.

ਤੇਰਾ ਕੀਆ ਮੀਠਾ ਲਾਗੈ

ਸਿੱਖ ਸੰਸਥਾਗਤ ਧਰਮ ਇੱਕ ਵਾਪਾਰ ਹੀ ਬਣ ਕੇ ਰਹਿ ਗਿਆ ਹੈ ਜਿਸ ਦੀ ਵਰਤੋਂ ਗੁਰੂ ਦੇ ਨਾਮ ਤੇ ਆਪਣੇ ਹੀ ਲਾਭ ਲਈ ਕੀਤੀ ਜਾਂਦੀ ਹੈ। ਮੌਜੂਦਾ ਅਖੌਤੀ ਧਰਮ ਵਿੱਚ ਗੁਰੂ (ਗੁਰਬਾਣੀ) ਨੂੰ ਕੇਵਲ ਆਪਣੇ ਦੁਨਿਆਵੀ ਸੁਆਰਥਾਂ ਲਈ ਹੀ ਵਰਤਿਆ ਜਾਂਦਾ ਹੈ, ਉਸ ਦੀ ਪੂਜਾ ਤਾਂ ਰੱਜ ਕੇ ਕੀਤੀ ਜਾਂਦੀ ਹੈ, ਰੱਟਣ ਵੀ ਨਿੱਤ, ਨੇਮ ਨਾਲ ਕੀਤਾ ਜਾਂਦਾ ਹੈ, ਰਾਤ ਦਿਨ ਗਾਇਆ ਵੀ ਜਾਂਦਾ ਹੈ, ਪਰ ਉਸ ਦੇ ਹੁਕਮ ਨੂੰ, (ਮੰਨਣਾ ਤਾਂ ਦੂਰ ਦੀ ਗਲ ਹੈ) ਸਮਝਿਆ ਵੀ ਨਹੀ ਜਾਂਦਾ। ਗੁਰਬਾਣੀ ਮਨੁੱਖ ਦੀ ਸਾਂਝ ਕਰਤਾਰ ਨਾਲ ਪਾ ਕੇ ਮਨੁਖੀ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਨਾਉਂਦੀ ਹੈ ਪਰ ਅਫਸੋਸ ਕੇ ਸਿੱਖੀ ਦੇ ਅਜੋਕੇ ਹਾਲਾਤ ਹੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਿੱਖ ਇਸ ਗਲ ਨੂੰ ਸਮਝ ਨਾ ਸਕਿਆ ਤੇ ਇਸ ਨੂੰ ਜਾਦੂ ਟੂਣੇ ਦੇ ਮੰਤਰ ਵਾਂਗ ਵਰਤ ਕੇ ਇਸ ਦਾ ਵਾਪਾਰ ਕਰਨਾ ਸ਼ੁਰੂ ਕਰ ਦਿੱਤਾ। ਅੰਨ੍ਹੀ ਸ਼ਰਧਾ ਵੱਸ ਹੋਇਆ ਦਿਖਾਵੇ ਦਾ ਆਦਰ ਸਤਿਕਾਰ ਵੀ ਝੁਕ ਝੁਕ ਬਹੁਤ ਕਰਦਾ ਹੈ, ਧੁਪ ਦੀਪ ਤੇ ਫੁੱਲਾਂ ਤੇ ਰੁਮਾਲਿਆਂ ਦੀ ਸਜਾਵਟ ਵੀ ਬਹੁਤ ਕਰਦਾ ਹੈ, ਇਥੋਂ ਤਕ ਕਿ ਉਹ ਗੁਰਬਾਣੀ (ਗੁਰਗਿਆਨ) ਨੂੰ ਰਸਦਾਇਕ ਪਦਾਰਥਾਂ ਦਾ ਭੋਗ ਵੀ ਲਵਾਂਦਾ ਹੈ ਪਰ ਇਸ ਨੂੰ ਸਮਝਣ ਤੋਂ ਸਦਾ ਕੰਨ ਕਤਰਾਉਂਦਾ ਰਹਿੰਦਾ ਹੈ। ਜੋ ਗੁਰਬਾਣੀ ਇਸ ਨੂੰ ਸੱਚੇ ਮਾਰਗ ਜਾਂ ਪੰਥ ਲਈ ਪ੍ਰੇਰਤ ਕਰਦੀ ਹੈ, ਇਸ ਨੂੰ ਕਰਮ ਕਾਂਡਾਂ ਦੇ ਬੰਧਨਾਂ ਤੋਂ ਮੁਕਤ ਕਰਦੀ ਹੈ, ਓਸੇ ਨੂੰ ਇਹ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਪੈਣ ਲਈ ਵਰਤ ਰਿਹਾ ਹੈ। ਗੁਰਬਾਣੀ ਦੇ ਉਲਟ ਚੱਲਣ ਦਾ ਜਿਵੇਂ ਇਸ ਨੇ ਠੇਕਾ ਹੀ ਲੈ ਰਖਿਆ ਹੋਵੇ। ਕਿਤਨੀ ਹੈਰਾਨਗੀ ਹੈ ਕਿ ਗਿਆਨ ਦੇ ਚਰਾਗ ਥੱਲੇ ਅਗਿਆਨਤਾ ਦਾ ਇਤਨਾ ਹਨੇਰਾ ਵੀ ਹੋ ਸਕਦਾ ਹੈ। ਦਰਿਆਵਾਂ ਦੇ ਤੈਰਾਕ ਪਾਣੀ ਦੇ ਬਹਾਉ ਨਾਲ ਤੈਰ ਕੇ ਸਹਜੇ ਹੀ ਦਰਿਆ ਪਾਰ ਕਰ ਲੈਂਦੇ ਹਨ ਪਰ ਜੇ ਕੋਈ ਅਨਜਾਣ ਪਾਣੀ ਦੇ ਬਹਾਉ ਦੇ ਉਲਟ ਤੈਰ ਕੇ ਪਾਰ ਹੋਣ ਦਾ ਯਤਨ ਕਰਦਾ ਹੈ ਉਹ ਆਪਣੀ ਸਾਰੀ ਊਰਜਾ ਲਾ ਕੇ ਵੀ ਨਿਸਫਲ ਰਹਿ ਜਾਂਦਾ ਹੈ, ਇਸੇ ਤਰਾਂ ਅਧਿਆਤਮਿਕ ਖੇਤਰ ਵਿੱਚ ਵੀ ਜੋ ਗੁਰੂ ਦੇ ਬਚਨਾਂ ਅਨੁਸਾਰ ਚਲਦਾ ਹੈ ਉਹ ਸਹਿਜੇ ਹੀ ਆਪਣੀ (ਅਨੰਦ ਦੀ) ਮੰਜ਼ਿਲ ਨੂੰ ਪਾ ਲੈਂਦਾ ਹੈ, ਭਵਸਾਗਰ ਤੋਂ ਪਾਰ ਹੋ ਜਾਂਦਾ ਹੈ, ਪਰ ਜੋ ਗੁਰੂ ਤੋਂ ਮੁਨਕਰ ਹੁੰਦਾ ਹੈ ਉਹ ਲੱਖ ਯਤਨ ਕੀਤਿਆਂ ਵੀ ਅਗਿਆਨਤਾ ਦੇ ਹਨੇਰੇ (ਰਸਮਾਂ ਤੇ ਕਰਮ ਕਾਂਡਾਂ) ਵਿੱਚ ਭਟਕਦਾ ਰਹਿੰਦਾ ਹੈ, ਭਵਸਾਗਰ ਵਿੱਚ ਗੋਤੇ ਖਾਂਦਾ ਰਹਿੰਦਾ ਹੈ।

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥ 229 ਅਨੇਕਾਂ ਬਾਹਰੀ ਕਰਮ ਕਾਂਡਾਂ ਨਾਲ ਯਤਨ ਕੀਤਿਆਂ ਵੀ ਉਹ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਖਾਏਗਾ। ਗੁਰਬਾਣੀ, ਇੱਕ ਕਾਰ ਦੇ ਸੈਟਾਲਾਈਟ ਨੈਵੀਗੇਟਰ ਦੀ ਤਰਾਂ, ਖੁਸ਼ੀ ਤੇ ਅਨੰਦ ਦੀ ਮੰਜ਼ਿਲ ਤੇ ਲੈ ਜਾਵੇਗੀ ਬਸ਼ਰਤੇ ਕੇ ਉਸ ਦੇ ਕਹੇ ਅਨੁਸਾਰ ਚਲਿਆ ਜਾਵੇ ਪਰ ਇਸ ਤੋਂ ਵਿਪਰੀਤ ਚੱਲਣ ਵਾਲੇ ਸਦਾ ਗੁਮਰਾਹ ਹੀ ਹੋ ਜਾਂਦੇ ਹਨ। ਗੁਰਬਾਣੀ ਦਾ ਮੁੱਖ ਆਦੇਸ਼ ਪ੍ਰਭੂ ਦੇ ਉਸ ਭਾਣੇ, ਰਜ਼ਾ ਜਾਂ ਹੁਕਮ ਵਿੱਚ ਚੱਲਣ ਲਈ ਹੈ ਜਿਸ ਤੋਂ ਸਾਰੀ ਉਤਪਤੀ ਹੋਈ ਹੈ ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥ 223 ਪਰ ਇਸ ਦੀ ਸੂਝ ਗੁਰ ਸ਼ਬਦ ਦੁਆਰਾ ਹੀ ਹੋਵੇਗੀ ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥ 223

ਕਈ ਵਾਰ ਉਸ ਅਭੁੱਲ ਖਸਮ (ਪ੍ਰਭੂ) ਦੇ ਭਾਣੇ ਦੀ ਪਛਾਣ ਨਾ ਹੋਣ ਕਾਰਨ ਉਸ ਤੇ ਗਿਲਾ ਕੀਤਾ ਜਾਂਦਾ ਹੈ ਜੋ ਮਨੁੱਖ ਦੀ ਆਪਣੀ ਹੀ ਬੇਸਮਝੀ ਹੈ। ਦੁਨੀਆਂ ਵਿੱਚ ਜਦੋਂ ਵੀ ਕੋਈ ਐਸੀ ਦੁਰਘਟਨਾ ਵਾਪਰਦੀ ਹੈ ਜਿਸ ਵਿੱਚ ਮਨੁੱਖਤਾ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਤਾਂ ਮਨੁੱਖ ਰੱਬ ਨੂੰ ਅਨੇਕਾਂ ਮਿਹਣੇਂ ਮਾਰਦਾ ਤੇ ਉਸ ਨੂੰ ਦੋਸ਼ ਦਿੰਦਾ ਨਹੀ ਥਕਦਾ ਕਿਉਂਕਿ ਉਸ ਕੋਲ ਉਹ ਲੰਮੀ ਨਦਰ ਜਾਂ ਗਿਆਨ ਦ੍ਰਿਸ਼ਟੀ ਨਹੀ ਜਿਸ ਨਾਲ ਉਹ ਇਸ ਦੁਰਘਟਨਾ ਦੇ ਕਾਰਨ ਨੂੰ ਜਾਣ ਲਵੇ। ਦੂਜਾ ਪੱਖ ਇਹ ਵੀ ਹੈ ਕਿ ਜੇ ਸਭ ਕਰਨ ਕਰਾਵਣਹਾਰ ਵੀ ਉਹ ਆਪ ਹੀ ਹੈ, ਬੁਰਾ, ਭਲਾ, ਦੁੱਖ, ਸੁੱਖ, ਗਮੀ, ਖੁਸ਼ੀ ਆਦਿ… ਨੂੰ ਭੋਗਣ ਵਾਲਾ (ਤੇ ਉਸ ਤੋਂ ਅਲੇਪ ਵੀ) ਉਹ ਆਪ ਹੀ ਹੈ ਤਾਂ ਫਿਰ ਇਤਰਾਜ਼ ਕਿਸ ਨੂੰ? ਜਦੋਂ ਦੂਸਰਾ ਕੋਈ ਹੈ ਹੀ ਨਹੀ, ਤੇ ਨਾ ਹੋ ਸਕਦਾ ਹੈ, ਤਾਂ ਦੋਸ਼ ਦੇਣ ਵਾਲਾ ਕੌਣ ਤੇ ਦੋਸ਼ੀ ਕੌਣ? ਦੋਸ਼ ਲਈ ਕੋਈ ਦੂਜਾ ਹੋਣਾ ਜ਼ਰੂਰੀ ਹੈ ਪਰ ਦੂਜਾ ਕੋਈ ਹੈ ਹੀ ਨਹੀ। ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥ 1313

ਨਾ ਹੀ ਕੋਈ ਉਸ ਦੀ ਆਪਣੀ ਸੀਮਾ ਹੈ ਤੇ ਨਾ ਹੀ ਉਸ ਦੇ ਹੁਕਮ, ਭਾਣੇ ਜਾਂ ਰਜ਼ਾ ਦੀ ਕੋਈ ਸੀਮਾ ਹੈ ਤਾਂ ਫਿਰ ਉਸ ਅਸੀਮ ਦੀ ਖੇਡ (ਹੁਕਮ) ਨੂੰ ਇੰਦ੍ਰੀਆਂ ਦੀ ਸੀਮਾ ਵਿੱਚ ਰਹਿਣ ਵਾਲਾ ਮਨੁੱਖ ਕਿਵੇਂ ਜਾਣ ਸਕਦਾ ਹੈ? ਇਸ ਲਈ ਉਸ ਅਸੀਮ ਨੂੰ ਪੂਰਨ ਤੌਰ ਤੇ ਜਾਨਣਾ ਭਾਵੇਂ ਅਸੰਭਵ ਹੈ ਪਰ ਗੁਰਮਤ ਦੁਆਰਾ ਉਸ ਦੇ ਗੁਣਾਂ ਬਾਰੇ ਸੂਝ ਤਾਂ ਲਈ ਹੀ ਜਾ ਸਕਦੀ ਹੈ। ਗੁਰਬਾਣੀ ਮਨੁੱਖ ਨੂੰ ਰੱਬ ਦੀ ਰਜ਼ਾ ਵਿੱਚ ਚਲਣ ਲਈ ਪ੍ਰੇਰਦੀ ਹੈ ਤੇ ਨਾਲੇ ਸੂਚਤ ਵੀ ਕਰਦੀ ਹੈ ਕਿ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ 1 ਅਤੇ ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ 277 ਕਈ ਸਵਾਲ ਕਰਦੇ ਹਨ ਕਿ ਅਗਰ ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀ, ਜੋ ਪਰਮਾਤਮਾ ਨੂੰ ਭਾਉਂਦਾ ਹੈ ਉਹੀ ਕਰਾਉਂਦਾ ਹੈ ਤਾਂ ਕੀ ਪਰਮਾਤਮਾ ਦੁਸ਼ਕਰਮ ਮਨੁੱਖ ਤੋਂ ਆਪ ਕਰਾਉਂਦਾ ਹੈ? ਗੁਰਬਾਣੀ ਫੁਰਮਾਨ ਹੈ: ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ 168

ਇਹ ਇੱਕ ਅਟੱਲ ਸਚਾਈ ਹੈ ਕਿ ਉਸ ਦੇ ਬਣਾਏ ਨਿਯਮਾ (ਭਾਣੇ) ਤੋਂ ਬਾਹਰ ਕੁੱਛ ਨਹੀ ਹੋ ਸਕਦਾ ਅਤੇ ਉਸ ਦੇ ਨਿਯਮਾ ਨੂੰ ਬਦਲਿਆ ਵੀ ਨਹੀ ਜਾ ਸਕਦਾ। ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁੱਖ ਕਲੇਸ਼) ਦੁੱਖ ਸੁੱਖ, ਬੁਰਾ ਭਲਾ, ਸੱਚ ਝੂਠ, ਗੁਣ ਅਵਗੁਣ, ਇਹ ਸਭ ਉਸ ਦੇ ਨਿਯਮਾ, ਹੁਕਮ ਜਾਂ ਭਾਣੇ ਵਿੱਚ ਹੀ ਹਨ। ਅਟੱਲ ਸਚਾਈ ਤਾਂ ਇਹ ਹੈ ਕਿ ਕਰਤੇ ਨੇ ਬੁਰਾ ਜਾਂ ਮੰਦਾ ਕੁੱਛ ਬਣਾਇਆ ਹੀ ਨਹੀ … ਨਹੀ ਹੈ ਚੀਜ਼ ਕੋਈ ਨਿਕੰਮ ਜ਼ਮਾਨੇ ਮੇਂ। ਕੋਈ ਬੁਰਾ ਨਹੀ ਕੁਦਰਤ ਕੇ ਕਾਰਖਾਨੇ ਮੇਂ। ਪਰ ਜਿਸ ਦੀ ਪਿੱਠ ਸਚਾਈ, ਭਲਿਆਈ ਜਾਂ ਚੰਗਿਆਈ ਵਲ ਹੋ ਜਾਵੇ ਉਹ ਝੂਠਾ, ਬੁਰਾ ਜਾਂ ਮੰਦਾ ਆਪਣੇ (ਮੂੰਹ ਫੇਰਨ ਦੇ) ਕੀਤੇ ਕਰਮ ਅਨੁਸਾਰ ਆਪ ਹੀ ਬਣਦਾ ਹੈ, ਕਿਸੇ ਦੂਸਰੇ ਦਾ ਇਸ ਵਿੱਚ ਕੋਈ ਦਖਲ ਜਾਂ ਦੋਸ਼ ਨਹੀ। ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ 433

ਭੈੜੀ ਸੰਗਤ ਜਾਂ ਅਗਿਆਨਤਾ ਕਾਰਨ ਮਨੁੱਖ ਦੀ ਬੁੱਧੀ ਭ੍ਰਿਸ਼ਟ ਵੀ ਹੋ ਸਕਦੀ ਹੈ ਤੇ ਸਤਿਸੰਗਤ (ਗੁਰੂ ਦੀ ਸੰਗਤ) ਜਾਂ ਗਿਆਨ ਕਾਰਨ ਬੁੱਧੀ ਸ਼ੁੱਧ ਵੀ ਹੋ ਸਕਦੀ ਹੈ ਪਰ ਇਹਨਾਂ (ਸ਼ੁੱਧ ਤੇ ਅਸ਼ੁੱਧ) ਵਲ ਮੂੰਹ ਜਾਂ ਪਿੱਠ ਕਰਨ ਲਈ ਜਾਂ ਇਹਨਾਂ ਦਾ ਪਾਤਰ ਬਣਨ ਲਈ, ਮਨੁੱਖ ਸੁਤੰਤ੍ਰ ਹੈ ਤੇ ਜੇਹੀ (ਨਿੱਜੀ) ਚੋਣ ਮਨੁੱਖ ਕਰੇਗਾ ਤੈਸਾ ਹੀ ਫਲ ਪਾ ਲਵੇਗਾ, ਕਰਤੇ ਦਾ ਇਸ ਵਿੱਚ ਕੋਈ ਲੈਣ ਦੇਣ ਨਹੀ। ਕਰਨ ਕਰਾਵਨ ਕਰਨੈ ਜੋਗੁ ॥ ਜੋ ਤਿਸੁ ਭਾਵੈ ਸੋਈ ਹੋਗੁ ॥ 277 ਉਹੀ ਕੁੱਛ ਹੁੰਦਾ ਹੈ ਜੋ ਉਸ ਕਰਨ ਕਰਾਵਣਹਾਰ ਨੂੰ ਭਾਉਂਦਾ ਹੈ ਤਾਂ ਕੀ ਇਸ ਤੋਂ ਇਹ ਮੰਨ ਲਿਆ ਜਾਵੇ ਕਿ ਮੰਦਕਰਮ ਵੀ ਉਸ ਨੂੰ ਭਾਉਂਦੇ ਹਨ ਤੇ ਉਹ ਆਪ ਹੀ ਇਹਨਾਂ ਨੂੰ ਕਰਵਾਉਂਦਾ ਹੈ? ਇਹ ਤਾਂ ਮੁਮਕਿਨ ਨਹੀ ਕਿਉਂਕਿ ਇਹ ਗੁਰਬਾਣੀ ਸਿਧਾਂਤ ਦੇ ਉਲਟ ਹੈ: ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥ ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥ 294 ਜੋ ਆਪ ਭਲਾ ਹੈ ਉਸ ਦੇ ਕਰਮ ਵੀ ਭਲੇ ਹੀ ਹੋਵਣਗੇ ਕਿਉਂਕਿ ਉਹ ਭਲੇ ਕਰਮਾਂ ਕਰਕੇ ਹੀ ਤਾਂ ਭਲਾ ਹੈ, ਤਾਂ ਉਹ ਕਿਸੇ ਦਾ ਬੁਰਾ ਕਿਵੇਂ ਕਰ/ਕਰਵਾ ਸਕਦਾ ਹੈ? ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ 302 ਸਭ ਦਾ ਭਲਾ ਚਿਤਵਣ ਤੇ ਕਰਨ ਵਾਲਾ ਕਿਸੇ ਤੋਂ ਬੁਰਾ ਕਿਉਂ ਕਰਵਾਏਗਾ?

ਅਸਲ ਵਿੱਚ ਬੁਰਾਈ ਜਾਂ ਭਲਾਈ ਕੇਵਲ ਦੁਐਤ ਵਿੱਚ ਵਸਦੇ ਮਨੁੱਖ ਲਈ ਹੀ ਹੈ। ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥ 757 ਇੱਕ (ਕਰਤੇ) ਨੂੰ ਬੁੱਝਣ ਵਾਲੇ, (ਸਾਂਝ ਪਾਉਣ ਵਾਲੇ) ਗੁਰਮੁਖ ਲਈ ਕੋਈ ਬੁਰਾ, ਮੰਦਾ, ਦੁੱਖ, ਹਾਰ ਜਾਂ ਗਮੀ ਹੋ ਹੀ ਨਹੀ ਸਕਦੀ। ਉਸ ਲਈ ਸਭ ਭਲਾ ਹੀ ਭਲਾ, ਜਿੱਤ ਹੀ ਜਿੱਤ ਤੇ ਖੁਸ਼ੀ ਹੀ ਖੁਸ਼ੀ ਹੈ ਕਿਉਂਕਿ ਉਸ ਦਾ ਮੂੰਹ ਗੁਰੂ ਵਲ ਹੈ। ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ 1302

ਕਰਤੇ (ਭਲੇ) ਵਲ ਪਿੱਠ ਹੋਣ ਤੇ ਹੀ ਬੁਰਾਈ (ਦੁਐਤ) ਪੈਦਾ ਹੁੰਦੀ ਹੈ, ਪ੍ਰਕਾਸ਼ ਵਲ ਪਿੱਠ ਕੀਤਿਆਂ ਹੀ ਹਨੇਰਾ ਹੁੰਦਾ ਹੈ, ਇਸ ਲਈ ਕਰਤਾ ਕਿਸੇ ਦਾ ਬੁਰਾ ਨਹੀ ਕਰਦਾ ਪਰ ਉਸ ਵਲ ਪਿੱਠ ਹੋਣੀ ਹੀ ਬੁਰਾਈ ਦੀ ਹੋਂਦ ਹੈ। ਸੂਰਜ ਪ੍ਰਕਾਸ਼ ਤੇ ਗਰਮਾਇਸ਼ ਸਭ ਨੂੰ ਇਕੋ ਜਿਹੀ ਹੀ ਦਿੰਦਾ ਹੈ ਪਰ ਲੈਣ ਵਾਲਾ ਸੁਤੰਤ੍ਰ ਹੈ, ਅਤੇ ਜੇ ਲੈਣ ਵਾਲਾ ਉਹਨਾਂ ਵਲ ਪਿੱਠ ਕਰ ਲਵੇ ਤਾਂ ਸੂਰਜ ਦਾ ਕੀ ਦੋਸ਼? ਦੇਣ ਵਾਲਾ ਦਾਤਾਰ ਤਾਂ ਸਭਨਾ ਨੂੰ ਦੇ ਰਿਹਾ ਹੈ ਪਰ ਜੇ ਲੈਣ ਵਾਲਾ ਹੀ (ਥੱਕ ਕੇ) ਪਿੱਠ ਕਰ ਲਵੇ (ਦਾਤ ਦਾ ਪਾਤਰ ਨਾ ਬਣੇ) ਤਾਂ ਦਾਤੇ ਦਾ ਕੀ ਦੋਸ਼? ਸਭਨਾਂ ਵਿੱਚ ਆਪ ਵਸਣ ਵਾਲਾ ਆਪਣਾ ਹੀ ਬੁਰਾ ਕਿਵੇਂ ਕਰ ਸਕਦਾ ਹੈ? ਇਸ ਲਈ ਬੁਰਾ ਤਦੋਂ ਹੀ ਵਰਤਦਾ ਹੈ ਜਦੋਂ ਕਰਤੇ (ਭਲੇ) ਵਲ ਪਿੱਠ ਹੋ ਜਾਂਦੀ ਹੈ। ਸੱਚਾ ਸਤਿਗੁਰ ਵੀ ਕੁੱਛ ਨਹੀ ਕਰ ਸਕਦਾ ਜੇ ਸਿੱਖ ਹੀ ਗੁਰੂ ਵਲ ਪਿੱਠ ਕਰ ਲਵੇ। ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ 1372

ਮੌਜੂਦਾ ਅਖੌਤੀ ਧਰਮਾਂ ਵਿੱਚ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀ ਭਰਮਾਰ, ਮਨੁੱਖ ਦੀ ਚਿੰਤਾ, ਵਿਛੋੜਿਆਂ ਦੇ ਡਰ, ਸਹਿਮ ਤੇ ਗਮੀ ਕਾਰਨ ਦੁੱਖ ਭਰੀ ਜੀਵਨੀ ਹੀ ਦੱਸ ਰਹੀ ਹੈ ਕਿ ਮਨੁੱਖ ਨੇ ਕਰਤੇ (ਜਾਂ ਗੁਰੂ) ਵਲ ਪਿੱਠ ਕੀਤੀ ਹੋਈ ਹੈ। ਮਨੁੱਖ ਦੀ ਹਾਲਤ ਕੁੱਝ ਅੇਸੀ ਹੈ ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥ 1379 ਮੌਜੂਦਾ ਸਮੇ ਦੇ ਅਧਿਆਤਮਿਕ ਪੱਖ ਨੂੰ ਵੇਖਿਆ ਜਾਵੇ ਤਾਂ ਕਿਸੇ ਵਿਰਲੇ ਦਾ ਹੀ ਮੂੰਹ ਗੁਰੂ ਵਲ ਹੈ ਬਾਕੀ ਸਭਨਾਂ ਦੀ ਗੁਰੂ ਵਲ ਪਿੱਠ ਹੀ ਹੈ। ਅੰਨ੍ਹਾ ਅੰਨ੍ਹੇ ਨੂੰ ਧੁਈ ਫਿਰਦਾ ਹੈ। ਧਰਮ ਦੇ ਆਗੂ, ਠਾਠਾਂ, ਟਕਸਾਲਾਂ ਤੇ ਡੇਰਿਆ ਦੇ ਅਖੌਤੀ ਸਾਧ, ਸੰਤ ਤੇ ਬਾਬੇ, ਧਰਮ ਦੇ ਅਖੌਤੀ ਪ੍ਰਬੰਧਕ, ਕੀਰਤਨੀਏ, ਗ੍ਰੰਥੀ, ਪ੍ਰਚਾਰਕ ਤੇ ਕਥਾਵਾਚਕ (ਕੁੱਝ ਥੋੜਿਆਂ ਨੂੰ ਛੱਡ ਕੇ) ਸਭਨਾ ਦੀ ਗੁਰੂ ਵਲ ਪਿੱਠ ਹੀ ਹੈ, ਉਹ ਆਪ ਵਿਕਾਰਾਂ ਵਸ ਹੋਏ ਅੰਨ੍ਹੇ ਹਨ ਤੇ ਅੰਨ੍ਹੀ ਲੁਕਾਈ ਨੂੰ ਆਪਣੇ ਮਗਰ ਲਾਈ ਫਿਰਦੇ ਹਨ। ਨਾ ਉਹ ਆਪ ਗੁਰੂ ਵਲ ਮੂੰਹ ਕਰਦੇ ਹਨ ਤੇ ਨਾ ਕਿਸੇ ਹੋਰ ਦਾ ਹੋਣਾ ਜਰਦੇ ਹਨ। ਗੁਰੂ ਦੇ ਨਾਮ ਤੇ ਮਨੁਖਤਾ ਵਿੱਚ ਇਤਨੇ ਵਿਤਕਰੇ ਪਾ ਦਿੱਤੇ ਗਏ ਹਨ ਕਿ ਗੁਰਮੁਖ ਗਾਡੀ ਰਾਹ (ਪੰਥ) ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ। ਗੁਰੂ ਨਾ ਹੀ ਕਿਸੇ ਨੂੰ (ਕਿਸੇ ਰਸਮ ਜਾਂ ਕਰਮ ਕਾਂਡ ਨਾਲ) ਧਰਮ ਵਿੱਚ ਸ਼ਾਮਲ ਕਰਦਾ ਹੈ ਤੇ ਨਾਂ ਹੀ ਕਿਸੇ ਨੂੰ ਧਰਮ ਵਿੱਚੋਂ ਛੇਕਦਾ ਹੈ, ਇਹ ਦੁਸ਼ਕਰਮ ਕੇਵਲ ਅਗਿਆਨੀ ਮਨੁੱਖ ਹੀ ਕਰਦਾ ਹੈ।

ਗੁਰੂ ਦੇ ਭਾਣੇ ਵਿੱਚ ਚਲਣ ਵਾਲੇ ਨੂੰ ਨਿਆਰਾ ਬਣਨ ਦੀ ਲੋੜ ਨਹੀ ਕਿਉਂਕਿ ਉਹ ਤਾਂ ਆਪਣੇ ਆਪ ਹੀ ਨਿਆਰਾ ਹੋ ਜਾਵੇਗਾ। ਉਸ ਦਾ ਨਿਆਰਾਪਣ ਗੁਣਾਂ ਤੇ ਆਧਾਰਤ ਹੈ, ਅੰਦਰੂਨੀ ਵੇਸ ਤੇ ਆਧਾਰਤ ਹੈ ਕਿਸੇ ਬਾਹਰੀ ਵੇਸ ਤੇ ਨਹੀ। ਗੁਰੂ ਦੇ ਆਪਣੇ ਬਚਨ ਹਨ: ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥ 1384 ਇਸ ਸਵਾਲ ਦੇ ਜਵਾਬ ਵਿੱਚ ਗੁਰੂ ਦੇ ਆਪਣੇ ਬੋਲ ਹਨ ਕਿ ਕਿਹੜਾ (ਗੁਣਾਂ ਵਾਲਾ ਅੰਦਰੂਨੀ) ਵੇਸ ਗੁਰੂ ਨੂੰ ਪਿਆਰਾ ਹੈ ਤੇ ਕਿਹੜੇ ਵੇਸ ਕਰਕੇ ਨਿਆਰਾ ਹੋਇਆ ਜਾ ਸਕਦਾ ਹੈ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384 ਗੁਰੂ ਦਾ ਹੀ ਫੈਸਲਾ ਹੈ ਕਿ ਸ਼ੁਭ ਗੁਣਾਂ ਦੇ ਵੇਸ ਤੋਂ ਬਿਨਾ ਧਰਮ ਦੇ ਸਾਰੇ ਬਾਹਰੀ ਵੇਸ ਕਾਲੇ ਹੀ ਕਾਲੇ, ਭਾਵ ਵਿਅਰਥ ਹਨ: ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥ 1381

ਅੰਦਰੂਨੀ ਗੁਣ ਹੀ ਦਰਵੇਸ਼ ਦਾ ਨਿਆਰਾ ਵੇਸ ਹੈ। ਇਸ ਹਕੀਕਤ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਗੁਰਬਾਣੀ ਵਿੱਚ ਕੋਈ ਐਸਾ ਗੁਰਪ੍ਰਮਾਣ ਨਹੀ ਜੋ ਬਾਹਰੀ ਵੇਸ ਨੂੰ ਮਹੱਤਾ ਦਿੰਦਾ ਹੋਵੇ, ਜਿਸ ਕੇਵਲ ਬਾਹਰੀ ਵੇਸ ਨਾਲ ਨਿਆਰਾ ਹੋਇਆ ਜਾ ਸਕਦਾ ਹੋਵੇ, ਜਿਸ ਕੇਵਲ ਬਾਹਰੀ ਵੇਸ ਨਾਲ ਸਾਧ, ਸੰਤ, ਪੀਰ, ਬਾਬਾ ਜਾਂ ਦਰਵੇਸ਼ ਬਣਿਆ ਜਾ ਸਕਦਾ ਹੋਵੇ, ਜਿਸ ਬਾਹਰੀ ਵੇਸ ਨਾਲ ਦਿਲ ਨੂੰ ਸਾਬਤ ਕੀਤਾ ਜਾ ਸਕੇ, ਅਤੇ ਜਿਸ ਕੇਵਲ ਬਾਹਰੀ ਵੇਸ ਨਾਲ ਸਹੁ ਨੂੰ ਪਾਇਆ ਜਾ ਸਕਦਾ ਹੋਵੇ। ਅਜ ਮੰਨੇ ਜਾਂਦੇ ਬਾਹਰੀ ਸਿੱਖੀ ਵੇਸ ਵਿੱਚ ਅਨੇਕਾਂ ਅਸਿੱਖ ਦੁਸ਼ਕਰਮ ਕਰਦੇ ਵੀ ਵੇਖੇ ਜਾ ਸਕਦੇ ਹਨ ਤਾਂ ਫਿਰ ਬਾਹਰੀ ਵੇਸ ਦੀ ਮਹੱਤਾ ਕੀ ਹੋ ਸਕਦੀ ਹੈ? ਗੁਰੂ ਦੇ ਹੀ ਬਚਨ ਹਨ: ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ 22 ਫਿਟਕਾਰ ਜੋਗ ਹੈ ਉਹ ਬਾਹਰੀ ਵੇਸ ਜਿਸ ਨਾਲ ਮਨ ਦੀ ਅੰਦਰੂਨੀ ਮੈਲ ਨਾ ਉਤਰੇ, ਤੇ ਮਨ ਦੀ ਮੈਲ ਕੇਵਲ ਗੁਰੂ ਦੇ ਬਚਨਾਂ ਦੁਆਰਾ ਸ਼ੁਭ ਗੁਣਾਂ ਦੇ ਵੇਸ ਨਾਲ ਹੀ ਉਤਰ ਸਕਦੀ ਹੈ, ਕਿਸੇ ਬਾਹਰਲੇ ਵੇਸ ਨਾਲ ਨਹੀ। ਜਿਸ ਬਾਹਰੀ ਵੇਸ ਨੂੰ ਮਹੱਤਵ ਪੂਰਨ ਸਮਝਿਆ ਜਾਂਦਾ ਹੈ ਉਥੇ ਉਸੇ ਨੂੰ ਭੰਡਿਆ ਵੀ ਜਾਂਦਾ ਹੈ। ਗੁਰੂ ਦੇ ਬਚਨ, ਭਾਣਾ, ਜਾਂ ਰਜ਼ਾ ਹੀ ਇੱਕ ਅੇਸਾ ਨਿਆਰਾ ਅੰਦਰੂਨੀ ਵੇਸ ਹੈ ਜਿਸ ਦੇ ਪਹਿਨਣ ਨਾਲ ਸ਼ੁਭ ਗੁਣ, ਸੁੱਖ, ਸ਼ਾਤੀ, ਅਨੰਦ ਅਤੇ ਆਪਣੇ ਸਹੁ ਦਾ ਮੇਲ ਪ੍ਰਾਪਤ ਹੋ ਸਕਦਾ ਹੈ। ਹਉਮੈ ਵਸ ਹੋਏ ਮਨੁੱਖ ਦੀ ਪਿੱਠ ਨਿਰੰਕਾਰ ਵਲ ਹੋਣ ਦੇ ਕਾਰਨ ਦੁਐਤ ਪੈਦਾ ਹੋ ਜਾਂਦੀ ਹੈ ਤੇ ਮਨੁੱਖ ਆਪਣੇ ਆਪ ਨੂੰ ਉਸ ਨਿਰੰਕਾਰ ਨਾਲੋਂ ਵੱਖ ਸਮਝ ਕੇ ਦੋਸ਼ ਦੇਣ ਲਗ ਜਾਂਦਾ ਹੈ। ਇਹ ਸਭ ਉਸ ਦੀ ਅਗਿਆਨਤਾ ਕਾਰਨ ਹੀ ਹੁੰਦਾ ਹੈ ਕਿਉਂਕਿ ਰੱਬ ਦੇ ਅਸੀਮ ਹੁਕਮ ਨੂੰ ਜਾਨਣਾ ਉਸ ਦੇ ਵਸ ਦੀ ਗਲ ਨਹੀ। ਗੁਰਮਤ ਬਿਨਾ ਮਨੁੱਖ ਆਪਣੀ ਤੁੱਛ ਬੁੱਧੀ ਅਨੁਸਾਰ ਉਸ ਅਸੀਮ ਦੇ ਭਾਣੇ ਨੂੰ ਨਹੀ ਜਾਣ ਸਕਦਾ। ਆਮ ਤੌਰ ਤੇ ਰੱਬ ਦੇ ਭਾਣੇ ਨੂੰ ਇੱਕ ਮਜਬੂਰੀ ਦੀ ਤਰਾਂ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਆਪਣਾ ਬਲ ਅਜ਼ਮਾ ਕੇ ਅਸਮਰੱਥ ਹੋ ਜਾਂਦਾ ਹੈ ਤਾਂ ਉਹ ਉਸ ਕਰਤਾਰ ਦੇ ਭਾਣੇ ਨੂੰ ਮਜਬੂਰੀ ਵਿੱਚ ਹੀ ਮੰਨਦਾ ਹੈ, ਖੁਛੀ ਨਾਲ ਨਹੀ। ਦੁੱਖ ਵਿੱਚ ਹੀ, ਮਜਬੂਰੀ ਕਾਰਨ, ਉਸ ਦਾ ਭਾਣਾ ਯਾਦ ਆਉਂਦਾ ਹੈ ਸੁੱਖ ਵਿੱਚ ਨਹੀ। ਰੱਬ ਦੀ ਰਜ਼ਾ ਜਾਂ ਭਾਣਾ ਤਾਂ ਦੁਖਾਂ ਦੇ ਛੁਟਕਾਰੇ ਲਈ ਦਾਤੇ ਦੀ ਦਾਤ ਹੈ, ਕੋਈ ਸਰਾਪ ਨਹੀ। ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥ 1093

ਇਸ (ਕਰਤੇ ਦੀ) ਰਜ਼ਾ, ਭਾਣੇ ਜਾਂ ਹੁਕਮ ਦੀ ਦਾਤ ਬਿਨਾ ਕੁਦਰਤ (ਜਿਸ ਵਿੱਚ ਮਨੁੱਖ, ਪਸੂ, ਪੰਛੀ, ਕੀੜੇ ਕਿਰਮ ਅਤੇ ਬਨਾਸਪਤੀ ਤਾਂ ਕੀ, ਬ੍ਰਹਿਮੰਡਾਂ) ਦਾ ਹੋਣਾ ਵੀ ਸੰਭਵ ਨਹੀ। ਇਥੋਂ ਸਪਸ਼ਟ ਹੈ ਕਿ ਉਸ ਦੇ ਭਾਣੇ ਬਿਨਾ ਮਨੁੱਖ ਦੀ ਵੀ ਕੋਈ ਹੋਂਦ ਨਹੀ ਹੋ ਸਕਦੀ ਤੇ ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਰੱਬੀ ਰਜ਼ਾ ਵਿੱਚ ਚਲਣਾ ਹੀ ਇੱਕ ਮੁੱਖ ਉਪਦੇਸ਼ ਹੈ ਕਿਉਂਕਿ ਇਹ ਮਨੁੱਖੀ ਭਲੇ ਲਈ ਉਸ ਦੀ ਦਾਤ ਹੈ। ਉਸ ਦੀ ਦਾਤ ਵਲ ਪਿੱਠ ਕਰਨੀ, ਦਾਤੇ ਵਲ ਪਿੱਠ ਕਰਨੀ ਹੈ ਤੇ ਮਨੁੱਖ ਫਿਰ ਦੁਐਤ ਵਿੱਚ ਉਲਝ ਕੇ ਦੁਖਾਂ ਨੂੰ ਸਹੇੜ ਲੈਂਦਾ ਹੈ। ਰੱਬ ਦਾ ਹੁਕਮ ਜਾਂ ਭਾਣਾ ਮਿੱਠਾ ਹੀ ਤਦੋਂ ਲਗਦਾ ਹੈ ਜਦੋਂ ਉਸ ਵਲ ਮੂੰਹ ਹੋ ਜਾਂਦਾ ਹੈ, ਫਿਰ ਖਲਕਤ ਵਿੱਚ ਖਾਲਕ ਦਿਸਦਾ ਹੈ, ਦੁਐਤ ਮਿਟ ਜਾਂਦੀ ਹੈ, ਦੂਜਾ ਕੋਈ ਰਹਿ ਨਹੀ ਜਾਂਦਾ, ਕੁਛ ਵੀ ਮੰਦਾ ਨਹੀ ਲਗਦਾ ਤੇ ਗੁਰੂ ਦੀ ਗਲ ਦੀ ਸਮਝ ਲਗਦੀ ਹੈ ਕਿ: ਨਾ ਕੋ ਬੈਰੀ ਨਹੀ ਬਿਗਾਨਾ ਸਗਲਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥ 1299

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.