.

ਵਿਗਾਸ/ਖੁਸ਼ੀ

(ਭਾਗ 2)

ਕੁਝ ਐਸੇ ਨੁਕਤੇ ਵਿਚਾਰਦੇ ਹਾਂ ਜਿਨ੍ਹਾਂ ਨੂੰ ਵਿਚਾਰਦਿਆਂ ਆਪਣੀ ਅਵਸਥਾ ਬਾਰੇ ਪਤਾ ਲਗਦਾ ਹੈ ਕਿ, ‘ਸਦੀਵੀ ਖੁਸ਼ੀ, ਖੇੜੇ, ਵਿਗਾਸ, ਅਨੰਦ ’ਚ ਹਾਂ’।

 1. ਮੇਰੇ ਕੋਲੋਂ ਗਲਤੀ ਹੋ ਗਈ ਜਾਂ ਜਾਣ ਬੁੱਝ ਕੇ ਕੀਤੀ ਸੀ ਤਾਂ ਮਾਫੀ ਮੰਗ ਲਵਾਂ ਅਤੇ ਮੁੜ ਕੇ ਉਹ ਗਲਤੀ ਨਾ ਦੁਹਰਾਵਾਂ - ਖੁਸ਼ੀ ਬਰਕਰਾਰ ਰਹੇਗੀ
 2. ਕੋਈ ਗਲਤੀ ਕਰੇ ਅਤੇ ਮੈਂ ਮਾਫ ਕਰ ਸਕਾਂ - ਖੁਸ਼ੀ ਬਰਕਰਾਰ ਰਹੇਗੀ
 3. ਕੋਈ ਮੇਰਾ ਅਪਮਾਨ ਕਰੇ, ਨਿੰਦਾ ਕਰੇ, ਮੁਖ਼ਾਲਫਤ ਕਰੇ। ਮੈਂ ਬਿਨਾ ਨਫਰਤ ਤੋਂ ਖਿੜੇ ਮੱਥੇ ਉਸਨੂੰ ਗਲੇ ਲਗਾਵਾਂ - ਖੁਸ਼ੀ ਬਰਕਰਾਰ ਰਹੇਗੀ
 4. ਆਪਣੀ ਜ਼ਾਤ ਦਾ ਅਭਿਮਾਨ ਛੱਡ ਕੇ, ਸਭ ਨਾਲ ਨਿਮਰਤਾ ’ਚ ਵਰਤਾਂ, ਖੁਸ਼ੀ ਬਰਕਰਾਰ ਰਹੇਗੀ
 5. ਕੋਈ ਕੁਝ ਪੁੱਛੇ ਤਾਂ ਜੋ ਪਤਾ ਹੈ ਉਹ ਦੱਸ ਦੇਵਾਂ, ਜੋ ਨਹੀਂ ਪਤਾ ਉਸ ਬਾਰੇ ਖਿੜੇ ਮੱਥੇ, ਬਿਨਾ ਬੇਇਜ਼ਤੀ ਸਮਝਿਆਂ ਕਹਿ ਸਕਾਂ ਕਿ ਇਸ ਬਾਰੇ ਮੈਨੂੰ ਸਮਝ-ਗਿਆਨ ਨਹੀਂ ਹੈ - ਖੁਸ਼ੀ ਬਰਕਰਾਰ ਰਹੇਗੀ
 6. ਜੋ ਕਰਮਕਾਂਡ ’ਚ ਖੱਚਤ ਹਨ, ਉਨ੍ਹਾਂ ਨਾਲ ਨਫਰਤ ਨਾ ਕਰਾਂ, ਉਨ੍ਹਾਂ ਉੱਤੇ ਗੁੱਸਾ ਨਾ ਕਰਾਂ - ਖੁਸ਼ੀ ਬਰਕਰਾਰ ਰਹੇਗੀ
 7. ਆਪਣੀ ਵੱਧਦੀ ਉਮਰ ਜਾਂ ਉਸ ਕਾਰਨ ਸਰੀਰਕ ਪ੍ਰੇਸ਼ਾਨੀਆਂ ਨੂੰ ਸਿਰ ਮੱਥੇ ਮੰਨ ਲਵਾਂ - ਖੁਸ਼ੀ ਬਰਕਰਾਰ ਰਹੇਗੀ
 8. ਕਿਸੀ ਦੇ ਡਿੱਗਣ ’ਤੇ, ਘਾਟੇ ’ਤੇ, ਉਸਦੀ ਨਿੰਦਾ ਸੁਣ ਕੇ ਖੁਸ਼ ਨਾ ਹੋਵਾਂ - ਖੁਸ਼ੀ ਬਰਕਰਾਰ ਰਹੇਗੀ
 9. ‘ਕੋਈ ਦੁਸ਼ਮਨ ਨਹੀਂ’ ਦੀ ਬਿਰਤੀ ਪਰ ਜੋ ਦੁਸ਼ਮਨੀ ਕਰਦੇ ਹਨ, ਉਨ੍ਹਾਂ ਦੀ ਤਰੱਕੀ, ਕਾਮਯਾਬੀ ਦੇਖ ਕੇ ਸਾੜਾ ਨਾ ਕਰਾਂ ਬਲਕਿ ਅਨੰਦ ’ਚ ਰਹਾਂ - ਖੁਸ਼ੀ ਬਰਕਰਾਰ ਰਹੇਗੀ
 10. ਕਿਸੇ ਬਹਿਸ ਜਾਂ ਵਾਦ-ਵਿਵਾਦ ’ਚ ਨਾ ਪਵਾਂ ਬਲਕਿ ਹਰੇਕ ਵਿਚਾਰ ’ਚ ਆਪਣਾ ਪੱਖ ਨਿਮਰਤਾ ’ਚ ਰੱਖਾਂ ਅਤੇ ਹਾਰ-ਜਿੱਤ ਦੀ ਭਾਵਨਾ ਤੋਂ ਮੁਕਤ ਹੋ ਕੇ ਸਹਿਮਤੀ ਜਾਂ ਅਸਹਿਮਤੀ ਜ਼ਾਹਰ ਕਰ ਸਕਾਂ - ਖੁਸ਼ੀ ਬਰਕਰਾਰ ਰਹੇਗੀ
 11. ਜਦੋਂ ਚਾਹਵਾਂ, ਮਨ ਦੇ ਵਲਵਲਿਆਂ ਨੂੰ ਦੁਬਾਉਣ ਬਦਲੇ ਰੋ ਸਕਾਂ ਜਾਂ ਹੱਸ ਸਕਾਂ- ਖੁਸ਼ੀ ਬਰਕਰਾਰ ਰਹੇਗੀ
 12. ਕਿਸੇ ਖੇਡ ਨੂੰ ਖੇਡਣ ਵੇਲੇ ਹਾਰ-ਜਿੱਤ ਦੀ ਭਾਵਨਾ ਰੱਖੇ ਬਿਨਾਂ ਖੇਡਾਂ ਅਤੇ ਸਪੋਰਟਸਮੈਨ ਸਪਿਰਟ ਅਤੇ ਈਮਾਨਦਾਰੀ ਦਾ ਪੱਲਾ ਨਾ ਛੱਡਾਂ - ਖੁਸ਼ੀ ਬਰਕਰਾਰ ਰਹੇਗੀ
 13. ਧਾਰਮਕ ਦੁਨੀਆ ’ਚ ਆਪਣੇ ਆਪ ਨੂੰ ਧਰਮੀ ਅਖਵਾਉਣ ਲਈ ਕਰਮ ਕਾਂਡ ਦਾ ਪੱਲਾ ਨਾ ਫੜਾਂ - ਖੁਸ਼ੀ ਬਰਕਰਾਰ ਰਹੇਗੀ
 14. ਭਲਾ ਕੰਮ ਕਰਕੇ ਜਾਂ ਕੋਈ ਵੀ ਫਰਜ਼ ਪੂਰਾ ਕਰਕੇ ਜਤਲਾਵਾਂ ਨਾ, ਵਾਹ-ਵਾਹ ਦੀ ਖ਼ਾਹਿਸ਼ ਤੋਂ ਉੱਪਰ ਰਹਾਂ - ਖੁਸ਼ੀ ਬਰਕਰਾਰ ਰਹੇਗੀ
 15. ਸਾਰੀ ਉਮਰ ਕਿਸੀ ਤੋਂ ਵੀ ਸਿੱਖਣ ਦੀ ਰੁਚੀ ਬਰਕਰਾਰ ਰੱਖਾਂ- ਖੁਸ਼ੀ ਬਰਕਰਾਰ ਰਹੇਗੀ
 16. ਕਿਸੀ ਤੇ ਅਹਿਸਾਨ ਨਾ ਜਤਲਾਵਾਂ ਅਤੇ ਨਾ ਹੀ ਕਿਸੀ ਨੂੰ ਅਹਿਸਾਨ ਫਰਾਮੋਸ਼ ਲੇਬਲ ਕਰਾਂ - ਖੁਸ਼ੀ ਬਰਕਰਾਰ ਰਹੇਗੀ
 17. ਜੋ ਹੋਰਨਾ ਕੋਲ ਹੈ ਮੇਰੇ ਕੋਲ ਨਹੀਂ, ਇਸ ਹੋੜ ਤੋਂ ਬੱਚ ਸਕਾਂ - ਖੁਸ਼ੀ ਬਰਕਰਾਰ ਰਹੇਗੀ
 18. ਕਿਸੀ ਨਾਲ ਕਿਸੀ ਦੀ ਤੁਲਨਾ ਕਰਕੇ ਚੰਗਾ, ਮੰਦਾ, ਉੱਚਾ-ਨੀਵਾਂ, ਪਾਪੀ-ਪੁੰਨੀ, ਅਮੀਰ-ਗਰੀਬ, ਆਸਤਕ-ਨਾਸਤਕ ਸਾਬਿਤ ਨਾ ਕਰਾਂ - ਖੁਸ਼ੀ ਬਰਕਰਾਰ ਰਹੇਗੀ
 19. ਲੋਕੀ ਕੀ ਕਰਦੇ ਹਨ, ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ ਜਾਂ ਕੀ ਕਰਨ, ਇਸ ਖਿਆਲ, ਬੋਲੀ ਤੋਂ ਮੁਕਤ ਹੋ ਸਕਾਂ - ਖੁਸ਼ੀ ਬਰਕਰਾਰ ਰਹੇਗੀ
 20. ਕੋਈ ਸਤਿਕਾਰ ਕਰੇ ਜਾਂ ਨਾ ਕਰੇ, ਕੋਈ ਆਪਣੇ ਘਰ ਸੱਦੇ ਜਾਂ ਨਾ, ਕੋਈ ਕਾਰਡ ਭੇਜੇ ਜਾਂ ਨਾ, ਕੋਈ ਸਾਡੇ ਪ੍ਰੋਗਰਾਮ ’ਤੇ ਗਿਫਟ ਦੇਵੇ ਜਾਂ ਨਾ, ਹਰ ਹਾਲ ਮੇਰਾ ਮਾਨਸਕ ਸੰਤੁਲਨ ਬਣਿਆ ਰਹੇ - ਖੁਸ਼ੀ ਬਰਕਰਾਰ ਰਹੇਗੀ
 21. ਬਾਹਰੋਂ ਵਾਪਰੇ ਸੁੱਖਾਂ-ਦੁੱਖਾਂ ਨੂੰ ਸਮ ਕਰ ਜਾਣ ਸਕਾਂ - ਖੁਸ਼ੀ ਬਰਕਰਾਰ ਰਹੇਗੀ
 22. ਕਿਸੇ ਦੀ ਮੂਰਖਤਾ, ਨਾਸਤਕਤਾ ਨਾ ਘੋਖਾਂ, ਪਰ ਬਰਦਾਸ਼ਤ ਕਰ ਸਕਾਂ। ਬਲਕਿ ਆਪਣੇ ਆਪ ਨੂੰ ਸਿਆਣਾ, ਆਸਤਕ, ਪੁੰਨੀ ਗਿਆਨਵਾਨ ਵੀ ਨਾ ਸਮਝਾਂ। ਖੁਸ਼ੀ ਬਰਕਰਾਰ ਰਹੇਗੀ
 23. ਜੇ ਰਜ਼ਾ ਬਾਰੇ ਸਮਝ ਨਹੀਂ ਤਾਂ ਚਿੰਤਾ ਫਿਕਰ ਘੇਰ ਹੀ ਲਵੇਗੀ। ਰਜ਼ਾ ਨੂੰ ਵੱਧ ਤੋਂ ਵੱਧ ਸਮਝ ਕੇ ਉਸ ਅਨੁਸਾਰ ਜਿਊਣਾ - ਖੁਸ਼ੀ ਬਰਕਰਾਰ ਰਹੇਗੀ
 24. ਆਪਣੇ ਦੁੱਖਾਂ ਦਾ ਰੋਣਾ, ਬੀਮਾਰੀਆਂ ਦੀ ਚਰਚਾ ਕਰਦੇ ਰਹਿਣ ਬਦਲੇ ਸੱਚ ਦੀ ਬਾਣੀ ਰਾਹੀਂ ਬਿਬੇਕਤਾ ਦੀ ਵਿਚਾਰਾਂ ਕਰੀਏ - ਖੁਸ਼ੀ ਬਰਕਰਾਰ ਰਹੇਗੀ
 25. ਰੋਣੇ-ਧੋਣੇ, ਧੋਖੇ ਅਤੇ ਘਰ ਪਰਵਾਰ ਟੁੱਟਣ ਦੇ ਟੀ.ਵੀ ਸੀਰੀਅਲ, ਫਿਲਮਾਂ ਦੇਖਣ ਬਦਲੇ ਸਤਸੰਗਤ ਦਾ ਮਾਹੌਲ ਮਾਣ ਸਕਣਾ - ਖੁਸ਼ੀ ਬਰਕਰਾਰ ਰਹੇਗੀ
 26. ਆਪਣੀਆਂ ਪ੍ਰਾਪਤੀਆਂ, ਗੁਣਾਂ, ਚੀਜ਼ਾਂ ਨੂੰ ਨਾ ਵਡਿਆਉਣਾ ਅਤੇ ਦੂਜਿਆਂ ਦੀਆਂ ਨੂੰ ਨੀਵਾਂ ਨਾ ਪਾਉਣਾ - ਖੁਸ਼ੀ ਬਰਕਰਾਰ ਰਹੇਗੀ
 27. ਦੂਜਿਆਂ ਦੀ ਘਾਟ ਨੂੰ ਨਾ ਨਿੰਦਣਾ, ਬਲਕਿ ਵਧੀਆ ਨੂੰ ਵਧੀਆ ਜ਼ਰੂਰ ਕਹਿਣਾ - ਖੁਸ਼ੀ ਬਰਕਰਾਰ ਰਹੇਗੀ
 28. ਆਪਣੇ ਅਵਗੁਣ ਸੁਣਨ ਦੀ ਬਰਦਾਸ਼ਤ ਸ਼ਕਤੀ ਵਧਾਉਣੀ, ਨੁਕਤਾਚੀਨੀ ਸੁਣ ਸਕਣਾ - ਖੁਸ਼ੀ ਬਰਕਰਾਰ ਰਹੇਗੀ
 29. ਆਪਣੇ ਅਵਗੁਣਾਂ ਵਲ ਝਾਤੀ ਮਾਰਨ ’ਚ ਇਤਨਾ ਖੁਦਗਰਜ਼ ਹੋ ਕੇ ਸਮਾਂ ਲਗਾਉਣਾ ਕਿ ਹੋਰਨਾਂ ਦੇ ਅਵਗੁਣ ਫਰੋਲਣ ਦਾ ਸਮਾਂ ਹੀ ਨਾ ਕੱਢ ਪਾਉਣਾ - ਖੁਸ਼ੀ ਬਰਕਰਾਰ ਰਹੇਗੀ
 30. ਆਪਣੇ ਅਵਗੁਣ ਦੀ ਸਫ਼ਾਈ ਪੇਸ਼ ਕਰਕੇ, ਦੂਜੇ ਨੂੰ ਕਹਿਣਾ ਕਿ ਤੇਰੇ ’ਚ ਵੀ ਤਾਂ ਇਹ ਅਵਗੁਣ ਹੈ, ਇਸ ਤਰ੍ਹਾਂ ਆਪਣਾ ਅਵਗੁਣ ਦੂਰ ਨਹੀਂ ਹੁੰਦਾ। ਆਪਣਾ ਅਵਗੁਣ ਦੂਰ ਕਰਨ ਵਲ ਉੱਦਮ ਕਰਨਾ - ਖੁਸ਼ੀ ਬਰਕਰਾਰ ਰਹੇਗੀ
 31. ਜਦੋਂ ਕੋਈ ਆਪਣੇ ਕੀਤੇ ਭਲੇ ਬਾਰੇ ਗੱਲ ਸੁਣਾਵੇ ਤਾਂ ਅਸੀਂ ਛੇਤੀ ਨਾਲ ਆਪਣੇ ਕੀਤੇ ਦੀ ਗੱਲ ਛੇੜ ਦੇਂਦੇ ਹਾਂ, ਮਾਨੋ ਖੁਸ਼ੀ ਦੀ ਘਾਟ ਹੈ। ਦੂਜਿਆਂ ਵਲੋਂ ਕੀਤੇ ਚੰਗੇ, ਭਲੇ ਕੰਮਾਂ ਨੂੰ ਸੁਣਨ ਦੀ ਜਾਚ - ਸਾਡਾ ਖੇੜਾ ਬਰਕਰਾਰ ਰੱਖਦੀ ਹੈ।
 32. ਅਨੰਦ ਵੇਲੇ ਹੋਰਨਾਂ ਦੀ ਸ਼ਲਾਘਾ, ਵਡਿਆਈ, ਤਰੱਕੀ ਸੁਣਨ ਦਾ ਮਾਦਾ ਹੁੰਦਾ ਹੈ।
 33. ਆਪਣੇ ਜੀਵਨ ਮਨੋਰਥ ਨੂੰ ਕੋਈ ਦਿਸ਼ਾ ਦੇਣਾ, ਮਨੋਰਥ ਹੀਨਤਾ ਪੱਲ-ਪੱਲ ਖੁਸ਼ੀ ਘਟਾਉਂਦੀ ਹੈ। ਆਪਣੇ ਲਕਸ਼ ਵਲ ਵੱਧਦੇ ਰਹਿਣਾ, ਔਕੜਾਂ ਨਾਲ ਜੂਝਦੇ ਹੋਏ ਲੰਘਦੇ ਰਹਿਣਾ - ਖੁਸ਼ੀ ਬਰਕਰਾਰ ਰਹੇਗੀ
 34. ਮੈਂ ਦੁਨੀਆ ਤੋਂ ਬਹੁਤ ਕੁਝ ਲਿਆ ਹੈ ਪਰ ਦਿੱਤਾ ਘਟ ਹੈ ਇਸੇ ਤਾਂਘ ’ਚ ਜਿਊਣਾ ਕਿ ਮੈਂ ਉਸਾਰੂ, ਭਲੇ ਦੇ ਕੰਮ ਕਰਨੇ ਹਨ - ਖੁਸ਼ੀ ਬਰਕਰਾਰ ਰਹੇਗੀ
 35. ਦੁਨੀਆ ਭੈੜੀ ਨਹੀਂ ਹੈ ਇਹ ਮੰਨਣਾ ਅਤੇ ਵਿਚਾਰਨਾ ਹੀ ਸਭ ਨਾਲ ਖਿੜੇ ਮੱਥੇ ਮਿਲਾਉਂਦਾ ਹੈ।
 36. ਦਿਖਾਵਾ, ਉੱਤੋਂ-ਉੱਤੋਂ ਹਮਦਰਦੀ, ਚੋਪੜੀ ਪ੍ਰੀਤ, ਦੁਬਾਜਰਾ ਪਨ ਤੋਂ ਬੱਚਣਾ। ਸਭ ਦਾ ਭਲਾ ਦਿਲੋਂ ਕਰਨ ਦੀ ਤਾਂਘ - ਖੁਸ਼ੀ ਬਰਕਰਾਰ ਰਹੇਗੀ
 37. ਹੋਰਨਾਂ ’ਤੇ ਅਹਿਸਾਨ, ਸ਼ਿਕਵੇ ਕੀਤੇ ਬਿਨਾ, ਜੋ ਕੰਮ ਮਿਲਿਆ ਹੈ ਖਿੜੇ ਮੱਥੇ ਕਰਨਾ - ਖੁਸ਼ੀ ਬਰਕਰਾਰ ਰਹੇਗੀ
 38. ਦੂਜਿਆਂ ਵੱਲੋਂ ਕੋਈ ਵੀ ਖ਼ਾਹਿਸ਼ ਜਾਂ ਉਮੀਦ ਖੁਸ਼ੀ ਘਟਾਉਂਦੀ ਹੈ। ਖ਼ਾਹਿਸ਼ ਨਾ ਹੋਵੇ ਤਾਂ ਖੁਸ਼ੀ ਬਰਕਰਾਰ ਰਹੇਗੀ। ਜੇ ਸੁੱਖ ਲੋੜਹਿ ਆਪਣਾ, ਪਾਣੀ ਮੰਗ ਨਾ ਪੀ - ਖੁਸ਼ੀ ਬਰਕਰਾਰ ਰਹੇਗੀ
 39. ਨੂੰਹ ਨੂੰ ਧੀ, ਸੱਸ ਨੂੰ ਮਾਂ ਅਤੇ ਨਨਾਣ ਨੂੰ ਭੈਣ ਸਮਝਣਾ, ਘਰ ਦੀ ਖੁਸ਼ੀ ਵਧਾਉਂਦਾ ਹੈ। ਇਸੀ ਤਰ੍ਹਾਂ ਲੜਕਾ ਜੇ ਆਪਣੀ ਪਤਨੀ ਦੇ ਮਾਂਪਿਆਂ ਨੂੰ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨੂੰ ਆਪਣੇ ਹੀ ਭੈਣ ਭਰਾ ਜਾਣੇ ਤਾਂ ਪਰਿਵਾਰਾਂ ਵਿੱਚ ਖੁਸ਼ੀ ਵੱਧ ਸਕਦੀ ਹੈ।
 40. ਕੁੜੀ ਆਪਣੇ ਪੇਕਿਆਂ ਬਾਰੇ ਜ਼ਿਆਦਾ ਸੋਚੇ ਤਾਂ ਸਹੁਰੇ ਘਰ ਵਾਲਿਆਂ ਦੀ ਖੁਸ਼ੀ ’ਚ ਘਾਟ ਪੈਂਦੀ ਹੈ। ਕੁੜੀ ਨੂੰ ਪੇਕਿਆਂ ਬਾਰੇ ਦਰਦ ਰੱਖਣਾ ਚਾਹੀਦਾ ਹੈ ਪਰ ਸਹੁਰੇ ਘਰ ਦੇ ਫਰਜ਼ਾਂ ਨੂੰ ਇੱਕ ਪੱਲ ਵੀ ਅੱਖੋਂ ਪਰੋਖੇ ਕੀਤੇ ਬਿਨਾ। ਸਹੁਰੇ ਪਰਿਵਾਰ ਦੇ ਮੈਂਬਰ ਆਪਣੀ ਖੁਸ਼ੀ ਵਧਾਉਣ ਲਈ, ਉਸਦੇ ਪੇਕਿਆਂ ਦਾ ਭਲਾ ਕਰ ਸਕਦੇ ਹਨ - ਖੁਸ਼ੀ ਬਰਕਰਾਰ ਰਹੇਗੀ
 41. ਮੰਦੇ, ਨਿੰਦਕ, ਹੌਲੇ ਬੋਲਾਂ ਤੋਂ ਬੱਚ ਕੇ ਰਹੀਏ - ਖੁਸ਼ੀ ਬਰਕਰਾਰ ਰਹੇਗੀ
 42. ਆਪਣੇ ਕਿਰਦਾਰ ਨੂੰ ਉਚਿਆਂ ਰੱਖੀਏ - ਖੁਸ਼ੀ ਬਰਕਰਾਰ ਰਹੇਗੀ
 43. ਅਸੀਂ ਦੂਜਿਆਂ ਦੀ ਕਿਸੇ ਵੀ ਪ੍ਰਾਪਤੀ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਊਣਾ ਜਾਂ ਹੀਣਾ ਸਮਝੀਏ ਤਾਂ ਮਾਨੋ ਅਸੀਂ ਖੁਸ਼ ਨਹੀਂ ਹਾਂ। ਐਸੀ ਸੋਚਣੀ ਨਾਲ ਖੁਸ਼ੀ ਬਰਕਰਾਰ ਨਹੀਂ ਰਹਿੰਦੀ।
 44. ਕਈ ਆਪਣਾ ਨੁਕਸ ਸੁਣਨਾ ਬਰਦਾਸ਼ਤ ਨਹੀਂ ਕਰ ਪਾਂਦੇ। ਜਿਸ ਵਿਚਾਰ ’ਚ ਉਨ੍ਹਾਂ ਦੇ ਅਵਗੁਣ ਦੀ ਗੱਲ ਹੋਵੇ ਉਹ ਕੰਨੀ ਕਤਰਾਂਦੇ ਹਨ, ਮਾਨੋ ਅੰਦਰੋਂ ਖੁਸ਼ੀ ਦੀ ਘਾਟ ਹੈ।

ਉਪਰੋਕਤ ਨੁਕਤਿਆਂ ਤੋਂ ਇਲਾਵਾ ਹੋਰ ਬੇਅੰਤ ਪੱਖ ਵੀ ਹੋਣਗੇ ਜੋ ਕਿ ਕਲਮਬੱਧ ਕਰਨੇ ਅਸੰਭਵ ਹਨ। ਪਰ ਇਹੋ ਵਿਚਾਰਿਆ ਗਿਆ ਹੈ ਕਿ ਸਾਡੇ ਅੰਦਰ ਖੁਸ਼ੀ, ਖੇੜਾ, ਵਿਗਾਸ ਅਨੰਦ ਹੈ, ਉਸਨੂੰ ਸਤਿਗੁਰ ਦੀ ਮਤ ਲੈ ਕੇ ਨਿਰਪੱਖ, ਨਿਰਲੇਪ, ਅਡੋਲ ਜੀਵਨ ਜਿਊ ਕੇ ਬਰਕਰਾਰ ਰੱਖ ਸਕਦੇ ਹਾਂ, ਸਦੀਵੀ ਖੇੜਾ, ਖੁਸ਼ੀ ਮਾਣ ਸਕਦੇ ਹਾਂ।

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 917)

ਇਹੋ ਅਵਸਥਾ ਮਾਣਨੀ ਹੈ ਤਾ ਕਿ `ਨਾਨਕ ਭਗਤਾ ਸਦਾ ਵਿਗਾਸੁ॥` ’ਚ ਰਹਿ ਕੇ ਸਦੀਵੀ ਖੁਸ਼ੀ ’ਚ ਰਹੀਏ।

ਵੀਰ ਭੁਪਿੰਦਰ ਸਿੰਘ
.