.

ਯਹ ਮਾਲਾ ਅਪਨੀ ਲੀਜੈ

ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥੩॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥(656)

ਮਿਤੀ 19. 10. 2016 ਨੂੰ ਅਤੇ ਮਿਤੀ 04. 10. 2016 ਨੂੰ ਭਗਤ ਧੰਨਾ ਜੀ ਦੇ ਸ਼ਬਦ ਦੀ ਵਿਆਖਿਆ ਸਰਦਾਰ ਆਤਮਜੀਤ ਸਿੰਘ ਜੀ ਵੱਲੋਂ ਖਾਲਸਾ ਨਿਊਜ਼ ਸਾਈਟ ਤੇ ਪੜ੍ਹਨ ਨੂੰ ਮਿਲੀ।। ਪੜ੍ਹ ਕੇ ਬਹੁਤ ਹੀ ਚੰਗਾ ਲੱਗਾ ਅਤੇ ਇਸ ਗੱਲ ਦੀ ਖੁਸ਼ੀ ਹੋਈ ਕਿ ਉਨ੍ਹਾਂ ਨੇ ਕਾਫੀ ਹੱਦ ਤੱਕ ਸ਼ਬਦ ਵਿਚਾਰ ਸਹੀ ਢੰਗ ਨਾਲ ਕੀਤੀ ਹੈ। ਨਹੀਂ ਤਾਂ ਇਸ ਸ਼ਬਦ ਦੇ ਅਰਥ ਕੇਵਲ ਅੱਖਰੀ ਗਿਆਨ ਤੋਂ ਅੱਗੇ ਪੜ੍ਹਨ ਨੂੰ ਨਹੀਂ ਮਿਲਦੇ। ਮੈਂ ਵੀ ਕਾਫੀ ਸਮੇਂ ਤੋਂ ਇਸ ਸ਼ਬਦ ਦੇ ਸਹੀ ਅਰਥ ਕਰਨ ਬਾਰੇ ਖੋਜ਼ ਕਰ ਰਿਹਾ ਸੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਇਸ ਸ਼ਬਦ ਦੇ ਅਰਥ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ।

ਗੁਰਮਤਿ ਅਨੁਸਾਰ ਰਹਾਉ ਵਾਲੀ ਪੰਗਤੀ ਵਿੱਚ ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਮਾਧੋ, ਮਿੱਠਾ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ਦਾ ਭਾਵ ਪ੍ਰਭੂ ਦੇ ਬਣਾਏ ਨਿਯਮ ਸਭ ਦੇ ਭਲੇ ਹਿੱਤ ਹਨ ਇਸ ਲਈ ਉਸ ਨੂੰ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਵੀ ਗੁਰਬਾਣੀ ਵਿੱਚ ਕਿਹਾ ਗਿਆ ਹੈ। ਹੇ ਪ੍ਰਭੂ ਤੇਰੇ ਹੁਕਮ (ਨਿਯਮ) ਅਨੁਸਾਰ ਮਨ ਦਾ ਸਰੂਪ ਬਣ ਜਾਣ ਨਾਲ ਮਨੁੱਖ ਦੇ ਮਨ ਦੀ ਅਵੱਸਥਾ ਕਿਸ ਤਰ੍ਹਾ ਦੀ ਬਣ ਜਾਂਦੀ ਹੈ ਭਾਵ ਗੁਰਬਾਣੀ ਵਿਚਾਰ ਨਾਲ ਸੱਚ ਦੀ ਸਮਝ ਪੈ ਜਾਂਦੀ ਹੈ। ਪ੍ਰਭੂ ਸਭ ਦਾ ਹੈ ਭਾਵੇ ਕੋਈ ਉਸ ਨੂੰ ਮੰਨੇ ਜਾਂ ਨਾ ਮੰਨੇ ਪਰ ਉਹ ਆਪਣੇ ਧੁਰ ਤੋਂ ਬਣੇ ਅਟੱਲ ਨਿਯਮ ਅਨੁਸਾਰ ਸਭ ਨੂੰ ਸਭ ਜਗ੍ਹਾਂ ਤੇ ਬਿਨਾਂ ਵਿਤਕਰੇ ਰਿਜ਼ਕ ਦੇ ਰਿਹਾ ਹੈ ਅਤੇ ਮੈਨੂੰ ਵੀ ਦੇ ਰਿਹਾ ਹੈ। ਉਸ ਤੋਂ ਮੰਗਣ ਦੀ ਲੋੜ ਤਾਂ ਹੋਵੇ ਜੇਕਰ ਉਹ ਕਿਸੇ ਨੂੰ ਨਾ ਦੇਵੇ। ਪ੍ਰਮਾਤਮਾ ਤਾਂ ਆਪਣੇ ਸੁਭਾਅ ਮੁਤਾਬਿਕ ਸਭ ਨੂੰ ਦੇ ਰਿਹਾ ਹੈ। ਰੱਬੀ ਨਿਯਮ ਅਨੁਸਾਰ ਭੋਜਨ ਦੀ ਭੁੱਖ ਹਰ ਜੀਵ ਨੂੰ ਲੱਗਦੀ ਹੈ। ਤਨ ਨੂੰ ਢੱਕਣ ਲਈ ਕੱਪੜਾ ਚਾਹੀਦਾ ਹੈ, ਰਹਿਣ ਲਈ ਮਕਾਨ ਅਤੇ ਭੁੱਖ ਦੂਰ ਕਰਨ ਲਈ ਭੋਜਨ ਦੀ ਲੋੜ ਹੈ। ਇਸ ਪੂਰਤੀ ਲਈ ਹਰ ਜੀਵ ਆਹਰੇ ਲੱਗਿਆ ਹੋਇਆ ਹੈ। ਮਨੁੱਖ ਦੇ ਜਿਊਣ ਲਈ ਉਕਤ ਬੁਨਿਆਦੀ ਲੋੜਾਂ ਬਹੁਤ ਜ਼ਰੂਰੀ ਹਨ। ਭੋਜਨ ਦੀ ਭੁੱਖ ਕੁਦਰਤੀ ਲੱਗ ਜਾਂਦੀ ਹੈ ਪਰ ਭਜਨ ਦੀ ਭੁੱਖ ਆਪਣੇ ਆਪ (ਕੁਦਰਤੀ) ਨਹੀਂ ਲੱਗਦੀ ਇਹ ਪੈਦਾ ਕਰਨੀ ਪੈਂਦੀ ਹੈ। ਪ੍ਰਭੂ ਨਾਲ ਸਾਂਝ ਬਣ ਜਾਵੇ ਇਸ ਲਈ ਭਗਤ ਰੱਬ ਤੋਂ ਰੱਬੀ ਗੁਣ ਮੰਗਦੇ ਹਨ ਤਾਂ ਕਿ ਉਨ੍ਹਾਂ ਨੂੰ ਸੱਚ ਦੀ ਸਮਝ ਮਿਲ ਸਕੇ। ਹਾਲਾਂ ਕਿ ਰੱਬੀ ਗੁਣ ਵੀ ਪ੍ਰਮਾਤਮਾ ਬਿਨਾਂ ਵਿਤਕਰੇ ਸਭ ਨੂੰ ਦਿੰਦਾ ਹੈ ਪਰ ਇਹ ਭੁੱਖ ਹਰ ਇੱਕ ਵਿੱਚ ਪੈਦਾ ਨਹੀਂ ਹੁੰਦੀ। ਇਹ ਭੁੱਖ ਬਣੀ ਰਹੇ ਇਸ ਕਰਕੇ ਭਗਤ ਪ੍ਰਭੂ ਤੋਂ ਇਸ ਦੀ ਮੰਗ ਕਰਦੇ ਹਨ। ਰਹਾਉ।।

ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥1॥

ਰੱਬੀ ਗੁਣਾ ਦੀ ਭੁੱਖ ਲੱਗਣ ਤੋਂ ਬਿਨ੍ਹਾਂ ਭਗਤੀ ਪ੍ਰਭੂ ਦਰ ਤੇ ਪ੍ਰਵਾਨ ਨਹੀਂ ਹੈ। ਵਿਣੁ ਗੁਣ ਕੀਤੇ ਭਗਤਿ ਨ ਹੋਇ।। ਗੁਰਬਾਣੀ ਤਾਂ ਫੁਰਮਾਨ ਕਰਦੀ ਹੈ ਕਿ ਵਿਣੁ ਤੁਧ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ।। (958) ਅਤੇ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ।। ਨਾਨਕ ਭੁਖਾ ਤ ਰਜੈ ਜਾ ਗੁਣ ਕਹਿ ਗੁਣੀ ਸਮਾਇ।। (1147) ਪ੍ਰਮਾਤਮਾ ਤੋਂ ਕੇਵਲ ਉਹ ਗਿਆਨ ਮੰਗਣਾ ਹੈ ਜਿਸ ਨਾਲ ਸੱਚ ਦੀ ਸਮਝ ਮਿਲ ਸਕੇ। ਭਗਤ ਕਬੀਰ ਜੀ ਕਹਿੰਦੇ ਹਨ ਕਿ ਐ ਪ੍ਰਭੂ ਧਰਮ ਦੇ ਨਾਮ ਤੇ ਕੋਈ ਦਿਖਾਵੇ ਦੇ ਕਰਮ ਕਾਂਢ ਕਰਨ ਦੀ ਲੋੜ ਨਹੀਂ ਹੈ। ਅੱਗੇ ਕਹਿੰਦੇ ਹਨ ਕਿ ਮੈਂ ਸੰਤਨ ਰੇਨਾ (ਰੱਬੀ ਗੁਣ ਸਮਝ ਕੇ ਉਨ੍ਹਾਂ ਅਧੀਨ ਚੱਲਣ) ਦੀ ਮੰਗ ਕਰਦਾ ਹਾਂ। ਏਕੁ ਕੋਟੁ ਪੰਚ ਸਿਕਦਾਰਾ।। ਪੰਚੇ ਮਾਗਹਿ ਹਾਲਾ।। ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ।। ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ।। ਉਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ।। ਰਹਾਉ।। (793)।। ਐ ਪ੍ਰਮਾਤਮਾ ਸ਼ਰੀਰ ਰੂਪੀ ਧਰਤੀ ਵਿੱਚ ਪੰਜ ਵਿਕਾਰ ਸਰਦਾਰੀ ਕਰਦੇ ਹਨ ਅਤੇ ਆਪਣੀ ਆਪਣੀ ਭੁੱਖ ਮਿਟਾਉਣ ਲਈ ਮੰਗ ਕਰਦੇ ਰਹਿੰਦੇ ਹਨ ਜਿਸ ਕਰਕੇ ਆਤਮਿਕ ਮੌਤ ਦਾ ਨਿੱਤ ਡਰ ਬਣਿਆ ਰਹਿੰਦਾ ਹੈ ਮੇਰੇ ਵੱਲੋ ਕੋਸ਼ਿਸ਼ ਕੀਤੀ ਗਈ ਕਿ ਮੈਂ ਕਿਸੇ ਵਿਕਾਰ ਦਾ ਬੀਜ ਨਹੀਂ ਬੋਇਆ ਭਾਵ ਕਿਸੇ ਵਿਕਾਰ ਨੂੰ ਹਾਵੀ ਨਹੀਂ ਹੋਣ ਦਿੱਤਾ ਪਰ ਫਿਰ ਵੀ ਇਹ ਮੈਨੂੰ ਮੁੜ ਮੁੜ ਸੰਤਾਉਂਦੇ ਰਹਿੰਦੇ ਹਨ। ਗੁਰੂ (ਪ੍ਰਭੂ) ਜਦੋਂ ਮੈਂ ਤੇਰੇ ਗੁਣ (ਸੰਤਨ) ਅਪਣਾ ਲਏ ਤਾਂ ਤੂੰ ਮੇਰੀ ਇਨ੍ਹਾਂ ਤੋਂ ਖਲਾਸੀ ਕਰਵਾ ਦਿੱਤੀ ਹੈ।

ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ਅਧ ਸੇਰੁ ਮਾਂਗਉ ਦਾਲੇ ॥ਮੋ ਕਉ ਦੋਨਉ ਵਖਤ ਜਿਵਾਲੇ ॥੨॥

ਅੱਖਰੀ ਅਰਥ ਤਾਂ ਇਹੀ ਬਣਦੇ ਹਨ ਕਿ ਪ੍ਰਭੂ ਮੈਨੂੰ ਦੋ ਕਿਲੋ ਆਟਾ, ਪਾਈਆ ਘਿਓ ਅਤੇ ਨਾਲ ਲੂਣ, ਅੱਧਾ ਕਿਲੋ ਦਾਲ ਆਦਿ ਦੇਹ ਤਾਂ ਜ਼ੋ ਮੈਂ ਦੋਨੋ ਸਮੇਂ ਜਿਉਂਦਾ ਰਹਿ ਸਕਾਂ। ਭਗਤਾਂ ਦੀ ਅਜਿਹੀ ਤੁਛ ਜਿਹੀ ਮੰਗ ਨਹੀਂ ਹੋ ਸਕਦੀ। ਇਹ ਤਾਂ ਪ੍ਰਮਾਤਮਾ ਸਭ ਨੂੰ ਬਿਨਾਂ ਮੰਗਣ ਤੋਂ ਹੀ ਦੇ ਰਿਹਾ ਹੈ। ਇਸ ਵਿੱਚ ਰਮਜ਼ ਦੀ ਜ਼ੋ ਗੱਲ ਹੈ ਉਹ ਗੁਰਬਾਣੀ ਹੀ ਸਪੱਸ਼ਟ ਕਰ ਦਿੰਦੀ ਹੈ। ਪ੍ਰਭਾਤੀ ਮਹਲਾ ੧ (1329 ਅੰ. ਗੁਰੂ ਗ੍ਰੰਥ ਸਾਹਿਬ ਜੀ) ਕਰਤਾ ਤੂ ਮੇਰਾ ਜਜਮਾਨੁ।। ਇੱਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ।। ਰਹਾਉ) ਹੇ ਪ੍ਰਭੁ ਤੂੰ ਮੇਰਾ ਦਾਤਾ ਹੈ ਮੈਂ ਤੇਰੇ ਤੋਂ ਕੇਵਲ ਨਾਮ (ਸੱਚ ਦੀ ਵਿਚਾਰ, ਰੱਬੀ ਗੁਣ) ਦੀ ਮੰਗ ਕਰਦਾ ਹਾਂ। ਇੱਕ ਬੰਦ ਵਿੱਚ ਜਤੁ ਸਤੁ ਚਾਵਲ ਦਇਆ ਕਣਕੁ ਕਰਿ ਪ੍ਰਾਪਤਿ ਪਾਤੀ ਧਾਨੁ ਫੁਰਮਾਨ ਕੀਤਾ ਗਿਆ ਹੈ। ਭਾਵ ਵਿਕਾਰਾਂ ਵੱਲੋਂ ਕਰਮ ਅਤੇ ਗਿਆਨ ਇੰਦਰਿਆਂ ਨੂੰ ਰੋਕਣ ਦਾ ਜਤੁ ਅਤੇ ਉੱਚਾ ਇਖਲਾਕ ਹੋਣਾ ਚਾਹੀਦਾ ਹੈ। ਇਹ ਰੱਬੀ ਗੁਣਾਂ ਦਾ ਧਨ ਪ੍ਰਾਪਤ ਕਰਨ ਲਈ ਮੇਰੇ ਅੰਦਰ ਪਾਤਰਤਾ ਪੈਦਾ ਹੋਵੇ। ਮੇਰੇ ਅੰਦਰ ਮਨੁੱਖਤਾ ਪ੍ਰਤੀ ਦਇਆ ਹੋਵੇ ਭਾਵ ਰੱਬ ਦੇ ਦਇਆ ਰੂਪੀ ਗੁਣ ਰਾਹੀਂ ਮੈਂ ਮਨੁੱਖਤਾ ਪ੍ਰਤੀ ਦਇਆ ਰੱਖਦਾ ਹੋਵਾਂ। ਇੱਕ ਦਇਆਵਾਨ ਹੀ ਭਲੇ ਦਾ ਕੰਮ ਕਰ ਸਕਦਾ ਹੈ। ਭਗਤ ਜੀ ਇਸ ਦਇਆ ਰੂਪੀ ਆਟੇ ਦੀ ਮੰਗ ਕਰ ਰਹੇ ਹਨ ਤੇ ਮੰਗਿਆ ਵੀ ਸਭ ਤੋਂ ਜ਼ਿਆਦਾ ਦੋ ਸੇਰ ਹੈ। ਧਾਰਮਿਕ ਮਨੁੱਖ ਵਿੱਚ ਦਇਆ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਨਾਸਮਝ ਮਨੁੱਖ ਜਾਤ ਦੇ ਨਾਮ ਤੇ, ਅਖੌਤੀ ਧਰਮ ਦੇ ਨਾਮ ਜਾਂ ਹੋਰ ਵਿਤਕਰਿਆਂ ਕਰਕੇ ਮਨੁੱਖ ਤੋਂ ਨਫਰਤ ਕਰਦਾ ਹੈ ਪਰ ਪਸੂ ਪੰਛੀਆਂ ਤੇ ਦਇਆ ਕਰਦਾ ਫਿਰਦਾ ਹੈ। ਅੱਗੇ ਘਿਉ ਦੀ ਮੰਗ ਅਤੇ ਲੂਣ ਦੀ ਮੰਗ ਹੈ। ਗੁਰਬਾਣੀ ਫੁਰਮਾਨ ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਗਉ ਦਾਨੁ।। ਦੁੱਧ ਰੂਪੀ ਬਖਸ਼ਸ਼ (ਰੱਬੀ ਗੁਣ ਜਾਨਣ ਦੀ ਇੱਛਾ ਹੋਣਾ ਉਸ ਦੀ ਬਖਸ਼ਸ਼ ਹੀ ਤਾਂ ਹੈ) ਅਤੇ ਸੰਤੋਖ ਰੂਪੀ ਘਿਉ ਦੀ ਮੰਗ ਕੀਤੀ ਗਈ ਹੈ। ਲੋਭ ਬਹੁਤ ਵੱਡਾ ਔਗੁਣ ਹੈ ਇਸ ਦੀ ਸੀਮਾਂ ਨਹੀਂ ਹੁੰਦੀ। ਸੰਤੋਖ ਰੂਪੀ ਰੱਬੀ ਗੁਣ ਹੀ ਮਨੁੱਖ ਅੰਦਰ ਸਬਰ ਪੈਦਾ ਕਰਦਾ ਹੈ। ਸੰਤੋਖੀ ਮਨੁੱਖ ਸਭ ਗਵਾ ਕੇ ਵੀ ਖੁਸ਼ ਹੁੰਦਾ ਹੈ ਜਦੋਂ ਕਿ ਲੋਭੀ ਕਿਸੇ ਦਾ ਹੱਕ ਖੋਹ ਕੇ ਖੁਸ਼ੀ ਮਹਿਸੂਸ ਕਰਦਾ ਹੈ। ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਭਿ ਗੁਣ ਤੇਰੇ ਮੈ ਨਾਹੀ ਕੋਇ।। ਲੂਣ ਤੋਂ ਭਾਵ ਵਫਾਦਾਰੀ ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇੱਕ ਚਿਤਿ।। ੪੫.. ਸਿੱਖ ਅਖਵਾਉਣ ਵਾਲੇ ਨੂੰ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਪ੍ਰਤੀ ਵਫਾਦਰ ਨਹੀਂ ਉਹ ਸਿੱਖ ਹੀ ਨਹੀਂ ਹੈ ਜਾਂ ਇਊ ਆਖ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ (ਰਾਗ ਮਾਲਾ ਨੂੰ ਛੱਡ ਕੇ) ਕਿਸੇ ਵੀ ਬਾਣੀ ਤੇ ਸਿੱਖ ਨੇ ਭਰੋਸਾ ਨਹੀਂ ਲਿਆਉਣਾ ਗਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨ ਧਰਈ ਕਾਨਾ (340 ਗੁ. ਗ੍ਰੰਥ ਸਾਹਿਬ)। ਭਗਤ ਜੀ ਸੱਚ ਤੇ ਪਹਿਰਾ ਦੇਣ ਲਈ ਵਫਾਦਾਰੀ ਦੀ ਮੰਗ ਕਰ ਰਹੇ ਹਨ ਕਿ ਜਿਥੇ ਮੇਰੇ ਜੀਵਨ ਵਿੱਚ ਸੰਤੋਖ ਹੋਵੇ ਉਥੇ ਮੈਂ ਵਫਾਦਾਰ ਵੀ ਹੋਵਾਂ। ਭਗਤ ਜੀ ਸਾਦੇ ਜੀਵਨ ਦੀ ਮੰਗ ਕਰਦੇ ਹਨ ਤਾਂ ਕਿ ਦੁੱਖ ਸੁੱਖ, ਨਫਾ-ਨੁਕਸਾਨ, ਅਮੀਰੀ ਗਰੀਬੀ (ਦੋਨੋ ਵਖਤ) ਹਰ ਹਾਲ ਵਿੱਚ ਆਤਮਿਕ ਜੀਵਨ ਬਣਿਆ ਰਹੇ।

ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ..ਤੇਰੀ ਭਗਤਿ ਕਰੈ ਜਨੁ ਥੀਧਾ ॥੩॥ ॥

ਖਾਟ ਚਉਪਾਈ (ਮਨ ਦੇ ਚਾਰ ਸਰੂਪ ਮਨ ਚਿੱਤ ਬੁੱਧ ਅਹੰਕਾਰ) ਮਨ (ਚੰਗੀ ਵਿਚਾਰ), ਚਿੱਤ (ਚੰਗੀ ਚਿਤਵਨੀ), ਬੁੱਧ (ਚੰਗੇ ਮਾੜੇ ਪ੍ਰਤੀ ਠੀਕ ਫੈਸਲਾ) ਅਤੇ ਅਹੰਕਾਰ (ਸਵੈ-ਮਾਣ, ਅਣਖ) ਦੀ ਮੰਗ ਕੀਤੀ ਗਈ ਹੈ ਜਿਸ ਰਾਹੀਂ ਜੀਵਨ ਸੁਖਦਾਈ ਹੋ ਸਕਦਾ ਹੈ। ਸਿਰਹਾਨਾ (ਮਨ ਦਾ ਸੰਤੁਲਨ) ਤੁਲਾਈ-ਸਿਫਤਿ ਸਰਮ ਕਾ ਕਪੜਾ ਮਾਗਉ ਹਰਿ ਗੁਣ ਨਾਨਕ ਰਵਤੁ ਰਹੈ। (1329) ਭਾਵ ਵਡਿਆਈ ਸਿਰਫ ਤੇਰੀ ਹੀ ਕਰਾਂ, ਮਿਹਨਤ, ਉਦਮ ਕਰਨ ਦਾ ਕਪੜਾ ਧਾਰਨ ਕਰਾਂ, ਸੱਚ ਤੇ ਪਹਿਰਾ ਦੇਣ ਲੱਗਿਆ ਮਨ ਆਲਸ ਨਾ ਕਰੇ ਹਮੇਸ਼ਾ ਮਨ ਚੜ੍ਹਦੀ ਕਲਾ ਵਿੱਚ ਰਹੇ। ਇਸ ਤਰ੍ਹਾਂ ਰੱਬੀ ਗੁਣਾ ਵਿੱਚ ਭਿੱਜ ਕੇ ਮਨ ਤੇਰੀ ਭਗਤੀ ਕਰਦਾ ਰਹੇ। ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥ ਇਹ ਰੱਬੀ ਗੁਣ ਹਨ ਲੋਭ ਵੱਸ ਨਹੀਂ ਮਿਲ ਸਕਦੇ ਜਿਸ ਨੂੰ ਇਹ ਗੁਣ ਚੰਗੇ ਲੱਗਦੇ ਹਨ ਉਹ ਹੀ ਇਨ੍ਹਾਂ ਦਾ ਧਾਰਨੀ ਹੋ ਸਕਦਾ ਹੈ। ਅਖੀਰ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਉਕਤ ਰੱਬੀ ਗੁਣਾ ਲਈ ਜੇ ਮਨ ਮੰਨ ਜਾਇ ਤਾਂ ਹੀ ਸੱਚ ਨੂੰ ਜਾਣਿਆ ਜਾ ਸਕਦਾ ਹੈ।

ਭਗਤ ਧੰਨਾ ਜੀ ਵੀ ਆਪਣੀ ਹੇਠ ਲਿਖੀ ਬਾਣੀ ਵਿੱਚ ਇਹੀ ਮੰਗ ਕਰ ਰਹੇ ਹਨ:-

॥ਧੰਨਾ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ॥ ਦਾਲ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ਪਨੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {੬੯੫}

ਭਗਤ ਧੰਨਾ ਜੀ ਪਨੀਆ ਛਾਦਨੁ ਨੀਕਾ -ਮਨ ਨੂੰ ਨਿਮਰਤਾ ਦੀ ਜੁੱਤੀ ਪਹਿਨਾਉਣੀ ਹੈ ਤਾਂ ਕਿ ਹਉਮੈਂ ਦਾ ਕੰਢਾ ਨਾ ਚੁੱਭ ਸਕੇ। ਅਨਾਜ ਸਤ ਸੀ ਕਾ-ਮੁੜ ਮੁੜ ਕੇ ਦਇਆ ਧਾਰਨ ਕਰਦੇ ਰਹਿਣਾ ਹੈ ਤਾਂ ਕਿ ਸੁਭਾਅ ਪੱਕ ਸਕੇ। ਗਉ ਭੇਸ ਮਗਉ ਲਾਵੇਰੀ-ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ। (1329) ਖਿਮਾ ਧਾਰਨ ਕਰਨੀ ਧੀਰਜ ਰੱਖਣਾ, ਇਨ੍ਹਾਂ ਗੁਣਾਂ ਦਾ ਵਿਕਾਸ ਹੁੰਦਾ ਰਹੇ। ਫਰੀਦਾ ਬੁਰੇ ਦਾ ਭਲਾ ਕਰਿ ਵਾਲੀ ਅਵੱਸਥਾ ਬਣਾਉਣੀ ਹੈ। ਇੱਕ ਤਾਜਨਿ ਤੁਰੀ ਚੰਗੇਰੀ-ਦੇਹਿ ਤੇਜਣਿ ਜੀ ਰਾਮਿ ਉਪਾਈਆ ਰਾਮ।। (575) ਸ਼ਰੀਰ ਰੂਪੀ ਘੋੜੀ ਚੰਗੀ ਹੋਣੀ ਚਾਹੀਦੀ ਹੈ ਜਿਸ ਨਾਲ ਚੰਗੇ ਕੰਮ ਕੀਤੇ ਜਾਣ। ਕਾਂਇਆ ਸਿਹਤਮੰਦ ਹੋਣੀ ਕਾਫੀ ਨਹੀਂ ਤਨ ਨਾਲ ਲੋਕਾਈ ਦੇ ਭਲੇ ਹਿੱਤ ਕੰਮ ਕਰਨ ਦੇ ਉਦਮ ਕਰਨ ਵਾਲੀ ਕਾਂਇਆ ਦੀ ਮੰਗ ਕੀਤੀ ਗਈ ਹੈ। ਇਹ ਸਭ ਕੁੱਝ ਭਗਤ ਧੰਨਾ ਜੀ ਮੰਗ ਕੇ ਲੈ ਰਹੇ ਹਨ ਭਾਵ ਸਾਡੀ ਸਭ ਦੀ ਇਹ ਮੰਗ ਹੋਣੀ ਚਾਹੀਦੀ ਹੈ।

ਨੋਟ: ਸ਼ਬਦ ਗੁਰੂ ਦੀ ਗੱਲ ਤਾਂ ਬਾਬਾ ਨਾਨਕ ਜੀ ਨੇ ਪਹਿਲਾਂ ਹੀ ਆਪਣੀ ਬਾਣੀ ਵਿੱਚ ਕਰ ਦਿੱਤੀ ਸੀ ਕਿ ਸੱਚ ਦਾ ਗਿਆਨ ਹੀ ਸਭ ਦਾ ਗੁਰੂ ਹੈ। 1604 ਈਸ਼ਵੀ ਵਿੱਚ ਜਿੰਨੀ ਬਾਣੀ ਪੰਜਵੇਂ ਨਾਨਕ ਜੀ ਨੂੰ ਪ੍ਰਾਪਤ ਹੋਈ ਉਨ੍ਹਾਂ ਨੇ ਆਪਣੀ ਬਾਣੀ ਸਮੇਤ ਸਾਰੀ ਬਾਣੀ ਨੂੰ ਇੱਕ ਜਿਲਦ ਵਿੱਚ ਕਰ ਦਿੱਤਾ ਸੀ ਤਾਂ ਕਿ ਕੋਈ ਰੱਲਗੱਡ ਨਾ ਹੋ ਸਕੇ। ਫਿਰ 1708 ਈਸ਼ਵੀ ਵਿੱਚ ਦਸਵੇਂ ਨਾਨਕ ਜੀ ਨੇ ਆਪ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਪਾਸੋਂ ਬੀੜਾਂ ਤਿਆਰ ਕਰਵਾਈਆਂ ਜਿਹੜੀਆਂ ਹੁਣ ਪ੍ਰਚੱਲਤ ਹਨ। ਕਿਉਂਕਿ ਦਸਵੇਂ ਨਾਨਕ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ਦਰਜ ਕਰਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ। ਇਸ ਗ੍ਰੰਥ ਦਾ ਨਾਂ ਦਸਮ ਗ੍ਰੰਥ ਕਰਕੇ ਪ੍ਰਚੱਲਤ ਹੋ ਗਿਆ ਜਿਸ ਦਾ ਲਾਭ ਪੰਥ ਦੋਖੀਆਂ ਵੱਲੋਂ ਉਠਾਇਆ ਗਿਆ ਅਤੇ ਇੱਕ ਬਚਿੱਤਰ ਨਾਟਕ ਨਾਂ ਦਾ ਗ੍ਰੰਥ ਤਿਆਰ ਕਰਕੇ ਉਸ ਨੂੰ ਦਸਮ ਗ੍ਰੰਥ ਦਾ ਨਾਂ ਦੇ ਕੇ ਸਿੱਖਾ ਦੇ ਵਿਹੜੇ ਵਿੱਚ ਰੱਖ ਦਿੱਤਾ। ਸ਼ਰਧਾ ਵੱਸ ਸਿੱਖ ਇਸ ਨਾਂ ਦਾ ਭੁਲੇਖਾ ਖਾ ਗਏ,

ਇਹ ਮੇਰੀ ਆਪਣੀ ਨਿੱਜੀ ਵਿਚਾਰ ਹੈ ਜ਼ੋ ਮੈਂ ਆਪ ਨਾਲ ਸਾਂਝਾ ਕਰ ਰਿਹਾਂ ਹਾਂ ਤੇ ਮੈਨੂੰ ਉਮੀਦ ਹੈ ਕਿ ਸਾਡੇ ਸਿੱਖ ਵੀਰ ਇਸ ਗੱਲ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ ਕਰਨਗੇ ਅਤੇ ਦੁਸ਼ਮਣਾਂ ਦੀ ਚਾਲਾਂ ਨੂੰ ਸਮਝ ਕੇ ਭਰਾਂ ਮਾਰੂ ਜੰਗ ਤੋਂ ਬਚਣਗੇ।

ਮੋਹਨ ਸਿੰਘ
.