.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖੀ ਦਾ ਦੁਖਦਾਈ ਪਹਿਲੂ-੧

ਜਿੱਥੇ ਸੱਚ ਪਰਗਟ ਹੁੰਦਾ ਹੈ ਓੱਥੇ ਸੱਚ ਦਾ ਪਰਚਾਰ ਕਰਨ ਵਾਲੇ ਵੀ ਪ੍ਰਗਟ ਹੋ ਜਾਂਦੇ ਹਨ। ਸੱਚ ਦਾ ਪ੍ਰਚਾਰ ਕਰਨ ਵਾਲਿਆਂ ਦੀ ਲੋਕਾਂ ਵਿੱਚ ਪ੍ਰਤਭਾ ਵੱਧਣੀ ਸ਼ੁਰੂ ਹੋ ਜਾਂਦੀ ਹੈ। ਲੋਕਾਂ ਵਲੋਂ ਮਿਲੇ ਮਾਣ ਸਨਮਾਨ ਕਰਕੇ ਕੁਦਰਤੀ ਬੰਦਾ ਹੰਕਾਰ ਵਿੱਚ ਵੀ ਆ ਜਾਂਦਾ ਹੈ। ਅਜੇਹੇ ਪ੍ਰਚਾਰਕ ਸਮਝਣ ਲੱਗ ਜਾਂਦੇ ਹਨ ਕਿ ਇਹ ਸੱਚ ਤਾਂ ਕੇਵਲ ਸਾਡੇ ਆਸਰੇ ਹੀ ਖੜਾ ਹੈ। ਸਾਡੇ ਪ੍ਰਚਾਰ ਕਰਕੇ ਹੀ ਇਸ ਸੱਚ ਦੀ ਵੁਕਤ ਹੋਈ ਹੈ। ਇਸ ਗਲਤ ਫਹਿਮੀ ਕਰਕੇ ਮਨੁੱਖ ਸੱਚ ਨਾਲੋਂ ਵੀ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ। ਹੌਲ਼ੀ ਹੌਲ਼ੀ ਸੱਚ ਦਾ ਪ੍ਰਚਾਰ ਕਰਨ ਵਾਲੇ ਸੱਚ ਨੂੰ ਜ਼ਮੀਨ ਵਿੱਚ ਦੱਬ ਕੇ ਪੱਕੇ ਤੌਰ `ਤੇ ਸੱਚ ਦੇ ਊਪਰ ਹੀ ਬੈਠ ਜਾਂਦੇ ਹਨ। ਇਹ ਫਿਰ ਆਪਣਾ ਹੀ ਸੱਚ ਬਣਾ ਲੈਂਦੇ ਹਨ।
ਸੋਨਾ ਬਹੁਤ ਮਹਿੰਗੀ ਧਾਤ ਹੈ। ਸਾਰੇ ਲੋਕ ਸੋਨਾ ਖਰੀਦਣ ਦੇ ਸਮਰੱਥ ਨਹੀਂ ਹੁੰਦੇ ਪਰ ਅਮੀਰ ਲੋਕ ਸੋਨੇ ਦੇ ਗਹਿਣੇ ਪਹਿਨ ਕੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਅਸੀਂ ਬਹੁਤ ਅਮੀਰ ਹਾਂ। ਕਈ ਵਿਚਾਰੇ ਸੋਨਾ ਤਾਂ ਖਰੀਦ ਨਹੀਂ ਸਕਦੇ ਪਰ ਇਸ ਝੱਸ ਨੂੰ ਪੂਰਾ ਕਰਨ ਲਈ ਨਕਲੀ ਸੋਨੇ ਦਾ ਆਸਰਾ ਲੈਂਦੇ ਹਨ। ਉਹ ਬਿਲਕੁਲ ਸੋਨੇ ਵਰਗਾ ਹੀ ਝੌਲ਼ਾ ਪਉਂਦਾ ਹੈ। ਬੰਦਾ ਸਮਝਦਾ ਹੈ ਕਿ ਸ਼ਾਇਦ ਸੋਨਾ ਪਉਣ ਨਾਲ ਹੀ ਸਾਡੀ ਸਮਾਜ ਵਿੱਚ ਕੋਈ ਵੁਕਤ ਹੋਏਗੀ, ਇਸ ਲਈ ਲੋਕ ਨਕਲੀ ਸੋਨੇ ਦਾ ਸਹਾਰਾ ਲੈਂਦੇ ਹਨ। ਸਾਡੇ ਸਮਾਜ ਵਿੱਚ ਸੋਨੇ ਦੇ ਗਹਿਣਿਆਂ ਤੋਂ ਮਨੁੱਖ ਦੀ ਹੈਸੀਅਤ ਦਾ ਪਤਾ ਲੱਗਦਾ ਹੈ ਕਿ ਇਹ ਕਿੰਨਾ ਅਮੀਰ ਜਾਂ ਗਰੀਬ ਹੈ। ਜਾਂ ਏਦਾਂ ਕਹੀਏ ਕਿ ਅਸੀਂ ਸੋਨਾ ਪਹਿਨ ਕੇ ਸਮਾਜ ਵਿੱਚ ਆਪਣੇ ਆਪ ਨੂੰ ਅਮੀਰ ਦੱਸਣ ਦਾ ਯਤਨ ਕਰ ਰਹੇ ਹਾਂ।
ਜੇ ਜ਼ਰਾ ਕੁ ਗਹੁ ਕਰਕੇ ਦੇਖੀਏ ਤਾਂ ਸਿੱਖ ਕੌਮ ਨਾਲ ਵੀ ਅਜੇਹਾ ਹੀ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਇਸ ਢੰਗ ਨਾਲ ਦੱਬਿਆ ਹੈ ਕਿ ਦੇਖਣ ਸੁਣਨ ਵਾਲਾ ਹੁਣ ਇਹਨਾਂ ਨੂੰ ਹੀ ਅਸਲੀ ਗੁਰੂ ਸਾਹਿਬ ਦੇ ਵਾਰਸ ਸਮਝਣ ਲੱਗ ਪਿਆ ਹੈ। ਇਹਨਾਂ ਸਿੱਖੀ ਦੇ ਪਾਂਡਿਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਆਮ ਸਿੱਖ ਦੀ ਦੂਰੀ ਬਹੁਤ ਵਧਾ ਦਿੱਤੀ ਹੈ। ਅੱਜ ਦੇ ਸਾਧਾਂ ਨੇ ਸਿੱਖ ਸਿਧਾਂਤ ਤੋਂ ਮੂੰਹ ਮੋੜਦਿਆਂ ਹੋਇਆਂ ਬ੍ਰਾਹਮਣੀ ਕਰਮ ਕਾਂਡ ਨੂੰ ਨਵੇਂ ਸਿਰੇ ਤੋਂ ਸਿੱਖੀ ਪਹਿਰਾਵੇ ਵਿੱਚ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਹੋਇਆ ਹੈ।
ਸਭ ਤੋਂ ਪਹਿਲੀ ਗੱਲ ਕਿ ਸਿੱਖ ਧਰਮ ਦਾ ਪਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਬਹੁਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਨਿਰਮਲ ਸਿਧਾਂਤ ਤੇ ਬ੍ਰਾਹਮਣੀ ਕਰਮਕਾਂਡ ਦੇ ਫਰਕ ਸਬੰਧੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਆਪਣੇ ਆਪ ਵਲੋਂ ਤਾਂ ਉਹ ਸਿੱਖ ਧਰਮ ਦਾ ਹੀ ਪ੍ਰਚਾਰ ਕਰ ਰਹੇ ਹਨ ਪਰ ਉਹ ਵਿਚਲੇ ਫਰਕ ਨੂੰ ਸਮਝਣ ਲਈ ਤਿਆਰ ਨਹੀਂ ਹਨ। ਜੇ ਜਾਣਕਾਰੀ ਹੈ ਤਾਂ ਉਸ ਦੀ ਉਹ ਵਰਤੋਂ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਦੁਕਾਨ ਬੰਦ ਹੁੰਦੀ ਹੈ। ਇਹ ਸਭ ਤੋਂ ਵੱਡੀ ਬੇਈਮਾਨੀ ਹੈ। ਆਪਣੇ ਵਲੋਂ ਤਾਂ ਉਹ ਸਿੱਖੀ ਦਾ ਪ੍ਰਚਾਰ ਹੀ ਕਰ ਰਹੇ ਹਨ ਪਰ ਉਹ ਸਾਰੀਆਂ ਮਨਘੜਤ ਕਹਾਣੀਆਂ ਮਰ ਚੁਕੇ ਸਾਧਾਂ ਦੀਆਂ ਹੀ ਸਣਾਉਂਦੇ ਹਨ। ਇਹ ਪ੍ਰਚਾਰਕ ਆਲੇ ਦੁਅਲਿਓਂ ਘੁਮਾ ਫਰਾ ਕੇ ਆਪਣੇ ਬਾਬੇ ਦੀ ਮਹਿਮਾ ਹੀ ਪੇਸ਼ ਕਰਦੇ ਹਨ। ਜਨਮ ਮਰਣ, ਧਰਮ ਦਾ ਲੇਖਾ ਪੁੱਛਣਾ, ਨਰਕ ਸਵਰਗ ਦਾ ਪੂਰਾ ਡਰ ਪੈਦਾ ਕਰਨ ਵਾਲੀਆਂ ਬਨੌਟੀ ਕਹਾਣੀਆਂ ਸੁਣਾਉਂਦੇ ਹਨ। ਇਹ ਗੁਰਬਾਣੀ ਦੇ ਨਿਵੇਕਲੇ ਸਿਧਾਂਤ ਨੂੰ ਮਹਾਂਭਾਰਤ ਜਾਂ ਰਮਾਇਣ ਵਾਂਗ ਪੇਸ਼ ਕਰਨ ਨੂੰ ਸਹੀ ਸਮਝਦੇ ਹਨ। ਏਦਾਂ ਕਹੀਏ ਕਿ ਇਹ ਗਪੌੜਾਂ ਨੂੰ ਹੀ ਪਹਿਲ ਦੇਂਦੇ ਹਨ।
ਸਿੱਖੀ ਵਿੱਚ ਸਭ ਤੋਂ ਵੱਧ ਗੈਰ ਕੁਦਰਤੀ ਵਿਚਾਰਧਾਰਾ ਕੁੱਝ ਸਥਾਪਿਤ ਡੇਰੇ ਵਾਲਿਆਂ ਨੇ ਘਸੋੜੀ ਹੈ। ਕਿੱਡਾ ਵੱਡਾ ਝੂਠ ਹੈ ਜੋ ਲੋਕ ਸੁਣਨ ਜਾ ਰਹੇ ਹਨ—ਜਿਹੜੇ ਵੀਰ ਹਮੇਸ਼ਾਂ ਕਹਿੰਦੇ ਨੇ ਕਿ ਸਾਡੇ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਰਸ਼ਨ ਦਿੱਤੇ। ਕੀ ਉਹ ਲੋਕ ਦੱਸਣਗੇ ਕਿ ਇਹਨਾਂ ਦੇ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਕਿਹੜੀ ਸਿੱਖਿਆ ਤੇ ਅਮਲ ਕੀਤਾ ਹੈ? ਇਹ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਾਰੀ ਮਨੁੱਖਤਾ ਨੂੰ ਛੱਡ ਕਿ ਸਪੈਸ਼ਲ ਕਿਰਤ ਛੱਡ ਚੁੱਕੇ ਬਾਬਿਆਂ ਨੂੰ ਦਰਸ਼ਨ ਦੇਣ ਲਈ ਆਏ ਹੋਣ? ਪਰ ਗੁਰਬਾਣੀ ਦਾ ਵਾਕ ਤਾਂ ਸਾਨੂੰ ਕੁੱਝ ਹੋਰ ਸਮਝਾ ਰਿਹਾ ਹੈ ਕਿ ਕੇਵਲ ਦਰਸ਼ਨਾਂ ਨਾਲ ਮਨੁੱਖ ਨੂੰ ਸਿੱਖਿਆ ਨਹੀਂ ਆ ਸਕਦੀ—ਜੇਹਾ ਕਿ
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲ ਨ ਚੁਕਈ ਨਾਮਿ ਨ ਲਗੈ ਪਿਆਰੁ।।
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ।।
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ।।
ਸਲੋਕੁ ਮ: ੩ ਪੰਨਾ ਪੰਨਾ ੫੯੪
ਗੁਰਬਾਣੀ ਦਾ ਤਾਂ ਇਲਹੀ ਫਰਮਾਣ ਹੈ-
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਠਗਾਸੁ।।

ਅਤੇ
ਕਬੀਰ ਜਹਾਂ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ।।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।।

ਸਿੱਖੀ ਦੇ ਨਾਂ ਹੇਠ ਇਹਨਾਂ ਡੇਰੇ ਵਾਲਿਆਂ ਨੇ ਸਿੱਖੀ ਵਿਚਾਰਧਾਰਾ ਦੇ ਖਿਲਾਫ ਕੀਤੇ ਕੰਮ—
੧ ਕਿਰਤ ਨਾ ਕਰਨਾ—- ਵਿਹਲੇ ਰਹਿ ਕੇ ਕੇਵਲ ਭਜਨ ਬੰਦਗੀ ਹੀ ਕਰਨੀ। ਜੇ ਏਦਾਂ ਸਾਰਾ ਸੰਸਾਰ ਬੰਦਗੀ ਕਰਨ ਲੱਗ ਜਾਏ ਤਾਂ ਸਮਾਜ ਦੀ ਰੂਪ ਰੇਖਾ ਕਿਹੋ ਜੇਹੀ ਹੋਏਗੀ?
੨ ਗ੍ਰਿਹਸਤ ਤੋਂ ਭਗੌੜੇ ਹੋਣਾ ਅਖੇ ਜੀ ਵਿਆਹ ਕੀਤਿਆਂ ਸਾਡੀ ਭਜਨ ਬੰਦਗੀ ਵਿੱਚ ਵਿਘਨ ਪੈਂਦਾ ਹੈ। ਕੀ ਇਹ ਵਿਚਾਰ ਸਾਰੀ ਦੁਨੀਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ?
੩ ਮਾਲ਼ਾ ਫੇਰਨੀਆਂ ਧਰਮ ਦਾ ਸਭ ਤੋਂ ਵੱਡਾ ਕਰਮ ਮੰਨ ਕੇ ਤੇ ਸ਼ਬਦ ਦੀ ਵਿਚਾਰ ਤੋਂ ਪੂਰੀ ਤਰ੍ਹਾਂ ਪਾਸਾ ਵੱਟਣਾ। ਬੋਧਿਕਤਾ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ।
੪ ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਡੇਰੇ, ਠਾਠ, ਭੋਰੇ ਅਤੇ ਟਿਕਾਣੇ ਪ੍ਰਚੱਲਤ ਕਰਨੇ। ਇਸ ਨੂੰ ਕਹਿੰਦੇ ਹਨ ਸਿੱਖ ਸਿਧਾਂਤ ਤਥਾ ਗੁਰਦੁਆਰਿਆਂ ਨੂੰ ਅੱਖਾਂ ਦਿਖਾਉਣੀਆਂ।
੫ ਸ਼ਬਦ ਦੀ ਵਿਚਾਰ ਛੱਡ ਕੇ ਗਿਣਤੀਆਂ ਮਿਣਤੀਆਂ ਨਾਲ ਗੁਰਬਾਣੀ ਪੜ੍ਹਨੀ। ਕਈ ਥਾਂਈ ਮੰਤਰਾਂ ਵਾਂਗ ਪਾਠ ਕਰਨਾ, ਸੰਪਟ ਪਾਠ ਦਾ ਮਹਾਤਮ ਤੇ ਹੋਰ ਕਈ ਕਿਸਮਾਂ ਦੇ ਪਾਠਾਂ ਵਿੱਚ ਕੌਮ ਨੂੰ ਉਲ਼ਝਾਉਣਾ। ਗੁਰਬਾਣੀ ਦੇ ਅਰਥ ਸਨਾਤਨੀ ਮਤ ਅਨੁਸਾਰ ਕਰਨੇ। ਇਤਿਹਾਸ ਦੀ ਥਾਂ `ਤੇ ਆਪਣੇ ਮਰ ਚੁਕੇ ਸਾਧਾਂ ਦੀਆਂ ਮਨਘੜਤ ਕਹਾਣੀਆਂ ਸਨਾਉਣੀਆਂ ਇਹਨਾਂ ਦਾ ਮਨ ਭਾਉਂਦਾ ਸ਼ੌਂਕ ਹੈ। ਇਸ ਤੋਂ ਵੱਧ ਹੋਰ ਕਿਹੜੀ ਮਨਮਤ ਹੋ ਸਕਦੀ ਹੈ।
੬ ਸਿੱਖ ਸਿਧਾਂਤ ਤੇ ਬੜੀ ਗਹਿਰੀ ਚੋਟ ਕਰਦਿਆਂ ਨਿਸ਼ਾਨ ਸਾਹਿਬ, (ਝੰਡਾ) ਤੇ ਨਗਾਰੇ ਤੋਂ ਕਿਨਾਰਾ ਕਰਨਾ। ਫਿਰ ਕਹਿੰਦੇ ਹਨ ਜੀ ਅਸੀਂ ਹੀ ਅਸਲੀ ਸਿੱਖ ਹਾਂ।
੭ ਲੰਗਰ ਦੀ ਮਰਯਾਦਾ ਤੋਂ ਮੁਨਕਰ ਹੋਣਾ। ਇਹਨਾਂ ਦਾ ਕਹਿਣਾ ਹੈ ਕਿ ਕਿਹੜਾ ਭਾਂਡੇ ਇਕੱਠੇ ਕਰਦਾ ਫਿਰੇ ਕਿਹੜਾ ਜੱਬ੍ਹ ਨੂੰ ਫੜਿਆ ਰਹੇ। ਘਰੋਂ ਲੰਗਰ ਬਣਾ ਲਿਆਓ ਤੇ ਏੱਥੇ ਆ ਕੇ ਆਪੇ ਹੀ ਖਾ ਲਓ। ਲੰਗਰ ਵਰਗੀ ਮਹਾਨ ਸੰਸਥਾ ਨੂੰ ਮੁੱਢੋਂ ਨਿਕਾਰਨਾ ਇਹਨਾਂ ਦੇ ਹਿੱਸੇ ਹੀ ਆਇਆ ਹੋਇਆ ਹੈ।
੮ ਸੰਗਤਾਂ ਦੇ ਪੈਸਿਆਂ ਨਾਲ ਬਣਾਈਆਂ ਜਾਇਦਾਦਾਂ ਨੂੰ ਆਪਣੇ ਨਾਂ ਪੱਕੇ ਤੌਰ `ਤੇ ਕਰਨਾ। ਜਦੋਂ ਵੱਡੇ ਮਹਾਂਪੁਰਸ਼ਾਂ ਦੀ ਕ੍ਰਿਪਾ ਹੋਈ ਹੈ ਜੀ ਸੰਗਤ ਦਾ ਕੀ ਲਾਕਾ ਦੇਕਾ ਹੈ।
੯ ਲੋਕ ਬੋਲੀਆਂ ਜਾਂ ਆਪ ਰਚੀਆਂ ਕੱਚੀਆਂ ਪਿੱਲੀਆਂ ਧਾਰਨਾ ਨੂੰ ਗੁਰਬਾਣੀ ਕੀਰਤਨ ਕਹਿਣਾ। ਜਦੋਂ ਲੋਕ ਸੁਣਦੇ ਆ ਤੁਹਾਡਾ ਢਿੱਡ ਦੁੱਖਦਾ ਹੈ।
੧੦ ਗੁਜ਼ਰ ਚੁੱਕੇ ਸਾਧਾਂ ਦੀਆਂ ਵਰਤੀਆਂ ਚੀਜ਼ਾਂ ਨੂੰ ਮੱਥੇ ਟਿਕਾਉਣੇ। ਜਦੋਂ ਲੋਕ ਏਦਾਂ ਦੇ ਹੋ ਜਾਣ ਓਦੋਂ ਸੌਖਿਆ ਲੁੱਟਿਆ ਜਾ ਸਕਦਾ ਹੈ। ਜੇ ਸਾਡੇ ਬਾਬੇ ਦੀਆਂ ਵਰਤੀਆਂ ਵਸਤੂਆਂ ਤੋਂ ਲੋਕ ਖੁਸ਼ ਹੁੰਦੇ ਹਨ ਤਾਂ ਤੁਹਾਨੂੰ ਪੀੜ ਕਿਉਂ ਹੁੰਦੀ ਹੈ।
੧੧ ਗੈਰਤਮੰਦ ਨੌਜਵਾਨਾਂ ਤਿਆਰ ਕਰਨ ਦੀ ਥਾਂ `ਤੇ ਗੁਲਾਮ ਜ਼ਹਿਨੀਅਤ ਵਾਲੇ ਜੀ ਹਜ਼ੂਰੀਏ, ਟੁਕੜਬੋਚ, ਗਿਆਨ ਤੋਂ ਕੋਰੇ ਤੇ ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰਨੀਆਂ ਤੇ ਇਹਨਾਂ ਨੂੰ ਗ੍ਰੰਥੀ ਥਾਪਣਾ। ਇਹ ਇਹਨਾਂ ਦਾ ਮੁੱਢਲਾ ਮਨੋਰਥ ਹੈ ਤਾਂ ਕਿ ਸਿੱਖਾਂ ਨੂੰ ਬ੍ਰਾਹਮਣੀ ਕਰਮਕਾਂਡ ਪੂਰੀ ਤਰ੍ਹਾਂ ਦਿੱਤਾ ਜਾ ਸਕੇ।
੧੨ ਪੁੱਤਰਾਂ ਦੇ ਵਰ ਦੇਣੇ ਜਾਂ ਹੋਰ ਕਈ ਪਰਕਾਰ ਦੀ ਸੁੱਖ ਸਹੂਲਤਾਂ ਦਾ ਲਾਰਾ ਲਗਾ ਕੇ ਵਰ ਪ੍ਰਾਪਤੀ ਲਈ ਅਰਦਾਸਾਂ ਕਰਨੀਆਂ। ਵਿਚਾਰੇ ਲੋਕਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ।
੧੩ ਸਭ ਤੋਂ ਅਹਿਮ ਨੀਚ ਕਰਮ ਕਿ ਜਿਹੜੇ ਕਰਮ-ਕਾਂਡ ਗੁਰਬਾਣੀ ਨੇ ਨਿਕਾਰੇ ਹਨ ਉਹਨਾਂ ਥੋਥੇ ਕਰਮਕਾਂਡਾਂ ਨੂੰ ਸਿੱਖੀ ਵਿੱਚ ਜ਼ੋਰ ਸ਼ੋਰ ਨਾਲ ਲਾਗੂ ਕਰਉਣਾ ਇਹਨਾਂ ਦਾ ਮੁੱਖ ਏਜੰਡਾ ਹੈ। ਬੱਸ ਲੰਬਾ ਚੋਲਾ ਪਹਿਨ ਲਿਆ ਪੱਕੇ ਸਿੱਖ ਬਣ ਗਏ ਸਿਧਾਂਤ ਤੋਂ ਅਸਾਂ ਕੀ ਕਰਾਉਣਾ ਹੈ।
੧੪ ਸਰਕਾਰੀ ਵਧੀਕੀ ਸਬੰਧੀ ਕਦੇ ਵੀ ਆਪਣੀ ਜ਼ਬਾਨ ਤੋਂ ਵਿਰੋਧ ਨਹੀਂ ਕਰਨਾ। ਏੱਥੋਂ ਤੀਕ ਆਪਣੇ ਚੇਲਿਆਂ ਨੂੰ ਵੀ ਪੂਰੀ ਤਗੀਦ ਕੀਤੀ ਹੁੰਦੀ ਹੈ ਕਿ ਕਦੇ ਅਜੇਹੇ ਮਸਲੇ ਤੇ ਸਿੱਖੀ ਦਾ ਪੱਖ ਨਹੀਂ ਪੇਸ਼ ਕਰਨਾ ਸਗੋਂ ਭਗਤੀ, ਨਾਮ ਅਭਿਆਸ, ਕਮਾਈ ਤੇ ਪਹੁੰਚੇ ਹੋਏ ਵਰਗੇ ਸ਼ਬਦਾਂ ਤੇ ਹੀ ਜ਼ੋਰ ਦੇਣਾ ਹੈ।
੧੪ ਰੰਗ ਬਰੰਗੇ ਲੰਬੇ ਚੌੜੇ ਵੰਨ ਸੁਵੰਨੇ ਲਿਬਾਸ ਨੂੰ ਪਹਿਲ ਦੇਣੀ ਤੇ ਇਹ ਦੱਸਣਾ ਕਿ ਅਸੀਂ ਅਤੇ ਸਾਡੇ ਵੱਡੇ ਬਾਬੇ ਬਾਕੀ ਆਮ ਸਮਾਜ ਨਾਲੋਂ ਵੱਡੇ, ਮਹਾਨ ਤੇ ਵੱਖਰੇ ਹਨ। ਪੂਰੀ ਦਸਤਾਰ ਛੱਡ ਕੇ ਚਿੱਟੇ ਰੰਗ ਦੀਆਂ ਪਟਕੀਆਂ ਬੰਨਣੀਆਂ ਅਖੇ ਸੰਤ ਬਾਬੇ ਮਹਾਂਪੁਰਸ਼ ਸਦਾ ਸਾਦਗੀ ਵਿੱਚ ਰਹਿੰਦੇ ਹਨ ਇਸ ਨੂੰ ਹੀ ਗੁਰਮੁੱਖਤਾਈ ਦਾ ਪੈਮਾਨਾ ਮਿਥ ਦੇਣਾ। ਚੰਗੀਆਂ ਭਲੀਆਂ ਜੁੱਤੀਆਂ ਦਾ ਤਿਆਗ ਕਰਕੇ ਖੜਾਵਾਂ ਨਾਲ ਤੁਰਨਾ ਵੱਡੇ ਮਹਾਂ ਪੁਰਸ਼ਾਂ ਦੀਆਂ ਨਿਸ਼ਾਨੀਆਂ ਹਨ।
੧੫ ਸਿੰਘ, ਭਾਈ, ਖਾਲਸਾ ਤੇ ਸਰਦਾਰੀ ਵਰਗੇ ਸ਼ਬਦਾਂ ਦਾ ਤਿਆਗ ਕਰਕੇ ਅਨਪੜ੍ਹ ਬਾਬੇ ਆਪਣੇ ਆਪ ਨੂੰ ਬ੍ਰਹਮ ਗਿਆਨੀ, ਮਹਾਂਪੁਰਸ਼, ਬਾਬਾ ਜੀ ਤੇ ਸੰਤ ਮਹਾਂਰਾਜ ਜੀ ਅਖਵਾਉਣਾ ਪਸੰਦ ਕਰਦੇ ਹਨ।
੧੫ ਸਿੱਖ ਰਹਿਤ ਮਰਯਾਦਾ ਦਾ ਮੁਕੰਮਲ ਤਿਆਗ ਕਰਦਿਆਂ ਆਪਣੀ ਮਰਜ਼ੀ ਦੀ ਅਰਦਾਸ ਤਿਆਰ ਕਰਨੀ, ਦਸੋ ਇਹ ਕਿਧਰ ਦੀ ਸਿੱਖੀ ਹੈ।
੧੬ ਪਿੱਛੇ ਲੰਮੇਰੇ ਸਮੇਂ ਤੋਂ ਜਾਇਜ਼ ਖਾਣ ਪੀਣ ਤੇ ਬੇ-ਲੋੜਾ ਮਸਲਾ ਖੜਾ ਕਰਕੇ ਪੰਥ ਵਿੱਚ ਦੁਬਿਧਾ ਖੜੀ ਕਰਨੀ, ਇਹ ਹਰ ਸਿੱਖ ਨੂੰ ਏਨਾ ਕੁ ਹੱਕ ਤਾਂ ਹੈ ਕਿ ਪੁੱਛਿਆ ਜਾਏ ਕੇ ਕੀ ਇਹ ਗੁਰਮਤਿ ਹੈ?
ਭਾਰਤ ਵਿੱਚ ਖਾਸ ਕਿਸਮ ਦੇ ਪਹਿਰਾਵਿਆਂ ਨੂੰ ਬਹੁਤ ਮਾਨਤਾ ਦਿੱਤੀ ਗਈ ਹੈ। ਕਈ ਨੰਗ-ਮਨੰਗ ਹੋ ਕੇ ਸ਼ਰੇਆਮ ਫਿਰ ਰਹੇ ਹਨ, ਲੋਕ ਉਹਨਾਂ ਦੀ ਵੀ ਪੂਜਾ ਕਰ ਰਹੇ ਹਨ ਸਾਡੇ ਸਿੱਖੀ ਵਿੱਚ ਲੱਤਾਂ ਨੰਗੀਆਂ ਵਾਲਿਆਂ ਦੀ ਪੂਰੀ ਚੜ੍ਹਤ ਹੈ- ਗੁਰਬਾਣੀ ਵਾਕ ਲਓ—
ਨਗਨ ਫਿਰਤ ਜੌ ਪਾਈਐ ਜੋਗੁ।।
ਬਨ ਕਾ ਮਿਰਗੁ ਸਭੁ ਹੋਗੁ।।
ਕਿਆ ਨਾਗੇ ਕਿਆ ਬਾਧੇ ਚਾਮ।।
ਜਬ ਨਹੀ ਚੀਨਸਿ ਆਤਮ ਰਾਮ।। ਗਉੜੀ ਕਬੀਰ ਜੀ ਕੀ ਪੰਨਾ ੩੨੪

ਅੱਜ ਸਿੱਖੀ ਵਿੱਚ ਪਹਿਰਾਵੇ ਕਰਕੇ ਲੋਕ ਸਮਝਦੇ ਹਨ ਸ਼ਾਇਦ ਇਹ ਹੀ ਅਸਲੀ ਸੰਤ ਹਨ। ਏਦਾਂ ਕਿਹਾ ਜਾਏ ਕਿ ਇਹਨਾਂ ਆਪੇ ਬਣੇ ਸਾਧਾਂ ਨੇ ਆਪਣੇ ਆਪ ਨੂੰ ਪੂਰਾ ਸਥਾਪਿਤ ਕਰ ਲਿਆ ਹੈ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਸਿਰ ਮੁਨਾ ਰੱਖਿਆ ਦਾੜੀ ਕਟਦਾ ਰਿਹਾ ਹੋਵੇ ਉਹ ਕੌਮ ਦਾ ਬ੍ਰਹਮ ਗਿਆਨੀ। ਮੀਡੀਏ ਨੇ ਇਸ ਢੰਗ ਨਾਲ ਪ੍ਰਚਾਰ ਕੀਤਾ ਕੇ ਲੋਕਾਂ ਨੇ ਅਜੇਹੇ ਲੋਕਾਂ ਨੂੰ ਵੀ ਗੁਰੂ ਦੀ ਪੱਧਰ ਤੇ ਲਿਆ ਕੇ ਸਥਾਪਿਤ ਕਰ ਦਿੱਤਾ ਹੈ।
ਦੁਖਦਾਈ ਪਹਿਲੂ
ਕਹਿੰਦੇ ਨੇ ਇੱਕ ਲਕੜਹਾਰੇ ਨੇ ਇੱਕ ਦਰੱਖਤ ਦੀ ਮਜ਼ਬੂਤ ਟਾਹਣੀ ਕੱਟ ਦਿੱਤੀ ਤਾਂ ਛੋਟਾ ਦਰੱਖਤ ਵੱਡੇ ਦਰੱਖਤ ਕੋਲ ਗਿਆ ਤੇ ਉਸ ਨੇ ਵੱਡੇ ਦਰੱਖਤ ਨੂੰ ਅੱਜ ਦੀ ਹੋਈ ਬੀਤੀ ਸਾਰੀ ਕਹਾਣੀ ਸੁਣਾਈ। ਵੱਡੇ ਦਰੱਖਤ ਨੇ ਕਿਹਾ, ਕਿ “ਕੋਈ ਗੱਲ ਨਹੀਂ ਇੰਤਜ਼ਾਰ ਕਰੋ ਉਹ ਅਜੇ ਸਾਡਾ ਕੁੱਝ ਨਹੀਂ ਵਿਗਾੜ ਸਕਦਾ”। ਕੁੱਝ ਦਿਨ ਲੰਘੇ ਸਨ ਤਾਂ ਕੱਟੀ ਹੋਈ ਮਜ਼ਬੂਤ ਟਾਹਣੀ ਦਾ ਲਕੜਹਾਰੇ ਨੇ ਦਸਤਾ ਬਣਾ ਕੇ ਆਪਣੇ ਕੁਹਾੜੇ ਵਿੱਚ ਫਿੱਟ ਕਰ ਦਿੱਤਾ। ਛੋਟਾ ਦਰੱਖਤ ਫਿਰ ਵੱਡੇ ਦਰੱਖਤ ਪਾਸ ਗਿਆ, ਕਿ “ਵੱਡੇ ਵੀਰ ਲਕੜਹਾਰੇ ਨੇ ਟਾਹਣੀ ਦਾ ਦਸਤਾ ਬਣਾ ਕਿ ਆਪਣੇ ਕੁਹਾੜੇ ਵਿੱਚ ਫਿੱਟ ਕਰ ਦਿੱਤਾ ਹੈ”। ਵੱਡੇ ਦਰੱਖਤ ਨੇ ਆਪਣੇ ਮੱਥੇ ਉੱਤੇ ਹੱਥ ਮਾਰਿਆ ਤੇ ਇੱਕ ਵੱਡਾ ਸਾਰਾ ਹਉਕਾ ਲੈ ਕੇ ਕਿਹਾ, “ਛੋਟੇ ਵੀਰ ਹੁਣ ਸਾਨੂੰ ਕੋਈ ਨਹੀਂ ਬਚਾ ਸਕਦਾ ਕਿਉਂ ਕਿ ਸਾਡਾ ਇੱਕ ਭਾਈ ਲਕੜਹਾਰੇ ਨਾਲ ਮਿਲ ਗਿਆ ਹੈ”। ਏਹੀ ਹਾਲ ਸਿੱਖ ਸਿਧਾਂਤ ਨਾਲ ਹੋਇਆ ਹੈ ਹੁਣ ਕੌਮ ਨੂੰ ਕੌਣ ਬਚਾ ਸਕਦਾ ਹੈ ਜੇ ਕੌਮ ਦੇ ਆਗੂ ਹੀ ਅਜੇਹਿਆਂ ਡੇਰਿਆਂ ਦੇ ਹਾਜ਼ਰੀ ਭਰਨਗੇ।
ਇਹਨਾਂ ਡੇਰਿਆਂ ਨੂੰ ਸਥਾਪਿਤ ਕਰਨ ਲਈ ਸਭ ਤੋਂ ਵੱਡਾ ਯੋਗਦਾਨ ਸਾਡੇ ਨੇਤਾਜਨ ਅਤੇ ਧਾਰਮਿਕ ਉੱਚ ਅਹੁਦਿਆਂ ਤੇ ਬੈਠੇ ਸਿੰਘ ਸਾਹਿਬਾਨਾਂ ਦਾ ਹੈ। ਲੀਹੋਂ ਲੱਥੇ ਸਾਧਾਂ ਦੇ ਡੇਰਿਆਂ ਤੇ ਜਾਣਗੇ ਤਾਂ ਦਸੋਂ ਫਿਰ ਕੌਮ ਦਾ ਕੌਣ ਰਾਖਾ ਹੋ ਸਕਦਾ ਹੈ-
ਭਾਈ ਗੁਰਦਾਸ ਜੀ ਦਾ ਵਾਕ ਹੈ—
ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ।।
ਜੇ ਘਰ ਭੰਨੇ ਪਹਰੂ ਕਉਣ ਰਖਣ ਹਾਰਾ।।
ਬੇੜੀ ਡੋਬੇ ਪਾਤਣੀ ਕਿਉਂ ਪਾਰਿ ਉਤਾਰਾ।।
ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।।
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।।

ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਜੇ ਮਾਂ ਹੀ ਆਪਣੇ ਪੁੱਤ ਨੂੰ ਜ਼ਹਿਰ ਦੇਣ ਲੱਗ ਜਾਏ ਤਾਂ ਦੱਸੋ ਉਸ ਪੁੱਤ ਦਾ ਰਾਖਾ ਕੌਣ ਹੋ ਸਕਦਾ ਹੈ? ਜੇ ਰਾਖਾ ਹੀ ਘਰ ਨੂੰ ਭੰਨਣ ਲੱਗ ਜਾਏ ਤਾਂ ਉਸ ਦੀ ਰੱਖਿਆ ਕੌਣ ਕਰੇਗਾ। ਜੇ ਮਲਾਹ ਹੀ ਬੇੜੀ ਡੋਬਣ ਤੇ ਆਵੇ ਤਾਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ। ਆਗੂ ਰਾਹ ਦੱਸਣ ਵਾਲਾ ਹੀ ਉਜਾੜ ਵਿੱਚ ਲੈ ਜਾਏ ਤਾਂ ਫਿਰ ਕਿਸ ਦੇ ਅੱਗੇ ਹਾਲ ਪਾਹਰਿਆ ਕੀਤੀ ਜਾ ਸਕਦੀ ਹੈ। ਜੇ ਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਦਾ ਬਚਾ ਕੋਈ ਨਹੀਂ ਕਰ ਸਕਦਾ।
ਸਭ ਤੋਂ ਵੱਡਾ ਦੁਖਦਾਈ ਪਹਿਲੂ ਇਹ ਹੈ ਸਾਡੇ ਨੇਤਾ ਜਨਾਂ ਨੇ ਹੀ ਸਿੱਖ ਸਿਧਾਂਤ `ਤੇ ਪਹਿਰਾ ਦੇਣਾ ਸੀ ਉਹ ਹੀ ਉਹਨਾਂ ਡੇਰਿਆਂ `ਤੇ ਜਾ ਕੇ ਹਾਜ਼ਰੀ ਭਰਦੇ ਹਨ ਤਾਂ ਫਿਰ ਕੌਮ ਦਾ ਰਾਖਾ ਕੌਣ ਹੋ ਸਕਦਾ ਹੇ। ਸਾਡੇ ਨਾਮਵਰ ਆਗੂ ਇਹਨਾਂ ਡੇਰਿਆਂ `ਤੇ ਸੰਪਟ ਪਾਠ ਕਰਾ ਰਹੇ ਹਨ ਜਾਂ ਇਹਨਾਂ ਡੇਰਿਆਂ ਤੋਂ ਪਾਠੀ ਲਿਆ ਕੇ ਘਰ ਸੰਪਟ ਪਾਠ ਕਰਾ ਰਹੇ ਹਨ।
ਸਾਡੀ ਜਾਤੀ ਤੌਰ `ਤੇ ਇਹਨਾਂ ਨਾਲ ਕੋਈ ਵਿਰੋਧਤਾ ਨਹੀਂ ਹੈ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ਮਨੁੱਖਤਾ ਦੇ ਤਲ਼ `ਤੇ ਅਸੀਂ ਸਭ ਦਾ ਸਤਕਾਰ ਕਰਦੇ ਹਾਂ। ਇੱਕ ਦੁਜੇ ਦੇ ਦੁੱਖ ਦਰਦ ਵਿੱਚ ਸ਼ਰੀਕ ਵੀ ਹੁੰਦੇ ਹਾਂ। ਇਹ ਤੇ ਵਿਚਾਰਾਂ ਦਾ ਮਤ ਭੇਦ ਹੈ। ਸਾਡਾ ਤਾਂ ਇਕੋ ਹੀ ਤਰਕ ਹੈ ਕਿ ਜੇ ਇਹ ਵਾਕਿਆ ਹੀ ਸਿੱਖੀ ਦਾ ਦਿਲੋਂ ਪ੍ਰਚਾਰ ਕਰਨਾ ਚਹੁੰਦੇ ਹਨ ਤਾਂ ਆਪਣੀਆਂ ਗੱਦੀਆਂ ਬੰਦ ਕਰਕੇ ਪੰਥਕ ਕਾਰਜਾਂ ਵਿੱਚ ਜੁੱਟ ਕੇ ਨਿਰੋਲ ਗੁਰਬਾਣੀ ਸਿਧਾਂਤ ਦਾ ਪ੍ਰਚਾਰ ਕਰਨ।
ਜਿਸ ਦੀ ਵਧੀਆ ਦੁਕਾਨ ਚੱਲਦੀ ਹੋਵੇ ਉਹ ਬੰਦ ਕਰਨ ਲਈ ਤਿਆਰ ਨਹੀਂ ਹੁੰਦਾ। ਧਾਰਮਿਕ, ਸਮਾਜਿਕ, ਅਤੇ ਰਾਜਨੀਤਿਕ ਆਗੂ ਕਹਾਉਣ ਵਾਲੇ ਖ਼ੁਦ ਸਿਧਾਤਾਂ ਦਾ ਸ਼ਰੇਆਮ ਅਪਮਾਨ ਕਰਦੇ ਦਿਖਾਈ ਦੇ ਰਹੇ ਹਨ। ਵਕਤੀ ਤੇ ਨਿੱਜ ਦੀ ਹੋਂਦ ਉਜਾਗਰ ਕਰਨ ਵਾਲੀਆਂ ਅਣਗਿਣਤ ਸੰਸਥਾਵਾਂ ਦਾ ਤਾਣਾ ਬਾਣਾ ਕੌਮੀ ਦੂਰ ਅੰਦੇਸ਼ੀ ਹੀਣ ਕਰਕੇ ਅੰਦਰੂਨੀ ਤੇ ਬਾਹਰੀ ਤੌਰ `ਤੇ ਆਪਸ ਵਿੱਚ ਭਿੜਦਾ ਵੇਖਿਆ ਜਾ ਸਕਦਾ ਹੈ। ਸਿੱਖੀ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਹੈ ਕਿ ਇਹਨਾਂ ਨਵੇਂ ਜੰਮੇ ਡੇਰਿਆਂ `ਤੇ ਸਾਡੇ ਸਿੱਖ ਲੀਡਰਾਂ ਤੇ ਧਾਰਮਿਕ ਆਗੂਆਂ ਨੇ ਹਾਜ਼ਰੀਆਂ ਭਰ ਕੇ ਇਹਨਾਂ ਵਿੱਚ ਜਾਨ ਪਾਈ ਹੈ। ਇਹਨਾਂ ਦੀ ਹਾਜ਼ਰੀ ਨੇ ਕਰਮ ਕਾਂਡਾਂ ਦੀ ਪ੍ਰੋੜਤਾ ਕੀਤੀ ਹੈ।




.