.

ਬਿਨੁ ਸਤਿਗੁਰ ਸਭੁ ਜਗੁ ਬਉਰਾਨਾ॥

ਸੰਸਾਰ ਵਿੱਚ ਕੋਈ ਵੀ ਮਨੁੱਖ ਆਪਣੇ ਆਪ ਨੂੰ ਬਉਰਾ (ਪਾਗਲ) ਨਹੀ ਅਖਵਾਉਣਾ ਚਹੁੰਦਾ ਇਥੋਂ ਤਕ ਕਿ ਕੋਈ ਪਾਗਲਾਂ ਵਾਲੇ ਕੰਮ ਕਰਦਾ ਵੀ ਆਪਣੇ ਆਪ ਨੂੰ ਪਾਗਲ ਨਹੀ ਅਖਵਾਉਂਦਾ। ਆਮ ਤੌਰ ਤੇ ਜਦੋਂ ਮਨੁੱਖ ਆਪਣੇ ਮਨ ਦਾ ਸੰਤੁਲਨ ਗਵਾ ਬੈਠੇ ਉਦੋਂ ਉਹ ਪਾਗਲ ਮੰਨਿਆ ਜਾਂਦਾ ਹੈ ਕਿਉਂਕਿ ਨਾ ਤਾਂ ਉਸ ਦੀ ਕਿਸੇ ਨੂੰ ਸਮਝ ਲਗਦੀ ਹੈ, ਤੇ ਨਾ ਹੀ ਉਹ ਕਿਸੇ ਦੀ ਗਲ ਸਮਝ ਸਕਦਾ ਹੈ। ਉਹ ਆਪਣੀ ਅਲੱਗ ਦੁਨੀਆਂ ਦੀਆਂ ਹੀ ਗੱਲਾਂ ਕਰਦਾ ਹੈ ਤੇ ਉਸ ਦਾ ਕਿਸੇ ਨਾਲ ਤਾਲ ਮੇਲ ਨਹੀ ਬੈਠਦਾ ਇਸ ਲਈ ਜਗਤ ਉਸ ਨੂੰ ਪਾਗਲ ਕਹਿਣ ਲੱਗ ਜਾਂਦਾ ਹੈ। ਜਗਤ ਦਾ ਤਾਲ ਮੇਲ ਵਿਗਿਆਨੀਆਂ ਨਾਲ (ਜਿਨ੍ਹਾਂ ਦੇ ਮਨ ਦਾ ਸੰਤੁਲਨ ਵੀ ਠੀਕ ਸੀ) ਵੀ ਨਾ ਬੈਠ ਸਕਿਆ ਤੇ ਜਗਤ ਉਹਨਾਂ ਨੂੰ ਵੀ ਪਾਗਲ ਹੀ ਕਹਿੰਦਾ ਰਿਹਾ। "ਦੁਨੀਆਂ ਗੋਲ ਹੈ" ਦੀ ਵਿਗਿਅਨਿਕ ਸਚਾਈ ਨੂੰ ਮੰਨਣ ਲਈ ਹੀ ਕਈ ਸਾਲ ਲੱਗ ਗਏ, ਬੜੇ ਵਿਰੋਧ ਹੋਏ, ਤੇ ਇਹ ਸੱਚ ਕਹਿਣ ਵਾਲਿਆਂ ਨੂੰ ਦੁਨੀਆਂ ਪਾਗਲ ਕਹਿੰਦੀ ਰਹੀ ਕਿਉਂਕਿ ਦੋਨਾਂ ਦਾ ਤਾਲ ਮੇਲ ਨਹੀ ਸੀ ਬੈਠ ਰਿਹਾ। ਇਹੀ ਹਾਲ ਧਰਮ ਦੀ ਦੁਨੀਆਂ ਵਿੱਚ ਪੀਰਾਂ, ਪੈਗੰਬਰਾਂ, ਭਗਤਾਂ ਤੇ ਗੁਰੂਆਂ ਨਾਲ ਹੋਇਆ। ਉਹ ਆਤਮਵਾਦੀ ਹਨ, ਆਤਮਾ ਦੀ ਗਲ ਕਰਦੇ ਹਨ, ਮਨ ਦੀ ਗਲ ਕਰਦੇ ਹਨ ਪਰ ਸੰਸਾਰ ਸਰੀਰਕਵਾਦੀ ਹੈ, ਕੇਵਲ ਸਰੀਰ (ਤੇ ਉਸ ਤੇ ਪਾਏ ਧਾਰਮਿਕ ਚਿੰਨਾਂ) ਦੀ ਹੀ ਗਲ ਕਰਦਾ ਹੈ, ਦੋਨਾਂ (ਭਗਤਾਂ ਤੈ ਸੈਸਾਰੀਆਂ) ਦਾ ਤਾਲ ਮੇਲ ਨਹੀ ਬੈਠਦਾ ਕਿਉਂਕਿ ਦੋਨੋਂ ਆਪਾ ਵਿਰੋਧੀ ਹਨ, ਇਸ ਲਈ ਜਗਤ ਉਹਨਾਂ ਨੂੰ ਵੀ ਪਾਗਲ, ਬਾਵਰੇ ਜਾਂ ਬਉਰੇ ਹੀ ਕਹਿੰਦਾ ਰਿਹਾ। ਅਗਿਆਨੀ, ਗਿਆਨਵਾਨ ਨੂੰ ਪਾਗਲ ਸਮਝਦਾ ਹੈ, ਤੇ ਗਿਆਨਵਾਨ ਨੂੰ ਅਗਿਆਨੀ ਬਉਰਾ ਲਗਦਾ ਹੈ, ਮਨਮੁੱਖ ਨੂੰ ਗੁਰਮੁਖ, ਤੇ ਗੁਰਮੁਖ ਨੂੰ ਮਨਮੁੱਖ ਬਾਵਰਾ ਲਗਦਾ ਹੈ ਕਿਉਂਕਿ ਦੋਨਾਂ ਦਾ ਇੱਕ ਦੂਜੇ ਨਾਲ ਤਾਲ ਮੇਲ ਨਹੀ ਬੈਠ ਰਿਹਾ ਪਰ ਅਗਰ ਰੱਬ ਸਬੱਬੀ ਇੱਕ ਦੂਜੇ ਦੀ ਗਲ ਸਮਝ ਆ ਜਾਵੇ, ਤਾਲ ਮੇਲ ਬੈਠ ਜਾਵੇ ਤਾਂ ਪਾਗਲਪਣ ਦੂਰ ਹੋ ਜਾਂਦਾ ਹੈ। ਇਸ ਲਈ ਜ਼ਾਹਰ ਹੈ ਕਿ ਪਾਗਲਪਣ ਅਗਿਆਨਤਾ ਜਾਂ ਬੇਸਮਝੀ ਤੇ ਹੀ ਨਿਰਭਰ ਹੈ। ਇਸੇ ਅਗਿਆਨਤਾ ਤੇ ਬੇਸਮਝੀ ਦੇ ਕਾਰਨ ਹੀ ਮਨੁੱਖੀ ਜੀਵਨ ਸੁੱਖਾਂ ਦੁੱਖਾਂ ਦੇ ਘੋਲ ਵਿੱਚ ਦਲਿਅ੍ਹਾਂ ਜਾਂਦਾ ਹੈ, ਤੇ ਇਹਨਾਂ ਸੁੱਖਾਂ ਦੁੱਖਾਂ ਦੀ ਜੜ੍ਹ ਕਿਉਂਕਿ ਮਨ ਹੈ ਇਸ ਲਈ ਇਹਨਾਂ ਤੋਂ ਮੁਕਤ ਹੋ ਕੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਨਾਉਣ ਲਈ ਗੁਰਬਾਣੀ ਮਨੁੱਖ ਨੂੰ ਗਿਆਨ ਦੁਆਰਾ ਮਨ ਦੀ ਸਾਧਨਾ, (ਸੱਚੀ ਸੁੱਚੀ ਸੋਚ), ਮਨ ਦੀ ਪਵਿੱਤ੍ਰਤਾ ਲਈ ਪ੍ਰੇਰਦੀ ਹੈ। ਧਰਮ ਦੀ ਦੁਨੀਆਂ ਵਿੱਚ ਪਾਗਲ ਉਸ ਨੂੰ ਮੰਨਿਆ ਜਾਂਦਾ ਹੈ ਜੋ ਆਪਣੇ ਮਨ ਦੀ ਪੜਚੋਲ ਨਹੀ ਕਰਦਾ, ਆਪਣੇ ਅੰਦਰ ਪਏ ਵਿਕਾਰਾਂ ਨੂੰ ਨਹੀ ਪਛਾਣਦਾ, ਆਪਣੇ ਮਨ ਨੂੰ ਨਹੀ ਪੜ੍ਹਦਾ:

ਸੋ ਬਉਰਾ, ਜੋ ਆਪੁ ਨ ਪਛਾਨੈ॥ ਆਪੁ ਪਛਾਨੈ, ਤ ਏਕੈ ਜਾਨੈ॥ 855 ਅਗਿਆਨਤਾ ਕਾਰਨ ਮਨ ਦੇ ਅੰਦਰ ਪਏ ਵਿਕਾਰ ਹੀ ਪਾਗਲਪਣ ਦਾ ਮੂਲ ਹਨ। ਹਉਮੈ ਵਿਚਿ ਸਭੁ ਜਗੁ ਬਉਰਾਨਾ॥ ਦੂਜੈ ਭਾਇ ਭਰਮਿ ਭੁਲਾਨਾ॥ 159 ਜਿਸ ਦਾ ਆਪਣੇ ਹੀ ਮਨ ਨਾਲ ਤਾਲ ਮੇਲ ਨਾ ਬੈਠੇ, ਮਨ ਸਦਾ ਦੂਜੈ ਭਾਇ ਵਿੱਚ ਪ੍ਰਦੇਸੀ ਬਣ ਕੇ ਭਰਮਾਂ ਵਿੱਚ ਭੁਲਿਆ ਫਿਰੇ, ਉਸ ਵਿਕਾਰਾਂ ਵਸ ਹੋਏ ਪਾਗਲ ਮਨ ਨੂੰ ਸਮਝਾਉਣਾ ਬੜਾ ਕਠਨ ਹੈ। ਗੁਰਬਾਣੀ ਸੂਚਤ ਕਰਦੀ ਹੈ:

  1. ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ॥ ਹਰਿ ਸਿਮਰਨੁ ਕਰਿ ਹਰਿ ਜਨ ਛੂਟੇ॥ 389
  2. ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ॥ 61
  3. ਏਤੁ ਮੋਹਿ ਡੂਬਾ ਸੰਸਾਰੁ॥ ਗੁਰਮੁਖਿ ਕੋਈ ਉਤਰੈ ਪਾਰਿ॥ 356

ਕੋਈ ਕਾਮ ਵਿੱਚ ਪਾਗਲ ਹੈ, ਕੋਈ ਕ੍ਰੋਧ ਵਿੱਚ ਪਾਗਲ ਹੈ, ਕੋਈ ਲੋਭ ਵਿੱਚ ਪਾਗਲ ਹੈ, ਕੋਈ ਮੋਹ ਵਿੱਚ ਪਾਗਲ ਹੈ ਤੇ ਕੋਈ ਹੰਕਾਰ ਵਿੱਚ ਪਾਗਲ ਹੈ ਤੇ ਗੁਰਬਾਣੀ ਇਹਨਾਂ ਵਿਕਾਰਾਂ (ਦੇ ਪਾਗਲਪਣ) ਤੋਂ ਮੁਕਤੀ ਦਾ ਰਾਹ ਦਸਦੀ ਹੈ: ਕਹੁ ਕਬੀਰ ਛੂਟਨੁ ਨਹੀ, ਮਨ ਬਉਰਾ ਰੇ, ਛੂਟਨੁ ਹਰਿ ਕੀ ਸੇਵ॥ ੩੩੬ ਹੇ ਮੇਰੇ ਪਾਗਲ ਮਨਾ, ਗੁਰੂ ਦੇ ਗਿਆਨ (ਸ਼ਬਦ ਵੀਚਾਰ) ਬਿਨਾ ਇਹਨਾਂ ਵਿਕਾਰਾਂ (ਦੇ ਪਾਗਲਪਣ) ਤੋਂ ਮੁਕਤ ਨਹੀ ਹੋਇਆ ਜਾ ਸਕਦਾ ਤੇ ਗਿਆਨ ਵੀਚਾਰ ਬਿਨਾ (ਵਿਕਾਰਾਂ ਵਸ ਹੋ ਕੇ) ਤੂੰ ਆਪਣਾ ਜੀਵਨ ਅਜਾਈਂ ਗਵਾ ਲਿਆ। ਬਾਵਰੇ, ਤੈ ਗਿਆਨ ਬੀਚਾਰੁ ਨ ਪਾਇਆ॥ ਬਿਰਥਾ ਜਨਮੁ ਗਵਾਇਆ॥ 793 ਇਹ ਅਗਿਆਨਤਾ ਕੇਵਲ ਪਾਗਲਪਣ ਹੀ ਨਹੀ ਬਲਿਕੇ ਆਤਮਿਕ ਮੌਤ ਵੀ ਹੈ ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ॥ 88

ਸਪਸ਼ਟ ਹੈ ਕਿ ਵਿਕਾਰਾਂ ਦੇ ਪਾਗਲਪਣ ਤੋਂ ਮੁਕਤ ਹੋਣ ਲਈ, ਧਰਮੀ ਹੋਣ ਲਈ, ਮਨ ਦੀ ਪਵਿੱਤ੍ਰ ਸੋਚ ਲਈ ਆਤਮਿਕ ਗਿਆਨ ਦਾ ਹੋਣਾ ਜ਼ਰੂਰੀ ਹੈ। ਇਸ ਆਤਮਿਕ ਗਿਆਨ ਬਿਨਾ ਗੁਰੂ ਨਾਲ ਤਾਲ ਮੇਲ ਨਹੀ ਬੈਠ ਸਕਦਾ, ਤੇ ਮਨ ਭਰਮ ਭੁਲੇਖਿਆਂ ਵਿੱਚ ਬਉਰਾ ਹੋਇਆ ਰਹਿੰਦਾ ਹੈ। ਧਰਮ ਦੀ ਦੁਨੀਆਂ ਵਿੱਚ ਜਿਸ ਨੂੰ ਆਪਣੇ ਗੁਰੂ ਦੇ ਅੰਮ੍ਰਿਤ ਬਚਨਾਂ ਤੇ ਭਰੋਸਾ ਨਹੀ, ਆਪਣੇ ਗੁਰੂ ਦੀ ਪਰਤੀਤ ਹੀ ਨਹੀ ਉਸ ਨੂੰ ਸੁੱਖ ਸੁਪਨੇ ਵਿੱਚ ਵੀ ਨਸੀਬ ਨਹੀ ਹੋ ਸਕਦਾ:

ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥ ੫੯੧

ਜਿਸ ਗੁਰੂ ਦੇ ਬਚਨਾਂ ਵਿੱਚ ਸਾਰੇ ਰਸ ਮੌਜੂਦ ਹਨ ਉਸ ਨੂੰ ਛੱਡ ਕੇ ਬੀਰ ਰਸ ਦੀ ਭਾਲ ਬਾਹਰੋਂ ਕਰਨ ਵਾਲੇ ਭੁੱਲੇ ਫਿਰਦੇ ਹਨ ਕਿਉਂਕਿ ਉਹਨਾਂ ਦਾ ਤਾਲ ਮੇਲ ਗੁਰੂ ਨਾਲ ਨਹੀ ਬੈਠਦਾ ਪਰ ਗੁਰਬਾਣੀ ਕਥਨ ਹੈ: ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ॥ ੧੨੩੪

ਗੁਰੂ ਦੀ ਸਿਖਿਆ (ਗੁਰਗਿਆਨ) ਤੇ ਚੱਲੇ ਬਿਨਾ, ਜਾਂ ਗੁਰੂ ਨਾਲ ਤਾਲ ਮੇਲ ਬਿਠਾਏ ਬਿਨਾ, ਕੀਤੇ ਸਭ ਕਰਮ ਧਰਮ ਪਾਗਲਪਣ ਹੀ ਹਨਬੜੀ ਸਾਧਾਰਨ ਜਿਹੀ ਗਲ ਹੈ ਕਿ ਅਗਰ ਸਭ ਰਸ ਪਰਮਾਤਮਾ ਦੇ ਹੀ ਹਨ ਤਾਂ ਜਿਸ ਨੇ, ਗੁਰੂ ਦੁਆਰਾ, ਪਰਮਾਤਮਾ ਨਾਲ ਸਾਂਝ ਪਾ ਲਈ, ਗੰਢ ਤੁਪ ਕਰ ਲਈ, ਤਾਲ ਮੇਲ ਬਿਠਾ ਲਿਆ, ਤਾਂ ਕੀ ਉਸ ਵਿੱਚ ਬੀਰ ਰਸ ਦੀ ਘਾਟ ਰਹਿ ਗਈ? ਗੁਰੂ ਨੂੰ ਛੱਡ ਕੇ ਦੂਜੈ ਭਾਇ ਵਿੱਚ ਬੀਰ ਰਸ ਲੱਭਣ ਵਾਲੇ ਬਉਰੇ ਨਹੀ ਤਾਂ ਕੀ ਹਨ? ਪਰ ਮੁੰਢੋਂ ਘੁੱਥਾ ਜਾਣ ਵਾਲੇ ਨੂੰ ਕੌਣ ਸਮਝਾਵੇ। ਗੁਰਬਾਣੀ ਦਾ ਹੀ ਫੁਰਮਾਨ ਹੈ:

ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ॥ ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ॥ 420

ਇੱਕ ਹੋਰ ਬਉਰਾ ਉਹ ਵੀ ਹੈ ਜੋ ਚਰਾਗ ਹੱਥ ਵਿੱਚ ਫੜ ਕੇ ਖੂਹ ਵਿੱਚ ਡਿਗਦਾ ਫਿਰਦਾ ਹੈ, ਆਤਮਿਕ ਗਿਆਨ ਦੇ ਅਨਮੋਲ ਰਤਨਾਂ ਦਾ ਖਜ਼ਾਨਾ ਤੇ ਚਰਾਗ ਕੋਲ ਹੁੰਦਿਆਂ, ਅਗਿਆਨਤਾ ਦੇ ਹਨੇਰੇ ਵਿੱਚ ਦਰ ਦਰ ਦਾ ਭਿਖਾਰੀ ਬਣ ਕੇ ਠੋਕਰਾਂ ਖਾਂਦਾ ਫਿਰਦਾ ਹੈ। ਉਸ ਨੂੰ ਰੱਬੀ ਗਿਆਨ ਦੀ ਪਹਿਚਾਨ ਹੀ ਨਹੀ, ਸੱਚ ਤੇ ਝੂਠ ਦੀ ਪਰਖ ਵਾਲੀ ਬਿਬੇਕ ਬੁੱਧ ਹੀ ਨਹੀ ਤੇ ਉਹ ਨਕਲੀ ਗ੍ਰੰਥਾਂ ਨੂੰ ਹੀ ਗੁਰਗਿਆਨ ਮੰਨੀ ਬੈਠਾ ਹੈ। ਜੋ ਵੀ ਐਰਾ ਗੈਰਾ ਉਠਦਾ ਹੈ ਇਸ ਗੁਰਮਤਹੀਣ ਨੂੰ ਭੇਡਾਂ ਵਾਂਙ ਹੱਕ ਲੈਂਦਾ ਹੈ। ਸ਼ਿਆਸਤਦਾਨ ਹੱਕੀ ਫਿਰਦੇ ਹਨ, ਧਰਮ ਦੇ ਆਪਣੇ ਹੀ ਬਣਾਏ ਅਖੌਤੀ ਮੁਖੀਏ, ਠਾਠਾਂ, ਟਕਸਾਲਾਂ, ਦਰਬਾਰਾਂ ਤੇ ਡੇਰਿਆਂ ਦੇ ਅਖੌਤੀ ਸਾਧ ਸੰਤ ਤੇ ਬਾਬੇ, ਸੱਭ ਇਸ ਨੂੰ ਮਗਰ ਲਾਈ ਫਿਰਦੇ ਹਨ ਕਿਉਂਕਿ ਇਸ ਕੋਲ ਸੋਚਣ ਸ਼ਕਤੀ ਹੈ ਹੀ ਨਹੀ ਅਤੇ ਜਿਸ ਕੋਲ ਸੋਚ ਸ਼ਕਤੀ ਨਹੀ, ਸੱਚ ਤੇ ਝੂਠ ਦਾ ਨਿਰਨਾ ਕਰਨ ਵਾਲੀ ਬਿਬੇਕ ਬੁੱਧ ਨਹੀ, ਉਸ ਦਾ ਤਾਲ ਮੇਲ ਗੁਰੂ ਨਾਲ ਕਿਵੇਂ ਬੈਠੇ, ਤਾਂ ਫਿਰ ਉਸ ਬੇਤਾਲੇ ਵਿਅਕਤੀ ਨੂੰ ਕੀ ਕਿਹਾ ਜਾ ਸਕਦਾ ਹੈ? ਗੁਰਬਾਣੀ ਦਾ ਹੀ ਫੁਰਮਾਨ ਹੈ: ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ॥ 643

ਇਸ ਕੌੜੀ ਹਕੀਕਤ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਮੌਜੂਦਾ ਧਰਮ ਧੰਧੇ ਬਿਨਾ ਹੋਰ ਕੁਛ ਵੀ ਨਹੀ, ਪੈਸਿਆਂ ਨਾਲ ਪਾਠ ਕਰਵਾਏ ਜਾਂਦੇ ਹਨ, ਕੀਰਤਨ ਕਰਵਾਇਆ ਜਾਂਦਾ ਹੈ ਤੇ ਮਨ ਮਰਜ਼ੀ ਦੀਆਂ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ, ਤੇ ਮਨੁੱਖ ਇਸ ਧਰਮ ਦੇ ਧੰਧੇ ਵਿੱਚ ਆਪਣਾ ਜਨਮ ਅਜਾਈਂ ਗਵਾ ਲੈਂਦਾ ਹੈ। ਕੋਈ ਵਿਰਲਾ ਗੁਰਮੁਖ ਹੀ ਸੱਚ ਦਾ ਪੱਲਾ ਫੜ ਕੇ ਇਸ ਕਰਮ ਧਰਮ ਪਾਖੰਡ ਨੂੰ ਬੁੱਝ ਕੇ ਇਸ ਤੋਂ ਬਚ ਸਕਦਾ ਹੈ। ਮਨੁੱਖ ਦਾ ਦੁਖਾਂਤ ਇਹ ਹੈ ਕਿ ਵਿਕਾਰਾਂ ਦੀ ਜਕੜ ਵਿੱਚ ਆਤਮਿਕ ਗਿਆਨ ਬਿਨਾ ਇਹ ਸੱਚ ਨੂੰ ਪਛਾਨਣ ਤੋਂ ਅਸਮਰੱਥ ਹੈ। ਮਸਾਲ ਦੇ ਤੌਰ ਤੇ ਜਦੋਂ ਕੋਈ ਅਖੌਤੀ ਸਾਧ ਧਰਮ ਦਾ ਝੂਠਾ ਪਖੰਡ ਕਰਦਾ ਹੈ ਤਾਂ ਜਗਤ ਉਸ ਨੂੰ ਮੱਥੇ ਟੇਕਦਾ ਨਹੀ ਥਕਦਾ, ਭੇਟਾਵਾਂ ਦੇ ਢੇਰ ਲਾ ਦਿੰਦਾ ਹੈ, ਉਸ ਦੇ ਚਰਨ ਧੋ ਧੋ ਪੀਂਦਾ ਹੈ ਪਰ ਜਦ ਉਹੀ ਸਾਧ ਸੱਚ ਦਾ ਪੱਲਾ ਫੜ ਲੈਂਦਾ ਹੈ, ਗੁਰਗਿਆਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ (ਮੋਹ ਮਾਇਆ ਵਿੱਚ ਗ੍ਰਸੇ) ਜਗਤ ਦਾ ਤਾਲ ਮੇਲ ਉਸ ਨਾਲੋਂ ਟੁੱਟ ਜਾਂਦਾ ਹੈ ਤੇ ਜਗਤ ਫਿਰ ਉਸ ਦਾ ਸਿਰ ਉਤਾਰਨ ਲਈ ਉਤਾਵਲਾ ਹੋ ਜਾਂਦਾ ਹੈ, ਫਿਰ ਇਨ ਲੋਗਨ ਸਿਉਂ (ਕਮਲੇ ਨਹੀ ਤਾਂ) ਕਿਆ ਕਹੀਐ? ਕਲ੍ਹ ਜੋ ਅਸੱਤ ਨਾਲ ਜੁੜਿਆ ਸੰਤ ਅਖਵਾਉਂਦਾ ਸੀ, ਸੱਤ ਨਾਲ ਜੁੜਿਆਂ ਅੱਜ ਜਗਤ ਉਸ ਨੂੰ ਬਉਰਾ ਕਹਿ ਰਿਹਾ ਹੈ ਕਿਉਂਕਿ ਜਗਤ ਦਾ ਭਗਤ ਨਾਲ ਕਦੇ ਤਾਲ ਮੇਲ ਨਹੀ ਬੈਠਾ। ਮੋਹ ਮਾਇਆ ਦੀ ਛਾਇਆ ਵਿੱਚ ਜਨਮੇ ਮਨੁੱਖ ਦਾ ਤਾਲ ਮੇਲ ਬਚਪਨ ਤੋਂ ਹੀ ਝੂਠ ਨਾਲ ਬੈਠ ਜਾਂਦਾ ਹੈ ਤੇ ਫੇਰ ਉਸ ਨੂੰ ਝੂਠ ਸੱਚ ਤੇ ਸੱਚ ਝੂਠ ਪਰਤੀਤ ਹੁੰਦਾ ਹੈ। ਜਦੋਂ ਕਬੀਰ ਜੀ ਦਾ ਤਾਲ ਮੇਲ ਸੱਚ ਨਾਲ ਬੈਠਾ ਤਾਂ ਜਗਤ ਨੇ ਕਬੀਰ ਜੀ ਨੂੰ ਵੀ ਪਾਗਲ ਕਰਾਰ ਦੇ ਦਿੱਤਾ:

ਲੋਗੁ ਕਹੈ, ਕਬੀਰੁ ਬਉਰਾਨਾ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ॥ 1158 ਆਤਮਿਕ ਗਿਆਨ ਬਿਨਾ ਮਨੁੱਖ ਸਦਾ ਭਰਮ ਭੁਲੇਖਿਆਂ ਵਿੱਚ ਪਾਗਲ ਹੋਇਆ ਰਹਿੰਦਾ ਹੈ ਕਿਉਂਕਿ ਜੋ ਵਸਤ ਉਸ ਦੇ ਅੰਦਰ ਪਈ ਹੈ, ਉਸ ਨੂੰ ਉਹ ਬਾਹਰੋਂ ਟੋਲਦਾ ਰਹਿੰਦਾ ਹੈ। ਅੰਤਰਿ ਵਸਤੁ ਮੂੜਾ ਬਾਹਰੁ ਭਾਲੇ॥ ਮਨਮੁਖ ਅੰਧੇ ਫਿਰਹਿ ਬੇਤਾਲੇ॥ 117 ਧਰਮ ਅੰਦਰੂਨੀ, ਅਦ੍ਰਿਸ਼ਟ ਤੇ ਨਿਜੀ ਹੈ, ਆਪਣੇ ਹੀ ਮਨ ਦੀ ਪੜਚੋਲ ਤੇ ਸਾਧਨਾ ਦਾ ਵਿਸ਼ਾ ਹੈ ਪਰ ਮਨੁੱਖ ਨੇ ਇਸ ਨੂੰ ਰੂਪ, ਰੰਗ, ਰੇਖ, ਭੇਖ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਨਿਰਭਰ ਕਰਕੇ ਬਾਹਰ ਦਿਖਾਵੇ ਦਾ ਵਿਸ਼ਾ ਹੀ ਬਣਾ ਦਿੱਤਾ ਜੋ ਗੁਰਬਾਣੀ ਨਾਲ ਮੇਲ ਨਹੀ ਖਾਂਦਾ ਕਿਉਂਕਿ ਗੁਰਬਾਣੀ ਫੁਰਮਾਨ ਹੈ: ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ 801 ਆਕਾਰਾਂ ਨਾਲ ਮੋਹ ਪਾਉਣ ਵਾਲੇ ਦੀ ਨਿਰੰਕਾਰ ਨਾਲ ਸਾਂਝ ਨਹੀ ਪੈ ਸਕਦੀ, ਗੁਰੂ ਨਾਲ ਸਾਂਝ ਨਹੀ ਪੈ ਸਕਦੀ। ਪੁਰਾਣੀਆਂ ਤੇ ਬੁਸੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਗੁਰੂ ਨੂੰ ਰਿਝਾਇਆ ਨਹੀ ਜਾ ਸਕਦਾ ਕਿਉਂਕਿ:  ਜੇਤੇ ਜਤਨ ਕਰਤ ਤੇ ਡੂਬੇ, ਭਵ ਸਾਗਰੁ ਨਹੀ ਤਾਰਿਓ ਰੇ॥ ਕਰਮ ਧਰਮ ਕਰਤੇ ਬਹੁ ਸੰਜਮ, ਅਹੰਬੁਧਿ ਮਨੁ ਜਾਰਿਓ ਰੇ॥ 335 ਰੀਤਾਂ ਰਸਮਾਂ ਤੇ ਅਨੇਕ ਫੋਕੇ ਕਰਮ ਕਾਂਡ ਸਭ ਹਉਮੈ ਬਣ ਕੇ ਮਨ ਨੂੰ ਸਾੜ ਦਿੰਦੇ ਹਨ, ਭਵਸਾਗਰ ਤੋਂ ਪਾਰ ਨਹੀ ਕਰ ਸਕਦੇ, ਗੁਰਬਾਣੀ ਨਾਲ ਤਾਲ ਮੇਲ ਨਹੀ ਬੈਠਣ ਦਿੰਦੇ, ਤਾਂ ਫੇਰ ਇਹਨਾਂ ਨਾਲ ਸਾਂਝ ਪਾਉਣ ਵਾਲੇ ਬੇਤਾਲੇ ਨੂੰ ਬਉਰਾ ਨਹੀ ਤਾਂ ਕੀ ਕਿਹਾ ਜਾਵੇ? ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥ ੧੬੨ ਪ੍ਰਭੂ ਦੇ ਹੁਕਮ ਵਿੱਚ ਚਲ ਕੇ ਉਸ ਦੇ ਗੁਣਾਂ ਨੂੰ ਧਾਰਨ ਕੀਤੇ ਬਿਨਾ ਹੋਰ ਕੀਤੇ ਕਰਮ ਕਾਂਡ ਤੇ ਰੀਤਾਂ ਰਸਮਾਂ ਅਹੰਕਾਰ ਪੈਦਾ ਕਰਦੀਆਂ ਹਨ ਤੇ ਜੀਵਨ ਫਿਟਕਾਰ-ਜੋਗ ਬਣਾ ਦਿੰਦੀਆਂ ਹਨ। ਗੁਰਬਾਣੀ ਦਾ ਹੀ ਫੈਸਲਾ ਹੈ: ਕਹੁ ਰਵਿਦਾਸ ਸਭੈ ਨਹੀ ਸਮਝਸਿ, ਭੂਲਿ ਪਰੇ ਜੈਸੇ ਬਉਰੇ॥ ਮੋਹਿ ਅਧਾਰੁ ਨਾਮੁ ਨਾਰਾਇਨ, ਜੀਵਨ ਪ੍ਰਾਨ ਧਨ ਮੋਰੇ॥ 974

ਇਹ ਸਾਰੇ ਅਖੌਤੀ ਧਰਮ ਆਗੂ ਪਾਗਲਾਂ ਵਾਂਙ ਬੇਸਮਝੀ ਵਿੱਚ ਭੁੱਲੇ ਫਿਰਦੇ ਹਨ, ਇਹਨਾਂ ਵਿਕਾਰਾਂ ਵਸ ਹੋਏ ਹੰਕਾਰੀਆਂ ਨੂੰ ਗੁਰੂ ਬਚਨਾਂ ਦੀ ਕੋਈ ਪ੍ਰਵਾਹ ਨਹੀ ਤੇ ਆਪਣੇ ਬਣਾਏ ਹੁਕਮ ਨਾਮੇ ਹੀ ਜਾਰੀ ਕਰਦੇ ਰਹਿੰਦੇ ਹਨ ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ॥ 983 ਗੁਰੂ ਦੀ ਦਰਸਾਈ ਰਹਿਤ ਮਰਯਾਦਾ (ਗੁਰਬਾਣੀ) ਤੇ ਕੋਈ ਭਰੋਸਾ ਨਹੀ ਕਿਉਂਕਿ ਉਸ ਨਾਲ ਤਾਲ ਮੇਲ ਨਹੀ ਬੈਠਦਾ ਇਸ ਲਈ ਗੁਰੂ ਦੇ ਨਾਮ ਤੇ ਆਪਣੀ ਹੀ ਘੜੀ ਰਹਿਤ ਮਰਯਾਦਾ ਨੂੰ ਪਰਚਾਰ ਦਿੱਤਾ ਗਿਆ ਪਰ ਹੁਣ ਜਦ ਲੋਕ ਜਾਗ੍ਰਿਤ ਹੋ ਕੇ ਉਸ ਦੀਆਂ ਊਣਤਾਈਆਂ ਤੇ ਸਵਾਲ ਕਰਦੇ ਹਨ ਤਾਂ ਸੱਪ ਦੇ ਮੂੰਹ ਵਿੱਚ ਕੋੜ੍ਹ ਕਿਰਲੀ ਵਾਂਙ ਨਾ ਨਿਗਲੀ (ਅਪਨਾਈ) ਜਾਂਦੀ ਹੈ ਤੇ ਨਾਂ ਹੀ ਛੱਡੀ ਜਾਂਦੀ ਹੈ। ਕੋਈ ਇਸ ਨੂੰ ਮੰਨਣ ਤੇ ਜ਼ੋਰ ਲਾ ਰਿਹਾ ਹੈ ਤੇ ਕੋਈ ਛੱਡਣ ਤੇ। ਗੁਰੂ ਤੋਂ ਬੇਮੁਖਤਾ (ਤਾਲ ਮੇਲ ਨਾ ਬੈਠਣ) ਦਾ ਨਤੀਜਾ (ਸਿੱਖ ਜਗਤ ਵਿੱਚ ਪਈ ਦਰਾੜ) ਸਭ ਦੇ ਸਾਹਮਣੇ ਹੈ। ਗੁਰਬਾਣੀ ਦਾ ਇੱਕ ਫੁਰਮਾਨ ਹੈ ਕਿ: ਦੁਬਿਧਾ ਬਉਰੀ ਮਨੁ ਬਉਰਾਇਆ॥ ਝੂਠੈ ਲਾਲਚਿ ਜਨਮੁ ਗਵਾਇਆ॥ 1342

ਦੁਚਿੱਤਾਪਨ ਵੀ ਪਾਗਲਪਨ ਦਾ ਕਾਰਨ ਹੈ। ਗੁਰੂ ਦੀ ਓਟ ਨੂੰ ਛੱਡ ਕੇ ਮਨੁੱਖ ਦੀ ਓਟ ਲੈਣੀ ਪਾਗਲਪਨ ਹੀ ਹੈ ਕਿਉਂਕਿ ਮਨੁੱਖ ਸਦਾ ਭੁੱਲਣਹਾਰ ਤੇ ਬਿਨਣਹਾਰ ਹੈ ਤੇ ਗੁਰੂ ਸਦਾ ਅਟੱਲ ਤੇ ਅਭੁੱਲ ਹੈ। ਮਨੁੱਖ ਦੇ ਹੁਕਮਰਾਨ ਬਣਨ ਦੇ ਲਾਲਚ ਨੇ ਹੀ ਪਹਿਲਾਂ ਅਕਾਲ ਤਖਤ ਦੀ ਦੁਬਿਧਾ ਖੜੀ ਕਰਕੇ ਉਥੋਂ ਆਪਣੇ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਭਾਵ ਆਪ ਹੀ ਗੁਰੂ ਬਣ ਬੈਠਾ। ਕੈਸਾ ਪਾਗਲਪਣ ਹੈ ਕਿ ਜਗਤ ਉਹਨਾਂ ਨੂੰ ਧਰਮ ਦੇ ਮੁਖੀ ਮੰਨਦਾ ਹੈ ਜਿਨ੍ਹਾਂ ਦਾ ਤਾਲ ਮੇਲ ਗੁਰੂ ਨਾਲ ਨਹੀ ਬੈਠਦਾ ਤੇ ਉਹ ਆਪਣੇ ਹੀ ਲਾਭ ਲਈ ਗਿਆਨ ਵਿਹੂਣੀ ਲੁਕਾਈ ਨੂੰ ਲੁੱਟੀ ਜਾਂਦੇ ਹਨ। ਜਦੋਂ ਤਕ ਵਿਕਾਰਾਂ ਵਸ ਹੋਇਆ ਮਨੁੱਖ ਦੁਬਿਧਾ ਕਾਰਨ ਆਕਾਰਾਂ ਨਾਲ ਜੁੜਿਆ ਰਹੇਗਾ, ਗੁਰੂ ਨਾਲ ਤਾਲ ਮੇਲ ਨਹੀ ਬਿਠਾਏਗਾ ਉਦੋਂ ਤਕ ਇਸ ਦੇ ਗਲ੍ਹ ਵਿੱਚੋਂ ਪਾਗਲਪਣ ਦੀ ਫਾਹੀ ਨਹੀ ਉਤਰ ਸਕਦੀ ਤੇ ਜਨਮ ਅਜਾਈਂ ਹੀ ਚਲਿਆ ਜਾਵੇਗਾ। ਦੁਬਿਧਾ ਬਉਰੀ ਮਨੁ ਬਉਰਾਇਆ॥ ਝੂਠੈ ਲਾਲਚਿ ਜਨਮੁ ਗਵਾਇਆ॥ 414 ਗੁਰੂ ਤਾਂ ਬਾਰ ਬਾਰ ਪੁਕਾਰ ਕੇ ਮਨੁੱਖ ਦੇ (ਵਿਕਾਰਾਂ ਵਸ ਹੋਏ) ਪਾਗਲਪਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਸੂਚਤ ਕਰਦਾ ਹੈ ਕਿ: ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ॥ ੨॥ ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ॥ ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ॥ ੭੨੭

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.