.

ਕਰੁਣਾ

(ਭਾਗ 1)

ਅਸੀਂ ਸਾਰੇ ਮਨੁੱਖ ਹਾਂ ਸਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਅਤੇ ਇਹ ਵੀ ਪਤਾ ਹੈ ਕਿ ਅਸੀਂ ਪਸ਼ੂ ਨਹੀਂ ਹਾਂ। ਵੈਸੇ ਪਸ਼ੂ-ਪੰਛੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਦਿਮਾਗ, ਮਨੁੱਖ ਵਾਂਗੂੰ ਵਿਕਸਿਤ ਨਹੀਂ ਹੈ ਪਰ ਅਫਸੋਸ ਤਾਂ ਲਗਦਾ ਹੈ ਜਦੋਂ ਪਸ਼ੂਆਂ ਅਤੇ ਪੰਛੀਆਂ ਨੂੰ ਇਕ ਦੂਜੇ ਨਾਲ ਵਰਤੋਂ ਵਿਹਾਰ ਕਰਦੇ ਵੇਖਦੇ ਹਾਂ ਅਤੇ ਵਿਕਸਿਤ ਬੁੱਧੀ ਵਾਲੇ ਮਨੁੱਖਾਂ ਨੂੰ ਆਪਸ ਵਿਚ ਲੜਦੇ-ਮਰਦੇ ਵੇਖਦੇ ਹਾਂ। ਗਾਂ ਵੱਛੇ ਲਈ, ਚਿੜੀ ਬੋਟ ਲਈ ਅਤੇ ਕੂੰਜਾਂ, ਬਤਖ਼ਾਂ ਰਲ ਮਿਲ ਕੇ ਚੋਗਾ ਚੁਗਦੀਆਂ ਹਨ ਅਤੇ ਇਕ-ਦੂਜੇ ਦੇ ਬੱਚੇ ਨੂੰ ਸਾਂਝੀਵਾਲਤਾ ’ਚ ਚੋਗਾ ਵੰਡਦੇ ਵੇਖਦੇ ਹਾਂ। ਕਈ ਦਫ਼ਾ ਤਾਂ ਮਨ ਇਹ ਸੋਚ ਕੇ ਦੰਗ ਰਹਿ ਜਾਂਦਾ ਹੈ ਕਿ ਵਿਕਸਿਤ ਮਨੁੱਖ ਦਾ ਇਹ ਜਜ਼ਬਾ ਪਸ਼ੂਆਂ, ਪੰਛੀਆਂ, ਕੀੜੀਆਂ ਤੋਂ ਵੀ ਪਛੜ ਗਿਆ ਹੈ ਜਾਂ ਮਨੁੱਖ ਕੋਲ ਚੰਗਾ ਭਲਾ ਦਿਮਾਗ ਹੁੰਦਿਆਂ ਸੁੰਦਿਆਂ ਮਨੁੱਖ ਆਤਮਕ ਮੌਤ ਮਰਿਆ ਪਿਆ ਹੈ ਜਾਂ ਸੁੱਤਾ ਪਿਆ ਹੈ।

ਨਿੱਕਾ ਬੱਚਾ ਮਾਂ ਪਿਓ ਦੀ ਮਦਦ ਦਾ ਮੁਥਾਜ ਹੁੰਦਾ ਹੈ। ਉਸ ਦੀ ਦੇਖ ਭਾਲ, ਲੋੜਾਂ ਜੇ ਮਾਂ-ਪਿਓ ਜਾਂ ਵੱਡੇ ਨਾ ਕਰਨ ਤਾਂ ਬੱਚੇ ਦੇ ਵੱਸ ਨਹੀਂ ਹੈ ਕਿ ਉਹ ਜਿਉਂ ਸਕੇ। ਮਾਂ-ਪਿਓ ਮੋਹ-ਮਮਤਾ ਕਾਰਨ ਆਪਣੇ ਬੱਚੇ ਨਾਲ ਕਰੁਣਾ, ਦਇਆ ਅਤੇ ਵੰਡ ਛੱਕਦੇ ਹਨ। ਨਿੱਕਾ ਬੱਚਾ ਆਪ ਉਸ ਸਮੇਂ ਕੁਝ ਨਹੀਂ ਕਰ ਸਕਦਾ। ਹੁਣ ਜ਼ਰਾ ਆਪਣੇ ਵੱਲ ਅਸੀਂ ਝਾਤ ਮਾਰੀਏ, ਉਮਰ ਦੇ ਭਾਵੇਂ ਅਸੀਂ ਵਡੇਰੇ ਹੋ ਗਏ ਹਾਂ ਪਰ ਬੱਚੇ ਤੋਂ ਵੀ ਬੱਦਤਰ ਹਾਂ। ਬੱਚਾ ਤਾਂ ਬੇਬਸ ਸੀ, ਇਸ ਕਰਕੇ ਕਿਸੀ ਦਾ ਭਲਾ ਨਹੀਂ ਸੀ ਕਰ ਸਕਦਾ। ਅਸੀਂ ਸਭ ਕੁਝ ਵੱਸ ਵਿਚ ਰੱਖ ਕੇ ਵੀ ਦੂਜਿਆਂ ਦੇ ਭਲੇ ਲਈ ਕੁਝ ਨਹੀਂ ਕਰਦੇ, ਕੇਵਲ ਗੁੰਝਲਾਂ ਹੀ ਪਾਉਂਦੇ ਰਹਿੰਦੇ ਹਾਂ। ਕੀ ਹੋ ਗਿਆ ਸਾਡੀ ਮਨੁੱਖਤਾ ਜਾਂ ਵਿਕਸਿਤ ਮਤ ਨੂੰ ?

ਪਰ ਅਜਿਹੇ ਵੀ ਕਈ ਮਨੁੱਖ ਹੋਏ ਹਨ ਜਿਨ੍ਹਾਂ ਨੇ ਨਵੀਆਂ-ਨਵੀਆਂ ਕਾਢਾਂ ਕੱਢ ਕੇ ਮਨੁੱਖਤਾ ਦਾ ਭਲਾ ਕੀਤਾ। ਸਾਂਝੀਵਾਲਤਾ ਵਾਲੇ ਕਾਨੂੰਨ ਬਣਾਏ, ਸੜਕਾਂ, ਪੁਲ, ਜਹਾਜ਼, ਹਸਪਤਾਲ ਬਣਾਏ। ਅੱਜ ਐਸੀਆਂ ਬੇਅੰਤ ਸੁਗਾਤਾਂ ਮਨੁੱਖਤਾ ਨੂੰ ਮਨੁੱਖਾਂ ਵਲੋਂ ਹੀ ਈਜਾਦ ਕਰਕੇ ਦਿੱਤੀਆਂ ਗਈਆਂ ਹਨ। ਐਸਾ ਕਿਹੜਾ ਜਜ਼ਬਾ ਹੈ ਜੋ ਉਨ੍ਹਾਂ ਮਨੁੱਖਾਂ ’ਚ ਸੀ ਪਰ ਅੱਜ ਸਾਡੇ ’ਚੋਂ ਅਲੋਪ ਹੋ ਗਿਆ ਹੈ ਪਰ ਫਿਰ ਵੀ ਉਨ੍ਹਾਂ ਦੀ ਖੋਜ ਕੀਤੀਆਂ ਚੀਜ਼ਾਂ ਨੂੰ ਵਰਤੇ ਬਿਨਾ ਅਸੀਂ ਇਕ ਦਿਨ ਵੀ ਜਿਊ ਨਹੀਂ ਸਕਦੇ।

ਜ਼ਰਾ ਜਿਹਾ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਕਰੁਣਾ ਭਰੇ ਜਜ਼ਬੇ ਚੋਂ ਦਇਆ ਪੈਦਾ ਹੁੰਦੀ ਹੈ ਅਤੇ ਦਇਆ ’ਚੋਂ ਵੰਡ ਛੱਕਣ ਦਾ ਜਜ਼ਬਾ ਆਪ ਮੁਹਾਰੇ ਚਸ਼ਮੇ ਵਾਂਗ ਫੁੱਟ ਪੈਂਦਾ ਹੈ ਤੇ ਸਮੁੰਦਰ ਦਾ ਰੂਪ ਧਾਰ ਲੈਂਦਾ ਹੈ, ਸਾਡੇ ਸਭ ਵਿਚ ਇਹ ਜਜ਼ਬਾ ਦਬਿਆ ਪਿਆ ਹੈ।

ਅਸੀਂ ਇਸ ਜਜ਼ਬੇ ਦੀ ਹੋਂਦ ਨੂੰ ਮਹਿਸੂਸ ਨਹੀਂ ਕਰਦੇ ਅਤੇ ਚਾਰੋਂ ਪਾਸੇ ਜਿਊਂਦੇ ਮਨੁੱਖਾਂ ਬਦਲੇ ਟੁਰਦੀਆਂ ਲਾਸ਼ਾਂ ਬਣੇ ਫਿਰ ਰਹੇ ਹਾਂ। ਸਾਡੇ ਸ਼ਹਿਰ ਉਂਝ ਵੇਖਣ ਨੂੰ ਭਾਵੇਂ ਜਿਊਂਦੇ ਹਨ ਪਰ ਅਸਲੀਅਤ ਵਿਚ ਕਬ੍ਰਿਸਤਾਨ ਬਣ ਗਏ ਹਨ। ਜੇ ਕਿੱਥੇ ਕੋਈ ਮਨੁੱਖ ਜ਼ਰਾ ਜਿਹਾ ਸਾਡੇ ਮੁਤਾਬਿਕ ਨਾ ਚਲੇ ਜਾਂ ਸਾਡੀ ਨਾ ਸੁਣੇ ਤਾਂ ਪਲਾਂ ’ਚ ਹੀ ਗਲੀ-ਗਲੀ ਸ਼ਮਸ਼ਾਨ ਘਾਟ ਬਣਾ ਦਿੰਦੇ ਹਾਂ। ਇਹ ਸਭ ਕੁਝ ਕਰੁਣਾ, ਦਇਆ, ਸੰਤੋਖ ਅਤੇ ਵੰਡ ਛੱਕਣਾ ਦੀ ਅਣਹੋਂਦ ਦਾ ਹੀ ਨਤੀਜਾ ਹੈ। ਸਾਡੇ ਇਸ ਅਖੌਤੀ ਜਿਊਣ ਦਾ ਕੀ ਫਾਇਦਾ ਜੇ ਅਸੀਂ ਕਰੁਣਾ ਦਇਆ ਸੰਤੋਖ ਅਤੇ ਵੰਡ ਛੱਕਣ ਦਾ ਬੂਟਾ ਆਪਣੇ ਹਿਰਦੇ ਬਾਗ ਵਿਚ ਨਹੀਂ ਲਗਾ ਪਾਉਂਦੇ।

ਜਦੋਂ ਤਕ ਸਾਡੇ ’ਚ ਕਰੁਣਾ ਪੈਦਾ ਨਹੀਂ ਹੁੰਦੀ, ਜਦੋਂ ਤਕ ਸਾਡੀ ਹਿਰਦੇ ਧਰਤੀ ’ਤੇ ਕਰੁਣਾ ਦਾ ਬੀਜ ਨਹੀਂ ਫੁੱਟ ਪੈਂਦਾ ਤਾਂ ਤੱਕ ਦੂਜਿਆਂ ਦੇ ਭਲੇ ਲਈ ਸਾਨੂੰ ਜਿਊਣਾ ਨਹੀਂ ਆ ਸਕਦਾ ਪਰ ਜ਼ਹਿਰੀਲੇ ਫਲ ਸਾਡੇ ਜ਼ਹਿਨ ’ਚ ਜ਼ਰੂਰ ਪੈਦਾ ਹੁੰਦੇ ਜਾਣਗੇ। ਨਾ ਚਾਹੁੰਦੇ ਹੋਏ ਵੀ ਅਸੀਂ ਜਿਊਂਦੀਆਂ ਲਾਸ਼ਾਂ ਹੀ ਬਣੇ ਰਹਾਂਗੇ।

ਅੱਜ ਦੁਨਿਆਵੀ ਚੀਜ਼ਾ ਵਾਂਗੂੰ ਪੈਸੇ ਦੀ ਬਹੁਤਾਤ ਦੀ ਰੇਸ ਲੱਗੀ ਹੈ, ਅਸੀਂ ਸਾਰਿਆਂ ਨੇ ਮਜ਼੍ਹਬਾਂ ਦੀ ਵਾਧੂ ਗਿਣਤੀ ਅਤੇ ਆਪਣੇ ਵਧੀਆ ਮਜ਼੍ਹਬ ਦੀ ਨੁਮਾਇਸ਼ ਲਗਾਈ ਹੋਈ ਹੈ ਪਰ ਧਰਮ ਤਾਂ ਸ਼ੁਰੂ ਹੀ ਨਹੀਂ ਹੋਇਆ। ਹਿਰਦੇ ਵਿਹੜੇ ’ਚ ਤਾਂ ਧਰਮ ਦਾ ਕੇਵਲ ਢਿੰਡੋਰਾ ਹੀ ਪਿੱਟਿਆ ਜਾ ਰਿਹਾ ਹੈ, ਪਰ ਅਸਲੀਅਤ ’ਚ ਤਾਂ ਧਰਮ ਪਾਖੰਡ ਅਤੇ ਢਕੋਸਲਾ ਹੀ ਬਣ ਕੇ ਰਹਿ ਗਿਆ ਹੈ।

ਵੀਰ ਭੁਪਿੰਦਰ ਸਿੰਘ
.