.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਸਤਾਰਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪੰਥਕ ਵਿਗਾੜ ਦਿਨੋਦਿਨ ਵਾਧੇ `ਤੇ- ਸੰਨ ੧੯੪੭ `ਚ ਭਾਰਤ ਆਜ਼ਾਦ ਹੋਇਆ। ਵਿਚਾਰਣ ਦਾ ਵਿਸ਼ਾ ਹੈ, ਲਗਭਗ ਇਨ੍ਹਾਂ ੬੦ ਸਾਲਾਂ `ਚ ਹੀ ਵਿਰਲਿਆਂ ਨੂੰ ਛੱਡ ਕੇ ਅੱਜ ਸਮੂਚੀ ਸਿੱਖ ਕੌਮ ਅਣਮੱਤੀ ਅਤੇ ਖਾਸਕਰ ਵਿਪ੍ਰਨ ਦੀ ਰੀਤਾਂ ਦੇ ਖੀਰ ਸਮੁੰਦਰ `ਚ ਡੁੱਬ ਚੁੱਕੀ ਹੈ। ਬਲਕਿ ਵਿਰੋਧੀ ਅਜੰਸੀਆਂ ਅਤੇ ਸਾਜ਼ਿਸ਼ਾਂ ਦਾ ਅਸਰ, ਤੇਜ਼ੀ ਨਾਲ ਤਬਾਹ ਵੀ ਕੀਤੀ ਜਾ ਰਹੀ ਹੈ। ਇਸੇ ਤੋਂ ਅੱਜ ਸਿੱਖ ਪਨੀਰੀ ਵੱਲ ਦੇਖੋ ਤਾਂ ਉਥੇ ਪਤਿੱਤਪੁਣੇ, ਨਸ਼ਿਆਂ ਤੇ ਲੱਚਰ ਗਾਇਕੀ ਦਾ ਹੜ ਆਇਆ ਪਿਆ ਹੈ। ਫ਼ਿਰ ਜੇ ਗੱਲ ਕਰਦੇ ਹਾਂ ਸਿੱਖਾਂ ਦੇ ਅਜੋਕੇ ਆਗੂਆਂ ਅਤੇ ਨੇਤਾਗਣ ਦੀ, ਤਾਂ ਉਥੇ ਵੀ ਨਾ ਪੰਥ ਪਾਸ ਨਾ ਉਹ ਅਕਾਲੀ ਦਲ ਬਚਿਆ ਹੈ ਤੇ ਨਾ ਸੰਨ ੧੮੭੩ ਵਾਲੀ ਅਸਲ ਸਿੰਘ ਸ਼ਭਾ ਲਹਿਰ। ਇਸੇ ਕਾਰਣ ਅੱਜ ਸਾਡੇ ਪਾਸ ਨਾ ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਤੇ ਨਾ ਭਾਈ ਗੁਰਮੁਖ ਸਿੱਘ ਆਦਿ ਦੇ ਪਾਏ ਦੇ ਸਿੱਖੀ ਦਰਦ ਅਤੇ ਸਿੱਖੀ ਜੀਵਨ ਵਾਲੇ ਸਿੱਖ ਆਗੂ ਹੀ ਹਨ। ਜੇ ਸਾਰੇ ਨਹੀਂ ਤਾਂ ਵੀ ਅਜੋਕੇ ਸਿੱਖ ਆਗੂ ਤਾਂ ਬਹੁਤਾ ਕਰਕੇ ਵਿਕਾਊ ਮਾਲ ਅਥਵਾ ਨਿਤਾਂਤ ਸੁਆਰਥੀ ਸੋਚ ਅਤੇ ਜੀਵਨ ਵਾਲੇ ਹੀ ਸਾਬਤ ਹੋ ਰਹੇ ਹਨ।

ਠੀਕ ਇਸੇ ਤਰ੍ਹਾਂ, ਸੰਨ ੧੭੧੬ ਬਾਬਾ ਬੰਦਾ ਸਿੱਘ ਜੀ ਬਹਾਦੁਰ ਦੀ ਸ਼ਹਾਦਤ ਅਤੇ ਸੰਨ ੧੭੯੯ ਜਦੋਂ ਮਹਾਰਾਜਾ ਰਣਜੀਤ ਸਿੱਘ ਦੇ ਰੂਪ `ਚ ਖ਼ਾਲਸਾ ਰਾਜ ਕਾਇਮ ਹੋਇਆ, ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਲਗਾਤਾਰ ਕਿੰਨੀਆਂ ਹੀ ਪੀੜ੍ਹੀਆਂ ਤੀਕ, ਸਾਡੇ ਜਿੱਤਨੇ ਵੀ ਗੁਰਬਾਣੀ ਦੇ ਪ੍ਰਚਾਰਕ, ਲਿਖਾਰੀ ਅਤੇ ਕੀਰਤਨੀ ਸੱਜਨ ਉਭਰੇ, ਵਿਰਲਿਆਂ ਨੂੰ ਛੱਡ ਕੇ ਉਨ੍ਹਾਂ `ਚੋਂ ਬਹੁਤੇ ਸ਼ਕਲ ਪੱਖੋਂ ਤਾਂ ਭਾਂਵੇ ਸਿੱਖ ਹੀ ਰਹੇ ਹੋਣਗੇ ਪਰ ਮਨ ਅਤੇ ਜੀਵਨ ਕਰਕੇ ਉਹ ਸਿੱਖ ਨਹੀਂ ਸਨ। ਉਸ ਦੌਰਾਨ, ਉਹ ਲੋਕ, ਬਹੁਤਾ ਕਰਕੇ ਮਹੰਤਾਂ-ਪੁਜਾਰੀਆਂ, ਬੇਦੀਆਂ-ਸੋਢੀਆਂ, ਫ਼ਿਰ ਅਨਪੜ੍ਹ ਜਾਂ ਪੜ੍ਹੇ ਲਿਖੇ ਵਰਗਾਂ ਦੇ ਬ੍ਰਾਹਮਣਾਂ `ਚੋਂ ਨਿਰਮਲੇ ਉਪ੍ਰੰਤ ਉਦਾਸੀ ਵੀ ਉਹ ਸਨ ਜਿਹੜੇ ਕਿ ਦੂਜੀ ਸ਼੍ਰੇਣੀ ਦੇ ਹੀ ਸਨ।

ਧਿਆਨ ਦੇਣ ਗੱਲ ਹੈ, ਬੇਸ਼ੱਕ ਅਣਪੜ, ਭਾਵੇਂ ਪੜਿਆ-ਲਿਖਿਆ ਵਿਦਵਾਨ, ਓਦੋਂ ਉਹ ਬ੍ਰਾਹਮਣ ਵਰਗ ਵੀ ਕੋਈ ਹੋਰ ਨਹੀਂ ਸੀ। ਇਹ ਉਹੀ ਬ੍ਰਾਹਮਣ ਵਰਗ ਸੀ, ਜਿਸ ਨੇ ਭਾਰਤ `ਚ ਸਮ੍ਰਾਟ ਅਸ਼ੋਕ ਤੇ ਹਰਸ਼ਵਰਧਨ ਸਮੇਂ ਜਨਮੇ, ਪ੍ਰਵਾਣ ਚੜ੍ਹੇ, ਬਲਕਿ ਲਗਾਤਾਰ ੧੩੦੦ ਸਾਲ ਤੀਕ ਭਾਰਤ `ਚ ਬਲਸ਼ਾਲੀ ਰਾਜ ਦੀਆਂ ਜੜ੍ਹਾਂ ਜਮਾ ਚੁੱਕੇ ਤੇ ਰਾਜ ਪਾਠ ਦੇ ਮਾਲਿਕ ਰਹਿ ਚੁੱਕੇ, ਉਪ੍ਰੰਤ ਭਾਰਤ ਦੇ ਕੌਣੇ-ਕੌਣੇ `ਚ ਫੈਲ ਚੁੱਕੇ ਬੁਧ ਮੱਤ ਨੂੰ, ਸ਼ੰਕਰਾਚਾਰੀਆ (ਬ੍ਰਾਹਮਣ) ਦੀ ਅਗਵਾਈ `ਚ ਪੂਰੀ ਤਰ੍ਹਾਂ ਨੇਸਤੋ-ਨਾਬੂਦ ਕਰ ਦਿੱਤਾ ਗਿਆ ਸੀ। ਫ਼ਿਰ ਉਸ ਤੋਂ ਬਾਅਦ ਬੁੱਧ ਮੱਤ ਜੇਕਰ ਬਚਿਆ ਸੀ ਤਾਂ ਉਹ ਭਾਰਤ ਤੋਂ ਬਾਹਰ ਵਿਦੇਸ਼ਾਂ `ਚ ਜਾ ਕੇ ਫੈਲਿਆ ਅਤੇ ਬਚਿਆ ਸੀ, ਭਾਰਤ `ਚ ਨਹੀਂ ਸੀ ਬੱਚ ਸਕਿਆ।

ਬ੍ਰਾਹਮਣ ਨੇ ਆਪਣੀ ਸਾਮ-ਦਾਮ-ਦੰਡ-ਭੇਦ ਵਾਲੇ ਚੌਤਰਫਾ ਹਮਲੇ ਅਤੇ ਬੜੀ ਕੁਟਲਨੀਤੀ ਨਾਲ, ਪਹਿਲਾਂ ਤਾਂ ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਘੋਸ਼ਤ ਕੀਤਾ। ਫ਼ਿਰ ਉਸ ਨੇ ਸਹਿਜੇ ਹੀ ਮਹਾਤਮਾ ਬੁਧ ਨੂੰ ਵੀ ਆਪਣੇ ਭਿੰਨ-ਭਿੰਨ ਇਸ਼ਟਾਂ ਦੀ ਚਲਦੀ ਆ ਰੀ ਲੜੀ `ਚ ਜੋੜ ਲਿਆ ਅਤੇ ਮਹਾਤਮਾ ਬੁਧ ਦੀਆਂ ਮੂਰਤੀਆਂ ਨੂੰ ਬੜੇ ਸਲੀਕੇ ਨਾਲ, ਆਪਣੇ ਮੰਦਰਾਂ `ਚ ਵੀ ਟਿਕਾਅ ਦਿੱਤਾ।

ਮਿਲਦੇ ਵੇਰਵਿਆਂ ਅਨੁਸਾਰ, ਉਨ੍ਹਾਂ ਲੋਕਾਂ ਨੇ ਬੁੱਧ ਮੱਤ ਦੀ ‘ਰਹਿਤ ਮਰਿਆਦਾ’ ਅਤੇ ਸਮੂਚੇ ਸਾਹਿਤ ਨੂੰ ਖਲਤ-ਮਲਤ ਕਰ ਕੇ, ਉਸ ਸਾਰੇ ਨੂੰ ਮਨ ਮਰਜ਼ੀ ਦਾ ਆਪਣਾ ਬ੍ਰਹਾਮਣੀ ਰੰਗ ਚੜ੍ਹਾਇਆ। ਇਸ ਤਰ੍ਹਾਂ ਉਸ ਨੇ ਆਬਾਦੀਆਂ `ਚ ਵੱਸਦੇ ਬੋਧੀਆਂ ਦੇ ਜੀਵਨ `ਚੋਂ, ਬੁੱਧ ਮੱਤ ਦੀ ਅਸਲੀਅਤ ਪੂਰੀ ਤਰ੍ਹਾਂ ਭੁਲਵਾ ਦਿੱਤੀ। ਦੂਜੇ, ਪਾਸੇ ਸਿੱਧੇ ਹਮਲੇ ਕਰ ਕੇ, ਬੁੱਧ ਮੱਤ ਦੇ ਗਇਆ ਵਿੱਚਲੇ ਮੁੱਖ ਇਤਿਹਾਸਕ ਵੱਟ ਬਿਰਖ ਸਮੇਤ, ਸਮੂਹ ਮੱਠਾਂ ਅਤੇ ਧਰਮ ਸਥਾਨਾਂ ਨੂੰ ਜਾਂ ਤਾਂ ਬਰਬਾਦ ਕਰ ਦਿੱਤਾ ਜਾਂ ਉਨ੍ਹਾਂ ਦੇ ਰੰਗ ਰੂਪ ਬਦਲ ਕੇ ਉਨ੍ਹਾਂ `ਤੇ ਆਪਣਾ ਰੰਗ ਚੜ੍ਹਾ ਕੇ ਅਪਣੇ ‘ਇਤਿਹਾਸਕ’ ਮੰਦਰਾਂ `ਚ ਤਬਦੀਲ ਕਰ ਲਿਆ ਜਾਂ ਉਨ੍ਹਾਂ ਦੇ ਇਤਿਹਾਸਕ ਸਥਾਨਾ ਨੇੜੇ ਆਪਣੇ ਮੰਦਿਰ ਖੜੇ ਕਰ ਲਏ ਆਦਿ. . ।

ਉਸ ਦੌਰਾਨ ਅਨਗਿਣਤ ਬੌਧ ਭਿਕਸ਼ੂ ਜਾਂ ਤਾਂ ਮਾਰ ਮੁਕਾਏ ਗਏ ਜਾਂ ਉਹ ਲੋਕ ਆਪਣੀਆਂ ਜਾਣਾਂ ਬਚਾਉਣ ਲਈ, ਆਪਣੀ ਜਨਮ-ਭੂਮੀ ਭਾਰਤ ਨੂੰ ਤਿਆਗ ਕੇ ਵਿਦੇਸ਼ਾਂ `ਚ ਜਾਣ ਲਈ ਮਜਬੂਰ ਹੋ ਗਏ। ਇਸ ਤਰ੍ਹਾਂ ਇਤਿਹਾਸ ਦੇ ਪੰਨਿਆਂ `ਤੇ ਇਸ ਸੰਬੰਧ `ਚ ਹੋਰ ਵੀ ਬਹੁਤੇਰਾ ਵੇਰਵਾ ਮਿਲਦਾ ਹੈ।

ਬੁਧ ਮੱਤ ਬਨਾਮ ਸਿੱਖ ਮੱਤ- ਉਪ੍ਰੰਤ ਕਾਮ-ਸਾਮ-ਰਾਜ-ਦੰਡ `ਚ ਮਾਹਿਰ ਜਿਸ ਬ੍ਰਾਹਮਣ ਵਰਗ ਨੇ ਓਦੋਂ ਬੁੱਧ ਮੱਤ ਦਾ ਭਾਰਤ `ਚੋਂ ਬੀਜ ਨਾਸ ਕੀਤਾ ਸੀ, ਹੁਣ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਉਸ ਦੇ ਉਹੀ ਹਥਿਆਰ ਪੂਰੀ ਤਰ੍ਹਾਂ ਸਿੱਖ ਧਰਮ ਵੱਲ ਮੁੜੇ ਹੋਏ ਸਨ। ਬਲਕਿ ਅੱਜ ਤਾਂ ਉਸ ਨੂੰ ਗੁਰਦੁਆਰਿਆਂ ਉਪਰ ਹਮਲੇ ਕਰਣ ਦੀ ਵੀ ਬਹੁਤੀ ਲੋੜ ਨਹੀਂ ਸੀ, ਕਿਉਂਕਿ ਅੱਜ ਇਥੇ ਤਾਂ ਉਹ ਸਿੱਖ ਧਰਮ ਦੇ ਪ੍ਰਚਾਰ ਦਾ ਕਰਤਾ-ਧਰਤਾ ਹੀ ਆਪ ਬਣਿਆ ਹੋਇਆ ਸੀ। ਇਸ ਤਰ੍ਹਾਂ ਉਸ ਦੌਰਾਨ ਬ੍ਰਾਹਮਣ, ਉਦਾਸੀ, ਨਿਰਮਲੇ, ਮਹੰਤ, ਪੁਜਾਰੀ ਬਲਕਿ ਗੁਰੂ ਪ੍ਰਵਾਰਾਂ ਨਾਲ ਸੰਬੰਧਤ ਧੀਰਮਲੀਏ, ਰਾਮਰਈਏ, ਪ੍ਰੀਥੀਏ ਫ਼ਿਰ ਕੁੱਝ ਬੇਦੀ ਅਤੇ ਸੋਢੀ ਵੰਸ਼ਜ ਆਦਿ ਭਾਵ ਸਾਰੇ ਹੀ ਆਪਣੇ-ਆਪਣੇ ਢੰਗ ਨਾਲ, ਗੁਰੂ ਦਰ ਲਈ ਇੱਕ ਤੋਂ ਵੱਧ ਦੂਜਾ ਵਿਰੋਧੀ ਤੇ ਖ਼ੱਤਰਨਾਕ ਸਾਬਤ ਹੋ ਰਹੇ ਸਨ।

ਆਪਣੀ-ਆਪਣੀ ਜਗ੍ਹਾ `ਤੇ ਹਰੇਕ ਦਾ ਜ਼ੋਰ ਅਪਣੇ ਹੀ ਡੇਰੇ ਅਤੇ ਸਮੁਦਾਯ ਨੂੰ ਆਪਣੇ ਵੱਖਰੇ ਢੰਗ ਨਾਲ, ਗੁਰਬਾਣੀ ਤੋਂ ਪ੍ਰਗਟ ਅਸਲ ਸਿੱਖੀ ਜੀਵਨ ਦੀ ਚਾਸ਼ਨੀ ਚੜ੍ਹਾ ਕੇ, ਆਪਣੀ-ਆਪਣੀ ਵਿਚਾਰਧਾਰਾ ਨੂੰ ਉਪਰ ਲਿਆਉਣਾ ਸੀ। ਜਦਕਿ ਦੂਜੇ ਪਸੇ, ਗੁਰੂ ਕੀਆਂ ਸੰਗਤਾਂ ਤਾਂ ਹੁਣ ਹੈਣ ਹੀ ਇੰਨ੍ਹਾਂ ਭਿੰਨ-ਭਿੰਨ ਲੋਕਾਂ, ਡੇਰਿਆਂ ਅਤੇ ਸ਼੍ਰੇਣੀਆਂ ਦੇ ਰਹਿਮੋ-ਕਰਮ `ਤੇ ਸਨ।

ਦੂਜੇ ਲਫ਼ਜ਼ਾਂ `ਚ, ਸਿੱਖ ਧਰਮ ਅਤੇ ਗੁਰਬਾਣੀ ਦੇ ਪਰਦੇ `ਚ, ਇਨ੍ਹਾਂ ਸਾਰਿਆਂ ਰਾਹੀਂ ਜਿਹੜਾ ਵੱਖਰਾ-ਵੱਖਰਾ ਤੇ ਭਿੰਨ-ਭਿੰਨ ਮਸਾਲਾ ਵੰਡਿਆ ਜਾ ਰਿਹਾ ਸੀ। ਇਸਤਰ੍ਹਾਂ ਨਿਰੋਲ ਗੁਰਮੱਤ ਦੇ ਕਿੱਤੇ ਹੇਠ ਓਨ੍ਹਾਂ ਲੋਕਾਂ ਰਾਹੀਂ ਜਿਹੜਾ ਭਿੰਨ –ਭਿੰਨ ਮਿਲਗੋਭਾ ਪ੍ਰਚਾਰ ਪੁੱਜ ਰਿਹਾ ਸੀ, ਪਹਿਲਾਂ ਤਾਂ ਭਿੰਨ ਭਿੰਨ ਪਾਸਿਆ ਤੋਂ ਆ ਰਿਹਾ ਉਹ ਮਿਲਗੋਭਾ ਪ੍ਰਚਾਰ ਤਾਂ ਹੈ ਹੀ ਸੀ। ਫ਼ਿਰ ਉਸ ਸਾਰੇ ਪ੍ਰਚਾਰ ਦਾ ਮਕਸਦ ਵੀ ਹਰੇਕ ਦੀ ਆਪਣੀ-ਆਪਣੀ ਸੋਚਣੀ ਅਤੇ ਰਹਿਣੀ ਨੂੰ ਗੁਰੂ ਕੀਆਂ ਸੰਗਤਾਂ `ਤੇ ਵੱਧ ਤੋਂ ਵੱਧ ਥੋਪਣਾ ਅਤੇ ਆਪਣੇ ਇਧਰ ਆਪਣੇ ਆਪਣੇ ਲਈ "ਰੋਟੀਆ ਕਾਰਣਿ ਪੂਰਹਿ ਤਾਲ" (ਪੰ: ੪੬੫) ਹੀ ਸੀ।

ਉਦਾਸੀ ਮੱਤ ਬਨਾਮ ਉਦਾਸੀ ਮੱਤ- ਉਂਝ ਇਹ ਜ਼ਿਕਰ ਵੀ ਕਰ ਆਏ ਹਾਂ ਕਿ ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਦਰ ਤੋਂ ਆਪਣਾ ਵਖ੍ਰੇਵਾਂ ਪੂਰੀ ਤਰਾਂ ਤਿਆਗ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਚਾਰੋਂ ਧੂਨੀਏ (ਪ੍ਰਚਾਰਕ) ਜਿਨ੍ਹਾਂ ਦੇ ਨਾਮ ਬਾਬਾ ਅਲਮਸਤ ਜੀ, ਬਾਲੂ ਹਸਨਾ ਜੀ, ਫੂਲ ਸ਼ਾਹ ਅਤੇ ਗੇਂਦਾ ਜੀ ਸਨ, ਨਿਰੋਲ ਗੁਰਮੱਤ ਦੇ ਪ੍ਰਚਾਰ ਲਈ, ਗੁਰੂ ਹਰਿਗੋਬਿੰਦ ਸਾਹਿਬ ਨੂੰ ਹੀ ਸੋਪ ਦਿੱਤੇ ਸਨ।

ਫ਼ਿਰ ਇਤਨਾ ਹੀ ਨਹੀਂ, ਪੰਥ ਦੀ ਚਲਦੀ ਫ਼ਿਰਦੀ ਯੂਨਵਿਰਸਿਟੀ, ਪ੍ਰੌ: ਸਾਹਿਬ ਸਿੰਘ ਜੀ ਅਨੁਸਾਰ, ਇਸ ਘਟਣਾ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਦੀ ਅਗਿਆ ਅਤੇ ਕਮਾਨ ਹੇਠ ਉਨ੍ਹਾਂ ਚੋਹਾਂ ਉਦਾਸੀ ਪ੍ਰਚਾਰਕਾਂ ਨੇ ਦੂਰ ਦੂਰ ਤੀਕ ਨਿਰੋਲ "ਨਾਨਕ ਮੱਤ" ਭਾਵ ਗੁਰਮੱਤ ਦਾ ਪ੍ਰਚਾਰ ਹੀ ਕੀਤਾ ਸੀ, ਨਾ ਕਿ ਪਹਿਲਾਂ ਤੋਂ ਚਲਦਾ ਆ ਰਹੇ ਉਦਾਸੀ ਮੱਤ ਦਾ। ਹੋਰ ਤਾਂ ਹੋਰ, ਉਸ ਤੋਂ ਬਾਅਦ, ਨਾਨਕ ਮਤਾ (ਯੂ: ਪੀ) ਦੇ ਇਲਾਕਿਆਂ `ਚ ਬਾਬਾ ਅਲਮਸਤ ਜੀ ਰਾਹੀਂ ਕੀਤੇ ਜਾ ਰਹੇ ਨਿਰੋਲ ਨਾਨਕ ਮੱਤ ਦੇ ਪ੍ਰਚਾਰ `ਚ ਹੀ, ਜੋਗੀਆਂ ਨੇ ਖੱਲਲ ਪਾਉਣ ਦੇ ਯਤਣ ਵੀ ਕੀਤੇ ਸਨ। ਜਿਸ ਦਾ ਇਤਿਹਾਸਕ ਸਬੂਤ, ਉਸ ਸੰਬੰਧ `ਚ ਗੁਰੂ ਹਰਿਗੋਬਿੰਦ ਜੀ ਰਾਹੀਂ ਉਚੇਚੇ ਨਾਨਕ ਮੱਤੇ ਪੁੱਜਣਾ ਅਤੇ ਉਸ ਇਤਿਹਾਸਕ ਘਟਣਾ ਨਾਲ ਸੰਬੰਧਤ ਉਥੇ ਉਹ ਇਤਿਹਾਸਕ ਗੁਰਦੁਆਰਾ ਅੱਜ ਵੀ ਮੌਜੂਦ ਹੈ।

ਜਦਕਿ ਉਸਦੇ ਉਲਟ ਹੁਣ ਸੰਨ ੧੭੧੬ ਤੋਂ ਤਾਂ ਸਮਾਂ ਤੇ ਹਾਲਾਤ ਵੀ ਪੂਰੀ ਤਰ੍ਹਾਂ ਬਦਲ ਚੁੱਕੇ ਸਨ। ਉਸੇ ਦਾ ਨਤੀਜਾ, ਉਧਰ ਦੂਜੀ ਸ਼੍ਰੇਣੀ ਦੇ ‘ਉਦਾਸੀ" ਪ੍ਰਚਾਰਕ, ਜਿਹੜੇ ਨਾਮ ਨੂੰ ਉਹ ਵੀ ਆਪਣਾ ਸਿੱਧਾ ਰਿਸ਼ਤਾ ਗੁਰੂ ਨਾਨਕ ਪਾਤਸ਼ਾਹ ਅਤੇ ਬਾਬਾ ਸ੍ਰੀ ਚੰਦ ਜੀ ਨਾਲ ਹੀ ਜੋੜ ਰਹੇ ਸਨ; ਉਨ੍ਹਾਂ ਨੇ ਵੀ ਇਸ ਬਿਖੜੇ ਸਮੇਂ ਦਾ, ਪੂਰਾ-ਪੂਰਾ ਅਤੇ ਆਪਣੇ ਢੰਗ ਦਾ ਲਾਭ ਲਿਆ। ਉਸ ਦੌਰਾਨ ਉਨ੍ਹਾਂ ਨੇ ਸਾਖੀਆਂ ਦੇ ਨਾਮ ਹੇਠ ਕਈ ਅਜਿਹੀਆਂ ਬੇਸਿਰਪੈਰ ਕਹਾਣੀਆਂ ਪ੍ਰਚਲਤ ਕੀਤੀਆਂ, ਜਿਨ੍ਹਾਂ ਦਾ ਇੱਕੋ ਇੱਕ ਮਕਸਦ ਗੁਰੂ ਦਰ ਨੂੰ ਨੀਵਾਂ ਤੇ ਉਦਾਸੀ ਮੱਤ ਨੂੰ ਉੱਚਾ ਸਾਬਤ ਕਰਣਾ ਸੀ। ਇਹ ਤਾਂ ਕਰਤਾ ਪ੍ਰਭੂ ਆਪ ਹੀ ਮਿਹਰ ਕਰੇ, ਨਹੀਂ ਤਾਂ ਉਹ ਕਹਾਣੀਆਂ (ਸਾਖੀਆਂ) ਸਿੱਖਾਂ ਵਿਚਾਲੇ ਅੱਜ ਵੀ ਪ੍ਰਚਲਤ ਹਨ।

ਮਿਸਾਲ ਵਜੇਂ, ਉਨ੍ਹਾਂ ਉਦਾਸੀਆਂ ਨੇ ਸਾਖੀ ਦੇ ਨਾਮ `ਤੇ ਇੱਕ ਕਹਾਣੀ ਇਹ ਪ੍ਰਚਾਰੀ ਕਿ ਪੰਜਵੇਂ ਪਾਤਸ਼ਾਹ ਨੂੰ ਬਾਣੀ ‘ਸੁਖਮਨੀ ਸਾਹਿਬ’ ਦੀ ਸੋਲ੍ਹਵੀਂ (੧੬ਵੀਂ) ਅਸ਼ਟਪਦੀ ਤੋਂ ਅੱਗੇ ਬਾਣੀ ਫੁਰਣੀ ਬੰਦ ਹੋ ਗਈ। ਫ਼ਿਰ ਇਹ ਬਖਸ਼ਿਸ਼, ਬਾਬਾ ਸ੍ਰੀ ਚੰਦ ਜੀ ਦੀ ਸੀ ਜੋ ਉਨ੍ਹਾਂ ਪੰਜਵੇਂ ਪਾਤਸ਼ਾਹ ਤੋਂ ਬਾਣੀ ‘ਸੁਖਮਨੀ ਸਾਹਿਬ’ ਦੀ ਸਤਾਰਵੀ ਅਸ਼ਟਪਦੀ ਦਾ ਆਰੰਭ ਕਰਵਾਇਆ ਅਤੇ ਤਾਂ ਜਾ ਕੇ ਬਾਣੀ ‘ਸੁਖਮਨੀ ਸਾਹਿਬ’ ਦੀਆਂ ਚੌਵੀ ਅਸ਼ਟਪਦੀਆਂ ਸੰਪੂਰਣ ਹੋਈਆਂ’।

ਇਸੇ ਤਰ੍ਹਾਂ ਉਨ੍ਹਾਂ ਰਾਹੀਂ ਪ੍ਰਚਲਤ ਬਾਣੀ ‘ਸੁਖਮਨੀ ਸਾਹਿਬ’ ਬਾਰੇ "ਚੌਵੀ ਹਜ਼ਾਰ ਲਫ਼ਜ਼ਾਂ" ਅਤੇ "ਚੌਵੀ ਹਜ਼ਾਰ ਸੁਆਸਾਂ" ਵਾਲੀ ਕਹਾਣੀ, ਜਿਸ ਦਾ ਅੱਜ ਵੀ ਸ਼ੰਗਤਾਂ ਵਿੱਚਕਾਰ ਪ੍ਰਭਾਵ ਸਪਸ਼ਟ ਹੈ।

ਫ਼ਿਰ ਇਸੇ ਲੜੀ `ਚ ਉਨ੍ਹਾਂ ਰਾਹੀਂ ਪ੍ਰਚਲਤ ਇੱਕ ਹੋਰ ਕਹਾਣੀ ਨੁਮਾ ਸਾਖੀ ਅਨੁਸਾਰ, ਬਾਬਾ ਲਖਮੀ ਚੰਦ ਆਪਣੇ ਪ੍ਰਵਾਰ ਸਮੇਤ ਜਦੋਂ ਘੋੜੇ `ਤੇ ਸੁਆਰ ਹੋ ਕੇ, ਸੁਰਗ ਨੂੰ ਜਾਣ ਲੱਗੇ ਤਾਂ ਸ੍ਰੀ ਚੰਦ ਜੀ ਨੂੰ ਚਿੰਤਾ ਹੋ ਗਈ। ਸ੍ਰੀ ਚੰਦ ਜੀ ਅਨੁਸਾਰ, ਇਸ ਤਰ੍ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਵੰਸ਼ ਹੀ ਮੁੱਕ ਜਾਵੇਗਾ। ਤਾਂ ਸ੍ਰੀ ਚੰਦ ਜੀ ਨੇ ਆਪਣੀ ਬਾਂਹ ਲੰਮੀ ਕਰਕੇ, ਲਖਮੀ ਚੰਦ ਨੂੰ ਵਾਪਿਸ ਮੋੜ ਲਿਆ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਕੁਲ ਅਤੇ ਵੰਸ਼ ਨੂੰ ਖ਼ਤਮ ਹੋਣ ਤੋਂ ਬਚਾਅ ਲਿਆ।

ਤਾਂ ਤੇ ਪਹਿਲੀ ਗੱਲ ਇਹ ਕਿ ਗੁਰੂ ਦਰ ਕੀ ਤੇ ਜਾਤ-ਬ੍ਰਾਦਰੀਆਂ ਜਾਂ ਵੰਸ਼-ਕੁਲ ਆਦਿ ਕੀ? ਇਥੇ ਤਾਂ "ਫਕੜ ਜਾਤੀ ਫਕੜੁ ਨਾਉ" (ਪੰ: ੮੩) ਅਨੁਸਾਰ ਇਸ ਵਿਸ਼ੇ ਨੂੰ ਕੁੱਝ ਗੁਰਬਾਣੀ ਫ਼ੁਰਮਾਨਾਂ ਰਾਹੀਂ ਅਸੀਂ ਪਹਿਲਾਂ ਹੀ ਸਪਸ਼ਟ ਕਰ ਆਏ ਹਾਂ, ਇਸ ਲਈ ਉਸ ਨੂੰ ਦੌਰਾਨ ਦੀ ਲੋੜ ਨਹੀਂ।

ਦੂਜਾ, ਕਿਸੇ ਦੀ ਉਮਰ ਦਾ ਵਧਣਾ ਜਾਂ ਘਟਣਾ? -ਬਾਕੀ ਰਹੀ ਗੱਲ ਲਖਮੀ ਚੰਦ ਰਾਹੀਂ ਪ੍ਰਵਾਰ ਸਮੇਤ ਘੋੜੇ `ਤੇ ਸੁਆਰ ਹੋ ਕੇ ਸੁਰਗ ਨੂੰ ਜਾਣ ਦੀ ਅਤੇ ਸ੍ਰੀ ਚੰਦ ਜੀ ਰਾਹੀਂ ਆਪਣੀ ਬਾਂਹ ਲੰਮੀ ਕਰਕੇ ਉਨ੍ਹਾਂ ਨੂੰ ਵਾਪਿਸ ਮੋੜ ਲਿਆਉਣ ਦੀ। ਜਦਕਿ ਗੁਰਬਾਣੀ ਅਨੁਸਾਰ ਕਿਸੇ ਦੇ ਸੁਆਸਾਂ ਦਾ ਵੱਧਣ-ਘਟਣ ਵਾਲਾ ਵਿਸ਼ਾ, ਮਨੁੱਖ ਦੇ ਹੱਥ ਤੇ ਮਨੁੱਖ ਦੀ ਸੀਮਾ `ਚ ਹੈ ਹੀ ਨਹੀ। ਗੁਰਬਾਣੀ ਅਨੁਸਾਰ ਤਾਂ ਇਹ ਵਿਸ਼ਾ ਕੇਵਲ ਅਕਾਲਪੁਰਖ ਦੇ ਹੱਥ `ਚ ਹੈ ਅਤੇ ਇਹ ਵੀ ਕਿ ਹਰੇਕ ਦੇ ਸੁਆਸਾਂ ਦੀ ਗਿਣਤੀ, ਜੀਵ ਦੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਵੱਲੋਂ, ਨਿਯਤ ਹੋ ਕੇ ਆਉਂਦੀ ਹੈ ਜਿਵੇਂ:-

"ਙਣਿ ਘਾਲੇ ਸਭ ਦਿਵਸ ਸਾਸ, ਨਹ ਬਢਨ ਘਟਨ ਤਿਲੁ ਸਾਰ" (ਪੰ: ੨੫੪) ਪੁਨ:

"ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ" (ਪੰ: ੧੪੭) ਆਦਿ

ਇਸੇ ਤਰ੍ਹਾਂ ਬ੍ਰਾਹਮਣੀ ਸੁਰਗ ਤੇ ਨਰਕ ਵੀ? - ਇਹ ਵੀ ਕਿ ਗੁਰਮੱਤ ਅਤੇ ਗੁਰਬਾਣੀ ਅਨੁਸਾਰ ਉਸ ਬ੍ਰਾਹਮਣੀ ਸੁਰਗ-ਨਰਕ ਦਾ ਵੀ ਕੁੱਝ ਮੁੱਲ ਨਹੀਂ। ਕਿਉਂਕਿ ਗੁਰਬਾਣੀ ਅਨੁਸਾਰ ਤਾਂ ਲਫ਼ਜ਼ ‘ਸੁਰਗ’ ਅਤੇ ‘ਨਰਕ’ ਦੇ ਅਰਥ ਹੀ ਬਿਲਕੁਲ ਵੱਖਰੇ ਤੇ ਭਿੰਨ ਹਨ।

ਇਸ ਲਈ ਜਿੱਥੌਂ ਤੀਕ ਲਖਮੀ ਚੰਦ ਰਾਹੀਂ ਪ੍ਰਵਾਰ ਸਮੇਤ ਘੋੜੇ `ਤੇ ਸੁਆਰ ਹੋ ਕੇ ਕਿਸੇ ਬ੍ਰਾਹਮਣੀ ਸੁਰਗ ਵੱਲ ਜਾਣ ਦਾ ਵਿਸ਼ਾ ਹੈ। ਤਾਂ ਤੇ ਅਜਿਹੇ ਬ੍ਰਾਹਮਣੀ ਸੁਰਗ ਅਤੇ ਨਰਕ ਦੇ ਖੋਖਲੇਪਣ ਅਤੇ ਵਿਰੋਧ `ਚ ਵੀ ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਪ੍ਰਾਪਤ ਹਨ ਜਿਵੇਂ:-

"ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ" (ਪੰ: ੩੩੭)

"ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ" (ਪੰ: ੯੬੯)

"ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ"॥ ੧੨੦ (ਪੰ: ੧੩੭੦) ਫ਼ਿਰ ਇਹੀ ਨਹੀਂ,

ਦੇਖਣਾ ਤਾਂ ਇਹ ਹੈ ਕਿ ਇਸ ਤਰ੍ਹਾਂ ਉਨ੍ਹਾਂ ਵੱਲੋਂ ਅਨੇਕਾਂ ਮਨਘੜੰਤ ਊਲ-ਜਲੂਲ, ਸਾਖੀਆਂ ਦੇ ਨਾਮ ਹੇਠ ਕਹਾਣੀਆਂ ਬੜੇ ਰੋਚਕ ਤੇ ਨਾਟਕੀ ਢੰਗ ਨਾਲ ਪ੍ਰਚਲਤ ਕੀਤੀਆਂ ਗਈਆਂ। ਦਰਅਸਲ ਉਸ ਸਮੇਂ ਉਨ੍ਹਾਂ ਦਾ ਨਿਸ਼ਾਨਾ ਹੀ, ਬਾਬਾ ਸ੍ਰੀ ਚੰਦ ਜੀ ਦੇ ਨਾਮ ਦਾ ਲਾਭ ਲੈ ਕੇ ਆਪਣੇ ਨਾਮਧਰੀਕ ਉਸ ਉਦਾਸੀ ਸੰਪ੍ਰਦਾਇ ਦੀ ਸਮ੍ਰਥਾ ਨੂੰ, ਗੁਰੂ ਸਾਹਿਬ ਤੋਂ ਉਪਰ ਸਾਬਤ ਕਰਣਾ।

ਨਿਰਮਲਾ ਸੰਪਰਦਾਏ? - ਇਸੇ ਤਰ੍ਹਾਂ ੇਹਸੇ ਹੱਦ ਤੀਕ ਨਿਰਮਲਾ ਸੰਪਰਦਾਏ ਦਾ ਜ਼ਿਕਰ ਵੀ ਕਰ ਆਏ ਹਾਂ। ਸ਼ੱਕ ਨਹੀਂ, ਪ੍ਰਚਲਤ ਨਿਰਮਲਾ ਸੰਪਰਦਾਏ ਦੇ ਸੱਜਣ, ਵਿਦਵਾਨ ਤਾਂ ਸਨ ਹੀ, ਪਰ ਅਜਿਹੇ ਹਾਲਾਤ `ਚ ਇਹ ਲੋਕ ਜੇ ਵਿਦਵਾਨ ਸਨ ਤਾਂ ਸਿੱਖ ਵਿਚਾਰਧਾਰਾ ਅਤੇ ਸਿੱਖ ਰਹਿਣੀ ਨੂੰ ਵੱਧ ਤੋਂ ਵੱਧ ਵੈਦਿਕ ਰੰਙ ਦੇਣ ਲਈ। ਉਂਜ ਸੰਗਤਾਂ ਦਾ ਪ੍ਰਭਾਵ ਜਿੱਤਣ `ਚ ਸਭ ਤੋਂ ਵੱਧ ਸਫ਼ਲ ਵੀ ਇਹੀ ਸਨ। ਕਿਉਂਕਿ ਵਧੀਆ ਲਿਖਾਰੀ, ਵੱਕਤਾ ਤੇ ਵਿਦਵਾਨ ਪੰਡਿਤ ਹੋਣ ਕਾਰਣ, ਇਨ੍ਹਾਂ ਬਾਰੇ ਗੁਰੂ ਕੀਆਂ ਸੰਗਤਾਂ ਮੰਨ ਚੁੱਕੀਆਂ ਸਨ ਕਿ ਵੇਦਾਂ ਦੇ ਗਿਆਤਾ ਹੋਣ ਦੇ ਨਾਲ-ਨਾਲ, ਗੁਰਬਾਣੀ ਨੂੰ ਸਭ ਤੋਂ ਵੱਧ ਸਮਝਣ ਵਾਲੇ ਵੀ ਇਹੀ ਲੋਕ ਹਨ। ਫ਼ਿਰ ਇਹ ਵੀ ਕਿ ਇਹ ਲੋਕ, ਅੱਜ ਤੀਕ ਆਪਣੇ ਨਾਂਵਾਂ ਤੋਂ ਪਹਿਲਾਂ ਲਿਖਵਾਉਂਦੇ ਤੇ ਅਖਵਾਉਂਦੇ ਵੀ "ਪੰਡਤ" ਹੀ ਹਨ। ਉਪ੍ਰੰਤ ਸਭ ਤੋਂ ਵੱਡੀ ਗੱਲ ਇਹ ਵੀ ਕਿ ਇੰਨ੍ਹਾਂ ਲੋਕਾਂ ਨੇ ਆਪਣਾ ਸਿੱਧਾ ਨਾਤਾ ਵੀ ਦਸਮੇਸ਼ ਜੀ ਨਾਲ ਹੀ ਜੋੜਿਆ ਹੋਇਆ ਸੀ।

ਖ਼ੂਬੀ ਇਹ ਕਿ ਇੰਨ੍ਹਾਂ ਨੇ ਗੁਰਬਾਣੀ ਦੇ ਸਿਧਾਂਤ, ਸੇਧ ਅਤੇ ਵਿਆਕਰਨ ਆਦਿ ਨੂੰ ਪੂਰੀ ਤਰ੍ਹਾਂ ਛਿੱਕੇ `ਤੇ ਟੰਗ ਕੇ, ਗੁਰਬਾਣੀ ਦੇ ਅਰਥ ਪੂਰੇ ਵੈਦਿਕ ਢੰਗ ਨਾਲ ਪ੍ਰਚਲਤ ਕੀਤੇ। ਅਰਥ ਇਸ ਤਰ੍ਹਾਂ ਵਿਗਾੜ ਕੇ ਪੇਸ਼ ਕੀਤੇ, ਕਿ ਇਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਪੌਰਾਣਕ ਕਹਾਣੀਆਂ ਨਾਲ ਸ਼ਿੰਗਾਰਿਆ ਬਲਕਿ ਲੋੜ ਅਨੁਸਾਰ ਹੋਰ ਨਵੀਆਂ ਕਹਾਣੀਆਂ ਪ੍ਰਚਲਤ ਕਰ ਕੇ ਵੀ ਜੋੜੀਆਂ। ਇਸ ਤਰ੍ਹਾਂ ਸ਼ਹਿਦ ਚੜ੍ਹੇ ਇੰਨ੍ਹਾਂ ਬ੍ਰਾਹਮਣੀ ਕੈਪਸੂਲਾਂ ਨੂੰ ਵਰਤ ਕੇ ਸੰਗਤਾਂ ਨੂੰ ਪੂਰੀ ਤਰ੍ਹਾਂ ਗੁਰੂ ਪਾਤਸ਼ਾਹ ਦੀ ਨਿੱਘੀ ਗੋਦ `ਚੋਂ ਕੱਢਿਆ ਜਾ ਰਿਹਾ ਸੀ ਅਤੇ ਬ੍ਰਾਹਮਣ ਦਾ ਅਨੁਯਾਯੀ ਬਨਾਉਣ `ਚ ਬਿਲਕੁਲ ਵੀ ਕਸਰ ਨਹੀਂ ਸੀ ਛੱਡੀ ਜਾ ਰਹੀ। ਉਸੇ ਦਾ ਨਤੀਜਾ, ਅੱਜ ਵੀ "ਨਿਰਮਲਾ ਸੰਪ੍ਰਦਾਇ" ਦੀ ਭਾਵੇਂ ਕੋਈ ਵੀ ਰਚਨਾ ਚੁੱਕ ਕੇ ਪੜ੍ਹ ਲਈ ਜਾਵੇ, ਹਰੇਕ ਗੁਰਮੱਤ ਦੀ ਸੋਝੀ ਵਾਲਾ ਮਨੁੱਖ ਦੇਖ ਸਕਦਾ ਹੈ ਕਿ ਇਹ ਰਚਨਾਵਾਂ ਕਿਵੇਂ ਵੈਦਿਕ ਰੰਙ `ਚ ਰੰਙੀਆਂ ਪਈਆਂ ਅਤੇ ਪੌਰਾਣਕ ਕਹਾਣੀਆਂ ਨਾਲ ਓਤ-ਪ੍ਰੋਤ ਹਨ, ਜਦਕਿ ਕਹਿਣ ਨੂੰ ਉਨ੍ਹਾਂ ਲੋਕਾਂ ਨੇ ਉਹ ਅਰਥ ਕੀਤੇ ਹੋਏ ਹਨ-ਕੇਵਲ ਅਤੇ ਕੇਵਲ ਗੁਰਬਾਣੀ ਦੇ।

ਸਾਧਾਰਣ ਪੁਜਾਰੀ ਅਤੇ ਮਹੰਤ ਆਦਿ-ਇਸ ਤੋਂ ਬਾਅਦ ਂਨੰਬਰ ਆਉਂਦਾ ਹੈ ਸਾਡੇ ਉਨ੍ਹਾਂ ਮਹੰਤਾ ਅਤੇ ਸਾਧਾਰਣ ਪੁਜਾਰੀਆਂ ਦਾ। ਚੌਰਾਸੀ ਸਾਲਾਂ ਦੇ ਉਸ ਬਿਖੜੇ ਸਮੇਂ `ਚ, ਉਨ੍ਹਾਂ ਦੀ ਤਾਂ ਜਿਵੇਂ ਲਾਟਰੀ ਖੁੱਲ ਚੁੱਕੀ ਸੀ। ਬੇਸ਼ੱਕ ਉਨ੍ਹਾਂ ਕੋਲ ਨਾ ਬਹੁਤੀ ਵਿੱਦਿਆ ਸੀ ਅਤੇ ਨ ਉਨ੍ਹਾਂ ਨੂੰ ਉਸ ਦੀ ਬਹੁਤੀ ਲੋੜ ਸੀ। ਓਦੋਂ, ਉਨ੍ਹਾਂ ਨੂੰ ਵੱਧ ਤੋਂ ਵੱਧ ਲੋੜ ਸੀ ਤਾਂ ਕੇਵਲ ਆਪਣਾ ਸਰੂਪ ਬਦਲਣ ਦੀ। ਉਹ ਲੋਕ ਗੁਰਬਾਣੀ ਵਿੱਚਲੇ ਹਰੇਕ ਪੌਰਾਣਕ ਰੈਫਰੈਸ ਨੂੰ, ਫ਼ਿਰ ਉਹ ਰੈਫ਼ਰੈਂਸ ਭਾਵੇਂ ਦੇਵੀ ਦੇਵਤਿਆਂ, ਮਿੱਥੇ ਭਗਵਾਨਾਂ, ਨਿਰੋਲ ਮਿਥਿਹਾਸਕ ਜਾਂ ਗਣਿਕਾ, ਅਜਾਮਲ, ਧਰੁਵ, ਪ੍ਰਹਿਲਾਦ, ਦ੍ਰੋਪਦੀ ਆਦਿ ਦੇ ਸਨ। ਦੇਖਣਾ ਇਹ ਹੈ ਕਿ ਜਿਹੜੀਆਂ ਕਹਾਣੀਆਂ ਉਹ ਲੋਕ ਮੰਦਰਾਂ `ਚ ਬੈਠ ਕੇ ਸੁਨਾਉਂਦੇ ਸਨ, ਫ਼ਿਰ ਉਹੀ ਕੁੱਝ ਹੁਨ ਉਨ੍ਹਾਂ ਨੂੰ ਗੁਰਦੁਆਰਿਆਂ `ਚ ਬੈਠ ਕੇ ਸੁਨਾਉਣ ਲਈ ਵੀ ਖੁੱਲਾ ਮੌਕਾ ਮਿਲ ਗਿਆ ਸੀ।

ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਗੁਰੂ ਸਾਹਿਬ ਨੇ ਉਸ ਕਹਾਣੀ ਜਾਂ ਮਿਥਿਹਾਸਕ ਘਟਨਾ ਦਾ ਭਾਵੇਂ ਖੰਡਣ ਕੀਤਾ ਹੋਵੇ ਜਾਂ ਉਸ ਨੂੰ ਕੇਵਲ ਮਿਸਾਲ ਵਜੋਂ ਵਰਤਿਆ ਹੋਵੇ, ਇੰਨ੍ਹਾਂ ਨੂੰ ਉਸ ਨਾਲ ਕੀ ਵਾਸਤਾ? ਜਦਕਿ ਇਸ ਰਸਤੇ ਉਨ੍ਹਾਂ ਦੇ ਮਤਲਬ ਲਈ ਤਾਂ ਇਹ ਸਭਕੁਝ ਬਹੁਤ ਸੌਖਾ ਤੇ ਬਣਿਆ-ਬਣਾਇਆ ਮਸਾਲਾ ਸੀ। ਇਸ ਸਾਰੇ ਦਾ ਨਤੀਜਾ ਸੀ, ਜੋ ਉਨ੍ਹਾਂ ਨੇ ਸ਼ਿਵਲਿੰਗ ਦੀ ਬਜਾਏ ਇਥੇ ਉਸੇ ਕੱਚੀ ਲਸੀ ਨਾਲ ਗੁਰਦੁਆਰਿਆਂ ਦੇ ਥੜ੍ਹਿਆਂ ਅਤੇ ਫ਼ਰਸ਼ਾਂ ਦੇ ਇਸ਼ਨਾਨ ਦੇ ਨਿਯਮ ਚਾਲੂ ਕਰ ਦਿੱਤੇ। ਪਿੱਪਲਾਂ ਦੀ ਪੂਜਾ, ਸੰਗ੍ਰਾਂਦਾਂ-ਮੱਸਿਆਵਾਂ-ਪੂਰਨਮਾਸ਼ੀਆਂ, ਨੌਰਾਤੇ, ਸ਼ਰਾਧ, ਥਿੱਤ ਵਾਰ, ਅਸ਼ਟਮੀਆਂ, ਨੌਮੀਆਂ, ਕੋਤਰੀਆਂ ਆਦਿ ਸਭ; ਉਪ੍ਰੰਤ ਰੀਤਾਂ-ਅਪਰੀਤਾਂ, ਸਗਨ-ਅਪਸਗਨ ਤੇ ਸਮੂਹ ਬ੍ਰਾਹਮਣੀ ਤਿਉਹਾਰ, ਗੁਰੂ ਦਰਬਾਰ ਰਸਤੇ ਅੱਜ ਗੁਰੂ ਕੀਆਂ ਸੰਗਤਾਂ ਵਿਚਾਲੇ ਸੌਖੇ ਪੁੱਜ ਰਹੇ ਸਨ।

ਇਸੇ ਤਰ੍ਹਾਂ ਜਿਹੜਾ ਢੰਗ ਮੰਦਰਾਂ-ਸ਼ਿਵਾਲਿਆਂ `ਚ ਵੇਦ-ਮੰਤ੍ਰਾਂ ਲਈ ਚੱਲਦਾ ਸੀ, ਗੁਰਬਾਣੀ ਨੂੰ ਵੀ ਮਨੁੱਖਾ ਜਨਮ ਦੇ ਸੱਚ ਤੋਂ ਤੋੜ ਕੇ, ਵੇਚਣ-ਖਰੀਦਣ ਦਾ ਉਹੀ ਢੰਗ ਗੁਰਦੁਾਰਿਆਂ `ਚ ਵੀ ਚਾਲੂ ਕਰ ਦਿੱਤਾ। ਫ਼ਿਰ ਮੂਰਤੀ ਪੂਜਾ ਅਤੇ ਉਸਦੇ ਸਾਰੇ ਢੰਗਾਂ ਨੂੰ ਵੀ ਬੜੀ ਸ਼ਾਨ ਨਾਲ ਗੁਰਦੁਆਰਿਆਂ ਦਾ ਅੰਗ ਬਣਾ ਦਿੱਤਾ ਗਿਆ। ਤੰਤ੍ਰ ਸ਼ਾਸਤ੍ਰ ਦੇ ਆਧਾਰ `ਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਖੰਡ, ਸਪਤਾਹ, ਪਾਕਸ਼ਕ, ਖੁੱਲ੍ਹੇ (ਸਾਧਾਰਣ) ਤੇ ਸੰਪਟ ਆਦਿ ਸਾਰੇ ਪਾਠ ਅਰੰਭ ਕਰ ਕੇ ਇਸ ਤਰ੍ਹਾਂ ਗੁਰਦੁਆਰਿਆਂ `ਚ ਇਹ ਨਵੇਂ ਕਿਸਮ ਦੇ ਵਪਾਰ ਕੇਂਦ੍ਰ ਵੀ ਖੋਲ ਦਿੱਤੇ ਗਏ।

ਗੁਰਬਾਣੀ ਦੇ ਅਨੇਕਾਂ ਸ਼ਬਦਾਂ ਨੂੰ, ਵੇਦ ਮੰਤ੍ਰਾਂ ਦੀ ਤਰਜ਼ `ਤੇ ਕਾਮਨਾ ਸਿੱਧੀ, ਬਿਮਾਰੀਆਂ ਦੇ ਇਲਾਜ, ਮੁਕੱਦਮਿਆਂ `ਚ ਸਫ਼ਲਤਾ ਆਦਿ ਲਈ ਪ੍ਰਚਲਤ ਕੀਤਾ ਜਾਣ ਲੱਗਾ। ਉਸੇ ਆਧਾਰ `ਤੇ ਗੁਰਬਾਣੀ ਦੇ ਸ਼ਬਦਾਂ ਦੇ ਪਾਠਾਂ ਨੂੰ ਘਰ-ਘਰ `ਚ ਵੰਡਣ ਦੀ ਪ੍ਰਥਾ ਵੀ ਅਰੰਭ ਕਰ ਦਿੱਤੀ। ਜਨਮ-ਮਰਨ, ਅਨੰਦ ਕਾਰਜ ਆਦਿ ਲਈ ਸਾਰੀਆਂ ਬ੍ਰਾਹਮਣੀ ਰਸਮਾਂ-ਰੀਤਾਂ ਤੇ ਕਰਮਕਾਂਡਾਂ ਨੂੰ ਸਿੱਖ ਸੰਗਤਾਂ ਦੇ ਘਰਾਂ `ਚ ਸੌਖੇ ਪੁਚਾਅ ਦਿੱਤਾ ਗਿਆ ਅਤੇ ਇਸ ਸਾਰੇ ਲਈ ਉਨ੍ਹਾਂ ਨੂੰ ਬਹੁਤੀ ਮਿਹਣਤ ਵੀ ਨਹੀਂ ਸੀ ਕਰਣੀ ਪਈ। ਹੋਰ ਤਾਂ ਹੋਰ. ਇਸੇ ਤਰ੍ਹਾਂ ਹਰ ਕਿਸਮ ਦੀਆਂ ਕਾਮਨਾਵਾਂ ਲਈ ਅਰਦਾਸਾਂ, ਅਤੇ ਭਿੰਨ-ਭਿੰਨ ਸ਼ਬਦਾਂ ਅਤੇ ਬਾਣੀਆਂ ਨੂੰ ਗਿਣਤੀਆਂ ਦੇ ਪਾਠਾਂ ਵਾਲੇ ਪਾਸੇ ਵੀ ਮੋੜ ਦਿੱਤਾ ਗਿਆ।

ਮੰਦਿਰਾਂ `ਚ ਜਿਵੇਂ ਪੰਡਤ ਕਾਮਨਾਵਾਂ ਦੀ ਪੂਰਤੀ ਲਈ, ਭਿੰਨ ਭਿੰਨ ਮੰਤ੍ਰਾਂ ਦੇ ਜਾਪ, ਆਪ ਤਿਆਰ ਕਰਕੇ ਸ਼੍ਰਧਾਲੂਆਂ ਨੂੰ ਦਿੰਦੇ ਅਤੇ ਉਨ੍ਹਾਂ ਤੋਂ ਮਨ ਮਰਜ਼ੀ ਦੀਆਂ ਭੇਟਾਵਾਂ ਲੈਂਦੇ ਸਨ। ਠੀਕ ਉਹੀ ਢੰਗ ਹੁਣ ਗੁਰਬਾਣੀ ਦੇ ਵੱਖ ਵੱਖ ਪਾਠਾਂ ਅਤੇ ਸ਼ਬਦਾਂ ਉੱਤੇ ਅਤੇ ਉਨ੍ਹਾਂ ਲਈ ਅਰਦਾਸਾਂ ਉਪਰ ਵੀ ਲਾਗੂ ਹੋ ਗਿਆ। ਗੁਰਬਾਣੀ ਦਾ ਪਾਠ ਆਪਣੇ ਆਪ ਜਾਂ ਮਿਲ ਕੇ ਕਰਣ, ਸਮਝਣ ਅਤੇ ਸਤਿਗੁਰਾਂ ਵੱਲੋਂ ਆਦੇਸ਼ ਰੂਪ ਆਪਣੇ ਜੀਵਨ `ਚ ਢਾਲਣ ਬਦਲੇ, ਭੇਟਾਵਾਂ ਦੇ ਕੇ ਉਨ੍ਹਾਂ ਪਾਸੋਂ ਕਰਵਾਉਣ ਅਤੇ ਉਸ ਰਸਤੇ ਭਿੰਨ-ਭਿੰਨ ਫੱਲਾਂ ਦੀ ਪ੍ਰਾਪਤੀ ਫ਼ਿਰ ਸ੍ਰਾਪਾ ਤੇ ਕ੍ਰੌਪੀਆਂ ਤੋਂ ਬਚਣ ਦੀ ਵਸਤ ਵੀ ਬਣ ਚੁੱਕੀ ਸੀ।

ਇਸੇ ਖੇਡ ਦਾ ਵਿਕਰਾਲ ਇੱਕ ਹੋਰ ਰੂਪ ਸੀ, ਜਦੋਂ ਵੇਦ ਮੰਤ੍ਰਾਂ ਦੇ ਬਦਲੇ, ਗੁਰਬਾਣੀ ਦੇ ਵੱਖ ਵੱਖ ਸ਼ਬਦ ਲੈ ਕੇ, ਅਥਰਬਣ ਵੇਦ ਆਧਾਰਤ ਧਾਗੇ-ਤਵੀਤਾਂ-ਰਿਧੀਆਂ-ਸਿਧੀਆਂ, ਵਸ਼ੀਕਰਣ, ਆਧੀਆਂ-ਵਿਆਧੀਆਂ ਅਤੇ ਦੁਖਾਂ-ਬਿਮਾਰੀਆਂ ਦੇ ਨਿਵਾਰਣ ਵਾਲੇ ਨਿਯਮ ਲਾਗੂ ਕਰ ਦਿੱਤੇ ਗਏ। ਜਦਕਿ ਉਸ ਸਾਰੇ ਦਾ ਉਭਰਵਾਂ ਰੂਪ ਅੱਜ ਵੀ ਬਹੁਤੇ ਗੁਰਦੁਆਰਿਆਂ `ਚ ਦੇਖਿਆ ਜਾ ਸਕਦਾ ਹੈ। ਸੰਗਤਾਂ ਦਿਨ ਦੀਵੀਂ ਲੁੱਟੀਆਂ ਜਾ ਰਹੀਆਂ ਹਨ। ਬੇਸ਼ੱਕ ਸਾਰੇ ਨਹੀਂ ਪਰ ਬਹੁਤੇ ਭਾਈ ਸਾਹਿਬਾਨ ਨੂੰ ਕੇਵਲ ਅਰਦਾਸ ਭੇਟ ਦੇ ਕੇ, ਕਾਮਣਾਵਾਂ ਦੀ ਪੂਰਤੀ ਸੰਬਧੀ ਅਰਦਾਸਾਂ ਕਰਵਾਉਂਦਿਆਂ, ਲਗਭਗ ਕਿਸੇ ਵੀ ਗੁਰਦੁਆਰੇ ਜਾ ਕੇ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਧਰਮਸਾਲਾਵਾਂ ਤੋਂ ਗੁਰਦੁਆਰੇ- ਥੋੜ੍ਹੇ ਹੀ ਸਮੇਂ `ਚ ਗੁਰੂ ਕੀਆਂ ਸੰਗਤਾਂ ਜਿਹੜੀਆਂ ਸੰਨ ੧੭੧੬ ਤੋਂ ਪਹਿਲਾਂ ਤੀਕ, ਯੋਗ ਅਤੇ ਗੁਰਬਾਣੀ ਜੀਵਨ ਵਾਲੇ ਪ੍ਰਚਾਰਕਾਂ ਪਾਸੋਂ ਗੁਰਬਾਣੀ ਤੋਂ ਜੀਵਨ-ਜਾਚ ਪ੍ਰਾਪਤ ਕਰਕੇ ਆਪਣੇ ਪ੍ਰਾਪਤ ਮਨੁੱਖਾ ਜਨਮ ਸਫ਼ਲ ਕਰ ਰਹੀਆਂ ਸਨ।

ਉਸੇ ਹੀ ਗੁਰਬਾਣੀ ਦੇ ਪ੍ਰਚਾਰ ਦੇ ਸੋਮੇ ਜਿਹੜੇ ਓਦੋਂ ਧਰਮਸ਼ਾਲਾਵਾਂ (ਗੁਰਦੁਆਰਿਆਂ) ਉਪ੍ਰੰਤ ਇਤਿਹਾਸਕ ਸਥਾਨਾਂ ਉਪਰ, ਅੱਜ ਪੂਰੀ ਤਰ੍ਹਾਂ ਉਹ ਲੋਕ ਕਰਤਾ-ਧਰਤਾ ਸਨ, ਜਿਹੜੇ ਮੂਲੋਂ ਮਨ ਕਰਕੇ ਗੁਰੂਦਰ ਅਤੇ ਗੁਰਮੱਤ ਦੇ ਪੱਕੇ ਵੈਰੀ ਸਨ ਪਰ ਜ਼ਾਹਿਰਾਂ ਬੜੇ ਮਿੱਠ ਬੋਲੜੇ ਅਤੇ ਸੱਜਨ ਪੁਰਸ਼ ਵੀ ਉਹੀ ਲੋਕ ਸਨ। ਜੇ ਸਾਰੇ ਨਹੀਂ ਤਾਂ ਵੀ, ਉਨ੍ਹਾਂ `ਚੋਂ ਅੱਜ ਬਹੁਤੇ ਆਪਣੇ-ਆਪਣੇ ਢੰਗ ਨਾਲ ਗੁਰੂ ਕੀਆਂ ਸੰਗਤਾਂ ਵਿੱਚਾਲੇ ਗੁਰੂ ਨਾਨਕ ਪਾਤਾਸ਼ਹ ਦੀ ਸਿੱਖੀ ਜੀਵਨ ਦੇ ਵੱਡੇ ਵਪਾਰੀ ਬਣੇ ਬੈਠੇ ਸਨ।

ਹੋਰ ਤਾਂ ਹੋਰ, ਇਹੀ ਸਮਾਂ ਸੀ ਜਦੋਂ ਸਿੱਖ ਧਰਮ ਪ੍ਰਚਾਰ ਦੇ ਕੇਂਦ੍ਰਾਂ ਦੇ ਨਾਮ ‘ਧਰਮਸ਼ਾਲਾਵਾਂ’ ਤੋਂ ਬਦਲ ਕੇ ‘ਗੁਰਦੁਆਰੇ’ ਹੁੰਦਾ ਗਿਆ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਵਿਦੇਸ਼ਾਂ `ਚ "ਸਿੱਖ ਗੁਰਦੁਆਰੇ" ਘੱਟ ਪਰ ਬਹੁਤਾ ਕਰਕੇ ਉਹ "ਸਿੱਖ ਟੈਂਪਲ" ਦੇ ਨਾਮ ਨਾਲ ਪ੍ਰਚਲਤ ਕੀਤੇ ਜਾ ਰਹੇ ਅਤੇ ਹੋ ਵੀ ਰਹੇ ਹਨ। ਹਾਲਾਂਕਿ ਗੁਰਬਾਣੀ ਅੰਦਰ ਜਾਂ ਇਸ ਤੋਂ ਪਹਿਲਾਂ ਸਿੱਖ ਇਤਿਹਾਸ ਅੰਦਰ ‘ਗੁਰਦੁਆਰਾ’ ਲਫ਼ਜ਼ ਕਿਸੇ ਵੀ ਇਮਾਰਤ ਲਈ ਨਹੀਂ ਬਲਕਿ ਗੁਰਬਾਣੀ ਜੀਵਨ-ਜਾਚ ਰਾਹੀਂ ਗੁਰੂ ਦੇ ਆਦੇਸ਼ਾਂ ਵੱਲ ਵਧਣਾ ਅਤੇ ਮਨੁੱਖਾ ਜੀਵਨ ਨੂੰ ਗੁਰਬਾਣੀ ਵਾਲੇ ਰਾਹ `ਤੇ ਟੋਰਣ ਦਾ ਨਾਮ ਹੀ "ਗੁਰੂ ਦੁਆਰਾ" ਹੈ ਜਿਵੇਂ:-

"ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ" (ਪੰ: ੯੨੨)

"ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ" (ਪੰ: ੭੩੦)

ਉਸ ਦੇ ਉਲਟ, ਅੱਜ ਵਾਂਙ ਨਾ ਓਦੋਂ ਕਿਸੇ ਗੁਰਦੁਆਰੇ ਦੀ ਇਮਾਰਤ ਤੀਕ ਜਾ ਆਉਣਾ ਹੀ, ਗੁਰਦੁਆਰੇ ਜਾ ਕੇ ਮੱਥਾ ਟੇਕ ਆਉਣਾ ਨਹੀਂ ਸੀ। ਕਿਉਂਕਿ ਉਪ੍ਰੋਕਤ ਗੁਰ ਫ਼ੁਰਮਾਨਾਂ ਅਨੁਸਾਰ ਓਦੋਂ ਗੁਰੂ-ਦੁਆਰੇ ਦਾ ਮਕਸਦ ਹੀ ਗੁਰੂ ਦੇ ਦਰ ਵੱਲ ਵੱਧਣਾ (ਗੁਰੂ ਦੁਆਰੇ) ਅਤੇ ਆਪਣੇ ਜੀਵਨ ਦਾ ਸੁਆਸ-ਸੁਆਸ ਗੁਰਬਾਣੀ-ਗੁਰੂ ਦੀ ਸਿੱਖਿਆ ਨੂੰ ਭੇਟ ਕਰਣਾ ਹੁੰਦਾ ਸੀ। ਜਿਵੇਂ ਕਿ ਸਪਸ਼ਟ ਵੀ ਕਰ ਚੁੱਕੇ ਹਾਂ ਕਿ ਓਦੋਂ ਅਜਿਹੀਆਂ ਇਮਾਰਤਾਂ ਨੂੰ "ਧਰਮਸ਼ਾਲਾਵਾਂ" ਕਰਕੇ ਜਾਣਿਆ ਜਾਂਦਾ ਅਤੇ ਉਨ੍ਹਾਂ ਨੂੰ ਗੁਰਬਾਣੀ ਆਦੇਸ਼ਾਂ ਦੀ ਆਗਿਆ `ਚ ਵੱਧ ਤੋ ਵੱਧ "ਧਰਮ ਸ਼ਾਲਾਵਾਂ" ਵਜੋਂ ਵਰਤਿਆ ਵੀ ਜਾਂਦਾ ਸੀ।

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ? -ਇਥੋਂ ਤੀਕ ਕਿ "ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ" ਲਈ ਵੀ ‘ਹਰਿਮੰਦਿਰ ਸਾਹਿਬ’ ਲਫ਼ਜ਼ ਲਗਭਗ ਉਸੇ ਜੁਗ ਦੀ ਦੇਣ ਹੁੰਦਾ ਹੈ, ਨਹੀਂ ਤਾਂ ਗੁਰਬਾਣੀ `ਚ ਲਫ਼ਜ਼ "ਹਰਿਮੰਦਿਰ" ਤੇ "ਹਰਮੰਦਰ" ਘਟੋਘਟ ੨੦ (ਵੀਹ) ਵਾਰੀ ਆਇਆ ਹੈ ਪਰ ਉਥੇ ਇਹ ਲਫ਼ਜ਼ ਇੱਕ ਵਾਰ ਵੀ ਕਿਸੇ ਇਮਾਰਤ ਲਈ ਨਹੀਂ ਆਇਆ।

ਉਥੇ ਇਹ ਲਫ਼ਜ਼ ਮਨੁੱਖ ਦੇ "ਹਿਰਦੇ ਘਰ" ਲਈ ਜਾਂ "ਸਾਧ ਸੰਗਤ" ਲਈ ਆਇਆ ਹੈ। ਇਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਵੀ ਹੋ ਜਾਂਦਾ ਹੈ ਕਿ ਗੁਰੂ ਕੀਆਂ ਸੰਗਤਾਂ ਨੂੰ ਬ੍ਰਾਹਮਣੀ ਮੰਦਰਾਂ ਵਾਲੇ ਤਾਨੇ-ਬਾਨੇ `ਚ ਉਲਝਾਉਣ ਲਈ ਹੀ, ਓਦੋਂ "ਦਰਬਾਰ ਸਾਹਿਬ, ਸ੍ਰੀ ਅੰਮਿਤ੍ਰਸਰ ਸਾਹਿਬ" ਲਈ ‘ਹਰਿਮੰਦਿਰ ਸਾਹਿਬ’ ਵਾਲਾ ਨਾਮ ਪ੍ਰਚਲਤ ਕੀਤਾ ਗਿਆ ਸੀ।

ਫ਼ਿਰ ਇਸੇ ਲੜੀ `ਚ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਉਪਰ ਸੋਨੇ ਦਾ ਪੱਤ੍ਰਾ ਚੜ੍ਹਾਉਣ ਬਾਅਦ ਇਸ ਦਾ ਨਾਂ ਲਫ਼ਜ਼ ‘ਹਰਿਮੰਦਿਰ ਸਾਹਿਬ’ ਤੋਂ ਹੀ ਅੰਗਰੇਜ਼ੀ ਭਾਸ਼ਾ ਅਨੁਸਾਰ ਆਪਣੇ ਆਪ ‘ਸੁਅਰਣ ਮੰਦਿਰ’ ਅਥਵਾ ‘ਗੋਲਡਨ ਟੈਂਪਲ’ ਪ੍ਰਚਲਤ ਹੋ ਗਿਆ।

ਜਦਕਿ ਜੇਕਰ ਅੱਜ ਵੀ ਇਤਿਹਾਸਕ ਪੱਖੋ ਥੋੜਾ ਪਿੱਛੇ ਜਾਇਆ ਜਾਵੇ ਤਾਂ ਭਾਰਤ ਦੀ ਆਜ਼ਾਦੀ ਭਾਵ ਸੰਨ ੧੯੪੭ ਤੋਂ ਪਹਿਲਾਂ ਦੀਆਂ ਲਿਖ਼ਤਾਂ ਅਤੇ ਹਵਾਲਿਆਂ `ਚ ਬਹੁਤਾ ਕਰਕੇ ਸਿੱਖ ਧਰਮ ਦੇ ਇਸ ਨਿਵੇਕਲੇ ਅਤੇ ਸੰਸਰ ਤਲ ਦੇ ਇਤਿਹਾਸਕ ਕੇਂਦ੍ਰ ਦਾ ਨਾਮ "ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ" ਹੀ ਮਿਲਦਾ ਹੈ। (ਚਲਦਾ) #418P-XVIIs06.16.02.16#p17v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XVII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਸਤਾਰਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.