.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਅਠਾਈਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਦੌਰਾਹ ਦੇਵੀਏ ਕਿ ਗੁਰਬਾਣੀ ਅਧਾਰ `ਤੇ ਮਨੁੱਖਾ ਸਰੀਰ ਨਾਲ ਸੰਬੰਧਤ, ਸਾਡੇ ਸਮਝਣ ਲਈ ਘਟੋ-ਘਟ ਦਸ-ਬਾਰਾਂ ਜ਼ਰੂਰੀ ਪੱਖ ਹਨ। ਤਾਂ ਵੀ ਅਸਾਂ ਵਿਸ਼ੇ ਦੀ ਲੋੜ ਅਨੁਸਾਰ, ਉਨ੍ਹਾਂ `ਚੋਂ ਕੇਵਲ ਕੁੱਝ ਪੱਖਾਂ `ਤੇ ਇਸ਼ਾਰੇ ਮਾਤ੍ਰ ਚਾਨਣਾ ਹੀ ਪਾਇਆ ਹੈ ਅਤੇ ਬਾਕੀ ਕੁੱਝ `ਤੇ ਪਾ ਰਹੇ ਹਾਂ। ਤਾਂ ਤੇ:-

"ਅੰਦਰਿ ਰਾਜਾ ਤਖਤੁ ਹੈ, ਆਪੇ ਕਰੇ ਨਿਆਉ" -ਮਨੁੱਖਾ ਸਰੀਰ ਨਾਲ ਸੰਬੰਧਤ ਸਾਡੇ ਸਮਝਣ ਲਈ ਉਨ੍ਹਾਂ `ਚੋਂ ਜਿਹੜਾ ਸਭ ਤੋਂ ਵੱਧ ਜ਼ਰੂਰੀ ਵਿਸ਼ਾ ਹੈ, ਉਹ ਹੈ ਮਨੁੱਖਾ ਜਨਮ ਦੀ "ਸਫ਼ਲਤਾ" ਅਤੇ "ਅਸਫ਼ਲਤਾ" ਵਾਲਾ ਵਿਸ਼ਾ, ਜਿਸ ਨੂੰ ਕੁੱਝ ਗੁਰਬਾਣੀ ਫ਼ੁਰਮਾਨਾਂ ਰਾਹੀਂ ਅਸੀਂ ਸਪਸ਼ਟ ਵੀ ਕਰ ਆਏ ਹਾਂ।

ਉਪ੍ਰੰਤ ਸਾਡੇ ਸਮਝਣ ਲਈ ਮਨੁੱਖਾ ਜਨਮ ਦੀ "ਸਫ਼ਲਤਾ" ਅਤੇ "ਅਸਫ਼ਲਤਾ" ਵਾਲੇ ਪੱਖ ਦਾ ਹੀ ਅਗ਼ਲਾ ਪੜਾਅ ਹੈ ਕਿ ਸਾਨੂੰ ਇਹ ਵੀ ਪਤਾ ਹੋਵੇ ਕਿ ਗੁਰਬਾਣੀ ਅਨੁਸਾਰ ਪ੍ਰਭੂ ਦੇ ਸੱਚ ਨਿਆਂ `ਚ ਹੀ, ਸਾਡੇ ਮਨੁੱਖਾ ਜੀਵਨ ਦੇ ਇਕ-ਇਕ ਸੁਆਸ ਦਾ ਲੇਖਾ-ਜੋਖਾ ਵੀ ਜੀਵਨ ਭਰ ਅਤੇ ਨਾਲੋ ਨਾਲ ਚਲਦਾ ਤੇ ਹੁੰਦਾ ਰਹਿੰਦਾ ਹੈ। ਵਿਸ਼ੇ ਨਾਲ ਸੰਬੰਧਤ ਗੁਰਬਾਣੀ ਦੇ ਫ਼ੁਰਮਾਨ ਵੀ ਹਨ, ਮਿਸਾਲ ਵਜੋਂ:-

"ਅੰਦਰਿ ਰਾਜਾ ਤਖਤੁ ਹੈ, ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ, ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ, ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ, ਸਦਾ ਸਚੁ ਨਿਆਉ" (ਪੰ: ੧੦੯੨) ਹੋਰ

"ਰੇ ਮਨ ਲੇਖੈ ਚਾਲਹਿ, ਲੇਖੈ ਬੈਸਹਿ, ਲੇਖੈ ਲੈਦਾ ਸਾਹਾ॥ ਸਦਾ ਕੀਰਤਿ ਕਰਿ ਨਾਨਕ ਹਰਿ ਕੀ, ਉਬਰੇ ਸਤਿਗੁਰ ਚਰਣ ਓਟਾਹਾ" (ਪੰ: ੪੦੨ ਪੁਨਾ

"ਘੜੀ ਮੁਹਤ ਕਾ ਲੇਖਾ ਲੇਵ ਰਤੀਅਹੁ ਮਾਸਾ ਤੋਲ ਕਢਾਵਣਿਆ" (ਪੰ: ੧੨੭)

"ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ॥ ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ" (ਪੰ: ੧੨੯੦)

"ਆਪਣ ਵਾਰੀ ਸਭਸੈ ਆਵੈ, ਪਕੀ ਖੇਤੀ ਲੁਣੀਐ॥ ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ" (ਪੰ: ੧੧੧੦)

"ਬਾਬਾ, ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ" (ਪੰ: ੧੧੦੪)

"ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ" (ਪੰ: ੪੬੧) ਆਦਿ। {ਅਰਥ- ਨਰਕਿ- ਆਵਾਗਉਣ ਵਾਲਾ ਗੇੜ}

"ਗੁਰਮੁਖਿ ਲਾਹਾ ਲੈ ਗਏ" - ਮਨੁੱਖਾ ਸਰੀਰ ਦਾ ਆਤਮਕ ਪੱਖੋਂ ਨਿਰਣਾ ਕਿ ਕਿਹੜਾ ਮਨੁੱਖਾ ਸਰੀਰ ਅਕਾਲਪੁਰਖ ਦੇ ਸੱਚ ਨਿਆਂ `ਚ "ਸਫ਼ਲ" ਹੋਇਆ ਅਤੇ ਕਿਸ ਨੇ ਪ੍ਰਾਪਤ ਮਨੁੱਖਾ ਜਨਮ ਨੂੰ ਵੀ "ਬਿਰਥਾ ਗਵਾਇਆ" ਹੈ ਇਸ ਬਾਰੇ ਵੀ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਜਿਵੇਂ:-

"ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੂਲੁ ਗਵਾਇ ਜੀਉ" (ਪੰ: ੭੪) ਬਲਕਿ

"ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥ ਗੁਰ ਬਿਨੁ ਕੋ ਨ ਦਿਖਾਵਈ, ਅੰਧੀ ਆਵੈ ਜਾਇ" (ਪੰ: ੬੦)

"ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ" (ਪੰ: ੬੪)

"ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥ ਗੁਰਮੁਖਿ ਸਨਮੁਖੁ, ਮਨਮੁਖਿ ਵੇਮੁਖੀਆ॥ ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ, ਗੁਰਮੁਖਿ ਬਿਧਿ ਪ੍ਰਗਟਾਏ ਜੀਉ (ਪੰ: ੧੩੧) ਆਦਿ

ਜਦਕਿ ਉਪ੍ਰੋਕਤ ਗੁਰ-ਫ਼ੁਰਮਾਨਾਂ `ਚ ਇਹ ਵੀ ਦੇਖ ਆਏ ਹਾਂ ਕਿ ਗੁਰਬਾਣੀ ਅਨੁਸਾਰ ਸਾਡੇ ਸਰੀਰਕ ਸੁਆਸਾਂ ਦੀ ਪੂੰਜੀ ਦੇ ਮੁੱਕਦੇ ਸਾਰ ਭਾਵ ਸਾਡੀ ਸਰੀਰਕ ਮੌਤ ਹੁੰਦੇ ਸਾਰ, ਕਰਤੇ-ਅਕਾਲਪੁਰਖ ਦੇ ਸੱਚ ਨਿਆਂ `ਚ ਉਸੇ ਪਲ ਅਤੇ ਆਪਣੇ ਆਪ ਇਹ ਨਿਬੇੜਾ ਵੀ ਨਾਲੋ-ਨਾਲ ਹੋ ਜਾਂਦਾ ਹੈ ਕਿ ਕੌਣ ਇਸ ਮਨੁੱਖਾ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਗਿਆ ਹੈ ਅਤੇ ਕੌਣ ਇਸ ਨੂੰ ਹਾਰ ਕੇ ਗਿਆ ਹੈ।

"ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" - ਇਸੇ ਸੰਬੰਧ `ਚ ਗੁਰਬਾਣੀ ਫ਼ੁਰਮਾਨ ਉਹ ਵੀ ਹਨ ਜਿਨ੍ਹਾਂ ਅਨੁਸਾਰ, ਸਰੀਰ ਦੇ ਮੁੱਕਣ `ਤੇ ਬੇਸ਼ੱਕ "ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ (ਪੰ: ੬੪੮) ਅਨੁਸਾਰ ਸਰੀਰ ਪੱਖੌਂ ਤਾਂ ਸਮਾਜ ਅਤੇ ਸੰਬੰਧੀ ਆਪਣੇ ਰੀਤੀ, ਰਿਵਾਜਾਂ ਜਾਂ ਵਿਸ਼ਵਾਸਾਂ ਮੁਤਾਬਕ, ਅਮੁੱਕੇ ਸਰੀਰ ਦੀ ਸ਼ੰਭਾਲ ਕਰ ਲੈਂਦੇ ਹਨ। ਤਾਂ ਵੀ ਬਾਕੀ ਰਹਿ ਜਾਂਦਾ ਹੈ:-

"ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" (ਪੰ: ੬੪੮) ਅਥਵਾ

"ਮਨ ਬਚ ਕ੍ਰਮ ਰਸ ਕਸਹਿ ਲੁਭਾਨਾ॥ ਬਿਨਸਿ ਗਇਆ ਜਾਇ ਕਹੂੰ ਸਮਾਨਾ" (ਪੰ: ੪੮੭) ਭਾਵ

ਅਕਾਲਪੁਰਖ ਦੇ ਸੱਚ ਨਿਆਂ `ਚ ਉਸ ਸਰੀਰ ਦਾ "ਆਤਮਕ ਪੱਖੋਂ ਕੀ ਨਿਪਟਾਰਾ ਹੋਇਆ?" ਸਰੀਰਕ ਮੌਤ ਤੋਂ ਬਾਅਦ ਜੀਵਾਤਮਾ ਦਾ ਕੀ ਹਸ਼ਰ ਹੋਇਆ? ਜਦਕਿ ਗੁਰਬਾਣੀ ਅਨੁਸਾਰ ਇਹ ਫ਼ੈਸਲਾ ਨਾ ਮਨੁੱਖ ਕਰ ਸਕਦਾ ਹੈ ਤੇ ਨਾ ਇਹ ਫ਼ੈਸਲਾ ਮਨੁੱਖ ਦੀ ਆਪਣੀ ਸੀਮਾ `ਚ ਹੈ।

ਬਲਕਿ ਇਹ ਫ਼ੈਸਲਾ ਕਿ ਅਮੁੱਕੇ ਮਨੁੱਖ ਜੀਵਨ ਦਾ "ਆਤਮਕ ਤਲ `ਤੇ" ਕੀ ਨਿਪਟਾਰਾ ਅਤੇ ਕੀ ਹਸ਼ਰ ਹੋਇਆ? ਅਮੁੱਕਾ ਸਰੀਰ, ਆਤਮਕ ਪੱਖੋਂ "ਸਫ਼ਲ" ਹੋਇਆ ਜਾਂ "ਅਸਫ਼ਲ"। ਇਹ ਵਿਸ਼ਾ ਕੇਵਲ ਅਕਾਲਪੁਰਖ ਦੇ ਨਿਆਂ ਦਾ ਹੈ ਤੇ ਇਹ ਨਿਆਂ ਪ੍ਰਭੂ ਨੇ ਹੀ ਕਰਣਾ ਹੁੰਦਾ ਹੈ। ਤਾਂ ਤੇ:-

"ਖੋਟੇ ਠਉਰ ਨ ਪਾਇਨੀ, ਖਰੇ ਖਜਾਨੈ ਪਾਇ" -ਇਸ ਤਰ੍ਹਾਂ ਪ੍ਰਭੂ ਦੇ ਸੱਚ ਨਿਆਂ `ਚ ਮਨੁੱਖਾ ਸਰੀਰ ਦੀ ਮੌਤ ਤੋਂ ਬਾਅਦ "ਆਤਮਕ ਤਲ `ਤੇ" ਗੁਰਬਾਣੀ ਅਨੁਸਾਰ:-

"ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ, ਜਾ ਪਤਿ ਲੇਖੈ ਪਾਇ" (ਪੰ: ੮੩)

"ਕਸਿ ਕਸਵਟੀ ਲਾਈਐ, ਪਰਖੈ ਹਿਤੁ ਚਿਤੁ ਲਾਇ॥ ਖੋਟੇ ਠਉਰ ਨ ਪਾਇਨੀ, ਖਰੇ ਖਜਾਨੈ ਪਾਇ" (ਪੰ: ੫੭)

"ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ" (ਪੰ: ੪੬੬)

"ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" (ਪੰ: ੬੪੮)

"ਜੀਅ ਜੰਤ ਸਭਿ ਸਰਣਿ ਤੁਮਾਰੀ॥ ਆਪੇ ਧਰਿ ਦੇਖਹਿ ਕਚੀ ਪਕੀ ਸਾਰੀ" (ਪੰ: ੧੧੩)

"ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ" (੧੪੩)

"ਨਾਨਕ ਪਾਰਖੁ ਆਪਿ, ਜਿਨਿ ਖੋਟਾ ਖਰਾ ਪਛਾਣਿਆ" ਪੰ: ੧੪੪)

"ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ" (ਪੰ: ੪੭੩)

"ਫਰੀਦਾ ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ॥ ਅਗੈ ਗਏ ਸਿੰਞਾਪਸਨਿ, ਚੋਟਾਂ ਖਾਸੀ ਕਉਣੁ॥ ੪੪ (ਪੰ: ੧੩੮੦)

"ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ" (ਪੰ: ੮੭੦

"ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ) ਆਦਿ

ਇਸ ਤਰ੍ਹਾਂ ਇਸ ਸੰਬੰਧ `ਚ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ। ਉਥੇ ਸਪਸ਼ਟ ਕੀਤਾ ਹੋਇਆ ਹੈ ਕਿ ਮਨੁੱਖਾ ਸਰੀਰ ਸ਼ੰਬੰਧੀ ਅਜਿਹਾ ਫ਼ੈਸਲਾ ਪ੍ਰਭੂ ਨੇ ਆਪ ਹੀ ਕਰਣਾ ਹੁੰਦਾ ਹੈ ਅਤੇ ਪ੍ਰਭੂ ਦੇ ਸੱਚ ਨਿਆਂ `ਚ ਨਾਲੋ-ਨਾਲ, ਆਪਣੇ ਆਪ ਅਤੇ ਉਸੀ ਪਲਂ ਹੋ ਵੀ ਜਾਂਦਾਂ ਹੈ।

ਇਹ ਵੀ ਕਿ ਇਕੋ-ਇਕ ਮਨੁੱਖਾ ਜਨਮ/ਜੂਨ ਹੀ ਹੈ ਜਿਸ `ਤੇ "ਸਫ਼ਲ" ਅਤੇ "ਬਿਰਥਾ ਜਨਮ ਗੁਆਉਣ" ਵਾਲਾ ਵਿਸ਼ਾ ਲਾਗੂ ਹੁੰਦਾ ਹੈ। ਜਦਕਿ ਮਨੁੱਖਾ ਜੂਨ ਤੋਂ ਇਲਾਵਾ ਪ੍ਰਭੂ ਦੀਆਂ ਬਾਕੀ ਅਰਬਾਂ—ਖਰਬਾਂ ਜੂਨਾਂ ਚੋ, ਹੋਰ ਕਿਸੇ ਵੀ ਜੂਨ `ਤੇ ਮਨ ਆਧਾਰਤ ਇਹ ਵਿਸ਼ਾ ਲਾਗੂ ਹੀ ਨਹੀਂ ਹੁੰਦਾ।

ਕਾਰਣ ਕਿ, ਮਨੁੱਖਾ ਜੂਨ ਦੇ ਬਿਰਥਾ ਹੋਣ ਬਾਅਦ, ਬਾਕੀ ਸਮੂਹ ਜੂਨਾਂ, ਕੇਵਲ ਬਿਤਾਏ ਜਾ ਚੁੱਕੇ ਮਨੁੱਖਾ ਜਨਮ ਸਮੇਂ "ਆਪ ਕਮਾਣੈ ਵਿਛੁੜੀ" (ਪੰ: ੧੩੭) ਅਤੇ "ਹਉਮੈ ਵੱਸ "ਮਨ" ਦੇ ਰੂਪ `ਚ ਕੀਤੇ ਚੰਗੇ ਤੇ ਮੰਦੇ ਕਰਮਾਂ ਦਾ ਉਹ ਕੇਵਲ ਲੇਖਾ-ਜੋਖਾ ਹੀ ਹੁੰਦੀਆਂ ਹਨ।

ਇਥੋਂ ਤੀਕ ਕਿ ਗੁਰਬਾਣੀ ਅਨੁਸਾਰ, ਮਨੁੱਖਾ ਜੂਨ/ਜਨਮ ਦੌਰਾਨ ਵੀ ਜੀਵ ਜਦੋਂ ਤੀਕ "ਸ਼ਬਦ-ਗੁਰੂ" ਦਾ ਅਨੁਸਾਰੀ ਹੋ ਕੇ ਆਪਣੇ ਜੀਵਨ ਦੀ ਸੰਭਾਲ ਅਤੇ "ਸ਼ਬਦ-ਗੁਰੂ" ਦੀ ਕਮਾਈ ਨਹੀਂ ਕਰਦਾ, ਓਦੋਂ ਤੀਕ ਉਹ ਵੀ ਕੇਵਲ ਮਨਮੁਖ ਹੀ ਹੁੰਦਾ ਹੈ। ਇਸ ਲਈ ਓਦੋਂ ਤੀਕ ਉਹ ਵੀ ਬਾਕੀ ਸਮੂਹ ਜੂਨਾਂ ਵਾਂਙ, ਕੇਵਲ ਕਰਮ-ਭੋਗੀ ਜੂਨ ਹੀ ਭੋਗ ਤੇ ਬਿਤਾਅ ਰਿਹਾ ਹੁੰਦਾ ਹੈ।

"ਹੰਸੁ ਇਕੇਲਾ ਜਾਇ" -ਅੰਤ `ਚ ਮਨੁੱਖਾ ਸਰੀਰ ਨਾਲ ਸੰਬੰਧਤ ਗੁਰਬਾਣੀ ਆਧਾਰਤ ਇੱਕ ਹੋਰ ਵਿਸ਼ੇਸ਼ ਪੱਖ ਵੀ ਲੈ ਰਹੇ ਹਾਂ ਅਤੇ ਉਹ ਪੱਖ ਤੇ ਵਿਸ਼ਾ ਵੀ ਕੇਵਲ ਗੁਰਬਾਣੀ ਫ਼ੁਰਮਾਣਾ ਦੇ ਆਧਾਰ `ਤੇ ਹੀ। ਉਹ ਵਿਸ਼ਾ ਇਹ ਕਿ ਸਾਡਾ ‘ਮਨੁੱਖਾ ਸਰੀਰ’ ਅਥਵਾ ‘ਕਾਇਆਂ’ ਅੱਡ ਵਿਸ਼ਾ ਅਤੇ ਵੱਖਰੀ ਚੀਜ਼ ਹੈ ਜਦਕਿ ਸਾਡਾ "ਆਤਮਕ ਜੀਵਨ" ਉਸ ਤੋਂ ਬਿਲਕੁਲ ਵੱਖਰਾ ਵਿਸ਼ਾ ਹੈ।

ਸਾਡੇ ਜੀਵਨ ਦਾ ਇਹ ਉਹ ਆਤਮਕ ਪੱਖ ਹੁੰਦਾ ਹੈ ਜਿਸ ਦੇ ਆਧਾਰ `ਤੇ ਪ੍ਰਭੂ ਦੇ ਸੱਚ ਨਿਆਂ `ਚ ਸਾਡੇ ਜੀਵਨ ਦਾ ਨਿਬੇੜਾ ਹੋਣਾ ਹੁੰਦਾ ਹੈ ਕਿ ਸਾਡਾ ਪ੍ਰਾਪਤ ਮਨੁੱਖਾ ਜਨਮ "ਸਫ਼ਲ" ਹੋਇਆ ਹੈ ਜਾਂ ਅਸਾਂ ਇਸ ਮਨੁੱਖਾ ਜਨਮ ਵਾਲੇ ਦੁਰਲਭ ਅਵਸਰ ਨੂੰ ਵੀ "ਸ਼ਬਦ-ਗ੍ਰੁਰੂ" ਤੋਂ ਵਿਹੂਣੇ ਰਹਿ ਕੇ "ਬਿਰਥਾ ਹੀ ਗੁਆਇਆ" ਹੈ। ਤਾਂ ਤੇ ਵਿਸ਼ੇ ਨਾਲ ਸੰਬੰਧਤ ਕੁੱਝ ਗਰਬਾਣੀ ਫ਼ੁਰਮਾਨ:-

"ਉਡਿਆ ਹੰਸੁ, ਦਸਾਏ ਰਾਹ. ." (ਪੰ: ੧੩੭)

"ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ" (ਪੰ: ੪੮੮)

"ਲਟ ਛਿਟਕਾਏ ਤਿਰੀਆ ਰੋਵੈ, ਹੰਸੁ ਇਕੇਲਾ ਜਾਈ" (ਪੰ: ੪੭੮)

"ਕਾਇਆ ਹੰਸ ਕਿਆ ਪ੍ਰੀਤਿ ਹੈ, ਜਿ ਪਇਆ ਹੀ ਛਡਿ ਜਾਇ" (ਪੰ: ੫੧੦)

"ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ" (ਪ: ੫੭੯)

"ਨਉ ਦਰਿ ਠਾਕੇ ਹੁਕਮਿ ਸਚੈ, ਹੰਸੁ ਗਇਆ ਗੈਣਾਰੇ" (ਪੰ: ੫੮੦)

"ਜਬ ਹੀ ਹੰਸ ਤਜੀ ਇਹ ਕਾਂਇਅ, ਪ੍ਰੇਤ ਪ੍ਰੇਤ ਕਰਿ ਭਾਗੀ" (ਪੰ: ੬੩੪)

"ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ, ਆਗੈ ਹੰਸੁ ਅਕੇਲਾ" (ਪੰ: ੬੫੪)

"ਕਾਚੈ ਕਰਵੈ ਰਹੈ ਨ ਪਾਨੀ॥ ਹੰਸੁ ਚਲਿਆ ਕਾਇਆ ਕੁਮਲਾਨੀ" (ਪੰ: ੭੯੨)

"ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ" (ਪੰ: ੭੯੪)

"ਮਾਇਆ ਮਾਇਆ ਕਰਿ ਮੁਏ, ਮਾਇਆ ਕਿਸੈ ਨ ਸਾਥਿ॥ ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ" (ਪੰ: ੯੩੫)

"ਕਾਇਆ ਹੰਸੁ ਧੁਰਿ ਮੇਲੁ ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ" (ਪੰ: ੯੫੪)

"ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ॥ ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ (ਪੰ: ੧੧੧੧)

"ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ" (ਪੰ: ੧੧੨੪)

"ਕਬੀਰ ਹੰਸੁ ਉਡਿਓ ਤਨੁ ਗਾਡਿਓ, ਸੋਝਾਈ ਸੈਨਾਹ" (ਪੰ: ੧੩੭੦) ਆਦਿ

ਅਜੋਕੇ ਗੁਰਦੁਆਰਾ ਪ੍ਰਬੰਧਕ ਅਤੇ ਡੇਰੇ? - ਤਾਂ ਤੇ ਹੁਣ ਗੱਲ ਕਰਦੇ ਹਾਂ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਤੋਂ ਅ੍ਰੰਭ ਹੋ ਕੇ ਅੱਜ ਤੀਕ, ਗੁਰੂ ਕੀਆਂ ਸੰਗਤਾਂ ਦੇ ਜੀਵਨ `ਚੋਂ ਲਗਾਤਾਰ ਵਿਗੜਦੇ ਤੇ ਵਿਗਾੜੇ ਜਾ ਰਹੇ ਗੁਰਮੱਤ ਜੀਵਨ ਦੀ। ਉਪ੍ਰੰਤ ਇਸ ਲੜੀ `ਚ ਬੇਸ਼ੱਕ ਸਾਰੇ ਨਹੀਂ ਪਰ ਸਾਡੇ ਅਜੋਕੇ ਬਹੁਤੇ ਪ੍ਰਚਾਰਕ, ਇੱਕ ਪਾਸੇ ਤਾਂ ਰਾਮਰਾਏ ਦੀ ਸਾਖੀ ਵੀ ਸੁਣਾਈ ਜਾਂਦੇ ਹਨ ਪਰ ਉਨ੍ਹਾਂ ਰਾਹੀਂ ਨਾਲ-ਨਾਲ "ਗੁਰੂ ਕੀਆਂ ਸੰਗਤਾਂ" ਵਿੱਚਕਾਰ ਗੁਰਬਾਣੀ ਦੇ ਉਲਟੇ-ਸਿਧੇ, ਗ਼ਲਤ-ਮਲਤ ਤੇ ਬਹੁਤੇ ਬਨਾਵਟੀ ਅਰਥ ਵੀ ਹਰ ਸਮੇਂ ਪੁਚਾਰੇ ਜਾ ਰਹੇ ਹੁੰਦੇ ਹਨ। ਸਮਝਦਿਆਂ ਦੇਰ ਨਹੀਂ ਲਗਣੀ ਚਾਹੀਦੀ ਕਿ ਤਾਂ ਫ਼ਿਰ ਇਹ ਸਭ ਕੀ ਹੋ ਰਿਹਾ ਹੈ?

ਫ਼ਿਰ ਇਹੀ ਨਹੀਂ, ਵਿਰਲਿਆਂ ਨੂੰ ਛੱਡ ਕੇ ਇਲੈਕਸ਼ਨਾਂ ਵਾਲੇ ਦੈਂਤ ਕਾਰਣ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਤੋਂ ਲੈ ਕੇ ਦੇਸ਼-ਵਿਦੇਸ਼ਾਂ ਵਿੱਚਲੇ ਬਹੁਤੇ ਗੁਰਦੁਆਰਿਆਂ ਉਪਰ ਬਹੁਤਾ ਕਰਕੇ ਅਜਿਹੇ ਲੋਕ ਹੀ ਗੁਰਦਆਰਾ ਪ੍ਰਬੰਧਕਾਂ ਵਜੋਂ ਕਾਬਿਜ਼ ਹਨ ਜਿੰਨ੍ਹਾਂ ਦੀ ਗੁਰਮੱਤ ਪਖੋਂ ਸੋਝੀ ਬਾਰੇ ਤਾਂ ਕੁੱਝ ਨਾ ਕਹਿਣਾ ਹੀ ਚੰਗਾ ਹੈ। ਫ਼ਿਰ ਉਨ੍ਹਾਂ ਦੇ ਪ੍ਰਬੰਧ ਹੇਠ ਅਣ-ਅਧਿਕਾਰੀ ਪ੍ਰਚਾਰਕਾਂ ਦਾ ਮੱਕੜੀ ਜਾਲ, ਸੰਗਤਾਂ `ਚੋਂ ਗੁਰਬਾਣੀ ਤੋਂ ਫਾਸਲਾ, ਘਟਾਣ ਦੀ ਗੱਲ ਤਾਂ ਦੂਰ, ਦਿਨੋਂ ਦਿਨ ਤੇਜ਼ੀ ਨਾਲ ਵਧਾਈ ਹੀ ਜਾ ਰਿਹਾ ਹੈ।

ਇਸੇ ਤਰ੍ਹਾਂ ਗੁਰਦੁਆਰਿਆਂ `ਤੇ ਪੰਥਕ ਕਬਜ਼ਾ ਹੋਣ ਦੇ ਨਾਲ ਹੀ, ਵਿਰੋਧੀ ਤਾਕਤਾਂ ਅਤੇ ਗੱਦੀਦਾਰਾਂ ਰਾਹੀਂ ਰਾਤੋ-ਰਾਤ ਅਨੇਕਾਂ ਅਜਿਹੇ ਡੇਰੇ ਵੀ ਸਥਾਪਤ ਹੋਣੇ ਸ਼ੁਰੂ ਹੋ ਗਏ ਸਨ ਜਿੰਨ੍ਹਾਂ ਦਾ ਪੂਰਾ ਜ਼ੋਰ ਹੀ ਬ੍ਰਾਹਮਣੀ ਰਹਿਣੀ ਨੂੰ ਗੁਰੂ ਕੀਆਂ ਸੰਗਤਾਂ ਵਿਚਾਲੇ ਵੱਧ ਤੋਂ ਵੱਧ ਪੱਕਾ ਕਰਵਾਉਣਾ ਸੀ।

ਗੁਰੂ ਕੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਅਖੰਡ ਪਾਠਾਂ, ਸੰਪਟ ਪਾਠਾਂ, ਕੋਤਰੀਅ, ਲਾਈਨਾਂ ਤੇ ਲੜੀਆਂ `ਚ ਸੈਂਕੜਿਆਂ ਦੀ ਗਿਣਤੀ `ਚ ਅਖੰਡ ਪਾਠ ਉਹ ਵੀ ਕੱਟੜ ਬ੍ਰਾਹਮਣੀ ਵਿਧੀਆਂ ਅਨੁਸਾਰ ਵੱਡੇ ਵੱਡੇ ਮਹਾਤਮਾਂ ਦੇ ਢੋਂਗ ਰੱਚ ਕੇ ਅਤੇ ਨਾਲ-ਨਾਲ ਅਨੇਕਾਂ ਕਹਾਣੀਆਂ ਪ੍ਰਚਲਤ ਕਰਕੇ, ਉਨ੍ਹਾਂ ਦਾ ਸਾਰਾ ਜ਼ੋਰ ਮੂਲ ਰੂਪ `ਚ ਸੰਗਤਾਂ ਨੂੰ ਗੁਰਬਾਣੀ ਦੀ ਵਿਚਾਰ ਅਤੇ ਸੋਝੀ ਤੋਂ ਦੂਰ ਰਖਣਾ ਹੀ ਹੁੰਦਾ ਹੈ।

ਦਰਅਸਲ ਇਸ ਦਾ ਵੱਡਾ ਕਾਰਣ ਹੁੰਦਾ ਹੈ ਡਿੇਰੇ ਤਾਂ ਹੈਣ ਹੀ ਗੁਰਦੁਆਰਾ ਕਾਨੂੰਨਾਂ ਤੋਂ ਬਾਹਿਰ, ਇਸ ਲਈ ਇੱਥੇ ਜੋ ਕਿਸੇ ਦੇ ਮਨ `ਚ ਆਉਂਦਾ ਹੈ, ਉਹ ਉਹੀ ਕਰਦੇ ਵੀ ਜਾਂਦੇ ਹਨ ਅਤੇ ਸੰਗਤਾਂ ਤੋਂ ਕਰਵਾਉਂਦੇ ਵੀ ਹਨ॥ ਕਿਉਂਕਿ ਉਥੇ ਕਿਸੇ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੁੰਦਾ ਅਤੇ ਮਜਮੂਈ ਤੌਰ `ਤੇ ਉਥੇ ਸਾਰੇ ਪਾਸੇ ਇਹੀ ਹਾਲਤ ਅੱਜ ਤੀਕ ਚੱਲ ਰਹੀ ਹੈ। ‘ਇਸਬਗੋਲ ਤੇ ਕੁੱਝ ਨਾ ਫੋਲ’ ਦੀ ਨਿਆਈਂ ਜਿੰਨਾਂ ਵੱਧ ਇਸ ਦੀ ਗਹਿਰਾਈ `ਚ ਜਾਵਾਂਗੇ ਭਵਿੱਖ `ਚ ਕੌਮ ਦੀ ਤੱਬਾਹੀ ਹੀ ਹੀ ਨਜ਼ਰ ਆਉਂਦੀ ਜਾਵੇਗੀ, ਉਹ ਤੱਬਾਹੀ ਜਿਸਦੀ ਕੋਈ ਸੀਮਾਂ ਵੀ ਨਜ਼ਰ ਨਹੀਂ ਆਉਂਦੀ।

ਵਿਸ਼ੇ ਨੂੰ ਗਹਿਰਾਈ ਤੋਂ ਸਮਝਣ ਦੀ ਲੋੜ ਹੈ, ਨਹੀਂ ਤਾਂ ਜੇ ਕਾਗ਼ਜ਼ ਹੀ ਕਾਲੇ ਕਰਦੇ ਜਾਵਾਂਗੇ ਤਾਂ ਗੱਲ ਕਿੱਧਰੇ ਜਾ ਕੇ ਮੁੱਕੇਗੀ ਵੀ ਨਹੀਂ। ਦੂਜਿਆਂ `ਤੇ ਗਿਲਾ ਤਾਂ ਕੀ ਕਰਣਾ ਹੈ ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ, ਗੁਰਦੁਆਰਿਆਂ ਅੰਦਰ ਅੱਜ ਤੀਕ ਸਿੱਖ ਆਗੂ ਹੀ ਇਸ ਸਮੂਚੇ ਵਿਨਾਸ ਪੱਖੋਂ ਘੂਕ ਸੁੱਤੇ ਪਏ ਹਨ। ਸੱਚ ਇਹ ਹੈ ਕਿ ਗੁਰਦੁਆਰਾ ਪ੍ਰਬੰਧਕਾਂ ਅਧੀਨ ਅੱਜ ਜੋ ਹਜ਼ਾਰਹਾਂ ਗੁਰਦੁਆਰੇ ਹਨ, ਉਥੇ ਪ੍ਰਚਾਰਕ-ਪ੍ਰਬੰਧਕ, ਰਾਗੀ-ਕਥਾਵਾਚਕ-ਢਾਡੀ-ਗ੍ਰੰਥੀ ਸੇਵਾਦਾਰ ਬਹੁਤੇ ਉਹ ਲੋਕ ਹਨ ਜਿੰਨ੍ਹਾਂ ਦੀ ਪਿੱਠ ਕਿਸੇ ਨ ਕਿਸੇ ਗੁਰਮੱਤ ਵਿਰੋਧੀ ਡੇਰੇ ਅਤੇ ਗੱਦੀਦਾਰ ਨਾਲ ਹੀ ਜੁੜੀ ਹੋਈ ਹੁੰਦੀ ਹੈ।

ਇਸ ਲਈ ਉਥੇ ਗੁਰਬਾਣੀ ਦੀ ਵਰਤੋਂ ਸਿੱਖੀ ਜੀਵਨ ਜਾਚ ਅਤੇ ਨਿਰੋਲ ਗੁਰਮੱਤ ਦੇ ਪ੍ਰਚਾਰ-ਪ੍ਰਸਾਰ ਲਈ ਤਾਂ ਬਹੁਤ ਹੀ ਘੱਟ ਹੁੰਦੀ ਹੈ। ਬਲਕਿ ਉਸਦੇ ਬਦਲੇ ਉਥੇ ਗੁਰਬਾਣੀ ਦੀ ਵਰਤੋ ਵੀ ਕੌਮ ਨੂੰ ਬਹੁਤਾ ਕਰਕੇ ਬ੍ਰਾਹਮਣੀ ਜਾਂ ਉਨ੍ਹਾਂ ਦੀਆਂ ਆਪਣੀਆਂ-ਆਪਣੀਆਂ ਲੀਹਾਂ `ਤੇ ਟੋਰਣ ਲਈ ਹੁੰਦੀ ਹੈ।

ਉਸ ਤੋਂ ਬਾਅਦ ਵੀ ਉਮੀਦ ਕਰਣੀ ਕਿ ਸੰਗਤਾਂ ਵਿਚਾਲੇ ਗੁਰਬਾਣੀ ਤੋਂ ਪ੍ਰਗਟ ਜੀਵਨ ਰਹਿਣੀ ਲਈ ਨੇੜਤਾ ਆਵੇ ਅਤੇ ਦੂਰੀ ਨਾ ਵਧੇ, ਅਨਹੋਣੀ ਗੱਲ ਹੈ। ਹੱਥਲੇ ਗੁਰਮੱਤ ਪਾਠ ਦੌਰਾਨ ਹੁਣ ਤੀਕ ਇਸ ਵਿਸ਼ੇ `ਤੇ ਅਸੀਂ ਇਹੀ ਨਜ਼ਰ ਤਾਂ ਮਾਰਦੇਹੀ ਆ ਰਹੇ ਹਾਂ ਅਤੇ ਕਾਫ਼ੀ ਹੱਦ ਤੀਕ ਮਾਰ ਵੀ ਚੁੱਕੇ ਹਾਂ ਕਿ ਸੰਗਤਾਂ ਨੂੰ ਕੇਵਲ ਡੇਰਿਆਂ ਤੋਂ ਹੀ ਨਹੀਂ ਬਲਕਿ ਅਜੋਕੇ ਗੁਰਦੁਆਰਿਆਂ ਰਸਤੇ ਵੀ ਗੁਰਬਾਣੀ ਦੀ ਸੋਝੀ ਅਤੇ ਜੀਵਨ ਤੋਂ ਤੋੜਣ ਦਾ ਕੰਮ ਵੀ ਦਿਨ-ਰਾਤ ਜ਼ੋਰਾਂ `ਤੇ ਹੋ ਰਿਹਾ ਹੈ।

ਇਸ ਲਈ ਜਦੋਂ ਤੀਕ ਕੋਮ ਦੂਰ-ਅੰਦੇਸ਼ੀ ਨਾਲ ਗੁਰਦੁਆਰਿਆਂ ਉਪਰੋਂ ਚੋਣਾਂ ਵਾਲੇ ਦੈਂਤ ਅਤੇ ਇਸ ਫ਼ਿਨੀਅਰ ਸੱਪ ਦਾ ਸੰਘਾਰ ਨਾ ਕਰ ਦੇਵੇ। ਉਪ੍ਰੰਤ ਗੁਰਮੱਤ ਜੀਵਨ ਪੱਖੋਂ ਜਾਗ੍ਰਿਤ, ਨਿ: ਸੁਆਰਥ ਪੰਥ ਦਰਦੀ ਸੱਜਣ, ਵੱਡੀ ਇਮਨਦਾਰੀ ਨਾਲ ਇਸ ਪਾਸੇ ਕੋਈ ਵੱਡਾ ਹਮਲਾ ਹੀ ਨਾ ਮਾਰਣ, ਇਹ ਗੱਲ ਸਿਰੇ ਚੜ੍ਹਣ ਵਾਲੀ ਨਹੀਂ। ਉਂਜ ਇਸ ਸੰਬੰਧ `ਚ ਅਸਾਂ ਗੁਰਮੱਤ ਪਾਠ ਨੰ ੮੫ ‘ਸਮੇਂ ਦੀ ਵੱਡੀ ਲੋੜ, ਛੇ (੬) ਪੰਥਕ ਲਹਿਰਾਂ’ ਵੀ ਸੈਂਟਰ ਵੱਲੋਂ ਦਿੱਤਾ ਹੋਇਆ ਹੈ। ਜੇਕਰ ਪੰਥ ਉਸ ਗੁਰਮੱਤ ਪਾਠ ਦਾ ਲਾਹਾ ਹੀ ਲੈ ਲਵੇ ਤਾਂ ਵੀ ਇਸ ਪਾਸੇ ਬਹੁਤ ਕੁੱਝ ਕੀਤਾ ਜਾ ਸਕਦਾ ਹੈ।

ਸੰਨ ੧੯੪੭ ਤੋਂ ਬਾਅਦ, ਸਿੱਖ ਧਰਮ `ਤੇ ਕੇਵਲ ਇੱਕ ਝਾਤ- ਸੰਨ ੧੯੪੭ `ਚ ਭਾਰਤ ਆਜ਼ਾਦ ਹੋਇਆ। ਨਾਂ ਨੂੰ ਇੱਥੇ ਧਰਮ ਨਿਰਪੇਖ (Secular) ਹਕੂਮਤ ਕਾਇਮ ਹੋਈ, ਪਰ ਅਸਲ `ਚ ਮੂਲੋਂ ਇਹ ਬ੍ਰਾਹਮਣੀ ਜੱਕੜ ਹੀ ਸੀ। ਧਰਮ ਨਿਰਪੇਖ ਦੇ ਨਾਂ `ਤੇ ਬਹੁਤਾ ਕਰਕੇ, ਇਥੇ ਬਹੁਗਿਣਤੀ ਦਾ ਨਿਸ਼ਾਨਾ ਬਾਕੀ ਧਰਮਾਂ ਅਤੇ ਖਾਸਕਰ ਸਮੂਹ ਘਟ-ਗਿਣੀਆਂ ਨੂੰ ਖਤਮ ਕਰ ਕੇ ਬ੍ਰਾਹਮਣੀ ਸਮੁੰਦਰ `ਚ ਜਜ਼ਬ ਕਰਣਾ ਹੀ ਸੀ ਤੇ ਅੱਜ ਤੀਕ ਉਹੀ ਖੇਡ ਚੱਲ ਰਹੀ ਹੈ।

ਹੋਰ ਤਾਂ ਹੋਰ, ਭਾਰਤ ਵਿੱਚਲੇ ਇਸਾਈ ਤੇ ਮੁਸਲਮਾਨ ਵੀਰ ਬੇਸ਼ੱਕ ਉਹ ਵੀ ਭਾਰਤ ਦੀਆਂ ਘੱਟ ਗਿਣਤੀਆਂ ਦੀ ਗਿਣਤੀ `ਚ ਹੀ ਆਉਂਦੇ ਸਨ। ਤਾਂ ਵੀ ਇਨ੍ਹਾਂ ਦੋਨਾਂ ਦੇ, ਸੰਸਾਰ ਭਰ `ਚ ਪਹਿਲਾਂ ਤੋਂ ਹੀ ਬਹੁਤੇਰੇ ਆਪਣੇ ਦੇਸ਼ ਹਨ। ਬਲਕਿ ਗਿਣਤੀ ਪੱਖੋਂ ਇਸਾਈ ਮੱਤ ਤਾਂ, ਪਹਿਲਾਂ ਹੀ ਸੰਸਾਰ ਦੀ ਲਗਭਗ ਦੋ-ਤਿਹਾਈ ਗਿਣਤੀ `ਚ ਹੈ, ਇਸ ਲਈ ਉਨ੍ਹਾਂ ਨੂੰ ਇਸ ਪੱਖੋਂ ਬਹੁਤਾ ਖ਼ੱਤਰਾ ਨਹੀਂ ਸੀ।

ਜਦਕਿ ਸੰਸਾਰ ਭਰ `ਚ ਸਭ ਤੋਂ ਘੱਟ ਗਿਣਤੀ ਕੇਵਲ ਸਿੱਖਾਂ ਦੀ ਹੀ ਹੈ। ਬਲਕਿ ਭਾਰਤ ਭਰ `ਚ ਤਾਂ ਸਿੱਖਾਂ ਦੀ ਗਿਣਤੀ, ਕੁਲ ਆਬਾਦੀ ਦਾ ਲਗਭਗ ੨% ਹੀ ਹੈ। ਫ਼ਿਰ ਸੰਸਾਰ ਭਰ `ਚ, ਗਿਣਤੀ ਪੱਖੋਂ ਤਾਂ ਦੂਰ, ਸਿੱਖਾਂ ਦਾ ਆਪਣਾ ਤੇ ਵੱਖਰਾ ਕੋਈ ਇੱਕ ਵੀ ਦੇਸ਼ ਨਹੀਂ। ਇਸ ਤਰ੍ਹਾਂ ਇਥੋਂ ਤੀਕ ਕਿ ਭਾਰਤ `ਚ ਵੀ ਕੁਲ ਮਿਲਾ ਕੇ ਕੇਵਲ ਸਿੱਖ ਹੀ ਸਨ, ਜਿੰਨ੍ਹਾਂ ਉਪਰ ਲਗਾਤਾਰ ਪਿਛਲੇ ਢਾਈ ਸੌ ਸਾਲਾਂ ਤੋ ਹਰ ਪੱਖੋਂ ਬ੍ਰਾਹਮਣੀ, ਅਣਮੱਤੀ ਅਤੇ ਗੁਰਮੱਤ ਵਿਰੋਧੀ ਹਮਲੇ ਪਹਿਲਾਂ ਤੋਂ ਹੀ ਹੋ ਰਹੇ ਹਨ।

ਇਧਰ ਡੇਰਿਆਂ ਵਾਲੇ ਵੀ ਦਿਨ-ਰਾਤ ਆਪਣਾ ਜਾਲ ਵਿਛਾ ਰਹੇ ਹਨ। ਘੋਖਿਆ ਜਾਵੇ ਤਾਂ ਇਨ੍ਹਾਂ ਦੇ ਆਗੂ ਵੀ ਬਹੁਤਾ ਕਰਕੇ ਗੋਲ ਪੱਗਾਂ ਬੰਣੀ, ਬੇਸ਼ੱਕ ਸਿੱਖੀ ਸਰੂਪ `ਚ ਤਾਂ ਹਨ ਪਰ ਉਨ੍ਹਾਂ `ਚੋਂ ਵੀ ਬਹੁਤੇ ‘ਮਹਾ ਬ੍ਰਾਹਮਣ’ ਅਤੇ ਅਨਮੱਤੀ ਵਿਚਾਰਧਾਰਾਵਾਂ ਦੇ ਹੀ ਹਨ।

ਹੋਰ ਤਾਂ ਹੋਰ, ਉਨ੍ਹਾਂ ਵਿੱਚਕਾਰ ਬਹੁਤਾ ਕਰਕੇ ਬਾਹਰੋਂ ਸਿੱਖ ਧਰਮ `ਚ ਘੁਸ-ਪੈਠ ਕਰਵਾ ਕੇ ਵਾੜੀਆਂ ਹੋਈਆਂ ਸਿੱਖ ਵਿਰੋਧੀ ਸ਼ਕਤੀਆਂ ਵੀ ਸਪਸ਼ਟ ਮਿਲਦੀਆਂ ਹਨ। ਗਹਿਰਾਈ ਤੋਂ ਘੋਖਿਆ ਜਾਵੇ ਤਾਂ ਸਰਕਾਰੀ ਪੱਧਰ `ਤੇ ਭਾਰਤ ਦੀ ਆਜ਼ਾਦੀ ਦੇ ਪਿਛਲੇ ਸ਼ੱਠ ਸਾਲਾਂ ਤੋਂ ਵੱਧ ਸਮੇਂ `ਚ ਵੀ ਬਹੁਤਾ ਇਹੀ ਕੁੱਝ ਹੋ ਰਿਹਾ ਹੈ ਤਾ ਕਿ ਸਿੱਖਾਂ ਵਿਚਾਲੇ ਗੁਰਬਾਣੀ-ਜੀਵਨ ਕਿਸੇ ਤਰ੍ਹਾਂ ਪੁੱਜੇ ਹੀ ਨਾ।

ਬੇਸ਼ੱਕ ਆਪਣੇ ਸੁਆਰਥਾਂ ਲਈ ਹੀ ਸੀ, ਪਰ ਅੰਗ੍ਰੇਜ਼ਾਂ ਨੇ ਘਟੋਘਟ ਸਿੱਖ ਫ਼ੌਜਾਂ `ਚ ਜਿਸ ਸਿੱਖੀ ਸਰੂਪ `ਤੇ ਪੂਰਾ ਪਹਿਰਾ ਦਿੱਤਾ ਸੀ, ਨਾਲ-ਨਾਲ ਸਿੱਖਾਂ ਨੂੰ "ਮਾਰਸ਼ਲ ਰੇਸ" ਦੇ ਖਿਤਾਬ ਨਾਲ ਵੀ ਸਤਿਕਾਰਿਆ ਸੀ। ਇਸ ਦੇ ਉਲਟ ਆਪਣੀ ਕਹੀ ਜਾਂਦੀ, ਇਸ ਰਾਜਸ਼ਾਹੀ `ਚ ਪਤਿਤਪੁਣੇ ਨੂੰ ਖੁੱਲ੍ਹੀ ਛੂਟ ਦੇ ਨਾਲ-ਨਾਲ ਨਸ਼ਿਆਂ ਅਤੇ ਲੱਚਰ ਗਾਇਕੀ ਨੂੰ ਵੀ ਭਰਵੀਂ ਹਵਾ ਦਿੱਤੀ ਹੋਈ ਹੈ। ਬਲਕਿ ਕਈ ਵਾਰੀਂ ਤਾਂ ਸਿੱਖ-ਨਸਲਕੁਸ਼ੀ ਦੀਆਂ ਭਿਨਾਉਣੀਆ ਹਰਕਤਾਂ ਵੀ ਹੋ ਚੁੱਕੀਆਂ ਹਨ।

ਬਲਕਿ ਸਿੱਖਾਂ ਨੂੰ ਸਿੱਖ ਕਹਿਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਰਾਹੀਂ ਸਿੱਖਾਂ ਨੂੰ ਕੇਵਲ ਕੇਸਾਧਾਰੀ ਹਿੰਦੂ ਹੀ ਪ੍ਰਚਾਰਿਆ ਜਾਂਦਾ ਹੈ। ਸਿੱਖਾਂ ਦੀ ਜਨਮ ਭੂਮੀ ਪੰਜਾਬ `ਚ, ਅੰਦਰਖਾਤੇ ਵੱਡੀ ਕੁਟਿਲਨੀਤੀ ਨਾਲ, ਦਿਨ-ਰਾਤ ਸਿੱਖ ਵਿਰੋਧੀ ਤਾਕਤਾਂ ਵੀ ਸਰਗਰਮ ਕੀਤੀਆਂ ਜਾਂਦੀਆਂ ਹਨ।

ਸਿੱਖੀ ਅਤੇ ਗੁਰਮੱਤ ਜੀਵਨ ਬਾਰੇ ਹਰ ਪੱਖੋਂ ਵੱਧ ਤੋਂ ਵੱਧ ਉਪ੍ਰਾਮਤਾ ਪੈਦਾ ਕਰਣ ਲਈ ਵੀ ਹਰਬੇ ਵਰਤੇ ਜਾਂਦੇ ਹਨ। ਹੋਰ ਤਾਂ ਹੋਰ, ਮੀਡੀਏ ਰਾਹੀਂ ਵੀ ਸਿੱਖੀ ਜੀਵਨ ਅਤੇ ਸਿੱਖੀ ਸਰੂਪ ਦਾ ਮਜ਼ਾਕ ਉਡਾਉਣ `ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਿੱਖੀ ਸਰੂਪ `ਚ ਵਿਚਰਦੇ, ਸਿੱਖੀ ਦੇ ਦੁਸ਼ਮਣਾਂ ਲਈ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ। ਸਿੱਖ ਕੌਮ ਤੋਂ ਉਨ੍ਹਾਂ ਦਾ ਜਨਮਾਂਦਰੂ ਲਕਬ ‘ਸਰਦਾਰ ਜੀ’, ਵੀ ਲਗਾਤਾਰ ਖੋਹਿਆ ਜਾ ਰਿਹਾ ਬਲਕਿ ਖੋਹਿਆ ਵੀ ਜਾ ਚੁੱਕਾ ਹੈ।

ਦਸਮੇਸ਼ ਪਿਤਾ ਵੱਲੋਂ ਬਖ਼ਸ਼ੀ ਹੋਈ, ਸਿੱਖ ਵੀਰ ਅਤੇ ਸਿੱਖ ਬੀਬੀ ਲਈ ‘ਸਿੰਘ ਅਤੇ ਕੌਰ ਵਾਲੀ ਵਿਰਾਸਤ, ਪ੍ਰਵਾਰਕ ਸਾਂਝ ਅਤੇ ਪਹਿਚਾਣ ਵਾਲੀ ਸ਼ਬਦਾਵਲੀ ਵੱਲੋਂ ਵੀ ਲੋਕਾਈ ਨੂੰ ਲਗਾਤਾਰ ਲਾਪਰਵਾਹ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ "ਸਿੱਖ ਲਈ ਕੇਸਾਂ ਦੀ ਲੋੜ ਨਹੀਂ’, "ਸਿੱਖ ਨੂੰ ਕੇਸਾਂ ਦੀ ਲੋੜ ਹੀ ਕੀ ਹੈ?", "ਸਿੱਖਾ ਲਈ ਕੇਸ ਤਾਂ ਕੇਵਲ ਵੱਕਤੀ ਲੋੜ ਸੀ, ਅੱਜ ਇਹ ਪ੍ਰਸੰਗਕਹੀ ਨਹੀਂ ਹਨ" ਆਦਿ ਦੂਸ਼ਿਤ ਪ੍ਰਚਾਰ ਨੂੰ ਖੁੱਲੀ ਛੂਟ ਦਿੱਤੀ ਹੋਈ ਹੈ। ਸਿੱਖ ਧਰਮ ਤੇ "ਸਿੱਖ ਰਹਿਣੀ" ਵਿਰੁਧ ਨਿੱਤ ਮਿਲਗੋਭਾ ਤੇ ਰਲਗਡ ਸਾਹਿਤ ਵੀ ਦਿਨ-ਰਾਤ ਬੜੀ ਤੇਜ਼ੀ ਨਾਲ ਪ੍ਰਚਲਤ ਹੋ ਰਿਹਾ ਹੈ।

ਸੰਨ ੧੯੪੭ `ਚ ਭਾਰਤ ਦੀ ਆਜ਼ਾਦੀ ਸਮੇਂ ਬਣੇ ਭਾਰਤ ਦੇ ਨਵੇਂ ਸੰਵਿਧਾਨ `ਚ, ਉਸ ਸਮੇਂ ਦੇ ਸਾਡੇ ਸਿੱਖ ਆਗੂ ਤਾਂ ਪਹਿਲਾਂ ਤੋਂ ਬਣਿਆ ਹੋਇਆ ਆਪਣਾ ‘ਸਿੱਖ ਅਨੰਦ-ਮੈਰਿਜ ਐਕਟ ੧੯੧੦’ ਵੀ ਗੁਆ ਬੈਠੇ। ਕੇਵਲ ਆਪਣੀਆਂ ਕੁਰਸੀਆਂ ਪਿੱਛੇ, ਭਾਰਤ ਦੇ ਵਿਧਾਨ `ਚ ਆਪਣੀ ਆਜ਼ਾਦ ਕੌਮੀ ਹੱਸਤੀ ਵੀ ਕਾਇਮ ਨਾ ਰੱਖ ਸਕੇ। ਇਸ ਤਰ੍ਹਾਂ ਨਵੇਂ ਸੰਵਿਧਾਨ `ਚ, ਬੜੀ ਕੁਟਲਨੀਤੀ ਨਾਲ ਸਿੱਖਾਂ ਨੂੰ ਖੁੱਲ੍ਹਮ-ਖੁਲ੍ਹਾ ਬ੍ਰਾਹਮਣੀ ਹਿੰਦੂ ਸਮੁੰਦਰ ਦਾ ਕੇਵਲ ਇੱਕ ਅੰਗ ਹੀ ਬਣਾ ਕੇ ਰਖਿਆ ਹੋਇਆ ਹੈ

ਜਦਕਿ ਸਿੱਖ ਧਰਮ ਆਪਣੇ ਆਪ `ਚ ਸ਼ੰਸਾਰ ਤਲ ਦਾ ਨਿਵੇਕਲਾ, ਸਮੂਚੇ ਮਨੁੱਖ-ਮਾਤ੍ਰ ਲਈ ਇਕੋਇਕ ਇਲਾਹੀ ਅਤੇ ਸੱਚ ਧਰਮ ਦਾ ਪ੍ਰਕਾਸ਼ ਹੈ, ਤਾਂ ਵੀ ਭਾਰਤ ਦੇ ਸਵਿਧਾਨ `ਚ ਇਸ ਨੂੰ ਹਿੰਦੂ ਧਰਮ ਦੀ ਕੇਵਲ ਇੱਕ ਸ਼ਾਖ਼ਾ ਅਤੇ ਅੰਗ ਬਣਾ ਕੇ ਹੀ ਪੇਸ਼ ਕੀਤਾ ਹੋਇਆ ਹੈ। ਉਂਜ ਇਸ ਇਲਾਹੀ ਸੱਚ ਨੂੰ ਸਮਝਣ ਲਈ ਅਸਾਂ ਗੁਰਮੱਤ ਪਾਠ ਨੰ: ੪ ‘ਸਿੱਖ ਧਰਮ ਅਤੇ ਹਿੰਦੂ ਭਾਈਚਾਰਾ’ ਅਤੇ ਗੁਰਮੱਤ ਪਾਠ ਨੰ: ੩੯ ‘ਆਦਿ ਕਾਲ ਦਾ ਧਰਮ ਹੈ ਸਿੱਖ ਧਰਮ’ ਵੀ ਸੈਂਟਰ ਵੱਲੋਂ ਪਹਿਲਾਂ ਤੋਂ ਦਿੱਤੇ ਹੋਏ ਹਨ, ਸੰਗਤਾਂ ਉਨ੍ਹਾਂ ਗੁਰਮੱਤ ਪਾਠਾਂ ਦਾ ਲਾਭ ਲੈਣ ਅਤੇ ਨਾਲ-ਨਾਲ ਉਨ੍ਹਾਂ ਗੁਰਮੱਤ-ਪਾਠਾਂ ਨੂੰ ਗੁਰਮੱਤ ਪ੍ਰਚਾਰ-ਪ੍ਰਸਾਰ ੱਿਤ, ਗੁਰੂ ਕੀਆਂ ਸੰਗਤਾਂ ਵਿੱਚਕਾਰ ਵੰਡਣ ਦਾ ਉਪਰਾਲਾ ਵੀ ਕਰਣ।

ਗੁਰੂ ਕੀਆਂ ਸੰਗਤਾਂ ਵਿਚਾਲੇ, ਗੁਰਦੁਆਰਾ ਚੋਣਾਂ ਵਾਲਾ "ਫਿਨੀਅਰ ਸੱਪ" - ਗੁਰਦੁਆਰਿਆਂ ਅੰਦਰ ਚੋਣਾਂ ਵਾਲੇ ਸਿੱਸਟਮ ਦਾ ਹੋ ਚੁੱਕਾ ਪ੍ਰਵੇਸ਼, ਪੰਥ ਲਈ ਅਜਿਹਾ ਮਾਰੂ ਹੱਥਿਆਰ ਸਾਬਤ ਹੋਇਆ ਹੈ ਕਿ ਕੌਮ ਦਾ ਜਿੰਨਾਂ ਨੁਕਸਾਨ ਸੰਨ ੧੭੧੬ ਤੋਂ ਸੰਨ ੧੯੨੫ ਤੀਕ ਨਹੀਂ ਸੀ ਹੋਇਆ, ਉਸ ਤੋਂ ਵੱਧ ਨੁਕਸਾਨ ਇੰਨ੍ਹਾਂ ਕੁੱਝ ਦਹਾਿਕਆਂ `ਚ ਹੀ ਹੋ ਚੁੱਕਾ ਹੈ। ਸੰਨ ੧੭੧੬ ਤੋਂ ਅਰੰਭ ਹੋ ਕੇ ਗੁਰੂ ਕੀਆਂ ਸੰਗਤਾਂ ਅਤੇ ਗੁਰਬਾਣੀ ਜੀਵਨ ਵਿੱਚਕਾਰ ਦਿਨੋ ਦਿਨ ਫਾਸਲਾ ਵਾਧੇ `ਤੇ ਤਾਂ ਸੀ ਹੀ, ਪਹਿਲਾਂ ਵਿਰੋਧੀਆਂ ਵੱਲੋਂ ਹੀ ਸੀ ਜਦਕਿ ਹੁਣ ਚੋਣਾਂ ਰਾਹੀਂ ਅੱਗੇ ਆਏ ਅਜਿਹੇ ਆਪਣਿਆਂ ਅਤੇ ਉਨ੍ਹਾਂ ਹੇਠਾਂ ਬਹੁਤੇ ਚਾਪਲੂਸ ਤੇ ਅਣ-ਅਧਿਕਾਰੀ ਕਿਸਮ ਦੇ ਪ੍ਰਚਾਰਕਾਂ ਵੱਲੋਂ ਹੋ ਰਿਹਾ ਹੈ। ਫ਼ਿਰ ਉਸ ਤੋਂ ਬਾਅਦ, ਕੌਮ ਉਪਰ ਇਹ ਹਮਲਾ, ਅੱਜ ਤੀਕ ਕਦੇ ਪਲ ਭਰ ਲਈ ਵੀ ਨਹੀਂ ਰੁਕਿਆ।

ਬਲਕਿ ਆਪਣੀਆਂ ਹੀ ਸਿੱਖ ਜਾਗ੍ਰਿਤੀ ਲਹਿਰਾਂ, ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ, ਜਿਉਂ ਜਿਉਂ ਗੁਰੂਡੰਮਾਂ ਦਾ ਸ਼ਿਕਾਰ ਹੁੰਦੀਆਂ ਗਈਆਂ, ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਕੌਮ ਦੀ ਬੇਅੰਤ ਤੱਬਾਹੀ ਕੀਤੀ। ਕਿਉਂਕਿ ਸਮੇ-ਸਮੇਂ ਨਾਲ ਪੂਰੀ ਕੌਮ ਇਨ੍ਹਾਂ ਦੀ ਦੇਣ `ਤੇ ਫ਼ਖਰ ਕਰਦੀ ਰਹੀ ਸੀ।

ਉਸ ਦੇ ਉਲਟ ਜਿਉਂ-ਜਿਉਂ ਇਹ ਲਹਿਰਾਂ ਕੌਮ ਦਾ ਗੁਮਰਾਹਕੁਣ ਅਤੇ ਕੁਰਾਹੇ ਪੈ ਚੁੱਕਾ ਅੰਗ ਬਣ ਕੇ ਉਭਰਦੀਆਂ ਗਈਆਂ ਤਾਂ ਪੰਥ ਨੂੰ ਅੱਜ ਤੀਕ ਇਨ੍ਹਾਂ ਦੀ ਵੀ ਭਾਰੀ ਕੀਮਤ ਚੁਕਾਣੀ ਪੈ ਰਹੀ ਹੈ। ਬਲਕਿ ਇਨ੍ਹਾਂ ਵੱਲੋਂ ਬੇ-ਸ਼ੁਮਾਰ ਵਿਰੋਧੀ ਸਾਹਿਤ ਵੀ ਸੰਗਤਾਂ ਨੂੰ ਭਮਲ ਭੂਸੇ `ਚ ਹੀ ਪਾਂਦਾ ਆ ਰਿਹਾ ਹੈ, ਜਦਕਿ ਅੱਜ ਤੀਕ ਉਸ `ਚ ਵੀ ਰੁਕਾਵਟ ਨਹੀਂ ਆਈ।

ਸਿੱਖ, ਜਿਸ ਦੇ ਜੀਵਨ ਦਾ ਆਧਾਰ ਹੀ ਗੁਰਬਾਣੀ ਗਿਆਨ ਅਤੇ ਉਸ ਤੋਂ ਪੈਦਾ ਹੋਣ ਵਾਲੀ ਅਕੱਟ ਗੁਰਬਾਣੀ ਵਿਚਾਰਸ਼ਕਤੀ ਤੇ ਗੁਰਬਾਣੀ ਵਿਚਾਧਾਰਾ ਹੈ, ਸੰਨ ੧੭੧੬ ਤੋਂ ਲੈ ਕੇ ਅੱਜ ਤੀਕ ਉਹੀ ਸਿੱਖ ਮਾਨਸ ਭਿੰਨ-ਭਿੰਨ ਵਿਰੋਧੀ ਹਮਲਿਆਂ ਕਾਰਣ, ਮਿਲਗੋਭਾ ਅਤੇ ਰਲ-ਗੱਡ ਕਰਕੇ ਪਹੁੰਚਾਈ ਜਾ ਰਹੀ ਗੁਰਮੱਤ ਕਾਰਣ, ਗੁਰਬਾਣੀ-ਜੀਵਨ ਤੋਂ ਤੇਜ਼ੀ ਨਾਲ ਟੁੱਟਦਾ ਅਤੇ ਦੁਰੇਡੇ ਜਾ ਰਿਹਾ ਹੈ।

ਨਿਰੋਲ ਗੁਰਬਾਣੀ ਵਿਚਾਰਧਾਰਾ ਅਤੇ ਗੁਰਬਾਣੀ ਸੋਝੀ ਵਾਲਾ ਉੱਦਮ, ਉਸ ਅੰਦਰੋਂ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ ਹੁਣ ਗੁਰਬਾਣੀ ਉਸ ਵਾਸਤੇ ਜੀਵਨ ਜਾਚ ਦਾ ਸੋਮਾ ਘਟ ਅਤੇ ਮੂਰਤੀ ਪੂਜਾ, ਮੰਤ੍ਰ ਰਟਣ, ਕਾਮਨਾ ਪੂਰਤੀ, ਸੁਖਣਾ ਆਦਿ ਦਾ ਰੂਪ, ਵੱਧ ਲੈ ਚੁੱਕੀ ਹੈ। ਇਹ ਸਾਰੀ ਮਿਹਰਬਨੀ ਹੈ ਕੇਵਲ ਅਤੇ ਕੇਵਲ ਚੋਣਾਂ ਤੋਂ ਪੈਦਾ ਹੋਈ ਇਸ ਵੋਟਾਂ ਵਾਲੀ ਰਾਜਨੀਤੀ ਦੀ। ਇਸ ਪਾਸਿਓਂ ਕਦੋਂ ਸੰਭਲਾਂਗੇ? ਅਤੇ ਕਿਵੇਂ ਬਚਾਂਗੇ? ਇਹ ਤਾਂ ਕੇਵਲ ਕਰਤਾਪੁਰਖੁ ਹੀ ਜਾਣਦਾ ਹੈ

ਤਾਂ ਵੀ ਇਹ ਗੱਲ ਸੰਸਾਰ ਤਲ `ਤੇ ਸਪਸ਼ਟ ਹੈ ਕਿ ਸੰਸਾਰ ਦੇ ਕਿਸੇ ਛੋਟੇ ਤੋਂ ਛੋਟੇ ਧਰਮ ਨੇ ਵੀ, ਅਪਣੇ ਧਰਮ ਦੀ ਸੰਭਾਲ ਲਈ ਚੋਣਾਂ ਵਾਲੇ ਢੰਗ ਨੂੰ ਕਦੇ ਨੇੜੇ ਨਹੀਂ ਆਉਣ ਦਿੱਤਾ। ਦੂਜੇ ਪਾਸੇ, ਗੁਰੂ ਨਾਨਕ ਦੇ ਆਲਮਗੀਰੀ ਤੇ ਸਰਬਕਾਲੀ ਮੱਤ ਨਾਲ ਅਸਾਂ ਇਹ ਚੌਣਾਂ ਵਾਲਾ ਮਜ਼ਾਕ ਕਰਕੇ ਇਸ ਨੂੰ ਤੱਬਾਹ ਕਰਨ ਲਈ ਜਿਵੇਂ ਆਪ ਹੀ ਤੁਲੇ ਹੋਏ ਹਾਂ। ਸੋਚਣ ਦੀ ਗਲ ਹੈ ਕਿ ਜੇ ਚੋਣਾਂ ਵਾਲਾ ਰਸਤਾ ਹੀ ਅਪਨਾਉਣਾ ਹੁੰਦਾ ਤਾਂ ਨਾ ਭਾਈ ਲਹਿਣਾ ਜੀ "ਗੁਰੂ ਅੰਗਦ ਸਾਹਿਬ" ਵਾਲੇ ਸਰਬ-ਉੱਚ ਗੁਰਬਾਣੀ ਆਧਾਰਤ ਗੁਰੂ-ਪਦ ਨੂੰ ਪ੍ਰਾਪਤ ਹੁੰਦੇ ਅਤੇ ਨਾ ਹੀ ਪੰਥਕ ਤਲ ਦੇ ਉਹ ‘ਪੰਜ ਪਿਆਰੇ ਹੀ ਹੁੰਦੇ।

"ਸਿਖੀ ਸਿਖਿਆ ਗੁਰ ਵੀਚਾਰਿ. ." -ਜਦਕਿ ਇਕ-ਮੱਤ ਹੋ ਕੇ ਮੂਲ ਰੂਪ `ਚ ਸਮਝਣ ਦਾ ਵਿਸ਼ਾ ਇਹੀ ਹੈ ਕਿ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫) ਅਨੁਸਾਰ ਸਿੱਖੀ ਕੇਵਲ ਤੇ ਕੇਵਲ ਇਕੋ ਹੀ ਹੈ। ਉਪ੍ਰੰਤ ਇਹ ਸਿੱਖੀ ਉਹ ਹੈ ਜਿਹੜੀ ਬਿਨਾ ਮਿਲਾਵਟ, ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾ `ਚੋਂ ਪ੍ਰਾਪਤ ਹੋਵੇ ਅਤੇ ਸਿੱਖ ਮਾਨਸ ਕੋਲ ਵੀ ਪੁੱਜਦੀ ਹੋਵੇ। ਜਦਕਿ ਬਾਕੀ ਸਭ "ਗੁਰੂ ਨਾਨਕ ਪਾਤਸ਼ਾਹ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਨਾਮ `ਤੇ ਕੇਵਲ ਸਿੱਖੀ ਦਾ ਵਿਗਾੜ ਹੀ ਹੈ।

ਦੂਜੇ ਲਫ਼ਜ਼ਾਂ `ਚ ਅਜੋਕੇ ਸਮੂਚੇ ਵਖ੍ਰੇਵੇਂ ਦਾ ਇਕੋ ਹੀ ਹੱਲ ਤੇ ਸੱਚ ਵੀ ਇਕੋ ਹੀ ਹੈ। ਉਹ ਹੱਲ ਅਤੇ ਸੱਚ ਇਹ ਹੈ, ਜੇਕਰ ਅੱਜ ਵੀ ਗੁਰੂ ਕਾ ਸਿੱਖ ਅਖਵਾਉਣ ਵਾਲਾ ਸਮੂਚਾ ਗੁਰੂ ਕਾ ਪੰਥ, ਇਧਰ-ਓਧਰ ਦੀ ਝਾਕ ਤੇ ਆਪਣੀ ਪਕੜ ਛੱਡ ਕੇ, ਵੱਡੀ ਸਿਦਕਦਿਲੀ ਅਤੇ ਵੱਡੀ ਇਮਾਨਦਾਰੀ ਨਾਲ ਆਪਣੇ "ਇਕੋ ਇੱਕ ਰਹਿਬਰ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਆ ਜਾਵੇ।

ਇਸ ਤਰ੍ਹਾਂ "ਗੁਰ੍ਰੂ ਨਾਨਕ-ਗੁਰੂ-ਗਬਿੰਦ ਸਿੰਘ ਜੀ" ਦਾ ਇਹ ਲਾਡਲਾ ਪੰਥ, ਭਾਈ ਗੁਰਦਾਸ ਜੀ ਦੇ ਕਥਨ "ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ" (੧/੨੭ਭਾ: ਗੁ: ) ਅਤੇ "ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ" (੧/੨੭ਭਾ: ਗੁ: ) ਅਨੁਸਾਰ, ਅੱਜ ਵੀ ਸੰਸਾਰ ਭਰ `ਚ ਆਪਣੀ ਉਸੇ ਹੋਂਦ ਨੂੰ ਮੁੜ ਪ੍ਰਗਟ ਕਰ ਸਕਦਾ ਅਤੇ ਉਸਨੂੰ ਉਜਾਗਰ ਕਰਣ ਦੇ ਸਮ੍ਰਥ ਹੋ ਸਕਦਾ ਹੈ। (ਸਮਾਪਤ) #418P-XXVIIIs06.16.02.16#p28v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXVIII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਅਠਾਈਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.