.

ਆਜੁ ਨਾਮੇ ਬੀਠਲੁ ਦੇਖਿਆ...

ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥ ਹਿੰਦੂ ਅੰਨ੍ਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥
(874)

ਇਹ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਿਲਾਵਲੁ ਗੋਂਡ ਵਿਚ ਪੰਨਾ 874 ਤੇ ਸੁਸ਼ੋਭਿਤ ਹੈ।

ਨੋਟ: ਹਰੇਕ ਸ਼ਬਦ ਦੀ ਰਹਾਉ ਵਾਲੀ ਤੁੱਕ ਵਿਚ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਦੀ ਰਹਾਉ ਵਾਲੀ ਤੁੱਕ ਵਿਚ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਦੀ ਰਹਾਉ ਵਾਲੀ ਤੁੱਕ, ‘ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥’ ਨੂੰ ਸਰਸਰੀ ਜਿਹੀ ਨਿਗਾਹ ਨਾਲ ਦੇਖਿਆਂ ਲੱਗਦਾ ਹੈ ਕਿ ਠੱਠਾ-ਮਖੌਲ ਕਰਕੇ ਭਗਤ ਨਾਮਦੇਵ ਜੀ ਕਿਸੇ ਪੰਡਿਤ ਦੇ ਧਾਰਮਿਕ ਜਜਬਿਆਂ ਤੇ ਠੋਕਰ ਮਾਰ ਰਹੇ ਹਨ ਜੋ ਬਹੁਤ ਦੁਖਦਾਈ ਲੱਗਦਾ ਹੈ। ਪਰ ਇਹ ਸੱਚ ਨਹੀਂ ਕਿਉਂਕਿ ਇਹ ਸ਼ਬਦ ਸਿੱਖਾਂ ਦੇ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਗ੍ਰੰਥ ਸਿੱਖ ਦੇ ਜੀਵਨ ਦਾ ਆਸਰਾ ਹੈ ਅਤੇ ਇਸ ਦੇ ਲਿਖਣ ਵਿਚ ਗੁਰੂ ਅਰਜਨ ਦੇਵ ਜੀ ਨੇ ਕੋਈ ਉਕਾਈ ਨਹੀਂ ਖਾਧੀ। ਇਸ ਵਿਚ ਕੇਵਲ ਧੁਰ ਕੀ ਬਾਣੀ ਹੀ ਦਰਜ ਹੈ। ਠੱਠਾ-ਮਖੌਲ ਤਾਂ ਕੱਚੀ ਬਾਣੀ ਬਣ ਜਾਵੇਗੀ। ਕੱਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਥਾਂ ਨਹੀਂ ਦਿੱਤੀ ਜਾ ਸਕਦੀ ਅਤੇ ਅਜਿਹੇ ਦੁਖਾਵੇਂ ਸ਼ਬਦਾਂ ਨੂੰ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਕਰ ਸਕਦੇ ਜਿਸ ਨਾਲ ਕਿਸੇ ਦਾ ਦਿਲ ਦੁਖਦਾ ਹੋਵੇ ਜਾਂ ਕਿਸੇ ਦੇ ਧਾਰਮਿਕ ਅਕੀਦੇ ਨੂੰ ਠੇਸ ਪਹੁੰਚੇ। ਕਿਸੇ ਦੇ ਧਰਮ ਜਾਂ ਦਿਲ ਨੂੰ ਠੋਕਰ ਮਾਰਨੀ, ਸਿੱਖ ਧਰਮ ਦਾ ਮਾਰਗ ਨਹੀਂ ਹੋ ਸਕਦਾ। ਇਸ ਕਰਕੇ ਇਸ ਸ਼ਬਦ ਵਿੱਚੋਂ ਸਾਨੂੰ ਸੱਚ ਦੀ ਕਿਰਨ ਲੱਭਣ ਦੀ ਲੋੜ ਹੈ। ਇਸ ਮੰਤਵ ਵਾਸਤੇ ਉਸ ਉੱਚ ਉਡਾਰੀ ਦੀ ਲੋੜ ਹੈ ਜੋ ਸਾਨੂੰ ਵੀ ਉੱਚਾ ਕਰ ਸਕੇ ਅਤੇ ਕਿਸੇ ਨੂੰ ਨੀਵਾਂ ਨਾ ਦਿਖਾਵੇ। ਇਹ ਵੀ ਸਮਝਣਾ ਜਰੂਰੀ ਹੈ ਕਿ ਕਿਸੇ ਨੂੰ ਨੀਵਾਂ ਦਿਖਾ ਕੇ ਅਤੇ ਠੱਠਾ-ਮਖੌਲ ਕਰਕੇ ਅਸੀਂ ਇਹ ਨਹੀਂ ਮੰਨ ਲੈਣਾ ਕਿ ਸਾਨੂੰ ਇਸ ਸ਼ਬਦ ਵਿੱਚੋਂ ਜੀਵਨ ਦਾ ਸਹੀ ਰਾਹ ਲੱਭ ਗਿਆ ਹੈ। ਸ਼ਬਦ ਦੀ ਵਿਾਖਿਆ ਕਰਨ ਤੋਂ ਪਹਿਲਾਂ ਕੁੱਝ ਭੁਲੇਖੇ ਦੂਰ ਕਰਨੇ ਜ਼ਰੂਰੀ ਹਨ।

1. ਲਫਜ਼ ‘ਰੇ’ ਦਾ ਸਮਝਣਾ: ਇਸ ਸ਼ਬਦ ਦੀ ਰਹਾਉ ਦੀ ਤੁੱਕ ਤੋਂ ਇਹ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਇਹ ਸ਼ਬਦ ਕਿਸੇ ਪੰਡਿਤ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਅਤੇ ਲਫਜ਼ ਵਰਤ ਰਹੇ ਹਨ ‘ਰੇ’। ਇਸ ਨਤੀਜੇ ਤੇ ਸੌਖਿਆਂ ਹੀ ਪਹੁੰਚ ਸਕੇ ਹਾਂ ਕਿਉਂਕਿ ਬਾਕੀ ਸ਼ਬਦ ਰਹਾਉ ਦੀ ਤੁੱਕ ਵਿਚ ਭਗਤ ਨਾਮਦੇਵ ਜੀ ਦੱਸ ਰਹੇ ਹਨ ਕਿ ਹੇ ਪੰਡਿਤ! ਮੈਂ ਤਾਂ ਬੀਠਲ ਦਾ ਦੀਦਾਰ ਕਰ ਲਿਆ ਹੈ। ਅਤੇ ਤੂੰ ਤਾਂ ਮੂਰਖ ਹੀ ਰਿਹਾ ਕਿਉਂਕਿ ਤੈਨੂੰ ਬੀਠਲ ਦਾ ਦੀਦਾਰ ਨਹੀਂ ਹੋਇਆ। ਬਾਕੀ ਦੇ ਸ਼ਬਦ ਵਿਚ ਭਗਤ ਨਾਮਦੇਵ ਜੀ ਉਹ ਉਕਾਈਆਂ ਦੱਸ ਰਹੇ ਹਨ ਜਿਸ ਕਰਕੇ ਉਸ ਪੰਡਿਤ ਨੂੰ ਬੀਠਲ ਦਾ ਦੀਦਾਰ ਅਥਵਾ ਦਰਸ਼ਨ ਨਹੀਂ ਹੋਇਆ।

2. ਲਫਜ਼ ਬੀਠਲ ਦਾ ਭੁਲੇਖਾ:
ਇਹ ਇਤਿਹਾਸਿਕ ਸੱਚਾਈ ਹੈ ਕਿ ਭਗਤ ਨਾਮਦੇਵ ਜੀ ਨੂੰ ਮੰਦਰ ਵਿਚ ਜਾਣ ਦੀ ਆਗਿਆ ਨਹੀਂ ਸੀ। ਸਗੋ ਉਨ੍ਹਾਂ ਨੂੰ ਉੱਧਰ ਜਾਣ ਤੇ ਧੱਕੇ ਮਾਰੇ ਗਏ ਸਨ ਅਤੇ ਬਾਹਰ ਕੱਡ ਦਿੱਤਾ ਸੀ। ਫਿਰ ਉਨ੍ਹਾਂ ਨੇ ਬੀਠਲ ਦੇ ਦਰਸ਼ਨ ਕਿਵੇਂ ਕੀਤੇ। ਇਸ ਕਰਕੇ ਇੱਥੇ ਵਰਤਿਆ ਲਫਜ਼ “ਬੀਠਲੁ” ਸਮਝਣਾ ਜ਼ਰੂਰੀ ਹੈ।

1) ਮਹਾਨ ਕੋਸ਼ ਦੇ ਪੰਨਾ 878 ਤੇ ਭਾਈ ਕਾਹਨ ਸਿੰਘ ਜੀ ਬੀਠਲ ਦੇ ਅਰਥ ਇਸ ਤਰ੍ਹਾਂ ਲਿਖਦੇ ਹਨ:

ਬੀਠਲ: ਵਿਠਲ - ਜੋ ਗਿਆਨ ਹੀਨ (ਮਹਾਂ ਮੂਰਖਾਂ) ਨੂੰ ਅੰਗੀਕਾਰ ਕਰੇ, ਉਹ ਬੀਠਲ ਹੈ, “... ਬੀਠਲੁ ਬਿਨ ਸੰਸਾਰ ਨਹੀਂ”॥ ਯਾਨੀ ਕਿ ਬੀਠਲੁ ਦੇ ਅਰਥ ਹਨ ਪ੍ਰਮਾਤਮਾ।

ਬਹੁਤ ਲੋਕ ਬੀਠਲੁ ਲਫਜ਼ ਤੋਂ ਮੂਰਤੀ ਪੁਜਾਰੀ, ਬੀਠਲ ਨੂੰ ਇੱਟ ਉੱਤੇ ਬੈਠਾ ਕ੍ਰਿਸ਼ਨ ਅਥਵਾ ਵਿਸ਼ਨੂੰ ਭਗਵਾਨ ਕਹਿੰਦੇ ਹਨ; ਜੇ ਇਸਨੂੰ ਸੱਚ ਮੰਨ ਲਿਆ ਜਾਵੇ ਤਾਂ ਕੀ ਇਹ ਸਮਝ ਲਿਆ ਜਾਵੇਗਾ ਕਿ ਭਗਤ ਨਾਮਦੇਵ ਜੀ ਮੂਰਤੀ ਪੂਜਾ ਦੇ ਹਾਮੀ ਸਨ। ਪਰ ਇਹ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਅਨੇਕਾਂ ਥਾਵਾਂ ਤੇ ਨੈਰਤੀ ਪੂਜਾ ਦਾ ਖੰਡਣ ਕੀਤਾ ਗਿਆ ਹੈ। ਭਗਤ ਨਾਮਦੇਵ ਜੀ ਦੇ ਕਿਸੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹੀ ਜਗ੍ਹਾ ਦਿੱਤੀ ਜਾ ਸਕਦੀ ਹੈ ਜੇ ਕਿਸੇ ਸ਼ਬਦ ਦਾ ਆਸ਼ਾ ਸਤਿਗੁਰੂ ਜੀ ਦੇ ਆਸ਼ੇ ਨਾਲ ਪੂਰਨ ਤੌਰ ਤੇ ਮਿਲਦਾ ਹੋਵੇ। ਗੁਰੂ ਆਸ਼ੇ ਤੋਂ ਉਲਟ ਕੋਈ ਵੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੋ ਸਕਦੀ। ਇਸ ਲਈ ਭਗਤ ਨਾਮਦੇਵ ਜੀ ਦੇ ਲਫਜ਼ ‘ਬੀਠਲੁ’ ਤੋਂ ਇਹ ਅੰਦਾਜਾ ਲਗਾਉਣਾ ਕਿ ਉਹ ਬੀਠਲੁ ਮੂਰਤੀ ਦੇ ਪੁਜਾਰੀ ਸਨ, ਭਾਰੀ ਭੁੱਲ ਹੈ। ਲਫਜ਼ ‘ਬੀਠਲ’ ਤਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਈ ਥਾਵਾਂ ਤੇ ਵਰਤਿਆ ਹੈ। ਕੀ ਫਿਰ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਵੀ ਬੀਠਲ-ਮੂਰਤੀ ਦੇ ਪੁਜਾਰੀ ਕਹਾਂਗੇ? ਨਹੀਂ। ਜਿਵੇਂ:

ੳ) ਨਾਮ ਨਰਹਰ ਨਿਧਾਨੁ ਜਿਨ ਕੈ, ਰਸ ਭੋਗ ਏਕ ਨਰਾਇਣਾ॥ ਰਸ, ਰੂਪ, ਰੰਗ ਅਨੰਤ ਬੀਠਲ, ਸਾਸਿ ਸਾਸਿ ਧਿਆਇਣਾ॥ (ਗੁਰੂ ਗ੍ਰੰਥ ਸਾਹਿਬ, ਪੰਨਾ 925)

ਅ) ਐਸੋ ਪਰਚਉ ਪਾਇਓ॥ ਕਰੀ ਕ੍ਰਿਪਾ ਦਇਆਲ ਬੀਠੁਲੈ, ਸਤਿਗੁਰੂ ਮੁਝਹਿ ਬਤਾਇਓ॥ਰਹਾਉ॥ (ਗੁਰੂ ਗ੍ਰੰਥ ਸਾਹਿਬ, ਪੰਨਾ 205)

ੲ) ਜੀਵਤੁ ਰਾਮ ਕੇ ਗੁਣ ਗਾਇ॥ ਕਰਹੁ ਕ੍ਰਿਪਾ ਗੋਪਾਲ ਬੀਠੁਲੇ, ਬਿਸਰਿ ਨ ਕਬਹੀ ਜਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 1223)


ਇਸ ਕਰਕੇ ਬੀਠਲ ਤੋਂ ਭਾਵ ਕਦੇ ਵੀ ਬੀਠਲ ਦੀ ਮੂਰਤੀ ਨਹੀਂ ਹੋ ਸਕਦਾ।

ਬੀਠਲ ਦਾ ਸਰੂਪ: ਆਓ ਹੁਣ ਭਗਤ ਨਾਮਦੇਵ ਜੀ ਦੀ ਬਾਣੀ ਦੇ ਰਾਹੀ ਹੀ ਦਰਸ਼ਨ ਕਰੀਏ ਕਿ ਉਨ੍ਹਾਂ ਮੁਤਾਬਕ ਬੀਠੁਲ ਦਾ ਸਰੂਪ ਕੀ ਹੈ:

1) ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥ (ਗੁਰੂ ਗ੍ਰੰਥ ਸਾਹਿਬ, ਪੰਨਾ 485)

2) ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 525)

3) ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥ ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥ (ਗੁਰੂ ਗ੍ਰੰਥ ਸਾਹਿਬ, 693)

4) ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 873)

5) ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1351)

ਮੂਰਤੀ ਪੂਜਾ: ਇਨ੍ਹਾਂ ਉਦਾਹਰਣਾਂ ਤੋਂ ਅਸੀਂ ਸਪਸ਼ਟ ਰੂਪ ਵਿਚ ਕਹਿ ਸਕਦੇ ਹਾਂ ਕਿ ਇੱਥੇ ਬੀਠਲ ਦਾ ਅਰਥ ਕਿਸੇ ਵੀ ਤਰ੍ਹਾਂ ਬੀਠਲ ਮੂਰਤੀ ਂਹੀਂ ਹੋ ਸਕਦਾ। ਇਹ ਦੱਸਣ ਤੋਂ ਪਹਿਲਾਂ ਕਿ ਇਹ ‘ਬੀਠਲ’ ਕੌਣ ਹੈ, ਆਪਾਂ ਪਹਿਲਾਂ ਦੇਖੀਏ ਕਿ ਕੀ ਭਗਤ ਨਾਮਦੇਵ ਜੀ ਮੂਰਤੀ ਦੇ ਪੂਜਾਰੀ ਸਨ ਜਾਂ ਅਕਾਲ ਪੁਰਖ ਦੇ। ਉਨ੍ਹਾਂ ਦੇ ਆਪਣੇ ਖਿਆਲ ਇਸ ਤਰ੍ਹਾਂ ਹਨ:

1. ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 525)
ਭਾਵ ਕਿਸੇ ਮੂਰਤੀ ਦੀ ਸੇਵਾ ਨਹੀਂ ਵਾਹਿਗੁਰੂ ਜੀ ਦੀ ਸੇਵਾ ਹੈ।

2) ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 874)

ਇੱਥੇ ਸਿੱਧ ਹੋਇਆ ਕਿ ਭਗਤ ਨਾਮਦੇਵ ਜੀ ਕਦੇ ਵੀ ਮੂਰਤੀ ਦੇ ਪੁਜਾਰੀ ਨਹੀਂ ਸਨ।

ਹੁਣ ਉਨ੍ਹਾਂ ਦੀ ਬਾਣੀ ਰਾਹੀਂ ਹੀ ਦੇਖੀਏ ਕਿ ਭਗਤ ਨਾਮਦੇਵ ਜੀ ਦਾ ਇਸ਼ਟ ਕੌਣ ਸੀ।

1. ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥1॥ ਰਹਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 485)

2. ਪਤਿਤ ਪਵਿਤ ਭਏ ਰਾਮੁ ਕਹਤ ਹੀ ॥1॥ ਰਹਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 718)

3. ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥ (ਗੁਰੂ ਗ੍ਰੰਥ ਸਾਹਿਬ, ਪੰਨਾ 727)

ਇਨ੍ਹਾਂ ਉਦਾਹਰਣਾਂ ਤੋਂ ਇਹ ਸਿੱਧ ਹੋਇਆ ਕਿ ਭਗਤ ਨਾਮਦੇਵ ਸਿਰਫ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ। ਇਹੀ ਸਿੱਖ ਧਰਮ ਦਾ ਅਸੂਲ ਹੈ। ਇਸੇ ਕਰਕੇ ਹੀ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸੋ ਇਸ ਸ਼ਬਦ ਵਿਚ ‘ਬੀਠੁਲ’ ਲਫਜ਼ ਅਕਾਲ ਪੁਰਖ ਆਸਤੇ ਹੀ ਵਰਤਿਆ ਗਿਆ ਹੈ।

3. ਲਫਜ਼ ਬੀਠਲ ਤੋਂ ਆਅਦ ਆਓ ਹੁਣ ਗਾਇਤ੍ਰੀ, ਮਹਾਂਦੇਵ (ਸ਼ਿੜ) ਅਤੇ ਰਾਮ ਚੰਦਰ ਬਾਰੇ ਵੀ ਕੁੱਝ ਪ੍ਰਚਲਤ ਕਹਾਣੀਆਂ ਸੰਬੰਧੀ ਸੰਖੇਪ ਜਾਣਕਾਰੀ ਪ੍ਰਾਪਤ ਕਰ ਲਈਏ।
(1) ਗਾਇਤ੍ਰੀ: ਪੰਡਿਤ ਹਰ ਰੋਜ਼ ਗਾਇਤ੍ਰੀ ਦਾ ਪਾਠ ਕਰਦਾ ਹੈ ਪਰ ਇਸ ਦੇ ਬਾਵਜੂਦ ਉਹ ਸਰਾਪੇ ਜਾਣ ਤੋਂ ਥਰ-ਥਰ ਕੰਬਦਾ ਹੈ ਕਿਉਂਕਿ ਗਾਇਤ੍ਰੀ ਵਿਚ ਇੱਕ ਥਾਂ ਤੇ ਇਹ ਆਉਂਦਾ ਹੈ ਕਿ ਸਰਾਪ ਦੇ ਕਾਰਨ ਇਕ ਵਾਰ ਇਹ ਗਊ ਦੀ ਜੂਨ ਵਿਚ ਪੈ ਗਈ ਅਤੇ ਕਿਸੇ ਜੱਟ ਦੀ ਪੈਲੀ ਖਾਣ ਲੱਗ ਪਈ। ਜੱਟ ਨੇ ਉਸ ਦੀ ਲੱਤ ਡਾਂਗ ਮਾਰ ਕੇ ਤੋੜਦਿੱਤੀ। ਇਸ ਤਰ੍ਹਾਂ ਗਾਇਤ੍ਰੀ ਲੰਗੜਾ ਕੇ ਤੁਰਨ ਲੱਗ ਪਈ।

(2) ਮਹਾਦੇਵ ਬਾਰੇ ਮਸ਼ਹੂਰ ਹੈ ਕਿ ਉਹ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ ਪਰ ਉਨ੍ਹਾਂ ਨੂੰ ਕ੍ਰੋਧ ਬਹੁਤ ਆਉਂਦਾ ਸੀ। ਇਕ ਵਾਰ ਕਿਸੇ ਭੰਡਾਰੀ ਦੇ ਘਰ ਦਾ ਖਾਣਾ ਪਸੰਦ ਨਾ ਆਇਆ ਅਤੇ ਕ੍ਰੋਧ ਵਿਚ ਆ ਕੇ ਸ਼ਿਵ ਜੀ (ਮਹਾਂਦੇਵ ਨੇ ਸ੍ਰਾਪ ਦੇ ਕੇ ਉਸ ਭੰਡਾਰੀ ਦੇ ਲੜਕੇ ਨੂੰ ਮਾਰ ਦਿੱਤਾ।

(3) ਰਾਮ: ਭਾਵੇਂ ਉਹ ਤ੍ਰੇਤਾ ਯੁੱਗ ਦੇ ਅਵਤਾਰ ਹੋਏ ਹਨ ਪਰ ਰਾਮਾਇਣ ਅਤੇ ਉੱਰ ਰਾਮਾਇਣ ਵਿਚ ਕਈ ਦੂਸ਼ਣ ਰਾਮ ਚੰਦਰ ਤੇ ਵੀ ਲਾਏ ਗਏ ਹਨ ਜਿਵੇਂ ਬਾਲੀ ਨੂੰ ਛਿਪ ਕੇ ਮਾਰਨਾ, ਇਕ ਰਾਖਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਡ ਦੇਣਾ ਆਦਿ।

ਭਾਵੇਂ ਇਕ ਪੰਡਿਤ ਗਾਇਤ੍ਰੀ ਦਾ ਪਾਠ ਕਰਦੲਾ ਹੈ, ਭੈਰੋਂ ਦੀ ਅਤੇ ਸ੍ਰੀ ਰਾਮ ਚੰਦਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ ਪਰ ਸਰਾਪਾਂ ਅਤੇ ਦੂਸ਼ਣਾਂ ਕਾਰਨ ਉਸ ਦਾ ਉਨ੍ਹਾਂ ਉੱਤੇ ਪੂਰਨ ਭਰੋਸਾ ਨਹੀਂ ਹੈ। ਜੇ ਉਸ ਦਾ ਇਨ੍ਹਾਂ ਉੱਤੇ ਪੂਰਨ ਭਰੋਸਾ ਨਹੀਂ ਤਾਂ ਫਿਰ ਉਸ ਦਾ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ। ਬੱਸ ਇਹੀ ਗੱਲ ਭਗਤ ਨਾਮਦੇਵ ਜੀ ਨੇ ਉਸ ਪੰਡਿਤ ਨੂੰ ਸਮਝਾਈ ਹੈ ਕਿ ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ (ਬੀਠਲ) ਨੂੰ ਪਾ ਲਿਆ ਹੈ ਕਿਉਂਕਿ ਮੇਰਾ ਉਸ ਉੱਤੇ ਪੂਰਨ ਭਰੋਸਾ ਹੈ। ਪਰ ਤੂੰ ਮੂਰਖ ਹੀ ਰਿਹਾ ਕਿਉਂਕਿ ਇੱਕ ਤਾਂ ਰੱਬ ਨੂੰ ਛੱਡ ਕੇ ਹੋਰਾਂ ਦੀ ਪੂਜਾ ਕਰਦਾ ਰਿਹਾ ਫਿਰ ਜਿਨ੍ਹਾਂ ਦੀ ਪੂਜਾ ਕੀਤੀ ਉਨ੍ਹਾਂ ਤੇ ਪੂਰਨ ਯਕੀਨ ਵੀ ਨਹੀਂ ਲਿਆਂਦਾ। ਫਿਰ ਤੇਰਾ ਪਾਰ ਉਤਾਰਾ ਕਿਵੇਂ ਹੋਵੇ ਅਤੇ ਤੈਨੂੰ ਪਰਮਾਤਮਾ ਕਿਵੇਂ ਮਿਲੇ। ਇਹ ਹੈ ਇਸ ਸ਼ਬਦ ਦਾ ਕੇਂਦਰੀ ਭਾਵ।

ਔਖੇ ਸ਼ਬਦਾਂ ਦੇ ਅਰਥ

ਬੀਠਲੁ: ਪਰਮਾਤਮਾ, ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੋਵੇ।
ਮਹਾਂਦੇਵ: ਸ਼ਿਵ
ਜੋਇ: ਇਸਤ੍ਰੀ
ਤੁਰਕੂ: ਮੁਸਲਮਾਨ
ਦੇਹੁਰਾ: ਮੰਦਰ
ਗਾਇਤ੍ਰੀ: ਇਕ ਮੰਤਰ ਜਿਸ ਦਾ ਪਾਠ ਬ੍ਰਾਹਮਣ ਹਰ ਸਵੇੇਰ ਅਤੇ ਸ਼ਾਮ ਕਰਦਾ ਹੈ।
ਲੋਧਾ: ਜੱਟਾਂ ਦੀ ਇਕ ਜਾਤ
ਠੇਗਾ: ਸੋਟਾ
ਲਾਂਗਤ: ਲੰਗੜਾ: ਲੰਗੜਾ ਕੇ
ਮੋਦੀ: ਭੰਡਾਰੀ
ਸਰਬਰ: ਲੜਾਈ

ਅਰਥ: ਹੈ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ, ਆ ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ॥ਰਹਾਉ॥

ਹੇ ਪਾਂਡੇ! ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ ਕਿਉਂਕਿ ਤੇਰੀ ਗਾਇਤ੍ਰੀ ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇੱਕ ਵਾਰੀ ਸਰਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈਕੇ ਉਸ ਦੀ ਲੱਤ ਤੋੜ ਦਿੱਤੀ ਤਾਂ ਉਹ ਵਿਚਾਰੀ ਲੰਗੜਾ ਲੰਗੜਾ ਕੇ ਤੁਰਨ ਲੱਗੀ॥1॥

ਹੇ ਪਾਂਡੇ! ਫਿਰ ਉੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਅਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸਰਾਪ ਦੇ ਦੇਂਦਾ ਹੈ ਅਤੇ ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ? ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ ਕਿ ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇ ਖਿਆ, ਭਾਵ ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸਰਪ ਦੇ ਕੇ ਉਸ ਦਾ ਮੁੰਡਾ ਮਾਰ ਦਿੱਤਾ॥2॥

ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਵੀ ਆਉਂਦੇ ਵੇਖੇ ਹਨ ਭਾਵ ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈਂ, ਉਹਨਾਂ ਦੀ ਬਾਬਤ ਵੀ ਤੈਥੋਂ ਇਹੀ ਕੁੱਝ ਸੁਣਿਆ ਹੈ ਕਿ ਰਾਵਣ ਨਾਲ ਉਨ੍ਹਾਂ ਦੀ ਲੜਾਈ ਹੋ ਗਈ, ਕਿਉਂਕਿ ਉਹ ਆਪਣੀ ਵਹੁਟੀ ਸੀਤਾ ਜੀ ਗਵਾ ਬੈਠੇ ਸਨ। ਇਹ ਦੂਸ਼ਣ ਲਾ ਕੇ ਉਨ੍ਹਾਂ ਵਿਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ।

ਇਸ ਕਰਕੇ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ, ਇਹਨਾਂ ਦੋਵਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ ਹੈ। ਹਿੰਦੂ ਨੇ ਇੱਕ ਅੱਖ ਤਾਂ ਉਦੋਂ ਗਵਾਈ ਜਦੋਂ ਉਹ ਆਪਣੇ ਹੀ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ ਅਤੇ ਦੂਜੀ ਅੱਖ ਉਦੋਂ ਗਵਾਈ ਜਦੋਂ ਉਹ ਪ੍ਰਮਾਤਮਾ ਨੂੰ ਮੂਰਤੀ ਦੇ ਰੂਪ ਵਿਚ ਨਿਰਾ ਮੰਦਰ ਦੇ ਵਿਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ। ਮੁਸਲਮਾਨ ਦੀ ਹਜਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇਕ ਅੱਖ ਤਾਂ ਸਾਬਤ ਹੈ ਪਰ ਦੂਜੀ ਅੱਖ ਗਵਾ ਬੈਠਾ ਹੈ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝਦਾ ਹੈ।

ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਕੋਈ ਖਾਸ ਮੰਦਰ ਨਹੀਂ ਹੈ ਅਤੇ ਨਾ ਹੀ ਮਸਜਿਦ। ਭਾਵ ਨਾਮਦੇਵ ਉਸ ਪਰਮਾਤਮਾ ਨੂੰ ਸਿਮਰਦਾ ਹੈ ਜੋ ਹਰ ਥਾਂ ਵਿਆਪਕ ਰੂਪ ਹੋ ਕੇ ਵਸਦਾ ਹੈ।

ਸਿੱਟਾ: ਪਾਂਡੇ ਨੂੰ ਪਰਮਾਤਮਾ ਦੇ ਦਰਸ਼ਨ ਕਿਉਂ ਨਹੀਂ ਹੋਏ? ਇਸ ਦਾ ਉੱਤਰ ਬੜਾ ਸਪਸ਼ਟ ਹੈ ਕਿ ਪੰਡਿਤ ਦੀਆਂ ਗਿਆਨ ਵਾਲੀਆਂ ਦੋਵੇਂ ਅੱਖਾਂ ਬੰਦ ਹਨ (ਪ੍ਰਜਾ ਅੰਨ੍ਹੀ ਗਿਆਨ ਬਿਨ।) ਗਿਆਨ ਦਾਤਾ (ਗੁਰੂ) ਦੇ ਲੜ ਲੱਗਣਾ ਹੈ ਆਤਮਿਕ ਤੌਰ ਤੇ ਸੁਜਾਖੇ ਬੰਦੇ ਦੀ ਇੱਕ ਅੱਖ ਅਤੇ ਪਰਮਾਤਮਾ ਦੇ ਸਰਵ-ਵਿਆਪੀ ਸਰੂਪ ਨੂੰ ਸਮਝਣਾ ਹੈ ਸੁਜਾਖੇ ਬੰਦੇ ਦੀ ਦੂਜੀ ਅੱਖ।

ਪੰਡਿਤ ਅੰਨ੍ਹਾ ਇਸ ਕਰਕੇ ਹੋਇਆ ਹੈ ਕਿ ਉਸ ਨੇ ਗਿਆਨ ਪ੍ਰਾਪਤ ਕਰਨ ਲਈ ਗਾਇਤ੍ਰੀ ਦਾ ਪਵਿੱਤਰ ਜਾਪ ਕੀਤਾ, ਮਹਾਂਦੇਵ (ਸ਼ਿਵ) ਦੀ ਓਟ ਲਈ, ਸ੍ਰੀ ਰਾਮ ਚੰਦਰ ਜੀ ਦਾ ਆਸਰਾ ਲਿਆ ਪਰ ਇਨ੍ਹਾਂ ਵਿਚੋਂ ਕਿਸੇ ਦੇ ਵੀ ਲੜ ਨਾ ਲੱਗਾ ਅਤੇ ਨਾ ਹੀ ਉਨ੍ਹਾਂ ਉੱਪਰ ਆਪਣੀ ਪੂਰਨ ਸ਼ਰਧਾ ਬਣਾਈ। ਸਗੋਂ ਅਜਿਹੀਆਂ ਕਹਾਣੀਆਂ ਘੜ ਲਈਆਂ ਕਿ ਪੂਰਨ ਸ਼ਰਧਾ ਬਣ ਹੀ ਨਾ ਸਕੇ। ਭਾਵ ਇਹ ਹੈ ਕਿ ਹੇ ਪੰਡਿਤ ਤੂੰ ਗਾਇਤ੍ਰੀ, ਸ਼ਿਵ, ਸ਼ਰੀ ਰਾਮ ਚੰਦਰ ਆਦਿ ਨੂੰ ਆਪਣਾ ਗਿਆਨ ਦਾਤਾ ਤਾਂ ਕਹਿੰਦਾ ਹੈ ਪਰ ਉਨ੍ਹਾਂ ਵਿਚ ਆਪ ਹੀ ਨੁਕਸ ਦੱਸੀ ਜਾ ਰਿਹਾ ਹੈ। ਇਸ ਤਰ੍ਹਾਂ ਫਿਰ ਤੇਰਾ ਭਰੋਸਾ ਕਿਵੇਂ ਬੱਝੇ। ਇਸ ਕਰਕੇ ਤੇਰੀ ਗਿਆਨ ਵਾਲੀ ਇੱਕ ਅੱਖ ਅੰਨ੍ਹੀ ਹੋ ਗਈ। ਪਰਮਾਤਮਾ ਨੂੰ ਦੇਖਣ ਲਈ ਦੂਜੀ ਅੱਖ ਦਾ ਕੀ ਬਣਿਆ? ਉਹ ਵੀ ਬੰਦ ਹੋ ਗਈ। ਕਿਵੇਂ? “ਬੀਠਲ” (ਪਰਮਾਤਮਾ) ਹੈ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਅਤੇ ਸਰਵ ਵਿਆਪਕ। ਪਰ ਪੰਡਿਤ ਨੇ ਉਸ ਪਰਮਾਤਮਾ ਨੂੰ ਮੰਦਰ ਵਿਚ ਕੈਦ ਕਰ ਦਿੱਤਾ। ਕੇਵਲ ਉਸ ਮੂਰਤੀ ਨੂੰ ਬੀਠਲ (ਪਰਮਾਤਮਾ) ਸਮਝਿਆ ਜੋ ਮੰਦਰ ਵਿਚ ਟਿਕਾਈ ਗਈ ਹੈ ਅਤੇ ਉਸ ਮੂਰਤੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸੰਸਾਰ ਵਿਚ ਵਸਦਾ ਸਰਬ-ਵਿਆਪਕ ਪਰਮਾਤਮਾ ਉਸ ਨੂੰ ਨਾ ਦਿਸਿਆ।
ਮੁਸਲਮਾਨ ਅੰਨ੍ਹਾ ਹੋਣ ਤੋਂ ਬਚ ਗਿਆ ਕਿਉਂਕਿ ਉਸ ਨੇ ਹਜਰਤ ਮੁਹੰਮਦ ਸਾਹਿਬ ਤੇ ਪੂਰਨ ਭਰੋਸਾ ਬਣਾ ਲਿਆ। ਪਰ ਉਹ ਵੀ ਭੁੱਲ ਗਿਆ। ਉਹ ਸਮਝਦਾ ਹੈ ਕਿ ਰੱਬ ਕੇਵਲ ਕਾਅਬੇ ਵਿਚ ਹੀ ਵਸਦਾ ਹੈ। ਉਸ ਨੂੰ ਘਟ-ਘਟ ਵਿਆਪਕ ਅੰਤਰਜਾਮੀ ਪਰਮਾਤਮਾ ਕਾਅਬੇ ਤੋਂ ਬਾਹਰ ਨਹੀਂ ਦਿਸਿਆ। ਇਸ ਕਰਕੇ ਇਹ ਦੇਖਣ ਵਾਲੀ ਅੱਖ ਤੋਂ ਕਾਣਾ ਰਹਿ ਗਿਆ। ਭਗਤ ਕਬੀਰ ਜੀ ਦਾ ਇਸ ਸੰਬੰਧੀ ਪ੍ਰਸਨ ਬੜਾ ਮਹਾਨ ਹੈ। ਉਹ ਪ੍ਰਭਾਤੀ ਰਾਗ ਵਿਚ ਪੰਨਾ - 1349 ਤੇ ਪੁੱਛਦੇ ਹਨ:

ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥1॥

ਭਾਵ ਜੇ ਪਰਮਾਤਮਾ ਇਕ ਮਸੀਤ (ਕਾਅਬੇ) ਵਿਚ ਹੀ ਵਸਦਾ ਹੈ ਤਾਂ ਬਾਕੀ ਸੰਸਾਰ ਕਿਸ ਦਾ ਹੋਇਆ? ਹਿੰਦੂ ਪਰਮਾਤਮਾ ਨੂੰ ਇਕ ਮੰਦਰ ਦੀ ਮੂਰਤੀ ਵਿਚ ਨਿਵਾਸ ਕਰਦਾ ਦੇਖਦਾ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਸਮਝ ਕੇ ਦੋਵਾਂ ਹਿੰਦੂ ਅਤੇ ਮੁਸਲਮਾਨ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਵੇਖਿਆ। ਅੱਗੇ ਫਿਰ ਇਹੀ ਗੱਲ ਦੁਹਰਾਉਂਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ:

ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1349)

ਭਾਵ ਹਿੰਦੂ ਕਹਿੰਦਾ ਹੈ ਕਿ ਪਰਮਾਤਮਾ ਦਾ ਨਿਵਾਸ ਜਗਨ ਨਾਥ ਪੁਰੀ, ਕੱਖਣ ਵਿਚ ਅਤੇ ਮੁਸਲਮਾਨ ਕਹਿੰਦਾ ਹੈ ਕਿ ਅਲਹ ਕਾਅਬੇ, ਪੱਛਮ ਵਿਚ ਨਿਵਾਸ ਰੱਖਦਾ ਹੈ। ਪਰ ਇਹ ਦੋਨੋਂ ਗਲਤ ਹਨ ਕਿਉਂਕਿ ਪਰਮਾਤਮਾ ਤਾਂ ਘਟ-ਘਟ ਵਿਚ ਰਹਿੰਦਾ ਹੈ। ਇਸ ਕਰਕੇ ਉਸ ਸਰਬ ਵਿਆਪਲ ਪਰਮਾਤਮਾ ਨੂੰ ਦਿਲ ਵਿਚ ਹੀ ਖੋਜੋ। ਉਹ ਦਿਲ ਵਿਚ ਹੀ ਵਸਦਾ ਹੈ। ਦਿਲ ਹੀ ਉਸ ਦਾ ਟਿਕਾਣਾ ਹੈ। ਆਪ ਨਾਲ ਹੀ ਬੇਨਤੀ ਕਰਦੇ ਹਨ ਕਿ:

ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥1॥ ਰਹਾਉ ॥

ਹੇ ਅਲਾਹੱ ਰੇ ਰਾਮ! ਹੈ ਸਾਈਂ! ਤੂੰ ਮੇਰੇ ਤੇ ਮਿਹਰ ਕਰ ਮੈਂ ਤੈਨੂੰ ਇਕ ਜਾਣ ਕੇ, ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਾਂ। ਭਾਵ ਤੈਨੂੰ ਮਿਲ ਪਵਾਂ, ਤੇਰੇ ਦਰਸ਼ਨ ਕਰ ਲਵਾਂ।

ਸੋ ਇਹ ਗੱਲ ਬੜੀ ਸਪਸ਼ਟ ਹੈ ਕਿ -
1. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦਾ ਆਸਰਾ ਹੈ। ਅਸੀਂ ਕਦੇ ਵੀ ਇਹ ਸ਼ੱਕ ਨਹੀਂ ਕਰਨਾ ਕਿ ਇਹ ਸ਼ਬਦ ਸਾਨੂੰ ਜਚਦਾ ਹੈ ਜਾਂ ਨਹੀਂ ਜਚਦਾ।

2. ਜੇ ਪਾਂਡੇ ਵਾਂਗ ਸਿੱਖ ਨੇ ਵੀ ਆਪਣੇ ਗੁਰੂ ਨੂੰ ਗੁੱਸੇ ਖੋਰ ਅਤੇ ਸਰਾਪ ਦੇਣ ਵਾਲਾ ਮੰਨ ਲਿਆ ਤਾਂ ਸਾਡਾ ਹਾਲ ਵੀ ਉਸ ਪਾਂਡੇ ਵਰਗਾ ਹੋਵੇਗਾ ਅਤੇ ਸਾਡੀ ਗੁਰੂ ਦੇ ਚਰਨਾਂ ਨਾਲ ਕਦੇ ਰੀਝ ਨਹੀਂ ਬੱਝੇਗੀ। ਹਰ ਸਿੱਖ ਦਾ ਇਹ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਡਾ ਗੁਰੂ ਅਤੇ ਸਾਡਾ ਰੱਬ ਤਾਂ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥1॥ (ਗੁਰੂ ਗ੍ਰੰਥ ਸਾਹਿਬ, ਪੰਨਾ 784)

ਭਾਵ ਸਾਡਾ ਰੱਬ ਤਾਂ ਹਰ ਥਾਂ (ਸਰਬ ਵਿਆਪਕ) ਵਸਦਾ ਹੈ। ਉਸ ਦੀ ਭਾਲ ਤਾਂ ਅਸੀਂ ਆਪਣੇ ਹਿਰਦੇ ਵਿਚੋਂ ਹੀ ਕਰਨੀ ਹੈ। ਉਹ ਗੁੱਸੇ ਨਹੀਂ ਹੁੰਦਾ। ਉਹ ਤਾਂ ਪਾਪੀਆਂ ਨੂੰ ਵੀ ਤਾਰਦਾ ਹੈ।

ਗੁਰੂ ਕਿਰਪਾ ਕਰਨ, ਇਸ ਸ਼ਬਦ ਤੋਂ ਸਿੱਖਿਆ ਲੈਕੇ ਅਸੀਂ ਵੀ ਉਸ ਪਰਮਾਤਮਾ ਨੂੰ ਇਸੇ ਮਨੁੱਖਾ ਜਨਮ ਵਿਚ ਮਿਲਣ ਲਈ ਜੁਟ ਜਾਈਏ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਅਸਟ੍ਰੇਲੀਆ
.