.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਚੌਵੀਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਬਿਮਾਰੀ ਕੇਵਲ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਨੂੰ- ਗੱਲ ਕਰਦੇ ਹਾਂ ਖਾਸਕਰ ਉਨ੍ਹਾਂ ਸਿੱਖ ਪ੍ਰਵਾਰਾਂ ਦੀ ਜਿੰਨ੍ਹਾਂ ਨੂੰ ਆਪਣੇ ਬੱਚਿਆਂ ਜਾਂ ਆਪਣੇ ਪ੍ਰਵਾਰ `ਚ ਪੰਜਾਬੀ ਬੋਲਣ ਤੋਂ ਵੀ ਸ਼ਰਮ ਆਉਂਦੀ ਹੈ। ਇਸ ਤਰ੍ਹਾਂ ਜਿਹੜੇ ਪੰਜਾਬੀ ਤੇ ਖਾਸਕਰ ਪੰਜਾਬੀ ਸਿੱਖ ਪ੍ਰਵਾਰ, ਬੇਸ਼ੱਕ ਆਪਣੀ ਅਣਜਾਣਤਾ ਵੱਸ, ਅਨੇਕਾਂ ਰੱਬੀ ਗੁਣਾਂ ਨਾਲ ਭਰਪੂਰ, ਆਪਣੀ ਮਾਤ੍ਰੀ ਭਾਸ਼ਾ ਪੰਜਾਬੀ ਅਤੇ ਬਦਲੇ `ਚ ਸੰਸਾਰ ਪੱਧਰ ਦੀ "ਵਿਲਖਣ ਲਿਪੀ", "ਗੁਰਮੁਖੀ ਅਤੇ ਉਸ ਦੀ ਪੈਂਤੀ ਅੱਖਰੀ" ਦੀ ਵੀ ਅਵਹੇਲਣਾ ਕਰਦੇ ਹੋਏ, ਅੰਗ੍ਰੇਜ਼ੀ, ਹਿੰਦੀ ਜਾਂ ਕਿਸੇ ਵੀ ਹੋਰ ਭਾਸ਼ਾ ਨੂੰ ਪਹਿਲ ਦਿੰਦੇ ਹਨ। ਅਜਿਹੇ ਲੋਕ ਆਪਣੀ ਤੱਬਾਹੀ ਤਾਂ ਕਰਦੇ ਹੀ ਹਨ, ਨਾਲ ਆਪਣੇ ਬੱਚਿਆਂ ਦੇ ਭਵਿੱਖ ਲਈ ਵੀ ਅਜਿਹੇ ਕੰਡੇ ਬੀਜ ਰਹੇ ਹੁੰਦੇ ਹਨ, ਜਿਨ੍ਹਾਂ ਨੂੰ ਕੱਢਣਾ ਜੇ ਅਸੰਭਵ ਨਹੀਂ ਤਾਂ ਅਤਿਯੰਤ ਮੁਸ਼ਕਲ ਜ਼ਰੂਰ ਹੈ।

ਉਨ੍ਹਾਂ ਸੱਜਣਾਂ ਨੂੰ ਜੇ ਫ਼ਿਰ ਵੀ ਸਾਡੇ ਕਥਨ `ਤੇ ਯਕੀਨ ਨਹੀਂ ਤਾਂ ਉਹ ਖ਼ੁੱਦ ਅਮ੍ਰੀਕਾ, ਕੈਨੇਡਾ, ਥਾਈਲੈਂਡ ਆਦਿ ਦੇਸ਼ਾਂ `ਚ ਜਾ ਕੇ ਉਨ੍ਹਾਂ ਪ੍ਰਵਾਰਾਂ ਨੂੰ ਮਿਲਣ ਅਤੇ ਘੋਖਣ ਜਿਨ੍ਹਾਂ ਨੇ ਖ਼ੁੱਦ ਪੰਜਾਬੀ ਹੁੰਦਿਆਂ ਹੋਇਆਂ ਵੀ, ਪਹਿਲਾਂ ਆਪ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਨ ਦੀ ਆਦਤ ਨਹੀਂ ਸੀ ਪਾਈ। ਫ਼ਿਰ ਹੁਣ ਉਹੀ ਲੋਕ ਜਦੋਂ ਆਪਣੇ ਉਨ੍ਹਾਂ ਬੱਚਿਆਂ ਨੂੰ ਪੰਜਾਬੀ ਸਿਖਾਣਾ ਤੇ ਬੁਲਵਾਉਣਾ ਚਾਹੁੰਦੇ ਹਨ; ਨਤੀਜਾ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਉਨ੍ਹਾਂ ਹੀ ਬੱਚਿਆਂ ਦੀ ਪੰਜਾਬੀ ਵੀ ਇਸੇ ਤਰ੍ਹਾਂ ਟੁੱਟੀ-ਫ਼ੁੱਟੀ ਹੁੰਦੀ ਹੈ ਜਿਸ ਤਰ੍ਹਾਂ ਉਨ੍ਹਾਂ ਦੇਸ਼ਾਂ ਦੀਆਂ ਭਾਸ਼ਾਵਾਂ ਤੇ ਉਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ। ਇਸ ਤਰ੍ਹਾਂ ਹੁਣ ਉਨ੍ਹਾਂ ਦੇ ਆਪਣੇ ਉਨ੍ਹਾਂ ਹੀ ਬੱਚਿਆਂ ਦੀ ਪਿੰਜਾਬੀ ਵੀ ਸਮਝਣ ਯੋਗ ਪੰਜਾਬੀ ਨਹੀਂ ਰਹਿ ਚੁੱਕੀ ਹੁੰਦੀ।

"ਦੁਸ਼ਮਣਾ `ਤੇ ਕੀ ਏ ਗਿੱਲਾ ਪਾਤਸ਼ਾਹਾਂ ਦੇ ਪਾਤਸ਼ਾਹ …?" - ਕਿਸੇ ਸ਼ਇਰ ਅਤੇ ਪੰਥਕ ਦਰਦ ਨਾਲ ਭਰਪੂਰ ਸਜਣ ਨੇ, ਆਪਣੇ ਦਿੱਲ ਦੀਆਂ ਗਹਿਰਾਈਆਂ ਤੋਂ ਸੱਚਮੁਚ ਹੀ ਬੜੇ ਦਰਦ ਭਰੇ ਲਹਿਜੇ `ਚ ਕਿਹਾ ਹੈ "ਦੁਸ਼ਮਣਾ `ਤੇ ਕੀ ਏ ਗਿੱਲਾ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖ਼ੁੱਦ ਸਰਦਾਰੀਆਂ"। ਸ਼ੱਕ ਨਹੀਂ, ਗੁਰਬਾਣੀ ਰਾਹੀਂ ਪ੍ਰਗਟ "ਸਰਬ ਉੱਤਮ" ਜੀਵਨ-ਜਾਚ ਵੱਲੋਂ ਗੁਰੂ ਕੀਆਂ ਸੰਗਤਾਂ ਨੂੰ ਕੁਰਾਹੇ ਪਾਉਣ ਵਾਲੇ ਸਿਲਸਿਲੇ ਦਾ ਅਰੰਭ ਲਗਭਗ ਤਿੰਨ ਸੌ ਸਾਲ ਪਹਿਲਾਂ, ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ, ਭਿੰਨ-ਭਿੰਨ ਪੰਥ ਵਿਰੋਧੀ ਤਾਕਤਾਂ ਵੱਲੋਂ ਸਮੂਹਿਕ ਤੌਰ `ਤੇ ਪਰ ਆਪਣੇ-ਆਪਣੇ ਢੰਗ ਨਾਲ ਗੁਰਦੁਆਂਰਿਆਂ ਰਸਤੇ, ਅਚਾਣਕ ਤੇ ਅਚਣਚੇਤ ਸੁਰੂ ਹੋ ਗਿਆ ਸੀ।

ਬਲਕਿ ਇਹ ਵੀ ਕਿ ਹੱਥਲੇ ਗੁਰਮੱਤ ਪਾਠ "ਪੰਜ ਕਕਾਰਾਂ ਵਿੱਚੋਂ ਕੜਾ…" ਵਾਲੀ ਚੱਲ ਰਹੀ ਇਸ ਲੜੀ `ਚ ਇਸ ਦਾ ਲਗਾਤਾਰ ਜ਼ਿਕਰ ਵੀ ਚਲਦਾ ਆ ਰਿਹਾ ਹੈ। ਉਪ੍ਰੰਤ ਇਸ `ਚ ਵੀ ਸ਼ੱਕ ਨਹੀਂ ਕਿ ਸਾਡੇ ਇਸ ਪੱਖੋਂ ਅਵੇਸਲੇ ਪਣ ਕਾਰਣ ਵਿਰੋਧੀ ਤਾਕਤਾਂ ਅੱਜ ਵੀ ਆਪਣੇ ਕਈ ਰੂਪਾਂ `ਚ ਗੁਰੂ ਕੀਆਂ ਸੰਗਤਾ ਵਿਰੁਧ ਉਸੇ ਤਰ੍ਹਾਂ ਸਰਗਰਮ ਹਨ। ਉਸੇ ਦਾ ਨਤੀਜਾ ਹੈ ਕਿ ਅੱਜ ਤਿੰਨ ਸੌ ਸਾਲਾਂ ਬਾਅਦ ਵੀ ਪੰਥ ਉਪਰ ਬਿਨਾ ਰੋਕ ਉਹ ਵਿਰੋਧੀ ਹਮਲੇ, ਕਈ ਰੂਪਾਂ `ਚ ਅਤੇ ਪਲ-ਪਲ ਚਾਲੂ ਹਨ।

ਇਸ ਤਰ੍ਹਾਂ ਸੰਨ ੧੭੧੬ ਤੋਂ, ਸਰਬ-ਉੱਤਮ ਗੁਰਬਾਣੀ ਦੀ ਜੀਵਨ ਜਾਚ ਤੋਂ ਤੋੜ ਕੇ, ਹਰੇਕ ਵਿਰੋਧੀ ਤਾਕਤ ਰਾਹੀਂ, ਗੁਰੂ ਕੀਆਂ ਸੰਗਤਾਂ ਨੂੰ ਜਿਨ੍ਹਾਂ ਗੁਰਮੱਤ ਵਿਰੋਧੀ ਕਰਮਕਾਂਡਾਂ ਵੱਲ ਮੋੜਣਾ ਸ਼ੁਰੂ ਕੀਤਾ ਗਿਆ ਸੀ, ਗੁਰੂ ਕੀਆਂ ਸਮੂਚੀਆਂ ਸੰਗਤਾਂ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਵਰਤਿਆ ਜਾ ਰਿਹਾ ਹੈ। ਬਲਕਿ ਉਸ `ਚ ਇਹ ਵੀ ਵਾਧਾ ਹੋਇਆ ਹੈ ਕਿ ਆਪਣੇ-ਆਪਣੇ ਮਕਸਦ ਦੀ ਪ੍ਰਾਪਤੀ ਲਈ ਓਦੋਂ ਅਜਿਹੇ ਕਾਰਜਾਂ ਦਾ ਅਰੰਭ ਤਾਂ ਕੀਤਾ ਸੀ ਪੰਥ `ਤੇ ਇੱਕ ਦੰਮ ਛਾਏ ਸਮੂਹ ਵਿਰੋਧੀਆਂ ਨੇ ਆਪਣੇ- ਆਪਣੇ ਢੰਗ ਨਾਲ ਅਤੇ ਆਪਣੇ-ਆਪਣੇ ਲਾਭ ਲਈ। ਜਦਕਿ ਉਸ ਦੇ ਉਲਟ, ਬੇਸ਼ੱਕ ਅਣਜਾਣੇ `ਚ, ਪਰ ਅੱਜ ਲਗਭਗ ਬਹੁਤੇ ਗੁਰਦੁਆਰਾ ਪ੍ਰਬੰਧਕ, ਰਾਗੀ, ਢਾਡੀ-ਪ੍ਰਚਾਰਕ, ਬੁਧੀਜੀਵੀ ਤੇ ਪੰਥਕ ਆਗੂ ਵੀ ਉਸੇ ਹੀ ਵਹਿਣ `ਚ ਪਏ, ਆਪ ਵੀ ਪੰਥ ਦਾ ਬੇਅੰਤ ਨੁਕਸਾਨ ਕਰਣ ਦਾ ਕਾਰਣ ਬਣੇ ਹੋਏ ਹਨ।

ਆਪਣੀ ਨਾਸਮਝੀ ਕਾਰਣ ਅੱਜ ਵੀ, "ਗੁਰੂ ਕੀਆਂ ਸੰਗਤਾਂ" ਵਿਚਾਲੇ, "ਗੁਰਬਾਣੀ ਵਿਚਾਰਧਾਰਾ ਦੇ ਮਹਾਨ ਅਮਲੀ ਸਤਿਕਾਰ" ਨੂੰ ਵੱਧ ਤੋਂ ਵੱਧ ਮੋੜਿਆ ਜਾ ਰਿਹਾ ਹੈ ਬਹੁਤਾ ਕਰਕੇ ਮੂਰਤੀ ਪੂਜਾ ਵਾਲੇ ਪਾਸੇ। ਸਾਡੇ ਅੰਦਰੋਂ ਗੁਰਬਾਣੀ ਗਿਆਨ ਅਤੇ ਗੁਰਬਾਣੀ ਜੀਵਨ-ਜਾਚ ਤਾਂ ਲਗਭਗ ਤਿੰਨ ਸੌ ਸਾਲਾਂ ਤੋਂ ਪਹਿਲਾਂ ਤੋਂ ਹੀ ਮੁੱਕਾਈ ਜਾ ਰਹੀ ਸੀ, ਜਦਕਿ ਇਸ ਪਾਸਿਓਂ ਰਹਿੰਦੀ ਕਸਰ ਵੀ ਪੂਰੀ ਕੀਤੀ ਜਾ ਰਹੀ ਅਤੇ ਉਹ ਤੇਜ਼ੀ ਨਾਲ ਮੁਕਾਈ ਜਾ ਰਹੀ ਹੈ ਆਪਣੇ ਹੀ ਆਗੂਆ ਰਾਹੀਂ।

ਇਸ ਤਰ੍ਹਾਂ ਗੁਰਬਾਣੀ ਦੀ ਹੀ ਵਰਤੋਂ ਕਰਕੇ ਗੁਰੂ ਕੀਆਂ ਸਮੂਹ ਸੰਗਤਾਂ ਨੂੰ ਅੱਜ ਵੱਧ ਤੋਂ ਵੱਧ ਉਲਝਾਇਆ ਜਾ ਰਿਹਾ ਹੈ ਕਰਮਕਾਂਡੀ ਜੀਵਨ `ਚ। ਕੇਵਲ ਕੁੱਝ ਯੋਗ, ਸੂਝਵਾਨ, ਦਰਦੀ ਪ੍ਰਚਾਰਕਾਂ-ਪ੍ਰਬੰਧਕਾਂ ਨੂੰ ਛੱਡ ਕੇ; ਅੱਜ ਗੁਰਦੁਆਰਿਆਂ ਦੀ ਬਹੁਤੀ ਵਰਤੋਂ ਉਨ੍ਹਾਂ ਹੀ ਲੀਹਾਂ `ਤੇ ਸੰਗਤਾਂ ਦੀ ਵੱਧ ਤੋਂ ਵੱਧ ਲੁੱਟ-ਖੋਹ ਲਈ ਹੀ ਕੀਤੀ ਜਾ ਰਹੀ ਹੈ। ਮੂਲ ਰੂਪ `ਚ ਅਜੋਕੀਆਂ ਗੁਰਦੁਆਰਾ ਚੋਣਾਂ, ਪ੍ਰਬੰਧਕਾਂ ਲਈ ਚੌਧਰ ਦੀ ਪੱਕੜ ਅਤੇ ਉਨ੍ਹਾਂ ਦੀ ਪੰਥ `ਤੇ ਅਜ਼ਾਰੇਦਾਰੀ ਦਾ ਹੀ ਰਸਤਾ ਬਣ ਚੁੱਕੀਆਂ ਹਨ।

ਇਸੇ ਤਰ੍ਹਾਂ ਬਹੁਤੇ ਪ੍ਰਚਾਰਕਾਂ, ਕਥਾਵਾਚਕਾਂ, ਢਾਡੀਆਂ, ਗ੍ਰੰਥੀ ਸਿੰਘਾਂ, ਸੇਵਾਦਾਰਾਂ ਲਈ ਵੀ ਗੁਰਬਾਣੀ ਨੂੰ ਗੁਰਮੱਤ ਦੇ ਪ੍ਰਸਾਰ ਲਈ ਨਹੀਂ, ਬਲਕਿ ਆਪਣੇ-ਆਪਣੇ ਪ੍ਰਵਾਰਾਂ ਨੂੰ ਮਾਇਕ ਸਾਧਨਾਂ ਪੱਖੋਂ ਵੱਧ ਤੋਂ ਵੱਧ ਖੁਸ਼ਹਾਲ ਕਰਣ, ਕੋਠੀਆਂ-ਕਾਰਾਂ-ਬੈਂਕ ਬੈਲੇਂਸ ਖੜੇ ਕਰਣ ਲਈ ਹੀ ਵਰਤਿਆ ਜਾ ਰਿਹਾ ਹੈ। ਖੂਬੀ ਇਹ ਕਿ ਇਨ੍ਹਾਂ ਸਾਰੇ ‘ਸ਼ੁਭ ਕਾਰਜਾਂ’ ਲਈ ਵਰਤਿਆ ਜਾ ਰਿਹਾ ਹੈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਕੇਵਲ ਤੇ ਕੇਵਲ ਆਪਣੇ-ਆਪਣੇ ਸੁਆਰਥਾਂ ਦੀ ਪੂਰਤੀ ਲਈ।

ਉਸੇ ਦਾ ਨਤੀਜਾ ਹੈ ਕਿ, ਬਹੁਤਾ ਕਰ ਕੇ ਇਸ ਪੱਖੋਂ ਅਜੋਕਾ ਗੁਰਦੁਆਰਾ ਪ੍ਰਬੰਧ, ਰਹਿ ਚੁੱਕੇ ਉਨ੍ਹਾਂ ਮਹੰਤਾਂ-ਪੁਜਾਰੀਆਂ ਤੋਂ ਵੀ ਜਿਵੇਂ ਕਿ ਨੀਵਾਂ ਜਾ ਚੁੱਕਾ ਹੈ। ਉਨ੍ਹਾਂ ਮਹੰਤਾਂ-ਪੁਜਾਰੀਆਂ ਤੋਂ ਨੀਵਾਂ, ਜਿਨ੍ਹਾਂ ਕੋਲੋਂ ਸਿੰਘ ਸਭਾ ਲਹਿਰ ਦੀ ਸਥਾਪਨਣਾ ਉਪ੍ਰੰਤ ਪੰਥ ਨੇ ਬੇਅੰਤ ਕੁਰਬਾਨੀਆਂ ਦੇ ਕੇ ਅਤੇ ਘਾਲਣਾਵਾਂ ਘਾਲ ਕੇ ਗੁਰਦੁਆਰੇ ਆਜ਼ਾਦ ਕਰਵਾਏ ਸਨ।

ਗੁਰਬਾਣੀ ਦੀ ਹੋ ਰਹੀ ਹੈ, ਘੋਰ ਬੇਅਦਬੀ-ਸਪਸ਼ਟ ਹੈ, ਅੱਜ ‘ਗੁਰਬਾਣੀ’ ਵਰਗੀ "ਰੱਬੀ ਦਾਤ" ਅਤੇ "ਜੀਵਨ-ਜਾਚ ਦੇ ਖਜ਼ਾਨੇ" ਨੂੰ ਬਹੁਤੇ ਲੋਕ ਆਪਣੀ ਪੇਟ-ਪੂਜਾ ਤੇ ਚੌਧਰ-ਜੱਫ਼ੇਮਾਰੀ ਦਾ ਸਾਧਨ ਬਣਾ ਕੇ ਹੀ ਵਰਤ ਰਹੇ ਹਨ। ਉਸੇ ਦਾ ਨਤੀਜਾ, ਗੁਰਮੁਖੀ ਭਾਸ਼ਾ ਅਤੇ ਪੰਜਾਬੀ ਬੋਲੀ ਵੀ ਕੇਵਲ ਕੁੱਝ ਲੋਕਾਂ ਦੀ ਭਾਸ਼ਾ ਅਤੇ ਬੋਲੀ ਬਣ ਕੇ ਰਹਿੰਦੀ ਜਾ ਰਹੀ ਹੈ।

ਇਸੇ ਲਈ "ਗੁਰਬਾਣੀ ਅੰਮ੍ਰਿਤ" ਦੇ ਸੋਮੇਂ ਗੁਰਦੁਆਰੇ, ਅੱਜ ਪੂਰੀ ਤਰ੍ਹਾਂ ਨੌਜੁਆਨ ਪੀੜੀ ਤੋਂ ਖਾਲੀ ਪਏ ਹਨ। ਘਰ ਘਰ `ਚ ਪਤਿੱਤਪੁਣੇ, ਨਸ਼ਿਆਂ ਬਲਕਿ ਲੱਚਰ ਗਾਇਕੀ ਦਾ ਵੀ ਜਿਵੇਂ ਕਿ ਤੂਫ਼ਾਨ ਹੀ ਆਇਆ ਪਿਆ ਹੈ।

ਜਦਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੱਕ, "ਸੰਪ੍ਰੂਰਣ ਗੁਰਬਾਣੀ ਰਚਨਾ" `ਚ ਬੇਅੰਤ ਫ਼ੁਰਮਾਨ ਸਾਨੂੰ ਹਰ ਪਲ ਚੇਤਾਵਣੀਆਂ ਦੇ ਰਹੇ ਤੇ ਚੇਤਾ ਕਰਵਾ ਰਹੇ ਹਨ ਕਿ "ਗੁਰਬਾਣੀ" ਕੇਵਲ ਮੱਥਾ ਟੇਕਣ ਦਾ ਵਿਸ਼ਾ ਨਹੀਂ। ਗੁਰਬਾਣੀ ਵਿਚਾਰ ਅਤੇ ਜੀਵਨ-ਜਾਚ ਦਾ ਵਿਸ਼ਾ ਹੈ। ਜਿਵੇਂ:-

"ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ" (ਪੰ: ੫੯੪)

"ਵਿਣੁ ਸਤਗੁਰ ਗੁਣ ਨ ਜਾਪਨੀ, ਜਿਚਰੁ ਸਬਦਿ ਨ ਕਰੇ ਬੀਚਾਰੁ" (ਪੰ: ੯੩੬)

"ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ, ਜਿਚਰੁ ਸਬਦਿ ਨ ਕਰੇ ਵਿਚਾਰੁ" (ਪੰ: ੫੮੮)

"ਸੁਣਿ ਸਿਖਿਐ ਸਾਦੁ ਨ ਆਇਓ, ਜਿਚਰੁ ਗੁਰਮੁਖਿ ਸਬਦਿ ਨ ਲਾਗੈ" (ਪੰ: ੫੯੦)

"ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ" (ਪੰ: ੧੨੭੯)

"ਮਨਮੁਖ ਮੈਲੁ ਨ ਉਤਰੈ, ਜਿਚਰੁ ਗੁਰ ਸਬਦਿ ਨ ਕਰੇ ਪਿਆਰੁ॥ ੧ ॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ" (ਪੰ: ੩੭)

ਜੀਵਨ-ਜਾਚ ਅਤੇ "ਗੁਰਬਾਣੀ" ਦਾ ਜਾਦੂ -ਗੁਰਬਾਣੀ ਜੀਵਨ-ਜਾਚ ਅਤੇ ਗੁਰਬਾਣੀ ਦੀ ਸਿਖਿਆ `ਤੇ ਅਮਲ, ਮਨੁੱਖਾ ਜੀਵਨ ਨੂੰ ਜੀਊਣ ਅਤੇ ਇਸਨੂੰ ਯੋਗ ਢੰਗ ਨਾਲ ਚਲਾਉਣ ਦਾ ਵਿਸ਼ਾ ਹੈ। ਸ਼ੱਕ ਨਹੀਂ ਕਿ ਸੰਸਾਰ ਪੱਧਰ `ਤੇ ਕੋਈ ਮਨੁੱਖ ਇੰਜੀਨੀਅਰ, ਡਾਕਟਰ, ਕਿਸਾਨ, ਦੁਕਾਨਦਾਰ, ਫ਼ੌਜੀ, ਟੈਕਨੀਸ਼ੀਅਨ ਭਾਵ ਕੁੱਝ ਵੀ ਬਣ ਸਕਦਾ ਹੈ ਪਰ ਮੂਲ ਰੂਪ `ਚ ਉਸ ਨੂੰ:-

ਚੰਗਾ-ਪਰਉਪਕਾਰੀ, ਗੁਣਵਾਣ, ਵਧੀਆ ਸੰਸਕਾਰਾਂ ਵਾਲਾ, ਸਦਾਚਾਰੀ ਤੇ ਉੱਚੇ ਆਚਰਣ ਵਾਲਾ ਸੰਤੋਖੀ ਇਨਸਾਨ ਬਨਣ ਲਈ, ਗੁਰਬਾਣੀ ਰਾਹੀਂ ਪ੍ਰਗਟ ਜੀਵਨ-ਜਾਚ ਅਨੁਸਾਰ ਜੀਉਣਾ ਵੀ ਜ਼ਰੂਰੀ ਹੈ।

ਇਸ ਦੇ ਉਲਟ, "ਗੁਰਬਾਣੀ ਸੋਝੀ ਵਿਹੂਣਾ" ਮਨੁੱਖ, ਬਹੁਤ ਵਾਰੀ ਪਸ਼ੂ ਤੋਂ ਵੀ ਨੀਵੇਂ ਕਿਰਦਾਰ ਵਾਲਾ, ਭੇਖੀ, ਕਰਮਕਾਂਡੀ, ਧਾਰਮਕ ਠੱਗ ਬਲਕਿ ਲੁਟੇਰਾ, ਡਾਕੂ, ਕਾਤਿਲ, ਸਮਗ਼ਲਰ, ਜ਼ਾਲਿਮ, ਉਧਾਲੇ ਆਦਿ ਕਰਣ ਵਾਲਾ ਵੱਡਾ ਗੁਣਾਹਗਾਰ, ਮਾਨਵ-ਦਰੋਹੀ ਵੀ ਸਾਬਤ ਹੋ ਜਾਂਦਾ ਹੈ। ਜਿਵੇਂ:-

"ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ, ਪਸੂ ਢੋਰ ਗਾਵਾਰ" (ਪੰ: ੧੪੧੮)

"ਆਵਨ ਆਏ ਸ੍ਰਿਸਟਿ ਮਹਿ, ਬਿਨੁ ਬੂਝੇ ਪਸੁ ਢੋਰਨਾਨਕ ਗੁਰਮੁਖਿ ਸੋ ਬੁਝੈ, ਜਾ ਕੈ ਭਾਗ ਮਥੋਰ" (ਪੰ: ੨੫੧)

"ਜਿਉ ਕੂਕਰ ਹਰਕਾਇਆ, ਧਾਵੈ ਦਹ ਦਿਸ ਜਾਇ।। ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ। ਕਾਮ ਕ੍ਰੋਧ ਮਦਿ ਬਿਆਪਿਆ, ਫਿਰਿ ਫਿਰਿ ਜੋਨੀ ਪਾਇ" (ਪੰ: ਪੰ: ੫੦)

"ਏਕ ਭਗਤਿ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ॥ ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹਿ ਤਨੁ" (ਪੰ: ੧੪੨੬)

"ਕਰਤੂਤਿ ਪਸੂ ਕੀ, ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ" (ਪੰ: ੨੬੭)

ਜਿਨ੍ਹਾਂ ਦੇ ਪੂਰਵਜਾਂ ਨੇ! ! ! -ਅੱਜ ਹਾਲਤ ਇਹ ਹੈ ਕਿ ਕਲ੍ਹ ਤੱਕ ਜਿਨ੍ਹਾਂ ਦੇ ਪੂਰਵਜਾਂ ਨੇ ਝੋਲੀਆਂ ਟੱਡ ਕੇ, ਵੱਡੀਆਂ-ਵੱਡੀਆਂ ਘਾਲਣਾਵਾਂ ਘਾਲ ਕੇ, ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ, ਉਹ ਇਸ ਲਈ ਪ੍ਰਾਪਤ ਕੀਤੀ ਸੀ ਕਿ ਉਨ੍ਹਾਂ ਦੇ ਜੀਵਨ ਅੰਦਰ, ਗੁਰਬਾਣੀ ਸਿੱਖਿਆ ਦੀ ਖੁਸ਼ਬੂ ਪੁੱਜ ਚੁੱਕੀ ਸੀ। ਉਹ ਸਿੱਖੀ ਜੀਵਨ ਅਤੇ ਉਸ ਦੀ ਕੀਮਤ ਨੂੰ ਭਲੀ ਪ੍ਰਕਾਰ ਜਾਣ ਚੁੱਕੇ ਸਨ। ਜਦਕਿ ਪਨੀਰੀ ਦਰ ਪਨੀਰੀ, ਅੱਜ ਉਨ੍ਹਾਂ ਚੋਂ ਹੀ ਬਹੁਤਿਆਂ ਦੀ ਔਲਾਦ, ਕੇਵਲ ਜਜ਼ਬਾਤੀ ਤੌਰ `ਤੇ ਸਿੱਖ ਰਹਿ ਚੁੱਕੀ ਹੈ। ਉਨ੍ਹਾਂ ਅੰਦਰ ਗੁਰਬਾਣੀ ਜਾਂ ਸਿੱਖੀ ਜੀਵਨ ਦੇ ਆਚਰਣ ਵਾਲੀ ਕੋਈ ਗੱਲ ਬਾਕੀ ਨਹੀਂ ਰਹਿ ਗਈ।

ਉਨ੍ਹਾਂ ਦੀ "ਸਿੱਖੀ" ਅਤੇ ਉਨ੍ਹਾਂ ਅੰਦਰ "ਗੁਰਮੁਖੀ ਭਾਸ਼ਾ ਦੇ ਅੱਖਰਾਂ ਦਾ ਗਿਆਨ", ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਣ ਤੱਕ ਜਾਂ ਗੁਰਪੁਰਬਾਂ ਆਦਿ ਵਿਸ਼ੇਸ਼ ਦਿਨਾਂ ਤੇ ਥਿਤਾਂ ਵਾਰਾਂ ਨੂੰ ਗੁਰਦੁਆਰੇ ਜਾ ਕੇ ਮੱਥਾ ਟੇਕਣ ਤੱਕ ਸੀਮਤ ਹੋ ਕੇ ਰਹਿ ਚੁੱਕਾ ਹੈ। ਉਪ੍ਰੰਤ ਉਨ੍ਹਾਂ ਦੀ ਔਲਾਦ, ਪਹਿਲਾਂ ਜਦੋਂ ਗੁਰਮੁਖੀ ਦੀ ਪੜ੍ਹਾਈ ਤੋਂ ਦੂਰ ਜਾਂਦੀ ਹੈ; ਇਸ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ "ਸਿੱਖੀ ਦੇ ਜੀਵਨ ਪੱਖੋਂ" ਖਾਲੀ ਕਿਰਦਾਰ ਅਤੇ ਉਨ੍ਹਾਂ ਦੀ ਜਜ਼ਬਾਤੀ ਸਿੱਖੀ ਤੋਂ ਵੀ ਅਵਾਜ਼ਾਰ ਹੁੰਦੀ ਜਾਂਦੀ ਹੈ।

ਇਸ ਤਰ੍ਹਾਂ ਪੰਥਕ ਤਲ `ਤੇ ਸਿੱਖੀ ਜੀਵਨ ਪੱਖੋਂ ਅਜਿਹੇ ਵਿਗੜ ਚੁੱਕੇ ਹਾਲਾਤ `ਚ, ਉਸ ਪਨੀਰੀ ਦੇ ਜੀਵਨ ਅੰਦਰ ਗੁਰਬਾਣੀ ਦੀ ਸਾਂਝ ਜੇ ਬਣੀ ਰਵੇ ਤਾਂ ਉਹ ਕਿਵੇਂ ਅਤੇ ਕਿਸ ਰਸਤੇ?

ਦੂਜੇ ਪਾਸੇ ਹਣ, ਬਹੁਤੇ ਅਜੋਕੇ ਸਿੱਖ ਮਾਪੇ- ਬੇਸ਼ੱਕ ਸਾਰੇ ਨਹੀਂ ਤਾਂ ਵੀ ਅੱਜ ਬਹੁਤੇ ਸਿੱਖ ਮਾਪੇ ਅਜਿਹੇ ਹਨ, ਜਿਹੜੇ ਆਪ ਗੁਰਬਾਣੀ ਜੀਵਨ ਤੋਂ ਕੋਰੇ ਹਨ। ਉਹ ਨਿਰਾ ਪੁਰਾ ਜਜ਼ਬਾਤੀ ਤੌਰ `ਤੇ ਹੀ, ਗੁਰਬਾਣੀ ਅਤੇ ਗੁਰਦੁਆਰੇ ਨਾਲ ਜੁੜੇ ਹੋਏ ਹਨ। ਹਰੇਕ ਅਨਮਤੀ ਤਿਉਹਾਰ, ਰੀਤੀ-ਰਿਵਾਜ, ਥਿਤ-ਵਾਰ, ਸਗਨ-ਰੀਤ, ਸਰਾਧ-ਨੌਰਾਤੇ, ਵਰਤ-ਵਹਿਮ-ਭਰਮ, ਜਾਤ-ਪਾਤ ਵਾਲਾ ਕੋੜ੍ਹ, ਸੁੱਚਾਂ-ਭਿੱਟਾਂ ਦੇ ਅਣਮੱਤੀ ਝੰਜਟ ਅਤੇ ਅਣਮੱਤੀ ਵਿਸ਼ਵਾਸਾਂ ਨਾਲ ਗੜੁੱਚ ਉਨ੍ਹਾਂ ਦੇ ਪ੍ਰਵਾਰਾਂ `ਚ ਜਮਨਾ-ਮਰਨਾ, ਖ਼ੁਸ਼ੀ-ਗ਼ਮੀ ਆਦਿ, ਉਪ੍ਰੰਤ ਸੁਖਨਾ-ਚਾਲੀਹੇ-ਕੋਤਰੀਆਂ ਆਦਿ ਵੀ, ਭਾਵ ਸਮੂਚੇ ਬ੍ਰਾਹਮਣੀ, ਅਣਮੱਤੀ, ਹੂੜਮੱਤੀ, ਦੁਰਮੱਤੀ ਕਰਮ ਅਤੇ ਵਿਪ੍ਰਣ ਰੀਤਾਂ, ਅੱਜ ਉਨ੍ਹਾਂ ਦੇ ਪ੍ਰਵਾਰਕ ਜੀਵਨ ਹਨ। ਇਸ ਤੋਂ ਵੱਧ, ਜੇ ਸਾਰੇ ਨਹੀਂ ਤਾਂ ਉਨ੍ਹਾਂ ਚੋਂ ਹੀ ਫ਼ਿਰ ਕੁੱਝ ਅਜਿਹੇ ਵੀ ਹਨ ਜਿਹੜੇ ਖ਼ੁਦ ਹੀ ਸ਼ਰਾਬਾਂ, ਨਸ਼ਿਆਂ, ਕਲੱਬਾਂ ਬਲਕਿ ਵਿਭਚਾਰ `ਚ ਵੀ ਡੁੱਬੇ ਹੋਏ ਹਨ।

ਕੁਲ ਮਿਲਾ ਕੇ, ਅਜਿਹੇ ਮਾਪੇ ਆਪਣੀ ਔਲਾਦ ਦੀ ਅਜੋਕੀ ਬਾਗ਼ੀ ਸੋਚ ਦੇ ਵੀ ਜਾਂ ਤਾਂ ਆਦੀ ਹੋ ਚੁੱਕੇ ਹੁੰਦੇ ਹਨ ਫ਼ਿਰ ਅੰਦਰੋ ਅੰਦਰੀ ਜੇ ਉਹ ਕਲਪਦੇ ਵੀ ਹਨ, ਤਾਂ ਉਨ੍ਹਾਂ ਦਾ ਵੱਸ ਨਹੀਂ ਚੱਲਦਾ। ਇਸ ਬਣ ਚੁੱਕੀ ਪੇਚੀਦਾ ਹਾਲਤ ਨੂੰ ਦੂਰ ਅੰਦੇਸ਼ੀ ਤੇ ਠੰਢੇ ਦਿਮਾਗ਼ ਨਾਲ ਘੋਖਣ, ਵਿਚਾਰਣ ਤੇ ਇਸ ਦੇ ਹੱਲ ਵੱਲ ਟੁਰਣ ਦੀ ਲੋੜ ਹੈ। ਜਦਕਿ ਇਸ ਦਾ ਹੱਲ ਵੀ ਉਨ੍ਹਾਂ ਦੇ ਨੇੜੇ ਹੈ ਪਰ ਆਪਣੀਆਂ ਮਾਨਸਿਕ ਕਮਜ਼ੋਰੀਆਂ ਕਾਰਣ, ਸ਼ਾਇਦ ਉਹ ਉਸ `ਤੇ ਅਮਲ ਕਰਣ ਲਈ ਤਿਆਰ ਨਹੀਂ ਹਨ।

ਇਸ ਸਾਰੇ ਦਾ ਇਕੋ-ਇਕ ਹਲ ਹੈ ਪ੍ਰਵਾਰਕ ਤਲ `ਤੇ "ਗੁਰਮੁਖੀ ਭਾਸ਼ਾ" ਦੀ ਪੜ੍ਹਾਈ ਕਰਣ ਦੇ ਨਾਲ ਨਾਲ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚੋਂ ਨਿਰੋਲ ਗੁਰਬਾਣੀ ਵਿਚਾਰਧਾਰਾ ਆਧਾਰਤ ਜੀਵਨ ਵੱਲ ਕੱਦਮ-ਬ-ਕੱਦਮ ਅੱਗੇ ਵਧਣਾ।

ਜਦਕਿ ਗੁਰਮੁਖੀ ਦੀ ਪੜ੍ਹਾਈ ਦੇ ਨਾਲ-ਨਾਲ "ਗੁਰਬਾਣੀ ਵਿਚਾਰ-ਸੋਝੀ" ਤੋਂ ਬਿਨਾ ਆਪਣੇ-ਆਪਣੇ ਪ੍ਰਵਾਰਕ ਜੀਵਨ ਅੰਦਰੋਂ "ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ" (ਪੰ: ੪੭੪) ਅਨੁਸਾਰ ਆਪਣੇ-ਆਪਣੇ ਪ੍ਰਵਾਰਕ ਜੀਵਨ `ਚੋਂ ਉਸ ਗੁਰਮੱਤ ਵਿਰੋਧੀ ਰਹਿਣੀ ਨੂੰ ਕਢਣਾ ਵੀ ਜ਼ਰੂਰੀ ਹੈ; ਉਸ ਤੋਂ ਬਿਨਾ ਜੀਵਨ ਦੀ ਅਜਿਹੀ ਸਫ਼ਲਤਾ ਵੀ ਸੰਭਵ ਨਹੀਂ।

ਦੂਜੇ ਲਫ਼ਜ਼ਾਂ `ਚ, ਗੁਰਮੁਖੀ ਭਾਸ਼ਾ ਦੇ ਗਿਆਨ ਦੇ ਨਾਲ-ਨਾਲ, ਗੁਰਬਾਣੀ ਜੀਵਨ-ਜਾਚ ਆਧਾਰਤ, ਨਿਵੇਕਲੇ ਅਮਲ ਤੋਂ ਬਿਨਾ ਹਰੇਕ ਨੂੰ ਆਪਣੇ-ਆਪਣੇ ਪ੍ਰਵਾਰਕ ਜੀਵਨ ਅੰਦਰੋਂ, ਸਦੀਆਂ ਤੋਂ ਭਰਦੀ ਆ ਰਹੀ, ਉਸ ਗੁਰਮੱਤ ਵਿਰੁਧ ਰਹਿਣੀ ਦਾ ਤਿਆਗ ਕਰਣਾ ਹੀ ਸੰਭਵ ਨਹੀਂ। (ਚਲਦਾ) #418P-XXIVs06.16.02.16#p24v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXIV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਚੋਵੀਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.