.

ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ `ਤੇ ਵਿਸ਼ੇਸ਼

ਬਟਾਲੇ ਦੀ ਕੰਧ ਤੋਂ ਸਰਹਿੰਦ ਦੀ ਦੀਵਾਰ ਤਕ ਦਾ ਸਘੰਰਸ਼ਮਈ ਖ਼ੂਨੀ ਸਫ਼ਰ

ਕੰਧ` ਤੇ ‘ਦੀਵਾਰ` ਭਾਸ਼ਾਈ ਦ੍ਰਿਸ਼ਟੀਕੋਨ ਤਾਂ ਭਾਵੇਂ ਸਮਾਨਰਥਕ ਲਫ਼ਜ਼ ਜਾਪਦੇ ਹਨ; ਪਰ ਦਾਰਸ਼ਨਿਕ ਦ੍ਰਿਸ਼ਟੀਕੋਨ ਤੋਂ ਇਨ੍ਹਾਂ ਵਿੱਚ ਜ਼ਿਮੀ ਅਸਮਾਨ ਦਾ ਫ਼ਰਕ ਹੈ। ਪੰਜਾਬੀ ਦਾ ਲਫ਼ਜ਼ ‘ਕੰਧ` ਸੰਸਕ੍ਰਿਤ ਦੇ ਲਫ਼ਜ਼ ‘ਕੰਧਰ` ਤੋਂ ਬਣਿਆ ਹੈ ਅਤੇ ‘ਦੀਵਾਰ` ਫ਼ਾਰਸੀ ਦੇ ਲਫ਼ਜ਼ ‘ਦੀਵਾਲ` ਦਾ ਪ੍ਰਾਕ੍ਰਿਤ ਰੂਪ ਹੈ। ‘ਕੰਧ` ਵਿੱਚੋਂ ਧੁਨੀ ਸੁਣਾਈ ਦੇ ਰਹੀ ਹੈ ਅਨਮੱਤੀਆਂ ਨੂੰ ਮਲੇਛ ਕਹਿਣ ਵਾਲੇ ਤ੍ਰੈਗੁਣੀ ਵੇਦ ਦੀ ਅਤੇ ‘ਦੀਵਾਰ` ਵਿੱਚੋਂ ਅਜਾਨ ਉੱਠ ਰਹੀ ਅਨਮੱਤੀਆਂ ਨੂੰ ਕਾਫ਼ਰ ਕਹਿਣ ਵਾਲੇ ਸ਼ਰਈ ਕਿਤੇਬ ਦੀ। ਬਟਾਲੇ ਦੀ ਕੱਚੀ ‘ਕੰਧ` ਪਿੱਛੇ ਲੁਕਿਆ ਹੈ ਕੁਟਿਲ ਪੁਜਾਰੀ ਬ੍ਰਾਹਮਣ, ਜਿਹੜਾ ਗੁਰੂ ਨਾਨਕ ਨੂੰ ਕੰਧ ਹੇਠ ਦਬਾ ਕੇ ਉਸ ਦੀ ਸਮਾਜ ਸੁਧਾਰਕ ਇਨਕਲਾਬੀ ਅਵਾਜ਼ ਨੂੰ ਸਦਾ ਲਈ ਬੰਦ ਕਰਨਾ ਚਹੁੰਦਾ ਹੈ। ਸਰਹਿੰਦ ਦੀ ਪੱਕੀ ਦੀਵਾਰ ਪਿੱਛੇ ਖੜਾ ਹੈ ਸੱਤਾਧਾਰੀ ਕਾਜ਼ੀ ਮੁੱਲਾਂ, ਜਿਹੜਾ ਗੁਰੂ ਨਾਨਕ-ਜੋਤੀ ਦੇ ਮਘਦੇ ਆਖ਼ਰੀ ਦੋ ਸਿੱਖੀ ਚੰਗਿਆੜਿਆਂ ਨੂੰ ਦੀਵਾਰ ਵਿੱਚ ਚਿਣ ਕੇ ਸਦਾ ਲਈ ਬਝਾਉਣਾ ਚਹੁੰਦਾ ਹੈ। ਸਪਸ਼ਟ ਹੈ ਉਸ ਸਮੇਂ ਦਾ ਪੁਜਾਰੀਵਰਗ ਹਾਕਮ ਸ਼੍ਰੇਣੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼, ਵੰਸ਼ ਅਤੇ ਵਿਚਾਰਧਾਰਾ ਦਾ ਮੂਲ ਬੀਜ ਨਾਸ਼ ਕਰਨਾ ਚਹੁੰਦਾ ਹੈ। ਕਿਉਂਕਿ, ਗੁਰਬਾਣੀ ਤਾਂ ਉਸ ਨੂੰ ਪ੍ਰੋਹਤਵਾਦੀ ਬਿਪਰਨ ਕੀ ਰੀਤ ਅਤੇ ਰਾਜਨੀਤਕ ਧਿਙਾਂਜ਼ੋਰੀ ਤੇ ਅਨਿਆ ਦਾ ਖ਼ਿਲਾਫ਼ ਇੱਕ ਬਗਾਵਤ ਜਾਪਦੀ ਹੈ।

ਬਟਾਲਾ (ਜ਼ਿਲਾ ਗੁਰਦਾਸਪੁਰ) ਨਗਰ ਹੈ ਸਿੱਖੀ ਜੀਵਨ-ਜਾਚ (ਸਿੱਖ ਧਰਮ) ਦੇ ਮੋਢੀ ਜਗਤ-ਗੁਰ ਬਾਬੇ ਨਾਨਕ ਦੇ ਸਹੁਰਿਆਂ ਦਾ, ਜਿਸ ਨੂੰ ਆਮ ਬੋਲ-ਚਾਲ ਵਿੱਚ ‘ਵਟਾਲਾ` ਵੀ ਆਖਿਆ ਜਾਂਦਾ ਹੈ। ਇਥੇ ਦੋ ਇਤਿਹਾਸਕ ਯਾਦਗਰੀ ਗੁਰਸਥਾਨ ਹਨ। ਇੱਕ ਹੈ ‘ਗੁਰਦੁਆਰਾ ਕੱਚੀ ਕੰਧ` (ਕੰਧ ਸਾਹਿਬ)। ਇਹ ਉਹ ਅਸਥਾਨ ਹੈ, ਜਿਥੇ ਬਾਬੇ ਨਾਨਕ ਦੀ ਬਰਾਤ ਦਾ ਡੇਰਾ ਕਰਵਾਇਆ ਸੀ। ਉਸ ਸਮੇਂ ਦੀ ਕੱਚੀ ਕੰਧ ਵੀ ਮਜੂਦ ਹੈ, ਲਾਵਾਂ ਹੋਣ ਉਪਰੰਤ ਜਿਸ ਦੇ ਬਿਲਕੁਲ ਨੇੜੇ ਲਾੜੇ ਦੇ ਰੂਪ ਵਿੱਚ ਬਾਬਾ ਜੀ ਨੂੰ ਵਿਸ਼ੇਸ਼ ਤੌਰ `ਤੇ ਪਲੰਘੇ ਬੈਠਾਇਆ ਗਿਆ ਸੀ। ਤੇ ਦੂਜਾ ਹੈ ‘ਗੁਰਦੁਆਰਾ ਡੇਹਰਾ ਸਾਹਿਬ`, ਜਿਥੇ ਗੁਰੂ ਬਾਬੇ ਦਾ ਵਿਆਹ (ਅਨੰਦ ਕਾਰਜ) ਹੋਇਆ ਸੀ। ਬ੍ਰਾਹਮਣ ਪੁਜਾਰੀ ਤਾਂ ਉਸ ਵੇਲੇ ਤੋਂ ਹੀ ਬਾਬੇ ਨਾਨਕ ਤੋਂ ਬੜੇ ਔਖੇ ਸਨ, ਜਦੋਂ ਤੋਂ ਰਾਇਭੋਏ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਭਰੀ ਸਭਾ ਵਿੱਚ ਉਨ੍ਹਾਂ ਨੇ ੯ ਸਾਲ ਦੀ ਉਮਰੇ ਇਹ ਕਹਿ ਕੇ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਸਮਾਜ ਵਿੱਚ ਊਚ-ਨੀਚ ਦੀ ਵੰਡੀਆਂ ਪਉਂਦਾ ਹੈ। ਪੁਰਸ਼ ਨੂੰ ਪ੍ਰਧਾਨਗੀ ਦਿੰਦਾ ਹੋਇਆ ਇਸਤ੍ਰੀ ਸ਼ੇਣੀ ਨੂੰ ਸ਼ੂਦਰ ਦਰਸਾਉਂਦਾ ਹੈ। ਇਹੀ ਕਾਰਣ ਹੈ ਕਿ ਮੇਰੇ ਬਾਲ ਸਖਾਈ ਮਿਤ੍ਰ ਮਰਦਾਨੇ ਅਤੇ ਮੇਰੀ ਪਿਆਰੀ ਤੇ ਵੱਡੀ ਭੈਣ ਨਾਨਕੀ ਨੂੰ ਛੱਡ ਕੇ ਕੇਵਲ ਮੈਨੂੰ ਹੀ ਪਹਿਨਾਇਆ ਜਾ ਰਿਹਾ ਹੈ।

ਚੌਧਰੀ ਰਾਇ ਬੁਲਾਰ ਦੇ ਵਜ਼ੀਰ (ਮਹਿਤਾ) ਬਾਬਾ ਕਾਲੂ ਜੀ ਵਰਗੇ ਧਨੀ ਤੇ ਵਿਦਵਾਨ ਖਤ੍ਰੀ ਯਜਮਾਨ ਦੇ ਘਰੋਂ ਬਿਪਰਵਾਦ ਦੇ ਖ਼ਿਲਾਫ਼ ਇੱਹ ਇੱਕ ਬਹੁਤ ਵੱਡੀ ਬਗਾਵਤ ਸੀ ਕਿ ਮੈਂ ਨਹੀਂ ਮੰਨਦਾ ਬ੍ਰਾਹਮਣ ਨੂੰ ਗੁਰੂ। ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ "ਕਬੀਰ! ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ"।। {ਗੁਰੂ ਗ੍ਰੰਥ. ੧੩੭੭} ਪ੍ਰੋਹਿਤ ਬ੍ਰਾਹਮਣ ਲਈ ੬ ਸਾਲ ਬਾਦ ਬਟਾਲੇ ਫਿਰ ਮੌਕਾ ਆ ਬਣਿਆ। ਜਦੋਂ ਉਹ ਚਹੁੰਦਾ ਸੀ ਕਿ ਵਿਆਹ ਦੀ ਵੇਦੀ ਗੱਡ ਕੇ ਬਾਬੇ ਨਾਨਕ ਕੋਲੋਂ ਲਾਵਾਂ ਦੇ ਬਹਾਨੇ ਅਗਨੀ ਦੇਵਤੇ ਦੀ ਪੂਜਾ ਤੇ ਪ੍ਰਕਰਮਾ ਕਰਵਾ ਕੇ ਆਪਣਾ ਚੇਲਾ ਸਿੱਧ ਕੀਤਾ ਜਾ ਸਕੇ। ਇਤਿਹਾਸ ਗਵਾਹ ਹੈ ਕਿ ਇਥੇ ਵੀ ਪੁਰੋਹਤ ਬ੍ਰਾਹਮਣ ਨੂੰ ਮੂੰਹ ਦੀ ਖਾਣੀ ਪਈ। ਕਿਉਂਕਿ ਗੁਰੂ ਬਾਬੇ ਨੇ ਹਵਨ ਦੀ ਵੇਦੀ ਦੁਆਲੇ ਪ੍ਰਕਰਮਾ ਕਰਕੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਮੇਹਰਬਾਨ ਦੀ ਜਨਮ ਸਾਖੀ ਵੀ ਇਸ ਹਕੀਕਤ ਦੀ ਗਵਾਹੀ ਭਰਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ ਅਤੇ ਨਿਰੋਲ ਕੀਰਤਨ ਹੀ ਹੋਇਆ।

ਰਾਮਾਇਣ ਮੁਤਾਬਿਕ ਜਦੋਂ ‘ਮਰਯਾਦਾ ਪ੍ਰਸ਼ੋਤਮ` ਸ਼੍ਰੀ ਰਾਮ ਦੀ ਸ਼ਾਦੀ ਹੋਈ ਤਾਂ ਹਰ ਜਾਤ ਵਾਲੇ ਨੂੰ ਅੱਡ-ਅੱਡ ਖਾਣਾ ਖੁਆਇਆ ਗਿਆ ਤੇ ਵੱਖ ਵੱਖ ਅਸਥਾਨਾਂ `ਤੇ ਟਿਕਾਇਆ ਗਿਆ ਸੀ। ਤੁਲਸੀ ਜੀ ਦੀ ਲਿਖਤ ਹੈ ‘ਉਤਮ ਨੀਚ ਲਘੂ ਨਿਜ ਨਿਜ ਥਲ ਅਨੁਹਾਰਿ`। ਪਰ, ਸਾਰੀਆਂ ਜਨਮ ਸਾਖੀਆਂ ਨੇ ਇਹ ਗੱਲ ਬੜੀ ਉਚੇਚ ਨਾਲ ਲਿਖੀ ਹੈ ਕਿ ਬਾਬੇ ਦੀ ਬਰਾਤ ਵਿੱਚ ਹਰੇਕ ਜਾਤ ਦੇ ਲੋਕ ਸਨ ਅਤੇ ਲਾਵਾਂ ਪਿੱਛੋਂ ਬਾਬੇ ਨੇ ਆਪਣੇ ਸਹੁਰੇ ਚਉਣੇ ਖਤ੍ਰੀ ਭਾਈ ਮੂਲ ਚੰਦ ਜੀ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਸਾਰੇ ਇੱਕੋ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣਗੇ। ਬਾਬੇ ਦੇ ਹੱਥ ਫੜੇ ਗਿਆਨ ਹਥੌੜੇ ਦੀ ਇਹ ਇੱਕ ਹੋਰ ਵੱਡੀ ਸੱਟ ਸੀ ਉਸ ਬਿਪਰਵਾਦੀ ਕੰਧ ਨੂੰ ਤੋੜਣ ਲਈ, ਜਿਹੜੀ ਸਮਾਜ ਨੂੰ ਚੌਂਹ ਵਰਣਾ ਵਿੱਚ ਵੰਡ ਕੇ ਊਚ-ਨੀਚ ਦੇ ਵਿਤਕਰੇ ਖੜੇ ਕਰਦੀ ਸੀ।

ਬਰੀਕ-ਬੀਂ ਵਿਦਵਾਨਾਂ ਦਾ ਕਥਨ ਹੈ ਕਿ ਉਸ ਵੇਲੇ ਦੇ ਸਾਰੇ ਮੁਖੀ ਬ੍ਰਾਹਮਣਾਂ ਦੀਆਂ ਨਿਗਾਵਾਂ ਟਿਕੀਆਂ ਹੋਈਆਂ ਸਨ ਬਾਬੇ ਦੀ ਸ਼ਾਦੀ ਤੇ। ਪਰ, ਇਥੇ ਵੀ ਜਦੋਂ ਸਭ ਕੁੱਝ ਬ੍ਰਾਹਮਣੀ ਮਤ ਦੇ ਉੱਲਟ ਹੋਇਆ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਨਾਨਕ ਉੱਤੇ ਕੰਧ ਡੇਗ ਕੇ ਇਸ ਇਨਕਲਾਬੀ ਅਵਾਜ਼ ਨੂੰ ਸਦਾ ਲਈ ਬੰਦ ਕਰ ਦਿਓ। ਕਿਉਂਕਿ, ਹੁਣ ਹੋਰ ਕੋਈ ਚਾਰਾ ਨਹੀਂ। ਜੇ ਬਾਬਾ ਜ਼ਿੰਦਾ ਰਹਿ ਗਿਆ ਤਾਂ ਇਹ ਬ੍ਰਾਹਮਣੀ ਮੱਤ ਦੀਆਂ ਜੜ੍ਹਾ ਕੱਟ ਦਏਗਾ। ਅਸਲ ਵਿੱਚ ਇਹੀ ਕੁਟਿਲ ਕਾਰਨ ਸੀ ਬਾਬੇ ਨੂੰ ਕਲਰ ਖਾਧੀ ਕੱਚੀ ਕੰਧ ਨੇੜੇ ਪਲੰਘੇ ਬਠੌਣ ਦੀ ਸਮਾਜਿਕ ਰਸਮ ਅਦਾ ਕਰਨ ਦਾ। ਸਕੀਮ ਸੀ ਕਿ ਮੁੰਡੇ ਕੁੜੀਆਂ ਕੋਲੋਂ ਮਖੌਲ-ਬਾਜ਼ੀ ਵਿੱਚ ਧੱਕਾ ਮਰਵਾ ਕੇ ਕੰਧ ਸੁੱਟਵਾ ਦਿਆਂਗੇ ਤੇ ਬਾਬਾ ਉਸ ਦੇ ਥਲੇ ਦੱਬ ਕੇ ਮਰ ਜਾਏਗਾ। ਇਸ ਤਰ੍ਹਾਂ ਕਿਸੇ ਦਾ ਨਾਂ ਵੀ ਨਾ ਲੱਗੇਗਾ। ਪਰ ਬਾਬੇ ਨੂੰ ਭੇਜਣ ਵਾਲੇ ਮਾਲਕ ਅਕਾਲਪੁਰਖ ਨੂੰ ਅਜਿਹਾ ਨਹੀਂ ਸੀ ਭਾਉਂਦਾ। ਇਹੀ ਕਾਰਣ ਹੈ ਕਿ "ਜਿਸੁ ਤੂੰ ਰਖਹਿ ਹਥ ਦੇ, ਤਿਸੁ ਮਾਰਿ ਨ ਸਕੈ ਕੋਇ।। " {ਗੁਰੂ ਗ੍ਰੰਥ. ੪੩} ਦਾ ਇਲਾਹੀ ਨਗਮਾ ਗਾਉਣ ਵਾਲਾ ਬਾਬਾ ਉਥੋਂ ਵੀ ਬਚ ਨਿਕਲਿਆ ਤੇ ਹੋਰ ਵੀ ਬੁਲੰਦ ਅਵਾਜ਼ ਵਿੱਚ ਬੋਲਿਆ –

ਸੱਚ ਦੀ ਅਵਾਜ਼ ਨੂੰ ਦਬਾਉਣਾ ਇੱਕ ਹੋਸ਼ਾਪਣ ਹੈ। ਇਹ ਕੱਚੇ ਵਿਅਕਤੀਆਂ ਦਾ ਇੱਕ ਕੱਚਾ ਯਤਨ ਹੈ। ਉਨ੍ਹਾਂ ਨੂੰ ਸੋਝੀ ਨਹੀਂ ਅਜਿਹਾ ਕੱਚਾਪਣ ਸਦਾ ਕਾਇਮ ਰਹਿਣ ਵਾਲੇ ਅਕਾਲਪੁਰਖ ਨੂੰ ਨਹੀਂ ਭਾਉਂਦਾ। "ਆਪੇ ਸਚੁ ਭਾਵੈ ਤਿਸੁ ਸਚੁ।। ਅੰਧਾ ਕਚਾ ਕਚੁ ਨਿਕਚੁ।। " {ਗੁਰੂ ਗ੍ਰੰਥ. ੨੫} ਪਰ, ਇਨ੍ਹਾਂ ਦੇ ਵੀ ਕੀ ਵੱਸ, ਜੇ ਜੀਵਨ ਉਸਾਰੀ ਕਰਨ ਵਾਲਾ ਮਨ ਰੂਪ ਰਾਜ-ਮਿਸਤ੍ਰੀ ਕੱਚਾ ਹੋਵੇ ਤਾਂ ਉਸ ਮਨੁੱਖ ਦੀ ਜੀਵਨ ਉਸਾਰੀ ਵੀ ਕੱਚੀ ਹੀ ਰਹਿ ਜਾਂਦੀ ਹੈ। ਫਿਰ ਉਸ ਵਿੱਚ ਹਿੰਮਤ ਨਹੀਂ ਰਹਿਦੀ ਕਿ ਉਹ ਆਪਣੇ ਆਲੇ ਦੁਆਲੇ ਦੀਆਂ ਉਨ੍ਹਾਂ ਕੰਧਾਂ ਨੂੰ ਤੋੜਣ ਲਈ ਹੰਭਲਾ ਮਾਰੇ, ਜਿਹੜੀਆਂ ਸਮਾਜ-ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਬੰਧਨ ਬਣ ਰਹੀਆਂ ਹਨ। ਸਗੋਂ ਉਹ ਤਾਂ ਬ੍ਰਾਹਮਣ ਪੁਜਾਰੀਆਂ ਵਾਂਗ ਆਪਣੇ ਆਪ ਨੂੰ ਸੁਰਖਿਅਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ:

ਕਚੀ ਕੰਧ, ਕਚਾ ਵਿਚਿ ਰਾਜੁ।। ਮਤਿ ਅਲੂਣੀ, ਫਿਕਾ ਸਾਦੁ।।

ਨਾਨਕ! ਆਣੇ ਆਵੈ ਰਾਸਿ।। ਵਿਣੁ ਨਾਵੈ, ਨਾਹੀ ਸਾਬਾਸਿ।। {ਗੁਰੂ ਗ੍ਰੰਥ. ੨੫}

ਬਟਾਲੇ (ਵਟਾਲੇ) ਦੇ ਦੱਖਣ ਵੱਲ ੨ ਕੋਹ ਦੀ ਦੂਰੀ `ਤੇ ‘ਅਚਲ` ਪਿੰਡ ਵਿਖੇ ਜੋਗੀਆਂ ਦੇ ਇਸ਼ਟ ਮੰਨੇ ਜਾਂਦੇ ਮਹਾਂਦੇਵ (ਸ਼ਿਵ) ਦਾ ਮੰਦਰ ਹੈ। ਦੋਹਾਂ ਨਗਰਾਂ ਦੀ ਹੱਦਬੰਦੀ ਨੇੜਤਾ ਕਾਰਨ ਪਿੰਡ ‘ਅਚਲ` ਨੂੰ ਵਟਾਲੇ ਨਾਲ ਜੋੜ ਕੇ ਅਚਲ-ਵਟਾਲਾ ਵੀ ਆਖਿਆ ਜਾਂਦਾ ਹੈ। ਇਥੇ ਪ੍ਰਾਚੀਨ ਕਾਲ ਤੋਂ ਹਰ ਸਾਲ ਸ਼ਿਵਰਾਤ੍ਰੀ ਦੇ ਮੇਲੇ `ਤੇ ਸਿੱਧ ਜੋਗੀਆਂ ਦਾ ਭਾਰੀ ਇਕੱਠ ਹੁੰਦਾ ਆ ਰਿਹਾ ਹੈ। ਇਹ ਉਹ ਇਤਿਹਾਸਕ ਸਥਾਨ ਹੈ, ਜਿਥੇ ਗੁਰੂ ਬਾਬਾ ਨਾਨਕ ਤੇ ਬ੍ਰਾਹਮਣ ਦੇ ਬਦਲਵੇਂ ਰੂਪ ਗੋਰਖ ਮਤੀ-ਜੋਗੀਆਂ ਦੀ ਬੜੀ ਭਖਵੀਂ ਵਿਚਾਰ-ਗੋਸ਼ਟੀ ਹੋਈ ਸੀ। ਤਦੇ ਹੀ ਗੁਰੂ ਕੇ ਸਮਕਾਲੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚਲੀਆਂ" ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ। {੧-੩੯} ਅਤੇ "ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ। {੧-੪੦} " ਵਰਗੀਆਂ ਤੁਕਾਂ ਉਪਰੋਕਤ ਇਤਿਹਾਸਕ ਸਚਾਈ ਦੀਆਂ ਗਵਾਹ ਹਨ। ਕਿਉਂਕਿ, ਤਿਲਕਧਾਰੀ ਬ੍ਰਾਹਮਣਾਂ ਵਾਂਗ ਉਹ ਵੀ ਪਾਖੰਡ ਪ੍ਰਹਾਰਕ ਬਾਬੇ ਦੀਆਂ ਸੱਚੀਆਂ ਗੱਲਾਂ ਤੋਂ ਬੜੇ ਦੁਖੀ ਸਨ। ਹਿਮਾਲਾ (ਸੁਮੇਰ) ਪ੍ਰਬਤ ਤੋਂ ਗੋਰਖਮਤੇ ਤਕ ਸਭ ਥਾਈਂ ਉਨ੍ਹਾਂ ਨੂੰ ਵੀ ਗੁਰੂ ਬਾਬੇ ਅੱਗੇ ਗੋਡੇ ਟੇਕਣੇ ਪੈਂਦੇ ਆ ਰਹੇ ਸਨ। ਇਸ ਲਈ ਅਚੱਲ ਵਟਾਲੇ ਇਨ੍ਹਾਂ ਨੇ ਆਪਣੇ ਤੰਤਰ ਮੰਤਰਾਂ ਦੀ ਬਾਦਲੀ ਕੰਧ ਖੜੀ ਕਰਕੇ ਸੂਰਜ-ਵੱਤ ਗੁਰੂ ਬਾਬੇ ਨੂੰ ਛਪਾਉਣ ਲਈ ਪੂਰਾ ਟਿੱਲ ਲਾਇਆ ਸੀ। ਪਰ ਗੁਰੂ ਸ਼ਬਦ ਦੇ ਬਾਣਾ ਸਾਹਮਣੇ ਜੋਗੀਆਂ ਦੀ ਤਾਂਤਰਿਕ-ਮਤੀ ਕੰਧ ਵੀ ਢਹਿ ਢੇਰੀ ਹੋ ਗਈ। ਜੋਗੀ ਸਮਝ ਗਏ ਕਿ ਚੰਦ ਨੂੰ ਕੁਨਾਲੀ ਵਿੱਚ ਨਹੀਂ ਛਪਾਇਆ ਜਾ ਸਕਦਾ। ਭਾਈ ਸਾਹਿਬ ਲਿਖਿਆ ਹੈ –

"ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ। " {੧-੪੨}

ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ। {੧-੪੪}

ਗੁਰੂ ਬਾਬੇ ਨੇ ਸਾਰੇ ਮਤ-ਮਤਾਂਤਰਾਂ ਦੇ ਤੀਰਥ ਅਸਥਾਨਾਂ ਦਾ ਭ੍ਰਮਣ ਕਰਕੇ ਇਹ ਨਤੀਜਾ ਕੱਢਿਆ ਕਿ ਸਮਾਜਿਕ ਉਜਾੜੇ ਦਾ ਮੁਖ ਕਾਰਣ ਹੈ ਪੁਜਾਰੀ ਵਰਗ। ਜਿਨ੍ਹਾਂ ਵਿੱਚ ਸ਼ਾਮਲ ਹਨ ਬ੍ਰਾਹਮਣ, ਜੋਗੀ ਅਤੇ ਕਾਜ਼ੀ ਮੁਲਾਣਿਆਂ ਵਰਗੇ ਧਾਰਮਕ ਆਗੂ। ਪਰ, ਮੇਰਾ ਖ਼ਿਆਲ ਹੈ ਕਿ ਜੇ ਬਾਬਾ ਨਾਨਕ ਉਪਰੋਕਤ ਭਾਵਾਂ ਵਾਲੇ ਆਪਣੇ ਹੇਠ ਲਿਖੇ ਗੁਰਬਾਣੀ ਰੂਪ ਬਚਨ ਮੁੜ ਲਿਖੇ ਤਾਂ ਉਹ ਸਾਡੇ ਵਰਗੇ ਸਿੱਖ ਪੁਜਾਰੀਆਂ ਨੂੰ ਵੀ ਸ਼ਾਮਲ ਕਰੇ। ਕਿਉਂਕਿ, ਸਿੱਖੀ ਵਿੱਚ ਆਏ ਨਿਘਾਰ ਲਈ ਸਭ ਤੋਂ ਵਧ ਜ਼ਿੰਮੇਵਾਰ ਇਹੀ ਸ਼੍ਰੇਣੀ ਹੈ। ਗੁਰੂ-ਬਾਬੇ ਦੀ ਲਿਖਤ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। {ਗੁਰੂ ਗ੍ਰੰਥ. ੬੬੨}

ਬ੍ਰਾਹਮਣ ਪੁਜਾਰੀ ਤੇ ਜੋਗੀ ਜਦੋਂ ਵਿਚਾਰਧਾਰਕ ਚਰਚਾ ਵਿੱਚ ਹਰ ਥਾਂ ਹਾਰੇ ਤਾਂ ਇਨ੍ਹਾਂ ਨੇ ਨਕਸ਼ਬੰਦੀ ਫ਼ਿਰਕੇ ਦੇ ਸ਼ੇਖ ਅਹਿਮਦ ਸਰਹਿੰਦੀ ਵਰਗੇ ਮੂਲਵਾਦੀ ਕਟੜਪੰਥੀਆਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਨੂੰ ਸੀਖਿਆ ਕਿ ਤੁਸੀਂ ਇਸ ਸਮੇਂ ਰਾਜ-ਸੱਤਾ ਦੇ ਮਾਲਕ ਹੋ। ਸਾਡੀ ਗੱਲ ਤਾਂ ਛੱਡੋ ਕਿ ਨਾਨਕ ਬ੍ਰਾਹਮਣਾਂ ਨੂੰ ਜੀਵ-ਘਾਤੀ ਪਾਖੰਡੀ ਤੇ ਜੋਗੀਆਂ ਨੂੰ ਜੀਵਨ-ਜੁਗਤਿ ਤੋਂ ਅੰਨ੍ਹੇ ਦੱਸ ਰਿਹਾ ਹੈ। ਪਰ, ਉਸ ਦੀ ਦੀਦਾ ਦਲੇਰੀ ਦੇਖੋ ਕਿ ਉਹ ਕਾਜ਼ੀਆਂ ਨੂੰ ਵੀ ਮੁਆਫ਼ ਨਹੀਂ ਕਰਦਾ। ਆਖਦਾ ਹੈ ਕਿ ਉਹ ਝੂਠ ਬੋਲ ਕੇ ਮੈਲਾ ਖਾ ਰਹੇ ਹਨ। ਇਸ ਤੋਂ ਵਧ ਹੋਰ ਕੀ ਨਿਰਾਦਰ ਹੋ ਸਕਦਾ ਅਜਿਹੇ ਸਤਿਕਾਰਤ ਸ਼ਾਹੀ ਰੁਤਬੇ ਦਾ। ਸਾਡਾ ਮੰਨਣਾ ਹੈ ਕਿ ਨਾਨਕੀ-ਵਿਚਾਰਧਾਰਾ ਕੇਵਲ ਸਾਡੇ ਲਈ ਹੀ ਨਹੀਂ, ਤੁਹਾਡੇ ਲਈ ਵੀ ਚੈਲਿੰਜ ਹੈ। ਸਿੱਟੇ ਵਜੋਂ ਕਾਜ਼ੀਆਂ ਨੇ ਗੁਰੂ ਸਾਹਿਬਾਨ ਤੇ ਸਿਦਕੀ ਸਿੱਖਾਂ ਲਈ ਤੱਤੀ ਤਵੀਆਂ `ਤੇ ਲੂਹਣ, ਦੇਗਾਂ ਵਿੱਚ ਉਬਾਲਣ ਅਤੇ ਆਰਿਆਂ ਨਾਲ ਤਨ ਦੁਫਾੜ ਕਰਨ ਵਰਗੇ ਫ਼ਤਵੇ ਚਾੜ੍ਹੇ। ਲਹੌਰ ਤੋਂ ਹੁੰਦੇ ਮਾਰੂ ਹਮਲਿਆਂ ਕਾਰਨ ਛੇਵੇ ਪਾਤਸ਼ਾਹ ਨੂੰ ਜਿਵੇਂ ਸ੍ਰੀ ਅੰਮ੍ਰਿਤਸਰ ਛੱਡਣਾ ਪਿਆ, ਤਿਵੇਂ ਹੀ ਦਸਵੇਂ ਪਾਤਸ਼ਾਹ ਨੂੰ ਸਮੂਹ ਪ੍ਰਵਾਰ ਤੇ ਭੁਖਣ-ਭਾਣੇ ਜਾਂਨਸਾਰ ਸੈਂਕੜੇ ਗੁਰਸਿੱਖ ਸੈਨਕਾਂ ਸਮੇਤ ੬ ਪੋਹ ਸੰਮਤ ੧੭੬੧ (੫ ਦਸੰਬਰ ੧੭੦੪) ਦੀ ਠੰਡੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਆਖ਼ਰੀ ਅਲਵਿਦਾ ਕਹਿਣੀ ਪਈ। ਪਰ, ਕਾਲੀ ਦੁਰਗਾ ਵਾਂਗ ਹਮਲਾਵਰਾਂ ਦੀ ਖ਼ੂਨੀ ਪਿਆਸ ਫਿਰ ਵੀ ਨਾ ਬੁਝੀ।

ਜਿਥੇ ਅਸੀਂ ਖੜ੍ਹੇ ਹੁੰਦੇ ਹਾਂ, ਉਥੇ ਤਾਂ ਜ਼ਿਮੀ (ਧਰਤੀ) ਤੇ ਅਸਮਾਨ (ਅਕਾਸ਼) ਵੱਡੀ ਵਿੱਥ ਨਾਲ ਵੱਖ ਵੱਖ ਦਿੱਸਦੇ ਹਨ। ਪਰ, ਦੂਰ ਦੇਖੋ ਤਾਂ ਕਿਸੇ ਥਾਂ ਆਪਸ ਵਿੱਚ ਮਿਲਦੇ ਤੇ ਜੁੜਦੇ ਜਾਪਦੇ ਹਨ; ਭਾਵੇਂ ਕਿ ਉਹ ਸੱਚ ਨਹੀਂ ਹੁੰਦਾ। ਤਿਵੇਂ ਹੀ ਗੁਰੂ ਨਾਨਕ ਵੇਲੇ ਤਾਂ ਸੁਲਤਾਨਪੁਰ ਵਿੱਚ ਬ੍ਰਾਹਮਣ ਤੇ ਮੁੱਲਾਂ ਦਰਿਮਿਆਨ ਬੜਾ ਭਾਰੀ ਫ਼ਰਕ ਜਾਪਦਾ ਸੀ। ਉਹ ਇੱਕ ਦੂਜੇ ਨੂੰ ਕਾਫ਼ਰ ਤੇ ਮਲੇਸ਼ ਕਹਿ ਕਹਿ ਕੇ ਭੰਡਦੇ ਸਨ। ਭਾਈ ਗੁਰਦਾਸ ਜੀ ਲਿਖਿਆ ਹੈ- ਖਹਿ ਮਰਦੇ ਬਾਹਮਣ ਮਉਲਾਣੇ। ਪਰ, ਜੇ ਫ਼ਲਸਫ਼ੇ ਨੂੰ ਛੱਡ ਕੇ ਇਤਿਹਾਸ ਦੀ ਅੱਖ ਨਾਲ ਵੇਖੋ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਸ੍ਰੀ ਅਨੰਦਪੁਰ ਦੀ ਧਰਤੀ ਤੇ ਇਹ ਦੋਵੇਂ ਬਾਹਰੋਂ ਆਪਸ ਵਿੱਚ ਘਿਉ ਖਿਚੜੀ ਹੋਏ ਜਾਪਦੇ ਹਨ। ਕਾਜ਼ੀ ਕੁਰਾਣ ਨੂੰ ਹੱਥ ਵਿੱਚ ਫੜ ਕੇ ਅਤੇ ਬ੍ਰਾਹਮਣ ਥਾਲੀ ਵਿੱਚ ਮੌਲੀ ਲਪੇਟੀ ਗੀਤਾ ਤੇ ਆਟੇ ਦੀ ਗਊ ਰੱਖ ਕੇ ਦੋਵੇਂ ਹੀ ਗੁਰੂ ਜੀ ਦੇ ਸਾਹਮਣੇ ਝੂਠੀਆਂ ਕਸਮ ਖਾਂਦੇ ਹਨ। ਆਖਦੇ ਹਨ ਕੇਸਗੜ੍ਹ ਖਾਲਸਈ ਤਖ਼ਤ ਛੱਡ ਦਿਓ, ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਸਾਡੇ ਸੈਨਿਕ ਤੁਹਾਡਾ ਪਿੱਛਾ ਨਹੀਂ ਕਰਨਗੇ। ਪਰ, ਜਿਉਂ ਹੀ ਗੁਰੂ ਕਿਆਂ ਨੇ ਨਗਰੀ ਦੀ ਹੱਦ ਤੋਂ ਬਾਹਰ ਪੈਰ ਪਾਏ, ਤਿਉਂ ਹੀ ਧਰਮ ਦੀਆਂ ਕਸਮਾਂ ਖਾਣ ਵਾਲੇ ਨਾਮਰਦ ਵਾਦਾਫ਼ਰਮੋਸ਼ ਹੋ ਕੇ ਗੁਰੂ ਜੀ `ਤੇ ਭੁੱਖੇ ਬਘਿਆੜਾਂ ਵਾਂਗੂੰ ਟੁੱਟ ਪਏ।

ਤਾਹੀਓ ਤਾਂ ਬਾਬਾ ਫ਼ਰੀਦ ਦੇ ਸ਼ਰਧਾਲੂ ਕਵੀ ਅੱਲਾਯਾਰ ਖਾਂ ਨੇ ‘ਸ਼ਹੀਦਾਨਿ-ਵਫ਼ਾ` ਵਿੱਚ ਲਿਖਿਆ ਸੀ ਕਿ "ਬਦਬਖ਼ਤੋਂ ਨੇ ਜੋ ਵਾਦਾ ਕੀਆ ਥਾ ਬਿਸਰ ਗਏ। ਨਾਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ। ਗੋਬਿੰਦ ਸਿੰਘ ਕੇ ਸ਼ੇਰ ਭੀ ਫੋਰਨ ਬਿਫਰ ਗਏ। ਤਲਵਾਰੇਂ ਸੂਤ ਸੂਤ ਕੇ ਰਨ ਮੇਂ ਉੱਤਰ ਗਏ। ……ਸਤਿਗੁਰੂ ਕੇ ਗਿਰਦ, ਸੀਨੋ ਕੀ ਦੀਵਾਰ ਖੈਂਚ ਲਈ। ਸੌ ਬਾਰ ਗਿਰ ਭੀ ਗਈ, ਤੋ ਸੌ ਬਾਰ ਖੈਂਚ ਲਈ। " ਇਸ ਹਮਲੇ ਕਾਰਨ ਸਰਸਾ ਨਦੀ ਦੇ ਕੰਢੇ ਪ੍ਰਵਾਰ ਵਿਛੋੜਾ ਹੋਇਆ। ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ- "ਯੌਂ ਤਬ ਬਿਚਲ ਸਮਾਜ ਸਭ, ਗਇਓ ਗੁਰੂ ਕੋ ਐਨ। ਕਿਤ ਜਨਨੀ, ਸੁਤ ਆਪ ਕਿਤ, ਕਿਤ ਘਰਨੀ ਕਿਤ ਸੈਨ। ਪਰੀ ਬਿੱਪਤੀ ਐਸ ਤਬ, ਕੋ ਕਰ ਸਕੇ ਬਖਾਨ। ਚਿਤਵਨ ਤੈ ਛਤੀਆ ਫਟੇ, ਕਹਿ ਨਹਿਂ ਸਕਤ ਜ਼ੁਬਾਨ। " ਚਮਕੌਰ ਦੀ ਕੱਚੀ ਗੜੀ ਵਿੱਚ ਹੋਏ ਭਿਆਨਕ ਜੁੱਧ ਵਿੱਚ ਪੰਜ ਵਿੱਚੋਂ ਤਿੰਨ ਪਿਆਰਿਆਂ ਸਮੇਤ ੪੦ ਕੁ ਭੁਖਣ ਭਾਣੇ ਸਿੰਘ ਅਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (੧੯ ਸਾਲ) ਤੇ ਬਾਬਾ ਜੁਝਾਰ ਸਿੰਘ (੧੭ ਸਾਲ) ਉਨ੍ਹਾਂ ਦੀਆਂ ਅੱਖਾਂ ਸਾਹਵੇਂ ਸ਼ਹੀਦ ਹੋ ਗਏ।

ਚਮਕੌਰ ਤਕ ਪੂਜ ਮਾਤਾ ਗੁਜਰੀ ਤੇ ਛੋਟੇ ਸਾਹਿਜ਼ਾਦਿਆਂ ਦੇ ਨਾਲ ਰਹੇ ਭਾਈ ਦੁਨਾ ਸਿੰਘ ਹੰਡੂਰੀਏ ਦੀ ਲਿਖਤ ‘ਕਥਾ ਗੁਰੂ ਕੇ ਸੁਤਨ ਮੁਤਾਬਿਕ` ਚਮਕੌਰ ਤੋਂ ਸਹੇੜੀ (ਖੇੜੀ) ਦੇ ਮਸੰਦ ‘ਧੁੰਮਾ` ਤੇ ‘ਦਰਬਾਰੀ` ਪੂਜ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਏ। ਪਿੰਡ ਜਾ ਕੇ ਉਨ੍ਹਾਂ ਨੇ ਆਪਣੇ ਬ੍ਰਾਹਮਣ ਰਸੋਈਏ ਗੰਗੂ ਦੇ ਘਰ ਠਹਿਰਾਇਆ, ਜਿਸ ਨੇ ਸਰਕਾਰੀ ਇਨਾਮ ਹਾਸਲ ਕਰਨ ਦੇ ਲਾਲਚ ਤੇ ਵਿਚਾਰਧਾਰਕ ਬਦਨੀਤੀ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਦੇ ਚੌਧਰੀਆਂ ਰਾਹੀਂ ੧੧ ਪੋਹ ਸੰਮਤ ੧੭੬੧ ਮੁਤਾਬਿਕ ੨੪ ਦਸੰਬਰ ੧੭੦੪ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਕਿਉਂਕਿ, ਕਾਜ਼ੀ ਤੇ ਬ੍ਰਾਹਮਣ ਦੋਵੇਂ ਹੀ ਚਹੁੰਦੇ ਸਨ ਕਿ ਨਾਨਕੀ ਅਵਾਜ਼ ਬੁਲੰਦ ਕਰਨ ਵਾਲਾ ਰਹੇ ਹੀ ਕੋਈ ਨਾ। ਇਹੀ ਕਾਰਨ ਹੈ ਕਿ ੧੮ਵੀਂ ਸਦੀ ਵਿੱਚ ਵੀ ਬਿਪਰਵਾਦੀ ਸੋਚ ਨੇ ਹਾਕਮ ਸ਼੍ਰੇਣੀ ਦੁਆਰਾ ਭਾਈ ਮਨੀ ਸਿੰਘ ਵਰਗੇ ਗੁਰਬਾਣੀ ਦੇ ਵਿਆਖਿਆਕਾਰ ਸਿੱਖ ਵਿਦਵਾਨਾਂ ਨੂੰ ਚੁਣ ਚੁਣ ਕੇ ਮਰਵਾਇਆ। ਇਸ ਸਚਾਈ ਹੁਣ ਵੀ ਵੇਖੀ ਜਾ ਸਕਦੀ ਹੈ, ਜਦੋਂ ਸਿੱਖੀ ਬਾਣੇ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਤੱਤ-ਗੁਰਮਤਿ ਦੇ ਪ੍ਰਚਾਰਕਾਂ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਹਨ।

ਦੁੰਨਾ ਸਿੰਘ ਹੰਡੋਰੀਏ ਮੁਤਾਬਿਕ ਮੁਰਿੰਡੇ ਦੇ ਹਾਕਮ ਰੰਘੜਾਂ ਨੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ ਕੇ ਅਤੇ ਮਾਤਾ ਜੀ ਨੂੰ ਰੱਸੇ ਨਾਲ ਨਰੜ ਕੇ ਖੱਚਰਾਂ ਉੱਤੇ ਲੱਦਿਆ ਤੇ ਸੂਬਾ ਸਰਹਿੰਦ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਲਾਲਚ ਦੇ ਸਬਜ਼ਬਾਗ ਵੀ ਬਹੁਤ ਦਿਖਾਏ। ਜੋਗੀ ਜੀ ਲਿਖਿਆ ਹੈ ਕਿ ਨਵਾਬ ਵਜ਼ੀਰ ਖਾਂ ਨੇ ਆਖਿਆ- ਕਬੂਲ ਕਰੋ ਅਗਰ ਸ਼ਾਹ ਕੇ ਦੀਨ ਕੋ। ਫਿਰ ਆਸਮਾਂ ਬਨਾ ਦੂੰ ਤੁਮਾਰ੍ਹੀ ਜ਼ਮੀਨ ਕੋ। ਜੇ ਇਸਲਾਮ ਨਹੀਂ ਕਬੂਲ ਕਰਨਾ ਤਾਂ ਸਿਰ ਕਟਵਾਉਣ ਲਈ ਤਿਆਰ ਹੋ ਜਾਓ। ਹੰਡੂਰੀਏ ਦੀ ਲਿਖੀ ‘ਕਥਾ ਗੁਰੂ ਕੇ ਸੁਤਨ ਕੀ` ਅਨੁਸਾਰ ਸਾਹਿਬਜ਼ਾਦਿਆਂ ਦਾ ਇੱਕੋ ਹੀ ਜਵਾਬ ਸੀ- ਸੀਸ ਜੋ ਦੇਨੇ ਹੈ ਸਹੀ, ਇਹ ਨਾ ਮਾਨੈਂ ਬਾਤ। ਧਰਮ ਜਾਇ ਤਬ ਕਉਨ ਗਤਿ, ਯਹ ਪਰਗਟ ਬਖਿਆਤ।

੧੨ ਪੋਹ (੨੫ ਦਸੰਬਰ) ਨੂੰ ਜਦੋਂ ਨਵਾਬ ਨੇ ਕਾਜ਼ੀ ਨੂੰ ਫ਼ਤਵਾ ਦੇਣ ਲਈ ਆਖਿਆ ਤਾਂ ਉਸ ਨੇ ਬਟਾਲੇ ਦੀ ਕੱਚੀ ਕੰਧ ਨੂੰ ਧਿਆਨ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਨੂੰ ਪੱਕੀ ਦੀਵਾਰ ਵਿੱਚ ਚਿਣ ਕੇ ਮਾਰਨ ਦਾ ਹੁਕਮ ਸੁਣਾਇਆ। ਕਿਉਂਕਿ, ਸੱਤਾਧਾਰੀ ਹੋਣ ਨਾਤੇ ਬਟਾਲੇ ਦੇ ਬ੍ਰਾਹਮਣਾਂ ਨੂੰ ਉਹ ਦਿਖਾਉਣਾ ਚਹੁੰਦਾ ਸੀ ਕਿ ਤਹਾਥੋਂ ਤਾਂ ਨਾਨਕ `ਤੇ ਕੱਚੀ ਕੰਧ ਵੀ ਨਹੀਂ ਸੀ ਡਿੱਗੀ। ਉਹ ਲਗਭਗ ਢਾਈ ਸਦੀਆਂ ਆਪਣੇ ਬਦਲਵੇਂ ੧੦ ਰੂਪਾਂ ਵਿੱਚ ਜ਼ਿੰਦਾ ਰਹਿ ਕੇ ਤੁਹਾਡੀ ਵਿਚਾਰਧਾਰਕ ਕੂੜੀ ਕੰਧ ਨੂੰ ਤੋੜਣ ਦੀ ਦੁਹਾਈ ਦਿੰਦਾ ਰਿਹਾ। ਤੁਸੀਂ ਉਸ ਦੀ ਅਵਾਜ਼ ਬੰਦ ਨਾ ਕਰਵਾ ਸਕੇ। ਪਰ, ਵੇਖੋ ਅਸੀਂ ਉਸ ਦੇ ਬੱਚਿਆਂ ਨੂੰ ਇੱਟਾਂ ਵਾਂਗ ਵਰਤ ਕੇ ਹੁਣ ਐਸੀ ਕੰਧ ਉਸਾਰਾਂਗੇ ਕਿ ਉਹ ਕਿਸੇ ਤਰ੍ਹਾਂ ਵੀ ਟੁੱਟ ਨਹੀਂ ਸਕੇਗੀ। ਕਿਉਂਕਿ, ਹੁਣ ਕੋਈ ਬਚੇਗਾ ਹੀ ਨਹੀਂ, ਜਿਹੜਾ ਲੋਕਾਂ ਸਾਹਵੇਂ ਇਹ ਸੁਆਲ ਖੜਾ ਕਰੇ ਕਿ "ਕਿਵ ਕੂੜੈ ਤੁਟੈ ਪਾਲਿ?

ਰਵਾਇਤ ਮੁਤਾਬਿਕ ਰੱਬੀ ਭਾਣਾ ਵੇਖੋ ਕਿ ਮਲੇਰਕੋਟੀਏ ਨਵਾਬ ਸ਼ੇਰ ਖਾਂ ਨੇ ਉਸ ਵੇਲੇ ਹਾ ਦਾ ਨਾਅਰ੍ਹਾ ਮਾਰਦਿਆਂ ਸ਼ੇਰ ਵਾਂਗ ਗਰਜ ਕੇ ਆਖਿਆ ਕਿ ਤੁਹਾਡਾ ਇਹ ਫੈਸਲਾ ਸ਼ਰ੍ਹਾ ਦੇ ਉੱਲਟ ਹੈ। ਖ਼ੁਦਾ ਕਰੇ ਤੁਹਾਡੀ ਇਹ ਕੰਧ ਉਸਰੇ ਨਾ ਉਸਰੇ। ਪਰ, ਹਕੂਮਤੀ ਨਸ਼ੇ ਵਿੱਚ ਉਹਦੀ ਰਾਏ ਨੂੰ ਅਨਸੁਣੀ ਕਰਕੇ ਜ਼ਾਲਮਾਂ ਨੇ ਬਾਬਾ ਜ਼ੋਰਵਾਰ ਸਿੰਘ (੯ ਸਾਲ) ਤੇ ਬਾਬਾ ਫ਼ਤਿਹ ਸਿੰਘ (੭ ਸਾਲ) ਨੂੰ ਦੀਵਾਰ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ। ਜੋਗੀ ਜੀ ਲਿਖਿਆ ਹੈ ਕਿ ਦੀਵਾਰ ਵਿੱਚ ਚੁਣੀਂਦੇ ਹੋਏ ਸਾਹਿਬਜ਼ਾਦੇ ਕਹਿ ਰਹੇ ਸਨ ਕਿ ਜ਼ਾਹਰਾ ਰੂਪ ਵਿੱਚ ਤਾਂ ਭਾਵੇਂ ਸਾਡੇ `ਤੇ ਭਾਰੀ ਜ਼ੁਲਮ ਹੋਇਆ ਦਿਸਦਾ ਹੈ। ਪਰ, ਅੰਦਰਲੀ ਅਸਲ ਹਕੀਕਤ ਇਹ ਹੈ ਕਿ ਪੰਥ ਉੱਪਰ ਖ਼ੁਦਾ ਦਾ ਕਰਮ (ਬਖ਼ਸ਼ਸ਼) ਹੋਇਆ ਹੈ। ਕਿਉਂਕਿ, ਸਾਨੂੰ ਇਸ ਖ਼ੂਨੀ ਤੇ ਕੂੜੀ ਦੀਵਾਰ ਨੂੰ ਢਾਹੁਣ ਵਾਲੀ ਸਿੱਖੀ ਦੀ ਨੀਂਹ ਆਪਣੇ ਸਿਰਾਂ `ਤੇ ਉਸਾਰਣ ਦਾ ਮੌਕਾ ਮਿਲਿਆ ਹੈ। ਸ਼ਹੀਦਾਨਿ-ਵਫ਼ਾ ਦੇ ਲਫ਼ਜ਼ ਹਨ:

ਦੀਵਾਰ ਕੇ ਦਬਾਉ ਸੇ, ਜਬ ਹਬਸਿ ਦਮ ਹੂਆ। ਦੌਰਾਨਿ ਖ਼ੂਨ ਰੁਕਨੇ ਲੱਗਾ, ਸਾਂਸ ਕਮ ਹੂਆ।

ਫ਼ੁਰਮਾਏ ਦੋਨੋ ਹਮ ਪੇ, ਬ-ਜ਼ਾਹਰ ਸਿਤਮ ਹੂਆ। ਬਾਤਨ ਮੇਂ ਪੰਥ ਪਰ, ਯਹ ਖ਼ੁਦਾ ਕਾ ਕਰਮ ਹੂਆ।

ਸੌ ਸਾਲ ਔਰ ਜੀਅ ਕੇ, ਮਰਨਾ ਜ਼ਰੂਰ ਥਾ। ਸਰ ਕੌਮ ਸੇ ਬਚਾਨਾ, ਯਹ ਗੈਰਤ ਸੇ ਦੂਰ ਥਾ।

ਗੱਦੀ ਸੇ ਤਾਜ਼ੋ ਤਖ਼ਤ, ਬਸ ਅਬ ਕੌਮ ਪਾਏਗੀ। ਦੁਨੀਆ ਮੇਂ ਜ਼ਾਲਮੋ ਕਾ, ਨਿਸ਼ਾ ਤਕ ਮਿਟਾਏਗੀ।

ਇਤਿਹਾਸ ਤਾਂ ਬੋਲਦਾ ਹੈ ਕਿ ਕਾਜ਼ੀਆਂ ਦੀ ਉਸਾਰੀ ਉਹ ਪੱਕੀ ਦੀਵਾਰ ਉਦੋਂ ਹੀ ਢਹਿ ਢੇਰੀ ਹੋਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗੇ ਪਏ। ਅਗਲੀ ਸਵੇਰ ੧੩ ਪੋਹ (੨੬ ਦਸੰਬਰ ੧੭੦੪) ਨੂੰ ਫਿਰ ਪੇਸ਼ੀ ਹੋਈ। ਪਰ, ਗੁਰੂ ਕੇ ਲਾਲਾਂ ਦੇ ਅਡੋਲ ਰਹਿਣ `ਤੇ ਜਲਾਦਾਂ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਹੇਠ ਦਬਾ ਕੇ ਛੁਰੇ ਨਾਲ ਬਕਰੇ ਵਾਂਗ ਕੋਹ ਕੋਹ ਕੇ ਕਤਲ ਕੀਤਾ। ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਸ੍ਰ. ਰਤਨ ਸਿੰਘ ਭੰਗੂ ਲਿਖਦਾ ਹੈ:

ਸੁਨ ਨਵਾਬ ਯੋਂ ਸੁਖਨ ਉਚਾਰੇ। ਹੈਂ ਇਹ ਲਰਕੇ ਜ਼ਿਬ੍ਹਾ ਕਰਨੇ ਵਾਲੇ।

ਹੁਤੋ ਉਹਾਂ ਤੋ, ਛੁਰਾ ਇੱਕ ਵਾਰੋ। ਦੈ ਗੋਡੇ ਹੇਠ, ਜ਼ਿਬ੍ਹਾ ਕਰ ਡਾਰੋ।

ਤੜਫ਼ ਤੜਫ਼ ਗਈ ਜ਼ਿੰਦ ਉਡਾਏ। ਇਮ ਸ਼ੀਰਖੋਰ ਦੋਇ, ਗਏ ਕਤਲਾਇ।

ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਟਾਲੇ ਦੀ ਕੰਧ ਤੇ ਸਰਹਿੰਦ ਦੀ ਦੀਵਾਰ ਸਾਡੇ ਲਈ ਪੂਜਣਯੋਗ ਨਹੀਂ, ਇੱਕ ਯਾਦਗਰੀ ਚੈਲੰਜ ਹਨ। ਉਹ ਇਹ ਕਿ ਗੁਰਸਿੱਖ ਨੇ ਪਹਿਲਾਂ ਤਾਂ ‘ਕਿਵ ਕੂੜੈ ਤੁਟੈ ਪਾਲਿ`? ਦੇ ਸੁਆਲ ਨੂੰ ਆਪਣੇ ਅੰਦਰ ਖੜਾ ਕਰਦਿਆਂ ਹਉਮੈ ਦੀ ਕੰਧ ਤੋੜ ਕੇ ਸਚਿਆਰ ਹੋਣਾ ਹੈ। ਅਤੇ ਫਿਰ ਜਿਥੇ ਵੀ ਮਨੁੱਖ ਮਨੁੱਖ ਦੇ ਦਰਿਮਿਆਨ ਜਾਂ ਮਨੁੱਖ ਤੇ ਰੱਬ ਦੇ ਦਰਿਮਿਆਨ ਕੋਈ ਵਿੱਥ ਪਾਊ ਦੀਵਾਰ ਖੜ੍ਹੀ ਹੋਵੇ, ਉਥੇ ਹੀ ਉਸ ਨੂੰ ਤੋੜਣ ਲਈ ਸਘੰਰਸ਼-ਸ਼ੀਲ ਹੋਣਾ ਹੈ। ਹਾਕਮ ਸ਼੍ਰੇਣੀ ਦੇ ਹੱਥ-ਠੋਕੇ ਬਣੇ ਪੁਜਾਰੀਆਂ ਦੇ ਤਾਲਿਬਾਨੀ ਫ਼ਤਵਿਆਂ ਤੋਂ ਨਹੀਂ ਡਰਨਾ ਤੇ ਜਿਹੜਾ ਵੀ ਸੱਜਣ ਬਿਪਰਵਾਦੀ ਕੂੜੀ ਦੀਵਾਰ ਨੂੰ ਤੋੜਣ ਦਾ ਹੰਭਲਾ ਮਾਰਦਾ ਹੈ, ਉਸ ਦਾ ਸਾਥ ਦੇਣਾ ਹੈ। ਸਮਾਜ ਨੂੰ ਫਸਾਦੀ ਝਗੜਿਆਂ ਤੋਂ ਬਚਾਉਣ ਲਈ ਪ੍ਰਚਾਰਦੇ ਰਹਿਣਾ ਹੈ-

ਬਾਜ਼ ਆਉ ਸ਼ਰ ਸੇ, ਹਿੰਦੂ ਮੁਸਲਿਮ ਹੋ, ਸਿੱਖ ਹੋ। ਪੰਡਿਤ ਹੋ, ਮੌਲਵੀ ਹੋ, ਯਾ ਗ੍ਰੰਥੀ ਹੋ, ਕੋਈ ਹੋ।

ਕਿਉਂਕਿ, ਬਿਪਰਵਾਦੀ ਧਾਰਮਿਕ ਆਗੂਆਂ ਤੇ ਬਾਬਰੀ ਸੋਚ ਦੇ ਵਾਰਸ ਰਾਜਨੀਤਕਾਂ ਵੱਲੋਂ ਸਿੱਖ-ਮਾਰੂ ਯਤਨ ਹੁੰਦੇ ਹੀ ਰਹਿਣੇ ਹਨ। ਉਹ ਨਹੀਂ ਚਹੁੰਦੇ ਕਿ ਸੰਸਾਰ ਵਿੱਚ ਗੁਰਬਾਣੀ ਦਾ ਚਾਨਣ ਫੈਲੇ। ਸਮਾਜ ਭਾਈਚਾਰਾ ਗੁਰਬਾਣੀ ਵਿਚਾਰ ਕੇ ਜਾਗਰੂਕ ਹੋਵੇ। ਇਹੀ ਕਾਰਣ ਹੈ ਕਿ ਗੁਰਬਾਣੀ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਣ ਲਈ ਹੋਰ ਹੋਰ ਕਈ ਗ੍ਰੰਥ ਸਿਖੀ ਦੇ ਵਿਹੜੇ ਵਿੱਚ ਸੁੱਟੇ ਜਾ ਰਹੇ ਹਨ। ਸਿੱਖ ਸੰਗਤਾਂ ਨੂੰ ਚੜ੍ਹਦੀਕਲਾ ਟਾਈਮ ਟੀ. ਵੀ. ਰਾਹੀਂ ਘਰੀਂ ਬੈਠਿਆਂ ਮਿਲ ਰਹੀ ਗੁਰਬਾਣੀ ਦੀ ਸੰਥਿਆ ਨੂੰ ਬੰਦ ਕਰਾਉਣ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਗੁਰੂ ਨਾਨਕ ਦਾ ਸਮਕਾਲੀ ਬ੍ਰਾਹਮਣ ਚਲਾਕ ਤੇ ਗ਼ੁਲਾਮ ਹੋਣ ਨਾਤੇ ਉਸ ਵੇਲੇ ਡਰਦਾ ਲੁਕਵੀਂ ਚਾਲ ਚੱਲਦਾ ਸੀ, ਜਿਹੜਾ ਕਿ ਹੁਣ ਸੱਤਾਧਾਰੀ ਹੋ ਕੇ ਜੂਨ ੧੯੮੪ ਤੋਂ ਨਾਨਕੀ ਵਿਚਾਰਧਾਰਾ `ਤੇ ਸਿੱਧੇ ਹਮਲੇ ਕਰ ਰਿਹਾ ਹੈ। ‘ਦੀਵਾਰ` ਪਿੱਛੇ ਖੜਾ ਕਾਜ਼ੀ ਗੁਰੂ-ਕਾਲ ਵੇਲੇ ਸੱਤਾਧਾਰੀ ਸੀ, ਜਿਸ ਕਰਕੇ ਉਹ ਸੁਆਰਥੀ ਬ੍ਰਾਹਮਣਾਂ ਤੇ ਖਤ੍ਰੀਆਂ ਨੂੰ ਹੱਥ-ਠੋਕੇ ਬਣਾ ਕੇ ਨਾਨਕ-ਪੰਥੀਆਂ `ਤੇ ਸਿੱਧੇ ਹਮਲੇ ਕਰ ਰਿਹਾ ਸੀ, ਜਿਹੜਾ ਕਿ ਹੁਣ ਭਾਰਤ ਵਿੱਚ ਬ੍ਰਾਹਮਣੀ ਗ਼ਲਾਮੀ ਅਧੀਨ ਛੁਪਵੀਂਆਂ ਚਾਲਾਂ ਚੱਲ ਰਿਹਾ ਹੈ।

ਪੂਰਬੀ ਬ੍ਰਾਹਮਣ ਤੇ ਪੱਛਮੀ ਕਾਜ਼ੀ (ਪਾਦਰੀ) ਦੀ ਮਿਲੀਭੁਗਤ ਨਾਲ ਕੀਤੀ ਹਦਬੰਦੀ ਤੇ ਰਾਜਨੀਤਕ ਆਗੂਆਂ ਦੀ ਨਾਲਾਇਕੀ ਨਾਲ ਸਿੱਖ ਕੌਮ ਅਤੇ ਗੁਰਾਂ ਦੇ ਨਾਂ `ਤੇ ਵੱਸਿਆ ਪੰਜਾਬ ਉਪਰੋਕਤ ਕਿਸਮ ਦੀਆਂ ਦੋਹਾਂ ਦੀਵਾਰਾਂ ਵਿੱਚ ਫਸਿਆ ਦਮ ਘੁਟ ਰਿਹਾ ਹੈ। ਹਮਲਾ ਭਾਰਤੀ ਹਿੰਦੋਸਤਾਨ ਕਰੇ ਜਾਂ ਪਾਕਿਸਤਾਨ, ਮਰਦੀ ਹੈ ਸਿੱਖ ਕੌਮ। ਦੋ ਮਹੀਨੇ ਪਹਿਲਾਂ ਅਸੀਂ ਸਾਰਿਆਂ ਵੇਖਿਆ ਕਿ ਕਸ਼ਮੀਰ ਤੇ ਗੁਜਰਾਤ ਤੋਂ ਰਾਜਸਥਾਨ ਤਕ ਹਦ `ਤੇ ਕੋਈ ਜੰਗੀ ਹਲਚਲ ਨਾ ਹੋਈ। ਪਰ, ਭਾਰਤ ਸਰਕਾਰ ਨੇ ਆਪਣੇ ਹੱਥ-ਠੋਕੇ ਮੁਖ ਮੰਤਰੀ ਰਾਹੀਂ ਪੰਜਾਬੀ ਕਿਸਾਨਾਂ ਦੇ ਦਰਜਨਾਂ ਪਿੰਡ ਉਜਾੜ ਦਿੱਤੇ ਤੇ ਉਨ੍ਹਾਂ ਦੀਆਂ ਫਸਲਾਂ ਵੀ ਤਬਾਹ ਕਰਵਾ ਦਿੱਤੀਆਂ।

ਇਹੀ ਕਾਰਨ ਹੈ ਕਿ ਸਿੱਖੀ ਦੇ ਹਮਦਰਦ ਪੰਜਾਬੀ ਕਈ ਸਾਲਾਂ ਤੋਂ ਆਪਣੇ ਬਚਾ ਲਈ ਬਾਰਡਰ ਤੇ ਖੜੇ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀਆਂ ਅਰਦਾਸਾਂ ਕਰਦੇ ਆ ਰਹੇ ਹਨ। ਕਿਉਂਕਿ, ਉਹ ਹੱਦਬੰਦੀ ਦੀ ਦੀਵਾਰ ਨਹੀਂ ਚਹੁੰਦੇ। ਮੇਰਾ ਖ਼ਿਆਲ ਹੈ ਕਿ ਸਿੱਖਾਂ ਦੀ ਸੰਗਤੀ ਅਰਦਾਸ ਵਿੱਚਲੇ ‘ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਦੀ ਨੂੰ ਬਖ਼ਸ਼ੋ` ਲਫ਼ਜ਼ਾਂ ਵਿੱਚ ਵੀ ਉਪਰੋਕਤ-ਭਾਵ ਹੀ ਛੁਪਿਆ ਹੋਇਆ ਹੈ, ਜਿਸ ਕਰਕੇ ਸੰਸਾਰ ਭਰ ਹਰੇਕ ਸਿੱਖ ਹਰੇਕ ਜਗ੍ਹਾ ਅਕਾਲਪੁਰਖ ਪਾਸੋਂ ਉਪਰੋਕਤ ਮੰਗ ਕਰ ਰਿਹਾ ਹੈ। ਭਾਵੇਂ, ਹੁਣ ਪਾਕਿਸਤਾਨ ਸਰਕਾਰ ਨੇ ਉਥੋਂ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਲੰਡਨ ਦੇ ਸਿੰਘਾਂ ਨੂੰ ਸਉਂਪੀ ਹੋਈ ਹੈ। ਹੁਣ ਲੋੜ ਤਾਂ ਇਹ ਹੈ ਕਿ ਗੁਰਦੁਆਰਿਆਂ ਦੇ ਵਾਰਸ ਅਖਵਾਉਣ ਵਾਲੇ ਹੋਸ਼ ਵਿੱਚ ਆਉਣ ਤੇ ਸਮੇਂ ਦੀ ਨਿਜ਼ਾਕਤ ਨੂੰ ਪਛਾਨਣ। ਪੰਥ-ਦਰਦੀ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਹਰ ਸਟੇਜ ਤੋਂ ਇੱਕ ਸ਼ੇਅਰ ਬੋਲਿਆ ਕਰਦੇ ਸਨ:

ਐ ਪੰਥ ਖ਼ਾਲਸਾ! ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ।

ਯਾਂ ਹਰ ਕੋਈ ਅਪਨੇ ਦਾਉ ਪੇ ਹੈ, ਸਚ ਬਾਤ ਕਹੂੰ ਸਮਝਾਨੇ ਕੀ।

ਅਬ ਜੋਸ਼ਿ ਪੰਥ ਖ਼ਾਮੋਸ਼ ਨਾ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ।

ਇਨ ਲੰਪਟ ਚੋਰ ਲੁਟੇਰੋਂ ਕੋ, ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ।

ਭੁੱਲ-ਚੁੱਕ ਮੁਆਫ਼।

ਗੁਰੂ ਗ੍ਰੰਥ ਦੇ ਪੰਥੀਆਂ ਦਾ ਦਾਸਨਿ-ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ ੨੫ ਦਸੰਬਰ ੨੦੧੬




.