.

ਗੁਰਬਾਣੀ ਅਨੁਸਾਰ ਸਾਡਾ ਜੀਵਨ ਮਨੋਰਥ

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥2॥ (ਗੁਰੂ ਗ੍ਰੰਥ ਸਾਹਿਬ, ਪੰਨਾ 450)

ਕੋਈ ਭੀ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਨੂੰ ਦੁਨੀਆਂ ਦੀ ਕੋਈ ਖਬਰ ਨਹੀਂ ਹੁੰਦੀ। ਉਸ ਦੀਆਂ ਲੋੜ੍ਹਾਂ ਬਹੁਤ ਸੀਮਤ ਹੁੰਦੀਆਂ ਹਨ। ਪਹਿਲਾਂ ਪਹਿਲਾ ਉਹ ਸਿਰਫ ਮਾਂ ਦੇ ਦੁੱਧ ਤੇ ਹੀ ਗੁਜਾਰਾ ਕਰਦਾ ਹੈ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ, ਉਹ ਰੋਟੀ ਅਤੇ ਹੋਰ ਪਦਾਰਥ ਖਾਣ ਪੀਣ ਲੱਗ ਜਾਂਦਾ ਹੈ। ਰੁੜਣ ਤੋਂ ਬਾਅਦ ਇਹ ਫਿਰ ਖੇਡਣਾ ਸ਼ੁਰਗੂ ਕਰ ਦੇਂਦਾ ਹੈ। ਨਵੇਂ-ਨਵੇਂ ਖਿਡਾਉਣੇ, ਵਨੇਂ-ਨਵੇਂ ਕੱਪੜੇ ਇਸ ਨੂੰ ਚਾਹੀਦੇ ਹਨ। ਇਸ ਤਰ੍ਹਾਂ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਦੀਆਂ ਸਰੀਰਕ, ਮਾਨਸਿਕ ਅਤੇ ਸੰਸਾਰਿਕ ਲੋੜ੍ਹਾਂ ਵਧਦੀਆਂ, ਘਟਦੀਆਂ ਅਤੇ ਬਦਲਦੀਆਂ ਰਹਿੰਦੀਆਂ ਹਨ। ਬਚਪਨ ਤੋਂ ਜਵਾਨੀ ਅਤੇ ਜਵਾਨੀ ਤੋਂ ਬੁਢੇਪਾ ਆ ਜਾਂਦਾ ਹੈ। ਜਵਾਨੀ ਅਤੇ ਬੁਢੇਪੇ ਦੀਆਂ ਲੋੜ੍ਹਾਂ ਬਚਪਨ ਦੀਆਂ ਲੋੜ੍ਹਾਂ ਨਾਲੋਂ ਵੱਖਰੀਆਂ ਹਨ। ਬੁਢੇਪੇ ਤੋਂ ਬਾਅਦ ਮੌਤ ਆ ਜਾਂਦੀ ਹੈ। ਇਸ ਤਰ੍ਹਾਂ ਇਹ ਜੀਵਨ ਬੀਤ ਜਾਂਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਨੁੱਖ ਜੀਵਨ ਦਾ ਨਕਸ਼ਾ ਇਸ ਤਰ੍ਹਾਂ ਖਿਚਦੇ ਹਨ:

ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥2॥

(ਗੁਰੂ ਗ੍ਰੰਥ ਸਾਹਿਬ, ਪੰਨਾ 137-38)

ਅਤੇ

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥3॥

(ਗੁਰੂ ਗ੍ਰੰਥ ਸਾਹਿਬ, ਪੰਨਾ 138)

ਅਤੇ

ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥1॥ ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, 479)

ਇਸ ਤਰ੍ਹਾਂ ਸੰਸਾਰ ਵਿਚ ਮਨੁੱਖ, ਜੀਵ, ਜੰਤੂ, ਪੰਛੀ ਆਦਿ ਅਤ ਅਤੇ ਜਾ ਰਹੇ ਹਨ। ਕੋਈ ਪ੍ਰਾਣੀ ਕਹਿੰਦਾ ਹੈ ਕਿ ਮੈਂ ਡਾਕਟਰ ਬਣਨਾ ਹੈ, ਕੋਈ ਇੰਜੀਨੀਅਰ, ਕੋਈ ਕਿਰਸਾਨ ਅਤੇ ਕੋਈ ਹੋਰ ਕੁਝ ਆਦਿ। ਪਰ ਧਰਮ ਦੀ ਜ਼ਿੰਦਗੀ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ। ਇਸ ਲੇਖ ਰਾਹੀਂ ਅੱਜ ਅਸੀਂ ਦੇਖਣਾ ਹੈ ਕਿ ਮਨੁੱਖੀ ਜੀਵਨ ਦਾ ਮਨੋਰਥ ਕੀ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਹ ਜਨਮ ਦੁਲੱਭ ਹੈ, ਇਸ ਦਾ ਮੁੱਖ ਮਕਸਦ ਪ੍ਰਭੂ ਦੀ ਪ੍ਰਾਪਤੀ ਹੈ।

ਪ੍ਰਸ਼ਨ: ਪ੍ਰਭੂ ਦੀ ਪ੍ਰਾਪਤੀ ਇਸ ਤਰ੍ਹਾਂ ਹੋ ਸਕਦੀ ਹੈ?

ਉੱਤਰ: ਸਿਰਫ ਤੇ ਸਿਰਫ ਪੂਰੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕੇ ਅਤੇ ਪ੍ਰਭੁ ਦੀ ਸਿਫਤ ਸਲਾਹ ਕਰਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰੇ ਗੁਰੂ ਹਨ। ਅਸੀਂ ਖੰਡੇ ਦੀ ਪਹੁਲ ਪੰਜਾਂ ਪਿਆਰਿਆਂ ਤੋਂ ਲੈਕੇ ਗੁਰੂ ਵਾਲੇ ਬਣਨਾ ਹੈ। ਗੁਰੂ ਮੰਤਰ ‘ਵਾਹਿਗੁਰੂ’ ਦਾ ਜਾਪ, ਗੁਰਬਾਣੀ ਓਟ ਆਸਰਾ ਲੈਕੇ ਉਸ ਮੁਤਬਿਕ ਆਪਣੀ ਜ਼ਿਦਗੀ ਬਿਤਾਉਣੀ ਹੈ ਅਤੇ ਇਸ ਦੇਹੀ ਨੂੰ ਸਫਲ ਬਣਾਉਣਾ ਹੈ।

ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 932)

ਗੁਰੂ ਪਾਤਸ਼ਾਹ ਦੱਸਦੇ ਹਨ ਕਿ ਹੇ ਪ੍ਰਾਣੀ ਤੂੰ ਜਿੰਨੀ ਮਰਜ਼ੀ ਧੰਨ ਦੌਲਤ ਦੀ ਕਮਾਈ ਕਰ ਪਰ ਕਰੀਂ ਧਰਮ ਦੀ, ਜਿੰਨੀ ਮਰਜ਼ੀ ਪੜ੍ਹਾਈ ਕਰ, ਉੱਚੀ ਤੋਂ ਉੱਚੀ ਸੰਸਾਰਿਕ ਪਦਵੀ ਹਾਸਲ ਕਰ ਪਰ ਨਾਲ ਹੀ ਨਾਲ ਉਸ ਪ੍ਰਭੂ ਨੂੰ ਯਾਦ ਰੱਖ ਅਤੇ ਉਸ ਦਾ ਸ਼ੁਕਰਾਨਾ ਕਰ। ਪ੍ਰਭੂ ਨੂੰ ਵਿਸਾਰ ਕੇ ਤੇਰਾ ਜੀਵਨ ਸਫਲ ਨਹੀਂ ਹੋਵੇਗਾ। ਤੂੰ ਭਟਕ ਜਾਵੇਂਗਾ ਅਤੇ ਜਨਮ ਮਰਨ ਦੇ ਚੱਕਰ ਵਿਚ ਪਿਆ ਰਹੇਗਾ। ਕਿਉਂਕਿ:

ਜੋ ਪ੍ਰਾਣੀ ਗੋਵਿੰਦੁ ਧਿਆਵੈ ॥ ਪੜਿਆ ਅਣਪੜਿਆ ਪਰਮ ਗਤਿ ਪਾਵੈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 197)

ਪ੍ਰਸ਼ਨ: ਮਨੁੱਖ ਜ਼ਿੰਦਗੀ ਕਿਸ ਵਾਸਤੇ ਪ੍ਰਾਪਤ ਹੋਈ ਹੈ?

ਉੱਤਰ:

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥1॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥1॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥2॥4॥

(ਗੁਰੂ ਗ੍ਰੰਥ ਸਾਹਿਬ, ਪੰਨਾ 12)

ਅਤੇ

ਭਜਹੁ ਗੋਬਿੰਦ ਭੂਲਿ ਮਤ ਜਾਹੁ ॥

ਮਾਨਸ ਜਨਮ ਕਾ ਏਹੀ ਲਾਹੁ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1159)

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 43)

ਪਰ ਅਸੀਂ ਕੀ ਕਰਦੇ ਹਾਂ:

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 156)

ਨਾਮੁ ਨ ਜਾਨਿਆ ਰਾਮ ਕਾ ॥

ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 156)

ਅਸੀਂ ਤਾਂ ਕਹਿ ਛੱਡਦੇ ਹਾਂ ਕਿ ਇਹ ਜੱਗ ਮਿੱਠਾ ਅੱਗੇ ਕਿਸ ਡਿੱਠਾ॥ ਪਰ ਇਹ ਜ਼ਿੰਦਗੀ ਦਾ ਅਸੂਲ ਨਹੀਂ। ਅਕਾਲ ਪੁਰਖ ਨੂੰ ਭੁੱਲ ਜਾਣਾ ਤਾਂ ਆਤਮਘਾਤ ਦੇ ਬਰਾਬਰ ਹੈ:

ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥1॥

(ਗੁਰੂ ਗ੍ਰੰਥ ਸਾਹਿਬ, ਪੰਨਾ 188)

ਹੇ ਪ੍ਰਾਣੀ! ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦੇ ਚੱਕਰ ਕੱਡ ਕੇ ਤੈਨੂੰ ਇਹ ਮਨੁੱਖਾ ਦੇਪ ਪ੍ਰਾਪਤ ਹੋਈ ਹੈ। ਇਹ ਮੌਕਾ ਹੁਣ ਪ੍ਰਮਾਤਮਾ ਨੂੰ ਮਿਲਣ ਦਾ ਹੈ। ਇਸ ਲਈ ਤੂੰ ਕੇਵਲ ਪ੍ਰਭੂ ਨੂੰ ਹੀ ਯਾਦ ਕਰ। ਤੂੰ ਹੋਰ ਕਿਸੇ ਦੇਵੀ, ਸਮਾਧ ਜਾਂ ਦੇਵਤੇ, ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ। ਪਸ਼ੂ ਪੰਛੀ ਆਦਿ ਭਾਣੇ ਅੰਦਰ ਜੂਨਾ ਭੋਗ ਰਹੇ ਹਨ। ਤੇਰੇ ਕੋਲ ਸਮਝ ਹੋਣ ਦੇ ਬਾਵਜੂਦ ਤੂੰ ਭਾਣੇ ਇਵ ਨਹੀਂ ਆਉਂਦਾ। ਇਸ ਜੀਵਨ ਮੌਕੇ ਦਾ ਲਾਹਾ ਲੈ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਆਰੇਰੀ ਵਿਚ ਦੱਸਦੇ ਹਨ:

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥1॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥1॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥2॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥3॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥4॥

(ਗੁਰੂ ਗ੍ਰੰਥ ਸਾਹਿਬ, ਪੰਨਾ 176)

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜਿਹੜੇ ਪ੍ਰਾਣੀ ਪੂਰਨ ਗੁਰੂ ਨਹੀਂ ਧਾਰਦੇ ਉਨ੍ਹਾਂ ਦਾ ਜੀਵਨ ਧ੍ਰਿਗ ਹੈ। ਕਿਸੇ ਨੂੰ ਸੌ ਵਾਰੀ ਫਿਟਕਾਰ ਪਾਉਣੀ ਹੋਵੇ ਤਾਂ ਉਸ ਨੂੰ ‘ਧ੍ਰਿਗ’ ਕਿਹਾ ਜਾਂਦਾ ਹੈ। ਗੁਰ ਵਾਕ ਹੈ -

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥

(ਗੁਰੂ ਗ੍ਰੰਥ ਸਾਹਿਬ, ਪੰਨਾ 10)

ਪਰ ਉਹ ਧੰਨ ਹਨ ਜੋ ਸਤ ਸੰਗਤ ਕਰਦੇ ਹਨ:

ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥

(ਗੁਰੂ ਗ੍ਰੰਥ ਸਾਹਿਬ, ਪੰਨਾ 10)

ਅਤੇ

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥

(ਗੁਰੂ ਗ੍ਰੰਥ ਸਾਹਿਬ, ਪੰਨਾ 554)

ਸਾਡਾ ਪਾਰ ਉਤਾਰਾ ਤਾਂ ਸਾਧ ਸੰਗਤਿ ਵਿਚ ਆ ਕੇ ਅਕਾਲ ਪੁਰਖ ਦਾ ਨਾਮ ਜਪਣ, ਧਰਮ ਦੀ ਕਮਾਈ ਕਰਕੇ ਅਤੇ ਵੰਡ ਕੇ ਛੱਕਣ ਨਾਲ ਹੀ ਹੋਣਾ ਹੈ।

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1245)

ਅਤੇ

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥ ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥ ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥ ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1245)

ਹੇ ਪ੍ਰਾਣੀ! ਤੈਨੂੰ ਘਰ ਬਾਰ ਛੱਡਣ ਦੀ ਜ਼ਰੂਰਤ ਨਹੀਂ। ਗ੍ਰਹਿਸਤ ਵਿਚ ਰਹਿੰਦਾ ਹੋਇਆ ਧਰਮ ਦੀ ਕ੍ਰਿਤ ਕਰਦਾ ਹੋਇਆ, ਉਹ ਧਰਮ ਦੀ ਕ੍ਰਿਤ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਾ ਹੋਇਆ ਅਤੇ ਨਾਮ ਜਪਦਾ ਹੋਇਆ ਤੂੰ ਅਕਾਲ ਪੁਰਖ ਨਾਲ ਅਭੇਦ ਹੋ ਸਕਦਾ ਹੈਂ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥

(ਗੁਰੂ ਗ੍ਰੰਥ ਸਾਹਿਬ, ਪੰਨਾ 522)

ਅਤੇ

ਸਤਿਗੁਰ ਕੀ ਐਸੀ ਵਡਿਆਈ ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 661)

ਸੋ ਤੂੰ ਧਰਮ ਦੀ ਕਮਾਈ ਕਰਦਾ ਹੋਇਆ ਗ੍ਰਹਿਸਤ ਵਿਚ ਰਹਿੰਦਾ ਹੋਇਆ, ਸੰਸਾਰਕ ਪਦਵੀਆਂ ਪ੍ਰਾਪਤ ਕਰਦਾ ਹੋਇਆ ਕੁਝ ਸਮਾਂ ਪ੍ਰਭੂ ਭਗਤੀ ਵਾਸਤੇ ਭੀ ਕੱਢ ਅਤੇ ਆਪਣਾ ਜੀਵਨ ਸਫਲਾ ਕਰ। ਆਪ ਜਪ ਅਤੇ ਹੋਰਾਂ ਨੂੰ ਪ੍ਰੇਰ। ਇਸ ਤਰ੍ਹਾਂ ਲੋਕ ਅਤੇ ਪ੍ਰਲੋਕ ਸੁਹੇਲੇ ਹੋ ਜਾਣਗੇ ਅਤੇ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਚੜ੍ਹੇਗਾ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 306)

ਆਮ ਕਰਕੇ ਦੇਖਿਆ ਜਾਂਦਾ ਹੈ ਕਿ ਅਸੀਂ ਧਰਮੀ ਬਾਣਾ ਭੀ ਪਾਇਆ ਹੁੰਦਾ ਹੈ, ਧਰਮ ਦੀ ਗੱਲ ਵੀ ਕਰਦੇ ਹਾਂ। ਬਾਣੀ ਫੜਦੇ, ਗਾਉਂਦੇ ਅਤੇ ਸੁਣਦੇ ਭੀ ਹਾਂ। ਪਰ ਸਾਡੇ ਜੀਵਨ ਵਿਚ ਧਰਮ ਦੀ ਖੁਸ਼ਬੋ ਨਹੀਂ ਆਉਂਦੀ। ਵੈਰ ਵਿਰੋਧ, ਨਿੰਦਾ ਚੁਗਲੀ, ਠੱਗੀ-ਠੋਰੀ, ਹੇਰਾ-ਫੇਰੀ, ਝੂਠ ਆਦਿ ਫਿਰ ਭੀ ਪ੍ਰਧਾਨ ਰਹਿੰਦੇ ਹਨ। ਕਿਉਂ? ਇਸ ਲਈ ਕੀ ਅਸੀਂ ਬਾਣੀ ਨੂੰ ਪੜ੍ਹਨ ਸੁਣਨ ਤੱਕ ਹੀ ਸੀਮਤ ਰੱਖਦੇ ਹਾਂ। ਸਮਝ ਕੇ ਆਪਣੀ ਜ਼ਿੰਦਗੀ ਨੂੰ ਉਸ ਮੁਤਾਬਿਕ ਨਹੀਂ ਢਾਲਦੇ। ਗੁਰੂ ਸਾਨੂੰ ਸੁਮਤ ਬਖਸ਼ੇ। ਅਸੀਂ ਗੱਲਾਂ ਤੱਕ ਹੀ ਨਾ ਸੀਮਤ ਰਹੀਏ। ਗੁਰਬਾਣੀ ਨੂੰ ਸਮਜੀਏ ਅਤੇ ਉਸ ਮੁਤਾਬਕ ਆਪਣਾ ਜੀਵਨ ਢਾਲ ਕੇ ਜ਼ਿੰਦਗੀ ਬਤੀਤ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਅਸਟ੍ਰੇਲੀਆ
.