.

ਕੀ ਸੰਪ੍ਰਦਾਈ ਲੋਕ ਬ੍ਰਾਹਮਣਵਾਦ ਦੇ ਪੁਜਾਰੀ ਅਤੇ ਪ੍ਰਚਾਰਕ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)

ਗੁਰੂ ਨਾਨਕ ਸਾਹਿਬ ਨੇ ਸੰਪ੍ਰਦਾਈ ਤੇ ਪੁਜਾਰੀਵਾਦ ਦੇ ਤੰਗ ਦਾਇਰੇ, ਘੁੰਮਣਘੇਰੀਆਂ, ਅੰਧਵਿਸ਼ਵਾਸ਼ਾਂ, ਵਕਤੀ ਰਾਜਿਆਂ ਨਾਲ ਮਿਲ ਕੇ ਧਰਮ ਪੁਜਾਰੀਆਂ ਦੇ ਹਰ ਪ੍ਰਕਾਰ ਦੇ ਲੋਟੂ ਉਜਾੜੇ ਤੋਂ ਜਨਤਾ ਨੂੰ ਜਾਗ੍ਰਿਤ ਕਰਕੇ ਬਚਾਇਆ ਅਤੇ ਤੰਗ ਦਿਲੀਆਂ ਦੇ ਸੰਗਲ ਤੋੜੇ ਸਨ। ਇਹ ਸਾਰਾ ਕੰਮ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਨੇ ਬਲੰਦਬਾਂਗ ਕੀਤਾ-ਕਾਦੀ ਕੂੜ ਬੋਲਿ ਮਲ ਖਾਇ॥ ਬਾਮਣ ਨਾਵੈ ਜੀਆਂ ਘਾਇ॥ ਜੋਗੀ ਜੁਗਤ ਨਾ ਜਾਣੈ ਅੰਧੁ॥ ਤੀਨੈ ਉਜਾੜੈ ਕਾ ਬੰਧੁ॥ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਮ ਪ੍ਰਚਾਰ ਤੇ ਸੁਧਾਰ ਦਾ ਸਿਲਸਿਲਾ ਅੱਗੇ ਆਪਣੇਂ ਜਾਂਨਸ਼ੀਨਾਂ ਰਾਹੀਂ ਲੰਬੇ ਸਮੇਂ ਤੱਕ ਜਾਰੀ ਰੱਖਿਆ। ਇਸ ਲਈ ਗੁਰੂ ਸਾਹਿਬ ਹਿੰਦੂਆਂ ਦੇ ਮੰਦਰਾਂ, ਮੁਸਮਾਨਾਂ ਦੀਆਂ ਮਸਜਿਦਾਂ, ਬੋਧੀਆਂ ਦੇ ਮੱਠਾਂ, ਜੈਨੀਆਂ ਦੇ ਧਰਮ ਅਸਥਾਨਾਂ, ਸਿੱਧ ਜੋਗੀਆਂ ਦੀਆਂ ਉੱਚੀਆਂ ਤੇ ਡੂੰਘੀਆਂ ਪਹਾੜੀ ਗੁਫਾਵਾਂ ਅਤੇ ਜੰਗਲਾਂ ਵਿੱਚ ਵੀ ਗਏ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੇਲੇ ਤਾਂ ਸਭ ਤਰ੍ਹਾਂ ਦੀਆਂ ਜਾਤਾਂ-ਪਾਤਾਂ, ਛੂਆ-ਛਾਤਾਂ, ਬ੍ਰਾਹਮਣੀ ਕਰਮਕਾਂਡਾਂ, ਸੁੱਚ-ਭਿੱਟ, ਊਚ-ਨੀਚ, ਔਰਤ-ਮਰਦ ਦੀ ਨਾ ਬਰਾਬਰੀ, ਸ਼ਖਸ਼ੀ ਸੰਤ ਬਾਬਾਵਾਦ ਅਤੇ ਇਲਾਕਿਆਂ ਦੀਆਂ ਹੱਦ ਬੰਦੀਆਂ ਤੋੜ ਖਾਲਸਾ ਤਖੱਲਸ ਦਿੰਦੇ ਹੋਏ ਸਭ ਨੂੰ ਬਰਾਬਰਤਾ ਪ੍ਰਦਾਨ ਕੀਤੀ।
ਅੱਜ ਇਸ ਅਗਾਂਹ ਵਧੂ ਖਾਲਸੇ ਦੇ ਮਨੁੱਖੀ ਕਾਫਲੇ ਨੂੰ ਕੁਝਕੁ ਸੰਪ੍ਰਦਾਵਾਂ, ਟਕਸਾਲਾਂ ਅਤੇ ਡੇਰੇ ਜਿੰਨ੍ਹਾਂ ਦੀਆਂ ਮੁਢਲੀਆਂ ਤਾਰਾਂ ਕਾਂਸ਼ੀ-ਬਨਾਰਸ ਦੇ ਕਟੜਵਾਦੀ ਬ੍ਰਾਹਮਣਵਾਦ ਨਾਲ ਜੁੜਦੀਆਂ ਅਤੇ ਜੋ ਗੁਰੂ ਵੱਲੌਂ ਸਿੱਖਾਂ ਨੂੰ ਵੀ ਵਿਦਿਆ ਲੈਣ ਲਈ ਕਾਂਸ਼ੀ-ਬਨਾਰਸ ਭੇਜਣ ਦਾ ਪ੍ਰਚਾਰ ਬੜੀ ਹਠ ਧਰਮੀ ਨਾਲ ਕਰਦੇ ਆ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੀਆਂ ਟਕਸਾਲਾਂ ਅਤੇ ਡੇਰਿਆਂ ਵਿੱਚ ਸਭ ਪ੍ਰਕਾਰ ਦੇ ਬ੍ਰਾਹਮਣੀ ਕਰਮਕਾਂਡ ਜਿਵੇਂ ਗਿਣਤੀ ਮਿਣਤੀ ਦੇ ਭਾੜੇ ਦੇ ਪਾਠ, ਸੰਪਟ ਪਾਠ, ਮਹਾਂਸੰਪਟ ਪਾਠ, ਇਕੋਤਰੀਆਂ, ਗਿਣਤੀ ਦੀਆਂ 108 ਮਣਕਿਆਂ ਵਾਲੀਆਂ ਮਾਲਾ ਫੇਰਨੀਆਂ, ਗੁੱਗਲ ਧੂਫਾਂ ਆਦਿਕ ਸਮੱਗਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਰੱਖਦੇ ਹਨ। ਇਹ ਸੰਪ੍ਰਦਾਈ ਲੋਕ ਪਜਾਮੇਂ ਤੋਂ ਬਿਨਾਂ ਨੰਗੀਆਂ ਲੱਤਾਂ ਰੱਖਣੀਆਂ, ਭਾਵਰ ਸਿਮਰਤ, ਚਾਣਕੀਆ, ਵਿਦਾਂਤ, ਸਾਰਉਕਤਾਵਲੀ, ਬਚਿਤ੍ਰ ਨਾਟਕ ਆਦਿਕ ਹੋਰ ਵੀ ਬ੍ਰਾਹਮਣੀ ਗ੍ਰੰਥ ਪੜ੍ਹਾਉਣੇ, ਪੁੰਨਿਆਂ, ਮੱਸਿਆ ਸੰਗ੍ਰਾਦਾਂ, ਪੰਚਕਾਂ ਤੇ ਮਰੇ ਡੇਰੇਦਾਰਾਂ ਦੀਆਂ ਬਰਸੀਆਂ ਮਨਾਉਣੀਆਂ, ਬੇਲੋੜੀ ਸੁੱਚ-ਭਿੱਟ ਰੱਖਣੀ, ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬ੍ਰਾਹਮਣੀ ਕੈਲੰਡਰ ਲਾਗੂ ਕਰਨੇ, ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਦੱਸਣਾ, ਸਿੰਘ ਭੋਜਨ ਝੱਟਕਾ ਛਕਣ ਵਾਲਿਆਂ ਨੂੰ ਪਤਿਤ ਕਹਿਣਾਂ ਅਤੇ ਆਪਣੇ ਆਪ ਨੂੰ ਵੈਸ਼ਨੂੰ ਕਹਾਉਣਾ ਬ੍ਰਾਹਮਣਵਾਦ ਦਾ ਪ੍ਰਚਾਰ ਨਹੀਂ ਤਾਂ ਹੋਰ ਕੀ ਹੈ?
ਕੀ ਇਨ੍ਹਾਂ ਦੇ ਡੇਰਿਆਂ ਤੇ ਜਾਣ ਵਾਲੇ ਸਿੱਖ ਕਦੇ ਇਸ ਬਾਰੇ ਵੀ ਸੋਚਣਗੇ ਜਾਂ ਲਕੀਰ ਦੇ ਫਕੀਰ ਬਣ ਕੇ ਤੁਰੇ ਰਹਿਣਗੇ? ਅੱਜ ਇਹ ਭੱਦਰਪੁਰਸ਼ ਮਿਸ਼ਨਰੀ ਪ੍ਰਚਾਰਕਾਂ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਪ੍ਰੋ, ਦਰਸ਼ਨ ਸਿੰਘ ਖਾਲਸਾ, ਸਰਬਜੀਤ ਸਿੰਘ ਧੂੰਦਾ, ਪ੍ਰੋ. ਇੰਦਰ ਸਿੰਘ ਘੱਗਾ, ਗੁਰਚਰਨ ਸਿੰਘ ਜਿਉਣਵਾਲਾ ਅਤੇ ਸ੍ਰ. ਜੋਗਿੰਦਰ ਸਿੰਘ ਰੋਜਾਨਾ ਸਪੋਕਸਮੈਨ ਆਦਿਕ ਸਿਰਕੱਢ ਲਿਖਾਰੀ, ਪ੍ਰਚਾਰਕ ਅਤੇ ਪੱਤ੍ਰਕਾਰ ਆਦਿਕ ਵਿਦਵਾਨਾਂ ‘ਤੇ ਨਾਸਤਕਪੁਣੇ ਤੇ
RSS ਦੇ ਪ੍ਰਚਾਰਕ ਹੋਣ ਦਾ ਦੋਸ਼ ਲਾਉਂਦੇ ਹਨ। ਪਾਠਕ ਤੇ ਸਿੱਖ ਸੰਗਤਾਂ ਸਦਾ ਯਾਦ ਰੱਖਣ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗੁਰੂ ਮੰਨਣ ਵਾਲੇ ਅਤੇ ਉਸ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੇ ਮਿਸ਼ਨਰੀ ਸਿੰਘ ਸਿੰਘਣੀਆਂ ਕਦੇ ਵੀ RSS ਦੇ ਪ੍ਰਚਾਰਕ ਜਾਂ ਸਮਰਥਕ ਨਹੀਂ ਹੋ ਸਕਦੇ। ਜੇ ਗੁਰਤਾ ਪ੍ਰਾਪਤ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ RSS ਦਾ ਠੱਪਾ ਲਾਇਆ ਜਾ ਰਿਹਾ ਹੈ ਤਾਂ ਫਿਰ ਕੁਝ ਕਵੀਆਂ ਦੀ ਅਸ਼ਲੀਲ ਰਚਨਾਂ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਸਮਾਨ ਮੰਨਣ ਵਾਲੇ ਕੌਣ ਹਨ? ਅੱਜ ਸਿੱਖ ਦੀ ਕਿਸੇ ਹਿੰਦੂ ਮੁਸਲਮ ਨਾਲ ਏਨੀ ਲੜਾਈ ਨਹੀਂ ਜਿੰਨ੍ਹੀ ਇਨ੍ਹਾਂ ਸੰਪ੍ਰਦਾਈ ਡੇਰੇਦਾਰਾਂ ਦੇ ਪਿਛਲੱਗਾਂ ਨਾਲ ਵਿਚਾਰਧਾਰਕ ਹੈ। ਭਾਈ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਨਹੀਂ ਮੰਨਣਾਂ ਤਾਂ ਤੁਹਾਡੀ ਮਰਜੀ ਪਰ ਮੰਨਣ ਵਾਲਿਆਂ ਦੇ ਰਸਤੇ ਵਿੱਚ ਰੋੜੇ ਤਾਂ ਨਾਂ ਅਟਕਾਉ। ਖਾਲਸਾ ਬ੍ਰਾਹਮਣੀ ਅਤੇ ਸੰਪ੍ਰਦਾਈ ਕਰਮਕਾਂਡਾਂ ਦਾ ਗੁਲਾਮ ਨਹੀਂ ਸਗੋਂ ਅਜ਼ਾਦ ਹੈ ਤੇ ਹੋਰਨਾਂ ਨੂੰ ਵੀ ਬ੍ਰਾਹਮਣਵਾਦ ਦੇ ਕਰਮਕਾਂਡੀ ਸੰਗਲਾਂ ਤੋਂ ਅਜ਼ਾਦ ਹੋਣ ਦੀ ਪ੍ਰੇਰਨਾਂ ਦਿੰਦਾ ਹੈ। ਸਿੱਖ ਸੋ ਕਾਲਡ, ਮਿਥਿਹਾਸਕ ਕਥਾ ਕਹਾਣੀਆਂ ਅਤੇ ਸੰਪ੍ਰਦਾਈ ਸੰਤ ਬਾਬਿਆਂ ਦਾ ਪਿਛਲੱਗ ਨਹੀਂ ਜੋ ਗੁਰਮਤਿ ਨੂੰ ਭੁੱਲ ਕੇ, ਸਿੱਖੀ ਬਾਣੇ ਵਿੱਚ ਬ੍ਰਾਹਮਣਵਾਦ ਦੇ ਪੁਜਾਰੀ ਤੇ ਪ੍ਰਚਾਰਕ ਬਣੇ ਫਿਰਦੇ ਹਨ।
.