.

ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ

(ਅਕਾਦਮਿਕ ਦ੍ਰਿਸ਼ਟੀਕੋਨ-ਭਾਗ ੪)

ਅਕਾਦਮਿਕ ਰਚਨਾਵਾਂ ਦਾ ਗਿਆਨਮਈ ਖੇਤਰ ਸਮੁੰਦਰ ਵਾਂਗ ਵਿਸ਼ਾਲ ਹੈ। ਅਜੋਕੇ ਦੌਰ ਦੀ ਸਾਹਿਤਕ ਦ੍ਰਿਸ਼ਟੀ ਤੋਂ ਤਾਂ ਭਾਵੇਂ ਯੂਨੀਵਰਸਿਟੀ (ਵਿਸ਼ਵ ਵਿਦਿਆਲਾ) ਪੱਧਰ ਦੇ ਭਾਸ਼ਾਈ ਕੋਸ਼ਾਂ, ਸ਼ੋਧ-ਪ੍ਰਬੰਧੀ ਖੋਜ ਪੁਸਤਕਾਂ ਅਤੇ ਸੈਮੀਨਾਰ ਪਤਰਾਂ ਆਦਿਕ ਨੂੰ ਹੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਪਰ, ਪ੍ਰੀਭਾਸ਼ਿਕ ਦ੍ਰਿਸ਼ਟੀ ਤੋਂ ਵਿਚਾਰਿਆ ਜਾਵੇ ਤਾਂ ਕਿਸੇ ਵੀ ਵਿਦਿਆਰਥੀ, ਅਧਿਆਪਕ ਅਤੇ ਖੋਜੀ ਦੁਆਰਾ ਇੱਕ ਵਿਸ਼ੇ ਦੇ ਹਰੇਕ ਪੱਖ ਦਾ ਦਲੀਲਾਂ ਨਾਲ ਖ਼ੁਲਾਸਾ ਕਰਦੀ ਹੋਈ ਜਾਣਕਾਰੀ ਭਰਪੂਰ ਕਿਸੇ ਵੀ ਸਟੀਕ ਲਿਖਤ ਨੂੰ ਅਕਾਦਮਿਕ ਰਚਨਾ ਮੰਨਿਆ ਜਾ ਸਕਦਾ ਹੈ। ਕਿਸੇ ਉੱਚਕੋਟੀ ਵਿਦਵਾਨ ਦੀ ਪ੍ਰੀਭਾਸ਼ਕ ਲਿਖਤ ਹੈ:

The term academic writing refers to the forms of expository and argumentative prose used by university students, faculty, and researchers to convey a body of information about a particular subject.

Generally, academic writing is expected to be precise, semi-formal, impersonal, and objective.

ਇਸ ਲਈ ਹੁਣ ਜਦੋਂ ਅਸੀਂ ਵਿਸ਼ੇਸ਼ ਤੌਰ `ਤੇ ਭਗਤ ਬਾਲਮੀਕ ਅਤੇ ਰਿਸ਼ੀ ਵਾਲਮੀਕ ਦੇ ਅੰਤ੍ਰਿਕ ਵਿਸ਼ਲੇਸ਼ਨ ਪੱਖੋਂ ਅਕਾਦਮਿਕ ਦ੍ਰਿਸ਼ਟੀਕੋਨ ਵਿਚਾਰਨ ਜਾ ਰਹੇ ਹਾਂ ਤਾਂ ਅਸੀਂ ਯੂਨੀਵਰਸਿਟੀਆਂ ਵੱਲੋਂ ਪ੍ਰਕਾਸ਼ਿਤ ਕੋਸ਼ਾਂ ਤੇ ਖੋਜ ਪੁਸਤਕਾਂ ਤੋਂ ਇਲਾਵਾ ਇਸ ਪੱਧਰ ਦੀਆਂ ਹੋਰ ਲਿਖਤਾਂ ਨੂੰ ਵੀ ਅਧਾਰ ਬਣਾਵਾਂਗੇ। ਭਾਵੇਂ ਕਿ ਉਹ ਯੂਨੀਵਰਸਿਟੀਆਂ ਦੀ ਅਜੋਕੀ ਕੋਸ਼ਕਾਰੀ ਅਤੇ ਵਿਆਖਿਆਤਮਕ ਕਸਵੱਟੀ `ਤੇ ਪੂਰਾ ਨਹੀਂ ਵੀ ਉਤਰਦੀਆਂ। ਜਿਵੇਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰੀਦਕੋਟੀ ਟੀਕਾ ਅਤੇ ਗਿਆਨੀ ਲਾਲ ਸਿੰਘ ਸੰਗਰੂਰ ਵਾਲਿਆਂ ਦੀ ਅਤਿ ਦੁਰਲੱਭ ਕ੍ਰਿਤ ‘ਗੁਰਮਤਿ ਨਿਰਣੈ ਭੰਡਾਰ`। ਕਿਉਂਕਿ, ਇਤਿਹਾਸ ਤੇ ਮਿਥਿਹਾਸ ਤੋਂ ਇਲਾਵਾ ਗੁਰਬਾਣੀ ਦੀ ਕੋਸ਼ਕਾਰੀ, ਟੀਕਾਕਾਰੀ ਤੇ ਵਿਆਖਿਆਕਾਰੀ ਦੇ ਖੇਤਰ ਦੀਆਂ ਬਹੁਤ ਸਾਰੀਆਂ ਕੀਮਤੀ ਪੁਸਤਕਾਂ ਵੀਹਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਉਸ ਵੇਲੇ ਲਿਖੀਆਂ ਤੇ ਪ੍ਰਕਾਸ਼ਿਤ ਹੋਈਆਂ ਹਨ, ਜਦੋਂ ਧਰਮ ਨੂੰ ਕਾਲਜ ਅਤੇ ਯੂਨੀਵਰਸਿਟੀ ਪੱਧਰ ਉੱਤੇ ਅਕਾਦਮਿਕ ਵਿਸ਼ੇ ਵਜੋਂ ਕੋਈ ਪੜ੍ਹਾਉਂਦਾ ਵੀ ਨਹੀਂ ਸੀ। ਜਿਵੇਂ ਪੰਡਿਤ ਤਾਰਾ ਸਿੰਘ ਨਰੋਤਮ ਦਾ ‘ਗਰੰਥ ਗੁਰੂ ਗਿਰਾ ਕੋਸ਼` ਸੰਨ ੧੮੯੫ ਵਿੱਚ, ਗਿਆਨੀ ਹਜ਼ਾਰਾ ਸਿੰਘ ਦਾ ‘ਸ੍ਰੀ ਗੁਰੂ ਗ੍ਰੰਥ ਕੋਸ਼` ਸੰਨ ੧੮੯੯ ਵਿੱਚ ਅਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼` ੧੯੩੦ ਵਿੱਚ। ਭਾਵੇਂ ਕਿ ‘ਭਾਸ਼ਾ ਵਿਭਾਗ ਪੰਜਾਬ` ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਰੀਦਕੋਟੀ ਟੀਕੇ ਤੋਂ ਇਲਾਵਾ ‘ਮਹਾਨ ਕੋਸ਼` ਨੂੰ ਵੀ ਕੁੱਝ ਤਕਨੀਕੀ ਤਬਦੀਲੀਆਂ ਸਹਿਤ ਇੱਕੋ ਭਾਗ ਵਿੱਚ ਪ੍ਰਕਾਸ਼ਿਤ ਕਰ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ‘ਮਹਾਨ ਕੋਸ਼` ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਕੇ ਆਪਣੀਆਂ ਅਕਾਦਮਿਕ ਰਚਨਾਵਾਂ ਵਿੱਚ ਸ਼ਾਮਲ ਕਰ ਲਿਆ ਹੈ।

ਹੱਥਲੀ ਲਿਖਤ ਦੇ ਵਿਸ਼ੇ ਨੂੰ ‘ਅਕਾਦਮਿਕ ਦ੍ਰਿਸ਼ਟੀਕੋਨ` ਤੋਂ ਵਿਚਾਰਨ ਵੇਲੇ ਉਪਰੋਕਤ ਸਾਹਿਤਕ ਪੱਖ ਪਾਠਕਾਂ ਦੇ ਜ਼ਿਹਨ ਵਿੱਚ ਰਹਿਣਾ ਅਤਿ ਲੋੜੀਂਦਾ ਹੈ। ਕਿਉਂਕਿ, ਭਾਰਤ ਭਰ ਦੇ ਅਕਾਦਮਿਕ ਅਦਾਰਿਆਂ ਵਿੱਚ ਪਹਿਲਾ ‘ਧਰਮ ਅਧਿਐਨ ਵਿਭਾਗ` ੧੯੬੭ ਵਿੱਚ ਸਥਾਪਿਤ ਹੋਇਆ ਹੈ ਅਪ੍ਰੈਲ ੧੯੬੨ ਵਿੱਚ ਸ਼ੁਰੂ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ। ਇਸ ਵਿਭਾਗ ਦੇ ਕਲਾਵੇ ਵਿੱਚ ਸੰਸਾਰ ਦੇ ਛੇ ਧਰਮ-ਹਿੰਦੂ, ਬੁੱਧ, ਜੈਨ, ਈਸਾਈ, ਇਸਲਾਮ ਅਤੇ ਸਿੱਖ-ਸ਼ਾਮਲ ਹਨ। ਇਸ ਮਹਾਨ ਉਪਰਾਲੇ ਦਾ ਆਧਾਰ ਬਣੇ ਸਨ ਜਗਤ ਗੁਰੂ ਨਾਨਕ ਸਾਹਿਬ ਜੀ ਦੇ ੫੦੦ਸਾਲਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ੩੦੦ਸਾਲਾ ਪ੍ਰਕਾਸ਼ ਉਤਸ਼ਵਾਂ ਦੇ ਰਾਜ-ਪੱਧਰੀ ਸ਼ਤਾਬਦੀ ਸਮਾਰੋਹ। ਕਿਉਂਕਿ, ਇਸ ਲੜੀ ਵਿੱਚ ਵਾਈਸ ਚਾਂਸਲਰ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਨਾਰੰਗ ਦੀ ਅਗਵਾਈ ਹੇਠ ਹੋਏ ਵੱਖ ਵੱਖ ਵਿਸ਼ਿਆਂ `ਤੇ ਸੈਮੀਨਾਰ ਹੋਏ, ਜਿਨ੍ਹਾਂ ਨੇ ਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੂੰ ਉਤਸ਼ਾਹਤ ਕਰਦਿਆਂ ਉਪਰੋਕਤ ਪੱਖੋਂ ਜਾਗਰੂਕ ਕਰ ਦਿੱਤਾ।

ਗੁਰਸ਼ਬਦ ਰਤਨਾਕਰ ਮਹਾਨ ਕੋਸ਼:- ‘ਮਹਾਨ ਕੋਸ਼` ਗੁਰਮਤਿ ਦੇ ਪ੍ਰਮਾਣੀਕ ਗੁਰਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਇੱਕ ਮਹਾਨ ਸਾਹਤਿਕ ਦੇਣ ਹੈ। ‘ਗੁਰਸ਼ਬਦ ਰਤਨਾਕਰ` ਦਾ ਭਾਵਾਰਥ ਹੈ- ਗੁਰਸ਼ਬਦ ਰੂਪ ਰਤਨਾਂ ਦੀ ਜਾਣਕਾਰੀ ਭਰਪੂਰ ਸਮੁੰਦਰ। ਇਹ ਇੱਕ ਪਰਤੱਖ ਸੱਚ ਹੈ। ਦਰਸ਼ਨ ਸ਼ਾਸ਼ਤ੍ਰੀ ਦ੍ਰਿਸ਼ਟੀ ਵਿੱਚ ਇਹ ਕੋਸ਼ ਅਕਾਦਮਿਕ ਖੇਤਰ ਦਾ ਮਹਾਨ ਰੌਸ਼ਨ-ਮੁਨਾਰਾ ਹੈ। ਕਿਉਂਕਿ, ਇਹ ਵਿਦਵਾਨਾਂ ਲਈ ਪ੍ਰੇਰਨਾਸ੍ਰੋਤ ਬਣਿਆ ਕਿ ਅਜਿਹੇ ਹੋਰ ਕੰਮ ਵੀ ਸਾਹਮਣੇ ਆਉਣੇ ਚਾਹੀਦੇ ਹਨ।

ਪ੍ਰੋਫ਼ੈਸਰ ਤੇਜਾ ਸਿੰਘ ਜੀ ਅਨੁਸਾਰ “ਮਹਾਨ ਕੋਸ਼ ਸਿੱਖ ਸਾਹਿਤ ਦਾ ਕੋਸ਼ (ਡਿਕਸ਼ਨਰੀ) ਵੀ ਹੈ ਅਤੇ ਵਿਸ਼ਵਕੋਸ਼ ਵੀ, ਜਿਹੜਾ ਕਿ ਭਾਈ ਸਾਹਿਬ ਦੀ ਪੰਦਰਾਂ ਸਾਲਾਂ (ਸੰਨ ੧੯੧੨ ਤੋਂ ੧੯੨੬) ਦੀ ਅਣਥੱਕ ਘਾਲਣਾ ਦਾ ਸਿੱਟਾ ਹੈ। ਇਸ ਵਿੱਚ ਸਿੱਖ ਸਾਹਿਤ ਨਾਲ ਸੰਬੰਧਿਤ ਸ਼ਬਦਾਂ ਦੇ ਸਦੰਰਭ ਵੇਦਾਂ, ਸ਼ਾਸ਼ਤਰਾਂ, ਬਾਈਬਲ, ਕੁਰਾਨ ਸ਼ਰੀਫ਼ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਵੀ ਲੱਭੇ ਗਏ ਹਨ। ਸੰਗੀਤ ਅਤੇ ਛੰਦ ਸ਼ਾਸ਼ਤਰ ਦੀਆਂ ਜੁਗਤਾਂ ਦੇ ਵੇਰਵੇ ਵੀ ਸ਼ਪਸ਼ਟ ਕੀਤੇ ਗਏ ਹਨ। ਇਸ ਵਿੱਚ ਉਘੇ ਸਥਾਨਾਂ ਦੇ ਨਕਸ਼ੇ ਆਦਿ ਵੀ ਦਿੱਤੇ ਗਏ ਹਨ”। ਇਸ ਸ਼ਬਦ-ਕੋਸ਼ ਭੰਡਾਰ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਨਾਂਵਾਂ ਤੇ ਥਾਂਵਾਂ ਆਦਿਕ ਦੀ ਸਾਰੀ ਜਾਣਕਾਰੀ ਭਾਵੇਂ ਇੱਕ ਥਾਂ ਉਪਲਭਦ ਨਹੀਂ ਨਹੀਂ ਹੁੰਦੀ। ਪਰ, ਜੇ ਖੋਜ ਬਿਰਤੀ ਨਾਲ ਵਿਸ਼ੇ ਦੀ ਸੇਧ ਵਿੱਚ ਲਫ਼ਜ਼ਾਂ ਦੀ ਪੈੜ ਦੱਬੀ ਜਾਏ ਤਾਂ ਅਜਿਹੇ ਅਮੋਲਕ ਰਤਨ ਲੱਭਦੇ ਹਨ ਕਿ ਖੋਜੀ ਵਿਸਮਾਦਿਤ ਹੋ ਜਾਂਦਾ ਹੈ। ਮੱਲੋ-ਮੱਲੀ ਹੀ ਸਿਰ ਝੁਕ ਜਾਂਦਾ ਹੈ ਲੇਖਕ ਦੀ ਸਿਰੜੀ ਸ਼ਖ਼ਸੀਅਤ ਅੱਗੇ।

ਅਜਿਹੇ ਮਹਾਨ ਕੋਸ਼ ਵਿੱਚ ਭਗਤ ‘ਬਾਲਮੀਕ` ਅਤੇ ਰਿਸ਼ੀ ‘ਵਾਲਮੀਕ` ਬਾਰੇ ਲਫ਼ਜ਼ਾਂ (ਸ਼ਬਦਾਂ) ਦੀ ਤਰਤੀਬ ਮੁਤਾਬਿਕ ਹੇਠ ਲਿਖੀ ਸਟੀਕ ਜਾਣਕਾਰੀ ਮਿਲਦੀ ਹੈ:

ਬਾਲਮੀਕੁ/ਬਾਲਮੀਕਿ/ਵਾਲਮੀਕ:- ਵਾਲਮੀਕਿ ਸੰਗ੍ਯਾ- ਵਾਲਮੀਕ (ਵਰਮੀ) ਤੋਂ ਪੈਦਾ ਹੋਇਆ ਇੱਕ ਰਿਖੀ, ਜੋ ਰਮਾਇਣ ਦਾ ਕਵਿ ਹੈ, ਇਸ ਨੂੰ ਆਦਿਕਵਿ ਆਖਦੇ ਹਨ. ਇਹ ਬੁੰਦੇਲ ਖੰਡ ਦੇ ਚਿਤ੍ਰਕੂਟ ਪਹਾੜ ਪਰ ਨਿਵਾਸ ਕਰਦਾ ਸੀ. ਜਦ ਰਾਮ ਨੇ ਗਰਭਵਤੀ ਸੀਤਾ ਕਢ ਦਿੱਤੀ, ਤਦ ਉਹ ਇਸੇ ਦੇ ਆਸ਼ਰਮ ਵਿੱਚ ਰਹੀ. ਸੀਤਾ ਦੇ ਜੌੜੇ ਪੁੱਤ੍ਰ ਲਵ ਤੇ ਕੁਸ਼ ਰਿਸ਼ੀ ਦੇ ਆਸ਼ਰਮ ਵਿੱਚ ਹੀ ਜਨਮੇ. ਬਾਲਮੀਕਿ ਨੇ ਦੋਹਾਂ ਬਾਲਕਾਂ ਨੂੰ ਸ਼ਸਤ੍ਰਵਿਦਿ੍ਯਾ ਤੇ ਸੰਗੀਤਵਿਦਿ੍ਯਾ ਸਿਖਾਈ.

“ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ”।। (ਰਮਾਵ)

੨. ਇੱਕ ਚੰਡਾਲ, ਜੋ ਭਗਤਿ ਦੇ ਪ੍ਰਭਾਵ ਰਿਖੀਆਂ ਵਿੱਚ ਗਿਣਿਆ ਗਿਆ. ਇਸ ਨੂੰ ਚੂੜ੍ਹੇ ਆਪਣਾ ਗੁਰੂ ਮੰਨਦੇ ਹਨ ਅਤੇ ਆਖਦੇ ਹਨ ਕਿ ਲਾਲਬੇਗ ਇਸੇ ਰਿਖੀ ਦਾ ਅਵਤਾਰ ਸੀ.”ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ”। (ਭਾਗੁ) “ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ”।। (ਮਾਰੂ, ਮਃ ੫)

ਬਲਮੀਕ:-ਸੰ. ਵਲਮੀਕ ਸੰਗ੍ਯਾ- ਵਰਮੀ. ਸਿਉਂਕ (ਦੀਮਕ) ਦੀ ਬਣਾਈ ਹੋਈ ਮਿੱਟੀ ਦੀ ਉੱਚੀ ਢੇਰੀ।

ਪ੍ਰਚੇਤਾ:- ਸੰ. ਪ੍ਰਚੇਤਸੑ. ਵਿ-ਅੱਛੇ ਦਿਲ ਵਾਲਾ. ਨੇਕ ਦਿਲ। ੨. ਸੰਗ੍ਯਾ- ਇੱਕ ਪੁਰਾਣਾ ਰਿਖੀ, ਜਿਸ ਦੀ ਪ੍ਰਜਾਪਤੀਆਂ ਵਿੱਚ ਗਿਣਤੀ ਹੈ।

ਬਟਵਾਰਾ/ਬਟਵਾੜਾ/ਵਟਵਾੜਾ:- ਸੰਗ੍ਯਾ- ਵੰਡ. ਹਿੱਸਾ. ਭਾਗ। ੨. ਵਾਟਪਾਰ, ਰਸਤੇ ਵਿੱਚ ਲੁਟਣ ਵਾਲਾ. ਡਾਕੂ.”ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ”।। (ਮਾਰੂ ਮਃ ੪) ੩. ਵੰਡਾਈ ਕਰਾਉਣ ਵਾਲਾ, ਵੰਡਾਵਾ। ੪. ਬਟ ਵਾਰ ਖੇਤ ਦੀ ਵੰਡ.

ਬਟਵਾਰ:- ਸੰਗ੍ਯਾ- ਵਾਟ (ਰਾਹ) ਦਾ ਰਖਵਾਲਾ, ਚੌਕੀਦਾਰ। ੨. ਸ਼ੜਕ ਦਾ ਮਹਿਸੂਲ ਉਗਰਾਹੁਣ ਵਾਲਾ। ੩. ਵੰਡਾ. ਭਾਗ. ਛਾਂਦਾ। ੪. ੜਾਟਪਾਟ. ਡਾਕੂ. ਧਾੜਵੀ.

ਸੁਆਨਸਤ੍ਰ/ਸ਼ੁਆਨਸਤ੍ਰ:- ਸੰਗ੍ਯਾ- ਕੁੱਤੇ ਦਾ ਵੈਰੀ ਚੰਡਾਲ. ਜੋ ਕੁੱਤੇ ਨੂੰ ਮਾਰਦਾ ਹੈ ਤੇ ਖਾ ਜਾਂਦਾ ਹੈ. ਸ੍ਵਪਚ। “ਸੁਆਨਸਤ੍ਰ ਅਜਾਤ ਸਭ ਤੇ” (ਕੇਦਾ ਰਵਿਦਾਸ) ਸਭ ਤੋਂ ਨੀਚ ਜਾਤਿ.

ਗੁਰਮਤਿ ਨਿਰਣੈ ਭੰਡਾਰ: ‘ਗੁਰਮਤਿ ਨਿਰਣੈ ਭੰਡਾਰ` ਨਾਂ ਦੀ ਵਡ-ਅਕਾਰੀ ਪੁਸਤਕ ਗੁਰਮਤਿ ਦੀ ਨਿਰਣੈ-ਜਨਕ ਸਿਧਾਂਤਕ ਸੂਝ ਰੱਖਣ ਵਾਲੇ ਪ੍ਰਸਿੱਧ ਗੁਰਮੁਖ ਵਿਦਵਾਨ ਗਿਆਨੀ ਲਾਲ ਸਿੰਘ ਸੰਗਰੂਰ ਵਾਲਿਆਂ ਦੀ ਇੱਕ ਅਤਿ ਦੁਰਲਭ ਕ੍ਰਿਤ ਹੈ। ੨੦ਵੀਂ ਸਦੀ ਦੇ ਸ੍ਰੀ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਤੇ ਉਪਲਭਧ ਕੋਸ਼ਾਂ ਦੀ ਲੜੀ ਵਿੱਚ ‘ਗੁਰਮਤਿ ਨਿਰਣੈ ਭੰਡਾਰ` ਦਾ ਇੱਕ ਪ੍ਰਮੁੱਖ ਸਥਾਨ ਹੈ। ਕਿਉਂਕਿ, ਗੁਰਬਾਣੀ ਦੇ ਕੋਸ਼ਕਾਰੀ ਖੇਤਰ ਵਿੱਚ ਇਹ ਸਾਰੇ ਵਿਦਵਾਨਾਂ ਲਈ ਸੇਧ-ਜਨਕ ਸਿੱਧ ਹੋਇਆ ਹੈ। ਗਿਆਨੀ ਜੀ ਨੇ ਪੁਸਤਕ ਦੇ ਪੰਨਾ ੩੭੩ `ਤੇ ‘ਬਾਲਮੀਕੁ ਸੁਪਚਾਰੋ ਤਰਿਓ, ਬਧਿਕ ਤਰੇ ਬਿਚਾਰੇ।। {ਗੁ. ਗ੍ਰੰ. -੯੯੯} ਦੀ ਵਿਆਖਿਆ ਕਰਦਿਆਂ ‘ਬਾਲਮੀਕ` ਨਾਂ ਦਾ ਨਿਰਣਾ ਇਉਂ ਕੀਤਾ ਹੈ:-

ਬਾਲਮੀਕ: ਇਹ ਇੱਕ ਪਰਸਿੱਧ ਰਿਖੀ ਹੋਇਆ ਹੈ ਅਰ ਇਸ ਦੇ ਨਾਮ ਪਰ ਬਾਲਮੀਕੀ ਰਾਮਾਇਣ ਭੀ ਬਣੀ ਹੋਈ ਹੈ, ਪਰ ਬਾਲਮੀਕ ਦੋ ਹੋਏ ਹਨ। ਇਹ ਬਾਲਮੀਕ ਪਹਿਲੇ ਚੰਡਾਲ ਅਰ ਕੁਤਿਆਂ ਦਾ ਵੈਰੀ ਕਿਹਾ ਜਾਂਦਾ ਹੈ ਅ੍ਰਥਾਤ ਇਹ ਚੂਹੜਿਆਂ ਵਿੱਚੋਂ ਸੀ ਪਰ ਅੰਤ ਇਹ ਪ੍ਰਸਿਧ ਰਿਖੀ ਹੋਇਆ। ਦਸਿਆ ਹੈ ਕਿ ਜਦ ਪਾਂਡਵਾਂ ਨੇ ਯਗ ਕੀਤਾ ਤਾਂ ਯਗ ਦੇ ਨਿਰਵਿਘਨ ਸਮਾਪਤ ਹੋਣ ਦੀ ਆਪੇ ਵਜਣੇ ਵਾਲੀ ਘੰਟੀ ਨਾ ਵਜੀ, ਜਿਸ ਪਰ ਯੁਧਿਸ਼ਟਰ ਨੇ ਕ੍ਰਿਸਨ ਜੀ ਨੂੰ ਇਸ ਦਾ ਸਬਬ ਪੁਛਿਆ।। ਕ੍ਰਿਸ਼ਨ ਨੇ ਕਿਹਾ ਕੋਈ ਈਸ਼ਵਰ ਦਾ ਭਗਤ ਭੁਖਾ ਯਾਂ ਬੇਇਜ਼ਤ ਹੋਕੇ ਚਲਾ ਗਿਆ ਹੋਵੇਗਾ।।

ਪੜਤਾਲ ਤੋਂ ਪਤਾ ਲੱਗਾ ਕਿ ਬਾਲਮੀਕ ਨੂੰ ਚੰਡਾਲ ਸਮਝ ਕੇ ਯੋਗਤਾ ਨਾਲ ਪ੍ਰਸ਼ਾਦਾ ਨਹੀਂ ਛਕਾਇਆ ਗਿਆ ਜਿਸ ਪਰ ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਇਸ ਅਵਗਿ੍ਯਾ ਦੀ ਖ਼ਿਮਾਂ ਮੰਗਣ ਲਈ ਬਾਲਮੀਕ ਪਾਸ ਭੇਜਿਆ।। ਦ੍ਰੋਪਦੀ ਨੇ ਪ੍ਰਾਰਥਨਾ ਦੁਆਰਾ ਰਿਖੀ ਜੀ ਨੂੰ ਯਗ ਵਿੱਚ ਪ੍ਰਸ਼ਾਦ ਛਕਣ ਲਈ ਮਨਾ ਲਿਆ ਔਰ ਬਾਲਮੀਕ ਨੂੰ ਬ੍ਰਾਹਮਨਾਂ ਵਿਚਕਾਰ ਬੜੇ ਸਤਿਕਾਰ ਨਾਲ ਬਿਠਾਇਆ ਗਿਆ ਅਰ ਕ੍ਰਿਸ਼ਨ ਜੀ ਨੇ ਇਨ੍ਹਾਂ ਦੇ ਚਰਨ ਧੋਤੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾ ਕਰਨ ਨਾਲ ਯਗ ਦੀ ਘੰਟੀ ਵਜੀ ਤੇ ਯਗ ਸੰਪੂਰਨ ਮੰਨਿਆ ਗਿਆ। ਇਸ ਦਾ ਅਵਤਾਰ ਲਾਲ ਬੇਗ ਮੰਨਿਆਂ ਹੈ।

ਦੂਸਰਾ ਬਾਲਮੀਕ ਰਾਮਾਇਣ ਦਾ ਕਰਤਾ ਮੰਨਿਆ ਜਾਂਦਾ ਹੈ, ਜੋ ਕਿ ਬ੍ਰਾਹਮਨ ਜ਼ਾਤਿ ਵਿੱਚੋਂ ਸੀ। ਇਹ ਉਹ ਬਾਲਮੀਕ ਹੈ, ਜਿਸ ਪਾਸ ਸੀਤਾ ਜੀ ਸ੍ਰੀ ਰਾਮ ਚੰਦਰ ਜੀ ਦੇ ਤਿਆਗ ਸਮੇਂ ਰਹੇ ਸਨ। ਇਨ੍ਹਾਂ ਪਾਸ ਹੀ ਲਊ ਤੇ ਕੁਸ਼ੂ ਪੈਦਾ ਹੋਏ।

ਰਾਮਾਇਣ ਕਰਤਾ ਬਾਲਮੀਕ ਵਰਮੀ ਤੋਂ ਪੈਦਾ ਹੋਇਆ ਦਸਿਆ ਹੈ। ਇਸ ਦਾ ਨਿਵਾਸ ਸਥਾਨ ਬੁੰਦੇਲ ਖੰਡ ਚਿਤਰਕੂਟ ਪਹਾੜ ਪਰ ਸੀ। ਇਥੇ ਹੀ ਸ੍ਰੀ ਰਾਮ ਚੰਦਰ ਜੀ ਵੱਲੋਂ ਨਿਕਾਲੀ ਹੋਈ ਸੀਤਾ ਗਰਭਵਤੀ ਹਾਲ ਵਿੱਚ ਰਹੀ ਸੀ। ਬਾਲਮੀਕ ਨੇ ਸੀਤਾ ਦੇ ਦੋਹਾਂ ਪੁੱਤਰਾਂ ਨੂੰ ਸ਼ਸ਼ਤਰ ਤੇ ਸੰਗੀਤ ਵਿਦਿਆ ਪੜ੍ਹਾਈ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼: ਗੁਰਬਾਣੀ ਦੇ ਕੋਸ਼ਕਾਰੀ ਖੇਤਰ ਵਿੱਚ ਆਪਣੀ ਨਿਵੇਕਲੀ ਥਾਂ ਰੱਖਦਾ ਹੈ। ਇਹ ਆਪਣੇ ਛੋਟੇ ਅਕਾਰ ਵਿੱਚ ਪਹਿਲੀ ਵਾਰ ਸੰਨ ੧੮੯੯ ਵਿੱਚ ਛਪਿਆ ਸੀ। ਇਸ ਨੂੰ ਪਦਮ-ਭੂਸ਼ਨ ਭਾਈ ਵੀਰ ਸਿੰਘ ਜੀ ਦੇ ਸਤਿਕਾਰਯੋਗ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਨੇ ਭਾਈ ਸਾਹਿਬ ਦੇ ਵਿਦਵਾਨ ਪਿਤਾ ਡਾ. ਚਰਨ ਸਿੰਘ ਜੀ ਦੇ ਸਹਿਯੋਗ ਦੁਆਰਾ ਲਿਖਿਆ ਸੀ। ਦੂਜੀ ਐਡੀਸ਼ਨ ਛਪਣ ਉਪਰੰਤ ਭਾਈ ਵੀਰ ਸਿੰਘ ਜੀ ਨੇ ੭ ਸਾਲ ਦੀ ਮਿਹਨਤ ਨਾਲ ਵਿਸ਼ੇਸ਼ ਵਾਧੇ ਕਰਕੇ ਸੰਨ ੧੯੨੭ ਵਿੱਚ ਮੁੜ ਸੰਪਾਦਿਤ ਕੀਤਾ ਅਤੇ ਖ਼ਾਲਸਾ ਟ੍ਰੈਕਟ ਸੁਸਾਇਟੀ ਨੇ ਨਿਰੰਤਰ ਇਸ ਦੇ ਪੰਜ ਸੰਸਕਰਣ ਪ੍ਰਕਾਸ਼ਿਤ ਕੀਤੇ। ਛੇਵੀਂ ਵਾਰ ਅਕਤੂਬਰ ੧੯੯੫ ਵਿੱਚ ਨਵੇਂ ਸਿਰਿਓਂ ਸੁਧਾਈ ਸਹਿਤ ਛਾਪਿਆ ਹੈ ਸਿੰਘ ਬ੍ਰਦਰਜ਼ ਨੇ, ਭਾਵੇਂ ਕਿ ਉਨਾਂ ਮੁਤਾਬਿਕ “ਕੋਸ਼ ਦੀ ਤਰਤੀਬ ਆਧੁਨਿਕ ਕੋਸ਼ਕਾਰੀ ਦੇ ਸਥਾਪਤ ਨੇਮਾਂ ਨਾਲੋਂ ਵਿਭਿੰਨ ਹੈ, ਕੋਸ਼ ਦੀ ਅੰਤਿਕਾ ਨਾਲ ਵੀ ਪ੍ਰਕਾਸ਼ਕਾਂ ਦੀ ਵਿਚਾਰਧਾਰਕ ਵਿਖੇਪਤਾ ਹੈ”।

ਗੁਰਬਾਣੀ ਦੀ ਸ਼ਬਦਾਵਲੀ ਅਤੇ ਸਿਧਾਂਤਕ ਸੇਧ `ਤੇ ਆਧਾਰਿਤ ਹੋਣਾ ਹੀ ਇਸ ਕੋਸ਼ ਦਾ ਨਿਵੇਕਲਾਪਨ ਹੈ। ਇਹੀ ਕਾਰਣ ਹੈ ਕਿ ਕੋਸ਼ ਵਿੱਚ ‘ਬਾਲਮੀਕ` ਨਾਂ ਦਾ ਕੋਈ ਇੰਦਿਰਾਜ ਨਹੀਂ ਮਿਲਦਾ। ‘ਸੁਆਨਸਤ੍ਰ` ‘ਸੁਪਚਾਰੋ` ਤੇ ‘ਬਟਵਾਰੋ` ਨਾਵਾਂ ਦੇ ਇੰਦਿਰਾਜਾਂ ਵਿੱਚ ਗੁਰਬਾਣੀ ਦੇ ਤੁਕਾਂਸ਼ ਤੇ ਤੁਕਾਂਤਾਂ ਸਮੇਤ ਕੇਵਲ ਉਸ ਬਾਲਮੀਕ ਦਾ ਨਾਂਮਾਤਰ ਜ਼ਿਕਰ ਹੈ, ਜਿਸ ਨੂੰ ਬਿਪਰ ਸ਼੍ਰੇਣੀ ਵੱਲੋਂ ਉਪਰੋਕਤ ਕਿਸਮ ਦੇ ਘ੍ਰਿਣਤ ਉਪਨਾਵਾਂ ਨਾਲ ਬੁਲਾਇਆ ਜਾਂਦਾ ਰਿਹਾ। ਜਿਵੇਂ:

ਸੁਆਨਸਤ੍ਰ {ਖ: ਤ: ਸ: /ਸੰਕ੍ਰਿਤ, ਸ਼੍ਵਾਨ, ਕੁੱਤਾ/ਸ਼ਤ੍ਰ ਵੈਰੀ} ਕੁੱਤਿਆਂ ਦਾ ਵੇਰੀ ਭਾਵ ਚੰਡਾਲ। ਉਹ ਚੂੜ੍ਹੇ ਜੋ ਕੁੱਤੇ ਮਾਰ ਕੇ ਖੱਲਾਂ ਵੇਚਦੇ ਹਨ। ਯਥਾ- ‘ਸੁਆਨ ਸਤ੍ਰ ਅਜਾਤ ਸਭ ਤੇ` (੧੧੨੪)

ਸੁਪਚਾਰੋ {ਗੁ: /ਸੰਸਕ੍ਰਿਤ, ਦੇਖੋ ‘ਸੁਪਚ`} ਚੰਡਾਲ ਜਾਤੀ ਵਾਲਾ। ਯਥਾ- ‘ਬਾਲਮੀਕੁ ਸੁਪਚਾਰੋ ਤਰਿਓ` (੯੯੯)

ਬਟਵਾਰੇ/ਬਟਵਾਰੋ {ਗੁ: । ਸੰਸਕ੍ਰਿਤ, ਵਾਟ = ਰਸਤਾ = ਪਾੜਾ = ਤੋੜਨ ਵਾਲਾ, ਹਿੰਦੀ} ਧਾੜਵੀ, ਰਾਹ (ਵਿਚ ਮੁਸਾਫ਼ਰ ਨੂੰ) ਖੋਹ ਲੈਣ ਵਾਲਾ। ਯਥਾ- ‘ਬਾਲਮੀਕੁ ਬਟਵਾਰਾ` (੯੯੫) ਤਥਾ- ‘ਆਠ ਲਹਿਰ ਸੰਗੀ ਬਟਵਾਰੇ (੧੯੬) (ਕਾਮਾਦਿ) ਰਾਹ ਮਾਰਨ-ਹਾਰੇ ਅੱਠੇ ਪਹਿਰ ਸੰਗੀ ਹਨ।

ਕਿਉਂਕਿ, ਭਾਈ ਸਾਹਿਬ ਬਾਖ਼ੂਬੀ ਸਮਝਦੇ ਸਨ ਕਿ ਗੁਰਬਾਣੀ ਵਿੱਚ ਵਾਲਮੀਕ ਵਰਗੇ ਅਵਤਾਰਵਾਦੀ ਤੇ ਜਾਤ ਅਭਿਮਾਨੀ ਰਿਸ਼ੀਆਂ ਲਈ ਕੋਈ ਥਾਂ ਨਹੀਂ ਹੋ ਸਕਦੀ। ਇਥੇ ਤਾਂ ਅਜਿਹੇ ਲੋਕਾਂ ਨੂੰ ‘ਮੂਰਖ` ‘ਗਾਵਾਰ` ਤੇ ‘ਕਚਰਾਇਣ` ਕਹਿ ਕੇ ਜਾਤੀ ਦੇ ਗਰਬ ਅਤੇ ਅਵਤਾਰਵਾਦ ਦੇ ਭਰਮਜਾਲ ਵਿੱਚ ਨਿਕਲਣ ਦੀ ਪ੍ਰੇਰਨਾ ਕੀਤੀ ਗਈ ਹੈ। ਜਿਵੇਂ ਗੁਰਵਾਕ ਹਨ:

ਜਾਤਿ ਕਾ ਗਰਬੁ ਨ ਕਰਿ, ਮੂਰਖ! ਗਵਾਰਾ! ।।

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। {ਗੁਰੂ ਗ੍ਰੰਥ-੧੧੨੮}

ਭਰਮਿ ਭੂਲੇ ਨਰ, ਕਰਤ ਕਚਰਾਇਣ।।

ਜਨਮ ਮਰਣ ਤੇ ਰਹਤ ਨਾਰਾਇਣ।। {ਗੁਰੂ ਗ੍ਰੰਥ-੧੧੩੬}

ਗੁਰੂ ਗ੍ਰੰਥ ਸੰਕੇਤ ਕੋਸ਼:- ਇਹ ਕੋਸ਼ ਭਾਰਤੀ ਧਾਰਮਿਕ ਪਰੰਪਰਾ ਚੰਗੀ ਸੋਝੀ ਰਖਣ ਵਾਲੇ ਅਤੇ ਸਿੱਖ ਸਾਹਿਤ ਦੇ ਪ੍ਰਸਿੱਧ ਖੋਜੀ ਵਿਦਵਾਨ ਪ੍ਰੋ. ਪਿਆਰਾ ਸਿੰਘ ‘ਪਦਮ` ਦੀ ਕੀਮਤੀ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਤਾਰਨ ਸਿੰਘ ਅਨੁਸਾਰ ਉਨ੍ਹਾਂ ਦੇ ਸਹਾਇਕ ਖੋਜਕਾਰ ਸਨ ਬੀਬੀ ਬਲਬੀਰ ਕੌਰ, ਬੀਬੀ ਗੁਰਨਾਮ ਕੌਰ ਅਤੇ ਸ੍ਰ. ਹਿੰਮਤ ਸਿੰਘ। ਇਸ ਨੂੰ ਪ੍ਰਕਾਸ਼ਤ ਕੀਤਾ ਹੈ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ। ਇਸ ਵਿੱਚ ਗੁਰਬਾਣੀ ਅੰਦਰ ਵਰਤੇ ‘ਬਾਲਮੀਕੁ` ਨਾਂ ਦੇ ਸੰਕੇਤਕ ਹਵਾਲੇ ਦੀ ਸੰਸਾ ਰਹਿਤ ਤੇ ਨਿਰਣੈ-ਜਨਕ ਜਾਣਕਾਰੀ ਦਿੱਤੀ ਗਈ ਹੈ। ਭਾਵੇਂ ਕਿ ਸਾਹਿਤਕ ਦ੍ਰਿਸ਼ਟੀ ਤੋਂ ਗੁਰਬਾਣੀ ਵਿਚਲੇ ਪੰਜਾਬੀ ਨਾਂਵ ‘ਬਾਲਮੀਕੁ` ਦੇ ਸੰਸਕ੍ਰਿਤ ਪਿਛੋਕੜ ਨੂੰ ਧਿਆਨ ਵਿੱਚ ਰਖਦਿਆਂ ਔਂਕੜ ਦੀ ਥਾਂ ਸਿਹਾਰੀ ਵਰਤ ਕੇ ‘ਬਾਲਮੀਕਿ` ਲਿਖਿਆ ਗਿਆ ਹੈ। ਵਿਆਕ੍ਰਣਿਕ ਦ੍ਰਿਸ਼ਟੀ ਤੋਂ ਇਹ ਰੂਪ ਸਬੰਧਕੀ ਹੈ ਅਤੇ ਗੁਰਬਾਣੀ ਵਿੱਚ ਇਸ ਦੇ ਰੂਪ ਹਨ- ‘ਬਾਲਮੀਕਹਿ` ਤੇ ‘ਬਾਲਮੀਕੈ`। ਕੋਸ਼ ਦੀ ਫੈਸਲਾਕੁੰਨ ਲਿਖਤ ਹੂਬਹੂ ਇਸ ਪ੍ਰਕਾਰ ਹੈ:

ਬਾਲਮੀਕਿ: ਬਾਲਮੀਕ ਨਾਂ ਦੇ ਦੋ ਪਰਸਿੱਧ ਰਿਸ਼ੀ ਹੋਏ ਹਨ। ਇੱਕ ‘ਰਾਮਇਣ` ਦਾ ਕਰਤਾ ਜੋ ਬ੍ਰਾਹਮਣ ਸੀ। ਦੂਜਾ ਬਾਲਮੀਕ ਚੰਡਾਲ ਜਾਤੀ ਦਾ ਸੀ। ਇਹ ਚੋਰੀ ਡਾਕੇ ਕਰਕੇ ਆਪਣੇ ਦਿਨ ਲੰਘਾਉਂਦਾ ਸੀ। ਸੰਤਾਂ ਪੁਛਿਆ ਤੂੰ ਇਹ ਸਭ ਕੁੱਝ ਕਿਸ ਲਈ ਕਰਦਾ ਹੈਂ, ਉਸ ਕਿਹਾ ਪ੍ਰਵਾਰ ਲਈ। ਸੰਤਾਂ ਦਾ ਅਗਲਾ ਬਚਨ ਸੀ ਕਿ ਇਹ ਪੁੱਤਰ ਧੀਆਂ ਤੇਰੇ ਕੰਮ ਨਹੀਂ ਆਉਣੇ ਤੇ ਇਹ ਪਾਪਾਂ ਦਾ ਫਲ ਤੈਨੂੰ ਹੀ ਭੁਗਤਣਾ ਪਵੇਗਾ। ਇਸ ਤੋਂ ਇਸ ਨੂੰ ਗਿਆਨ ਹੋ ਗਿਆ ਤੇ ਭਗਤੀ ਕਰਨ ਲਗ ਗਿਆ।

ਜਦੋਂ ਪਾਂਡਵਾਂ ਯੱਗ ਕੀਤਾ ਤੇ ਯੱਗ ਸੰਪੂਰਨ ਹੋਣ `ਤੇ ਆਪੇ ਵੱਜਣ ਵਾਲੀ ਘੰਟੀ ਨਾ ਵੱਜੀ ਤਾਂ ਯੁਧਿਸ਼ਟਰ ਨੇ ਇਸ ਦਾ ਕਾਰਨ ਸ੍ਰੀ ਕ੍ਰਿਸ਼ਨ ਜੀ ਨੂੰ ਪੁੱਛਿਆ: ਉਨ੍ਹਾਂ ਦੱਸਿਆ, ਅਵੱਸ਼ ਹੀ ਕੋਈ ਨਿਰਾਦਰੀ ਵੱਲੀ ਗੱਲ ਹੋਈ ਹੈ। ਪਤਾ ਲਗਿਆ ਕਿ ਰਿਸ਼ੀ ਬਾਲਮੀਕ ਨੂੰ ਅਛੂਤ ਸਮਝ ਕੇ ਯੱਗ ਵਿੱਚ ਸ਼ਾਮਲ ਹੋਣੋ ਰੋਕ ਦਿੱਤਾ ਗਿਆ ਸੀ। ਇਸ ਤੇ ਉਨ੍ਹਾਂ ਨੂੰ ਬੁਲਾ ਕੇ ਦ੍ਰੋਪਤੀ ਨੇ ਮਾਫ਼ੀ ਮੰਗੀ ਤੇ ਕ੍ਰਿਸ਼ਨ ਜੀ ਨੇ ਚਰਣ ਧੋਤੇ। ਤਾਂ ਯੱਗ ਸੰਪੂਰਣ ਹੋਣ ਦੀ ਘੰਟੀ ਵੱਜੀ।

 

ਇਸ ਬਾਰੇ ਸੰਕੇਤ ਹੈ ਕਿ ਸਾਧਸੰਗਤ ਸਦਕੇ ਇੱਕ ਮਾਮੂਲੀ ਜਾਤੀ ਦਾ ਨੀਚ ਉਧਰ ਗਿਆ।

ਗੁਰੂ ਗ੍ਰੰਥ ਵਿਸ਼ਵਕੋਸ਼ – ਭਾਗ ਦੂਜਾ:- ‘ਗੁਰੂ ਗ੍ਰੰਥ ਵਿਸ਼ਵਕੋਸ਼` ਸਿੱਖ ਸਾਹਿਤ ਦੇ ਖੋਜੀ ਤੇ ਨਿਰਣੈਕਾਰ ਵਿਦਵਾਨ ਡਾ. ਰਤਨ ਸਿੰਘ ਜੱਗੀ ਦੀ ਬਹੁਮੁੱਲੀ ਦੇਣ ਹੈ। ਇਹ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਛਾਪਿਆ ਗਿਆ ਹੈ। ਇਸ ਵਿੱਚ ‘ਬਾਲਮੀਕ, ਭਗਤ` ਦੇ ਸਿਰਲੇਖ ਹੇਠ ਪੰਨਾ ੨੮੬ `ਤੇ ਨਿਰਣੈ-ਜਨਕ ਲਿਖਤ ਇਸ ਪ੍ਰਕਾਰ ਹੈ:

ਬਾਲਮੀਕ, ਭਗਤ: ਇਥੇ ਇੱਕ ਗੱਲ ਸਪਸ਼ਟ ਕਰ ਦੇਣੀ ਉਚਿਤ ਹੋਵੇਗੀ ਕਿ ਭਾਰਤੀ ਇਤਿਹਾਸ ਤੇ ਮਿਥਿਹਾਸ ਵਿੱਚ ਬਾਲਮੀਕ ਨਾਂ ਦੇ ਦੋ ਮਹਾਂਪੁਰਸ਼ ਪ੍ਰਸਿੱਧ ਹਨ। ਇੱਕ ਮਹਾਕਵੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਅਤੇ ਦੂਜਾ ਭਗਤ ਰੂਪ ਵਿੱਚ। ਕਈ ਵਿਦਵਾਨ ਇਨ੍ਹਾਂ ਦੋਹਾਂ ਨੂੰ ਰਲਗਡ ਕਰ ਦਿੰਦੇ ਹਨ।

ਮਹਾਕਵੀ ਬਾਲਮੀਕ ਦਾ ਜਨਮ ਮਹਾਰਿਸ਼ੀ ਕਸ਼ੑਯਪ ਅਤੇ ਅਦਿਤੀ ਦੇ ਨੌਵੇਂ ਪੁੱਤਰ ਵਰੁਣ (ਨਾਮਾਂਤਰ ‘ਪ੍ਰਚੇਤ`) ਦੇ ਘਰ ਮਾਤਾ ਚਰਸ਼ਣੀ ਦੇ ਕੁੱਖੋਂ ਹੋਇਆ। ਇਹ ਭ੍ਰਿਗੂ ਰਿਸ਼ੀ ਦਾ ਭਰਾ ਸੀ। ਪਿਤਾ ਦੇ ਪ੍ਰਚੇਤ ਨਾਂ ਕਾਰਣ ਇਸ ਨੂੰ ‘ਪ੍ਰਚੇਤਸ` ਵੀ ਕਿਹਾ ਜਾਂਦਾ ਹੈ। ਇਹ ਆਪਣੇ ਪਿਤਾ ਅਤੇ ਭਰਾ ਵਾਂਗ ਇੱਕ ਤਪਸਵੀ ਤੇ ਪ੍ਰਬੁੱਧ ਰਿਸ਼ੀ ਸੀ। ਤਪਸਿਆ ਵਿੱਚ ਇਸ ਦੀ ਇਤਨੀ ਅਧਿਕ ਰੁਚੀ ਸੀ ਕਿ ਇਹ ਸਮਾਧੀ ਵੇਲੇ ਆਪਣੀ ਸੁੱਧ-ਬੁੱਧ ਭੁਲ ਜਾਂਦਾ ਸੀ। ਇੱਕ ਵਾਰ ਇਹ ਸਮਾਧੀ ਵਿੱਚ ਅਜਿਹਾ ਬੈਠਾ ਕਿ ਇਸ ਦੇ ਇਰਦ-ਗਿਰਦ ਦੀਮਕ ਨੇ ਵਰਮੀ ਬਣਾ ਲਈ ਅਤੇ ਇਹ ਉਸ ਨਾਲ ਢਕਿਆ ਗਿਆ। ਬਾਦ ਵਿੱਚ ਉਸ ਵਰਮੀ ਨੂੰ ਤੋੜ ਕੇ ਇਸ ਨੂੰ ਵਿਚੋਂ ਕਢਿਆ ਗਿਆ। ‘ਵਰਮੀ` ਤੋਂ ਨਿਕਲਣ ਕਾਰਨ ਇਸ ਦਾ ਨਾਂ ਵਾਲਮੀਕ/ਬਾਲਮੀਕ ਪਰਸਿੱਧ ਹੋਇਆ।

ਇਸ ਦਾ ਆਸ਼ਰਮ ਤਮਸਾ ਨਦੀ ਦੇ ਕੰਢੇ ਉੱਤੇ ਬਣਿਆ ਸੀ। …… ਉਥੇ ਬ੍ਰਹਮਾ ਪ੍ਰਗਟ ਹੋਇਆ ਅਤੇ ਉਸ ਨੇ ਰਿਸ਼ੀ ਨੂੰ ਰਾਮ ਦੇ ਚਰਿਤ੍ਰ ਨੂੰ ਕਾਵਿ-ਬੱਧ ਕਰਨ ਲਈ ਕਿਹਾ। ਇਸ ਪ੍ਰੇਰਣਾ ਦੇ ਫਲਸਰੂਪ ਬਾਲਮੀਕ ਨੇ ‘ਰਾਮਾਇਣ` ਦੀ ਰਚਨਾ ਕੀਤੀ। ਕਾਲਾਂਤਰ ਵਿੱਚ ਜਦੋਂ ਸ੍ਰੀ ਰਾਮ ਨੇ ਲੋਕ-ਰਾਇ ਕਾਰਣ ਗਰਭਵਤੀ ਸੀਤਾ ਨੂੰ ਬਾਲਮੀਕ ਆਸ਼ਰਮ ਵਿੱਚ ਭਿਜਵਾ ਦਿੱਤਾ, ਤਾਂ ਉਥੇ ਉਸ ਨੇ ਲਵ ਤੇ ਕੁਸ਼ ਨਾਂ ਦੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ ਦਿੱਤਾ। ਰਿਸ਼ੀ ਨੇ ਉਨ੍ਹਾਂ ਨੂੰ ਰਾਮਾਇਣ ਦਾ ਪਾਠ ਕੰਠ ਕਰਵਾਇਆ ਅਤੇ ਉਨ੍ਹਾਂ ਨੇ ਰਾਮ ਦੀ ਰਾਜ-ਸਭਾ ਵਿੱਚ ਸਾਰੀ ‘ਰਾਮਾਇਣ` ਗਾ ਕੇ ਸੁਣਾਈ। ਉਹ ਰਾਮਾਇਣ ਸੰਸਕ੍ਰਿਤ ਸਾਹਿਤ ਦੀ ਆਦਿ-ਰਚਨਾ ਸੀ, ਇਸ ਲਈ ਬਾਲਮੀਕ ਵੀ ਆਦਿ-ਕਵੀ ਅਖਵਾਏ। ਬਾਲਮੀਕ ਨੇ ਕੁੱਝ ਹੋਰ ਰਚਨਾਵਾਂ ਵੀ ਕੀਤੀਆਂ। ਪਰ ਅਧਿਕ ਪ੍ਰਸਿੱਧ ‘ਰਾਮਾਇਣ` ਹੀ ਹੈ।

ਦਸਮ ਗ੍ਰੰਥ` ਵਿੱਚ ਇਸ ਨੂੰ ਬ੍ਰਹਮਾ ਦਾ ਉਪਾਵਤਾਰ ਮੰਨਿਆ ਗਿਆ ਹੈ। ਭਾਈ ਗੁਰਦਾਸ ਨੇ ਇਸ ਵਲ ਸੰਕੇਤ ਕਰਦਿਆਂ ਲਿਖਿਆ ਹੈ – ਪੜਿ ਵਿਦਿਆ ਘਰਿ ਆਇਆ ਗੁਰਮੁਖਿ ਬਾਲਮੀਕ ਮਨਿ ਭਾਣਾ। (੨੫/੯)

ਤ੍ਰੇਤੇ ਯੁਗ ਵਿੱਚ ਹੋਇਆ ਭਗਤ ਬਾਲਮੀਕ, ਮਹਾਕਵੀ ਬਾਲਮੀਕ ਤੋਂ ਭਿੰਨ ਪ੍ਰਤੀਤ ਹੁੰਦਾ ਹੈ। ਕਈ ਇਸ ਨੂੰ ਦੁਆਪਰ ਯੁਗ ਵਿੱਚ ਹੋਇਆ ਮੰਨਦੇ ਹਨ। ਰਵਾਇਤ ਅਨੁਸਾਰ ਪਹਿਲਾਂ ਇਹ ਰਤਨਾਕਰ ਨਾਂ ਦਾ ਡਾਕੂ ਸੀ ਅਤੇ ਜੰਗਲ ਵਿੱਚ ਰਾਹੀਆਂ ਨੂੰ ਮਾਰ ਕੇ ਉਨ੍ਹਾ ਤੋਂ ਲੁੱਟੇ ਧਨ ਨਾਲ ਆਪਣੇ ਪਰਿਵਾਰ ਦੇ ਰੋਟੀ ਕਪੜੇ ਦਾ ਕੰਮ ਚਲਾਉਂਦਾ ਸੀ। ਡਾ. ਰਾਜਬਲੀ ਪਾਂਡੇਯ ( ‘ਹਿੰਦੂ ਧਰਮ ਕੋਸ਼`) ਨੇ ਦਸਿਆ ਹੈ ਕਿ ਇੱਕ ਵਾਰ ਇਸ ਨੂੰ ਨਾਰਦ ਰਿਸ਼ੀ ਮਿਲਿਆ। ਬਾਲਮੀਕ ਨੇ ਉਸ ਨੂੰ ਵੀ ਮਾਰਨਾ ਚਾਹਿਆ। ਨਾਰਦ ਨੇ ਅਜਿਹਾ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਤੇਰੇ ਦੁਆਰਾ ਕੀਤੇ ਪਾਪਾਂ ਦਾ ਫਲ ਭੋਗਣ ਲਈ ਤੇਰੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਹਿੱਸੇਦਾਰ ਹੋਣਗੇ ਜਾਂ ਨਹੀਂ, ਜਿਨ੍ਹਾਂ ਲਈ ਇਹ ਸਭ ਕੁੱਝ ਤੂੰ ਕਰ ਰਿਹਾ ਹੈਂ?

ਬਾਲਮੀਕ ਨਾਰਦ ਦੇ ਪ੍ਰਸਨ ਦਾ ਤੁਰਤ ਉੱਤਰ ਨ ਦੇ ਸਕਿਆ। ਨਾਰਦ ਨੂੰ ਇੱਕ ਬ੍ਰਿਛ ਨਾਲ ਬੰਨ੍ਹ ਕੇ ਉਹ ਘਰ ਗਿਆ। ਘਰ ਵਾਲਿਆਂ ਨੂੰ ਪੁੱਛਣ `ਤੇ ਕੋਈ ਵੀ ਪਾਪਾਂ ਦਾ ਫਲ ਭੋਗਣ ਲਈ ਉਸ ਦਾ ਹਿੱਸੇਦਾਰ ਬਣਨ ਲਈ ਤਿਆਰ ਨਾ ਹੋਇਆ। ਉਨ੍ਹਾ ਦੇ ਅਜਿਹੇ ਉੱਤਰ ਨਾ ਬਾਲਮੀਕ ਨੂੰ ਵਾਸਤਵਿਕਤਾ ਦਾ ਗਿਆਨ ਹੋ ਗਿਆ ਅਤੇ ਜੰਗਲ ਵਲ ਪਰਤ ਆਇਆ। ਬਾਲਮੀਕ ਨੇ ਨਾਰਦ ਨੂੰ ਮੁਕਤ ਕਰਕੇ ਖਿਮਾ ਮੰਗੀ। ਫਿਰ ਅਮਨ-ਜਲ ਦਾ ਤਿਆਗ ਕਰਕੇ ਇਹ ਭਗਤੀ ਵਿੱਚ ਅਜਿਹਾ ਲੀਨ ਹੋਇਆ ਕਿ ਆਪਣੇ ਸ਼ਰੀਰ ਦੀ ਸੁੱਧ-ਬੁੱਧ ਭੁਲ ਗਿਆ। ਇਸ ਦੇ ਸਰੀਰ ਉਪਰ ਦੀਮਕ ਨੇ ਵਰਮੀ (ਬਰਮੀ) ਬਣਾ ਲਈ। ਉਸ ਵਰਮੀ ਤੋਂ ਪ੍ਰਗਟ ਹੋਣ ਕਾਰਣ ਇਸ ਦਾ ਨਾਂ ਵਾਲਮੀਕ/ਬਾਲਮੀਕ ਪ੍ਰਸਿੱਧ ਹੋਇਆ।

ਕਾਲਾਂਤਰ ਵਿੱਚ ਪਾਂਡਵਾਂ ਦੇ ਯੱਗ ਕਰਨ ਵੇਲੇ ਜਦੋਂ ਸਮਾਪਤੀ ਦੀ ਘੰਟੀ ਨ ਵੱਜੀ ਤਾਂ ਯੁਧਿਸ਼ਠਿਰ ਦੇ ਪੁਛਣ `ਤੇ ਕ੍ਰਿਸ਼ਣ ਨੇ ਦਸਿਆ ਕਿ ਕੋਈ ਅਨਾਦਰ ਵਾਲੀ ਗੱਲ ਹੋਈ ਹੈ। ਪਤਾ ਲਗਾ ਕਿ ਭਗਤ ਬਾਲਮੀਕ ਨੂੰ ਅਛੂਤ ਸਮਝ ਕੇ ਯੱਗ ਵਿੱਚ ਸ਼ਾਮਲ ਹੋਣ ਲਈ ਨਹੀਂ ਬੁਲਾਇਆ ਗਿਆ। ਵਾਸਤਵਿਕਤਾ ਦਾ ਪਤਾ ਲਗਣ `ਤੇ ਪਾਂਡਵਾਂ ਵੱਲੋਂ ਬਾਲਮੀਕ ਤੋਂ ਮਾਫ਼ੀ ਮੰਗੀ ਗਈ ਅਤੇ ਇਸ ਨੂੰ ਆਦਰ ਪੂਰਵਕ ਯੱਗ ਵਿੱਚ ਸ਼ਾਮਲ ਕੀਤਾ ਗਿਆ। ਫਲ-ਸਰੂਪ ਯੱਗ ਸੰਪੂਰਣ ਹੋਇਆ।

ਗੁਰੂ ਰਾਮਦਾਸ ਨੇ ਭਗਤੀ ਦੇ ਮਹੱਤਵ ਦੇ ਸੰਦਰਭ ਵਿੱਚ ਕਿਹਾ ਹੈ ਕਿ ਨੀਚ ਜਾਤਿ ਹੋਣ ਦੇ ਬਾਵਜੂਦ ਭਗਤੀ ਕਾਰਣ ਬਾਲਮੀਕ ਤਰ ਗਿਆ - ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ।। (ਗੁ. ਗ੍ਰੰ. ੯੯੫)

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫ਼ਰੀਦਕੋਟੀ ਟੀਕਾ) :- ਸਿੱਖ ਰਿਆਸਤ ਫ਼ਰੀਦਕੋਟ ਦੇ ਰਾਜਾ ਬਿਕ੍ਰਮ ਸਿੰਘ ਨੇ ਸਿੱਖ ਜਗਤ ਦੀ ਭਾਵਨਾ ਨੂੰ ਸਮਝ ਕੇ ਪ੍ਰਸਿੱਧ ਸੰਪ੍ਰਦਾਈ ਵਿਦਵਾਨ ਗਿਆਨੀ ਬਦਨ ਸਿੰਘ ਜੀ ਸੇਖਵਾਂ ਵਾਲਿਆਂ ਦੀ ਅਗਵਾਈ ਵਿੱਚ ਤਿਆਰ ਕਰਵਾਇਆ ਸੀ। ਉਨ੍ਹਾਂ ਨੇ ੧੮੭੭ ਈ. ਵਿੱਚ ਕੰਮ ਸ਼ੁਰੂ ਕਰਕੇ ੧੮੮੩ ਵਿੱਚ ਸਮਾਪਤ ਕਰ ਲਿਆ। ਇਸ ਟੀਕੇ ਦੀ ਸੁਧਾਈ ਨਿਮਨ ਦਰਜ ਵਿਦਵਾਨਾਂ ਦੀ ਸਭਾ ਨੇ ਕੀਤੀ, ਜਿਸ ਦੇ ਮੁਖੀ ਤੇ ਪ੍ਰਧਾਨ ਬਾਵਾ ਸੁਮੇਰ ਸਿੰਘ ਜੀ ਮਹੰਤ ਤਖ਼ਤ ਸ੍ਰੀ ਪਟਨਾ ਸਾਹਿਬ ਸਨ:

 1. ਮਹੰਤ ਬਾਵਾ ਸੁਮੇਰ ਸਿੰਘ ਜੀ (ਪ੍ਰਧਾਨ)।

 2. ਭਾਈ ਹਰਭਜਨ ਸਿੰਘ ਗਯਾਨੀ ਕਪੂਰਥਲਾ ਸਟੇਟ।

 3. ਭਾਈ ਝੰਡਾ ਸਿੰਘ ਗਯਾਨੀ, ਨਨਕਯਾਨਾ (ਸੰਗਰੂਰ)।

 4. ਭਾਈ ਰਾਏ ਸਿੰਘ ਜੀ ਗਯਾਨੀ, ਜੰਗੀ ਰਾਣਾ।

 5. ਭਾਈ ਧਿਆਨ ਸਿੰਘ ਜੀ ਗਯਾਨੀ, ਜੰਗੀ ਰਾਣਾ।

 6. ਪੰਡਿਤ ਹਮੀਰ ਸਿੰਘ ਜੀ ਸੰਸਕ੍ਰਿਤੀ

 7. ਪੰਡਿਤ ਬਾਲਕ ਰਾਮ ਜੀ ਉਦਾਸੀ ਸੰਸਕ੍ਰਿਤੀ

 8. ਬਾਵਾ ਬਖਤਾਵਰ ਸਿੰਘ ਜੀ ਗਯਾਨੀ।

ਟੀਕੇ ਦੀ ਛਪਾਈ ਉਪਰੰਤ ਇਸ ਸੰਪ੍ਰਦਾਈ ਸਟੀਕ ਨੂੰ ਫ਼ਰੀਦਕੋਟੀ ਟੀਕਾ ਕਿਹਾ ਜਾਣ ਲਗ ਪਿਆ। ਉਪਰੋਕਤ ਸਾਰੇ ਵਿਦਵਾਨ ਵੈਦਿਕ ਤੇ ਪੌਰਾਣਿਕ ਸਾਹਿਤ ਦੇ ਚੰਗੇ ਗਿਆਤਾ ਸਨ। ਕਿਉਂਕਿ, ਸੰਪਰਦਾਈ ਟਕਸਾਲਾਂ ਵਿੱਚ ਉਸ ਵੇਲੇ ਗੁਰਬਾਣੀ ਸੰਥਿਆ ਤੇ ਵਿਆਖਿਆ ਦਾ ਵੱਡਾ ਅਧਾਰ ਵੇਦਾਂਤਕ ਤੇ ਪੌਰਾਣਿਕ ਵਿਚਾਰਧਾਰਾ ਸੀ। ਵੇਦਾਂਤ, ਬਚਿਤ੍ਰਨਾਟਕ, ਹਨੂੰਮਾਨ ਨਾਟਕ, ਭਾਵ੍ਰਸਿਮ੍ਰਤੀ, ਮਹਾਂਭਾਰਤ ਤੇ ਰਾਮਇਣ ਆਦਿਕ ਪੌਰਾਣਿਕ ਗ੍ਰੰਥ ਨਿਰਮਲੇ ਤੇ ਉਦਾਸੀਆਂ ਦੇ ਡੇਰਿਆਂ ਵਿੱਚ ਆਮ ਪੜ੍ਹਾਏ ਜਾਂਦੇ ਸਨ। ਇਹੀ ਕਾਰਣ ਹੈ ਕਿ ਭਾਰਤੀ ਪੌਰਾਣਿਕ ਦਰਸ਼ਨ ਦੇ ਹਵਾਲਿਆਂ ਬਾਰੇ ਇਸ ਟੀਕੇ ਵਿੱਚ ਜਾਣਕਾਰੀ ਬੜੀ ਸਟੀਕ ਹੈ। ਜੇ ਫ਼ਰੀਦਕੋਟੀ ਟੀਕੇ ਨੂੰ ਸਾਹਮਣੇ ਰੱਖ ਕੇ ਅਤੇ ਭਾਸ਼ਾਈ ਤੇ ਲਿਖਣਸ਼ੈਲੀ ਦੇ ਵਖਰੇਵੇਂ ਨੂੰ ਛੱਡ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਨੂੰ ਇਮਾਨਦਾਰੀ ਨਾਲ ਵਿਚਾਰਿਆ ਜਾਵੇ ਤਾਂ ਸਿੱਧ ਹੁੰਦਾ ਹੈ ਕਿ ‘ਦਰਪਣ` ਦੇ ਤੁਕ ਅਰਥਾਂ ਦਾ ਵੱਡਾ ਆਧਾਰ ਉਪਰੋਕਤ ਟੀਕਾ ਹੈ। ਭਾਵੇਂ ਕਿ ਉਹ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਵਾਂਗ ਗੁਰਬਾਣੀ ਵਿਆਕਰਣ ਦੇ ਕੋਈ ਵੱਡੇ ਗਿਆਤਾ ਨਹੀਂ ਸਨ।

ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦੇ ਅੰਤ੍ਰਿਕ ਵਿਸ਼ਲੇਸ਼ਨ ਦੇ ਵਿਸ਼ੇ ਦਾ ਵੱਡਾ ਆਧਾਰ ਪੌਰਾਣਿਕ ਸਾਹਿਤ ਹੈ। ਇਹੀ ਕਾਰਣ ਹੈ ਕਿ ਹੇਠ ਲਿਖੀਆਂ ਤੁਕਾਂ ਵਿਚਲੇ ‘ਜਟੁ`, ‘ਬਟਵਾਰਾ` (ਬਟਵਾੜਾ), ‘ਸੁਪਚਾਰੋ` ਅਤੇ ‘ਬਧਿਕ` ਉਪਨਾਵਾਂ ਦੇ ਜਿਹੜੇ ਭਾਵਾਰਥ ਤੇ ਜਾਣਕਾਰੀ ਫ਼ਰੀਦਕੋਟੀ ਟੀਕੇ ਨੇ ਪ੍ਰਦਾਨ ਕੀਤੀ ਹੈ, ਉਹ ਹੋਰ ਕਿਸੇ ਵੀ ਵਿਅਕਰਣੀ ਤੇ ਅਕਾਦਮਿਕ ਟੀਕੇ ਵਿੱਚ ਨਹੀਂ ਮਿਲਦੀ। ਕਿਉਂਕਿ, ਫ਼ਰੀਦਕੋਟੀ ਟੀਮ ਸੰਸਕ੍ਰਿਤ ਦੇ ਗਿਆਤਾ ਹੋਣ ਕਰਕੇ ਭਾਰਤੀ ਦਰਸ਼ਨ ਦੇ ਪਿਛੋਕੜ ਨਾਲ ਜੁੜੇ ਹੋਏ ਬਜ਼ੁਰਗ ਸਨ। ਅਫ਼ਗ਼ਾਨਿਸਤਾਨ ਰਾਹੀਂ ਹਮਲਾਵਰ ਹੋਏ ਮਨੂੰਵਾਦੀ ਆਰੀਅਨ ਤੇ ਅਨ-ਆਰੀਅਨ (ਦ੍ਰਾਵੜ ਆਦਿਕ ਮੂਲ ਦੇਸ਼ ਵਾਸੀਆਂ) ਦੀਆਂ ਭੂਗੋਲਕ ਲੜਾਈਆਂ ਤੇ ਸਮਾਜਿਕ ਧੂ-ਖਿੱਚ ਤੋਂ ਉਹ ਭਲੀਭਾਂਤ ਵਾਕਫ਼ ਸਨ। ਕਿਉਂਕਿ, ਰਿਗ ਵੇਦ ਅਜਿਹੀ ਜਾਣਕਾਰੀ ਦਾ ਸਭ ਤੋਂ ਵੱਡਾ ਸ੍ਰੋਤ ਹੈ। ਪਾਵਨ ਤੁਕਾਂ ਹਨ:

ਮੇਰੇ ਮਨ! ਨਾਮੁ ਜਪਤ ਤਰਿਆ।।

ਧੰਨਾ ਜਟੁ, ਬਾਲਮੀਕੁ ਬਟਵਾਰਾ; ਗੁਰਮੁਖਿ ਪਾਰਿ ਪਇਆ।। ੧।। ਰਹਾਉ।। {ਗੁਰੂ ਗ੍ਰੰਥ. ੯੯੫}

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ: —ਅਰਥ: ਹੇ ਮੇਰੇ ਮਨ ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਪਾਰ ਲੰਘ ਗਿਆ। ੧। ਰਹਾਉ।

ਫ਼ਰੀਦਕੋਟੀ ਟੀਕਾ:- ਅਰਥ: ਧੰਨਾ ਜੋ ਜਾਤ ਕਾ ਜਾਟ ਥਾ, ਅਰੁ ਬਾਲਮੀਕ (ਬਟਵਾਰਾ) ਰਾਹਮਾਰ ਅ੍ਰਥਾਤ ਭੀਲ ਥਾ, ਸੋ ਗੁਰੋਂ ਦੁਆਰੇ ਨਾਮ ਜਪ ਕੇ ਪਾਰ ਪੈ ਗਿਆ, ਭਾਵ ਕਲਿਆਣ ਹੂਆ ਹੈ।। ੧।। ਰਹਾਉ।।

ਬਾਲਮੀਕੁ ਸੁਪਚਾਰੋ ਤਰਿਓ; ਬਧਿਕ ਤਰੇ ਬਿਚਾਰੇ।। {ਗੁਰੂ ਗ੍ਰੰਥ. ੯੯੯}

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ: — ਅਰਥ: (ਹੇ ਭਾਈ ! ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ 

ਫ਼ਰੀਦਕੋਟੀ ਟੀਕਾ:- ਅਰਥ: ਬਾਲਮੀਕ ਚੰਡਾਲ ਤਰ ਗਿਆ ਜੋ ਪਾਂਡਵੋਂ ਕੇ ਯਗ ਮੇਂ ਮੰਗਵਾਇਆ ਥਾ। ਔਰ ਬਿਚਾਰੇ ਬਧਿਕ ‘ਲੋਧੀ` ਔ ‘ਜਰਾ` ਜਿਨ ਕਾ ਨਾਮ ਥਾ ਦੋਵੇਂ ਤਰੇ ਹੈਂ।

ਦਾਸ (ਜਾਚਕ) ਨੂੰ ਭਗਤ ਬਾਲਮੀਕ ਜੀ ਦੇ ਪਾਂਡਵ ਯੱਗ ਨਾਲ ਸਬੰਧਤ ਤੇ ‘ਭੀਲ` ਹੋਣ ਦੀ ਮੁੱਢਲੀ ਸੂਹ ਫ਼ਰੀਦਕੋਟੀ ਟੀਕੇ ਵਿੱਚੋਂ ਹੀ ਮਿਲੀ ਹੈ, ਜਿਸ `ਤੇ ਆਧਾਰਿਤ ਉਨ੍ਹਾਂ ਦਾ ਰਿਸ਼ੀ ਵਾਲਮੀਕ ਨਾਲੋਂ ਵਖਰੇਵੇਂ ਦਾ ਪੱਖ ਸਪਸ਼ਟ ਹੋ ਸਕਿਆ ਹੈ। ਬਚਿਤ੍ਰਨਾਟਕ (ਦਸਮ ਗ੍ਰੰਥ) ਵਿੱਚ ਹੇਠ ਲਿਖੇ ਅਨੁਸਾਰ ਦੋ ਵਾਰ ‘ਭੀਲ` ਨਾਂਵ ਦੀ ਵਰਤੋਂ ਮਿਲਦੀ ਹੈ। ਤਰਤੀਬ ਅਨੁਸਾਰ ਕਾਲ-ਉਸਤਤਿ (ਅਕਾਲ ਉਸਤਤਿ) ਵਿੱਚ ‘ਭੀਲ ਭੀਕਰ` ਲਿਖਿਆ ਗਿਆ ਹੈ ਅਤੇ ਰਾਮਾਵਤਾਰ ਵਿੱਚ ‘ਭੀਕਰ` ਦੇ ਸਮਾਨਰਥਕ ਵਿਸੇਸ਼ਣ ਸਹਿਤ ‘ਭਿਆਨਕ ਭੀਲ`:

ਜਛ ਗੰਧ੍ਰਬ ਦੇਵ ਦਾਨੋ ਨ ਬ੍ਰਹਮ ਛਤ੍ਰੀਅਨ ਮਾਹਿ।।

ਬੈਸਨੰ ਕੇ ਬਿਖੈ ਬਿਰਾਜੈ ਸੂਦ੍ਰ ਭੀ ਵਹ ਨਾਹਿ।।

ਗੂੜ ਗਉਡ ਨ ਭੀਲ ਭੀਕਰ ਬ੍ਰਹਮ ਸੇਖ ਸਰੂਪ।।

ਰਾਤਿ ਦਿਵਸ ਨ ਮਧ ਉਰਧ ਨ ਭੂਮਿ ਅਕਾਸ ਅਨੂਪ।। ੫।। ੧੮੫।। (ਅਕਾਲ ਉਸਤਤਿ)

ਘੋਰ ਸੀਆ ਬਨ ਤੂੰ ਸੁ ਕੁਮਾਰ ਕਹੋ ਹਮ ਸੋਂ ਕਸ ਤੈ ਨਿਬਹੈ ਹੈ।।

ਗੁੰਜਤ ਸਿੰਘ ਡਕਾਰਤ ਕੋਲ ਭਯਾਨਕ ਭੀਲ ਲਖੈ ਭ੍ਰਮ ਐਹੈ।।

ਸੁੰਕਤ ਸਾਪ ਬਕਾਰਤ ਬਾਘ ਭਕਾਰਤ ਭੂਤ ਮਹਾ ਦੁਖ ਪੈਹੈ।।

ਤੂੰ ਸੁ ਕੁਮਾਰ ਰਚੀ ਕਰਤਾਰ ਬਿਚਾਰ ਚਲੇ ਤੁਹਿ ਕਿਉਂ ਬਨਿ ਐਹੈ।। (ਰਾਮਾਵਤਾਰ)

ਰਾਮਾਵਤਾਰ ਵਿੱਚਲੀ ਵਰਤੋਂ ਤੋਂ ਸਪਸ਼ਟ ਹੁੰਦਾ ਹੈ ਕਿ ਭੀਲ ਨਾਂਵ ਮੱਧਭਾਰਤ ਦੇ ਜਾਂਗਲੀ ਲੋਕਾਂ ਲਈ ਵਰਤਿਆ ਗਿਆ ਹੈ। ਇਹ ਓਹੀ ਇਲਾਕਾ ਹੈ, ਜਿਥੇ ਸ਼੍ਰੀ ਰਾਮ ਤੇ ਸੀਤਾ ਨੇ ਬਨਵਾਸ ਦਾ ਸਮਾਂ ਗੁਜ਼ਾਰਿਆ ਸੀ। ਕਿਉਂਕਿ, ਉਪਰੋਕਤ ਪਦੇ ਵਿੱਚ ਸ੍ਰੀ ਰਾਮਚੰਦਰ ਬਨਵਾਸ ਲਈ ਤੁਰਨ ਵੇਲੇ ਪਤਨੀ ਸੀਤਾ (ਸੀਆ) ਨੂੰ ਜੰਗਲ ਦੀ ਭਿਆਨਕਤਾ ਸਮਝਾ ਕੇ ਪੁੱਛਦਾ ਹੈ ਕਿ ਤੂੰ ਉਥੇ ਮੇਰੇ ਨਾਲ ਰਹਿ ਸਕੇਂਗੀ?

ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼` ਵਿੱਚ ‘ਭੀਲ` ਤੇ ‘ਕੌਡਾ` ਨਾਂ ਦੇ ਇੰਦਰਾਜਾਂ ਵਿੱਚ ਹੇਠ ਲਿਖੀ ਜਾਣਕਾਰੀ ਦਿੱਤੀ ਹੈ:

ਭੀਲ:- ਸੰ. ਭਿੱਲ. ਇੱਕ ਜੰਗਲੀ ਅਸਭ੍ਯ ਜਾਤੀ. ਦ੍ਰਾਵੜ ਭਾਸ਼ਾ ਵਿੱਚ ‘ਭੀਲ` ਸ਼ਬਦ ਦਾ ਅਰਥ ਕਮਾਣ ਹੈ। ਇਸੇ ਤੋਂ ਧਨੁਖਧਾਰੀ ਜਾਤਿ ਦੀ ਭੀਲ ਸੰਗਿਆ ਹੋਈ ਹੈ.

ਕੌਡਾ:-ਆਦਮਖੋਰ ਭੀਲ ਅਤੇ ਨਿਸ਼ਾਦਾਂ ਦਾ ਇੱਕ ਸਰਦਾਰ. ਜੋ ਵਿੰਧ ਦੇ ਜੰਗਲਾਂ ਵਿੱਚ ਡਾਕਾ ਮਾਰਿਆ ਕਰਦਾ ਸੀ। ਇਹ ਭਾਈ ਮਰਦਾਨਾ ਨੂੰ ਖਾਣਾ ਚਹੁੰਦਾ ਸੀ। ਸਤਿਗੁਰ ਨਾਨਕ ਦੇਵ ਨੇ ਆਪਣੇ ਆਤਮਿਕ ਬਲ ਨਾਲ ਉਸ ਦੀ ਜ਼ਿੰਦਗੀ ਅਜਿਹੀ ਬਦਲੀ ਕਿ ਰਾਕਸ਼ੀ ਕਰਮ ਛੱਡ ਕੇ ਦੇਵਤਾ ਬਣ ਗਿਆ ਅਤੇ ਧਰਮ-ਕਿਰਤ ਨਾਲ ਨਿਰਵਾਹ ਕਰਕੇ ਕਰਤਾਰ ਦੇ ਸਿਮਰਣ ਵਿੱਚ ਜੀਵਨ ਬਿਤਾਇਆ।

ਨੋਟ: ਭਾਈ ਕੌਡਾ ਜੀ ਦਾ ਯਾਦਗਰੀ ਗੁਰਸਥਾਨ ਹੁਣ ਆਂਧਰਾ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਦਾ ਇੱਕ ਭਾਗ ਬਣ ਚੁੱਕਾ ਹੈ।

ਭਗਤਮਾਲ (ਪੰਡਿਤ ਗਿ. ਨਰੈਣ ਸਿੰਘ) : ਗਿਆਨੀ ਜੀ ਨੇ ਭਗਤਮਾਲ ਵਿੱਚ ਭਾਈ ਗੁਰਦਾਸ ਜੀ ਦੀ ਵਾਰ “ਵਾਟੈ ਮਾਣਸ ਮਾਰਦਾ, ਬੈਠਾ ਬਾਲਮੀਕ ਬਟਵਾੜਾ` …… `ਤੇ ਆਧਾਰਤ ਰਿਸ਼ੀ ਬਾਲਮੀਕ ਦੀ ਸਾਖੀ ਲਿਖੀ ਹੈ। ਇਸ ਵਿੱਚ ਬਾਲਮੀਕ ਦਾ ਜਿਹੜਾ ਪਿਛੋਕੜ ਵਰਨਣ ਕੀਤਾ ਹੈ, ਉਸ ਤੋਂ ਸਪਸ਼ਟ ਸਿੱਧ ਹੁੰਦਾ ਹੈ ਕਿ ਉਹ ਦ੍ਰਾਵੜੀ ਭੀਲ ਸੀ। ਭਾਵੇਂ ਕਿ ਗਿਆਨੀ ਜੀ ਭੁਲੇਖੇ ਨਾਲ ਦੁਆਪਰ-ਯੁਗੀ ਭਗਤ ਨੂੰ ਤ੍ਰੇਤਾਯੁਗੀ ਰਾਮ ਨਾਲ ਸਬੰਧਤ ਕਰਕੇ ਵਿਚਾਰਦੇ ਹਨ। ਇਹੀ ਵੱਡਾ ਭੁਲੇਖਾ ਹੈ, ਜਿਸ ਕਰਕੇ ਭਾਰਤ ਦਾ ਦਲਿਤ ਭਾਈਚਾਰਾ ਬ੍ਰਾਹਮਣ ਰਿਸ਼ੀ ਵਾਲਮੀਕ ਨੂੰ ਆਪਣਾ ਗੁਰੂ ਮੰਨ ਕੇ ਪੂਜਣ ਦੀ ਵੱਡੀ ਭੁੱਲ ਕਰ ਰਿਹਾ ਹੈ। ਗਿਆਨੀ ਜੀ ਲਿਖਤ ਹੈ:

ਇਹ ਸ੍ਰੀ ਰਾਮਚੰਦਰ ਦੇ ਸਮੇਂ ਹੋਇਆ। ਉਸ ਕਾਲ ਵਿੱਚ ਆਰੀਆ ਤੇ ਦ੍ਰਾਵੜ ਲੋਕਾਂ ਦੀ ਕਿਤੇ ਬਣਦੀ ਸੀ ਤੇ ਕਿਤੇ ਨਹੀਂ ਸੀ ਬਣਦੀ। ਲੋਕ ਜੰਗਲਾਂ ਵਿੱਚ ਰਹਿੰਦੇ ਸਨ ਤੇ ਮਾਰ-ਧਾੜ ਕਰ ਲੈਂਦੇ ਸਨ। ਕਿਉਂਕਿ, ਲੋਕਾਂ ਨੂੰ ਸਹੀ ਗਿਆਨ ਨਹੀਂ ਸੀ। ……ਤੀਰ ਕਮਾਨ ਲੈ ਕੇ ਰਾਹਾਂ ਵਿੱਚ ਖੜੇ ਰਹਿੰਦੇ ਸਨ। ਇੱਕ ਦਿਹਾੜੇ ਵੇਦ ਪੜ੍ਹਣ ਵਾਲੇ ਰਿਸ਼ੀ ‘ਕਸ਼ਪ`, ਅਤ੍ਰਯ, ਭਾਰਦਵਾਜ, ਵਸ਼ਿਸ਼ਟ, ਗੌਤਮ ਤੇ ਵਿਸ਼ਵਾਮਿਤ੍ਰ ਕਿਸੇ ਯਗ ਦੇ ਕਰਨ ਵਾਸਤੇ ਜਾ ਰਹੇ ਸਨ। …… ਰਾਹ ਵਿੱਚ ਮੇਲ ਇੱਕ ਭੀਲ ਨਾਲ ਹੋ ਗਿਆ। ਉਹ ਬਹੁਤ ਉੱਚਾ, ਰੰਗ ਕਾਲਾ, ਅੱਖਾਂ ਚਮਕੀਲੀਆਂ, ਬੁੱਲ ਮੋਟੇ, ਹੱਥ ਵਿੱਚ ਕੁਹਾੜਾ ਸੀ। ਉਸ ਦਾ ਨਾਂ ਬਾਲਮੀਕ ਸੀ। ਉਸ ਨੇ ਗਰਜਵੀਂ ਆਵਾਜ਼ ਵਿੱਚ ਆਖਿਆ ਰੁਕ ਜਾਓ। ………

(ਜਦੋਂ ਗੌਤਮ ਨੇ ਆਖਿਆ ਕਿ ਸਾਨੂੰ ਮਾਰ ਕੇ ਹਰਨ ਦੀਆਂ ਖੱਲਾਂ ਤੇ ਖਾਲੀ ਚਿੱਪੀਆਂ ਤੋਂ ਇਲਾਵਾ ਕੁੱਝ ਨਹੀਂ ਮਿਲਣਾ ਤਾਂ ਅੱਗੋਂ ਬਾਲਮੀਕ ਨੇ ਆਖਿਆ) ਤੁਸੀਂ ਆਰੀਆ ਤਾਂ ਹੋ। ਕਿਸੇ ਆਰੀਏ ਨੂੰ ਜੀਊਂਦਿਆਂ ਛੱਡ ਦੇਣਾ ਜਾ ਰਹਿ ਜਾਣ ਦੇਣਾ ਵੀ ਤਾਂ ਅਸਾਂ ਲੋਕਾਂ ਲਈ ਠੀਕ ਨਹੀਂ। ਤੁਸੀਂ ਲੋਕ ਦੁਸ਼ਮਣ …. .

ਹਿੰਦੂ ਮਿਥਿਹਾਸ ਕੋਸ਼:- ‘ਭਾਸ਼ਾ ਵਿਭਾਗ ਪੰਜਾਬ` ਦੀ ਪੰਜਾਬੀ ਸਾਹਿਤ ਲਈ ਇੱਕ ਵਡਮੁੱਲੀ ਦੇਣ ਹੈ, ਜੋ ਪਹਿਲੀ ਵਾਰ ਸੰਨ ੧੯੬੩ ਵਿੱਚ ਪ੍ਰਕਾਸ਼ਿਤ ਹੋਇਆ। ਇਹ ਕੋਸ਼ ਪ੍ਰਾਚੀਨ ਹਿੰਦੂ ਮਿਥਿਹਾਸ, ਹਿੰਦੂ ਧਰਮ, ਹਿੰਦੂ ਦਰਸ਼ਨ ਅਤੇ ਭੂਗੋਲ ਤੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦਾ ਹੈ। ਅਸਲ ਵਿੱਚ ਇਹ ਪੰਜਾਬੀ ਅਨੁਵਾਦ ਹੈ ਜੌਨ ਡੋਸਨ ਦੇ ਅੰਗਰੇਜ਼ੀ ਵਿੱਚ ਲਿਖੇ ਪ੍ਰਸਿੱਧ ਸੰਸਕ੍ਰਿਤ ਕੋਸ਼ ‘ਹਿੰਦੂ ਕਲਾਸੀਕਲ ਡਿਕਸ਼ਨਰੀ` ਦਾ ਅਤੇ ਅਨੁਵਾਦਕ ਹਨ ਰਾਜਿੰਦਰ ਸਿੰਘ ਸ਼ਾਸ਼ਤਰੀ। ਇਸ ਕੋਸ਼ ਵਿੱਚ ਵਾਲਮੀਕ (ਰਿਸ਼ੀ) ਨਾਲ ਸਬੰਧਤ ਹੇਠ ਲਿਖਿਆ ਇੱਕੋ ਇੰਦਿਰਾਜ ਹੈ:-

ਵਾਲੑਮੀਕੀ (ਬਾਲਮੀਕੀ) : ਇਹ ਰਾਮਾਯਣ ਦਾ ਲੇਖਕ ਸੀ। ਵੈਦਕ ਵਾਕੰਸ਼ ਅਨੁਸਾਰ ਇਸ ਦਾ ਅਰਥ ‘ਵੇਖਿਆ` ਹੈ। ਰਾਮਾਯਣ ਵਿੱਚ ਵਰਣਤ ਕੁੱਝ ਦ੍ਰਿਸ਼ਾਂ ਵਿੱਚ ਇਸ ਨੇ ਆਪ ਵੀ ਭਾਗ ਲਿਆ ਹੈ। ਸੀਤਾ ਬਣਵਾਸ ਸਮੇਂ ਇਸ ਦੇ ਆਸ਼੍ਰਮ ਵਿੱਚ, ਜਿਹੜਾ ਚਿਤ੍ਰਕੂਟ ਵਿੱਚ ਸੀ, ਹੀ ਰਹੀ ਸੀ ਅਤੇ ਇਸ ਨੇ ਹੀ ਸੀਤਾ ਦੇ ਜੌੜੇ ਪੁਤਰਾਂ ਲਵ ਤੇ ਕੁਸ਼ ਨੂੰ ਪੜ੍ਹਾਇਆ ਸੀ। ਪਰੰਪਰਾ ਅਨੁਸਾਰ ਇਸ ਦਾ ਨਿਵਾਸ ਸਥਾਨ ਬੁੰਦੇਲ ਖੰਡ ਦੇ ਜ਼ਿਲਾ ਬਾਂਦਾ ਵਿੱਚ ਸਥਿਤ ਇੱਕ ਪਹਾੜ ਨੂੰ ਮੰਨਿਆ ਜਾਂਦਾ ਹੈ। ਇਹ ਪ੍ਰਸਿੱਧ ਹੈ ਕਿ ਸ਼ਲੋਕ ਦਾ ਆਵਿਸ਼ਕਾਰ ਇਸ ਨੇ ਹੀ ਕੀਤਾ ਹੈ, ਪਰ ਇਹ ਮਤ ਸਵੀਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ, ਇਹ ਵੇਦਾਂ ਵਿੱਚ ਪਹਿਲੇ ਹੀ ਵਰਤਨਾਨ ਸੀ।

ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ {A Sanskrit-English Dictionary by Sir M. Monier-Williams (Author)} ਇਹ ਕੋਸ਼ ਔਕਸਫੋਰਡ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹੈ। ਇਸ ਵਿੱਚ ਵੀ ‘ਵਾਲਮੀਕ` ਨਾਂ ਦੇ ਸਿਰਲੇਖ ਹੇਠ ਇੱਕੋ ਇੰਦਰਾਜ ਹੈ ਅਤੇ ਲਗਭਗ ਸਾਰੀ ਓਹੀ ਜਾਣਕਾਰੀ ਹੈ, ਜਿਹੜੀ ਡਾ. ਜੌਨ ਡੋਸਨ ਦੀ ਉਪਰੋਕਤ ‘ਹਿੰਦੂ ਕਲਾਸੀਕਲ ਡਿਕਸ਼ਨਰੀ` ਵਿੱਚ ਉਪਲਭਧ ਹੈ। ਵਾਲਮੀਕੀ ਰਾਮਾਇਣ ਸਹਿਤ ਕੁੱਝ ਪੁਸਤਕਾਂ ਦੇ ਹਵਾਲਿਆਂ `ਤੇ ਆਧਾਰਿਤ ਕੇਵਲ ਹੇਠ ਲਿਖੀ ਇੱਕ ਤੁਕ ਵਿਸ਼ੇਸ਼ ਹੈ, ਜੋ ਸਿੱਧ ਕਰਦੀ ਹੈ ਕਿ ਵਾਲਮੀਕ ਜਨਮ ਤੋਂ ਬ੍ਰਾਹਮਣ ਸੀ ਅਤੇ ਉਹ ਅਯੁਧਿਆ ਦੇ ਰਾਜਾ ਰਾਮਚੰਦਰ ਦਾ ਅਤੀ ਨਿਕਟਵਰਤੀ ਸੀ:

He was no doubt a Brahman by birth and closely connected with the Kings of Ayodhya.

ਸੰਸਕ੍ਰਿਤ ਪੰਜਾਬੀ ਕੋਸ਼:-ਮੁਖ ਸੰਪਾਦਕ ਡਾ. ਪ੍ਰੇਮ ਪ੍ਰਕਾਸ਼ ਸਿੰਘ, ਵਿਭਾਗੀ ਸੰਪਾਦਕ ਡਾ. ਐਸ. ਐਸ. ਜੋਸ਼ੀ; ਪ੍ਰਕਾਸ਼ਕ-ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ। ਅੰਗਰੇਜ਼ੀ ਤੇ ਸੰਸਕ੍ਰਿਤ ਕੋਸ਼ਾਂ ਵਾਂਗ ਇਸ ਵਿੱਚ ਕੋਸ਼ ਵਿੱਚ ਵੀ ‘ਵਾਲਮੀਕਃ/ਵਾਲਮੀਕਿਃ` ਸਮਾਨਰਥਕ ਨਾਵਾਂ ਦਾ ਹੇਠ ਲਿਖਿਆ ਇੱਕੋ ਹੀ ਇੰਦਿਰਾਜ ਹੈ:

ਵਾਲਮੀਕਃ/ਵਾਲਮੀਕਿਃ: ਵਾਲੑਮੀਕਹ਼/ਵਾਲੑਮੀਕਿਹ਼ ਇੱਕ ਪ੍ਰਸਿੱਧ ਮੁਨੀ ਅਤੇ ਆਦਿ-ਕਵੀ ਸ਼੍ਰੀਮਦ ਰਾਮਇਣ ਦੇ ਰਚੈਤਾ ਦਾ ਨਾਮ, ਬਾਲਮੀਕੀ ਰਿਸ਼ੀ।

ਮਹਾਂਰਿਸ਼ੀ ਵਾਲਮੀਕ-ਇੱਕ ਸਮੀਸ਼ਾਤਮਕ ਅਧਿਐਨ:- ਇਹ ਇੱਕ ਪ੍ਰਾਮਾਣਿਕ ਖੋਜ ਪੁਸਤਕ ਹੈ, ਜਿਹੜੀ ਡਾ. ਮੰਜੁਲਾ ਸਹਿਦੇਵ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ‘ਮਹਾਂਰਿਸ਼ੀ ਵਾਲਮੀਕ ਚੇਅਰ` ਦੀ ਪਹਿਲੀ ਚੇਅ੍ਰਪਰਸਨ ਵਜੋਂ ਲਿਖੀ। ਵਿਸ਼ੇਸ਼ ਵਰਨਣ ਯੋਗ ਤੱਥ ਹੈ ਕਿ ਸੁਪਰੀਮ ਕੋਰਟ ਦਿੱਲੀ ਨੇ ਸਤੰਬਰ ੨੦੧੬ ਵਿਖੇ ਉਪਰੋਕਤ ਪੁਸਤਕ `ਤੇ ਆਧਾਰਿਤ ਇੱਕ ਟੀਵੀ ਚੈਨਲ ਦੇ ਕੇਸ ਸਬੰਧੀ ਫੈਸਲਾ ਸੁਣਾਂਦਿਆਂ ਮੀਡੀਏ ਨੂੰ ਆਦੇਸ਼ ਦਿੱਤਾ ਹੈ ਕਿ ਮਹਾਂਰਿਸ਼ੀ ‘ਵਾਲਮੀਕ` ਦੇ ਨਾਮ ਨਾਲ ‘ਡਾਕੂ` ਉਪਨਾਮ ਦੀ ਵਰਤੋਂ ਨਾ ਕੀਤੀ ਜਾਏ। ਅਜਿਹੀ ਵਰਤੋਂ ਅਪਰਾਧ ਮੰਨੀ ਜਾਏਗੀ। ਕਿਉਂਕਿ, ਵਿਦਵਾਨ ਲੇਖਕਾ ਨੇ ਜ਼ੋਰਦਾਰ ਦਲੀਲਾਂ ਨਾਲ ਦਾਵਾ ਕੀਤਾ ਹੈ ਕਿ ਵੈਦਿਕ ਸਾਹਿਤ ਤੋਂ ਲੈ ਕੇ ੯ਵੀਂ ਸਦੀ ਤਕ ‘ਵਾਲਮੀਕ` ਨਾਮ ਨਾਲ ‘ਡਾਕੂ` ਵਰਗੇ ਘ੍ਰਿਣਤ ਵਿਸ਼ੇਸ਼ਣ ਅਤੇ ੧੨ਵੀਂ ਸਦੀ ਤਕ ‘ਵਰਮੀ` ਵਾਲੀ ਕਹਾਣੀ ਦਾ ਕੋਈ ਰੈਫ਼ਰੈਂਸ ਨਹੀਂ ਮਿਲਦਾ। ਉਸ ਦਾ ਕਥਨ ਹੈ ਕਿ ਅਜਿਹੀਆਂ ਕਹਾਣੀਆਂ ੧੩ਵੀਂ ਤੋਂ ੧੬ਵੀਂ ਸਦੀ ਦੇ ਦਰਿਮਿਆਨ ਘੜੀਆਂ ਗਈਆਂ, ਜਦੋਂ ਕਿ ਭਗਤੀ-ਲਹਿਰ ਆਪਣੇ ਪੂਰੇ ਜੋਬਨ `ਤੇ ਸੀ।

ਇਸ ਪ੍ਰਕਾਰ ਉਪਰੋਕਤ ਅਕਾਦਮਿਕ ਰਚਨਾਵਾਂ ਦੀ ਵਿਚਾਰ ਤੋਂ ਜੋ ਹੇਠ ਲਿਖੇ ਸਿੱਟੇ ਨਿਕਲਦੇ ਹਨ, ਉਹ ਭਗਤ ਬਾਲਮੀਕ ਅਤੇ ਰਿਸ਼ੀ ਵਾਲਮੀਕ ਵਿਚਲੇ ਮਿਥਿਹਾਸਕ, ਦਾਰਸ਼ਨਿਕ, ਸਮਾਜਿਕ, ਰਾਜਨੀਤਕ ਅਤੇ ਵਿਅਕਤੀ ਅਵਸਥਾਤਮਿਕ ਫ਼ਰਕ ਨੂੰ ਪ੍ਰਗਟਾਉਣ ਹਿੱਤ ਲਿਖੇ ‘ਪੌਰਾਣਿਕ ਦ੍ਰਿਸ਼ਟੀਕੋਨ`, ‘ਗੁਰਬਾਣੀ ਦ੍ਰਿਸ਼ਟੀਕੋਨ` ਅਤੇ ‘ਭਾਈ ਦ੍ਰਿਸ਼ਟੀਕੋਨ` ਦੇ ਨਤੀਜਿਆਂ ਦੀ ੯੯% ਪ੍ਰੋੜਤਾ ਕਰਦੇ ਹਨ।

 1. (ਰਿਸ਼ੀ) ਵਾਲਮੀਕ ਅਤੇ (ਭਗਤ) ਬਾਲਮੀਕ ਦੋ ਵੱਖ ਵੱਖ ਵਿਅਕਤੀ ਹਨ। ਪਹਿਲਾ ਤ੍ਰੇਤਾਯੁਗੀ ਹੈ ਅਤੇ ਉਹ ਅਯੁਧਿਆ ਦੇ ਰਾਜਾ ਸ੍ਰੀ ਰਾਮਚੰਦਰ ਜੀ ਅਤੀ ਨਿਕਟਵਰਤੀ ਹੈ। ਦੂਜਾ ਦੁਆਪਰਯੁਗੀ ਕ੍ਰਿਸ਼ਨ ਭਗਤ ਪਾਂਡਵਾਂ ਦਾ ਸਮਕਾਲੀ ਹੈ। ਕਿਉਂਕਿ, ਸਿੱਖ ਸਾਹਿਤ ਦੇ ਲਗਭਗ ਸਾਰੇ ਕੋਸ਼ਾਂ ਨੇ ਭਗਤ ਜੀ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਸਹਿਯੋਗ ਨਾਲ ਕਰਵਾਏ ਪਾਂਡਵਾਂ ਦੇ ਰਾਜਸੂ-ਯੱਗ ਨਾਲ ਸਬੰਧਤ ਕੀਤਾ ਹੈ।

 2. ਰਿਸ਼ੀ ‘ਵਾਲਮੀਕ` ਜਨਮ ਤੋਂ ਬ੍ਰਾਹਮਣ ਸੀ ਅਤੇ ਭਗਤ ‘ਬਾਲਮੀਕ` ਜੰਗਲ ਦੇ ਦ੍ਰਾਵੜੀ ਭੀਲ ਕਬੀਲੇ ਵਿੱਚੋਂ। ਆਰੀਅਨ ਬ੍ਰਾਹਮਣ ਭੀਲਾਂ ਨੂੰ ਨਫ਼ਰਤ ਨਾਲ `ਚੂੜ੍ਹੇ` `ਚੰਡਾਲ`, ‘ਬਟਵਾਰੇ`, ‘ਸੁਪਚਾਰੋ` ਅਤੇ ‘ਰਾਕਸ਼` ਵਰਗੇ ਨਫ਼ਰਤ ਭਰਪੂਰ ਉਪਨਾਵਾਂ ਨਾਲ ਦੁਰਕਾਰਦੇ ਸਨ। ਕਿਉਂਕਿ, ਉਹ ਇਨ੍ਹਾਂ ਨੂੰ ਹਮਲਾਵਰ ਦੁਸ਼ਮਣ ਸਮਝਦੇ ਹੋਏ ਜੰਗਲੀ ਰਸਤਿਆਂ ਵਿੱਚ ਲੁੱਟ ਕੇ ਜਾਨੋਂ ਵੀ ਮਾਰ ਦਿੰਦੇ ਸਨ। ਭਾਈ ਕੌਡੇ ਵਰਗੇ ਭੀਲ ਤਾਂ ਇਨ੍ਹਾਂ ਦੇ ਵਿਹਾਰ ਤੋਂ ਦੁਖੀ ਹੋਏ ਆਦਮ-ਖੋਰ ਬਣ ਗਏ ਸਨ।

 3. ਰਿਸ਼ੀ ਵਾਲਮੀਕ ਸ਼ਸਤਰ, ਸ਼ਾਸਤਰ ਤੇ ਸੰਗੀਤ ਵਿੱਚ ਇੱਕ ਨਿਪੁੰਨ ਵਿਅਕਤੀ ਸੀ। ‘ਸ਼੍ਰੀਮਦ ਰਾਮਾਇਣ` ਦਾ ਕਰਤਾ ਹੋਣ ਨਾਤੇ ਆਦਿ-ਕਵੀ ਕਰਕੇ ਜਾਣਿਆ ਜਾਂਦਾ ਸੀ। ਭਾਵੇਂ ਕਿ ਵੇਦਾਂ ਦੇ ਸ਼ਲੋਕ ਆਦਿਕ ਪਹਿਲਾਂ ਹੀ ਮਜੂਦ ਸਨ। ਅਜਿਹਾ ਸਭ ਕੁੱਝ ਤਾਂ ਹੋ ਸਕਿਆ, ਕਿਉਂਕਿ ਉਹ ਪ੍ਰਚੇਤਾ ਬ੍ਰਾਹਮਣ ਰਾਜਕੁਮਾਰ ਹੋਣ ਕਰਕੇ ਉਸ ਵਿਦਿਆ ਪ੍ਰਾਪਤੀ ਦਾ ਸਮਾਜਿਕ ਅਧਿਕਾਰ ਸੀ। ਇਹੀ ਉਸਦੇ ਰਿਸ਼ੀ ਪ੍ਰਵਾਰ ਦੀ ਵਿਸ਼ੇਸ਼ਤਾ ਸੀ। ਭਗਤ ਬਾਲਮੀਕ ‘ਬਟਵਾੜੇ` ਬਾਰੇ ਅਜਿਹੀ ਕੋਈ ਵਿਦਿਅਕ, ਸਾਹਿਤਕ ਤੇ ਰਚਨਾਤਮਿਕ ਜਾਣਕਾਰੀ ਉਪਲਬਧ ਨਹੀਂ। ਕਿਉਂਕਿ, ਕਥਿਤ ਸ਼ੂਦਰ ਹੋਣ ਨਾਤੇ ਉਸ ਨੂੰ ਰਿਸ਼ੀ ਵਾਲੇ ਵਿਦਿਅਕ ਅਵਸਰ ਕਿਥੋਂ ਪ੍ਰਾਪਤ ਹੋਣੇ ਸਨ? ਉਨ੍ਹਾਂ ਲਈ ਤਾਂ ਬ੍ਰਾਹਮਣਾਂ ਨੇ ਵਿਦਿਅਕ ਦਰਵਾਜ਼ੇ ਬੰਦ ਕਰ ਰੱਖੇ ਸਨ।

 4. ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਬਾਲਮੀਕ ਬਟਵਾੜੇ ਤੇ ਸੁਪਚਾਰੋ ਦੇ ਹਵਾਲੇ ਹਨ, ਬ੍ਰਾਹਮਣ ਰਿਸ਼ੀ ਵਾਲਮੀਕ ਦਾ ਕੋਈ ਜ਼ਿਕਰ ਨਹੀਂ। ਕਿਉਂਕਿ, ਗੁਰਬਾਣੀ ਮਨੂੰਵਾਦੀ ਬਿਪਰੀ ਵਿਚਾਰਧਾਰਾ ਦੀ ਵਿਰੋਧਕ ਹੈ। ਤਿਵੇਂ ਹੀ ਸੰਸਕ੍ਰਿਤ ਕੋਸ਼ਾਂ ਅਤੇ ਪੰਜਾਬੀ ਸਾਹਿਤ ਦੇ ਬਚਿਤ੍ਰ ਨਾਟਕ ਵਿੱਚ ‘ਵਾਲਮੀਕ` ਨਾਂ ਹੇਠ ਕੇਵਲ ਰਾਮਾਇਣ ਦੇ ਕਰਤਾ, ਭ੍ਰਿਗੂ ਰਿਸ਼ੀ ਦੇ ਭਾਈ, ਚਿਤ੍ਰਕੁਟੀ ਆਸ਼ਰਮ ਵਿੱਚ ਬਨਵਾਸੀ ਸੀਤਾ ਨੂੰ ਸ਼ਰਨ ਦੇਣ ਵਾਲੇ ਅਤੇ ਲਵ ਕੁਸ਼ ਦੇ ਪਾਲਕ ਰਿਸ਼ੀ ਵਾਲਮੀਕ ਦਾ ਹੀ ਵਰਨਣ ਹੈ। ਬਟਵਾਰੇ ਜਾਂ ਸੁਪਚਾਰੋ ਦਾ ਕੋਈ ਹਵਾਲਾ ਨਹੀਂ। ਕਿਉਂਕਿ, ਮਨੂੰਵਾਦੀ ਲੇਖਕਾਂ ਨੇ ਉਸ ਦੇ ਨਾਂ ਦਾ ਹਵਾਲਾ ਕਿਥੋਂ ਦੇਣਾ ਸੀ। ਉਹ ਤਾਂ ਜ਼ੁਬਾਨ ਦੇ ਅਪਵਿਤਰ ਹੋਣ ਡਰੋਂ ਚੰਡਾਲ ਮੰਨੇ ਜਾਂਦੇ ਲੋਕਾਂ ਦਾ ਨਾਂ ਲੈਣ ਤੋਂ ਵੀ ਸੰਕੋਚ ਕਰਦੇ ਸਨ।

 5. ਸਾਰੇ ਕੋਸ਼ਾਂ ਮੁਤਾਬਿਕ ‘ਵਾਲਮੀਕ` ਲਫ਼ਜ਼ ਸੰਸਕ੍ਰਿਤ ਪਿਛੋਕੜ ਦਾ ਇੱਕ ਵਿਸ਼ੇਸ਼ਣੀ ਨਾਂਵ ਹੈ। ‘ਬਾਲਮੀਕ` ਉਸ ਦਾ ਪੰਜਾਬੀ ਰੂਪ ਹੈ। ਇਸੇ ਲਈ ਅੰਗਰੇਜ਼ੀ ਅਤੇ ਸੰਸਕ੍ਰਿਤ ਕੋਸ਼ਾਂ ਵਿੱਚ ਰਿਸ਼ੀ ਨੂੰ ‘ਵਾਲਮੀਕਿ` ਜਾਂ ‘ਵਾਲਮੀਕੀ` ਦੇ ਉਪਨਾਮ ਨਾਲ ਹੀ ਅੰਕਿਤ ਕੀਤਾ ਗਿਆ ਹੈ। ਕਿੳਂਕਿ, ਆਤਮ ਦਰਸ਼ੀ ਰਿਸ਼ੀਆਂ ਨੂੰ ‘ਵਾਲਮੀਕੀ` ਸ਼੍ਰੇਣੀ ਦੇ ਮੰਨਿਆ ਜਾਂਦਾ ਸੀ।

 6. ਭਗਤ ਬਾਲਮੀਕ ਜੀ ਰਿਸ਼ੀ ਵਾਲਮੀਕ ਤੇ ਭਗਤ ਬਾਲਮੀਕ ਨਾਂਵਾਂ ਨਾਲ ਸਿਉਂਕਿ ਦੀ ਵਰਮੀ ਅਤੇ ਬਟਵਾੜਾ (ਡਾਕੂ) ਹੋਣ ਦੀ ਕਥਿਤ ਕਹਾਣੀਆਂ ੧੩ਵੀਂ ਸਦੀ ਤੋਂ ਪਿੱਛੋਂ ਦੀ ਘਾੜਤਾਂ ਹਨ।

ਗੁਰੂ ਗ੍ਰੰਥ ਦੇ ਪੰਥੀਆਂ ਦਾ ਦਾਸਨਿਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ

ਮਿਤੀ: ੨੦ ਨਵੰਬਰ ੨੦੧੬

 
.