.

ਰਾਜ ਕਰੇਗਾ ਖਾਲਸਾ

ਸਰਵਜੀਤ ਸਿੰਘ ਸੈਕਰਾਮੈਂਟੋ


ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਇਹ ਪੰਗਤੀ, “ਰਾਜ ਕਰੇਗਾ ਖਾਲਸਾ” ਜਿਸ ਬਾਰੇ ਪੰਜਾਬੀ ਪਾਰਟੀ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ, “ਭਗਵੰਤ ਵਲੋਂ ਗੁਰਬਾਣੀ ਦੇ ਸ਼ਬਦ ਨਾਲ ਖਿਲਵਾੜ, ਨੀਚ ਕਿਰਦਾਰ ਦਾ ਪ੍ਰਗਟਾਵਾ”। ਭਗਵੰਤ ਮਾਨ ਨੂੰ ਅਗਿਆਨੀ ਦੱਸਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਖੁਦ ਇਹ ਵੀ ਨਹੀ ਪਤਾ ਕਿ ਇਹ ਪੰਗਤੀ ਗੁਰਬਾਣੀ ਨਹੀਂ ਹੈ। ਇਸ ਚਰਚਾ ਦਾ ਆਰੰਭ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਵੱਲੋ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਈ ਸਾਲ ਪਹਿਲਾ ਕਿਸੇ ਸਟੇਜ ਤੇ ਇਕੱਤਰ ਹੋਏ ਕਲਾਕਰਾਂ ਦੇ ਇਕੱਠ ਵਿੱਚ, “ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ” ਨੂੰ ਵਿਗਾੜ ਕੇ “ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨ ਕੋਇ” ਉਚਾਰਿਆ ਸੀ। ਇਸ ਕਾਰਨ ਉਸ ਦਾ ਹਿਰਦਾ ਵਲੂੰਧਰਿਆ ਗਿਆ ਹੈ। ਆਰ ਪੀ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਿਖਤੀ ਸ਼ਕਾਇਤ ਅਤੇ ਸਬੂਤ ਵੱਜੋਂ ਇਕ ਸੀ ਡੀ ਦੇ ਕੇ ਅਪੀਲ ਕੀਤੀ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਇਸ ਅਵੱਗਿਆ ਲਈ ਉਸ ਖਿਲਾਫ਼ ਗੁਰਮਤਿ ਅਨੁਸਾਰ ਕਾਰਵਾਈ ਕੀਤੀ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਇਸ ਸ਼ਕਾਇਤ ਬਾਰੇ ਕਿਹਾ ਕਿ ਇਸ ਤੇ ਪੰਜ ਸਿੰਘ ਸਾਹਿਬ ਦੀ 12 ਦਸੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਭਗਵੰਤ ਮਾਨ ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਜਾਤੀ ਸੂਚਕ ਸ਼ਬਦ ਦੀ ਵਰਤੋ ਕੀਤੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਸਾਲ ਪੁਰਾਣੀ ਵੀਡਿਓ ਵੇਖ ਕੇ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਦਾ ਹਿਰਦਾ ਤਾਂ ਛਲਨੀ ਹੋ ਗਿਆ ਹੈ ਪਰ ਜਿਸ ਲਈ ਜਾਤੀ ਸੂਚਕ ਸ਼ਬਦ ਵਰਤਿਆ ਗਿਆ ਹੈ; ਭਾਵ ਸਰਦੂਲ ਸਿਕੰਦਰ ਨੇ ਤਾਂ ਕਦੇ ਕੋਈ ਇਤਰਾਜ ਨਹੀ ਕੀਤਾ। ਉਂਝ ਜੇ ਫੋਟੋ ਨੂੰ ਧਿਆਨ ਨਾਲ ਵੇਖੀਏ ਤਾਂ ਭਾਰਤੀ ਜੰਤਾ ਪਾਰਟੀ ਦਾ ਇਹ ਨੇਤਾ, ਸਿੱਖ ਰਹਿਤ ਮਰਿਯਾਦਾ ਮੁਤਾਬਕ ਖੁਦ ਹੀ ਤਨਖ਼ਾਹੀਆਂ ਹੈ। ਅਸਲ ਦੋਸ਼ੀ ਤਾਂ ਆਰ ਪੀ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਹਨ ਜੋ ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਦੱਸ ਰਹੇ ਹਨ।

ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਵੀ ਇਹ ਪੰਗਤੀਆਂ ਪੜ੍ਹਨ ਦੀ ਹਦਾਇਤ ਨਹੀ ਕੀਤੀ ਗਈ। ਅੱਜ ਵੀ ਤੁਸੀ ਹਰਿਮੰਦਰ ਸਾਹਿਬ ਤੋਂ ਅਰਦਾਸ ਸੁਣ ਸਕਦੇ ਹੋ। ਇਹ ਪੰਗਤੀਆਂ ਨਹੀ ਪੜ੍ਹੀਆਂ ਜਾਂਦੀਆਂ। ਆਪੂ ਬਣੇ ਸੰਤ ਸਮਾਜ ਵੱਲੋ ਅਪ੍ਰੈਲ 1994 ਈ: ਵਿਚ ਬਣਾਈ ਗਈ ਰਹਿਤ ਮਰਯਾਦਾ ਵਿੱਚ ਇਹ ਪੰਗਤੀਆ ਪੜ੍ਹਨ ਲਈ ਲਿਖਿਆ ਗਿਆ ਹੈ। ਇਹ ਦੋਹਰੇ ਪੰਨਾ 5 ਤੇ ਹੇਠ ਲਿਖੇ ਅਨੁਸਾਰ ਦਰਜ ਹੈ।
ਆਗਿਆ ਭਈ ਅਕਾਲ ਕੀ ਤਭੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦ ਮੈਂ ਲੇਹ।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖ੍ਵਾਰ ਹੋਇ ਸਭ ਮਿਲੈਗੇ ਬਚੈ ਸ਼ਰਨ ਜੋ ਹੋਇ।
ਇਸ ਵਿਚ ਪਹਿਲੀਆਂ ਚਾਰ ਪੰਗਤੀਆਂ (ਦੋ ਦੋਹਰੇ) ਗਿਆਨੀ ਗਿਆਨ ਸਿੰਘ ਦੀਆਂ ਅਤੇ ਆਖਰੀ ਦੋ ਪੰਗਤੀਆਂ (ਇਕ ਦੋਹਰਾ) ਭਾਈ ਨੰਦ ਲਾਲ ਜੀ ਦੀਆਂ ਲਿਖੀਆਂ ਹੋਈਆਂ ਹਨ।
ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਦੋ ਦੋਹਰੇ ਵੀ ਕਈ ਵਾਰ ਸੁਨਣ ਨੂੰ ਮਿਲਦੇ ਹਨ।
ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ।
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ।
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼।
ਕਿਉਕਿ ਪੰਥ ਪ੍ਰਮਾਣਤ ਰਹਿਤ ਮਰਯਾਦਾ ਵਿੱਚ ਦੋਹਰੇ ਪੜਨ ਲਈ ਕੋਈ ਹਦਾਇਤ ਨਹੀ ਕੀਤੀ ਹੋਈ, ਇਸ ਕਾਰਨ ਉਪ੍ਰੋਕਤ ਦੋਹਰਿਆਂ ਵਿਚੋਂ ਕਿਹੜੇ ਦੋਹਰੇ ਪੜ੍ਹਨੇ ਹਨ, ਇਹ ਅਰਦਾਸੀਏ ਸਿੰਘ ਹੀ ਤੇ ਨਿਰਭਰ ਕਰਦਾ ਹੈ।

ਧਰਮ ਪ੍ਰਚਾਰ ਕਮੇਟੀ ਵੱਲੋ ਇਕ ਸਵਾਲ ਦੇ ਜਵਾਬ ਵਿੱਚ ਲਿਖੇ ਗਏ ਪੱਤਰ ਨੰ: 36672, ਮਿਤੀ 3-8-73 ਈ: ਵਿਚ ਇਸ ਸਬੰਧੀ ਦਰਜ ਹੈ, “ਆਪ ਜੀ ਦੀ ਪੱਤਰਕਾ ਮਿਤੀ 6-7-1973 ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੁੰ ਭੇਜੀ ਜਾਦੀ ਹੈ:-
1. ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ”। (ਦਸਮ ਗ੍ਰੰਥ ਬਾਰੇ ਚੋਣਵੇਂ ਲੇਖ, ਪੰਨਾ 50)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਦੋਹਰੇ ਪੜ੍ਹਨ ਦਾ ਕੋਈ ਜਿਕਰ ਨਹੀ ਹੈ ਤਾਂ ਇਹ ਪੰਥਕ ਫੈਸਲਾ ਕਿਵੇ ਹੋਇਆ? ਕੀ ਪੰਥ ਨੇ ਇਹ ਫੈਸਲਾ 1945 ਈ: ਤੋਂ ਪਿਛੋ (1973 ਈ: ਤੋਂ ਪਹਿਲਾ) ਕੀਤਾ ਹੈ? ਜੇ ਅਜੇਹਾ ਹੋਇਆ ਹੈ ਤਾਂ ਇਸ ਫੈਸਲੇ ਨੂੰ ਰਹਿਤ ਮਰਯਾਦਾ ਵਿੱਚ ਦਰਜ ਕਿਓਂ ਨਹੀ ਕੀਤਾ ਗਿਆ?
ਆਓ ਇਨ੍ਹਾ ਪੰਗਤੀਆਂ ਦੀ ਪੈੜ ਵੇਖੀਏ।
ਦਮਦਮੀ ਟਕਸਾਲ ਦੀ ਇਕ ਕਿਤਾਬ, ‘ਗੁਰਬਾਣੀ ਪਾਠ ਦਰਪਣ’ ਵਿੱਚ ਇਹ ਦੋਹਰੇ ਹੇਠ ਲਿਖੇ ਅਨੁਸਾਰ ਹਨ;
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ।1।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।2।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ ।3।
ਇਹ ਤਿੰਨ ਸ਼੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ ਜੀ ਦੇ ਹਨ ਬਾਕੀ ਦੇ ਦੋਹਰੇ ਗਿਆਨੀ ਗਿਆਨ ਸਿੰਘ ਜੀ ਦੇ ਹਨ। (ਗੁਰਬਾਣੀ ਪਾਠ ਦਰਪਣ ਪੰਨਾ 153)
ਸਰਦਾਰ ਕਪੂਰ ਸਿੰਘ ਜੀ ਵੀ ਇਸ ਦੋਹਰੇ ਨੂੰ ‘ਮੁਖਵਾਕ’ ਹੀ ਮੰਨਦੇ ਹਨ, “ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿੱਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ ਆਪਣੇ ਸੁਤੰਤਰ ਇਕੱਠਾਂ ਵਿੱਚ ਉਚਾਰਦੇ ਆਏ ਹਨ ਅਤੇ ਜਿਹੜਾ ਦੋਹਰਾ ‘ਸ੍ਰੀ ਮੁਖਵਾਕ’ ਭਾਵ ਗੁਰੂ ਸਾਹਿਬ ਦੇ ਨਿੱਜੀ ਮੁਕਾਰਬਿੰਦ ਤੋਂ ਉਚਾਰਨ ਹੋਏ ਅਸਲੀ ਪਵਿੱਤਰ ਸ਼ਬਦ ਹਨ:
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖਵਾਰ ਹੋਇ ਸਭ ਮਿਲੈਂਗੇ ਬਚੈ ਸ਼ਰਨ ਜੋ ਹੋਇ”।
(ਰਾਜ ਕਰੇਗਾ ਖਾਲਸਾ ਅਤੇ ਹੋਰ ਨਿਬੰਧ ,ਪੰਨਾ 144) ਯਾਦ ਰਹੇ ਸਰਦਾਰ ਕਪੂਰ ਸਿੰਘ ਜੀ ਦਾ ਇਹ ਲੇਖ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਅੰਗਰੇਜੀ ਵਿਚ ਛਾਪਿਆ ਗਿਆ ਹੈ।
ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੀ ਅਸਲ ਲਿਖਤ;
ਤਥਾ ਹੀ ਸ਼੍ਰੀ ਮੁਖ ਵਾਕਯ ਪਾਤਸ਼ਾਹੀ ੧੦
ਦੋਹਰਾ
ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਹਰਿ ਅਵਤਾਰ।
ਜਗਮਗ ਜੋਤਿ ਬਿਰਾਦਰੀ ਸ਼੍ਰੀ ਗੁਰੂ ਗ੍ਰੰਥ ਮਜਾਰ।89।
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।90।
ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।91।
ਦਰਸਯੋ ਚਹਿ ਸਤਿਗੁਰੂ ਜੋ ਸੈ ਦਰਸੇ ਗੁਰ ਗ੍ਰੰਥ।
ਪਢੈ ਸੁਨੇ ਸਵਾਰਥ ਲਹੈ ਪਰਮਾਰਥ ਕੋ ਪੰਥ।92।
ਵਾਹਿਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ।
ਸਰਧਾ ਕਰ ਜੋ ਸੇਵ ਹੇ ਸੋ ਉਤਰੈਂ ਭਵ ਪਾਰ।93। (ਪੰਥ ਪ੍ਰਕਾਸ਼)

ਅਜੇਹਾ ਹੀ ਇਕ ਦੋਹਰਾ ਭਾਈ ਦਯਾ ਸਿੰਘ ਵੱਲੋ ਲਿਖੇ ਰਹਿਤਨਾਮੇ ਵਿਚ ਵੀ ਦਰਜ ਹੈ;
ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਲ । (ਰਹਿਤਨਾਮੇ ਪੰਨਾ 71)

ਦੋ ਦੋਹਰੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤ ਨਾਮੇ ਵਿਚ ਵੀ ਹੇਠ ਲਿਖੇ ਮੁਤਾਬਕ ਦਰਜ ਹਨ:
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹ।25।
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।30। (ਰਹਿਤਨਾਮੇ, ਪੰਨਾ 67)

ਭਾਈ ਪ੍ਰਹਿਲਾਦ ਸਿੰਘ ਜੀ ਦੇ ਇਹ ਦੋਹਰੇ ਗੁਰਮਿਤ ਦੀ ਕਸਵੱਟੀ ਤੇ ਪੂਰੇ ਢੁੱਕਦੇ ਹਨ। ਦੇਹ ਰੂਪ ਵਿਚ ਤਾਂ ਖਾਲਸਾ ਪੰਥ ਹੈ ਨਾਕਿ ਗੁਰੂ ਗ੍ਰੰਥ। ਗਿਆਨੀ ਗਿਆਨ ਸਿੰਘ ਵੱਲੋ ਭਾਈ ਪ੍ਰਹਿਲਾਦ ਸਿੰਘ ਜੀ ਦੇ ਇਕ ਦੋਹਰੇ ਨੂੰ ਬਦਲ ਕੇ ਲਿਖਿਆ ਗਿਆ ਹੈ। ਜੇ ਭਾਈ ਨੰਦ ਲਾਲ ਜੀ ਵੱਲੋ ਲਿਖੀ ਪੰਗਤੀ ਵਿਚ ਇਕ ਸ਼ਬਦ ਬਦਲੀ ਕਰਨ ਲਈ ਭਗਵੰਤ ਮਾਨ ਦੋਸ਼ੀ ਹੈ ਤਾਂ ਭਾਈ ਪ੍ਰਹਿਲਾਦ ਸਿੰਘ ਦੀ ਪੰਗਤੀ ਨੂੰ ਬਦਲ ਕੇ ਲਿਖਣ ਕਾਰਨ ਗਿਆਨੀ ਗਿਆਨ ਸਿੰਘ ਬਾਰੇ ਕੀ ਖਿਆਲ ਹੈ? ਗਿਆਨੀ ਗਿਆਨ ਸਿੰਘ ਵੱਲੋਂ, ਪ੍ਰਹਿਲਾਦ ਸਿੰਘ ਜੀ ਦੀ ਪੰਗਤੀ “ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ” ਨੂੰ ਬਦਲ ਕੇ ਲਿਖੀ ਪੰਗਤੀ, “ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ” ਕਾਰਨ ਹੀ ਅੰਨੀ ਸ਼ਰਧਾ ਵੱਸ ਕਈ ਗੁਰਦਵਾਰਿਆਂ ਦੀਆਂ ਕਮੇਟੀਆ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ, ਗੁਰੂ ਦੀ ਦੇਹ ਮੰਨ ਕੇ, ਠੰਡੇ-ਤੱਤੇ ਪੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ। ਕੀ ਸਿੰਘ ਸਾਹਿਬ ਆਪਣੀ 12 ਦਸੰਬਰ ਦੀ ਮੀਟਿੰਗ ਵਿੱਚ ਇਸ ਪਾਸੇ ਵੀ ਧਿਆਨ ਦੇਣਗੇ ਜਾਂ ਆਪਣੇ ਰਿਜ਼ਕ ਦਾਤਿਆਂ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਨੂੰ ਬਲੀ ਦਾ ਬਕਰਾ ਬਣਾਉਣ ਦੀ ਅਸਫਲ ਕੋਸ਼ਿਸ਼ ਕਰਕੇ, ਜੱਗ ਹਸਾਈ ਕਰਵਾਉਣਗੇ?




.