.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖਾਂ ਦੀ ਘੱਟ ਰਹੀ ਅਬਾਦੀ ਬਾਰੇ ਚਿੰਤਾ

ਸਾਲ ੨੦੦੧ ਤੋਂ ਲੈ ਕੇ ਸਾਲ ੨੦੧੧ ਤਕ ਦੇ ਸਰਕਾਰ ਵਲੋਂ ਮਰਦਮਸ਼ੁਮਾਰੀ ਦੇ ਅੰਕੜੇ ਵੱਖ ਵੱਖ ਸਮੇਂ ਪੇਸ਼ ਹੁੰਦੇ ਹੀ ਰਹਿੰਦੇ ਹਨ ਪਰ ਧਰਮਾਂ ਦੇ ਅਧਾਰ `ਤੇ ਇਹ ਅੰਕੜੇ ਹੁਣ ਪੇਸ਼ ਕੀਤੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ ਭਾਰਤ ਵਿੱਚ ਰਹਿ ਰਹੇ ਵੱਖ ਵੱਖ ਧਰਮਾਂ ਦੀ ਗਿਣਤੀ ਸਬੰਧੀ ਜਾਣਕਾਰੀ ਮਿਲਦੀ ਹੈ।
ਹਿੰਦੂ ਭਾਰਤ ਦੀ ਅਬਾਦੀ ਵਿੱਚ ੯੬. ੬੩ ਕ੍ਰੋੜ (੭੯. ੮) ਫੀ ਸਦੀ
ਮੁਸਲਮਾਨ--------------੧੭. ੨੨ ਕ੍ਰੋੜ (੧੪. ੨) ਫੀ ਸਦੀ
ਈਸਾਈ--------------- ੨. ੭੮ ਕ੍ਰੋੜ (੨. ੩) ਫੀ ਸਦੀ
ਸਿੱਖ------------------੨. ੦੮ ਕ੍ਰੋੜ (੧. ੭) ਫੀ ਸਦੀ
ਬੋਧੀ------------------੦. ੮੪ ਕ੍ਰੋੜ (੦. ੭) ਫੀ ਸਦੀ
ਜੈਨੀ------------------੦. ੪੫ ਕ੍ਰੋੜ (੦. ੪) ਫੀ ਸਦੀ
ਹੋਰ ਧਰਮ ਅਤੇ ਫਿਰਕੇ------੦. ੭੯ ਕ੍ਰੋੜ (੦. ੭) ਫੀ ਸਦੀ
ਧਰਮ ਨਹੀਂ ਦਰਸਾਇਆ-----੦. ੨੯ ਕ੍ਰੋੜ (੦. ੨) ਫੀ ਸਦੀ
ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਿਆਂ ੧੯੯੧ ਤੋਂ ੨੦੦੧ ਵਿੱਚ ਸਿੱਖ ਵਸੋਂ ੧. ੯ ਸੀ ਪਰ ਹੁਣ ਇਹ ਅੰਕੜਾ ਘੱਟ ਕੇ ੧. ੭ ਰਹਿ ਗਿਆ ਹੈ ਜੋ ਕਿ ਇੱਕ ਚਿੰਤਾ ਜਨਕ ਤੇ ਸਿੱਖ ਕੌਮ ਦੇ ਆਗੂਆਂ ਲਈ ਚਣੌਤੀ ਵਾਲਾ ਵਿਸ਼ਾ ਹੈ। ਘੱਟ ਗਿਣਤੀ ਦਾ ਹੋਰ ਘੱਟ ਜਾਣਾ ਖਤਰੇ ਦੀ ਘੰਟੀ ਹੈ। ਉਪਰੋਕਤ ਅੰਕੜੇ ਸਾਰੇ ਭਾਰਤ ਦੇ ਸਨ ਹੁਣ ਲੈਂਦੇ ਹਾਂ ਪੰਜਾਬ ਦੇ ਆਪਣੇ ਸੂਬੇ ਦੀ ਗੱਲ—
ਧਰਮ ੧੯੯੧ -------------੨੦੧੧ ---ਫੀ ਸਦੀ
ਸਿੱਖ ਧਰਮ-----੧. ੨੭ ਕ੍ਰੋੜ --੧. ੪੯ ਕ੍ਰੋੜ --੯. ੭
ਹਿੰਦੂ----------. ੬੯ ਲੱਖ --੧. ੦੬ਕ੍ਰੋੜ --੧੮. ੭
ਮੁਸਲਮਾਨ ------ ੨. ੩੯ ਲੱਖ --੫. ੩੫ਲੱਖ -੪੦
ਈਸਾਈ ------- ੨. ੨੫ ਲੱਖ --੩ ਲੱਖ --੧੮
ਜੇ ਕਰ ਗਿਣਤੀ ਦਾ ਹਿਸਾਬ ਲਗਾਇਆ ਜਾਏ ਤਾਂ ਗਿਣਤੀ ਵੱਧੀ ਹੈ ਪਰ ਬਾਕੀ ਧਰਮਾਂ ਦਿਆਂ ਮੁਕਾਬਲਿਆਂ ਵਿੱਚ ਸਿੱਖਾਂ ਦੀ ਗਿਣਤੀ ਘੱਟੀ ਹੈ। ੨੭-੮-੨੦੧੫ ਦੇ ਰੋਜ਼ਾਨਾ ਸਪੋਕਸਮੈਨ ਅਨੁਸਾਰ ਚੰਡੀਗੜ੍ਹ ਵਿੱਚ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਘੱਟੀ ਹੈ ਸਾਲ ੨੦੦੧ ਵਿੱਚ ੧ ਲੱਖ ੪੫ ਹਜ਼ਾਰ ੧੭੫ ਸੀ ਤੇ ੨੦੧੧ ਵਿੱਚ ੧ ਲੱਖ ੩੮ ਹਜ਼ਾਰ ੩੨੯ ਰਹਿ ਗਈ ਹੈ। ਪੰਜਾਬ ਵਿੱਚ ਦੋ ਫੀ ਸਦੀ ਘਾਟ ਦੇ ਮੁਕਾਬਲੇ ਵਿੱਚ ਚੰਗੀਗੜ੍ਹ ੪. ੭੫ ਫੀ ਸਦੀ ਘਟੀ ਹੈ। ਭਾਰਤ ਦੇ ਉੱਤਰੀ ਰਾਜਾਂ ਵਿੱਚ ਵੀ ਅਜੇਹਾ ਹੀ ਹੋਇਆ ਹੈ। ਹਰਿਆਣਾ ਵਿੱਚ ਸਿੱਖ ਵਸੋਂ ੧੨ ਲੱਖ ੪੩ ਹਜ਼ਾਰ ੭੫੨, ਦਿੱਲੀ ਵਿੱਚ ੫ ਲੱਖ ੭੦ ਹਜ਼ਾਰ ੫੮੧, ਉੱਤਰਾਖੰਡ ਵਿੱਚ ੨ ਲੱਖ ੩੬ ਹਜ਼ਾਰ ੩੪੦, ਜੰਮੂ ਕਸ਼ਮੀਰ ਵਿੱਚ ੨ ਲੱਖ ੩੪ ਹਜ਼ਾਰ ੮੦੮, ਅਤੇ ਹਿਮਾਚਲ ਵਿੱਚ ੭੯ ਹਜ਼ਾਰ ੮੯੬ ਸਿੱਖ ਰਹਿੰਦੇ ਹਨ।
ਅਬਾਦੀਆਂ ਘੱਟਦੀਆਂ ਵੱਧਦੀਆਂ ਰਹਿੰਦੀਆਂ ਹਨ ਇਹ ਕੋਈ ਵੱਡਾ ਮਸਲਾ ਨਹੀਂ ਹੈ ਪਰ ਫਿਰ ਵੀ ਸਮੇਂ ਸਮੇਂ ਅਜੇਹੇ ਤੱਥ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਜ਼ਰੂਰ ਕਰਦੇ ਦਿਖਾਈ ਦੇਂਦੇ ਹਨ। ੧੮੮੧ ਦੀ ਮਰਦਸ਼ੁਮਾਰੀ ਵੇਲੇ ਵੀ ਸਿੱਖ ਕੌਮ ਦੀ ਅਬਾਦੀ ੧੫-੧੬ ਲੱਖ ਹੀ ਰਹਿ ਗਈ ਸੀ। ਆਪਣੀ ਘੱਟ ਰਹੀ ਅਬਾਦੀ ਲਈ ਉਸ ਸਮੇਂ ਦੇ ਆਗੂਆਂ ਨੇ ਕਈ ਵਿਉਂਤਾਂ ਘੜੀਆਂ ਸਨ। ਪੰਜਾਬੀ ਭਾਸ਼ਾ ਵਿੱਚ ਗੁਰਮਤਿ ਸਾਹਿੱਤ ਪੈਦਾ ਕਰਨਾ, ਖਾਲਸਾ ਸਕੂਲ ਕਾਲਜ ਖੋਲ੍ਹਣੇ, ਗੁਰਦੁਆਰਿਆਂ ਵਿੱਚ ਸਿੱਖੀ ਦੇ ਪਰਚਾਰ ਨੂੰ ਸਹੀ ਦਿਸ਼ਾ ਵਲ ਮੋੜਨਾ ਅਤੇ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲਗਾ ਕੇ ਸਿੱਖੀ ਦੀ ਮਹਾਨਤਾ ਸਬੰਧੀ ਲੈਕਚਰ ਆਦਿਕ ਦੇਣ ਦਾ ਉਪਰਾਲਾ ਕੀਤਾ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਸਿੱਖੀ ਦੇ ਗੌਰਵ ਮਈ ਵਿਰਸੇ ਤੋਂ ਆਮ ਸੰਗਤ ਨੂੰ ਜਾਣੂੰ ਕਰਾਇਆ ਗਿਆ ਸੀ। ਅਜੇਹੇ ਪਰਚਾਰ ਦਾ ਸਦਕਾ ਬਹੁਤ ਪਰਵਾਰਾਂ ਨੇ ਸਿੱਖ ਧਰਮ ਨੂੰ ਗ੍ਰਹਿਣ ਕੀਤਾ ਸੀ। ਮੁਲਕ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਰੋਲ ਦੇਖ ਕੇ ਮਦਨ ਮੋਹਨ ਮਾਲਵੀਆਂ ਵਰਗੇ ਹਿੰਦੂ ਲੀਡਰ ਨੂੰ ਇਹ ਕਹਿਣਾ ਪਿਆ ਕਿ ਹਰ ਹਿੰਦੂ ਪਰਵਾਰ ਆਪਣੇ ਇੱਕ ਬੱਚੇ ਨੂੰ ਸਿੱਖੀ ਵਿੱਚ ਦਾਖਲ ਕਰਾਏ।
ਜਦੋਂ ਸਿੰਘ ਸਭਾ ਲਹਿਰ ਦਾ ਅਗਾਜ ਹੋਇਆ ਸੀ ਓਦੋਂ ਆਰੀਆ ਸਮਾਜੀਆਂ ਨੇ ਵੀ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕੀਤੇ ਸਨ। ਬਹੁਤ ਸਾਰੇ ਸਿੱਖ ਪਰਵਾਰ ਵੀ ਇਸ ਲਹਿਰ ਨਾਲ ਜੁੜ ਰਹੇ ਸਨ। ਇਸ ਦੇ ਨਾਲ ਹੀ ਈਸਾਈ ਮਿਸ਼ਨ ਵਾਲੇ ਵੀ ਪੰਜਾਬ ਵਿੱਚ ਆਪਣੇ ਧਰਮ ਦੇ ਫੈਲਾਅ ਲਈ ਪੂਰਾ ਜ਼ੋਰ ਲਗਾ ਰਹੇ ਸਨ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦਾ ਕੁੱਝ ਵਰਗ ਕੁੱਝ ਲਾਭਾਂ ਲਈ ਈਸਾਈ ਬਣ ਗਿਆ ਤੇ ਕੁੱਝ ਲੋਕਾਂ ਦਾ ਸੁਆਮੀ ਦਇਆ ਨੰਦ ਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਸੁਣ ਕੇ ਆਰੀਆ ਸਮਾਜ ਵਲ ਨੂੰ ਝੁਕਾਅ ਹੋ ਗਿਆ ਸੀ। ਉਸ ਸਮੇਂ ਦੇ ਸਿੱਖ ਅਗੂਆਂ ਨੇ ਜੱਥੇਬੰਦਕ ਹੋ ਕੇ ਸਿੱਖ ਸਿਧਾਂਤ ਦਾ ਪ੍ਰਚਾਰ ਕੀਤਾ। ਏਸੇ ਪਰਚਾਰ ਦਾ ਸਦਕਾ ਹੀ ਅਗਲ਼ਿਆਂ ਦਹਾਕਿਆਂ ਵਿੱਚ ਸਿੱਖ ਵਸੋਂ ਵਿੱਚ ਜੋਖਾ ਵਾਧਾ ਹੋਇਆ ਸੀ। ਮੌਜੂਦਾ ਸਮੇਂ ਵਿੱਚ ਸਿੱਖ ਹੀ ਨਹੀਂ ਸਗੋਂ ਹੋਰ ਘੱਟ ਗਿਣਤੀਆਂ ਨੂੰ ਵੀ ਕਈ ਚੁਣੌਤੀਆਂ ਦਾ ਸਹਮਣਾ ਕਰਨਾ ਪੈ ਰਿਹਾ ਹੈ।
ਸਿੱਖ ਅਬਾਦੀ ਨੂੰ ਚਣੌਤੀਆਂ
ਸਿੱਖੀ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀਂ ਹੈ ਪਰ ਅਸੀਂ ਇਸ ਬਿਮਾਰੀ ਤੋਂ ਬਚੇ ਹੋਏ ਵੀ ਨਹੀਂ ਹਾਂ। ਸਾਡਿਆਂ ਮਨਾਂ ਵਿੱਚ ਮੰਨੂ ਬਿਰਤੀ ਪੂਰੀ ਕੰਮ ਕਰਦੀ ਦਿਖਾਈ ਦੇ ਰਹੀ ਹੈ। ਕਈ ਡੇਰਿਆਂ ਵਿੱਚ ਮਜ਼੍ਹਬੀ ਜਾਂ ਰਵਿਦਾਸੀਏ ਸਿੱਖਾਂ ਨੂੰ ਵੱਖਰਾ ਕਰਕੇ ਪੇਸ਼ ਕੀਤਾ ਗਿਆ ਹੈ ਜੋ ਕਿ ਇਹ ਸਿੱਖ ਸਿਧਾਂਤ ਨਹੀਂ ਹੈ। ਅਸਲ ਵਿੱਚ ਜਿਸ ਮੁਲਕ ਅੰਦਰ ਅਸੀਂ ਰਹਿ ਰਹੇ ਹਾਂ ਓੱਥੇ ਕੁੱਝ ਨਾ ਕੁੱਝ ਅਜੇਹਾ ਤਿਆਰ ਕੀਤਾ ਜਾਂਦਾ ਹੈ ਜਿਹੜਾ ਸਿੱਖੀ ਦੇ ਅਨੁਕੂਲ ਨਹੀਂ ਹੁੰਦਾ। ਕੁੱਝ ਡੇਰਿਆਂ ਵਲੋਂ ਏਦਾਂ ਦਾ ਪਰਚਾਰ ਵੀ ਕੀਤਾ ਗਿਆ ਮਿਲਦਾ ਹੈ ਕਿ ਇਹ ਜੀ ਚੌਥੇ ਪੌੜੇ ਦੇ ਲੋਕ ਹਨ ਇਸ ਲਈ ਇਹਨਾਂ ਦੀ ਪੰਗਤ ਵੱਖਰੀ ਲੱਗਣੀ ਚਾਹੀਦੀ ਹੈ। ਅਜੇਹੇ ਬੇ-ਦਲੀਲੇ ਤਰਕਾਂ ਨੇ ਕਈ ਪਰਵਾਰਾਂ ਦੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕੀਤਾ ਹੈ।
ਮੇਰੇ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਕਈ ਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਚੋਣ ਵੇਲੇ ਗੁਰਮਤਿ ਦੇ ਸਿਧਾਂਤ ਦੀ ਗੱਲ ਕਰਨ ਵਾਲੇ ਸਿੱਖ ਨੂੰ ਪੱਛੜੀ ਸ਼੍ਰੇਣੀ ਦਾ ਸਮਝ ਕੇ ਅੱਗੇ ਨਹੀਂ ਆਉਣ ਦਿੱਤਾ ਗਿਆ। ਉਹ ਸਦਾ ਲਈ ਸਿੱਖੀ ਨਾਲੋਂ ਟੁੱਟ ਗਿਆ। ਇੱਕ ਸਿੱਖ ਦੇ ਟੁਟਣ ਨਾਲ ਕਈ ਪਰਵਾਰਾਂ ਤੇ ਅਸਰ ਪੈਂਦਾ ਹੈ। ਕਈ ਰੌਲਾ ਪੈਣ ਦੇ ਡਰੋਂ ਚੁੱਪ ਕਰ ਜਾਂਦੇ ਹਨ। ਦੂਸਰਾ ਸਿੱਖੀ ਦੇ ਦੁਸ਼ਮਣ ਵੀ ਏਹੀ ਚਹੁੰਦੇ ਹਨ ਕਿ ਗੁਰਦੁਆਰਿਆਂ ਵਿੱਚ ਸਿੱਖੀ ਦੇ ਨਿਆਰੇਪਨ ਦੀ ਵਿਚਾਰ ਨਾ ਹੋਵੇ ਤੇ ਸਿੱਖ ਬਾਣੀ ਨਾਲ ਜੁੜਨ ਦੀ ਬਜਾਏ ਕਰਮ-ਕਾਂਡਾਂ ਨਾਲ ਹੀ ਜੁੜੇ ਰਹਿਣ। ਸਰਕਾਰਾਂ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਉਹ ਕਈ ਅਜੇਹੀਆਂ ਕਾਰਵਾਈਆਂ ਕਰ ਜਾਂਦੇ ਹਨ ਜਿੰਨ੍ਹਾਂ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ ਜਿੱਥੇ ਗੁਰੁ ਨਾਨਕ ਸਾਹਿਬ ਜੀ ਬਰਾਜਮਾਨ ਓੱਥੇ ਹੀ ਭਗਤ ਰਵਿਦਾਸ ਸਾਹਿਬ ਜੀ ਬਰਾਜਮਾਨ ਹਨ। ਸਿੱਖ ਪੰਥ ਨਾਲੋਂ ਰਵਿਦਾਸੀਏ ਭਾਈ ਚਾਰੇ ਨੂੰ ਤੋੜਨ ਲਈ ਥੋੜੇ ਸਮੇਂ ਤੋਂ ਵੱਖਰੇ ਡੇਰੇ ਸਥਾਪਿਤ ਕਰਾ ਦਿੱਤੇ ਗਏ ਹਨ। ਸਿੱਖ ਪੰਥ ਦੇ ਇਸ ਅਨਿੱਖੜਵੇਂ ਅੰਗ ਨੇ ਵੱਖਰੇ ਤੋਰ ਤੇ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਪੰਜਾਬ ਵਿੱਚ ਅਸ਼ੁਤੋਸ਼ ਜਾਂ ਸੱਚਾ ਸੌਦਾ ਵਰਗੇ ਆਦਿ ਡੇਰਿਆਂ ਨੇ ਵੀ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਬਿਹਾਰ ਤੋਂ ਆ ਕੇ ਇਹਨਾਂ ਲੋਕਾਂ ਨੇ ਸਿੱਖੀ ਦੇ ਵਿਹੜੇ ਵਿੱਚ ਸੇਹ ਦਾ ਤਲਕਾ ਗੱਡਿਆ ਹੈ।
ਪੰਜਾਬ ਵਿੱਚ ੧੮੩੪ ਈਸਵੀ ਨੂੰ ਇਸਾਈ ਮਿਸ਼ਨ ਲੁਧਿਆਣੇ ਆਇਆ ਸੀ। ਸ੍ਰ. ਨਰੈਣ ਸਿੰਘ ਜੀ ਦੀ ਲਿਖਤ ਅਨੁਸਾਰ ੧੮੫੨ ਤੋਂ ਲੈ ਕੇ ੧੮੫੭ ਤੀਕ ੩੦੦ ਪਿੰਡਾਂ ਦੇ ਸੈਂਕੜੇ ਪਰਵਾਰ ਈਸਾਈ ਬਣ ਗਏ ਸਨ। ਤਾਜ਼ਾ ਸਥਿੱਤੀ ਵਲ ਝਾਤੀ ਮਾਰਦੇ ਹਾਂ ਤਾਂ ਮਾਝੇ ਦੀ ਧਰਤੀ ਤੇ ਈਸਾਈ ਮਤ ਵਾਲਿਆਂ ਨੇ ਕਈ ਚਰਚ ਸਥਾਪਿਤ ਕਰ ਲਏ ਹਨ। ਲਾਲਚ ਅਧੀਨ ਕਈ ਪਰਵਾਰਾਂ ਨੇ ਆਪਣਾ ਧਰਮ ਤਿਆਗਿਆ ਹੈ। ਆਰਥਿਕ ਤੌਰ `ਤੇ ਪਛੜੇ ਪਰਵਾਰ ਆਪਣੇ ਲਾਭ ਲਈ ਆਪਣੇ ਪਿਤਰੀ ਧਰਮ ਨੂੰ ਤਿਆਗ ਦੇਂਦੇ ਹਨ। ਕਈ ਥਾਂਵਾਂ ਤੇ ਈਸਾਈ ਧਰਮ ਦਾ ਪ੍ਰਤੱਖ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾਂ ਦੇ ਅਖਾਣ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੇ ਸੱਚ ਤੇ ਜਿਉਣ ਦਾ ਐਸਾ ਉਪਦੇਸ਼ ਦਿੱਤਾ ਹੈ ਕਿ ਸਿੱਖ ਹਰ ਜ਼ੁਲਮ ਦੇ ਵਿਰੋਧ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਵੀ ਪਿੱਛੇ ਨਹੀਂ ਹੱਟਦਾ। ਵੱਡਾ ਘੱਲੂਘਾਰਾ ਹੋਇਆ ਤਾਂ ਗਿਣਤੀ ਦੇ ਸਿਖ ਹੀ ਬਚੇ ਸਨ। ਪਾਕਿਸਤਾਨ ਬਣਿਆਂ ਤਾਂ ਬਹੁ ਗਿਣਤੀ ਸਿੱਖਾਂ ਦੀ ਸ਼ਹੀਦ ਹੋਈ ਹੈ। ੧੯੮੦ ਤੋਂ ਲੈ ਕੇ ੧੯੯੬ ਤੱਕ ਪੰਜਾਬ ਵਿਚੋਂ ਸਿੱਖ ਨੌਜਵਾਨੀ ਦਾ ਚੁਣ ਚੁਣ ਕੇ ਸ਼ਿਕਾਰ ਕੀਤਾ ਗਿਆ ਹੈ। ਇਹਨਾਂ ਘੱਲੂਘਾਰਿਆਂ ਨੇ ਸਿੱਖ ਅਬਾਦੀ ਦੇ ਘਟਣ `ਤੇ ਬਹੁਤ ਵੱਡਾ ਅਸਰ ਪਾਇਆ ਹੈ।
ਬਾਹਰਲੇ ਮੁਲਕਾਂ ਵਿੱਚ ਵੱਸਣ ਕਰਕੇ ਵੀ ਪੰਜਾਬ ਵਿੱਚ ਸਿੱਖ ਅਬਾਦੀ `ਤੇ ਫਰਕ ਪਿਆ ਹੈ। ਪਰ ਬਾਹਰਲੇ ਮੁਲਕਾਂ ਵਿੱਚ ਵੀ ਸਾਡੀ ਗਿਣਤੀ ਉਸ ਹਿਸਾਬ ਨਾਲ ਵੱਧੀ ਹੈ। ਕੇਂਦਰ ਸਰਕਾਰ ਵਲੋਂ ਫੌਜ ਵਿੱਚ ਸਿੱਖਾਂ ਦੀ ਨਫਰੀ ਘਟਾਉਣ ਦਾ ਅਸਰ ਵੀ ਸਿੱਖ ਅਬਾਦੀ `ਤੇ ਪਿਆ ਹੈ। ਜਦੋਂ ਬੇ-ਰੁਜ਼ਗਾਰੀ ਵੱਧਦੀ ਹੈ ਤਾਂ ਕੁਦਰਤੀ ਗੱਲ ਹੈ ਕਿ ਲੋਕ ਓੱਥੇ ਜਾਣਗੇ ਜਿੱਥੋਂ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ। ਇੰਜ ਪੰਜਾਬ ਵਿਚੋਂ ਸਿੱਖ ਅਬਾਦੀ ਘਟੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬੀਆਂ ਪਾਸ ਜ਼ਮੀਨਾਂ ਖੁਲ੍ਹੀਆਂ ਸਨ ਤੇ ਆਮ ਕਿਹਾ ਜਾਂਦਾ ਸੀ ਕਿ ਕੋਈ ਬੱਚਾ ਹਲ ਵਾਹੇਗਾ ਤੇ ਕੋਈ ਫੌਜ ਵਿੱਚ ਭਰਤੀ ਹੋਏਗਾ ਦੁਸਰਾ ਵੱਡੇ ਦੇ ਕਪੜੇ ਛੋਟੇ ਨੂੰ ਮਿਲ ਜਾਂਦੇ ਸਨ। ਇੰਜ ਜ਼ਮੀਨਾਂ ਸਾਂਭਣ ਦੇ ਨਾਂ ਤੇ ਵੀ ਪਰਵਾਰ ਵੱਡਅਕਾਰੀ ਹੁੰਦੇ ਸੀ। ਜਿਉਂ ਹੀ ੧੯੪੭ ਨੂੰ ਪੰਜਾਬ ਦੀ ਵੰਡ ਹੋਈ ਤਾਂ ਜ਼ਮੀਨਾਂ ਘੱਟ ਗਈਆਂ ਦੂਸਰਾ ਛੋਟਾ ਪਰਵਾਰ ਰੱਖਣ ਦਾ ਰੁਝਾਨ ਪੈਦਾ ਹੋ ਗਿਆ ਜਿਸ ਦਾ ਸਿੱਧਾ ਅਸਰ ਸਿੱਖ ਅਬਾਦੀ `ਤੇ ਪਿਆ ਹੈ। ਬੜੀ ਬਰੀਕੀ ਨਾਲ ਭਾਰਤੀ ਫਿਲਮਾਂ ਵਿੱਚ ਸਿੱਖ ਕਿਰਦਾਰ ਨੂੰ ਮਜ਼ਾਕੀਆ ਲਹਿਜੇ ਜਾਂ ਘਟੀਆ ਰੋਲ ਵਿੱਚ ਪੇਸ਼ ਕੀਤਾ ਗਿਆ ਹੈ। ਜਿਸ ਦਾ ਸਿੱਧਾ ਅਸਰ ਨੌਜਵਾਨ ਪੀੜ੍ਹੀ ਨੇ ਕਬੂਲਿਆ ਹੈ।
੧੯੮੪ ਨੂੰ ਅਜ਼ਾਦ ਭਾਰਤ ਵਿੱਚ ਸਿੱਖ ਕੌਮ ਦਾ ਵਹਿਸ਼ੀਅਨ ਤਰੀਕੇ ਨਾਲ ਕਤਲ-ਏ-ਆਮ ਕੀਤਾ ਗਿਆ ਜਿਸ ਦਾ ਅਸਰ ਬਹੁਤ ਦੂਰ ਤੀਕ ਪਿਆ ਹੈ। ਪੰਜਾਬ ਨੂੰ ਆਪਣੀ ਮੰਡੀ ਸਮਝਦਿਆਂ ਏੱਥੇ ਤਰ੍ਹਾਂ ਤਰ੍ਹਾਂ ਦੇ ਹਿੰਦੂ ਕਥਾ ਵਾਚਕਾਂ ਵਲੋਂ ਆਪਣਾ ਜਾਲ ਵਛਾਇਆ ਗਿਆ ਹੈ ਜਿਸ ਨਾਲ ਸਿੱਖ ਵਸੋਂ ਤੇ ਬੜਾ ਡੂੰਘਾ ਪ੍ਰਭਾਵ ਪਿਆ ਹੈ।
ਪਹਿਲੇ ਸਿੱਖ ਆਗੂਆਂ ਵਿੱਚ ਪੰਥ ਦਾ ਪਿਆਰ ਕੁੱਟ ਕੁੱਟ ਕੇ ਭਰਿਆ ਹੁੰਦਾ ਸੀ ਪਰ ਅੱਜ ਕਲ੍ਹ ਦੇ ਸਿੱਖ ਨੇਤਾਵਾਂ ਵਿਚੋਂ ਪੰਥਕ ਜਜ਼ਬਾ ਖਤਮ ਹੋ ਗਿਆ ਹੈ। ਕਦੇ ਦੇਖਿਆ ਹੈ ਕਿ ਕਿਸੇ ਸਿੱਖ ਨੇਤਾ ਵਲੋਂ ਕੋਈ ਪੰਥਕ ਮੁਦਿਆਂ ਦੀ ਗੱਲ ਕੀਤੀ ਹੋਵੇ? ਜਦੋਂ ਰਾਜਨੀਤਿਕ ਲੋਕ ਵਪਾਰੀ ਬਣ ਜਾਣ ਤਾਂ ਕੁਦਰਤੀ ਗੱਲ ਹੈ ਕਿ ਕੌਮਾਂ ਵਿੱਚ ਨਿਘਾਰ ਆਉਂਦਾ ਹੈ। ਮੇਰੇ ਦੇਖਣ ਵਿੱਚ ਅਜੇਹੇ ਵਾਕਿਆ ਵੀ ਆਏ ਹਨ ਕਿ ਗੁਰਰਦੁਆਰਿਆਂ ਦੀ ਲੜਾਈ ਦੇਖ ਕੇ ਸਾਡੇ ਬੱਚੇ ਸਿੱਖੀ ਤੋਂ ਮੁਨਕਰ ਹੋਏ ਹਨ। ਅੱਜ ਦੇ ਅਖੋਤੀ ਸਭਿਆਚਾਰ ਤੇ ਲੱਚਰ ਗਾਇਕੀ ਨੇ ਸਿੱਖ ਅਬਾਦੀ ਨੂੰ ਖੋਰਾ ਲਗਾਇਆ ਹੈ। ਦੇਗ ਤੇਗ ਕਹਿਣ ਵਾਲਿਆਂ ਨੂੰ ਜੈ ਮਸਤਾਂ ਦੇ ਤਲ਼ `ਤੇ ਲੈ ਆਂਦਾ ਹੈ।
ਸਿੱਖੀ ਵਿੱਚ ਕੁੱਝ ਅਜੇਹੇ ਡੇਰੇ ਸਥਾਪਿਤ ਹੋ ਗਏ ਹਨ ਜੋ ਸਿੱਖੀ ਨੂੰ ਇਸ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਜਿਵੇਂ ਇਹ ਬਹੁਤ ਔਖਾ ਰਸਤਾ ਹੋਵੇ। ਫਿਰ ਪਰਚਾਰ ਵੀ ਏਦਾਂ ਦਾ ਕਰਦੇ ਹਨ ਕਿ ਜੀ ਸਿੱਖੀ ਨਿਭਾਉਣੀ ਬਹੁਤ ਔਖੀ ਹੈ। ਸਾਰੇ ਲੋਕਾਂ ਦਾ ਵੱਸ ਨਹੀਂ ਹੈ ਕਿ ਉਹ ਸਿੱਖੀ ਨਿਭਾਅ ਸਕਣ। ਫਿਰ ਨੌਜਵਾਨ ਸੋਚਦਾ ਹੈ ਕਿ ਐਸੀ ਔਖੀ ਸਿੱਖੀ ਤੋਂ ਫਿਰ ਆਪਾਂ ਦੂਰ ਹੀ ਠੀਕ ਹਾਂ।
ਰਾਧਾ ਸੁਆਮੀਏ, ਨਾਮਧਾਰੀਏ ਤੇ ਨਿੰਰਕਾਰੀਏ ਆਦਿ ਵੀ ਕਈ ਆਪਣੇ ਆਪ ਨੂੰ ਸਿੱਖ ਲਿਖਵਾਉਂਦੇ ਹਨ। ਇਹ ਬਹੁਤ ਵੱਡੀ ਸ਼ਰਾਰਤ ਹੈ। ਕਿਉਂਕਿ ਜਦੋਂ ਕਿਤੇ ਕੌਮੀ ਕਾਰਜ ਲਈ ਵੋਟਾਂ ਪੈਣੀਆਂ ਹਨ ਤਾਂ ਇਹਨਾਂ ਨੇ ਕਦੇ ਵੀ ਪੰਥ ਦੇ ਹੱਕ ਵਿੱਚ ਨਹੀਂ ਭੁਗਤਣਾ। ਇਹਨਾਂ ਨੇ ਸਾਫ਼ ਹੀ ਮੁੱਕਰ ਜਾਣਾ ਹੈ ਕਿ ਅਸੀਂ ਤਾਂ ਜੀ ਸਿੱਖ ਨਹੀਂ ਹਾਂ ਅਸੀਂ ਰਾਧਾ ਸੁਆਮੀਏ ਹਾਂ। ਫਿਰ ਸਰਕਾਰ ਨੂੰ ਮੁੱਦਾ ਮਿਲੇਗਾ ਜੀ ਕਿ ਦੇਖੋ ਜੀ ਸਿੱਖਾਂ ਦੀ ਤਾਂ ਇਹ ਮੰਗ ਹੀ ਨਹੀਂ ਹੈ। ਏਹੀ ਕਾਰਨ ਹੈ ਕਿ ਦੇਖਣ ਨੂੰ ਇਹ ਸਾਰੇ ਸਿੱਖ ਲਗਦੇ ਹਨ ਪਰ ਇਹ ਅੰਦਰੋਂ ਸਿੱਖ ਨਹੀਂ ਹਨ। ਅੱਜ ਵੀ ਜਦੋਂ ਕੌਮ ਨੂੰ ਲੋੜ ਪੈਂਦੀ ਹੈ ਤਾਂ ਇਹ ਲੋਕ ਕਹਿਣਗੇ ਜੀ ਅਸੀਂ ਤਾਂ ਭਜਨ ਬੰਦਗੀ ਵਾਲੇ ਲੋਕ ਹਾਂ ਅਸਾਂ ਕੀ ਲੈਣਾ ਹੈ ਇਹਨਾਂ ਝੁਮੇਲਿਆਂ ਤੋਂ। ਇਹ ਸਿੱਖੀ ਪਹਿਰਾਵੇ ਵਿੱਚ ਹੁੰਦੇ ਹੋਏ ਵੀ ਸਿੱਖੀ ਤੋਂ ਮੁਨਕਰ ਹਨ। ਮੁੱਕਦੀ ਗੱਲ ਇਹ ਕਿ ਸਾਰੇ ਡੇਰੇ ਸਰਕਾਰ ਦੇ ਪੱਖ ਵਿੱਚ ਹੀ ਭੁਗਤਦੇ ਹਨ। ਜਿਸ ਤਰ੍ਹਾਂ ਪੰਜਾਬੀ ਸੂਬੇ ਵੇਲੇ ਪੰਜਾਬੀ ਹਿੰਦੂ ਨੇ ਪੰਜਾਬੀ ਬੋਲ ਕੇ ਕਿਹਾ ਸੀ ਕਿ ਜੀ ਮੈਂ ਤਾਂ ਹਿੰਦੜੀ ਬੋਲਦਾ ਹਾਂ।
ਪਿੱਛਲੇ ਕੁੱਝ ਸਮੇਂ ਤੋਂ ਪੰਜਾਬ ਨੂੰ ਇੱਕ ਨਸ਼ਿਆਂ ਦੀ ਮੰਡੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਨਸ਼ਿਆਂ ਦੇ ਕਹਿਰ ਨੇ ਜਵਾਨੀਆਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਪੰਜਾਬ ਦੇ ਚੌਂਕਾਂ ਵਿੱਚ ਆਮ ਬੋਰਡ ਲੱਗੇ ਦਿਖਾਈ ਦੇਣਗੇ ਕੇ ਮਰਦਾਨਗੀ ਤਾਕਤ ਏੱਥੌਂ ਹਾਲਸ ਕਰੋ। ਡਾ. ਹਰਸ਼ਿੰਦਰ ਕੌਰ ਦੇ ਕਥਨ ਅਨੁਸਾਰ ਜੇ ਏਸੇ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਨੌਜਵਾਨ ਸੰਤਾਨ ਪੈਦਾ ਕਰਨ ਦੇ ਕਾਬਲ ਹੀ ਨਹੀਂ ਰਹਿਣਗੇ। ਦੂਸਰਾ ਜਵਾਨੀਆਂ ਨਸ਼ਿਆਂ ਦੀ ਭੇਟ ਚੜ੍ਹ ਜਾਣਗੀਆਂ ਤੇ ਕਈ ਬੀਬੀਆਂ ਦੇ ਦੁਪੱਟੇ ਚਿੱਟੇ ਹੋ ਜਾਣਗੇ। ਸਭ ਤੋਂ ਵੱਧ ਗੰਭੀਰ ਮਸਲਾ ਕੌਮ ਦੇ ਸਾਹਮਣੇ ਖੜਾ ਹੈ।
ਇਕ ਅਹਿਮ ਵਿਚਾਰ ਹੈ ਕਿ ਸਿੱਖ ਅਬਾਦੀ ਦਾ ਘੱਟ ਗਿਣਤੀ ਵਿੱਚ ਚਲੇ ਜਾਣਾ ਸਿਰਫ ਸਰਕਾਰੀ ਅੰਕੜੇ ਹਨ। ਕੀ ਸਿੱਖ ਅਗੂਆਂ ਨੇ ਆਪਣੇ ਪੱਧਰ ਤੇ ਕੋਈ ਮੁਰਦਮ-ਸ਼ੁਮਾਰੀ ਕਰਾਈ ਹੈ? ਕੀ ਸਾਡੇ ਧਾਰਮਿਕ ਆਗੂਆਂ ਵਿੱਚ ਆਪਣੀ ਕੌਮ ਲਈ ਕੋਈ ਸੁਹਿਰਦਤਾ ਹੈ? ਇਸ ਦਾ ਉੱਤਰ ਹੈ ਕਿ ਨਹੀਂ ਜੀ ਅਸੀਂ ਸਰਕਾਰੀ ਅੰਕੜਿਆਂ ਤੇ ਹੀ ਯਕੀਨ ਕਰ ਰਹੇ ਹਾਂ। ਜਿੰਨੀ ਸਰਕਾਰ ਕਹਿ ਰਹੀ ਹੈ ਸਿੱਖ ਅਬਾਦੀ ਘਟੀ ਹੈ ਸਾਡੇ ਖਿਆਲ ਅਨੁਸਾਰ ਏਨੀ ਅਬਾਦੀ ਨਹੀਂ ਘਟੀ ਹੈ ਇਹ ਕੇਵਲ ਸਿੱਖਾਂ ਦਾ ਮਾਨਸਕ ਬਲ ਡੇਗਣ ਲਈ ਹੀ ਅੰਕੜੇ ਪੇਸ਼ ਕੀਤੇ ਜਾਪਦੇ ਹਨ। ੧੯੯੯ ਤੋਂ ਲੈ ਕੇ ਹੁਣ ਤੱਕ ਜਿੰਨਾਂ ਅੰਮ੍ਰਿਤ ਛਕਾਇਆ ਗਿਆ ਹੈ ਜੇ ਉਸ ਦੀ ਹੀ ਗਿਣਤੀ ਕਰ ਲਈ ਜਾਏ ਤਾਂ ਸਿੱਖਾਂ ਦੀ ਗਿਣਤੀ ਕਿਤੇ ਵੱਧ ਬਣਦੀ ਹੈ।
ਪੰਜਾਬ ਵਿਚੋਂ ਬੀਬੀਆਂ ਦੀ ਗਿਣਤੀ ਵੀ ਘੱਟ ਦਿਖਾਈ ਜਾ ਰਹੀ ਹੈ ਜਦ ਕੇ ਇਹ ਗਿਣਤੀ ਦੂਜਿਆਂ ਸੂਬਿਆਂ ਵਿੱਚ ਵੀ ਹੈ। ਬਹੁ ਗਿਣਤੀ ਵਲੋਂ ਘੱਟ ਗਿਣਤੀਆਂ ਨੂੰ ਹੋਰ ਘੱਟ ਕਰਕੇ ਪੇਸ਼ ਕਰਨ ਨਾਲ ਮਾਨਸਕ ਬਲ ਡੇਗਣ ਲਈ ਹੈ। ਸਿੱਖ ਸਿਧਾਂਤ ਅਨੁਸਾਰ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਾਇਆ ਜਾ ਸਕਦਾ। ਸਿੱਖ ਸਿਧਾਂਤ ਸਮਝਾਇਆ ਜਾ ਸਕਦਾ ਹੈ। ਸਿੱਖ ਸਿਧਾਂਤ ਨੂੰ ਸਮਝ ਕੇ ਸਿੱਖੀ ਧਾਰਨ ਕਰਨ ਵਾਲਾ ਹੀ ਅਸਲ ਵਿੱਚ ਸਿੱਖ ਹੈ।
ਗੁਰੂ ਨਾਨਕ ਸਾਹਿਬ ਦਾ ਮਿਸ਼ਨ ਕਿਸੇ ਨੂੰ ਧੱਕੇ ਨਾਲ ਸਿੱਖ ਬਣਾਉਣਾ ਨਹੀਂ ਹੈ ਇਹ ਤੇ ਸਗੋਂ ਪਿਆਰ ਦਾ ਧਰਮ ਹੈ। ਮਾਨਵ-ਵਾਦੀ ਧਰਮ ਹੈ। ਦੱਬੇ ਕੁਚਲੇ ਲੋਕਾਂ ਨੂੰ ਪਿਆਰ ਗਲਵੱਕੜੀ ਵਿੱਚ ਲੈਣ ਵਾਲਾ ਧਰਮ ਹੈ। ਅਮੀਰ ਪਰਵਾਰਾਂ ਨੇ ਗਰੀਬਾਂ ਦੀ ਸੰਭਾਲ਼ ਕਰਨੀ ਸੀ ਜੋ ਹੋ ਨਹੀਂ ਸਕੀ। ਅੱਜ ਦੇ ਨੇਤਾਜਨ ਪਰਵਾਰਵਾਦ ਤੋਂ ਊਪਰ ਨਹੀਂ ਉੱਠ ਸਕੇ ਅਤੇ ਨਾ ਹੀ ਕੌਮੀ ਪੱਧਰ ਤੇ ਕੌਮੀ ਵਿਕਾਸ ਦੀ ਕੋਈ ਰਣਨੀਤੀ ਉਲੀਕ ਸਕੇ ਹਨ। ਮੈਨੂੰ ਅੱਜ ਵੀ ਯਾਦ ਹੈ ਕਿ ਲੁਧਿਆਣੇ ਵਿੱਚ ਕੁੱਝ ਕਾਰਖਾਨੇ ਵਾਲੇ ਸਰਦਾਰਾਂ ਦਾ ਸੁਭਾਅ ਦੇਖ ਹੀ ਕਈਆਂ ਨੇ ਆਪਣੇ ਆਪ ਸਿੱਖੀ ਧਾਰਨ ਕਰ ਲਈ ਸੀ।
ਸਿੱਖੀ ਦਾ ਇੱਕ ਹੋਰ ਅਨਿੱਖੱੜਾਂ ਅੰਗ ਸ਼ਿਕਲੀਗਰ ਵਣਜਾਰੇ ਸਿੱਖ ਜੋ ਕਰੋੜਾਂ ਦੀ ਗਿਣਤੀ ਵਿੱਚ ਬਾਹਰਲਿਆਂ ਰਾਜਾਂ ਵਿੱਚ ਵੱਸੇ ਹਨ। ਸਾਡੀਆਂ ਸਿਰਮੋਰ ਜੱਥੇਬੰਦੀਆਂ ਨੂੰ ਇਹਨਾਂ ਲਈ ਉਚੇਚੇ ਤੌਰ `ਤੇ ਪ੍ਰੋਗਰਾਮ ਉਲੀਕ ਕੇ ਲਾਗੂ ਕਰਨੇ ਚਾਹੀਦੇ ਹਨ। ਇਹਨਾਂ ਦੀ ਪੜ੍ਹਾਈ ਲਿਖਾਈ ਤੇ ਹੋਰ ਧੰਦਿਆਂ ਲਈ ਸਾਧਨ ਪੈਦਾ ਕਰਨੇ ਚਾਹੀਦੇ ਹਨ। ਜਿੰਨਾਂ ਰੁਪਇਆ ਅਸੀਂ ਧੱਕੇ ਨਾਲ ਲੰਗਰ ਛਕਾਉਣ, ਨਗਰ ਕੀਰਤਨਾਂ ਜਾਂ ਕੀਰਤਨ ਦਰਬਾਰਾਂ ਦੇ ਲਗਾ ਰਹੇ ਹਾਂ ਇਸ ਤੋਂ ਅੱਧਿਆਂ ਪੈਸਿਆਂ ਨਾਲ ਇਹਨਾਂ ਲਈ ਰੁਜ਼ਗਾਰ ਤਥਾ ਹੋਰ ਕਈ ਸਾਧਨ ਪੈਦਾ ਕੀਤੇ ਜਾ ਸਕਦੇ ਹਨ।
ਪੰਜਾਬ ਸਿਖਾਂ ਦਾ ਘਰ ਹੈ ਜਿਥੇ ਸਿਖੀ ਸਭਿਆਚਾਰ ਨੇ ਪਰਫੁਲਤ ਹੋਣਾ ਹੈ ਪਰ ਅੱਜ ਸਭ ਤੋਂ ਵਧੇਰੇ ਇਸਨੂੰ ਖਤਰਾ ਪੰਜਾਬ ਵਿੱਚ ਹੀ ਹੈ। ਸਿਖ ਸਭਿਆਚਾਰ, ਸਿਖ ਨੌਜਵਾਨਾਂ ਨੂੰ ਰੋਜ਼ਗਾਰ, ਪੰਜਾਬੀ ਬੋਲੀ ਦੀ ਪ੍ਰਫੁਲਤਾ, ਸਿੱਖ ਵਿਦਿਅਕ ਸੰਸਥਾਵਾਂ, ਧਰਮ ਪ੍ਰਚਾਰ, ਪੰਜਾਬ ਦੀ ਕਿਸਾਨੀ, ਆਦਿ ਅਜੇਹੇ ਅਨੇਕਾਂ ਪਹਿਲੂਆਂ ਤੇ ਨਿੱਠ ਕੇ ਕੰਮ ਕਰਨ ਦੀ ਭਾਰੀ ਜ਼ਰੂਰਤ ਹੈ ਜਿਸ ਤੋਂ ਸਾਡੀ ਕੌਮੀ ਲੀਡਰਸ਼ਿਪ ਆਵਾਜ਼ਾਰ ਨਜ਼ਰ ਆ ਰਹੀ ਹੈ। ਲੋੜ ਹੈ ਧਿਆਨ ਦੇਣ ਦੀ ਤਾਂ ਕਿ ਅਸੀਂ ਸਮੇਂ ਦੀਆਂ ਮਾਰੂ ਹਾਲਤਾਂ ਚੋਂ ਬਚ ਕੇ ਕੌਮੀ ਭਵਿੱਖ ਸੰਵਾਰ ਸਕੀਏ। ਡੰਗ ਟਪਾਊ ਨੀਤੀਆਂ ਨਾਲ ਕਦੇ ਵੀ ਕੌਮਾਂ ਤਰੱਕੀ ਨਹੀਂ ਕਰਦੀਆਂ।
ਕੰਡਿਆਂ ਰੂਪੀ ਔਕੜਾਂ ਦੇ ਬਾਵਜੂਦ ਵੀ ਸਿੱਖੀ ਚਮਕ ਰਹੀ ਹੈ-
ਕਾਂਟੋ ਸੇ ਹੈ ਘਿਰਾ ਹੂਆ, ਚਾਰੋਂ ਤਰਫ਼ ਸੇ ਫੂਲ,
ਫਿਰ ਭੀ ਖਿਲਾ ਹੀ ਰਹਿਤਾ ਹੈ, ਕਿਆ ਖੁਸ਼ ਮਿਜ਼ਾਜ਼ ਹੈ।




.