.

ਸਿੱਖ ਧਾਰਮਕ ਸੰਸਥਾਵਾਂ ਦੀ ਵਾਸਤਵਿਕਤਾ

ਹਾਕਮ ਸਿੰਘ

ਕਈ ਸਿੱਖ ਧਾਰਮਕ ਸੰਸਥਾਵਾਂ ਨਾਨਕਸ਼ਾਹੀ ਕੈਲੰਡਰ ਦੀਆਂ ਆਲੋਚਕ ਹਨ। ਕੈਲੰਡਰ ਸਮਾਜਕ ਜੀਵਨ ਦੀ ਸੁਵਿਧਾ ਲਈ ਸਮੇਂ ਦੀ ਵੰਡ ਨਿਰਧਾਰਤ ਕਰਨ ਵਾਲੀ ਪ੍ਰਣਾਲੀ ਹੁੰਦਾ ਹੈ ਜਿਸ ਨੂੰ ਧਰਮ ਦੇ ਮਹੱਤਵ ਪੂਰਨ ਦਿਹਾੜਿਆਂ ਲਈ ਵੀ ਵਰਤਿਆ ਜਾਂਦਾ ਹੈ। ਕੈਲੰਡਰ ਕੋਈ ਧਾਰਮਕ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਸ ਦਾ ਧਰਮ ਨਾਲ ਕੋਈ ਸਬੰਧ ਹੈ। ਹਰ ਦੇਸ਼ ਜਾਂ ਕੌਮ ਦੇ ਵੱਖੋ ਵਖਰੇ ਕੈਲੰਡਰ ਹਨ। ਪਰ ਹੁਣ ਸਾਰੇ ਸੰਸਾਰ ਦਾ ਬਹੁਤਾ ਕਾਰ ਵਿਹਾਰ ਗਰੈਗੋਰੀਅਨ ਕੈਲੰਡਰ ਅਨੁਸਾਰ ਕੀਤਾ ਜਾਣ ਲੱਗ ਪਿਆ ਹੈ। ਧਾਰਮਕ ਦਿਹਾੜੇ ਵੀ ਅਕਸਰ ਅਜਿਹੇ ਕੈਲੰਡਰ ਅਨੁਸਾਰ ਇਕ ਨਿਸ਼ਚਿਤ ਤਾਰੀਖ ਨੂੰ ਹੀ ਮਨਾਏ ਜਾਂਦੇ ਹਨ। ਪਰ ਸਿੱਖ ਧਰਮ ਵਿਚ ਨਾਨਕਸ਼ਾਹੀ ਕੈਲੰਡਰ ਬਨਣ ਨਾਲ ਵਿਵਾਦ ਛਿੜ ਗਿਆ ਹੈ। ਇਸ ਵਿਚ ਕੈਲੰਡਰ ਦਾ ਕਸੂਰ ਨਹੀਂ ਹੈ ਗੱਲ ਸਿਰਫ ਏਨੀ ਹੈ ਕਿ ਨਾਨਕਸ਼ਾਹੀ ਕੈਲੰਡਰ ਬਨਣ ਨਾਲ ਸਿੱਖ ਅਤੇ ਹਿੰਦੂ ਧਰਮ ਵਿਚਕਾਰ ਸਦੀਆਂ ਤੋਂ ਚਲੇ ਆ ਰਹੇ ਤਕਰਾਰ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਤਾਰੀਖ਼ਾਂ ਵੀ ਜੁੜ ਗਈਆਂ ਹਨ।
ਹਿੰਦੂ ਕਟੜਪੰਥੀਆਂ ਨੂੰ ਨਾਨਕ ਨਾਂ ਤੋਂ ਖਿਝ ਚੜ੍ਹ ਜਾਂਦੀ ਹੈ। ਜੇਕਰ ਸਿੱਖ ਕੈਲੰਡਰ ਨੂੰ ਨਾਨਕਸ਼ਾਹੀ ਦੀ ਥਾਂ ਕੋਈ ਹੋਰ ਨਾਂ ਦਿੱਤਾ ਹੁੰਦਾ ਤਾਂ ਸ਼ਾਇਦ ਇਸ ਦੀ ਏਨੀ ਵਿਰੋਧਤਾ ਨਾ ਹੁੰਦੀ, ਪਰ ਹੋਰ ਨਾਂ ਢੁੱਕਵਾਂ ਨਹੀਂ ਸੀ ਹੋਣਾ। ਹਿੰਦੂ ਕਟੜਪੰਥੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਵਿਚਾਰਧਾਰਕ ਵੱਖਰੇਵਾਂ ਪੈਦਾ ਕਰਨ ਲਈ ਹਰ ਢੰਗ ਵਰਤਦੇ ਆ ਰਹੇ ਹਨ ਅਤੇ ਸਿੱਖ ਅਖਵਾਉਣ ਵਾਲੇ ਅਗਿਆਨੀ ਅਤੇ ਸੁਆਰਥੀ ਉਨ੍ਹਾਂ ਦੇ ਪਿਛੇ ਲੱਗੇ ਹੋਏ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਣਾ ਸ਼ਿਵਾ ਜੀ ਮਰਾਠੇ ਨਾਲ ਕਰਦੇ ਹਨ ਅਤੇ ਇਸੇ ਲਈ ਮਰਾਠਾ ਦੇਸ਼ ਵਿਚ ਰਹਿ ਰਹੇ ਮਾਧੋ ਦਾਸ ਨਾਲ ਗੁਰੂ ਸਾਹਿਬ ਦੇ ਸਬੰਧਾਂ ਦਾ ਮਿਥਿਹਾਸ ਵੀ ਰਚ ਛਡਿਆ ਹੈ। ਹਿੰਦੂ ਕਟੜਪੰਥੀਆਂ ਲਈ ਗੁਰੂ ਨਾਨਕ ਸਾਹਿਬ ਵੱਲੋਂ ਹਿੰਦੂ ਧਰਮ ਦੇ ਜਾਤ ਪਾਤੀ ਆਧਾਰ ਦਾ ਖੰਡਨ ਕਰਨਾ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਹਿੰਦੂ ਧਰਮ ਵਰਣ ਪ੍ਰਣਾਲੀ ਅਤੇ ਉਸ ਨਾਲ ਜੁੜੀ ਪੂਜਾ ਵਿਧੀ ਤੇ ਟਿਕਿਆ ਹੋਇਆ ਹੈ। ਵਰਣ ਵੰਡ ਹਿੰਦੂ ਧਰਮ ਦੀ ਬੁਨਿਆਦ ਹੈ। ਇਸ ਦੇ ਤਿਆਗ ਦੀ ਕਲਪਨਾ ਕਰਨੀ ਹਿੰਦੂ ਧਰਮ ਲਈ ਸੰਭਵ ਨਹੀਂ। ਭਾਵੇਂ ਅਜੋਕਾ ਸਿੱਖ ਸਮਾਜ ਵੀ ਮੰਨੂ ਦੀ ਜਾਤੀ ਪਰਥਾ ਤੇ ਹੀ ਆਧਾਰਤ ਹੈ, ਪਰ ਸਿੱਖ ਫਿਰ ਵੀ ਆਖੀ ਜਾਂਦੇ ਹਨ ਕਿ ਉਨ੍ਹਾਂ ਦਾ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ। ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੋਣ ਕਾਰਨ ਹਿੰਦੂਆਂ ਨੂੰ ਉਨ੍ਹਾਂ ਤੇ ਵਿਸ਼ਵਾਸ ਨਹੀਂ ਆਉਂਦਾ। ਹਿੰਦੂ ਕਟੜਪੰਥੀ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖ਼ਾਂ ਬਣਾਉਣ ਲਈ ਯਤਨਸ਼ੀਲ ਹਨ ਪਰ ਉਨ੍ਹਾਂ ਦੇ ਇਸ ਮਨੋਰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਰਾ ਨਹੀਂ ਹੋਣ ਦੇ ਰਹੀ। ਅਸਲ ਵਿਚ ਗੁਰਬਾਣੀ ਦੀ ਅਧਿਆਤਮਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਏਨੀ ਪ੍ਰਭਾਵਸ਼ਾਲੀ ਅਤੇ ਦਿਲ ਟੁੰਬਵੀਂ ਹੈ ਕਿ ਸੂਝਵਾਨ ਅਤੇ ਪਤਵੰਤੇ ਹਿੰਦੂ ਅਤੇ ਦੂਜੇ ਇਸ ਦੇ ਮੁਰੀਦ ਬਣ ਜਾਂਦੇ ਹਨ ਜਿਸ ਤੇ ਕਟੜਪੰਥੀ ਹਿੰਦੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਪੈਂਦੀ ਹੈ। ਕਟੜਪੰਥੀਆਂ ਦਾ ਸਾਰਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਦਬਾਉਣ ਅਤੇ ਸਿੱਖਾਂ ਨੂੰ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜਨ ਤੇ ਲੱਗਾ ਹੋਇਆ ਹੈ। ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਨਮ ਤਿੱਥੀਆਂ ਨਾਲ ਖਿਲਵਾੜ ਕਰਨਾ ਅਤੇ ਕੈਲੰਡਰ ਦਾ ਰੇੜਕਾ ਪਾਉਣਾ, ਇਹ ਸਭ ਕੁਝ ਵੀ ਉਸੇ ਮਨੋਰਥ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਹੈ।
ਕਟੜਪੰਥੀ ਹਿੰਦੂਆਂ ਵੱਲੋਂ ਸਿੱਖਾਂ ਦੀ ਵਿਰੋਧਤਾ ਦਾ ਲੰਮਾ ਇਤਹਾਸ ਹੈ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਭਾਵੇਂ ਸਿੱਖਾਂ ਦਾ ਭਾਰੀ ਯੋਗਦਾਨ ਸੀ ਪਰ ਆਜ਼ਾਦੀ ਦਾ ਲਾਭ ਅਤੇ ਸੱਤਾ ਕਾਂਗਰਸ ਪਾਰਟੀ ਨੂੰ ਪ੍ਰਾਪਤ ਹੋਏ ਸਨ। ਕਾਂਗਰਸ ਪਾਰਟੀ ਵਿਚ ਪੰਜਾਬ ਦੀ ਨੁਮਾਇੰਦਗੀ ਸਿੱਖਾਂ ਦੇ ਕੱਟੜ ਵਿਰੋਧੀ ਆਰੀਆ ਸਮਾਜੀ ਹਿੰਦੂ ਕਰਦੇ ਸਨ। ਆਰੀਆ ਸਮਾਜੀ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਵਿਚ ਆਪਣੀ ਹੇਠੀ ਸਮਝਦੇ ਸਨ ਅਤੇ ਆਪਣੀ ਮਾਂ ਬੋਲੀ ਤੋਂ ਮੁਨਕਰ ਸਨ। ਭਾਵੇਂ ਸ਼ਿਮਲਾ ਸਥਿਤ ਪੰਜਾਬ ਸੈਕਰੀਟੇਰੀਅਟ, ਪੰਜਾਬ ਯੂਨੀਵਰਸਿਟੀ ਅਤੇ ਮੀਡੀਏ ਤੇ ਆਰੀਆ ਸਮਾਜੀ ਸੋਚ ਵਾਲੇ ਹਿੰਦੂਆਂ ਦਾ ਕਬਜ਼ਾ ਸੀ ਅਤੇ ਇਹ ਲੋਕ ਸਿੱਖਾਂ ਨੂੰ ਧਿਰਕਾਰਦੇ ਅਤੇ ਉਨ੍ਹਾਂ ਨਾਲ ਵਿਤਕਰਾ ਕਰਦੇ ਸਨ, ਫਿਰ ਵੀ ਆਰੀਆ ਸਮਾਜੀ ਪੰਜਾਬ ਵਿਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਨ। ਪੈਪਸੂ ਦੇ ਪੰਜਾਬ ਨਾਲ ਮਿਲਣ ਤੇ ਸਿੱਖਾਂ ਦੀ ਸਥਿਤੀ ਕੁਝ ਬੇਹਤਰ ਹੋਈ ਸੀ ਜਿਸ ਤੋਂ ਆਰੀਆ ਸਮਾਜੀ ਬਹੁਤ ਦੁਖੀ ਹੋਏ ਸਨ। ਪੈਪਸੂ ਦੇ ਪੰਜਾਬ ਨਾਲ ਮੇਲ ਤੋਂ ਧਰਮ ਨਿਰਪੱਖ ਸ਼ਕਤੀਆਂ ਨੂੰ ਵੀ ਕਾਫੀ ਉਤਸ਼ਾਹ ਮਿਲਿਆ ਸੀ ਕਿਉਂਕਿ ਮਾਲਵੇ ਅਤੇ ਪੁਆਧ ਵਿਚ ਆਰੀਆਂ ਸਮਾਜੀਆਂ ਦਾ ਪ੍ਰਭਾਵ ਬਹੁਤ ਘੱਟ ਸੀ ਅਤੇ ਸਿੱਖਾਂ ਅਤੇ ਹਿੰਦੂਆਂ ਵਿਚ ਮਿਲਵਰਤਨ ਅਤੇ ਏਕਤਾ ਸੀ। ਪਰ ਸਿੱਖ ਚਿੰਤਕਾਂ ਦੇ ਹਿੰਦੂਆਂ ਪ੍ਰਤੀ ਅਣਉਚਿਤ ਰਵੱਈਏ ਨੇ ਸਿੱਖਾਂ ਅਤੇ ਹਿੰਦੂਆਂ ਵਿਚ ਦਰਾੜ ਹੋਰ ਵਧਾ ਦਿੱਤੀ। ਛੋਟੇ ਮੋਟੇ ਮਤ ਭੇਦਾਂ ਨੇ ਹਿੰਦੂ-ਸਿੱਖ ਵੈਰ ਦਾ ਰੂਪ ਧਾਰਨ ਕਰਕੇ ਪੰਜਾਬੀ ਸਮਾਜ ਨੂੰ ਵੰਡ ਦਿੱਤਾ ਜਿਸ ਨੂੰ ਸਿਆਸੀ ਆਗੂ ਆਪਣੇ ਸੁਆਰਥ ਲਈ ਹੋਰ ਵਧਾਉਂਦੇ ਚਲੇ ਗਏ ਅਤੇ ਅੰਤ ਵਿਚ ਉਹ ਸਿੱਖ ਕੱਟੜ ਵਾਦ ਅਤੇ ਪੰਜਾਬ ਦੀ ਬਰਬਾਦੀ ਦਾ ਕਾਰਨ ਹੋ ਨਿਬੜਿਆ।
ਕਟੜਪੰਥੀ ਹਿੰਦੂ ਤਵੀਆਂ ਵੱਲੋਂ ਤੇ ਨਾਨਕਸ਼ਾਹੀ ਕੈਲੰਡਰ ਅਤੇ ਗੁਰਮਤਿ ਦੀ ਵਿਰੋਧਤਾ ਕਰਨੀ ਸੁਭਾਵਕ ਸੀ ਪਰ ਜਦੋਂ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ, ਜੋ ਆਪਣੇ ਆਪ ਨੂੰ ਗੁਰਮਤਿ ਦੀਆਂ ਸਮਰਥਕ ਦੱਸਦੀਆਂ ਹਨ, ਗੁਰਮਤਿ ਵਿਰੋਧੀ ਹਿੰਦੂਤਵੀ ਸ਼ਕਤੀਆਂ ਨਾਲ ਸਹਿਮਤੀ ਜਤਾਉਂਦੀਆਂ ਹਨ ਤਾਂ ਹੈਰਾਨੀ ਜ਼ਰੂਰ ਹੁੰਦੀ ਹੈ। ਦਰ ਅਸਲ ਸਿੱਖ ਜਗਤ ਵਿਚ ਸਿੱਖ ਧਾਰਮਕ ਸੰਸਥਾਵਾਂ ਅਤੇ ਸੰਪਰਦਾਵਾਂ ਦੀ ਵਾਸਤਵਿਕਤਾ ਬਾਰੇ ਵਿਆਪਕ ਭੁਲੇਖਾ ਹੈ। ਜਿਸ ਕਰਕੇ ਉਨ੍ਹਾਂ ਦਾ ਵਿਹਾਰ ਬਹੁਤ ਵਾਰ ਜਾਗਰੂਕ ਵਿਅਕਤੀਆਂ ਨੂੰ ਪਰੇਸ਼ਾਨ ਕਰ ਦਿੰਦਾ ਹੈ। ਸਾਧਾਰਣ ਸਿੱਖ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਦੇ ਉਪਦੇਸ਼ ਨੂੰ ਗੁਰਮਤਿ ਮੰਨਦੇ ਹਨ ਅਤੇ ਸਮਝਦੇ ਹਨ ਕਿ ਸਿੱਖ ਧਾਰਮਕ ਸੰਸਥਾਵਾਂ ਅਤੇ ਸੰਪਰਦਾਵਾਂ ਵੀ ਉਸੇ ਅਧਿਆਤਮਿਕ ਉਪਦੇਸ਼ ਦੇ ਸੰਚਾਰ ਲਈ ਬਣੀਆਂ ਹਨ। ਪਰ ਸਿੱਖ ਸੰਸਥਾਵਾਂ ਲਈ ਗੁਰਮਤਿ ਕੇਵਲ ਇੱਕ ਅਧਿਆਤਮਿਕ ਵਿਚਾਰਧਾਰਾ ਹੀ ਨਹੀਂ ਸਗੋਂ ਉਨ੍ਹਾਂ ਦੀ ਹੋਂਦ ਦਾ ਕਾਰਨ ਅਤੇ ਉਨ੍ਹਾਂ ਦਾ ਭਵਿੱਖ ਵੀ ਹੈ। ਸਿੱਖ ਸੰਸਥਾਵਾਂ ਦੀ ਗੁਰਮਤਿ ਤੇ ਨਿਰਭਰਤਾ ਉਨ੍ਹਾਂ ਦੀ ਗੁਰਮਤਿ ਬਾਰੇ ਸੋਚ ਨੂੰ ਆਮ ਲੋਕਾਂ ਦੀ ਸੋਚ ਨਾਲੋਂ ਵੱਖਰਾ ਕਰ ਦਿੰਦੀ ਹੈ। ਅਸਲ ਵਿਚ ਸਿੱਖ ਸੰਸਥਾਵਾਂ ਦਾ ਗੁਰਮਤਿ ਬਾਰੇ ਦ੍ਰਿਸ਼ਟੀਕੋਣ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਨਿਰਧਾਰਤ ਕਰਦੀਆਂ ਹਨ ਨਾ ਕੇ ਗੁਰਬਾਣੀ ਵਿਚ ਦਿੱਤੀ ਗੁਰਮਤਿ ਦੀ ਪਰਿਭਾਸ਼ਾ। ਹਰ ਸੰਸਥਾ ਅਤੇ ਸੰਪਰਦਾ ਦੀਆਂ, ਇੱਕ ਸਮਾਜਕ ਅਸਤਿਤਵ ਹੋਣ ਦੇ ਨਾਤੇ, ਤਿੰਨ ਬੁਨਿਆਦੀ ਲੋੜਾਂ ਹੁੰਦੀਆਂ ਹਨ: (੧) ਆਪਣੀ ਹੋਂਦ ਨੂੰ ਕਾਇਮ ਰੱਖਣਾ, (੨) ਆਪਣੀ ਪ੍ਰਸਿੱਧੀ ਵਧਾਉਣੀ, ਅਤੇ (੩) ਆਪਣੀ ਸ਼ਕਤੀ ਵਧਾਉਣੀ। ਸੰਸਥਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੀ ਉਸ ਦਾ ਪ੍ਰਮੁੱਖ ਮੰਤਵ ਹੁੰਦੀ ਹੈ ਅਤੇ ਜਿਸ ਮਨੋਰਥ ਦੀ ਪ੍ਰਾਪਤੀ ਲਈ ਉਸ ਦੀ ਸਥਾਪਨਾ ਹੋਈ ਹੁੰਦੀ ਹੈ। ਉਹ ਉਸ ਮਨੋਰਥ ਨੂੰ ਵੀ ਆਪਣੀਆਂ ਬੁਨਿਆਦੀ ਲੋੜਾਂ ਦਾ ਹਿੱਸੇਦਾਰ ਬਣਾ ਲੈਂਦੀ ਹੈ। ਜੇਕਰ ਸੰਸਥਾ ਦੇ ਮਿਥੇ ਮਨੋਰਥ ਅਤੇ ਉਸ ਦੀਆਂ ਬੁਨਿਆਦੀ ਲੋੜਾਂ ਵਿਚ ਕੋਈ ਵਿਰੋਧ ਹੋ ਜਾਵੇ ਤਾਂ ਉਹ ਮਨੋਰਥ ਵਿਚ ਲੋੜੀਂਦੀ ਸੋਧ ਕਰ ਲੈਂਦੀ ਹੈ ਕਿਉਂਕਿ ਕੋਈ ਵੀ ਸੰਸਥਾ ਆਪਣੀ ਹੋਂਦ ਨੂੰ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਖੱਤਰੇ ਵਿਚ ਨਹੀਂ ਪਾਉਂਦੀ। ਗੁਰਬਾਣੀ ਦੇ ਅਧਿਆਤਮਿਕ ਗਿਆਨ ਅਤੇ ਧਾਰਮਕ ਸੰਸਥਾਵਾਂ ਦੀ ਬੁਨਿਆਦੀ ਸੋਚ ਵਿਚ ਇਕਮਿਕਤਾ ਦੀ ਘਾਟ ਹੋਣ ਕਾਰਨ ਇਹ ਸੰਸਥਾਵਾਂ ਗੁਰਮਤਿ ਦੀ ਥਾਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੀਤੀਆਂ ਕਾਰਵਾਈਆਂ ਨੂੰ ਹੀ ਗੁਰਮਤਿ ਗਰਦਾਨ ਦਿੰਦੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਬਹੁਤ ਸਾਧਾਰਣ ਤਰਕ ਹੈ। ਉਹ ਆਪਣੇ ਆਪ ਨੂੰ ਗੁਰਮਤਿ ਦੇ ਪ੍ਰਸਾਰ ਲਈ ਬਣਾਈਆਂ ਸਮਝਦੀਆਂ ਹਨ। ਇਸ ਲਈ ਉਹ ਆਪਣੀ ਹਰ ਕਾਰਵਾਈ ਨੂੰ ਗੁਰਮਤਿ ਲਈ ਕੀਤੀ ਕਾਰਵਾਈ ਮੰਨਦੀਆਂ ਹਨ। ਜੋ ਕਾਰਵਾਈ ਜਾਗਰੂਕ ਵਿਅਕਤੀਆਂ ਲਈ ਗੁਰਮਤਿ ਵਿਰੋਧੀ ਹੁੰਦੀ ਹੈ ਉਹ ਸੰਸਥਾ ਲਈ ਗੁਰਮਤਿ ਹੁੰਦੀ ਹੈ। ਅਧਿਆਤਮਿਕ ਵਿਚਾਰਧਾਰਾ ਅਤੇ ਸਮਾਜਕ ਜਥੇਬੰਦੀਆਂ ਵਿਚ ਭਿੰਨਤਾ ਬਾਰੇ ਗੁਰਬਾਣੀ ਵੀ ਸੂਝ ਬਖਸ਼ਦੀ ਹੈ। ਗੁਰਬਾਣੀ ਅਨੁਸਾਰ ਸੰਸਾਰਕ ਸੰਗਠਨ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਅਧੀਨ ਵਿਚਰਦੇ ਹਨ। ਸੰਸਥਾਵਾਂ ਮੋਹ ਮਾਇਆ ਦੇ ਪ੍ਰਭਾਵ ਅਧੀਨ ਹੋਣ ਕਾਰਨ ਅਧਿਆਤਮਿਕ ਗਿਆਨ ਦੇ ਸੰਚਾਰ ਦੇ ਯੋਗ ਨਹੀਂ ਹੁੰਦੀਆਂ। ਉਨ੍ਹਾਂ ਲਈ ਆਪਣੀ ਹੋਂਦ ਬਰਕਰਾਰ ਰੱਖਣੀ ਅਤੇ ਪ੍ਰਸਿੱਧੀ ਪ੍ਰਾਪਤ ਕਰਨੀ ਪ੍ਰਮੁੱਖ ਹੁੰਦੀ ਹੈ। ਵੈਸੇ ਵੀ ਗੁਰਬਾਣੀ ਅਨੁਸਾਰ ਗੁਰਮਤਿ ਨੂੰ ਸਮਝਣ ਅਤੇ ਧਾਰਨ ਕਰਨ ਦਾ ਨਿਰਣਾ ਵਿਅਕਤੀ ਨੇ ਖ਼ੁਦ ਕਰਨਾ ਹੁੰਦਾ ਹੈ। ਗੁਰਮਤਿ ਦੀ ਸਮਝ ਵਿਅਕਤੀ ਨੂੰ ਸੰਗਤ ਵਿਚ ਗੁਰੂ ਦੇ ਉਪਦੇਸ਼ ਦੁਆਰਾ ਪੈਂਦੀ ਹੈ। ਸੰਗਤ, ਸੰਸਥਾ, ਸੰਗਠਨ ਜਾਂ ਸੰਪਰਦਾ ਨਹੀਂ ਹੁੰਦੀ। ਗੁਰਦੁਆਰੇ ਵਿਚ ਗੁਰਬਾਣੀ ਉਪਦੇਸ਼ ਤੇ ਵਿਚਾਰ ਵਟਾਂਦਰਾ ਕਰਕੇ ਸਮਝਣ ਲਈ ਇਕੱਠੇ ਹੋਏ ਸ਼ਰਧਾਲੂਆਂ ਨੂੰ ਹੀ ਸੰਗਤ ਆਖਿਆ ਜਾ ਸਕਦਾ ਹੈ।
ਕਾਫੀ ਸਮਾਂ ਪੈਣ ਤੇ ਆਰੀਆ ਸਮਾਜੀਆਂ ਨੂੰ ਸਮਝ ਪਈ ਸੀ ਕਿ ਵੀਹਵੀਂ ਸਦੀ ਵਿਚ ਵੈਦਿਕ ਜੀਵਨ ਢੰਗ ਧਾਰਨ ਕਰਨ ਦੀ ਇੱਛਾ ਅਵਿਹਾਰਕ ਹੈ। ਸਮਝ ਪੈਣ ਤੇ ਉਨ੍ਹਾਂ ਨੇ ਆਰੀਆ ਸਮਾਜੀ ਵਿਚਾਰਧਾਰਾ ਨੂੰ ਤਿਆਗ ਕੇ ਸ਼ਿਵਾ ਜੀ, ਵੀਰ ਸਾਵਰਕਰ ਅਤੇ ਆਰ.ਐਸ.ਐਸ. ਦੀ ਹਿੰਦੂਤਵੀ ਵਿਚਾਰਧਾਰਾ ਧਾਰਨ ਕਰ ਲਈ ਹੈ। ਹੁਣ ਉਹ ਪੰਜਾਬੀ ਅਖਵਾਉਣ ਵਿਚ ਮਾਨ ਮਹਿਸੂਸ ਕਰਨ ਲੱਗ ਪਏ ਹਨ ਅਤੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਵੀ ਸਮਝਦੇ ਹਨ। ਉਹ ਹੁਣ ਸਿੱਖ ਧਰਮ ਦਾ ਸਪਸ਼ਟ ਰੂਪ ਵਿਚ ਵਿਰੋਧ ਨਹੀਂ ਕਰਦੇ, ਪਰ ਉਸ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਿੱਖਾਂ ਨੂੰ ਹਿੰਦੂਤਵ ਦੇ ਉਪਾਸ਼ਕ ਬਣਾਉਣ ਲਈ ਯਤਨਸ਼ੀਲ ਹਨ। ਇਸ ਲਈ ਹਿੰਦੂਤਵ ਸ਼ਕਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੁਧ ਅਖੌਤੀ ਦਸਮ ਗ੍ਰੰਥ ਨੂੰ ਬੜ੍ਹਾਵਾ ਦੇ ਰਹਿਈਆਂ ਹਨ। ਗੁਰੂ ਨਾਨਕ ਸਾਹਿਬ ਨੂੰ ਨਜ਼ਰ ਅੰਦਾਜ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਡਿਆਉਂਦੀਆਂ ਹਨ। ਬੰਦਾ ਬਹਾਦਰ ਨੂੰ ਸਿੱਖ ਧਰਮ ਦਾ ਨਾਇਕ ਬਣਾਉਣ ਲਈ ਉਸ ਦੀਆਂ ਯਾਦਗਾਰਾਂ ਬਣਾਉਣ ਵਿਚ ਰੁਝੀਆਂ ਹੋਈਆਂ ਹਨ। ਗੁਰੂ ਸਾਹਿਬਾਨ ਦੇ ਜਨਮ ਉਤਸਵਾਂ ਨੂੰ ਜੰਤਰੀਆਂ ਦੀ ਵਿਲੱਖਣਤਾ ਵਿਚ ਉਲਝਾ ਰਹਿਈਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸਿੱਖ ਧਰਮ ਦੀ ਗੁਰਬਾਣੀ ਉਪਦੇਸ਼ ਨਾਲੋਂ ਦੂਰੀ ਵੱਧਦੀ ਚਲੀ ਗਈ ਹੈ। ਹਿੰਦੂਤਵੀ ਸ਼ਕਤੀਆਂ ਸਿੱਖਾਂ ਦੀ ਗੁਰਬਾਣੀ ਤੋਂ ਵੱਧ ਰਹੀ ਦੂਰੀ ਤੋਂ ਜਾਣੂ ਹਨ ਅਤੇ ਇਸ ਦਾ ਫਾਇਦਾ ਉਠਾ ਕੇ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਯਤਨ ਕਰ ਰਹਿਈਆਂ ਹਨ। ਉਹ ਆਪਣੇ ਮਨੋਰਥ ਦੀ ਪੂਰਤੀ ਲਈ ਸਿੱਖ ਧਾਰਮਕ ਸੰਸਥਾਵਾਂ ਅਤੇ ਸੰਪਰਦਾਵਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਯਤਨਸ਼ੀਲ ਹਨ। ਸਿੱਖ ਧਾਰਮਕ ਸੰਸਥਾਵਾਂ ਵੀ ਹਿੰਦੂਤਵੀ ਸ਼ਕਤੀਆਂ ਦੇ ਸਹਿਯੋਗ ਨਾਲ ਆਪਣੀ ਪ੍ਰਸਿੱਧੀ ਅਤੇ ਸ਼ਕਤੀ ਵਧਾਉਣ ਦੀਆਂ ਚਾਹਵਾਨ ਹਨ। ਕੇਵਲ ਗੁਰਦੁਆਰਾ ਹੀ ਇੱਕ ਐਸੀ ਸੰਸਥਾ ਹੈ ਜਿਥੇ ਐਸਾ ਮਾਹੌਲ ਸਿਰਜਣ ਦੀ ਸੰਭਾਵਨਾ ਬਣਦੀ ਹੈ ਜਿਸ ਵਿਚ ਗੁਰਬਾਣੀ ਦੀ ਸਿੱਖਿਆ ਅਤੇ ਵਿਚਾਰ ਵਟਾਂਦਰੇ ਦੀ ਸੁਵਿਧਾ ਲਈ ਸੰਗਤ ਜੁੜ ਸਕੇ। ਐਸਾ ਮਾਹੌਲ ਸਿਰਜਣ ਲਈ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਗੋਲਕ ਅਤੇ ਬਿਲਡਿੰਗ ਦੀ ਚਿੰਤਾ ਛੱਡ ਕੇ ਆਪਣੀ ਸਵਾਰਥੀ ਸੋਚ ਨੂੰ ਤਿਆਗਣ ਦਾ ਯਤਨ ਕਰਨਾ ਪਵੇਗਾ।




.