.

ਗੁਰਮਤ ਸਿਖਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
(ਭਾਗ-2)

ਹਾਕਮ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮਤ ਦੀ ਸਿਖਿਆ ਨੂੰ ਵਿਸਾਰ ਕੇ ਸਿੱਖ ਸਿਆਸਤ ਦੀ ਭਾਗੀ ਬਣੀ ਹੋਈ ਹੈ। ਸਿੱਖ ਸਿਆਸਤ ਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਆਧਾਰਤ ਇੱਕ ਪ੍ਰਕਾਰ ਦੀ ਧਾਰਮਕ ਕਿਰਿਆ ਮੰਨਿਆ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੀਰੀ ਪੀਰੀ ਦੇ ਸਿਧਾਂਤ ਦਾ ਕੋਈ ਵਰਨਨ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ-ਪਿਤਾ ਦੇ ਦੱਸੇ ਜਾਂਦੇ ਇਸ ਸਿਧਾਂਤ ਦੀ ਕੋਈ ਝਲਕ ਨਹੀਂ ਪੈਂਦੀ। ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਰਾਜ ਕਾਇਮ ਨਹੀਂ ਕੀਤਾ। ਉਹ ਤੇ ਗੁਰਮਤ ਦਾ ਸੰਚਾਰ ਕਰਨ ਲਈ ਅੰਮ੍ਰਿਤਸਰ ਦੇ ਤਣਾਪੂਰਨ ਮਾਹੌਲ ਨੂੰ ਛੱਡ ਕੇ ਕਰਤਾਰਪੁਰ ਸਾਹਿਬ ਤੋਂ ਵੀ ਪਰੇ ਪੁਆਧ ਦੇ ਸ਼ਾਂਤੀਪੂਰਨ ਇਲਾਕੇ ਕੀਰਤਪੁਰ ਸਾਹਿਬ ਵਿੱਚ ਚਲੇ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਰਾਜ ਕਾਇਮ ਕਰਨ ਦੀ ਕੋਈ ਇੱਛਾ ਪ੍ਰਗਟ ਕੀਤੀ ਸੀ। ਜਦੋਂ ਅਮੁੱਕ ਜੁੱਧਾਂ ਕਾਰਨ ਅਨੰਦਪੁਰ ਸਾਹਿਬ ਵਿੱਚ ਗੁਰਮਤ ਦਾ ਸੰਚਾਰ ਅਤੇ ਗੁਰਬਾਣੀ ਗ੍ਰੰਥ ਦਾ ਨਵਾਂ ਸੰਕਲਣ ਸੰਭਵ ਨਾ ਹੋ ਸਕਿਆ ਤਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਕੇ ਦੂਰ ਦੁਰਾਡੇ ਮਾਲਵੇ ਵਿੱਚ ਸ਼ਾਂਤ ਸਥਾਨ ਤੇ ਚਲੇ ਗਏ ਤਾਂ ਜੋ ਗੁਰਬਾਣੀ ਦੀ ਸਿਖਿਆ ਅਤੇ ਸੰਚਾਰ ਦੇ ਨਾਲ ਨਾਲ ਦਮਦਮੀ ਬੀੜ ਦਾ ਸੰਕਲਣ ਵੀ ਕੀਤਾ ਜਾ ਸਕੇ। ਗੁਰੂ ਸਾਹਿਬਾਨ ਸਿੱਖ ਸ਼ਰਧਾਲੂਆਂ ਨੂੰ ਜ਼ੁਲਮ ਅਤੇ ਅਨਿਆਂ ਦੀ ਵਿਰੋਧਤਾ ਅਤੇ ਧਾਰਮਕ ਗਤੀਵਿਧੀਆਂ ਤੇ ਸ਼ਸਤਰਬੱਧ ਹਮਲਿਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਤ ਤੇ ਕਰਦੇ ਸਨ ਪਰ ਉਨ੍ਹਾਂ ਨੂੰ ਗੁਰਮਤ ਜੀਵਨ ਦਾ ਮਾਰਗ ਤਿਆਗ ਕੇ ਰਾਜ ਕਾਇਮ ਕਰਨ ਲਈ ਉਤਸ਼ਾਹਤ ਨਹੀਂ ਕਰਦੇ ਸੀ। ਮੀਰੀ ਪੀਰੀ ਦਾ ਸਿਧਾਂਤ ਇੱਕ ਇਤਹਾਸਕ ਕਾਢ ਹੈ ਜਿਸ ਵਿੱਚ ਸਿਆਸੀ ਮੰਤਵ ਲਈ ਗੁਰਮਤ ਨੂੰ ਸਿਆਸਤ ਨਾਲ ਜੋੜਿਆ ਗਿਆ ਹੈ। ਗੁਰਬਾਣੀ ਵਿੱਚ ਪੀਰੀ ਦਾ ਜੀਵਨ ਧਾਰਨ ਕਰਨ ਲਈ ਮਨੁੱਖ ਨੂੰ ਮੀਰੀ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਹੈ ਨਾ ਕਿ ਮੀਰੀ ਨਾਲ ਜੁੜਨ ਦਾ ਕਿਊਂਕੇ “ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉੇ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਾਗੈ ਤਤੀ ਵਾਉ ਜੀਉ॥” (ਪੰ: ੭੬੩)। ਪੀਰੀ ਅਤੇ ਮੀਰੀ ਦਾ ਦਵੰਦਾਤਮਕ ਮੇਲ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੰਦਾ ਹੈ ਜਿਸ ਵਿੱਚ ਗੁਰਮਤ ਸਿਆਸਤ ਵਿੱਚ ਲੋਪ ਹੋ ਕੇ ਨਵਾਂ ਧਰਮਤੰਤਰਕ ਰੂਪ ਧਾਰਨ ਕਰ ਲੈਂਦੀ ਹੈ। ਇਹ ਪ੍ਰਚਾਰਿਆ ਜਾਂਦਾ ਹੈ ਕਿ ਪੀਰੀ ਮੀਰੀ ਨਾਲੋਂ ਸ੍ਰੇਸ਼ਠ ਹੈ ਅਤੇ ਮੀਰੀ ਦੀ ਅਗਵਾਈ ਕਰਦੀ ਹੈ। ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਕਿਊਂਕੇ ਪੀਰੀ ਦੀ ਕੋਈ ਠੋਸ ਜਾਂ ਮਹੱਤਵਪੂਰਨ ਜ਼ਿਮੇਵਾਰੀ ਤੇ ਹੁੰਦੀ ਨਹੀਂ ਕੇਵਲ ਮੂੰਹ ਰਖਣ ਲਈ ਹੀ ਪੀਰੀ ਦਾ ਦਿਖਾਵਾ ਕੀਤਾ ਜਾਂਦਾ ਹੈ। ਅਕਾਲੀ ਪਾਰਟੀ ਨੂੰ ਹੀ ਲੈ ਲਵੋ। ਇਸ ਵਿੱਚ ਗੁਰਬਾਣੀ ਦਾ ਦ੍ਰਿਸ਼ਟੀਕੋਣ ਜਾਨਣ ਲਈ ਸਿੱਖ ਵਿਦਵਾਨਾਂ ਦੀ ਰਾਏ ਜਾਂ ਅਗਵਾਈ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁਰਮਤ ਦੇ ਵਿਦਵਾਨਾਂ ਨੂੰ ਗੁਰਦੁਆਰਿਆਂ ਵਿੱਚ ਕੋਈ ਜ਼ਿਮੇਵਾਰੀ ਨਹੀਂ ਸੌਂਪੀ ਗਈ ਹੈ। ਫਿਰ ਵੀ ਦੋਨੋ ਸੰਸਥਾਵਾਂ ਪੀਰੀ ਨੂੰ ਸ੍ਰੇਸ਼ਠ ਦੱਸਦੀਆਂ ਹਨ।
ਅਸਲ ਵਿੱਚ ਮੀਰੀ ਪੀਰੀ ਦਾ ਸਿਧਾਂਤ ਗੁਰਮਤ ਦੇ ਅਧਿਆਤਮਕ ਗਿਆਨ ਨੂੰ ਧੁੰਦਲਾ ਕਰਨ ਅਤੇ ਗੁਰਮਤ ਦੀ ਸਿਖਿਆ ਅਤੇ ਸੰਚਾਰ ਨੂੰ ਬੇਲੋੜਾ ਬਨਾਉਣ ਦੀ ਪ੍ਰਕਿਰਿਆ ਹੈ। ਗੁਰਮਤ ਦੇ ਅਧਿਆਤਮਕ ਗਿਆਨ ਦੀ ਵਿਰੋਧਤਾ ਗੁਰੂ ਕਾਲ ਤੋਂ ਹੀ ਹੋਣ ਲੱਗ ਪਈ ਸੀ। ਪਰ ਗੁਰਮਤ ਦੇ ਅਦੁੱਤੀ ਅਧਿਆਤਮਕ ਗਿਆਨ ਅਤੇ ਮਾਨਵਵਾਦੀ ਸਿਧਾਂਤ ਦਾ ਆਕਰਸ਼ਣ ਹੀ ਏਨਾ ਪ੍ਰਭਾਵਸ਼ਾਲੀ ਹੈ ਕਿ ਵਿਸ਼ਵ ਭਰ ਦੇ ਸੂਝਵਾਨ ਵਿਅਕਤੀ ਅਤੇ ਲੋਕ ਹਿਤੈਸ਼ੀ ਸੰਸਥਾਵਾਂ ਇਸ ਦੇ ਸ਼ਰਧਾਲੂ ਬਣਦੇ ਆ ਰਹੇ ਹਨ। ਗੁਰਬਾਣੀ ਦੀ ਸਰਬਮਾਨਤਾ ਅਤੇ ਆਕਰਸ਼ਣ ਦਾ ਨਾਜਾਇਜ਼ ਲਾਭ ਉਠਾ ਕੇ ਪਾਖੰਡੀ ਬਾਬੇ, ਧਰਮ ਦੇ ਵਪਾਰੀ, ਅਤੇ ਸ਼ਕਤੀ ਦੇ ਪੁਜਾਰੀ ਗੁਰਬਾਣੀ ਦੀ ਆੜ ਵਿੱਚ ਅਗਿਆਨੀ ਅਤੇ ਸਿਧੱੜ ਲੋਕਾਂ ਦਾ ਸ਼ੋਸ਼ਣ ਵੀ ਕਰ ਰਹੇ ਹਨ।
ਗੁਰਮਤ ਦੀ ਸਿਖਿਆ ਦੇਣ ਦੇ ਉਪਰਾਲੇ ਮਿਸ਼ਨਰੀ ਸੰਸਥਾਵਾਂ ਅਤੇ ਗੁਰਮਤ ਕਾਲਜਾਂ ਨੇ ਕੀਤੇ ਹਨ। ਮਿਸ਼ਨਰੀ ਸੰਸਥਾਵਾਂ ਤੋਂ ਸਿਖਿਆ ਪ੍ਰਾਪਤ ਬਹੁਤੇ ਵਿਅਕਤੀ ਸਿੱਖ ਧਰਮ ਦੇ ਪ੍ਰਚਾਰਕਾਂ ਜਾਂ ਪੁਜਾਰੀਆਂ ਦਾ ਪੇਸ਼ਾ ਅਖਤਿਆਰ ਕਰਦੇ ਰਹੇ ਹਨ। ਇਹ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨਤਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਆਧਾਰ ਮੰਨ ਕੇ ਪਾਠੀ, ਰਾਗੀ ਅਤੇ ਪ੍ਰਚਾਰਕਾਂ ਦੇ ਕਿੱਤਿਆਂ ਦੀ ਯੋਗਤਾ ਪਰਦਾਨ ਕਰਦੀਆਂ ਹਨ। ਇਸ ਲਈ ਇਨ੍ਹਾਂ ਦੀ ਸਿਖਿਆ ਵਿੱਚ ਸਿੱਖ ਧਰਮ ਦੇ ਪ੍ਰਚਲਤ ਨਿਸ਼ੱਚਿਆਂ, ਰਸਮਾਂ, ਰੀਤਾਂ, ਇਤਹਾਸਕ ਵਰਨਨਾਂ ਅਤੇ ਸਿਦਕ ਨੂੰ ਆਧਾਰ ਬਣਾਇਆ ਜਾਂਦਾ ਹੈ। ਕਈ ਯੂਨੀਵਰਸਿਟੀਆਂ ਵਿੱਚ ਵੀ ਸਿੱਖ ਧਰਮ ਦੇ ਅਧਿਐਨ ਅਤੇ ਖੋਜ ਨਾਲ ਸਬੰਧਤ ਵਿਭਾਗ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ, ਅਖੌਤੀ ਦਸਮ ਗ੍ਰੰਥ, ਸਿੱਖ ਇਤਹਾਸ ਅਤੇ ਸਿੱਖ ਸੰਸਥਾਵਾਂ ਦੇ ਵਿਸ਼ਿਆਂ ਤੇ ਸਰਕਾਰ ਅਤੇ ਸ਼੍ਰੌਮਣੀ ਕਮੇਟੀ ਨੂੰ ਪ੍ਰਵਾਣਤ ਦ੍ਰਿਸ਼ਟੀਕੋਣ ਤੋਂ ਅਧਿਐਨ ਅਤੇ ਖੋਜ ਕੀਤੀ ਜਾਂਦੀ ਹੈ। ਮਿਸ਼ਨਰੀ ਸੰਸਥਾਵਾਂ ਵਲੋਂ ਸਿੱਖ ਰਹਿਤ ਮਰਯਾਦਾ ਨੂੰ ਗੁਰਮਤ ਸਿਖਿਆ ਦਾ ਆਧਾਰ ਬਨਾਉਣ ਕਾਰਨ ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਗੁਰਮਤ ਬਾਰੇ ਕਈ ਭੁਲੇਖੇ ਪੈ ਗਏ ਹਨ। ਯੂਨੀਵਰਸਿਟੀਆਂ ਦੇ ਧਾਰਮਕ ਵਿਭਾਗ ਗੁਰਮਤ ਦੀ ਅਧਿਆਤਮਕ ਵਿਚਾਰਧਾਰਾ ਦੀ ਥਾਂ ਸਮਾਜਕ ਧਰਮ ਨੂੰ ਅਸਲੀ ਸਿੱਖ ਧਰਮ ਸਿਧ ਕਰਨ ਦਾ ਯਤਨ ਕਰਦੇ ਹਨ ਅਤੇ ਅਖੌਤੀ ਦਸਮ ਗ੍ਰੰਥ ਨੂੰ ਸਿੱਖ ਧਰਮ ਦਾ ਪਵਿਤਰ ਗ੍ਰੰਥ ਮੰਨ ਕੇ ਸਿੱਖ ਧਰਮ ਬਾਰੇ ਝੂਠੀ ਅਤੇ ਗੁਮਰਾਹਕੁਨ ਜਾਣਕਾਰੀ ਦਾ ਪਰਸਾਰ ਕਰਦੇ ਹਨ।
ਹਰ ਗਿਆਨ ਪੱਧਤੀ ਦਾ ਨਿਰਮਾਣ ਕਿਸੇ ਸਬੰਧਤ ਮੂਲ ਤੱਥ ਜਾਂ ਸੱਚ ਤੇ ਕੀਤਾ ਜਾਂਦਾ ਹੈ। ਜਿਵੇਂ ਪਦਾਰਥ ਵਿਗਿਆਨ ਐਟਮ ਦੀ ਬਣਤਰ ਦੇ ਤੱਥ ਤੇ ਆਧਾਰਤ ਹੈ ਅਤੇ ਸਮਾਜਕ ਵਿਗਿਆਨ ਸਮਾਜ ਦੀ ਬਣਤਰ ਤੇ। ਇਸੇ ਤਰ੍ਹਾਂ ਅਧਿਆਤਮਕ ਗਿਆਨ ਪ੍ਰਭੂ ਦੇ ਗੁਣਾਂ ਅਤੇ ਕਿਰਤ ਤੇ ਆਧਾਰਤ ਹੈ। ਪ੍ਰਭੂ ਦੇ ਗੁਣਾਂ ਦਾ ਵਰਨਨ ਗੁਰਬਾਣੀ ਦੇ ਮੂਲ ਮੰਤਰ ਵਿੱਚ ਕੀਤਾ ਗਿਆ ਹੈ ਜਿਸ ਨੂੰ ਸਾਰੀ ਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ। ਸਿੱਖ ਵਿਦਵਾਨਾਂ ਨੇ ਵੀ ਮੂਲ ਮੰਤਰ ਤੇ ਵਿਸ਼ਾਲ ਸਾਹਿਤ ਦੀ ਰਚਨਾ ਕੀਤੀ ਹੈ। ਮੂਲ ਮੰਤਰ ਦੇ ਨਾਲ ਨਾਲ ਗੁਰਬਾਣੀ ਪ੍ਰਭੂ ਦੀ ਕਿਰਤ, ਖਾਸ ਕਰਕੇ ਸੰਸਾਰ ਅਤੇ ਮਨੁੱਖੀ ਮਨ ਦੀ ਅਸਲੀਅਤ ਨੂੰ ਬਿਆਨ ਕਰਦੀ ਹੈ। ਗੁਰਬਾਣੀ ਨਿਰੰਤਰ ਬਦਲ ਰਹੀ ਅਤੇ ਜੰਮਣ-ਮਰਨ ਦੇ ਗੇੜ ਵਿੱਚ ਪਈ ਪ੍ਰਭੂ ਦੀ ਕਿਰਤ ਨੂੰ ਕੁਦਰਤ, ਦੂਜਾ ਅਤੇ ਖੇਲ੍ਹ ਆਖਦੀ ਹੈ ਜਿਸ ਨੂੰ ਆਪਣੀ ਕਿਰਤ ਵਿੱਚ ਵਿਆਪਕ ਸਦੀਵੀ ਸੱਚਾ ਅਤੇ ਨਿਹਚਲ ਪ੍ਰਭੂ ਚਲਾ ਰਿਹਾ ਹੈ। ਗੁਰਬਾਣੀ ਸੰਸਾਰ ਦੇ ਇਨ੍ਹਾਂ ਦੋਨੋ ਪੱਖਾਂ ਨੂੰ ਉਜਾਗਰ ਕਰਦੀ ਹੈ: ਇਕ, ਜਿਸ ਵਿੱਚ ਅਦਿੱਖ ਅਤੇ ਅਚੱਲ ਪ੍ਰਭੂ ਵਿਦਮਾਨ ਹੈ, ਅਤੇ, ਦੂਜਾ ਨਿਰੰਤਰ ਬਦਲ ਰਿਹਾ ਤ੍ਰੈਗੁਣੀ ਸੰਸਾਰ ਜੋ ਦਿਖਾਈ ਦਿੰਦਾ ਹੈ। ਗੁਰਬਾਣੀ ਦਾ ਕਥਨ ਹੈ: “ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥” (ਪੰ: ੧੨੪)। ਗੁਰਬਾਣੀ ਦਿਖਾਈ ਦੇ ਰਹੇ ਤ੍ਰੈਗੁਣੀ ਸੰਸਾਰ ਨੂੰ ਝੂਠਾ, ਭਰਮ ਅਤੇ ਮੋਹ ਮਾਇਆ ਦਾ ਪਸਾਰਾ ਆਖਦੀ ਹੈ ਅਤੇ ਅਦਿੱਖ ਪ੍ਰਭੂ ਦੇ ਦਰਸ਼ਨ ਕਰਨ ਲਈ ਮਨੁੱਖ ਨੂੰ ਮੋਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ। ਹਰ ਸਿੱਖ ਨੂੰ ਮੂਲ ਮੰਤਰ ਵਿੱਚ ਦੱਸੇ ਪ੍ਰਭੂ ਦੇ ਗੁਣਾਂ ਅਤੇ ਗੁਰਬਾਣੀ ਵਿੱਚ ਦੱਸੀ ਪਦਾਰਥਕ ਜਗਤ ਦੀ ਅਸਲੀਅਤ ਨੂੰ ਜਾਨਣ ਅਤੇ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰਦੁਆਰੇ ਦਾ ਕਰੱਤਵ ਹੈ ਕਿ ਗੁਰਬਾਣੀ ਦੀ ਇਸ ਪ੍ਰਾਰੰਭਕ ਜਾਣਕਾਰੀ ਦਾ ਪਰਸਾਰ ਕਰੇ ਅਤੇ ਗੁਰਬਾਣੀ ਉਪਦੇਸ਼ ਤੇ ਵਿਚਾਰ ਵਟਾਂਦਰਾ ਕਰਨ ਦੀ ਯੋਗ ਵਿਵਸਥਾ ਕਰੇ ਤਾਂ ਜੋ ਗੁਰਮਤ ਨੂੰ ਜਾਨਣ ਦੀ ਰੁੱਚੀ ਰਖਣ ਵਾਲੇ ਵਿਅਕਤੀਆਂ ਨੂੰ ਗੁਰਮਤ ਮਾਰਗ ਦੀ ਸੂਝ ਪੈ ਸਕੇ।
.