.

ਸਚ ਖੰਡਿ ਵਸੈ, ਨਿਰੰਕਾਰ

ਹੁਣ ਇਨ੍ਹਾਂ ਖੰਡਾਂ ਦੀ ਸੰਖੇਪ ਵਿਚਾਰ ਦਿੱਤੀ ਜਾ ਰਹੀ ਹੈ।

1. ਧਰਮ ਖੰਡ: ਇਸ ਅਵਸਥਾ ਵਿਚ ਪਹਿਲਾਂ ਮਨੁੱਖ ਦੁਨੀਆਂ ਦੇ ਵਿਸ਼ੇ-ਵਿਕਾਰਾਂ ਤੋਂ ਮੂੰਹ ਮੋੜ ਕੇ ਆਪਣੀ ਆਤਮਾ ਵੱਲ ਝਾਤੀ ਮਾਰਦਾ ਹੈ। ਉਹ ਹੁਣ ਸੋਚਦਾ ਹੈ ਕਿ ਉਸ ਦੇ ਜੀਵਨ ਦਾ ਮਨੋਰਥ ਕੀ ਹੈ, ਉਹ ਸੰਸਾਰ ਵਿਚ ਕੀ ਕਰਨ ਆਇਆ ਹੈ ਅਤੇ ਉਸ ਦੀ ਜ਼ਿੰਦਗੀ ਦਾ ਕੀ ਫਰਜ਼ ਹੈ। ਇਸ ਅਵਸਥਾ ਵਿਚ ਸੋਚ ਕੇ ਉਸ ਨੂੰ ਪਤਾ ਲਗਦਾ ਹੈ ਕਿ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ। ਅਕਾਲ ਪੁਰਖ ਦੇ ਦਰ ਤੇ ਜੀਵਾਂ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾ ਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਉਹ ਉਸ ਦੀ ਹਜ਼ੂਰੀ ਵਿਚ ਸ਼ੋਭਦੇ ਹਨ। ਇਸ ਦੁਨੀਆਂ ਵਿਚ ਆਦਰ-ਨਿਰਾਦਰੀ ਦਾ ਕੋਈ ਮੁਲ ਨਹੀਂ। ਉਹ ਹੀ ਜੀਵ ਆਦਰ ਵਾਲੇ ਹਨ, ਜੋ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦੇ ਹਨ:

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥34॥

2. ਗਿਆਨ ਖੰਡ: ਇਸ ਅਵਸਥਾ ਅੰਦਰ, ਜਿਉਂ-ਜਿਉਂ ਮਨੁੱਖ ਦਾ ਧਿਆਨ ਇਨ੍ਹਾਂ ਖਿਆਲਾਂ ਵੱਲ ਜੁੜਦਾ ਹੈ, ਤਿਉਂ-ਤਿਉਂ ਉਸ ਦੇ ਅੰਦਰੋਂ ਸੁਆਰਥ ਦੀ ਗੰਢ ਖੁੱਲ੍ਹਦੀ ਜਾਂਦੀ ਹੈ। ਪਹਿਲਾਂ ਪਹਿਲਾ ਮਾਇਆ ਵਿਚ ਮਸਤ ਹੋਣ ਕਰਕੇ, ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਹੀ ਆਪਣਾ ਸਮਝਦਾ ਸੀ। ਇਨ੍ਹਾਂ ਤੋਂ ਪਰੇ੍ਹ ਹੋਰ ਕਿਸੇ ਵਿਚਾਰ ਵਿਚ ਨਹੀਂ ਪੈਂਦਾ ਸੀ। ਗਿਆਨ ਖੰਡ ਵਿਚ ਆ ਕੇ ਹੁਣ ਆਪਣਾ ਧਰਮ ਸਮਝਣ ਅਤੇ ਆਪਣੀ ਜਾਣ-ਪਛਾਣ ਨੂੰ ਵਧਾਉਣ ਦਾ ਜਤਨ ਕਰਦਾ ਹੈ। ਵਿਦਿਆ ਅਤੇ ਵਿਚਾਰ ਦੀ ਤਾਕਤ ਨਾਲ ਪ੍ਰਭੂ ਦੀ ਬੇਅੰਤ ਕੁਦਰਤ ਦਾ ਨਕਸ਼ਾ ਆਪਣੀਆਂ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਅੱਗੇ ਉਸ ਦੇ ਸਭ ਭਰਮ-ਵਹਿਮ ਉੱਡ ਜਾਂਦੇ ਹਨ। ਜਿਉਂ-ਜਿਉਂ ਉਸ ਦੀ ਸਮਝ ਵੱਧਦੀ ਜਾਂਦੀ ਹੈ ਤਿਉਂ-ਤਿਉਂ ਉਸ ਨੂੰ ਹੋਰ ਹੋਰ ਅਨੰਦ ਪ੍ਰਾਪਤ ਹੁੰਦਾ ਹੈ। ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ। ਆਤਮਕ ਅਵਸਥਾ ਵਿਚ ਇਸ ਦਾ ਨਾਮ ਗਿਆਨ ਖੰਡ ਹੈ।

ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥

3. ਸਰਮ ਖੰਡ: ਗਿਆਨ ਖੰਡ ਦੇ ਰਾਹ ਪੈ ਕੇ ਮਨੁੱਖ ਫਿਰ ਖੜ੍ਹਦਾ ਨਹੀਂ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ ਹੈ। ਮਨ ਦਾ ਪਹਿਲਾ ਸੁਭਾਅ, ਪਹਿਲੀਆਂ ਭੈੜੀਆਂ ਵਾਦੀਆਂ, ਨਿਰੀ ਸਮਝ ਨਾਲ ਨਹੀਂ ਖਤਮ ਹੋ ਸਕਦੀਆਂ। ਇਨ੍ਹਾਂ ਪੁਰਾਣੀਆਂ ਵਾਦੀਆਂ ਅਤੇ ਸੰਸਕਾਰਾਂ ਨੂੰ ਖਤਮ ਕਰਕੇ ਨਵੀਂ ਘਾੜਤ ਘੜ੍ਹਨੀ ਹੈ। ਆਪਣੇ ਅੰਦਰ ਉੱਚੀ ਸੁਰਤ ਵਾਲੇ ਨਵੇਂ ਸੰਸਕਾਰ ਜਮਾਣੇ ਹਨ, ਜਿਵੇਂ ਕਿ ਅੰਮ੍ਰਿਤ ਵੇਲੇ ਜਾਗਣਾ, ਵਾਹਿਗੁਰੂ ਦਾ ਸਿਮਰਨ ਕਰਨਾ, ਬਾਣੀ ਦਾ ਪਾਠ, ਲੋਕ ਭਲਾਈ ਕੰਮ ਕਰਨੇ ਆਦਿ। ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅੱਪੜ ਕੇ ਜੀਵ, ਜਿਉਂ-ਜਿਉਂ ਮਿਹਨਤ ਕਰਦਾ ਹੈ, ਅਤੇ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ-ਤਿਉਂ ਉਹਦੇ ਮਨ ਨੂੰ ਸੋਹਣਾ ਰੂਪ ਚੜਦਾ ਹੈ, ਕਾਇਆ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਚਾਰੇ ਪਾਸੇ ਚਾਨਣ ਹੀ ਚਾਨਣ ਲਗਦਾ ਹੈ, ਉੱਚੀ ਸੁਰਤ ਅਤੇ ਉੱਚੀ ਅਕਲ ਹੋ ਜਾਂਦੀ ਹੈ। ਮਨ ਵਿਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਅਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਸ ਅਵਸਥਾ ਦਾ ਨਾਮ ਸਰਮ ਖੰਡ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥

4. ਕਰਮ ਖੰਡ: ਬਸ! ਫਿਰ ਕੀ ਮਾਲਕ ਦੀ ਮਿਹਰ ਹੋ ਜਾਂਦੀ ਹੈ। ਪ੍ਰਮਾਤਮਾ ਅੰਦਰ ਬਲ ਭਰ ਦੇਂਦਾ ਹੈ, ਆਤਮਾ ਵਿਕਾਰਾਂ ਵੱਲ ਡੋਲਦੀ ਨਹੀਂ। ਬਾਹਰ ਭੀ ਚਾਰੇ ਪਾਸੇ ਪ੍ਰਮਾਤਮਾ ਹੀ ਦਿਸਦਾ ਹੈ। ਮਨ ਸਦਾ ਨਿਰੰਕਾਰ ਦੀ ਯਾਦ ਵਿਚ ਖੁਭਿਆ ਰਹਿੰਦਾ ਹੈ। ਉਸ ਨੂੰ ਫਿਰ ਜੰਮਣ-ਮਰਨ ਦਾ ਡਰ ਨਹੀਂ ਰਹਿੰਦਾ। ਉਸ ਦੇ ਮਨ ਵਿਚ ਸਦਾ ਖੇੜਾ ਹੀ ਖੇੜਾ ਰਹਿੰਦਾ ਹੈ। ਇਸ ਆਤਮਿਕ ਅਵਸਥਾ ਦਾ ਨਾਮ ਕਰਮ ਖੰਡ ਹੈ।

5. ਸੱਚਖੰਡ: ਪਰਮਾਤਮਾ ਦੀ ਮਿਹਰ ਦੇ ਪਾਤਰ ਬਣ ਕੇ ਆਖਰ ਜੀਵ ਸੱਚ ਖੰਡ ਜਾ ਪਹੁੰਚਦਾ ਹੈ। ਇਹ ਉਹ ਅਵਸਥਾ ਹੈ ਜਿੱਥੇ ਜੀਵ ਅਤੇ ਅਕਾਲ ਪੁਰਖ ਇੱਕ ਮਿੱਕ ਹੋ ਜਾਂਦੇ ਹਨ। ਉਹ ਉਸ ਜੋਤਿ ਵਿਚ ਅੱਪੜ ਜਾਂਦੇ ਹਨ, ਜੋ ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ ਹੈ। ਭਾਵ ਪਰਮਾਤਮਾ ਨਾਲ ਇਕ ਰੂਪ ਹੋਣ ਵਾਲੀ ਅਵਸਥਾ ਵਿਚ ਪਹੁੰਚੇ ਜੀਵ ਉੱਤੇ ਪ੍ਰਭੂ ਦੀ ਬਖਸ਼ਿਸ਼ ਵਾਲਾ ਦਰਵਾਜ਼ਾ ਖੁੱਲ੍ਹਦਾ ਹੈ, ਉਸਨੂੰ ਸਭ ਆਪਣੇ ਹੀ ਦਿਸਦੇ ਹਨ। ਹਰ ਪਾਸੇ ਪ੍ਰਭੂ ਹੀ ਦਿਸਦਾ ਹੈ। ਅਜਿਹੇ ਜੀਵ ਦੀ ਸੁਰਤ ਪ੍ਰਭੂ ਦੀ ਸਿਫਤ ਸਲਾਹ ਵਿਚ ਜੁੜੀ ਰਹਿੰਦੀ ਹੈ। ਹੁਣ ਮਾਇਆ ਇਸਨੂੰ ਠੱਗ ਨਹੀਂ ਸਕਦੀ। ਆਤਮਾ ਬਲਵਾਨ ਹੋ ਜਾਂਦੀ ਹੈ ਅਤੇ ਪ੍ਰਭੂ ਨਾਲ ਵਿਥ ਖਤਮ ਹੋ ਜਾਂਦੀ ਹੈ। ਹੁਣ ਪ੍ਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ/ਹੁਕਮ ਵਿਚ ਤੋਰ ਰਿਹਾ ਹੈ ਅਤੇ ਸਭ ਉੱਤੇ ਮਿਹਰ ਕਰ ਰਿਹਾ ਹੈ।

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥37॥

ਇਸ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਰੱਬ ਸਾਥੋਂ ਬਾਹਰ ਨਹੀਂ। ਰੱਬ ਝੂਠੀਆਂ ਰਸਮਾਂ, ਵਹਿਮਾਂ, ਭਰਮਾਂ ਨਾਲ ਪ੍ਰਾਪਤ ਨਹੀਂ ਹੋ ਸਕਦਾ। ਉਹ ਸਾਡੇ ਵਿਚ ਹੀ ਹੈ ਅਤੇ ਰੋਮ-ਰੋਮ ਵਿਚ ਵਸਦਾ ਹੈ। ਲੋੜ ਹੈ ਉਸ ਨੂੰ ਖੋਜਣ ਦੀ ਅਤੇ ਖੋਜੋ ਭੀ ਬਿਬੇਕ ਬੁੱਧੀ ਨਾਲ, ਅੱਖਾਂ ਖੋਲ੍ਹ ਕੇ ਗ੍ਰਹਿਸਤ ਵਿਚ ਰਹਿੰਦੇ ਹੋਏ, ਕਾਰ ਵਿਹਾਰ ਕਰਦੇ ਹੋਏ। ਜੰਗਲ ਬੇਲੇ ਜਾਣ ਦੀ ਲੋੜ ਨਹੀਂ। ਲੋੜ ਹੈ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਸ਼ਬਦ ਜੋ ਪੰਨਾ 684 ਤੇ ਰਾਗ ਧਨਾਸਰੀ ਵਿਚ ਸ਼ਸੋਬਿਤ ਹੈ -

ੴਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ 9 ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥1॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥2॥1॥

ਪੁਹਪ: ਫੁਲ, ਮੁਕਰ: ਸ਼ੀਸ਼ਾ

ਗੁਰੂ ਕ੍ਰਿਪਾ ਕਰਨ! ਸਾਨੂੰ ਬਿਬੇਕ ਬੁਧੀ ਬਖਸ਼ਣ ਤਾਂ ਜੋ ਅਸੀਂ ਆਪਣਾ ਆਪ ਖੋਜ ਕੇ ਇਸ ਜਨਮ ਵਿਚ ਪ੍ਰਭੂ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਬਲਬਿੰਦਰ ਸਿੰਘ ਅਸਟ੍ਰੇਲੀਆ
.