.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖ ਰਾਜ ਦਾ ਉਸਰੱਈਆ

ਰਾਵੀ ਦੇ ਬੇਲਿਆਂ, ਮੱਧ ਭਾਰਤ ਦੇ ਜੰਗਲ਼ਾਂ, ਅਰਬ ਦੇ ਮਾਰੂਥਲਾਂ ਤੇ ਦੇਸ ਪੰਜਾਬ ਦੀ ਸਰਜ਼ਮੀਨ `ਤੇ ਇਲਾਹੀ ਵਜਦ ਵਿੱਚ ਆਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਹਲੇਮੀ ਰਾਜ ਨੂੰ ਸਥਾਪਿਤ ਕਰਨ ਲਈ ਇਹਨਾਂ ਸਿਧਾਂਤਾਂ `ਤੇ ਅਕਾਲੀ ਗੁਣਾਂ ਵਾਲੇ ਰਾਜ ਦੀ ਉਸਾਰੀ ਅਰੰਭੀ---
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
ਰਾਗ ਆਸਾ ਮ: ੧ ਪੰਨਾ ੪੭੧
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।
ਰਾਮਕਲੀ ਮ: ੩ ਪੰਨਾ ੯੫੩
ਨਾਨਕ ਭਗਤਾ ਸਦਾ ਵਿਗਾਸੁ।।
ਸੁਣਿਐ ਦੂਖ ਪਾਪ ਕਾ ਨਾਸੁ।।
ਜਪੁ ਬਾਣੀ
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ।।
ਰਾਗ ਆਸਾ ਮ: ੧ ਪੰਨਾ ੪੬੯
ਹਲੇਮੀ ਰਾਜ ਨੂੰ ਸਥਾਪਿਤ ਕਰਨ ਲਈ ਨਿੰਰਕਾਰੀ ਗੁਣਾਂ ਵਾਲਾ ਗ੍ਰੰਥ ਤਿਆਰ ਕੀਤਾ ਜੋ ਸਾਰੀ ਲੁਕਾਈ ਨੂੰ ਆਪਣੀ ਪਿਆਰ ਗਲਵੱਕੜੀ ਵਿੱਚ ਲੈਂਦਿਆਂ ਹੋਇਆਂ ਸਦਾ ਬਹਾਰ ਸੁਖ ਦੀ ਤਰਤੀਬ ਸਮਝਾਉਂਦਾ ਹੈ—
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ।।
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ।।
ਸਲੋਕ ਮਹਲਾ ੯ ਪੰਨਾ ੧੩੨੭
ਸੋ ਜੀਵਿਆ ਜਿਸੁ ਮਨ ਵਸਿਆ ਸੋਇ।।
ਨਾਨਕ ਅਵਰੁ ਨ ਜੀਵੈ ਕੋਇ।।
ਜੇ ਜੀਵੈ ਪਤਿ ਲਥੀ ਜਾਇ।।
ਸਭ ਹਰਾਮੁ ਜੇਤਾ ਕਿਛੁ ਖਾਇ।।
ਵਾਰ ਮਾਝ ਮ: ੧ ਪੰਨਾ ੧੪੨

ਹਲੇਮੀ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦੇ ਕੇ, ਜਿੱਥੇ ਅਧਿਆਤਮਕ ਤਥਾ ਰੁਹਾਨੀਅਤ ਦੀ ਰਮਜ਼ ਸਮਝਾਈ ਹੈ ਓੱਥੇ ਸਮਾਜ ਨੂੰ ਚਲਾਉਣ ਲਈ ਆਪਸੀ ਸਾਂਝ ਨੂੰ ਪੀਡਾ ਕਰਨ ਲਈ “ਨਾ ਕਉ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ”।। ਦੇ ਫਲਸਫੇ ਨੂੰ ਪ੍ਰਪੱਕਤਾ ਵਿੱਚ ਲਿਆਂਦਾ। ਹਮੇਸ਼ਾਂ ਲਈ ਸਚਾਈ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਤੇ ਅਕਾਲੀ ਗੁਣਾਂ ਦੇ ਪ੍ਰਗਟਾਵੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਕਾਲ ਤੱਖਤ ਦੀ ਸਿਰਜਣਾ ਸਾਕਾਰ ਹੋਈ ਹੈ।
ਸੰਸਾਰ ਵਿੱਚ ਇੱਕ ਪਹਿਲੀ ਮਿਸਾਲ ਮਿਲਦੀ ਹੈ ਕਿ ਜਦੋਂ ਹਿੰਦੂ ਮੱਤ ਦੀ ਹੋਂਦ ਖਤਰੇ ਵਿੱਚ ਪਈ ਤਾਂ ਗੁਰੂ ਤੇਗਬਹਾਦਰ ਸਾਹਿਬ ਜੀ ਤੇ ਉਹਨਾਂ ਦਿਆਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਹ ਸਾਬਤ ਕੀਤਾ ਕੇ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ। ਧੱਕਾ, ਬੇਇਨਸਾਫ਼ੀ ਤੇ ਸਰਕਾਰੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜਦ ਕਾਜ਼ੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ “ਦੇਖੋ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ ਹੈ” ਤਾਂ ਅੱਗੋਂ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਐ “ਕਾਜ਼ੀ ਮੈਨੂੰ ਖੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਵਿਚੋਂ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਨੰਬਰ ਲੈ ਕੇ ਪਾਸ ਹੋਏ ਹਨ”।
ਨਵੇਂ ਸ਼ਹਿਰ ਵਸਾਉਣ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ ਅਨੰਦਪੁਰ ਸ਼ਹਿਰ ਦੀ ਸਿਰਜਣਾ ਹੋਈ। ਜਿਥੋਂ ਸਚਿਆਰ ਦੇ ਫਲਸਫੇ ਨੂੰ ਖਾਲਸੇ ਦੇ ਰੂਪ ਵਿੱਚ ਸਾਕਾਰ ਕੀਤਾ। ਹਲੇਮੀ ਰਾਜ ਦੇ ਮਹੱਤਵ ਨੂੰ ਦ੍ਰਿੜ ਕਰਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਹਿਬਜ਼ਾਦਿਆਂ ਨੇ ਚਮਕੌਰ ਦੀ ਜੂਹ ਵਿੱਚ ਤੇ ਸਰਹੰਦ ਦੀ ਦੀਵਾਰ ਵਿਖੇ ਆਪਣੀਆਂ ਸ਼ਹਾਦਤਾਂ ਦੇ ਕੇ ਦੁਨੀਆਂ ਦਾ ਇੱਕ ਨਿਵੇਕਲਾ ਇਤਿਹਾਸ ਸਿਰਜਿਆ ਜਿਹੜਾ ਅੱਖਰਾਂ ਦੀ ਬੰਦਸ਼ ਵਿੱਚ ਨਹੀਂ ਆਉਂਦਾ।
ਸਿੱਖ ਧਰਮ ਦਾ ਮੁੱਖ ਉਦੇਸ਼, ਜਾਤ ਰਹਿਤ ਅਤੇ ਸ਼੍ਰੇਣੀ ਰਹਿਤ ਸਮਾਜ ਸਥਾਪਿਤ ਕਰਕੇ ਇੱਕ ਐਸਾ ਪਰਬੰਧ ਮੁਹੱਈਆ ਕਰਨਾ ਸੀ ਜਿੱਥੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ, ਇਸ ਕਿਰਤ ਕਮਾਈ ਨੂੰ ਵੰਡ ਕੇ ਛੱਕਣ ਵਾਲੇ ਅਤੇ ਫਿਰ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਕਿਰਤੀ ਲੋਕਾਂ ਦੇ ਅਧਿਕਾਰ ਸਰੱਖਿਅਤ ਰਹਿ ਸਕਣ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਨਦੇੜ ਦੀ ਧਰਤੀ `ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖਾਲਸੇ ਦਾ ਰਾਜਨੀਤਿਕ ਨੇਤਾ ਚੁਣਿਆ ਸੀ ਤੇ ਨਾਲ ਪੰਜ ਮੈਂਬਰੀ ਪੰਜ ਸਿੰਘਾਂ ਦੀ ਇੱਕ ਸਲਾਹਕਾਰ ਕਮੇਟੀ ਸਥਾਪਿਤ ਕੀਤੀ ਸੀ। ਡਾਕਟਰ ਸੁਖਦਿਆਲ ਸਿੰਘ ਜੀ ਦੇ ਕਥਨ ਅਨੁਸਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੰਤਮ ਰਸਮਾਂ ਉਪਰੰਤ ਹੀ ਪੰਜਾਬ ਦੀ ਧਰਤੀ ਨੂੰ ਚੱਲਿਆ ਸੀ।
੨੨ ਮਈ ੧੭੧੦ ਈਸਵੀ ਨੂੰ ਚਪੜ-ਚਿੜੀ ਦੇ ਮੈਦਾਨ ਵਿੱਚ ਇੱਕ ਐਸੀ ਲੜਾਈ ਲੜੀ ਗਈ ਜਿਸ ਵਿੱਚ ਸਰਹੰਦ ਸੂਬੇ ਨੂੰ ਫਤਹ ਕੀਤਾ ਤੇ ਨਾਲ ਹੀ ਦਿੱਲੀ ਸਰਕਾਰ ਦੀਆਂ ਨੀਹਾਂ ਹੀ ਹਿਲਾ ਕੇ ਰੱਖ ਦਿੱਤੀਆਂ। ਸਦੀਆਂ ਤੋਂ ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਦੇ ਹਮਲਿਆਂ ਉਪਰੰਤ ਖਾਲਸੇ ਵਲੋਂ ਭਾਰਤ ਵਿੱਚ ਇੱਕ ਪਹਿਲੀ ਜਿੱਤ ਸੀ ਜਿਸ ਨਾਲ ਦਿੱਲੀ ਦਰਬਾਰ ਥਰਥਰ ਕੰਬਣ ਲੱਗਿਆ। ਇਸਲਾਮੀ ਰਾਜ ਦੇ ਘੁੱਗ ਵੱਸਦੇ ਕੈਂਥਲ, ਸਮਾਣਾ, ਸਢੋਰਾ, ਘੁੜਾਮ, ਕਪੂਰੀ ਅਤੇ ਬਨੂੜ ਵਰਗੇ ਸ਼ਹਿਰਾਂ ਨੂੰ ਫਤਹ ਕੀਤਾ। ਇਹ ਸ਼ਹਿਰ ਫੌਜੀ ਤਾਕਤ ਵਜੋਂ ਬਹੁਤ ਮਜ਼ਬੂਤ ਸਨ। ਮਸੂਮ ਜਿੰਦਾਂ (ਛੋਟੇ ਸਹਿਬਜ਼ਾਦੇ) ਨੂੰ ਦੀਵਾਰਾਂ ਵਿੱਚ ਚਿਣਨ ਕੇ ਸ਼ਹੀਦ ਕਰਨਾ, ਮਾਤਾ ਗੂਜਰੀ ਜੀ ਦਾ ਸ਼ਹੀਦ ਹੋਣਾ ਇਸ ਅਨਿਆਏਂ ਦੀ ਅੱਗ ਹਰ ਸਿੱਖ ਦੇ ਸੀਨਾ ਵਿੱਚ ਲਟ ਲਟ ਕਰਦੀ ਬਲ਼ ਰਹੀ ਸੀ। ਅਖੀਰ ਸਮਾਂ ਆ ਗਿਆ ਇਸ ਬੇਇਨਸਾਫ਼ੀ ਦਾ ਬਣਦਾ ਹਿਸਾਬ ਚਕਾਉਣ ਤੇ ਖਾਲਸਾ ਰਾਜ ਸਥਾਪਿਤ ਕਰਨ ਦਾ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਨਾਇਕ ਹੈ ਜਿਸ ਨੇ ੨੩੯ ਸਾਲ ਵਿੱਚ ਸਿਰਜੇ ਗਏ ਸਿਧਾਂਤ ਨੂੰ ੨੨ ਮਈ ੧੭੧੦ ਈਸਵੀ ਨੂੰ ਸਰਹੰਦ ਫਤਹ ਕਰਕੇ ਖਾਲਸਾ ਗਣਰਾਜ ਕਾਇਮ ਕਰ ਦਿੱਤਾ।
ਖਾਲਸਾ ਗਣਰਾਜ ਦਾ ਪਹਿਲਾ ਦਰਬਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਗ-ਏ-ਹਾਫ਼ਜ਼ੀ ਵਿਖੇ ਲਗਾਇਆ। ਤੇ ਪਹਿਲਾ ਐਲਾਨ ਇਹ ਕੀਤਾ ਕਿ ਖਾਲਸਾ ਰਾਜ ਸਥਾਪਤ ਹੋ ਗਿਆ ਹੈ ਦਿੱਲੀ ਦੀ ਸਰਕਾਰ ਏਧਰ ਆਉਣ ਦਾ ਯਤਨ ਨਾ ਕਰੇ।
ਦੂਜਾ ਐਲਾਨ ਇਹ ਕੀਤਾ ਕਿ ਜ਼ਮੀਨ ਸਿਰਫ ਹਲ਼ਵਾਹਕ ਦੀ ਹੀ ਹੋਏਗੀ। ਭਾਵ ਜਿਹੜਾ ਕਾਸ਼ਤ ਕਰਦਾ ਹੈ ਓਸੇ ਦਾ ਹੀ ਹੱਕ ਹੋਏਗਾ। ਜਗੀਰਦਾਰੀ ਪ੍ਰਥਾ ਦੀਆਂ ਜੜ੍ਹਾਂ ਉਖਾੜ ਕੇ ਰੱਖ ਦਿੱਤੀਆਂ। ਮੁਗਲ ਸਲਤਨਤ ਦੀਆਂ ਸਾਰੀਆਂ ਜ਼ਮੀਨਾ ਕਿਰਤੀਆਂ ਕਿਸਾਨਾ, ਕਾਮਿਆਂ ਅਤੇ ਮਜ਼ਦੂਰਾਂ ਵਿੱਚ ਵੰਡ ਦਿੱਤੀਆਂ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੋ ਪਹਿਲੀ ਮੋਹਰ ਤਿਆਰ ਕਰਾਈ ਉਸ ਵਿੱਚ ਆਪਣਾ ਨਾਂ ਨਹੀਂ ਲਿਖਾਇਆ ਬਲ ਕੇ ਖਾਲਸੇ ਨੂੰ ਵਡਿਆਈ ਦਿੱਤੀ ਗਈ।
ਜ਼ਰਬ ਬ ਅਮਾਨ ਦਹਿਰ ਮੁਸੱਵਰਤ ਸ਼ਹਿਰ।
ਜ਼ੀਨਤ-ਅਲ-ਤਖਤ-ਖਾਲਸਾ ਮੁਬਾਰਖ਼ ਵਖ਼ਤ।
ਅਰਥ—ਸ਼ਾਤੀ ਦੇ ਅਸਥਾਨ ਤੋਂ ਅਤੇ ਖੂਬਸੂਰਤ ਸ਼ਹਿਰ ਚੋਂ, ਖਾਲਸੇ ਦੀ ਬਹੁਤ ਉੱਚੀ ਸ਼ਾਨ ਵਾਲੇ ਤੱਖਤ ਤੋਂ ਭਾਗਾਂ ਭਰੇ ਸਮੇਂ ਜਾਰੀ ਕੀਤਾ ਗਿਆ।
ਇਕ ਹੋਰ ਮੋਹਰ ਦੀ ਇਬਾਰਤ ਇਸ ਤਰ੍ਹਾਂ ਲਿਖੀ ਹੋਈ ਮਿਲਦੀ ਹੈ—
ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਦ।
ਫਤਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।
ਅਰਥ—ਗੁਰੂ ਨਾਨਕ ਅਤੇ ਸ਼ਾਹਾਂ ਦੇ ਸ਼ਹਿਨਸ਼ਾਹ, ਅਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਹੋਈ ਤੇਗ ਦੀ ਤਾਕਤ ਨਾਲ ਦੋਵੇਂ ਜਹਾਨਾਂ ਵਿੱਚ ਇਹ ਸਿੱਕਾ ਜਾਰੀ ਕੀਤਾ।
ਓੇਸੇ ਤਰ੍ਹਾਂ ਇੱਕ ਹੋਰ ਸਿੱਕੇ ਦੀ ਇਬਾਰਤ ਇਸ ਤਰ੍ਹਾਂ ਲਿਖੀ ਮਿਲਦੀ ਹੈ—
ਦੇਗੋ ਤੇਗ਼ੋ ਫ਼ਤਹਿ ਓ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਅਰਥ—ਦੇਗ ਦੇ ਅਮੁੱਕ ਲੰਗਰ ਅਤੇ ਤੇਗ ਨਾਲ ਦੁਸ਼ਮਣਾ ਉਪਰ ਫਤਹਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਹੀ ਪ੍ਰਾਪਤ ਹੋਈ ਹੈ।
ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਦੀ ਨੀਤੀ ਅਨੁਸਾਰ ਸਰਦਾਰ ਕਉਰ ਸਿੰਘ, ਸਰਦਾਰ ਬਾਜ ਸਿੰਘ ਅਤੇ ਸਰਦਾਰ ਭਗਵੰਤ ਸਿੰਘ ਬੰਗੇਸਰੀ ਨੂੰ ਸਾਰਾ ਰਾਜ ਪ੍ਰਬੰਧ ਸੰਭਾਲ਼ ਕੇ ਖਾਲਸਾ ਰਾਜ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। ੧੭੧੬ ਈਸਵੀ ਤੱਕ ਚਾਰ ਚੁਫੇਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਜਿੱਤਾਂ ਜਿੱਤਦੇ ਰਹੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਲੋਹਗੜ੍ਹ ਤੇ ਗੁਰਦਾਸ ਨੰਗਲ਼ ਦੇ ਕਿਲ੍ਹਿਆਂ ਨੂੰ ਕੇਂਦਰੀ ਰਾਜਧਾਨੀਆਂ ਵਜੋਂ ਸਥਾਪਿਤ ਕੀਤਾ। ਬੰਦਾ ਸਿੰਘ ਜੀ ਦੀ ਵੱਧਦੀ ਰਾਜਸੀ ਸ਼ਕਤੀ ਤੋਂ ਜਿੱਥੇ ਸੂਬਾ ਸਰਕਾਰਾਂ ਔਖੀਆਂ ਸਨ ਓੱਥੇ ਭਾਰਤ ਦੀ ਕੇਂਦਰੀ ਸਰਕਾਰ ਦੇ ਨੱਕ ਵਿੱਚ ਵੀ ਦਮ ਆਇਆ ਹੋਇਆ ਸੀ। ਦਿੱਲੀ ਦਰਬਾਰ ਵਲੋਂ ਸਖਤ ਹਦਾਇਤਾਂ ਆ ਰਹੀਆਂ ਸਨ ਕਿ ਗੁਰਦਾਸ ਨੰਗਲ਼ ਦੀ ਘੇਰਾ ਬੰਦੀ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ। ਗੁਰਦਾਸ ਨੰਗਲ਼ ਦੇ ਕਿਲ੍ਹੇ ਦੀ ਸਖਤ ਘੇਰਾ ਬੰਦੀ ਕੀਤੀ ਗਈ। ਸਿੰਘਾ ਕੋਲੋਂ ਰਸਦ ਪਾਣੀ ਅਤੇ ਬਰੂਦ ਆਦ ਸਾਰਾ ਮੁੱਕ ਗਿਆ ਸੀ। ਕਿਲ੍ਹੇ ਦੇ ਅੰਦਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਉਸ ਦਾ ਪ੍ਰਵਾਰ ਅਤੇ ੭੮੦ ਸਿੰਘਾਂ ਨੂੰ ਗਿਫ਼ਤਾਰ ਕੀਤਾ ਗਿਆ। ਇਹ ਵਾਕਿਆ ੧੭ ਦਸੰਬਰ ੧੭੧੫ ਦਾ ਸੀ। ਸੰਗਲ਼ਾਂ ਨਾਲ ਨੂੜ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾ ਕੇ ਹਰ ਰੋਜ਼ ੧੦੦ ਬੰਦੇ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਇਹਨਾਂ ਵਿਚੋਂ ਹਰੇਕ ਸਿੱਖ ਨੇ ਹੱਸਦਿਆਂ ਹੋਇਆਂ ਨੇ ਸ਼ਹੀਦੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਦੇ ਸਾਥੀਆਂ ਭਾਈ ਬਾਜ਼ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਗੁਲਾਬ ਸਿੰਘ ਆਦਿ ਨੂੰ ਤਸੀਹੇ ਦੇ ਕੇ ਤੜਪਾ ਤੜਪਾ ਕੇ ਸ਼ਹੀਦ ਕੀਤਾ ਗਿਆ। ਾਿਹਨਾਂ ਦੇ ਦ੍ਰਿੜ ਇਰਾਦਿਆਂ ਨੂੰ ਸਰਕਾਰ ਝੁਕਾ ਨਾ ਸਕੀ।
ਮੁਗਲ ਦਰਬਾਰ ਵਲੋਂ ਬਾਬਾ ਜੀ ਨੂੰ ਕਿਹਾ ਗਿਆ ਕਿ ਆਪਣਾ ਬੱਚਾ ਆਪਣੇ ਹੱਥੀਂ ਸ਼ਹੀਦ ਕਰੋ ਬਾਬਾ ਜੀ ਨੇ ਕਿਹਾ ਮੈਂ ਆਪਣਾ ਬੱਚਾ ਨਹੀਂ ਜੇ ਤੁਹਾਡਾ ਬੱਚਾ ਵੀ ਹੋਏਗਾ ਮੈਂ ਉਸ ਨੂੰ ਵੀ ਮਾਰਨ ਲਈ ਤਿਆਰ ਨਹੀਂ ਹਾਂ ਕਿ ਕਿਉਂ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਹਨ। ਜ਼ਾਲਮ ਸਰਕਾਰ ਜ਼ੁਲਮ ਦੀ ਅੱਤ ਕਰਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਨੂੰ ਜ਼ਿਬਾ ਕਰਕੇ ਉਸ ਦਾ ਦਿੱਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਪਰ ਬਾਬਾ ਜੀ ਨੇ ਸੀ ਤੱਕ ਨਾ ਉਚਾਰੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਦ੍ਰਿੜਤਾ ਨਾਲ ਸ਼ਹਾਦਤ ਦਾ ਰਸਤਾ ਚੁਣਿਆ। ਬਾਬਾ ਜੀ ਹਾਜ਼ਰ ਜੁਆਬੀ ਸੁਣ ਕੇ ਕਾਜ਼ੀ ਨੇ ਜ਼ਬਾਨ ਕੱਟਣ ਲਈ ਕਿਹਾ। ਗੁੱਸਾ ਅੱਖਾਂ ਰਾਂਹੀ ਪ੍ਰਗਟ ਹੋਇਆ ਜ਼ਾਲਮਾਂ ਨੇ ਅੱਖਾਂ ਕੱਢ ਦਿੱਤੀਆਂ। ਜ਼ੁਲਮ ਦੀ ਇੰਤਾਹ ਕਰਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਰੇ ਜਿਸਮ ਨੂੰ ਜਬੂੰਰਾਂ ਨਾਲ ਨੋਚ ਨੋਚ ਕੇ ਉਧੇੜ ਦਿੱਤਾ।
ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦਾ ਉਹ ਸੂਰਬੀਰ ਯੋਧਾ ਹੋਇਆ ਹੈ ਜਿਸ ਨੇ ਆਪਣੀ ਤੇ ਆਪਣੇ ਪਰਵਾਰ ਦੀ ਸ਼ਹੀਦੀ ਦੇ ਕੇ ਹਲੇਮੀ ਰਾਜ ਨੂੰ ਸਥਾਪਿਤ ਕੀਤਾ। ਅੱਜ ਚੁਰਾਹਿਆਂ ਵਿੱਚ ਨਾਮ ਧਰੀਕ ਸਾਧਾਂ ਦੀਆਂ ਬਰਸੀਆਂ ਦੇ ਬੋਰਡ ਤਾਂ ਮਿਲ ਜਾਣਗੇ। ਅੱਜ ਗੁਰਦੁਆਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਵੀ ਬੜੀ ਧੂਮ-ਧਾਮ ਨਾਲ ਮਨਾਈਆਂ ਤਾਂ ਜਾ ਰਹੀਆਂ ਹਨ ਪਰ ਐਸੇ ਸੂਰਬੀਰ ਯੋਧੇ ਕੌਮੀ ਸ਼ਹੀਦ ਨੂੰ ਯਾਦ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਲੱਗਦਾ। ਸ਼ਹੀਦਾਂ ਨੂੰ ਭਲਾਉਣ ਵਾਲੀਆਂ ਕੌਮਾਂ ਆਪਣੀ ਬਰਬਾਦੀ ਆਪ ਕਰ ਲੈਂਦੀਆਂ ਹਨ।
ਯਾਦ ਰਹੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਹੁਤਾਤ ਲਿਖਤਾਂ ਨੇ ਭੰਬਲਭੂਸੇ ਤੇ ਸਰਕਾਰੀ ਪ੍ਰਚਾਰ ਦੇ ਪ੍ਰਾਪੇਗੰਡੇ ਤਹਿਤ ਕਈ ਦੋਸ਼ ਲਾਏ ਗਏ। ਪਰ ਉਸ ਮਹਾਨ ਗੁਰਸਿਖ, ਜੁਝਾਰੂ ਯੋਧੇ, ਕਲਗੀਧਰ ਜੀ ਦੇ ਵਰੋਸਾਏ, ਸੰਘਰਸ਼ਸ਼ੀਲ ਆਗੂ ਅਤੇ ਸ਼ਹਾਦਤ ਦੇ ਰੰਗ ਚ ਰੰਗੇ ਕੌਮੀ ਜਰਨੈਲ ਦੀ ਆਭਾ ਸਾਹਮਣੇਂ ਕੋਈ ਦੋਸ਼ ਨਾ ਟਿਕ ਸਕਿਆ। ਬਾਬਾ ਜੀ ਦੀ ਕਿਰਦਾਰਕੁਸ਼ੀ ਦੀਆਂ ਸਾਜ਼ਿਸ਼ਾਂ ਰੇਤ ਦੀ ਕੰਧ ਵਾਂਗ ਡਿਗ ਪਈਆਂ ਹਨ। ਸਿਖ ਕੌਮ ਦਾ ਫਰਜ਼ ਬਣਦਾ ਹੈ ਕਿ ਐਸੀ ਮਹਾਨ ਸ਼ਖਸ਼ੀਅਤ ਬਾਬਾ ਬੰਦਾ ਸਿੰਘ ਦੀ ਯਾਦ ਨੂੰ ਦਿਲਾਂ ਚ ਤਾਜ਼ਾ ਰੱਖਣ, ਉਸਦਾ ਕੌਮੀ ਤੌਰ ਤੇ ਦਿਨ ਮਨਾਉਣ, ਅਤੇ ਉਸਦੇ ਮਹਾਨ ਜੀਵਨ ਦੀਆਂ ਬਾਤਾਂ ਨੂੰ ਚੇਤਿਆਂ ਚ ਵਸਾ ਲੈਣ। ਅਜਿਹੀ ਲਾ ਮਿਸਾਲ ਸ਼ਖਸੀਅਤ ਨੇ ਸਿਖ ਕੌਮ ਦੇ ਇਤਿਹਾਸ ਨੂੰ ਚਾਰ ਚੰਨ ਲਾਏ ਹਨ ਤੇ ਅਗਾਂਹ ਆਉਣ ਵਾਲੀਆਂ ਨਸਲਾਂ ਨੂੰ ਵੀ ਸਦੀਵੀਂ ਰੌਸ਼ਨੀ ਅਜਿਹੇ ਕੌਮੀ ਗੁਰਸਿਖ ਜਰਨੈਲਾਂ ਤੋਂ ਹੀ ਪ੍ਰਾਪਤ ਹੋਣੀ ਹੈ।
.