.

ਤੁਸੀਂ ਕੀ ਕੀਤਾ?

ਜਰਨੈਲ ਸਿੰਘ ਭਿੰਡਰਾਂਵਾਲੇ, ਡੇਰੇ ਵਾਲੇ ਸਾਧ ਦੀ ਜਦੋਂ ਕੋਈ ਗੱਲ ਕਰਦਾ ਹੈ ਤਾਂ ਉਸ ਦੇ ਅੰਨੇ ਸ਼ਰਧਾਲੂਆਂ ਨੂੰ ਜਦੋਂ ਕੋਈ ਗੱਲ ਚੰਗੀ ਨਹੀਂ ਲਗਦੀ ਤਾਂ ਕਹਿ ਦਿੰਦੇ ਹਨ ਕਿ ਤੁਸੀਂ ਕੀ ਕੀਤਾ। ਉਹਨਾ ਦੇ ਭਾਣੇ ਸਰਕਾਰ ਨੂੰ ਬੁਰਾ ਭਲਾ ਕਹਿਣਾ ਅਤੇ ਮਾਰ-ਮਰਾਈ ਦਾ ਕੰਮ ਕਰਨਾ, ਧਰਮ ਲਈ ਸਭ ਤੋਂ ਉਤਮ ਕੰਮ ਹੈ। ਜੇ ਕਰ ਇਹੀ ਧਰਮ ਦਾ ਸਭ ਤੋਂ ਉਤਮ ਕੰਮ ਹੈ ਤਾਂ ਫਿਰ ਇਸ ਸਾਧ ਦਿਆਂ ਚੇਲਿਆਂ ਦੀਆਂ ਨਜ਼ਰਾਂ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੁੱਝ ਨਹੀਂ ਕੀਤਾ ਹੋਣਾ। ਕਿਉਂਕਿ ਉਹ ਸਾਰੀ ਉਮਰ ਲੋਕਾਂ ਵਿੱਚ ਵਿਚਰ ਕੇ ਗਿਆਨ ਵੰਡਦੇ ਰਹੇ ਅਤੇ ਜਾਂ ਫਿਰ ਹੱਥੀਂ ਕਾਰ ਕਰਦੇ ਰਹੇ। ਇਸ ਤਰ੍ਹਾਂ ਦਾ ਥੋੜਾ ਜਿਹਾ ਕੰਮ ਤਾਂ ਅਸੀਂ ਵੀ ਕਰ ਰਹੇ ਹਾਂ।
ਮੈਂ 10 ਕੁ ਸਾਲ ਦਾ ਸੀ ਜਦੋਂ ਤੋਂ ਹੱਥੀਂ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਪਹਿਲਾਂ ਇੰਡੀਆ ਵਿੱਚ ਅੱਠ-ਨੌਂ ਸਾਲ ਖੇਤੀ-ਬਾੜੀ ਦਾ ਕੰਮ ਕੀਤਾ ਅਤੇ ਫਿਰ ਕਨੇਡਾ ਵਿੱਚ ਪਿਛਲੇ 41 ਸਾਲਾਂ ਤੋਂ ਵੀ ਉਪਰ ਲੱਕੜ ਦੀ ਮਿੱਲ ਵਿੱਚ ਮਜ਼ਦੂਰੀ ਕਰਦੇ ਨੂੰ ਹੋ ਗਏ ਹਨ। ਹੁਣ ਤੱਕ ਕਦੀ ਵੀ ਕੋਈ ਸਰਕਾਰੀ ਭੱਤਾ ਨਹੀਂ ਲਿਆ। ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਅਤੇ ਕਰ ਰਿਹਾ ਹਾਂ। ਬਹੁਤ ਸਾਰੇ ਲੋਕ ਜਿਹਨਾ ਵਿੱਚ ਦੇਖਣ ਨੂੰ ਕਈ ਸਿੱਖ ਵੀ ਲਗਦੇ ਹਨ ਉਹ ਬਹਾਨੇ ਭਾਲ ਕੇ ਸਰਕਾਰੀ ਜਾਂ ਕੰਪਣੀ ਦੇ ਬੈਨੀਫਿਟ ਵੱਧ ਤੋਂ ਵੱਧ ਬਹਾਨੇ ਭਾਲ ਕੇ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜੇ ਕਰ ਕਿਸੇ ਬਿਮਾਰੀ ਕਾਰਨ ਕੋਈ ਅਪਰੇਸ਼ਨ ਹੋਵੇ ਤਾਂ ਲੋਕ ਮਹੀਨਿਆਂ ਅਤੇ ਸਾਲਾਂ ਬੱਧੀ ਘਰੇ ਬੈਠੇ ਪੈਸੇ ਲੈਂਦੇ ਰਹਿੰਦੇ ਹਨ। ਉਂਜ ਤਿੰਨ ਤੋਂ ਛੇ ਕੁ ਮਹੀਨੇ ਤਾਂ ਅਰਾਮ ਕਰਨਾ ਨਾਰਮਲ ਹੈ ਅਤੇ ਉਮਰ ਦੇ ਮੁਤਾਬਕ ਚਾਹੀਦਾ ਵੀ ਹੈ ਪਰ ਮੈਂ ਤਾਂ ਜਵਾਨੀ ਵੇਲੇ ਅਪਿੰਡੈਕਸ ਦੇ ਅਪਰੇਸ਼ਨ ਤੋਂ ਤਿੰਨ ਹਫਤੇ ਬਾਅਦ ਹੀ ਕੰਮ ਤੇ ਚਲੇ ਗਿਆ ਸੀ। ਬਾਕੀ ਜੋ ਗਿਆਨ ਵੰਡਣ ਦੀ ਗੱਲ ਹੈ ਉਹ ਵੀ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇਹ ਕੰਮ ਕਰਨ ਵਿੱਚ ਇੰਟਰਨੈੱਟ ਤੇ ਸਭ ਤੋਂ ਪਹਿਲਿਆਂ ਵਿੱਚ ਆਉਂਦੇ ਹਾਂ। ਕਿਸੇ ਇੱਕ ਵੀ ਵਿਆਕਤੀ ਤੋਂ ਕੋਈ ਇੱਕ ਸੈਂਟ/ਪੈਨੀ ਵੀ ਅਜੇ ਤੱਕ ਇਸ ਕੰਮ ਲਈ ਨਹੀਂ ਲਈ ਆਪਣੇ ਕੋਲੋਂ ਹੁਣ ਤੱਕ ਹਜਾਰਾਂ ਡਾਲਰ ਖਰਚ ਚੁੱਕੇ ਹਾਂ।
ਹੰਕਾਰ ਵਿੱਚ ਆ ਕੇ ਮਾਰ-ਮਰਾਈ ਕਰਨ ਵਾਲੇ ਨੂੰ ਗੁਰਬਾਣੀ ਸੂਰਮੇ ਨਹੀਂ ਮੰਨਦੀ। ਇਹ ਕੰਮ ਤਾਂ ਇਸਲਾਮ ਨੂੰ ਮੰਨਣ ਵਾਲੇ ਸਾਰੀ ਦੁਨੀਆ ਵਿੱਚ ਹੀ ਕਰ ਰਹੇ ਹਨ। ਅਜਿਹੇ ਲੋਕ ਨਾ ਤਾਂ ਆਪਣੀ ਜਾਨ ਦੀ ਕੋਈ ਪਰਵਾਹ ਕਰਦੇ ਹਨ ਅਤੇ ਨਾ ਹੀ ਦੂਸਰੇ ਦੀ ਜਾਨ ਲੈਣ ਲੱਗਿਆਂ ਕੋਈ ਤਰਸ ਕਰਦੇ ਹਨ। ਆਈਸਸ ਵਾਲਿਆਂ ਨੇ ਕਿੰਨੇ ਲੋਕ ਜਿੰਦਾ ਜਲਾਏ ਹਨ ਜਿਨ੍ਹਾਂ ਵਿੱਚ ਜੋਰਡਨ ਅਤੇ ਤੁਰਕੀ ਦੇ ਪਾਇਲਟ ਵੀ ਸਨ। ਇਹ ਲੋਕ ਆਪਣੇ ਆਪ ਨੂੰ ਧਰਮੀ ਅਤੇ ਹੋਰਨਾ ਨੂੰ ਨਾਸਤਕ ਜਾਂ ਕਾਫਰ ਸਮਝਦੇ ਹਨ। ਧਰਮ ਦੇ ਨਾਮ ਤੇ ਮਰਨ ਮਰਾਉਣ ਵਾਲੇ ਧਰਮੀ ਭੇਖ ਵਾਲਿਆਂ ਲਈ ਮਹਾਨ ਹੋ ਸਕਦੇ ਹਨ ਪਰ ਗੁਰਬਾਣੀ ਅਨੁਸਾਰ ਅਜਿਹੇ ਲੋਕ ਧਰਮੀ ਸੂਰਮਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ:
ਪਉੜੀ॥ ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ॥ ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ॥ ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ॥ ੯॥ {ਪੰਨਾ ੧੦੮੯}
ਅਰਥ : —ਜੋ ਮਨੁੱਖ ਅਹੰਕਾਰ ਵਿੱਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ, ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿੱਚ ਖ਼ੁਆਰ ਹੁੰਦੇ ਹਨ, ਬੜੇ ਕ੍ਰੋਧ ਵਿੱਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿੱਚ ਦੁੱਖ ਹੀ ਪਾਂਦੇ ਹਨ ।
ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ । ਜੋ ਮਨੁੱਖ ਅਹੰਕਾਰ ਵਿੱਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ । ੯।
ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ। ਉਹਨਾ ਨੇ ਇਹ ਗੱਲਾਂ ਕਿਸੇ ਧਾਰਮਿਕ ਅਸਥਾਨ ਤੇ ਲੁਕ ਕੇ ਨਹੀਂ ਕਹੀਆਂ ਅਤੇ ਨਾ ਹੀ ਇਹ ਕਿਹਾ ਸੀ ਕਿ ਲੋਕੋ/ਸਿੱਖੋ ਇਤਨੇ-ਇਤਨੇ ਮੁਸਨਮਾਨ ਮਾਰ ਦਿਓ। ਉਹਨਾ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨਾ ਕੋਈ ਗੁਰਮਤਿ ਜਾਂ ਧਰਮ ਨਹੀਂ ਹੈ ਇਹ ਤਾਂ ਖੁਦ ਸਿੱਖੀ ਦਾ ਘਾਤ ਕਰਵਾਉਣ ਲਈ ਇੱਕ ਬਹਾਨਾ ਦੇਣਾ ਸੀ। ਇਹ ਤੁਹਾਡਾ ਸਾਧ ਉਥੇ ਲੁਕ ਕੇ ਬੈਠਾ ਕਹਿੰਦਾ ਰਿਹਾ ਹੈ ਕਿ ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ, ਪਿੰਡਾਂ ਵਿੱਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ, ਵੇਲਾਂ ਨਾਲੋਂ ਹਦਵਾਣੇ ਵੱਖ ਕਰ ਦਿਓ, ਜੇ ਕਰ ਬੱਸ ਨਾ ਛੱਡੀ ਤਾਂ ਇੱਕ ਘੰਟੇ ਵਿੱਚ 5000 ਹਿੰਦੂ ਕਤਲ ਕਰ ਦੇਵਾਂਗੇ ਆਦਿਕ। ਬੈਂਕਾਂ ਲੁੱਟੋ, ਹਥਿਆਰ ਲੁੱਟੋ, ਬੰਦੇ ਮਾਰੋ ਅਤੇ ਫਿਰ ਇੱਥੇ ਮੇਰੇ ਕੋਲ ਆ ਕੇ ਲੁਕ ਜਾਓ। ਦਾੜੀ ਕੇਸ ਰੱਖ ਲਓ ਫਿਰ ਭਾਵੇਂ ਸਮਲਰ ਵੀ ਬਣ ਜਾਇਓ ਕੋਈ ਗੱਲ ਨਹੀਂ। ਕਿਉਂਕਿ ਜੰਗਲ ਵਿੱਚ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਹਨ, ਸਾਧੂ ਵੀ, ਸਮਗਲਰ ਵੀ ਅਤੇ ਡਾਕੂ ਵੀ।
ਕੀ ਸਰਕਾਰ, ਪੰਜਾਬ/ਸਿੱਖਾਂ ਨਾਲ ਧੱਕਾ ਕਰਦੀ ਹੈ? ਹਾਂ ਕਰਦੀ ਹੈ। ਫਿਰ ਇਸ ਦਾ ਹੱਲ ਕੀ ਹੈ? ਜੇ ਕਰ ਧੱਕਾ ਸਿਆਸੀ ਲੋਕ ਕਰਦੇ ਹਨ ਤਾਂ ਫਿਰ ਇਸ ਦਾ ਹੱਲ ਵੀ ਠੀਕ ਤਰ੍ਹਾਂ ਨਾਲ ਸਿਆਸੀ ਲੋਕ ਹੀ ਕਰ ਸਕਦੇ ਹਨ। ਪੰਜਾਬ ਵਿਚੋਂ ਪੜ੍ਹੇ ਲਿਖੇ ਸਿਆਣੇ ਲੋਕ ਚੁਣ ਕੇ ਦਿੱਲੀ ਭੇਜੋ ਜਿਹੜੇ ਵਿਕਾਊ ਮਾਲ ਨਾ ਬਣਨ। ਜੇ ਕਰ ਲੋਕ ਇਸ ਤਰ੍ਹਾਂ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ ਤਾਂ ਕਸੂਰ ਪੰਜਾਬ ਦੇ ਲੋਕਾਂ ਦਾ ਹੈ ਕਿਉਂਕਿ ਉਹ ਖੁਦ ਵੀ ਵਿਕਾਊ ਹਨ ਅਤੇ ਅਗਾਂਹ ਵੀ ਵਿਕਾਊ ਬਣਨ ਵਾਲੇ ਚੁਣਦੇ ਹਨ। ਜਿਹੜੇ ਸਿੱਖ ਆਪਣੇ ਵੱਖਰੇ ਰਾਜ-ਭਾਗ ਦੀ ਗੱਲ ਕਰਦੇ ਹਨ, ਕੀ ਉਸ ਰਾਜ-ਭਾਗ ਵਿੱਚ ਡੈਮੋਕਰੇਸੀ ਹੋਵੇਗੀ ਜਾਂ ਡਿਕਟੇਟਰਸ਼ਿਪ? ਜੇ ਕਰ ਡੈਮੋਕਰੇਸੀ ਹੋਵੇਗੀ ਤਾਂ ਫਿਰ ਲੋਕ ਤਾਂ ਇਹੀ ਹੋਣਗੇ ਜਿਹਨਾ ਨੇ ਵੋਟਾਂ ਪਾ ਕੇ ਨੁਮਾਂਇਦੇ ਚੁਣਨੇ ਹਨ। ਫਿਰ ਕੀ ਗਰੰਟੀ ਹੈ ਕਿ ਉਹ ਗਲਤ ਬੰਦੇ ਨਹੀਂ ਚੁਣਨਗੇ? ਅਤੇ ਜੇ ਕਰ ਡਿਕਟੇਟਰਸ਼ਿਪ ਹੋਵੇਗੀ ਤਾਂ ਫਿਰ ਉਹ ਰਾਜ ਤਾਂ ਖੁਮੀਨੀ ਰਾਜ ਵਰਗਾ ਹੀ ਹੋਵੇਗਾ। ਜਿੱਥੇ ਲਿਖਣ/ਬੋਲਣ ਦੀ ਕੋਈ ਅਜ਼ਾਦੀ ਨਹੀਂ ਹੋਵੇਗੀ।
ਮੇਰੇ ਖਿਆਲ ਮੁਤਾਬਕ ਇੰਡੀਆ ਦੁਨੀਆ ਦੀ ਚੌਥੀ ਜਾਂ ਪੰਜਵੀਂ ਫੌਜੀ ਤਾਕਤ ਹੋਵੇਗੀ। ਤਾਂ ਫਿਰ ਕੀ ਉਹ ਇੱਕ ਡੇਰੇ ਵਾਲੇ ਸਾਧ ਤੋਂ ਡਰਦੀ ਸੀ ਜਾਂ ਕੋਈ ਹੋਰ ਗੱਲ ਸੀ। ਇਹ ਗੱਲ ਤਾਂ ਹੁਣ ਜੱਗ ਜਾਹਰ ਹੈ ਕਿ ਸਰਕਾਰ ਬਹਾਨਾ ਬਣਾ ਕੇ ਸਾਰੇ ਸਿੱਖਾਂ ਨੂੰ ਕੁੱਟਣਾ ਚਾਹੁੰਦੀ ਸੀ। ਇਸੇ ਕਰਕੇ ਇੱਕ ਧਾਰਮਿਕ ਅਦਾਰੇ ਅੰਦਰ ਲੁਕ ਕੇ ਬੈਠੇ ਡੇਰੇ ਵਾਲੇ ਸਾਧ ਦਾ ਰੱਸਾ ਖੁੱਲਾ ਛੱਡਿਆ ਹੋਇਆ ਸੀ ਬਈ ਸਾਧਾ ਤੂੰ ਹੁਣ ਰੱਜ ਕੇ ਬੋਲ ਅਤੇ ਜੇ ਕਰ ਹਥਿਆਰਾਂ ਦੀ ਲੋੜ ਹੈ ਉਹ ਵੀ ਅਸੀਂ ਪਹੁੰਚਦੇ ਕਰ ਦੇਵਾਂਗੇ। ਇਹ ਹਥਿਆਰ ਸਰਕਾਰ ਨੇ ਪਹੁੰਚਾਏ ਵੀ। ਇਸ ਗੱਲ ਨੂੰ ਇਸ ਸਾਧ ਦੇ ਕਈ ਪੜ੍ਹੇ ਲਿਖੇ ਖਾਸ ਸ਼ਰਧਾਲੂ ਵੀ ਮੰਨਦੇ ਹਨ। ਕਈ ਲੋਕ ਤਾਂ ਇਸ ਸਾਰੇ ਘਟਨਾਕਰਮ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਆਪ ਹੀ ਪਹਿਲਾਂ ਇੱਕ ਦੈਂਤ ਪੈਦਾ ਕੀਤਾ ਸੀ ਫਿਰ ਆਪ ਹੀ ਦੁਰਗਾ ਦੇਵੀ ਬਣ ਕੇ ਇਸ ਨੂੰ ਖਤਮ ਕਰ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਹ ਦੁਰਗਾ ਬਣੀ ਆਪ ਵੀ ਬਹੁਤਾ ਚਿਰ ਜੀ ਨਾ ਸਕੀ।
ਸਾਰੀ ਦੁਨੀਆ ਦੀਆਂ ਸਰਕਾਰਾਂ ਅਤੇ ਸਭ ਵੱਡੀਆਂ ਛੋਟੀਆਂ ਕੰਪਨੀਆਂ ਹਰੇਕ ਸਾਲ ਹਿਸਾਬ ਕਿਤਾਬ ਕਰਦੀਆਂ ਹਨ ਕਿ ਬੀਤੇ ਸਾਲ ਵਿੱਚ ਕਿਤਨਾ ਨਫਾ ਜਾਂ ਨੁਕਸਾਨ ਹੋਇਆ, ਕਿਤਨਾ ਵਿਤੀ ਘਾਟਾ ਪਿਆ। ਇਸੇ ਤਰ੍ਹਾਂ ਅਕਲਮੰਦ ਲੋਕ ਬੀਤੀਆਂ ਘਟਨਾਮਾਂ ਦੀ ਪੜਚੋਲ ਕਰਦੇ ਹਨ ਕਿ ਇਹਨਾ ਘਟਨਾਮਾਂ ਨਾਲ ਸਾਡਾ ਕੀ ਨਫਾ ਜਾਂ ਨੁਕਸਾਨ ਹੋਇਆ ਹੈ। ਪਰ ਸਿੱਖਾਂ ਵਿੱਚ ਇਸ ਤਰ੍ਹਾ ਦੀ ਕੋਈ ਅਕਲਮੰਦੀ ਨਜ਼ਰ ਨਹੀਂ ਆਉਂਦੀ।
ਸਾਧਾਂ ਦਿਆਂ ਚੇਲਿਆਂ ਮੁਤਾਬਕ ਮੰਨ ਲਓ ਕਿ ਅਸੀਂ ਜਿੰਦਗੀ ਵਿੱਚ ਕੁੱਝ ਵੀ ਨਹੀਂ ਕੀਤਾ। ਇੱਕ ਤਿੱਲ ਜਿੰਨਾ ਵੀ ਮਨੁੱਖਤਾ ਦੀ ਭਲਾਈ ਜਾਂ ਸਿੱਖੀ ਲਈ ਕੁੱਝ ਵੀ ਨਹੀਂ ਕੀਤਾ, ਬਿੱਲਕੁੱਲ ਨਹੀਂ ਕੀਤਾ। ਫਿਰ ਅਸੀਂ ਮਨੁੱਖਤਾ ਦਾ ਘਾਣ ਵੀ ਕੋਈ ਨਹੀਂ ਕੀਤਾ ਜਾਂ ਕਰਵਾਇਆ। ਨਾਂ ਅਸੀਂ ਗੁਰਦੁਆਰਿਆਂ ਵਿੱਚ ਲੁਕ ਕੇ ਗੁਰਦੁਆਰੇ ਢੁਆਏ, ਨਾ ਦੁਰਲੱਭ ਹੱਥ ਲਿਖਤ ਲਿਖਤਾਂ ਅਤੇ ਹੋਰ ਗ੍ਰੰਥ ਖਤਮ ਕਰਨ ਲਈ ਲਾਇਬ੍ਰੇਰੀ ਸੜਵਾਉਣ ਜਾਂ ਲੁੱਟਣ ਦਾ ਬਹਾਨਾ ਦਿੱਤਾ, ਨਾ ਅਸੀਂ ਬੱਚੇ, ਬੁੱਢੇ, ਇਸਤਰੀਆਂ ਦੇ ਕਤਲ ਕਰਵਾਏ, ਨਾ ਬੀਬੀਆਂ ਦੇ ਬਲਾਤਕਾਰ ਕਰਵਾਏ, ਨਾ ਹੀ ਆਪਣੇ ਨੇੜਲੇ ਸਾਥੀਆਂ ਦੀਆਂ ਰਖੇਲਾਂ ਦੇ ਗੁਪਤ ਅੰਗਾਂ ਵਿੱਚ ਡੰਡੇ ਧਸਵਾ ਕੇ ਅਤੇ ਹੋਰ ਅਣ-ਮਨੁੱਖੀ ਤਸੀਹੇ ਦੇ ਕੇ ਕਤਲ ਕਰਵਾਏ, ਨਾ ਬੀਬੀਆਂ ਦੇ ਸੁਹਾਗ ਮਰਵਾਏ ਅਤੇ ਵਿਧਵਾ ਕੀਤਾ, ਨਾ ਕਿਸੇ ਦੇ ਬੱਚੇ ਯਤੀਮ ਕਰਵਾਏ, ਨਾ ਬੈਕਾਂ ਵਿੱਚ ਡਾਕੇ ਮਰਵਾਏ, ਨਾ ਹੋਰ ਲੁੱਟਾਂ ਖੋਹਾਂ ਕਰਵਾਈਆਂ, ਨਾ ਡਰੱਗ ਸਮੱਗਲਿੰਗ ਕਰਵਾਈ, ਨਾ ਨੌਜੁਆਨੇ ਦੇ ਝੂਠੇ ਪੁਲੀਸ ਮੁਕਾਬਲੇ ਬਣਾਉਣ ਦਾ ਬਹਾਨਾ ਦਿੱਤਾ, ਨਾ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਵਾ ਕੇ ਜਿੰਦਾ ਜਲਾਇਆ, ਨਾ ਪੰਜਾਬ ਤੋਂ ਬਾਹਰ ਵਸਦੇ ਰੱਜੇ ਪੁੱਜੇ ਸਿੱਖਾਂ ਨੂੰ ਉਜਾੜਿਆ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਗੁਰਬਾਣੀ ਗੁਰੂ ਦੇ ਮੁਕਾਬਲੇ ਵਿੱਚ ਕਿਸੇ ਵੀ ਗੰਦੇ ਗ੍ਰੰਥ ਪੋਥਿਆਂ ਨੂੰ ਨਹੀਂ ਉਭਾਰਿਆ। ਪਰ ਤੁਹਾਡੇ ਲੁਕ ਕੇ ਬੈਠੇ ਸਾਧੜੇ ਨੇ ਇਹ ਸਾਰਾ ਕੁੱਝ ਹੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕੀਤਾ ਜਾਂ ਕਰਾਇਆ ਹੈ। ਇਸੇ ਕਰਕੇ ਉਹ ਵੀ ਬਹੁਤ ਮਹਾਨ ਸੀ ਅਤੇ ਉਸ ਦੇ ਚੇਲੇ ਵੀ ਮਹਾਨ ਹਨ ਜਿਹੜੇ ਇਤਨਾ ਕੁੱਝ ਕਰਵਾ ਕੇ ਵੀ ਹੰਕਾਰ ਦੇ ਫੂੰਕਾਰੇ ਮਾਰ ਰਹੇ ਹਨ। ਧੰਨ ਸਿੱਖੀ ਅਤੇ ਸਿੱਖੀ ਦੇ ਠੇਕੇਦਾਰ!
ਮੱਖਣ ਸਿੰਘ ਪੁਰੇਵਾਲ,
ਜਨਵਰੀ 15, 2017.




.