.

ਵਿਗਾਸ/ਖੁਸ਼ੀ
(ਭਾਗ 1)

ਦੁਨੀਆ ਦਾ ਹਰੇਕ ਮਨੁੱਖ ਖੁਸ਼ੀ ਚਾਹੁੰਦਾ ਹੈ। ਛੋਟਾ-ਵੱਡਾ, ਅਮੀਰ-ਗਰੀਬ, ਇਸਤ੍ਰੀ-ਮਰਦ, ਆਸਤਕ-ਨਾਸਤਕ, ਕਿਸੀ ਵੀ ਦੇਸ਼ ’ਚ ਰਹਿਣ ਵਾਲਾ, ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕੋਈ ਵੀ ਹੋਵੇ ਹਰ ਕੋਈ ਖੁਸ਼ੀ ਚਾਹੁੰਦਾ ਹੈ। ਕਈ ਲੋਕੀ ਚੁਟਕਲੇ ਸੁਣ-ਸੁਣਾ ਕੇ ਖੁਸ਼ ਹੁੰਦੇ ਹਨ, ਕਈ ਕਿਸੇ ਦਾ ਮਜ਼ਾਕ ਉਡਾ ਕੇ ਖੁਸ਼ ਹੁੰਦੇ ਹਨ। ਕਈਆਂ ਨੂੰ ਆਪਣੀ ਤਰੱਕੀ ਜਾਂ ਕਿਸੇ ਦੇ ਨੁਕਸਾਨ ’ਚੋਂ ਖੁਸ਼ੀ ਮਿਲਦੀ ਹੈ। ਕਈ ਨਿੰਦਿਆ ਕਰਕੇ ਜਾਂ ਆਪਣੀ ਉਸਤੱਤ ਸੁਣ ਕੇ ਖੁਸ਼ ਹੁੰਦੇ ਹਨ। ਕਈ ਹੋਰਨਾਂ ਨੂੰ ਆਪਣੇ ਦਬਦਬੇ ਹੇਠ ਰੱਖ ਕੇ ਖੁਸ਼ ਹੁੰਦੇ ਹਨ। ਹਰ ਕਿਸੇ ਨੇ ਆਪੋ-ਆਪਣੇ ਖੁਸ਼ੀ ਦੇ ਢੰਗ ਲਭੇ ਹੋਏ ਹਨ ਭਾਵੇਂ ਖਾ ਪੀ ਕੇ, ਨਸ਼ਾ ਕਰਕੇ, ਖੇਡ ਕੇ ਜਾਂ ਨੱਚ-ਟੱਪ ਕੇ ਭਾਵ ਕਿ ਹਰੇਕ ਮਨੁੱਖ ਕਿਸੇ ਨ ਕਿਸੇ ਤ੍ਹਰਾਂ ਖੁਸ਼ੀ ਮਾਣਨਾ ਚਾਹੁੰਦਾ ਹੈ। ਮਨੁੱਖ ਦਾ ਹਰੇਕ ਉੱਦਮ ਓੜਕ ਖੁਸ਼ੀ ਵਾਸਤੇ ਹੀ ਹੁੰਦਾ ਹੈ।

ਖੁਸ਼ੀ ਦੇ ਬੇਅੰਤ ਤਰੀਕੇ ਵਰਤ ਕੇ ਵੀ, ਹਰ ਤਰ੍ਹਾਂ ਦੇ ਸੁਖਾਂ-ਸਾਧਨਾ ਨੂੰ ਵਰਤਣ ਦੇ ਬਾਵਜੂਦ ਵੀ ਐਸਾ ਕੀ ਕਾਰਣ ਹੈ ਕਿ ਮਨੁੱਖ ਦੀ ਖੁਸ਼ੀ ਸਦੀਵੀ ਨਹੀਂ ਰਹਿੰਦੀ ਬਲਕਿ ਦਿਨੋ ਦਿਨ ਘਟਦੀ ਜਾਂਦੀ ਹੈ ਅਤੇ ਉਦਾਸੀਨਤਾ, ਮਾਨਸਿਕ ਰੋਗ ਵੱਧਦੇ ਜਾ ਰਹੇ ਹਨ। ਉਹ ਕਿਹੜੇ ਕਾਰਨ ਜਾਂ ਲੱਛਣ ਹਨ ਜਿਨ੍ਹਾਂ ਬਾਰੇ ਵਿਚਾਰ ਕੀਤਿਆਂ ਪਤਾ ਲਗ ਸਕੇ ਕਿ ਸਦੀਵੀ ਖੁਸ਼ੀ ਸਾਨੂੰ ਕਿਉਂ ਪ੍ਰਾਪਤ ਨਹੀਂ ਹੁੰਦੀ? ਮਨੁੱਖ ਇੱਕਲਾ ਬੈਠ ਹੀ ਨਹੀਂ ਪਾਉਂਦਾ ਬਲਕਿ ਖੁਸ਼ੀ ਦੀ ਭਾਲ ’ਚ ਸਮੁੰਦਰ, ਪਹਾੜ, ਹੋਟਲ, ਸਿਨੇਮਾ, ਟੀ.ਵੀ ਜਾਂ ਦੋਸਤਾਂ ਮਿਤਰਾਂ ’ਚ ਖੱਚਤ ਰਹਿ ਕੇ ਘੁੰਮਦਾ-ਫਿਰਦਾ ਹੈ ਪਰ ਖੁਸ਼ੀ ਬਦਲੇ ਕਲ-ਕਲ ਵਾਲਾ ਹਿਰਦਾ ਅਤੇ ਮੁਰਝਾਇਆ ਚੇਹਰਾ ਲੈ ਕੇ ਹੀ ਘਰ ਪਰਤਦਾ ਹੈ। ਸਾਡੇ ਲੇਖ ਦਾ ਮੰਤਵ ਖੁਸ਼ੀ ਦੀ ਘਾਟ ਪੱਖੋਂ ਵਿਚਾਰ ਕਰਕੇ ਸਦੀਵੀ ਖੁਸ਼ੀ-ਖੇੜਾ ਪ੍ਰਾਪਤ ਕਰਣਾ ਹੈ। ਆਓ ਵਿਚਾਰੀਏ!

ਆਪਣੇ ਆਪ ਬਾਰੇ ਪੜਚੋਲ ਕਰੀਏ ਕਿ ਉਮਰ ਦੇ ਹਰ ਪੜਾਅ ’ਤੇ ਮੈਂ ਖੁਸ਼ੀ ਵਾਸਤੇ ਕੀ-ਕੀ ਕਰਦਾ ਸੀ? ਨਾ ਮਿਲਨ ’ਤੇ ਦੁਖੀ ਵੀ ਹੁੰਦਾ ਸੀ। ਮਨ ਮੁਤਾਬਿਕ ਖੁਸ਼ੀ ਮਿਲਨ ਮਗਰੋਂ ਵੀ ਘਰ ਪਰਤਨ ’ਤੇ ਮੈਂ ਫਿਰ ਛਿੱਥਾ, ਉਦਾਸ, ਵਿਆਕੁਲ, ਕ੍ਰੋਧਿਤ ਹੋ ਜਾਂਦਾ ਸੀ। ਮੈਨੂੰ ਪੱਕੇ ਫੋੜੇ ਵਾਂਗੂੰ ਕੋਈ ਜ਼ਰਾ ਜਿਹਾ ਕੁਝ ਕਹਿ ਦੇਵੇ, ਸਰੀਰਕ ਹਰਕਤ ਕਰ ਦੇਵੇ ਜਾਂ ਅੱਖ ਹੀ ਹਿਲਾ ਦੇਵੇ ਤਾਂ ਮੇਰੀ ਸਾਰੀ ਖੁਸ਼ੀ ਉਡ ਜਾਂਦੀ ਸੀ। ਇਹ ਵਿਚਾਰ ਆਪਣੇ ਬਾਰੇ ਕਰਕੇ ਆਸ ਪਾਸ ਦੀ ਦੁਨੀਆ ਪੱਖੋਂ ਵਿਚਾਰ ਕਰਨੀ ਲਾਹੇਵੰਦ ਸਿੱਧ ਹੋਵੇਗੀ।

ਅਸੀਂ ਇਸ ਪੜਚੋਲ ਨੂੰ ਇੱਕ ਮਾਂ ਦੇ ਪੱਖੋਂ ਵਿਚਾਰ ਕੇ ਵੇਖਦੇ ਹਾਂ। ਮਾਂ ਕੁਦਰਤ ਦੀ ਅਨਮੋਲ ਦਾਤ ਹੈ ਪਰ ਕੁਝ ਮਾਵਾਂ ਨਾ ਚਾਹ ਕੇ ਵੀ ਕਿਸ ਪੱਖੋਂ ਗਲਤੀ ਕਰਦੀਆਂ ਹਨ, ਉਨ੍ਹਾਂ ਬਾਰੇ ਘੋਖਦੇ ਹਾਂ।

1. ਪਹਿਲਾਂ ਮਾਂ ਚਾਹੁੰਦੀ ਸੀ ਮੇਰਾ ਬੱਚਾ ਹੋਵੇ ਅਤੇ ਉਹ ਬੱਚਾ ਹੋਣ ’ਤੇ ਖੁਸ਼ੀ ਵਧਾਈਆਂ ਅਤੇ ਮਿਠਾਈਆਂ ਲੈਣ ਦੇਣ ਤਕ ਹੀ ਰਹੀ, ਹੁਣ ਮਾਂ ਦਿਨ-ਰਾਤ ਬੱਚੇ ਦੇ ਬੇਵਕਤੇ ਸੌਣ-ਜਾਗਣ ਦੀ ਸ਼ਿਕਾਇਤ ਕਰਦੀ ਹੈ ਕਿ ਮੇਰੀ ਨੀਂਦ ਅਤੇ ਭੁੱਖ ਪੂਰੀ ਨਹੀਂ ਹੋਈ।

2. ਫਿਰ ਚਾਹੁੰਦੀ ਸੀ ਕਿ ਸਕੂਲ ਜਾਵੇਗਾ ਤਾਂ ਮੁਕਤ ਹੋਵਾਂਗੀ ਪਰ ਹੁਣ ਖੁਸ਼ੀ ਹੋਰ ਰੂਪ ਧਾਰ ਲੈਂਦੀ ਹੈ ਅਤੇ ਮਾਂ ਵੱਲੋਂ ਸਵੇਰੇ ਬੱਚੇ ਨੂੰ ਜਗਾਉਣ ਤੋਂ ਲੈ ਕੇ ਸਕੂਲ ਭੇਜਨਾ, ਵਾਪਸ ਲਿਆਉਣਾ, ਹੋਮਵਰਕ, ਖੇਡਾਂ ਅਤੇ ਟਯੁਸ਼ਨਾਂ ਦੀ ਘੁੰਮਣਘੇਰੀ ਕਾਰਨ ਮਾਂ ਖੁਸ਼ੀ ਬਦਲੇ ਸ਼ਿਕਾਇਤਾਂ ਜਾਂ ਗੁੱਸੇ ਦੀ ਬੱਸ ’ਤੇ ਹੀ ਸਵਾਰ ਰਹਿੰਦੀ ਹੈ। ਆਪਣੀ ਖੁਸ਼ੀ ਨੂੰ ਆਪ ਨਿਹੋਰੇ ਗਿਲੇ ਸ਼ਿਕਵੇ ’ਚ ਬਦਲ ਦੇਂਦੀ ਹੈ।

ਪਹਿਲੀਆਂ ਮਾਵਾਂ 8-10 ਬੱਚੇ ਜੰਮ ਕੇ ਵੀ ਖੁਸ਼ੀ ਬਰਕਰਾਰ ਰੱਖਦੀਆਂ ਸਨ। ਘਰ ਆਏ ਮਹਿਮਾਨਾਂ ਨੂੰ ਖਿੜੇ ਮੱਥੇ ਮਿਲਦੀਆਂ, ਬਜ਼ੁਰਗਾਂ ਜਾਂ ਪਤੀ ਦੀ ਪੂਰੀ-ਪੂਰੀ ਸੇਵਾ ਨਿਭਾ ਕੇ ਵੀ ਖਿੜੀਆਂ ਰਹਿੰਦੀਆਂ ਸਨ।

3. ਹੁਣ ਦੀ ਮਾਂ ਕੋਲ ਪਹਿਲੀਆਂ ਮਾਵਾਂ ਤੋਂ ਪੜ੍ਹਾਈ ਅਤੇ ਸੁੱਖ ਸਾਧਨਾਂ ਦੀ ਬਹੁਤਾਤ ਹੈ ਫਿਰ ਕੀ ਅਲੋਪ ਹੋ ਗਿਆ ਜੋ ਅੱਜ ਦੀ ਮਾਂ ਦੀ ਉਦਾਸੀਨਤਾ ਅਤੇ ਗੁੱਸਾ ਵੱਧ ਗਿਆ। ਆਪਣੇ ਆਪ ਵੱਲ ਨਿਰਪੱਖ ਝਾਤੀ ਮਾਰ ਕੇ ਆਪਣੀ ਪੜਚੋਲ ਬਿਨਾ ਕਿਸੀ ’ਤੇ ਉਂਗਲ ਚੁਕਿਆਂ ਕਰਨੀ ਹੈ।

4. ਪਹਿਲਾਂ ਮਾਂ ਘੱਟ ਪੜੀ ਸੀ ਅਤੇ ਬੱਚੇ ਵੀ ਪਰ ਹੁਣ ਦੋਵਾਂ ਦੀ ਪੜ੍ਹਾਈ ਸ਼ਿਖਰਾਂ ’ਤੇ ਹੈ - ਖੁਸ਼ੀ ਕਿੱਥੇ ਗਈ?

5. ਸਾਡੇ ਬੀਜੀ ਕਹਿੰਦੇ ਹਨ ਕਿ ਕਈ ਮਾਵਾਂ ਸਾਰੀ ਉਮਰ ਟੱਬਰ ਜਾਂ ਬੱਚਿਆ ਦਾ ਸਭ ਕੁਝ ਕਰਕੇ ਕਹਿੰਦੀਆਂ ਹਨ, ‘ਅੰਬ ਦਾ ਬੂਟਾ ਮੈਂ ਪਾਣੀ ਪਾ-ਪਾ ਪਾਲਿਆ, ਅੰਬ ਤੋੜੇ ਲੋਕਾਂ, ਮੈਂ ਤਾਂ ਕੂੜਾ ਜ਼ਫਰ ਜਾਲਿਆ’। ਜਦੋਂ ਮਾਂ ਇਹ ਸੋਚ ਲਵੇ ਕਿ ਮੈਂ ਬੱਚੇ ਬਣਾਏ, ਪੜ੍ਹਾਏ, ਵੱਡੇ ਕੀਤੇ, ਡਾਕਟਰ ਇੰਜੀਨਿਅਰ ਬਣਾਏ ਪਰ ਮੈਨੂੰ ਕੀ ਮਿਲਿਆ? ਬਸ! ਇਸੇ ਖਿਆਲ ਨੇ ਸਭ ਕੁਝ ਕਰਨ ਦੀ ਖੁਸ਼ੀ ਨੂੰ ਮਾਣਨ ਬਦਲੇ ਖੁਸ਼ੀ ਦਾ ਬੈਂਕ ਲੁੱਟ ਲਿਆ। ਆਪਣੇ ਹੱਥੀਂ ਆਪਣਾ ਬੇੜਾ ਰੋੜ ਦਿੱਤਾ। ਖੁਸ਼ੀ ਗਈ, ਉਦਾਸੀਨਤਾ ਦਾ ਕੀੜਾ ਆ ਵੜਿਆ।

ਜਿਹੜੀ ਮਾਂ ਕੁਦਰਤ ਦੇ ਨਿਯਮ ਸਮਝ ਕੇ ਇਹ ਸਭ ਕੁਝ ਕਰਦੀ ਹੈ ਤਾਂ ਨਿਸ਼ਕਾਮ ਮਾਂ ਵਾਲਾ ਜਜ਼ਬਾ ਮਾਣਦੀ ਹੈ, ਖੇੜੇ ’ਚ ਰਹਿੰਦੀ ਹੈ। ਕਿਸੇ ਨੂੰ ਗਿਲੇ ਸ਼ਿਕਵੇ ਜਾਂ ਪਛਤਾਵਾ ਕੀਤੇ ਬਿਨਾ, ਵਿਚਾਰਦੀ ਹੈ ਕਿ ਮੈਂ ’ਤੇ ਇੱਕ ਮਾਂ ਦਾ ਰੋਲ ਅਦਾ ਕੀਤਾ, ਜੋ ਕੁਦਰਤ ਨੇ ਮੈਨੂੰ ਬਖ਼ਸ਼ਿਆ। ਰੋਲ ਅਦਾ ਕਰਨ ਮਗਰੋਂ ਨਹੀਂ, ਬਲਕਿ ਅਦਾ ਕਰਦਿਆਂ ਖੁਸ਼ੀ ਮਾਣੀ ਹੈ, ਮੈਂ ਉਸੀ ਦੇ ਲੋਰ, ਹੁਲਾਰੇ ਨੂੰ ਮਾਣਨਾ ਹੈ, ਬਾਕੀ ਬੱਚੇ ਜਾਂ ਵੱਡੇ ਜਾਣਨ। ਜੇ ਬੱਚੇ ਚਲੇ ਗਏ ਤਾਂ ਵੀ ਦੁਖੀ ਨਹੀਂ ਹੁੰਦੀ, ਜੇ ਕੋਲ ਹਨ ਤਾਂ ਵੀ ਦੁਖੀ ਨਹੀਂ ਹੁੰਦੀ।

6. ਜੇ ਨੂੰਹ- ਪੁਤੱਰ ਅਲਗ ਹੋਏ ਤਾਂ ਦੁਖੀ, ਜੇ ਨਾਲ ਰਹਿਣ ਤਾਂ ਦਿਨ-ਰਾਤ ਕੰਮਾਂ ’ਚ ਖੱਚਤ ਮਾਂ ਦਾ ਦੁੱਖ ਖੁਸ਼ੀ ਘਟਾਉਂਦਾ ਹੈ। ਪਰ ਉਨ੍ਹਾਂ ਦੇ ਨਾਲ ਰਹਿਣ ਦੀ ਹਰੇਕ ਪੱਖੋਂ ਸੇਵਾ ਕਰਕੇ ਖੁਸ਼ੀ ਮਾਣਨ ਵਾਲੀ ਮਾਂ ਸ਼ਿਕਵੇ ਸ਼ਿਕਾਇਤਾਂ ਤੋਂ ਉੱਪਰ ਹੋ ਕੇ ਸਦੀਵੀ ਖੁਸ਼ੀ ਮਾਣਦੀ ਹੈ।

ਭਾਵੇਂ ਅਸੀਂ ਮਾਤਾ-ਪਿਤਾ ਜਾਂ ਕਿਸੀ ਵੀ ਰਿਸ਼ਤੇ ’ਚ ਹਾਂ, ਵਿਚਾਰ ਆਪਣੇ ਪੱਖੋਂ ਕਰਨੀ ਹੈ। ਜਿਨ੍ਹਾਂ ਮਾਂਵਾਂ ਨੂੰ ਕੋਈ ਉਦਾਸੀਨਤਾ ਨਹੀਂ ਹੈ ਉਹ ਧੰਨਤਾਯੋਗ ਹਨ। ਉਨ੍ਹਾਂ ਪੱਖੋਂ ਲੇਖ ’ਚ ਖੁਸ਼ੀ ਦੀ ਘਾਟ ਨਹੀਂ ਵਿਚਾਰੀ ਜਾ ਰਹੀ।
ਮਾਂ ਦੀ ਮਿਸਾਲ ਵਰਤ ਕੇ ਆਪਣੀ-ਆਪਣੀ ਵਿਚਾਰ ਦੀ ਤਹਿ ਤਕ ਜਾਣ ਦਾ ਉੱਦਮ ਕਰਕੇ ਵੇਖੀਏ, ਕਿ ਖੁਸ਼ੀ, ਖੇੜਾ, ਵਿਗਾਸ, ਅਨੰਦ ਜੈਸੇ ਅਨੇਕਾਂ ਅੱਖਰਾਂ ਦਾ ਮਤਲਬ ਹਮੇਸ਼ਾ ਦੀ ਖੁਸ਼ੀ ਹੈ ਜਾਂ ਨਹੀਂ? ਸਦੀਵੀ ਖੁਸ਼ੀ, ਅਨੰਦ ਜਾਂ ਵਿਗਾਸ ਸਾਡੇ ਬਾਹਰਲੇ ਹਾਲਾਤ ਕਰਕੇ ਨਹੀਂ, ਇਹ ਤਾਂ ਸਾਡੇ ਮਨ ਦੀ ਅਵਸਥਾ ਹੈ। ਕੁਝ ਐਸੇ ਪੱਖ ਹਨ ਜਿਨ੍ਹਾਂ ਨੂੰ ਸੁਰਤ-ਮਤ ਵਿਚ ਸਹਿਜੇ ਹੀ ਨਾ ਜਿਊਣ ਕਾਰਨ ਸਦੀਵੀ ਖੁਸ਼ੀ ਬਰਕਰਾਰ ਨਹੀਂ ਰਹਿੰਦੀ।

1. ਅਸੀਂ ਕਿਸੀ ਨੂੰ ਸੁੱਖ ਸਹੂਲਤਾਂ, ਕੰਮਾਂ ਦੇ ਵਾਧੇ ਜਾਂ ਕਾਮਯਾਬੀ ਪੱਖੋਂ ਵੇਖ ਕੇ ਕਹਿੰਦੇ ਹਾਂ ਫਲਾਣਾ ਖੁਸ਼ ਹੋਵੇਗਾ ਪਰ ਇਹ ਜ਼ਰੂਰੀ ਨਹੀਂ।

2. ਕਿਸੇ ਦਾ ਉੱਚਾ-ਉੱਚਾ ਹਾਸਾ ਇਸ ਗੱਲ ਦਾ ਸਬੂਤ ਨਹੀਂ ਕਿ ਅੰਦਰ ਵੀ ਖੇੜਾ ਅਤੇ ਅਨੰਦ ਹੈ।

3. ਕਈਆਂ ਕੋਲ ਸੁੱਖ ਸਹੂਲਤਾਂ, ਸਾਧਨ, ਕੰਮ-ਕਾਜ, ਪੈਸਾ ਜਾਂ ਐਸੀ ਕਈਆਂ ਚੀਜ਼ਾਂ ਦੀ ਘਾਟ ਹੁੰਦੀ ਹੈ। ਇਸਦਾ ਮਤਲਬ ਇਹ ਨਹੀਂ ਕਿ ਉਹ ਖੁਸ਼ੀ, ਖੇੜੇ ’ਚ ਨਹੀਂ ਹਨ।

4. ਸਾਡਾ ਮਨ ਭਟਕਦਾ ਹੈ, ਘਰੋਂ ਬਾਹਰ, ਮਾ-ਪਿਆਂ ਤੋਂ ਦੂਰ, ਕਿਥੇ ਵੀ ਡੱਕੇ-ਡੋਲੇ ਖਾਂਦਾ ਹੈ ਤਾਂ ਸਦੀਵੀ ਖੁਸ਼ੀ ਖੇੜਾ ਅਨੰਦ ’ਚ ਨਹੀਂ ਹੈ। ਹੱਥ ਦੇ ਤੋਤੇ ਉਡਾ ਕੇ, ਉਡਦੇ ਤੋਤੇ ਫੜਨਾ ਸਾਡੇ ਅੰਦਰ ਦੀ ਖੁਸ਼ੀ ਨੂੰ ਮਾਣਨ ਨਹੀਂ ਦੇਂਦਾ ਬਲਕਿ ਉਸ ਤੋਂ ਦੂਰ ਲੈ ਜਾਂਦਾ ਹੈ।

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 876)

5. ਕਈ ਵਾਰ ਅਸੀਂ ਹਾਜ਼ਰ ਹੋ ਕੇ ਵੀ ਮਨ ਦੇ ਤਲ `ਤੇ ਗੈਰ ਹਾਜ਼ਰ ਹੁੰਦੇ ਹਾਂ ਅਤੇ ਅੰਦਰ ਦੀ ਖੁਸ਼ੀ ਗਵਾ ਲੈਂਦੇ ਹਾਂ। ਇਹੋ ਉਦਾਸੀਨਤਾ ਦੀ ਸ਼ੁਰੂਆਤ ਹੈ।

ਅਸੀਂ ਹੁਣ ਤਕ ਸਾਧਾਰਨ ਤੌਰ ’ਤੇ ਅਤੇ ਮਾਂ ਪੱਖੋਂ ਵਿਚਾਰਿਆ ਕਿ ਕਿਹੜੇ-ਕਿਹੜੇ ਕਾਰਨਾਂ ਜਾਂ ਖਿਆਲਾਂ ਵਲ ਧਿਆਨ ਨਾ ਦੇਣ ਕਰਕੇ ਅਸੀਂ ਖੁਸ਼ੀ ਗਵਾ ਬੈਠਦੇ ਹਾਂ। ਹੁਣ ਅਸੀਂ ਕੁਝ ਨੁਕਤਿਆਂ ਦੀ ਸਾਂਝ ਕਰਦੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਢਾਲੀਏ ਤਾਂ ਸਦੀਵੀ ਖੁਸ਼ੀ, ਖੇੜਾ, ਅਨੰਦ ਮਾਣ ਸਕਦੇ ਹਾਂ।

1. ਸੁੱਖ-ਦੁੱਖ, ਮਾਨ-ਅਪਮਾਨ, ਨਫੇ-ਨੁਕਸਾਨ, ਸੁੱਖ ਸਹੂਲਤਾਂ ਹੋਣ ਜਾਂ ਨਾ ਹੋਣ, ਹਰੇਕ ਸਮੇਂ ਮਾਨਸਿਕ ਸੰਤੁਲਨ ਬਣਾਈ ਰੱਖਣਾ ਸਾਡੀ ਖੁਸ਼ੀ ਨੂੰ ਬਰਕਰਾਰ ਰੱਖਦਾ ਹੈ। ਅੰਦਰੋਂ ਅਨੰਦ ਹੈ ਤਾਂ ਅਸੀਂ ਖਿੜੇ ਰਹਾਂਗੇ।

2. ‘ਹਾਏ! ਮੁਸ਼ਕਲਾਂ ਨਾ ਆਉਣ!’ ਵਾਲੀ ਬਿਰਤੀ ਸਾਡੀ ਖੁਸ਼ੀ ਦੇ ਟੋਕਰੇ ਨੂੰ ਖਾਲੀ ਕਰਦੀ ਹੈ। ਜੇ ਆਪਣੇ ਫਰਜ਼ ਜਾਂ ਆਉਣ ਵਾਲੀਆਂ ਔਕੜਾਂ ਤੋਂ ਡਰ ਕੇ ਚਿੰਤਾ ’ਚ ਗ੍ਰੱਸੇ ਤਾਂ ‘ਸਦੀਵੀ ਖੁਸ਼ੀ’ ਵਾਲਾ ਪੰਛੀ ਉਡ ਜਾਂਦਾ ਹੈ। ਆਪਣੀਆਂ ਮੁਸ਼ਕਲਾਂ ਨੂੰ ਅੱਗੇ ਹੋ ਵੇਖਣਾ, ਸਾਮ੍ਹਨਾ ਕਰਨਾ, ਹਾਰ- ਜਿੱਤ ਤੋਂ ਬਿਨਾ ਜੂਝਨਾ ਸਾਡੇ ਅੰਦਰ ਦੇ ਖੇੜੇ ਅਨੰਦ ਨੂੰ ਬਰਕਰਾਰ ਰੱਖਣ ਦੀ ਬਿਬੇਕਤਾ ਹੈ।

3. ਜੇ ਮਨ ਦੀ ਮਰਜ਼ੀ ਪੂਰੀ ਤਾਂ ਖੁਸ਼, ਮੇਰੀ ਮੰਨੀ ਗਈ ਤਾਂ ਖੁਸ਼ ਵਰਨਾ ਉਦਾਸ। ਮੇਰੇ ਮੁਤਾਬਿਕ ਘਰ, ਦੁਨੀਆ ਚਲੇ ਤਾਂ ਖੁਸ਼ ਵਰਨਾ ਨਹੀਂ। ਇਸ ਅਵਸਥਾ ਤੋਂ ਛੁੱਟਣਾ ਹੀ ਖੁਸ਼ੀ ਅਨੰਦ ਹੈ।

4. ਕਾਮਯਾਬੀ-ਨਾਕਾਮਯਾਬੀ ਅਤੇ ਅਖੌਤੀ ਅਮੀਰੀ-ਗਰੀਬੀ ਦੋਵਾਂ ’ਚ ਖੁਸ਼ੀ ਨਹੀਂ ਹੈ। ਦਰਅਸਲ ਖੁਸ਼ੀ ਅੰਦਰ ਦੀ ਅਵਸਥਾ ਹੈ। ਰੱਬ ਹਰ ਮਨੁੱਖ ਅੰਦਰ ਵਸਦਾ ਹੈ ਅਤੇ ਰੱਬੀ ਗੁਣਾਂ ਦਾ ਅਨਮੋਲ ਖਜ਼ਾਨਾ ਵੀ ਹਰੇਕ ਦੇ ਅੰਦਰ ਹੀ ਹੈ। ਜੋ ਮਨੁੱਖ ਸਤਿਗੁਰ ਦੀ ਮਤ ਦੀ ਕੁੰਜੀ ਨਾਲ ਅਨਮੋਲ ਖਜ਼ਾਨਾ ਖੋਲਦਾ ਹੈ ਤਾਂ ਸਹਿਜ ਅਤੇ ਸੰਤੋਖ ਜੈਸੇ ਰੱਬੀ ਗੁਣਾਂ ਰਾਹੀਂ ਅਨੰਦ ਪ੍ਰਾਪਤ ਕਰ ਲੈਂਦਾ ਹੈ।

5. ਜੋ ਮਨੁੱਖ ਸੰਤੋਖੀ ਹੁੰਦਾ ਹੈ ਉਹ ਹਰ ਹਾਲ ’ਚ ਖੁਸ਼ ਰਹਿੰਦਾ ਹੈ। ਉਸਦੀ ਖੁਸ਼ੀ ਨੂੰ ਕੋਈ ਖੋਹ ਨਹੀਂ ਸਕਦਾ। ਖੇੜੇ ਅਤੇ ਖੁਸ਼ੀ ਦਾ ਮੂਲ ਅਧਾਰ ਸੰਤੋਖ ਹੀ ਹੈ।

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥2॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 757)

ਵੀਰ ਭੁਪਿੰਦਰ ਸਿੰਘ
.