਸਿੱਖਾਂ ਨੇ 1945 ਈਸਵੀ ਲਾਗੇ ਉਸ ਸਮੇਂ ਅਨੁਸਾਰ ਸਿੱਖ ਪੰਥ ਨੂੰ ਇਕਠਿਆਂ ਕਰਨ ਲਈ ‘ਪੰਥਕ ਰਹਿਤ ਮਰਯਾਦਾ’ ਬਣਾਈ ਸੀ ਕੀ ਅੱਜ ਕਿੰਨੇ ਕੁ ਗੁਰਦੁਆਰਿਆਂ ਵਿਚ ਉਹ ਲਾਗੂ ਹੈ । ਸਿੱਖ ਰਹਿਤ ਮਰਯਾਦਾ ਅਨੁਸਾਰ ਹੇਠ ਲਿਖੀਆਂ ਕੁਝ ਕੁ ਗੱਲ ਜਿਹਨਾਂ ਦੀ ਕਰਨ ਤੋਂ ਮਨਾਹੀ ਹੈ । ਵੇਖਣ ਵਾਲੀ ਗੱਲ ਇਹ ਹੈ ਕਿ ਅੱਜ ਪੁਰਾਣੇ ਸਿੱਖਾਂ ਨੂੰ ਸੂਝਵਾਨ ਆਖਣ ਵਾਲੇ ਕਿੰਨੇ ਕੁ ਇਸ ਲਿਖਤ ਨੂੰ ਮੰਨਦੇ ਹਨ :
ਗੁਰਦੁਆਰੇ: (ਸ) ਉਪਰ ਦੱਸੇ ਸਾਮਾਨ ਤੋਂ ਇਲਾਵਾ ਧੁਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

ਅਖੰਡਪਾਠ: ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
ਜਦੋਂ ਅਜਿਹੇ ਪ੍ਰਬੰਧਕ ਆਪ ਗੁਰਦੁਆਰਿਆਂ ਵਿਚ ਇਸ ਤਰ੍ਹਾਂ ਦੇ ਕਰਮ ਕਰਦੇ ਹਨ ਤਾਂ ਕੀ ਉਸ ਵੇਲੇ ਪੁਰਾਣੇ ਸਿੱਖ ਯਾਦ ਨਹੀਂ ਆਉਂਦੇ । ਜਿਹੜੀ ਗੱਲ ਕਿਸੇ ਸਾਧ ਲਾਣੇ ਨੇ ਆਪਣੀ ਆਮਦਨ ਵਧਾਉਣ ਲਈ ਸਗਨ-ਅਪਸਗਨ ਆਖਕੇ ਚਲਾਈ ਹੈ, ਉਹ ਅਸੀਂ ਕਰੀ ਜਾਂਦੇ ਹਾਂ । ਅੱਜ ਬਹੁਗਿਣਤੀ ਗੁਰਦੁਆਰਿਆਂ ਵਿਚ ਅਖੰਡ ਪਾਠ ਜਾਂ ਸਧਾਰਨ ਪਾਠ ਅਰੰਭ ਕਰਦੇ ਸਮੇਂ ਸੱਭ ਤੋਂ ਪਹਿਲਾਂ ਤਾਂ ਭਾਈ ਜੀ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤੇ ਕੁੰਭ, ਜੋਤ, ਨਾਰੀਅਲ ਤੇ ਮੋਲੀ ਦੇ ਧਾਗੇ ਦਾ ਹੀ ਪ੍ਰਬੰਧ ਕਰਦੇ ਹਨ ਹੋਰ ਭਾਂਵੇ ਕੋਈ ਚੀਜ ਰਹਿ ਜਾਵੇ, ਜਦਕਿ ਜਿਹਨਾਂ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ ।
ਸਿੱਖਾਂ ਦੇ ਸੱਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁੱਖ ਭੱਜਣੀ ਬੇਰੀ ਦੇ ਨਾਂਅ ਹੇਠ ਲੋਕਾਂ ਨੂੰ ਇਸ ਥੱਲੇ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਨ ਲਈ ਸਾਡੇ ਪੇਸ਼ਾਵਰ ਪ੍ਰਚਾਰਿਕ ਉਚੀ ਉਚੀ ਬੋਲ ਕੇ ਪ੍ਰਚਾਰ ਕਰਦੇ ਹਨ । ਜਦ ਕਿ ਉਹ ਬੇਰੀ ਦੇ ਦੁੱਖ ਦੂਰ ਕਰਨ ਲਈ ਉਸ ਦੇ ਕੀੜੇ ਮਾਰਨ ਲਈ ਉਸ ਤੇ ਦਵਾਈ ਪਾਈ ਜਾਂਦੀ ਹੈ । ਉਸ ਹੇਠ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੋਣ ਦਾ ਦਾਵਾ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕੇ ਝੂਠ ਬੋਲਦੇ ਹਨ । ਇਸ ਤਰ੍ਹਾਂ ਦੇ ਪ੍ਰਚਾਰਕ ਸਿੱਖਾਂ ਨੂੰ ਇਕ ਅਕਾਲ ਪੁਰਖ ‘ਤੇ ਓਟ ਰੱਖਣ ਦੀ ਬਜਾਏ ਰੁੱਖਾਂ, ਥੜ੍ਹਿਆਂ, ਪਾਣੀਆਂ ਆਦਿ ਨਾਲ ਜੋੜ ਰਹੇ ਹਨ । ਕੀ ਗੁਰਮਤਿ ਕਿਸੇ ਵੀ ਰੁੱਖ ਥੱਲੇ ਇਸ਼ਨਾਨ ਕਰਨ ਨਾਲ ਸੱਭ ਸਰੀਰਕ ਦੁੱਖ ਹੋਣ ਦੀ ਗੱਲ ਕਰਦੀ ਹੈ ? ਜੇਕਰ ਕਿਸੇ ਖਾਸ ਕਿਸਮ ਦੇ ਜਾਂ ਕਰਾਮਾਤੀ ਰੁੱਖਾਂ ਥੱਲੇ ਇਸ਼ਨਾਨ ਕਰਨ ਨਾਲ ਸਰੀਰਕ ਦੱਖ ਦੂਰ ਹੁੰਦੇ ਤਾਂ ਗੁਰੂ ਸਾਹਿਬ ਆਪ ਦਵਾਖਾਨੇ ਕਿਓ ਖੋਲਦੇ ?
ਗੁਰਮਤਿ ਵਿਚ ਹਿੰਦੂ ਧਰਮ ਵਾਂਗੂ ਤੀਰਥ ਯਾਤਰਾ ਦਾ ਕੋਈ ਸਿਧਾਤ ਨਹੀਂ ਹੈ । ਹਾਂ, ਜਿਥੇ ਕਿਤੇ ਗੁਰੂ ਸਹਿਬਾਨਾ ਜਾ ਕੇ ਕੁਝ ਮੁੱਖ ਕੰਮ ਕੀਤੇ ਹਨ, ਉਹ ਥਾਵਾਂ ਆਪਣੀ ਜਾਣਕਾਰੀ ਲਈ ਵੇਖਣ ਜਾਣਾ ਹੋਰ ਗੱਲ ਹੈ; ਪਰ ਕਿਸੇ ਸੁੱਖਣਾ ਜਾਂ ਤੀਰਥ ਯਾਤਰਾ ਕਰਕੇ ਕੋਈ ਕਰਾਮਾਤ ਹੋਣ ਦੀ ਆਸ ਰੱਖਣੀ ਮਨਮਤ ਹੈ । ਗੁਰਮਤਿ ਤੀਰਥ ਕਿਸ ਨੂੰ ਸਮਝਦੀ ਹੈ ਇਸ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ : ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥(ਮ:3 ਪੰਨਾ 587) ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥(ਮ:1,ਪੰਨਾ 687)
ਜਿਹੜੀ ਪਵਿਤਰ ਬਾਣੀ ਇਨ੍ਹਾਂ ਦੇ ਆਪਣੇ ਦਿਮਾਗ ਵਿਚ ਤਾਂ ਸਿਧੀ ਨਹੀਂ ਜਾਂਦੀ ਪਰ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਆਖਕੇ ਉਸ ਵਿਚ ਇਸ਼ਨਾਨ ਕਰਨ ਅਤੇ ਚੂਲੇ ਪੀਣ ਲਈ ਪ੍ਰਚਾਰਦੇ ਹਨ ਪਰ ਗੁਰਬਾਣੀ ਦਾ ਸੰਦੇਸ਼ ਤਾਂ ਇਹ ਹੈ: ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ (ਮ:1,ਪੰਨਾ 1240)
ਗੁਰਦੁਆਰੇ ਦੀ ਚਾਰਦੁਆਰੀ ਦੇ ਵਿਚ ਲੋਕਾਂ ਕੋਲੋ ਪੈਸੇ ਲੈਕੇ ਅਖੰਡ ਪਾਠ ਰੱਖੇ ਹੋਏ ਹਨ, ਜਿਸਨੂੰ ਕਰਵਾਉਣ ਵਾਲਾ ਜਾਂ ਕੋਈ ਵੀ ਹੋਰ ਸਰੋਤਾ ਨਹੀਂ ਸੁਣ ਰਿਹਾ ਹੁੰਦਾ । ਜਿਸ ਗੁਰਬਾਣੀ ਨੂੰ ਪਾਠ ਰਖਾਉਣ ਵਾਲੇ ਨੇ ਸੁਣਿਆ ਹੀ ਨਹੀਂ ਉਸ ਨੂੰ ਕੀ ਸਿਖਿਆ ਮਿਲੀ ਹੋਵੇਗੀ ? ਇਹ ਤਾਂ ਕਦੀ ਵੀ ਸੁਣਨ ਵਿਚ ਨਹੀਂ ਆਇਆ ਕਿ ਕਿਸੇ ਇਨਸਾਨ ਨੇ ਆਪਣੇ ਬੱਚੇ ਦੇ ਅਧਿਆਪਕ ਨੂੰ ਆਖਿਆ ਹੋਵੇ ਕਿ ਮਾਸਟਰ ਜੀ, ਇਹ ਪੈਸੇ ਲੈ ਲਉ ਤੇ ਤੁਸੀਂ ਆਪ ਹੀ ਸਾਡੇ ਬੱਚੇ ਲਈ ਪੜ੍ਹ ਲੈਣਾ ਪਰ ਜਦੋਂ ਇਮਤਹਾਨ ਹੋਵੇਗਾ ਤਾਂ ਇਹ ਜੋ ਤੁਸੀਂ ਪੜ੍ਹਿਆ ਹੈ ਇਹ ਉਸਨੂੰ ਉਸ ਵੇਲੇ ਯਾਦ ਆ ਜਾਵੇ ਤਾਂ ਜੋ ਸਾਡਾ ਬੱਚਾ ਚੰਗੇ ਨੰਬਰ ਲੈਕੇ ਪਾਸ ਹੋ ਜਾਵੇਗਾ । ਜੇ ਇਹ ਨਹੀਂ ਹੋ ਸਕਦਾ ਤਾਂ ਫਿਰ ਗੁਰਬਾਣੀ ਪੜ੍ਹਨ ਵਾਲੇ ਭਾਈ ਜੀ ਦੀ ਮੂੰਹ ਵਿਚ ਪੜ੍ਹੀ ਬਾਣੀ ਦੀ ਸਮਝ ਸਾਨੂੰ ਕਿਵੇਂ ਲੱਗ ਜਾਵੇਗੀ । ਇਹ ਗੱਲ ਭਾਈ ਜੀ ਵੀ ਜਾਣਦੇ ਹਨ ਤੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਪਰ ਸਿੱਖਾਂ ਨੂੰ ਦੱਸਣਗੇ ਕਿਉਂ ? ਕਿਉਕਿ ਇਹ ਉਹਨਾਂ ਦੀ ਕਮਾਈ ਦਾ ਸਾਧਨ ਹੈ । ਇਹ ਤਾਂ ਸਗੋਂ ਚਾਹੁਣਗੇ ਕਿ ਸਿੱਖ ਅੰਧਵਿਸ਼ਵਾਸਾਂ ਤੇ ਵਹਿਮਾ ਭਰਮਾ ਦੀ ਘੁੰਮਣਘੇਰੀ ਵਿਚ ਫੱਸੇ ਰਹਿਣ । ਗੁਰਬਾਣੀ ਤਾਂ ਸੋਝੀ ਦੇਂਦੀ ਹੈ: ਸਲੋਕੁ ॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ (ਮ:3 ਪੰਨਾ 594) ਪਰ ਜਿਹਨਾਂ ਨੇ ਪਾਠ ਸੁਣਿਆ ਹੀ ਨਹੀਂ ਭਾਈ ਜੀ ਅਤੇ ਪ੍ਰਬੰਧਕ ਤਾਂ ਭੋਗ ਪੈਣ ਸਮੇਂ ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਆਖਕੇ ਖੁਸ਼ ਕਰ ਦੇਂਦੇ ਹਨ । ਇਸ ਬਾਣੀ ਦਾ ਅਸਰ ਮਰਨ ਤੋਂ ਬਾਅਦ ਹੋਣ ਦੀ ਆਸ ਦੇਂਦੇ ਹਨ ਪਰ ਪੈਸੇ ਇਸੇ ਵੇਲੇ ਲੈਂਦੇ ਹਨ ।
ਅੱਜ ਇਕ ਅਕਾਲ ਪੁਰਖ ਨੂੰ ਸਿਮਰਨ ਦੀ ਬਜਾਏ ਸੰਗਰਾਂਦ, ਮੱਸਿਆ, ਪੁੱਨਿਆ ਆਦਿਕ ਅਕਾਲ ਪੁਰਖ ਦੀ ਕਿਰਤ ਸੁਰਜ, ਚੰਦ ਨੂੰ ਪੂਜਣ ਦਾ ਉਪਦੇਸ਼ ਦਿਤਾ ਜਾਂਦਾ ਹੈ । ਸਾਡੇ ਗੁਰਦੁਆਰਿਆਂ ਵਿਚ ਇਸ ਤਰ੍ਹਾਂ ਦੇ ਦਿਨਾਂ ਨੂੰ ਪਵਿੱਤਰ ਆਖਿਆ ਜਾਂਦਾ ਹੈ ਤਾਂ ਜੋ ਲੋਕ ਇਸ ਦਿਨ ਵੱਧ ਆਉਣ ਤੇ ਸਾਡੀ ਕਮਾਈ ਵੱਧੇ । ਲੋਕਾਂ ਨੂੰ ਗਿਆਨ ਦੇਣ ਲਈ ਨਹੀਂ ਸਗੋਂ ਆਪਣੇ ਪੇਟ ਪੂਜਾ ਲਈ ਗਲਤ ਪ੍ਰਚਾਰ ਕਰਦੇ ਹਨ । ਜਦਕਿ ਗੁਰਬਾਣੀ ਅਜਿਹੇ ਦਿਨਾਂ ਨੂੰ ਪਵਿੱਤਰ ਆਖਣ ਵਾਲੇ ਲੋਕਾਂ ਨੂੰ ਤਾਂ ਮੂਰਖ ਆਖਦੀ ਹੈ; ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ।। (ਮ:5,ਪੰਨਾ 845-46)
ਕਈ ਗੁਰਦੁਆਰਿਆਂ ਵਿਚ ਉਚੀ-ਉਚੀ ਵਾਹਿਗੁਰੂ ਵਹਿਗੁਰੂ ਕਰਨ ਲਾ ਦੇਂਦੇ ਹਨ । ਜਿਵੇਂ ਰੱਬ ਕਿਤੇ ਦੂਰ ਬੈਠਾ ਹੋਵੇ । ਜਦਕਿ ਗੁਰੂ ਸਾਹਿਬਾਨ ਨੇ ਵਾਹਿਗੁਰੂ ਸ਼ਬਦ ਅਕਾਲ ਪੁਰਖ ਲਈ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੀ ਨਹੀਂ । ਫਿਰ ਵੀ ਜੇ ਸਿੱਖਾਂ ਨੇ ਅਕਾਲ ਪੁਰਖ ਨੂੰ ਯਾਦ ਕਰਨ ਲਈ ‘’ਵਾਹਿਗੁਰੂ’ ਸ਼ਬਦ ਕਹਿਣਾ ਹੀ ਹੈ ਤਾਂ ਹੋਰ ਬਾਣੀ ਵਾਂਗਰ ਹੋਲੀ ਵੀ ਆਖਿਆ ਜਾ ਸਕਦਾ ਹੈ । ਗੁਰੂ ਸਹਿਬਾਨ ਨੇ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਹੈ । ਜਿਹੜੀ ਗੱਲ ਭਗਤ ਕਬੀਰ ਜੀ ਮੁਲਾ ਨੂੰ ਸਮਝਾ ਰਹੇ ਹਨ ਉਹ ਕੰਮ ਅੱਜ ਸਿੱਖ ਕਰ ਰਹੇ ਹਨ । ਜਦਕਿ ਗੁਰਬਾਣੀ ਤਾਂ ਸਮਝਾਉਂਦੀ ਹੈ: ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥ (ਪੰਨਾ 1420) ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥ ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥(ਮ:3 ਪੰਨਾ 1420)
ਗੁਰਦੁਆਰਿਆਂ ਦੀਆਂ ਸਟੇਜਾਂ ਤੇ ਬੈਠੇ ਪੇਸ਼ਾਵਰ ਪ੍ਰਚਾਰਕ ਇਕ ਪਾਸੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੂਰਜ ਦੀ ਬਜਾਏ ਪੱਛਮ ਵੱਲ ਪਾਣੀ ਦੇਣ ਵਾਲੀ ਸਾਖੀ ਅਤੇ ਜੰਜਊ ਨਾ ਪਾਉਣ ਵਾਲੀ ਸਾਖੀ ਸੁਣਾਉਂਦੇ ਹਨ ਪਰ ਦੂਜੇ ਪਾਸੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈਕੇ ਗੁਰਦੁਆਰੇ ਤੋਂ ਬਾਹਰ ਜਾਂਦੇ ਹਨ ਤਾਂ ਗਲਾਸ ਜਾਂ ਡੋਲੂ ਵਿਚ ਪਾਣੀ ਪਾ ਕੇ ਅੱਗੇ ਅੱਗੇ ਮਾੜਾ ਜਿਹਾ ਛਿੱਟੇ ਮਾਰਨ ਨੂੰ ਆਖਦੇ ਹਨ । ਕੀ ਇਹ ਕਰਮਕਾਂਡ ਨਹੀਂ ਹੈ ? ਕੀ ਇਸ ਤਰ੍ਹਾਂ ਧਰਤੀ ਸੁੱਚੀ ਹੋ ਜਾਂਦੀ ਹੈ ? ਇਹ ਗੱਲ ਇਹਨਾਂ ਨੂੰ ਕੋਣ ਪੁੱਛੇ ? ਕੱਚੀ ਸੜਕ ਤੇ ਧੂੜ ਉਡਣ ਤੋਂ ਰੋਕਣ ਲਈ ਪਾਣੀ ਦਾ ਛੜਕਾ ਕਰਨਾ ਵੱਖਰੀ ਗੱਲ ਹੈ। ਕਈ ਭਾਈ ਜੀ ਤਾਂ ਗੁਰਦੁਆਰੇ ਦੇ ਅੰਦਰ ਹੀ ਜਦ ਕੜਾਹ ਪ੍ਰਸ਼ਾਦ ਲੈਕੇ ਆਉਂਦੇ ਹਨ ਤਾਂ ਵੀ ਅੱਗੇ ਅੱਗੇ ਪਾਣੀ ਤਰੋਕਣ ਕਿਸੇ ਨੂੰ ਡਾਹ ਦੇਂਦੇ ਹਨ । ਜਦ ਗੁਰਬਾਣੀ ਤਾਂ ਉਹ ਸਦੀਵੀ ਗਿਆਨ ਹੈ ਜੋ ਮਨੁੱਖ ਨੂੰ ਵੀ ਸੁੱਚਾ ਕਰ ਦੇਂਦਾ ਹੈ। ਗੁਰਬਾਣੀ ਦਾ ਧਰਤੀ ਨੂੰ ਜੂਠੀ ਆਖਣ ਵਾਲਿਆਂ ਬਾਰੇ ਇਹ ਫੁਰਮਾਨ ਹੈ: ਜੂਠਿ ਨ ਰਾਗੀ. ਜੂਠਿ ਨ ਵੇਦੀ. ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥ ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥(ਮ:1,ਪੰਨਾ 1240)
ਅੱਜ ਅਸੀਂ ਗੁਰਮਿਤ ਤੋਂ ਤਾਂ ਕੋਹਾ ਦੂਰ ਹਾਂ, ਸਿਰਫ ਵਿਖਾਵੇ ਵਾਲੀਆਂ ਰਸਮਾ ਕਰਕੇ ਹੀ ਆਪਣੇ ਆਪ ਨੂੰ ਸਿੱਖ ਧਰਮ ਦੇ ਪੈਰੋਕਾਰ ਸਮਝੀ ਬੈਠੇ ਹਾਂ । ਹਾਂਲਾਂਕਿ ਇਹਨਾਂ ਰਸਮਾ ਦਾ ਗੁਰਮਤਿ ਨਾਲ ਕੋਈ ਸਬੰਧ ਹੈ ਹੀ ਨਹੀਂ । ਜੇਕਰ ਸਾਡੇ ਗੁਰਦੁਆਰਿਆਂ ਤੋਂ ਹੀ ਸਾਨੂੰ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਵਿਚ ਪਾਇਆ ਜਾਵੇਗਾ ਤਾਂ ਸਿੱਖ ਤੇ ਉਹ ਹੀ ਕਰਮ ਕਰਨਗੇ; ਕਿਉਂਕਿ ਬਹੁਗਿਣਤੀ ਸਿੱਖ ਤਾਂ ਉਹ ਹੀ ਸੱਚ ਸਮਝਦੇ ਹਨ ਜੋ ਗੁਰਦੁਆਰਿਆਂ ਵਿਚ ਹੁੰਦਾ ਹੈ ਅਤੇ ਪੇਸ਼ਾਵਰ ਪ੍ਰਚਾਰਕ ਦੱਸਦੇ ਹਨ । ਅੱਜ ਸਾਡੇ ਸਿੱਖ ਧਰਮ ਦੇ ਬਹੁਗਿਣਤੀ ਪ੍ਰਚਾਰਕਾਂ ਅਤੇ ਗੁਰਦੁਆਰਿਆਂ ਦੇ ਪ੍ਰਭੰਧਕਾਂ ਦੀ ਵੀ ਉਸ ਕਹਾਵਤ ਵਰਗੀ ਗੱਲ ਹੋਈ ਹੈ ਕਿ ‘ਜੇਕਰ ਕਾਬੇ ਤੋਂ ਹੀ ਕੁਫਰ ਚਲੇਗਾ ਤਾਂ ਸੱਚ ਕਿਥੋਂ ਲੱਭਾਂਗੇ’ ! ਹਾਂ, ਜਿਹੜੇ ਪ੍ਰਚਾਰਕ ਜਾਂ ਗੁਰਦੁਆਰਿਆਂ ਦੇ ਪ੍ਰਬੰਧਕ ਗੁਰਮਤਿ ਅਨੁਸਾਰ ਸਿੱਖਾਂ ਨੂੰ ਸੋਝੀ ਦੇਂਦੇ ਹਨ ਉਹ ਸਤਿਕਾਰ ਯੋਗ ਹਨ ।
.