.

ਉਸਤਤ-ਨਿੰਦਾ

(ਭਾਗ 3)


ਜਦੋਂ ਅਸੀਂ ਕਿਸੇ ਦੀ ਵਡਿਆਈ ਕਰਦੇ ਹਾਂ ਤਾਂ ਸਾਡੀ ਉਸ ਮਨੁੱਖ ਨਾਲ ਨੇੜਤਾ ਵੱਧਦੀ ਹੈ। ਸਦਕੇ ’ਚ ਉਸ ਮਨੁੱਖ ਨੂੰ ਕਿਸੇ ਔਗੁਣ ਬਾਰੇ ਅਵਗਤ ਕਰਾਉਣ ਦਾ ਮੌਕਾ ਬਣਦਾ ਹੈ। ਉਸਨੂੰ ਭੰਡੇ ਬਿਨਾ, ਨਿੰਦਾ ਕੀਤੇ ਬਿਨਾ, ਠਿੱਠ ਕੀਤੇ ਬਿਨਾ ਔਗੁਣਾਂ ਦੀ ਸੁਧਾਈ ਲਈ ਨਿਮਰਤਾ, ਪਿਆਰ, ਹਲੀਮੀ ਮਿਠਾਸ ਦੇ ਲਹਿਜ਼ੇ ’ਚ ਕਹਿਣਾ ਨਿੰਦਾ ਨਹੀਂ ਹੋਵੇਗੀ ਬਲਕਿ ਕਿਰਪਾ ਭਰੀ ਆਲੋਚਨਾ ਹੋਵੇਗਾ। ਉਸ ਮਨੁੱਖ ਨੂੰ ਨਿੰਦਾ ਨਹੀਂ ਲਗੇਗੀ ਬਲਕਿ ਉਹ ਵੀਚਾਰੇਗਾ ਕਿ ਮੇਰੇ ਚੰਗੇ ਗੁਣ ਦੀ ਸ਼ਲਾਘਾ ਵੀ ਤਾਂ ਕੀਤੀ ਗਈ ਹੈ। ਜੇ ਮੇਰੀ ਸੁਧਾਈ ਕਰਨ ਲਈ, ਮੇਰਾ ਮੁੱਖ ਉਜਲਾ ਕਰਨ ਲਈ ਮੈਨੂੰ ਸ਼ੀਸ਼ਾ ਵਿਖਾਇਆ ਜਾ ਰਿਹਾ ਹੈ ਤਾਂ ਮੈਂ ਆਪਣੇ ਔਗੁਣ ਵੇਖ ਕੇ ਦੂਰ ਕਰਾਂ। ਉਸਦਾ ਔਗੁਣ ਬਾਰੇ ਸੁਣਨ ਦਾ ਸੁਭਾ ਬਣੇਗਾ ਅਤੇ ਔਗੁਣ ਦੂਰ ਕਰ ਸਕੇਗਾ।

ਕਈ ਸੱਜਣਾਂ ਤੋਂ ਇਹ ਸੁਣਿਆ ਹੈ ਕਿ ਕਿਸੇ ਵੀ ਬੱਚੇ ਦੀ ਵਾਹ-ਵਾਹ ਨਹੀਂ ਕਰਨੀ ਚਾਹੀਦੀ। ਉਹ ਇਹ ਵੀ ਦਲੀਲ ਦਿੰਦੇ ਹਨ ਕਿ ਜੇ ਕਰ ਬੱਚੇ ਦੀ ਵਾਹ-ਵਾਹ ਕਰੋਗੇ ਤਾਂ ਉਸਦੀ ਆਦਤ ਵਿਗੜ ਜਾਵੇਗੀ। ਉਹ ਹਮੇਸ਼ਾ ਵਾਹ-ਵਾਹ ਸੁਣਨਾ ਚਾਹੇਗਾ ਅਤੇ ਵੱਡਾ ਹੋ ਕੇ ਵੀ ਵਾਹ-ਵਾਹ ਦੀ ਭੁੱਖ ਬਣੀ ਰਹੇਗੀ। ਇਸ ਕਰਕੇ ਬੱਚੇ ਦੀ ਵਾਹ-ਵਾਹ ਨਹੀਂ ਕਰਨੀ ਚਾਹੀਦੀ।

ਬਚਿਆਂ ਦੀ ਮਾਨਸਿਕ ਬਿਰਤੀ (ਸਾਈਕਾਲੋਜੀ) ਨੂੰ ਧਿਆਨ ਅਤੇ ਕੋਮਲਤਾ ਨਾਲ ਵਿਚਾਰੋ ਤਾਂ ਪਤਾ ਲਗਦਾ ਹੈ ਕਿ ਬੱਚੇ ਨਿੱਕੇ-ਨਿੱਕੇ ਕੰਮ ਕਰਦੇ ਹਨ। ਭਾਵੇਂ ਖਿਡੌਣੇ ਜੋੜ-ਜੋੜ ਕੇ ਕੁਝ ਬਣਾਉਂਦੇ ਹਨ ਜਾਂ ਕਾਗਜ਼ ’ਤੇ ਰੰਗ ਭਰ ਕੇ ਕੁਝ ਚਿਤਰਕਾਰੀ ਕਰਨ, ਹਰੇਕ ਕੰਮ ’ਚੋ ਬੱਚਾ ਸ਼ਲਾਘਾ ਪਸੰਦ ਕਰਦਾ ਹੈ। ਜਿਤਨਾ ਅਸੀਂ ਉਸਨੂੰ ਵਡਿਆਉਂਦੇ ਹਾਂ ਉਤਨਾ ਹੀ ਉਸਦਾ ਮਨੋਬਲ ਵੱਧਦਾ ਜਾਂਦਾ ਹੈ। ਉਤਸਾਹਿਤ ਹੋ ਕੇ ਹੋਰ ਵਧੇਰੇ ਚੰਗਾ-ਚੰਗਾ ਕੰਮ ਕਰਨ ਦਾ ਉਪਰਾਲਾ ਕਰਦਾ ਹੈ। ਇਸ ਬਾਲਪਨ ’ਚ ਬੱਚੇ ਦਾ ਮਨ ਨਿਰਮਲ ਹੈ, ਉਸਨੂੰ ਵੱਡੇ ਮਨੁੱਖਾਂ ਦੀ ਤਰ੍ਹਾਂ ਉਸਤਤ-ਨਿੰਦਿਆ ਬਾਰੇ ਸੂਝ ਨਹੀਂ ਹੁੰਦੀ। ਸਿਆਣੇ ਮਾਤਾ-ਪਿਤਾ ਬੱਚੇ ਦੇ ਗੁਣ ਵਧਾਉਣ ਅਤੇ ਉਸਨੂੰ ਚਮਕਾਉਣ ਲਈ ਉਸਦੇ ਨਿੱਕੇ-ਨਿੱਕੇ ਗੁਣਾਂ ਦੀ ਵਡਿਆਈ ਕਰਕੇ ਬੱਚੇ ਦੀ ਖੁਸ਼ੀ ਲੈਂਦੇ ਹਨ। ਦੂਜਿਆਂ ਸਾਮ੍ਹਣੇ ਬੱਚੇ ਨੂੰ ਝੁਠਲਾਕੇ, ਨੀਵਾਂ ਪਾਕੇ ਅਤੇ ਹੀਨ ਭਾਵਨਾ ਨਹੀਂ ਭਰਦੇ ਹਨ। ਬੱਚੇ ਨੂੰ ਨਿੱਕੇ-ਨਿੱਕੇ ਕੰਮਾਂ ਦੀ ਥਾਪੀ ਦੇਕੇ, ਵੱਡੇ-ਵੱਡੇ ਕੰਮਾਂ ਲਈ ਵੱਡੀ ਸ਼ਖਸੀਅਤ ਦਾ ਅਮਲੀ ਕਿਰਦਾਰ ਬਣਾਉਣ ’ਚ ਕਾਮਯਾਬ ਹੋ ਜਾਂਦੇ ਹਨ।

ਕਦੀ-ਕਦਾਈਂ ਅਸੀਂ ਹੋਰਨਾ ਦੇ ਬੱਚਿਆਂ ਸਾਹਮਣੇ ਆਪਣੇ ਬੱਚੇ ਨੂੰ ਜਾਂ ਇੱਕੋ ਘਰ ’ਚ ਛੋਟੇ ਵੱਡੇ ਭੈਣ-ਭਰਾ ’ਚ ਮਾਪ-ਤੋਲ ਦਾ ਵਿਤਕਰਾ ਕਰਕੇ ਇੱਕ ਬੱਚੇ ਦੀ ਵਡਿਆਈ ਕਰਕੇ ਦੂਜੇ ਦੀ ਨਿੰਦਾ ਕਰ ਜਾਂਦੇ ਹਾਂ। ਜਿਸ ਦੀ ਵਾਹ-ਵਾਹ ਕਰਦੇ ਹਾਂ ਉਸਦੇ ਟਾਕਰੇ ’ਚ ਜਿਸ ਦੀ ਨਿੰਦਾ ਕਰਦੇ ਹਾਂ ਉਸਦੀ ਮਾਨਸਿਕਤਾ ਵਿਗੜਦੀ ਹੈ, ਹੀਨ ਭਾਵਨਾ, ਢੀਠਪੁਣਾ ਆਦਿ ਕੀਟਾਣੂ ਉਸ ’ਚ ਘਰ ਕਰ ਜਾਂਦੇ ਹਨ। ਇਸ ਕਰਕੇ ਸਾਨੂੰ ਕਿਸੇ ਵੀ ਬੱਚੇ ਦੀ ਨਿੰਦਾ ਨਹੀਂ ਕਰਨੀ ਬਲਕਿ ਉਸ ਬੱਚੇ ਨੂੰ ਪਿਆਰ ਅਤੇ ਨਿੱਘੀ ਗਲਵਕੜੀ ’ਚ ਲੈ ਕੇ ਇੱਕਲਿਆਂ ’ਚ ਸਮਝਾਕੇ ਉਸ ਦਾ ਔਗੁਣ ਦੂਰ ਕਰਨ ਦਾ ਜਤਨ ਕਰਨਾ ਹੈ। ਬਚਿਆਂ ਦੇ ਚੰਗੇ ਗੁਣਾਂ ਦੀ ਵਾਹ-ਵਾਹ ਤੋਂ ਚੂਕਣਾ ਨਹੀਂ ਪਰ ਨਿੰਦਾ ਤੋਂ ਗੁਰੇਜ਼ ਕਰਨਾ ਹੈ। ਜਦੋਂ ਵੀ ਕਿਸੇ ਬੱਚੇ ਦੇ ਚੰਗੇ ਗੁਣਾਂ ਨੂੰ ਵਡਿਆਉਣਾ ਹੋਵੇ ਤਾਂ ਬਿਨਾ ਕਿਸੇ ਦੇ ਟਾਕਰੇ ਤੋਂ, ਬਿਨਾ ਹੋਰਨਾਂ ਦੀ ਨਿੰਦਿਆ ਤੋਂ ਚੰਗੇ ਗੁਣਾਂ ਨੂੰ ਉਜਾਗਰ ਕਰਨਾ ਇੱਕ ਕੀਮਤੀ ਢੰਗ ਹੈ।

ਜਿਸ ਉਸਤਤ-ਨਿੰਦਿਆ ਬਾਰੇ ਗੁਰਬਾਣੀ ਰਾਹੀ ਦ੍ਰਿੜਾਇਆ ਗਿਆ ਹੈ, ਉਹ ਬਚਿਆਂ ਲਈ ਨਹੀਂ ਬਲਕਿ ਵਡਿਆਂ ਦੇ ਮੈਲੇ ਮਨ ਕਾਰਨ ਉਪਜੀ ਹਉਮੈ ਬਾਰੇ ਹੈ। ਸਾਡੀ ਹਉਮੈ ਹੀ ਸਾਡੀ ਵਾਹ-ਵਾਹ ਦੀ ਭੁੱਖ ਵਧਾਉਂਦੀ ਹੈ ਅਤੇ ਸਾਡੀ ਹਉਮੈ ਹੀ ਆਪਣੀ ਆਲੋਚਨਾ ਨਿੰਦਾ ਸੁਣਨਾ ਪਸੰਦ ਨਹੀਂ ਕਰਦੀ। ਪਰ ਬੱਚੇ ਨੂੰ ਇਸ ਹਉਮੈ ਬਾਰੇ ਪਤਾ ਨਹੀਂ ਹੈ। ਜੇਕਰ ਅਸੀਂ ਬੱਚੇ ਦੀ ਵਡਿਆਈ ਨਹੀਂ ਕਰਾਂਗੇ ਤਾਂ ਫਿਰ ਬੱਚੇ ਦਾ ਔਗੁਣ ਸੁਧਾਰਨ ਦਾ ਸਾਡਾ ਹੱਕ ਵੀ ਮੁੱਕ ਜਾਵੇਗਾ। ਜੋ ਮਾਂ ਪਿਉ ਬਚਿਆਂ ਨੂੰ ਹਮੇਸ਼ਾ ਝਿੜਕਦੇ ਅਤੇ ਗੁੱਸਾ ਕਰਦੇ ਹਨ ਅਤੇ ਉਨ੍ਹਾਂ ਦੇ ਕੀਤੇ ਚੰਗੇ ਨੂੰ ਵਡਿਆਉਂਦੇ ਨਹੀਂ ਹਨ ਉਨ੍ਹਾਂ ਕੋਲੋਂ ਬੱਚਿਆਂ ਦੇ ਔਗੁਣਾਂ ਨੂੰ ਸੁਧਾਰਨ ਦਾ ਮੌਕਾ ਖੁੱਸ ਜਾਂਦਾ ਹੈ। ਜੇ ਕਰ ਵਾਹ-ਵਾਹ ਕਰਕੇ ਬੱਚੇ ਨੂੰ ਉਤਸ਼ਾਹ ਦਿੱਤਾ ਜਾ ਸਕਦਾ ਹੈ ਤਾਂ ਬੱਚੇ ਨੂੰ ਬਿਨਾ ਠਿੱਠ ਕੀਤਿਆਂ, ਬਿਨਾ ਝਿੜਕਿਆਂ, ਬਿਨਾ ਨੀਵੇਂ ਪਾਇਆਂ, ਪਿਆਰ, ਲਾਡ ਅਤੇ ਦੁਲਾਰ ਨਾਲ ਔਗੁਣ ਵੀ ਸੁਧਾਰੇ ਜਾ ਸਕਦੇ ਹਨ।
ਇਸ ਤਰ੍ਹਾਂ ਬੱਚਾ ਆਪਣੇ ਔਗੁਣਾਂ ਬਾਰੇ ਸੁਣਨ ਦਾ ਹਿਰਦਾ ਤਿਆਰ ਕਰ ਸਕੇਗਾ ਅਤੇ ਵੱਡਾ ਹੋ ਕੇ ਆਪਣੇ ਔਗੁਣ ਬਾਰੇ ਆਲੋਚਨਾ ਸੁਣਕੇ ਦੁਖੀ ਨਹੀਂ ਹੋਵੇਗਾ ਬਲਕਿ ਔਗੁਣਾਂ ਨੂੰ ਸੁਧਾਰੇਗਾ। ਜਿਉਂ-ਜਿਉਂ ਆਪਣੇ ਔਗੁਣ ਸੁਧਾਰੇਗਾ, ਚੰਗੇ ਗੁਣਾਂ ਦਾ ਕਿਰਦਾਰ ਬਣਦਾ ਜਾਵੇਗਾ ਅਤੇ ਆਪਣੇ ਔਗੁਣਾਂ ਦੀ ਆਲੋਚਨਾ ਸੁਣ ਕੇ ਦੁਖੀ ਵੀ ਨਹੀਂ ਹੋਵੇਗਾ। ਸਿੱਟੇ ਵਜੋਂ ਉਹ ਬੱਚਾ ਧਰਮ ਦੀ ਪਉੜੀ ਚੜ੍ਹਦਾ ਜਾਵੇਗਾ, ਨਿਮਰਤਾ ਸਿੱਖਦਾ ਜਾਵੇਗਾ ਅਤੇ ਵਾਹ-ਵਾਹ ਦੀ ਭੁੱਖ ਤੋਂ ਮੁਕਤ ਹੋ ਕੇ ਰੱਬੀ ਗੁਣਾਂ ਨੂੰ ਜਿਊਂਦਾ ਜਾਵੇਗਾ।

ਕੁਝ ਲੋਕੀ ਇਸ ਖਿਆਲ ਨੂੰ ਮੁੱਖ ਰੱਖ ਕੇ ਨਿੰਦਾ ਕਰ ਲੈਂਦੇ ਹਨ ਤਾਂ ਜੋ ਸਮਾਜ ਧੋਖੇਬਾਜ਼ ਲੋਕਾਂ ਦੇ ਘਪਲਿਆਂ ਤੋਂ ਬੱਚ ਸਕੇ। ਇਸੇ ਮਨੌਤ ਨੂੰ ਮੁੱਖ ਰੱਖਕੇ ਉਹ ਜਿਸ ਮਨੁੱਖ ਨੂੰ ਆਪਣੀ ਨਜ਼ਰਾਂ ’ਚ ਕਪਟੀ ਸਮਝਦੇ ਹਨ ਉਸ ਦੀ ਨਿੰਦਾ ਕਰ ਲੈਂਦੇ ਹਨ।

ਵੀਰ ਭੁਪਿੰਦਰ ਸਿੰਘ




.