.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਸੌਲਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਗੁਰਮੱਤ ਜੀਵਨ ਬਨਾਮ ਅਜੋਕਾ ਸਿੱਖ ਮਾਨਸ-ਬੇਸ਼ੱਕ ਅਤੀ ਸ਼ੰਖੇਪ `ਚ, ਪਰ ਵਿਸ਼ੇ ਨੂੰ ਸਮਝਣ ਲਈ ਅਸਾਂ ਅਜੋਕੇ ਸਿਖ ਮਾਨਸ ਨੂੰ ਮੋਟੇ ਤੌਰ `ਤੇ ਚਾਰ ਭਾਗਾਂ `ਚ ਬਿਆਣਿਆ ਹੈ। ਤਾਂ ਵੀ ਸੱਚ ਇਹੀ ਹੈ ਕਿ ਨਿਰੋਲ ਗੁਰਬਾਣੀ ਤੋਂ ਪ੍ਰਗਟ ਵਿਚਾਰਧਾਰਾ ਨੂੰ ਸਮਝਣ ਵਾਲਾ ਮਨੁੱਖ ਹੀ ਇਸ ਸਚਾਈ ਨੂੰ ਸਮਝਣ ਅਤੇ ਇਸ ਦੀ ਪਛਾਣ ਕਰ ਸਕਦਾ ਹੈ ਕਿ ਮਨੁੱਖਾ ਜੀਵਨ ਦੀ ਸਭ ਤੋਂ ਵੱਡੀ ਲੋੜ ਹੀ ‘ਗੁਰਬਾਣੀ ਜੀਵਨ-ਜਾਚ’ ਹੈ। ਉਹ ‘ਗੁਰਬਾਣੀ ਜੀਵਨ-ਜਾਚ’ ਅਥਵਾ "ਗੁਰਬਾਣੀ ਤੋਂ ਪ੍ਰਗਟ ਵਿਚਾਰਧਾਰਾ" ਜਿਹੜੀ ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ ‘ਤੋਂ ਪ੍ਰਾਪਤ ਹੋਈ ਹੋਵੇ। ਅਜਿਹੇ "ਗੁਰਬਾਣੀ ਜੀਵਨ" ਤੋਂ ਬਿਨਾ ਮਨੁੱਖ ਰਾਹੀਂ, ਮਨੁੱਖੀ ਕੱਦਰਾਂ-ਕੀਮਤਾਂ, ਚੰਗੇ ਸੰਸਕਾਰਾਂ ਅਤੇ ਉਚੇ ਆਚਰਣ ਦੀ ਪਾਲਣਾ ਕਰਣਾ ਤਾਂ ਦੂਰ, ਉਸ ਨੂੰ, ਉਨ੍ਹਾਂ ਦੀ ਪਛਾਣ ਵੀ ਨਹੀਂ ਆ ਸਕਦੀ।

ਇਸ ਤੋਂ ਵੱਡੀ ਗੱਲ, ਜਿਹੜਾ ਸੱਜਨ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਯਕੀਨਣ ਉਸਦਾ ਜੀਵਨ ਗੁਰਬਾਣੀ ਜੀਵਨ-ਜਾਚ ਤੋਂ ਬਿਨਾ ਇਉਂ ਹੁੰਦਾ ਹੈ ਜਿਵੇਂ ਜੜ੍ਹ ਤੋਂ ਬਿਨਾ ਪੇੜ ਅਤੇ ਨੀੰਹ ਤੋਂ ਬਿਨਾਂ ਕੋਈ ਵੱਡੀ ਇਮਾਰਤ। ਬੇਸ਼ੱਕ ਸਾਰੇ ਨਹੀਂ ਪਰ ਅੱਜ ਬਹੁਤਾ ਕਰਕੇ ਇਹੀ ਹਾਲਤ ਸਂਪੂਰਣ ਸਿੱਖ ਜਗਤ ਦੀ ਬਣੀ ਪਈ ਹੈ। ਅਜ "ਸਿੱਖ" ਅਤੇ ਗੁਰਬਾਣੀ ਤੋਂ ਪ੍ਰਗਟ, ਅਸਲ "ਸਿੱਖੀ ਜੀਵਨ ਵਿਚਾਲੇ" ਵੱਡਾ ਅੰਤਰ ਆਇਆ ਪਿਆ ਹੈ ਅਤੇ ਇਹੀ ਹੈ ਅੱਜ ਸਭ ਤੋਂ ਵੱਡਾ ਕਾਰਣ ਪੰਥ `ਚ ਲਗਾਤਾਰ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਆਦਿ `ਚ ਡੁੱਬਦੀ ਜਾ ਰਹੀ ਸਿੱਖ ਪਨੀਰੀ ਦਾ।

ਸਿੱਖ ਤਾਂ ਹਨ, ਪਰ ਸਿੱਖੀ ਜੀਵਨ ਤੋਂ ਖਾਲੀ- ਸੱਚ ਵੀ ਇਹੀ ਹੈ ਕਿ ਅੱਜ ਬਹੁਤਾ ਕਰਕੇ ਸਿੱਖ ਅਖਵਾਉਣ ਵਾਲਿਆਂ ਦੇ ਜੀਵਨ `ਚੋਂ ਗੁਰਬਾਣੀ ਤੋਂ ਪ੍ਰਗਟ ਇਲਾਹੀ ਗੁਣਾਂ ਅਤੇ ਸੰਸਕਾਰਾਂ ਦੀ ਖੁਸ਼ਬੂ ਲਗਭਗ ਮੁੱਕੀ ਪਈ ਹੈ। ਉਨ੍ਹਾਂ ਦੇ ਜੀਵਨ ਅੰਦਰ ਅਨਮੱਤਾਂ, ਮਨਮੱਤਾਂ, ਹੂੜਮੱਤਾਂ, ਦੁਰਮੱਤਾਂ ਅਤੇ ਸਭ ਤੋਂ ਵੱਧ ਬ੍ਰਾਹਮਣ ਮੱਤ ਅਤੇ ਵਿਪਰਨ ਦੀਆਂ ਰੀਤਾਂ ਦੀ ਸੜ੍ਹਾਂਦ ਉਛਾਲੇ ਮਾਰ ਰਹੀ ਹੈ। ਉਨ੍ਹਾਂ ਦੇ ਜੀਵਨ `ਚੋਂ ਗੁਰਬਾਣੀ ਜੀਵਨ ਦੀ ਹਰਿਆਵਲ ਅਲੋਪ ਹੈ। ਬੇਸ਼ੱਕ ਸਾਰੇ ਨਹੀਂ ਪਰ ਅੱਜ ਬਹੁਤਾ ਸਿੱਖ ਮਾਨਸ, ਮਾਇਕ ਪੱਖੌਂ ਕ੍ਰੋੜਾਂ-ਅਰਬਾਂ ਦੇ ਮਾਲਕ, ਵੱਡੀਆਂ-ਵੱਡੀਆਂ ਜਾਗੀਰਾਂ, ਜਾਇਦਾਦਾਂ ਦਾ ਮਾਲਕ ਤਾਂ ਹੈ। ਅਜਿਹੇ ਬਹੁਤੇ ਸਿੱਖਾਂ ਕੋਲ ਡਿੱਗਰੀਆਂ-ਡਿਪਲੋਮੇ ਵੀ ਬਹੁਤ ਹਨ, ਪਰ ਉਨ੍ਹਾਂ ਨੂੰ ਬਾਣੀ ‘ਜਪੁ’ ਦੀ ਪਹਿਲੀ ਪਉੜੀ ਵੀ ਜ਼ਬਾਨੀ ਯਾਦ ਨਹੀਂ। ਇਸੇ ਲਈ ‘ਅਮਾਨਤ `ਚ ਖਿਆਣਤ’ ਦੀ ਨਿਆਈਂ ਅੱਜ ਬਹੁਤਾ ਸਿੱਖ ਜਗਤ, ਦਾਅਵੇ ਤਾਂ ਬਹੁਤ ਕਰਦਾ ਹੈ ਕਿ ਉਹ ਕੇਵਲ ਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਹੀ ਸਿੱਖ ਹੈ। ਦੁਨੀਆਂ ਉਸ ਦੀ ਦਸਤਾਰ ਧਾਰੀ ਦਿੱਖ ਤੋਂ ਵੀ ਇਹੀ ਪ੍ਰਭਾਵ ਲੈਂਦੀ ਹੈ, ਕਿ ਉਹ ਸਿੱਖ ਹੈ। ਪਰ ੳੇੁਸ ਦੀ ਕਰਣੀ ਅਤੇ ਜੀਵਨ ਰਹਿਣੀ `ਚੋਂ ਬਹੁਤਾ ਕਰਕੇ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ" ਜੀ ਦੀ ਨਿਰਾਲੀ ਸਿੱਖੀ ਗ਼ਾਇਬ ਹੋਈ ਪਈ ਹੈ।

ਡੇਰੇ ਉਦੋਂ ਵੀ ਸਨ ਅਤੇ ਡੇਰੇ ਅੱਜ ਵੀ ਹਨ ਪਰ…- ਗੁਰਬਾਣੀ ਜੀਵਨ-ਜਾਚ ਤੋਂ ਅਜੋਕੇ ਸਿੱਖ `ਚ ਗੁਰਬਾਣੀ ਪੱਖੋਂ ਵਿੱਥ ਵੱਧੀ ਹੈ ਤਾਂ ਕਿਵੇਂ? ਅਜੋਕੇ ਸਿੱਖ ਦਾ ਜੀਵਨ "ਗੁਰੂ-ਗੁਰਬਾਣੀ" ਦੀ ਸਿੱਖੀ ਤੋਂ ਇੰਨਾਂ ਦੂਰ ਕਿਵੇਂ ਅਤੇ ਕਿਉਂ ਚਲਾ ਗਿਆ ਹੈ? ਜਜ਼ਬਾਤੀ ਤੌਰ `ਤੇ ਤਾਂ ਉਹ ਅੱਜ ਵੀ ਗੁਰੂ ਤੋਂ ਵਾਰੇ ਵਾਰੇ ਜਾਂਦਾ ਹੈ। ਆਪਣੇ ਆਪ ਨੂੰ ਉਹ ਅੱਜ ਵੀ ਗੁਰੂ ਦਾ ਸਿੱਖ ਹੀ ਅਖਵਾ ਰਿਹਾ ਹੈ, ਉਹ ਅੱਜ ਵੀ ਗੁਰੂ ਅਤੇ ਸਿੱਖੀ ਦੇ ਹਰੇਕ ਕਾਜ਼ ਲਈ ਆਪਣੀਆਂ ਜਾਨਾਂ ਤੀਕ ਹੂਲਣ ਨੂੰ ਹਰ ਸਮੇਂ ਤਿਆਰ ਬੈਠਾ ਹੁੰਦਾ ਹੈ। ਆਪਣੀ ਸਮਝ ਅਨੁਸਾਰ ਉਹ ਅੱਜ ਵੀ ਆਪਣਾ ਤਨ-ਮਨ ਤੇ ਧਨ, ਗੁਰੂ ਦੇ ਨਾਂ ‘ਤੋਂ ਕੁਰਬਾਨ ਕਰਣ ਲਈ ਅਗਲੀਆਂ ਕੱਤਾਰਾਂ `ਚ ਖੜਾ ਹੈ। ਇਸ ਸਾਰੇ ਦੇ ਬਾਵਜੂਦ:-

ਸਾਨੂੰ ਇਹ ਵੀ ਦੇਖਣ ਤੇ ਸਮਝਣ ਦੀ ਲੋੜ ਹੈ ਕਿ "ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ" "ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ… ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ" (ਭਾ: ਗੁ: ੧/੨੭) ਅਨੁਸਾਰ ਜਿਸ ਸਿੱਖ ਧਰਮ ਦੇ ਅਨੁਯਾਯੀਆਂ `ਚ ਨਿੱਤ ਵਾਧਾ ਹੋਇਆ ਸੀ। ਬਲਕਿ ਉਦੋਂ ਸਿੱਖਾਂ ਵਿੱਚਾਲੇ, ਸਿੱਖ ਧਰਮ ਬਾਰੇ ਨਾ ਕੋਈ ਸ਼ੰਕਾ ਸੀ ਅਤੇ ਨਾ ਕੋਈ ਸੁਆਲ। ਓਦੋਂ ਪਤਿੱਤ ਹੋਣ ਦੀ ਗੱਲ ਤਾਂ ਸੋਚੀ ਵੀ ਨਹੀਂ ਸੀ ਜਾ ਸਕਦੀ। ਇਸ ਦੇ ਉਲਟ, ਓਦੋਂ ਹਰ ਸਮੇਂ ਸਿੱਖ ਸੱਜਨ ਵਾਲਿਆਂ ਦੀਆਂ ਕੱਤਾਰਾਂ ਲਗੀਆਂ ਰਹਿੰਦੀਆਂ ਸਨ। ਜਦਕਿ ਅੱਜ ਜੰਮਦਾ ਸਿੱਖ ਬੱਚਾ ਵੀ ਸ਼ੰਕੇ ਤੇ ਸੁਆਲਾਂ ਦੀ ਪੰਡ ਆਪਣੇ ਸਿਰ `ਤੇ ਲੈ ਕੇ ਜਨਮ ਲੈ ਰਿਹਾ ਹੈ। ਉਸੇ ਤੋਂ ਪਤਿੱਤ ਹੋਣ ਵਾਲਿਆਂ ਦੀਆਂ ਕੱਤਾਰਾਂ ਲੱਗੀਆਂ ਪਈਆਂ ਹਨ ਅਤੇ ਸਿੱਖ ਪਨੀਰੀ, ਤੇਜ਼ੀ ਨਾਲ ਨਸ਼ਿਆਂ ਆਦਿ `ਚ ਡੁੱਬਦੀ ਜਾ ਰਹੀ ਹੈ। ਅਜੋਕੇ ਸਿੱਖ ਦੇ ਜੀਵਨ `ਚ ਅਨਮੱਤਾਂ, ਮਨਮੱਤਾਂ, ਹੂੜਮੱਤਾਂ, ਦੁਰਮੱਤਾਂ ਅਤੇ ਸਭ ਤੋਂ ਵੱਧ ਬ੍ਰਾਹਮਣੀ ਅਤੇ ਵਿਪਰਨ ਦੀਆਂ ਰੀਤਾਂ ਤੇਜ਼ੀ ਨਾਲ ਆਪਣੇ ਪੈਰ ਜਮਾ ਰਹੀਆਂ ਹਨ।

ਬੇਸ਼ੱਕ ਡੇਰੇ, ਦੁਕਾਨਾਂ ਅਤੇ ਡੰਮੀ-ਗੁਰੂ ਡੰਮ, ਗੁਰੂ ਸਾਹਿਬਾਨ ਸਮੇਂ ਵੀ ਬਹੁਤ ਖੁਲ੍ਹਦੇ ਰਹੇ। ਇਥੋਂ ਤੀਕ ਕਿ ਉਹ ਡੇਰੇ ਖੁਲ੍ਹਦੇ ਵੀ ਸਨ ਤਾਂ ਗੁਰੂ ਪ੍ਰਵਾਰਾਂ `ਚੋਂ, ਤਾਂ ਵੀ ਉਨ੍ਹਾਂ ਚੋਂ ਇੱਕ ਵੀ ਸਫ਼ਲ ਨਹੀਂ ਸੀ ਹੋਇਆ, ਸਾਰੇ ਪੂਰੀ ਤਰ੍ਹਾਂ ਅਸਫ਼ਲ ਹੋਏ। ਕਿਉਂਕਿ ਉਦੋਂ ਗੁਰੂ ਕੀਆਂ ਸੰਗਤਾਂ ਨੂੰ ਗੁਮਰਾਹ ਕਰ ਲੈਣਾ, ਸੌਖੀ ਖੇਡ ਨਹੀਂ ਸੀ। ਉਦੋਂ ਸਿੱਖ ਦਾ ਮਤਲਬ ਹੀ, ਗੁਰਬਾਣੀ ਤੋਂ ਪ੍ਰਗਟ ਜੀਵਨ ਅਤੇ ਸਿੱਖਿਆ ਨਾਲ ਜੁੜਿਆ ਹੋਇਆ ਮਨੁੱਖ ਅਤੇ ਉਸਦਾ ਗੁਰਬਾਣੀ ਆਗਿਆ `ਚ ਤਿਆਰ ਜੀਵਨ ਹੁੰਦਾ ਸੀ। ਇਸ ਦੇ ਉਲਟ ਅੱਜ ਕੀ ਹੋ ਰਿਹਾ ਹੈ? ਗੁਰਦੁਆਰੇ ਖਾਲੀ ਪਏ ਹਨ ਅਤੇ ਗੁਰਦੁਆਰਿਆਂ ਤੋਂ ਬਾਹਿਰ ਜੇ ਕੋਈ ਮਾਮੂਲੀ ਜਿਹਾ ਇਨਸਾਨ ਵੀ ਥੋੜ੍ਹਾ ਜਿਹਾ ਸਿੱਖੀ ਦਾ ਢੋਂਗ ਰੱਚ ਲੈਂਦਾ ਹੈ, ਉਪ੍ਰੰਤ ਉਸ ਰਾਹੀਂ ਪ੍ਰਚਾਰੀ ਜਾ ਰਹੀ ਉਸ ਸਿੱਖੀ ਦਾ ਬੇਸ਼ਕ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਣ ਵਾਲੀ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਾ ਹੋਵੇ, ਉਥੇ ਵੀ ਸੰਗਤਾਂ ਦੀਆਂ ਕੱਤਾਰਾਂ ਲੱਗ ਜਾਂਦੀਆਂ ਹਨ।

ਹੈਰਾਨੀ ਹੁੰਦੀ ਹੈ, ਜਦੋਂ ਬਿਹਾਰ ਤੋਂ ਆ ਕੇ ਜੇ ਕੋਈ ਆਸੂਤੋਸ਼, ਪੰਜਾਬ `ਚ ਆਪਣਾ ਜਾਲ ਵਿਛਾ ਦਿੰਦਾ ਹੈ ਤਾਂ ਉਥੇ ਕੱਤਾਰਾਂ ਲੱਗ ਜਾਂਦੀਆਂ ਹਨ। ਫ਼ਿਰ ਕਿਸੇ ਪਿਆਰਾ ਸਿੰਘ ਭਨਿਆਰੇ ਨੇ ਆਪਣਾ ਵੱਖਰਾ ਡੇਰਾ ਅਤੇ ਉਹ ਆਪਣੇ ਢੰਗ ਦਾ ਗ੍ਰੰਥ ਤਿਆਰ ਕਰਕੇ ਬੈਠ ਗਿਆ ਤਾਂ ਉਥੇ ਕੱਤਾਰਾਂ; ਕਿਸੇ ਗੁੱਗੇ ਪੀਰ ਦੇ ਪੂਜਾਰੀ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਕਰਕੇ ਆਸ-ਪਾਸ ਫੁੰਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਗੁਰੂ ਕੀਆਂ ਅਖਵਾਉਣ ਵਾਲੀਆਂ ਉਹੀ ਸੰਗਤਾਂ, ਉਥੇ ਵੀ ਪੁੱਜ ਰਹੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਅੱਜ ਪੰਜਾਬ ਦੇ ਲਗਭਗ ਸਾਢੇ ਬਾਰਾਂ ਹਜ਼ਾਰ ਪਿੰਡਾਂ `ਚ ਵੀਹ ਹਜ਼ਾਰ ਤੋਂ ਵੱਧ ਬਾਬੇ ਅਤੇ ਉਨ੍ਹਾਂ ਦੇ ਡੇਰੇ ਖੁੱਲੇ ਹੋਏ ਹਨ ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ। ਇਥੌਂ ਤੀਕ ਕਿ ਪੰਜਾਬ ਦੇ ਪਿੰਡ-ਪਿੰਡ `ਚ ਅੱਜ ਵੀ ਡੇਰੇ ਖੁਲ੍ਹ ਰਹੇ ਹਨ ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਗੁਰਬਾਣੀ ਜੀਵਨ ਦੀ ਸੋਝੀ ਪੱਖੋਂ ਅਜੋਕੇ ਬਹੁਤੇ ਸਿੱਖ ਅੰਦਰੋਂ ਬਿਲਕੁਲ ਖਾਲੀ ਹੋਏ ਪਏ ਹਨ।

ਪਹਿਲੇ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੀਕ? - ਇਸ ਤੋਂ ਬਾਅਦ, ਇਸੇ ਪ੍ਰਕਰਣ ਦਾ ਹੀ ਇੱਕ ਹੋਰ ਪੱਖ ਵੀ ਹੈ ਅਤੇ ਇਸੇ ਤਰ੍ਹਾਂ ਉਹ ਵੀ ਦੀਰਘ ਵਿਚਾਰ ਮੰਗਦਾ ਹੈ। ਇਸ ਪੱਖੋਂ ਵਿਚਾਰਣ ਦਾ ਵਿਸ਼ਾ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿੱਥੇ ਮਨੁਖਾ ਜੀਵਨ `ਚ ਦਿਨੋ-ਦਿਨ ਗੁਰਮੱਤ ਪੱਖੋਂ ਜਾਗ੍ਰਤੀ ਆ ਰਹੀ ਸੀ। ਉਥੇ ਨਾਲ ਹੀ ਉਹ ਲੋਕ ਵੀ ਉੱਭਰ ਰਹੇ ਸਨ ਜਿਹੜੇ ਸੱਚ ਦੇ ਜੀਵਨ ਦੀ ਜਾਂ ਤਾਂ ਪਛਾਣ ਹੀ ਨਹੀਂ ਸਨ ਕਰ ਸਕਦੇ ਜਾਂ ਫ਼ਿਰ ਜਿਨ੍ਹਾਂ ਅੰਦਰ ਆਪਣੀਆਂ ਝੂਠ ਦੀਆਂ ਦੁਕਾਨਾਂ ਲਈ ਖ਼ੱਤਰਾ ਪੈਦਾ ਹੋ ਗਿਆ ਸੀ। ਉਹ ਲੋਕ ਧਰਮ ਦੇ ਕਿੱਤੇ ਹੇਠ ਚਲਾ ਰਹੇ ਆਪਣੀਆਂ ਦੁਕਾਨਾਂ ਲਈ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਇੱਕ ਬਹੁਤ ਵੱਡੀ ਵੰਗਾਰ ਤੇ ਖ਼ੱਤਰਾ ਮੰਣਦੇ ਸਨ। ਇਸੇ ਕਾਰਣ ਉਹ ਲੋਕ, ਗੁਰੂਦਰ ਦੇ ਤਨੋਂ ਮਨੋਂ ਅਰੰਭ ਤੋਂ ਹੀ ਵਿਰੋਧੀ ਸਨ।

ਰਾਇ ਬੁਲਾਰ ਪਾਸ ਅਜਿਹੀਆਂ ਸ਼ਿਕਾਇਤਾਂ ਪੁੱਜਣੀਆਂ ਕਿ ‘ਨਾਨਕ ਦੀਆਂ ਮੱਝੀਆਂ ਮੇਰਾ ਖੇਤ ਚਰ ਅਤੇ ਉਜਾੜ ਗਈਆਂ ਹਨ` ਇਹ ਸਭ ਉਸ ਵਿਰੋਧੀ ਸੜ੍ਹਾਂਦ ਦਾ ਹੀ ਉਭਾਰ ਅਤੇ ਅਰੰਭ ਸੀ। ਬ੍ਰਾਹਮਣੀ ਵਿਚਾਰਧਾਰਾ ਕੀ ਹੈ? ਇਹ ਵਿਚਾਰਧਾਰਾ ਹੈ ਹੀ ਮਨੁੱਖ ਨੂੰ, ਅਕਾਲਪੁਰਖੁ ਤੋਂ ਤੋੜਣਾ ਅਤੇ ਬਦਲੇ `ਚ ਆਪਣੀ ਪੂਜਾ ਕਰਵਾਉਣੀ। ਕਿਉਂਕਿ ਗੁਰਬਾਣੀ ਅਨੁਸਾਰ ਤਾਂ "ਵੇਦੁ ਪੁਕਾਰੈ ਤ੍ਰਿਬਿਧਿ ਮਾਇਆ॥ ਮਨਮੁਖ ਨ ਬੂਝਹਿ ਦੂਜੈ ਭਾਇਆ॥ ਤ੍ਰੈਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ" (ਪੰ: ੧੨੮) ਆਦਿ ਅਤੇ ਇਸੇਤਰ੍ਹਾਂ ਗੁਰਬਾਣੀ ਦੇ ਹੋਰ ਫ਼ੈਸਲੇ ਜਿਵੇਂ:-

"ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ" (ਪੰ: ੧੨੯) ਅਥਵਾ

"ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ" (ਪੰ: ੩੩੨) ਹੋਰ

"ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ" (ਪੰ: ੪੬੪) ਆਦਿ ਬੇਅੰਤ ਗੁਰਬਾਣੀ ਫ਼ੁਰਮਾਨ।

ਇਸ ਲਈ ਉਸ ਭਾਊ ਦਾ ਇਹ ਢੰਗ ਕਿ ਮਿੱਥੇ ਹੋਏ ਭਗਵਾਨਾਂ-ਦੇਵੀ-ਦੇਵਤਿਆਂ, ਉਪ੍ਰੰਤ ਕਰਮਕਾਂਡਾਂ ਦੇ ਰੂਪ `ਚ ਬੇਅੰਤ ਰੀਤਾਂ-ਰਸਮਾਂ, ਵਹਿਮਾਂ-ਭਰਮਾਂ, ਥਿਤਾਂ-ਵਰਾਂ-ਸਰਾਪਾਂ, ਸਗਨਾਂ-ਅਪਸਗਨਾਂ ਟੇਵੇ-ਮਹੂਰਤਾਂ-ਜਨਮਪਤ੍ਰ੍ਰੀਆਂ-ਰਾਸ਼ੀ ਫਲਾਂ-ਹਾਰੋਸਕੋਪਾਂ, ਗ੍ਰਿਹ-ਨਖਤ੍ਰਾਂ ਆਦਿ ਦੇ ਪ੍ਰਭਾਵ ਅਤੇ ਉਨ੍ਹਾਂ ਦੇ ਉਪਾਵਾਂ ਵਾਲਾ ਲੰਮਾਂ-ਚੌੜਾ ਤਾਨਾ-ਬਾਨਾ, ਇਸ ਤਰ੍ਹਾਂ ਉਸ ਰਾਹੀਂ ਲੰਮੇ ਸਮੇਂ ਤੋਂ ਲੋਕਾਈ ਨੂੰ ਆਪਣੇ ਪਿਛੇ ਲਗਾਇਆ ਹੋਣਾ। ਜਦਕਿ ਉਸੇ ਤਾਨੇ-ਬਾਨੇ ਤੋਂ ਹੀ ਤਾਂ ਉਸ ਦੀ ਰੋਟੀ-ਰੋਜ਼ੀ ਵੀ ਚੱਲਦੀ ਸੀ।

ਇਹੀ ਕਾਰਣ ਸੀ ਕਿ ਗੁਰੂਦਰ ਦੀ ਦਿਨ-ਦੀਵੀਂ ਹੋ ਹੀ ਪ੍ਰਫੁਲੱਤਾ ਤੋਂ ਸਭ ਤੋਂ ਵੱਧ ਦੁਖੀ ਵੀ ਉਹੀ ਸੀ। ਇਹ ਵੀ ਕਿ ਦਸਮੇਸ਼ ਪਿਤਾ ਦੇ ਸਮੇਂ ਤੀਕ ਇੰਨ੍ਹਾਂ ਸਮੂਚੇ ਵਿਰੋਧੀਆਂ ਵੱਲੋਂ ਵਿਰੋਧਤਾ ਅਤੇ ਸਿੱਖ ਧਰਮ ਅਥਵਾ ਗੁਰਬਾਣੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਯਤਨ ਤਾਂ ਭਾਵੇਂ ਕਦੇ ਇੱਕ ਦਿਨ ਲਈ ਵੀ ਨਹੀਂ ਸਨ ਰੁਕੇ, ਤਾਂ ਵੀ ਉਹ ਸਿੱਖ ਧਰਮ ਦੇ ਕਿਲੇ `ਚ ਇੱਕ ਸੁਰਾਖ ਤੀਕ ਵੀ ਨਹੀਂ ਸਨ ਕਰ ਸਕੇ। ਹੋਰ ਤਾਂ ਹੋਰ, ਇਹ ਵੱਖਰੀ ਗੱਲ ਹੈ ਕਿ ਬ੍ਰਾਹਮਣ ਵਰਗ ਸਮੇਤ ਉਨ੍ਹਾਂ ਲੋਕਾਂ `ਚੋਂ ਵੀ, ਜਿਹੜੇ ਇਸ ਰੱਬੀ ਸੱਚ ਵੱਲ ਪਰੇਰੇ ਜਾਂਦੇ, ਉਹ ਸਿੱਖ ਧਰਮ ਦੇ ਵੱਡੇ ਪ੍ਰਚਾਰਕ ਤੀਕ ਵੀ ਹੋ ਨਿੱਬੜਦੇ।

ਗੁਰੂ ਪ੍ਰਵਾਰਾਂ ਵਿਚਾਲੇ ਘੁਸਪੈਠ ਅਤੇ ਗੁਰੂਡੰਮ ਚਲਾਉਣੇ, ਗੁਰੂ ਕੇ ਲੰਗਰਾਂ `ਚ ਵਿਘਣ ਅਤੇ ਹੋਰ ਵੀ ਬਹੁਤ ਕੁੱਝ ਚੱਲਦਾ ਰਿਹਾ। ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ `ਚ ਵੀ ਵਿਰੋਧੀ ਤੇ ਜਨੂੰਨੀ ਵਰਗ ਦਾ ਹੀ ਬਹੁਤਾ ਵੱਡਾ ਹੱਥ ਸੀ। ਬੀਰਬਲ ਵੀ, ਮੂਲ ਰੂਪ `ਚ ਮਹੇਸ਼ਦਾਸ ਬ੍ਰਹਾਮਣ ਹੀ ਸੀ, ਸਰਕਾਰੀ ਦਰਬਾਰੇ ਇੰਨ੍ਹਾਂ ਜਾਤ ਅਭਿਮਾਨੀਆਂ ਦਾ ਉਹ ਵੱਡਾ ਆਗੂ ਸੀ। ਇਤਿਹਾਸ ਦੇ ਪੰਨਿਆਂ `ਤੇ ਗੰਗੂ ਰਸੋਈਆ, ਵਜੀਦੇ ਦੇ ਦਰਬਾਰ `ਚ ਸੁੱਚਾਨੰਦ ਵਾਲੇ ਕਾਲੇ ਧੱਬੇ ਹਮੇਸ਼ਾਂ ਨਜ਼ਰ ਆਉਂਦੇ ਰਹਿਣਗੇ।

ਜਦਕਿ ਇਹ ਵੀ ਦਿਨ ਦੀਵੀਂ ਸੱਚ ਹੈ ਕਿ ਇਸ ਤਰ੍ਹਾਂ ਲਗਾਤਾਰ ਬੇਅੰਤ ਹਮਲੇ ਕਰ ਕੇ ਵੀ ਦਸਮੇਸ਼ ਜੀ ਦੇ ਸਮੇਂ ਤੀਕ ਗੁਰੂ ਦਰਬਾਰਾਂ `ਚ ਘੁਸਪੈਠ ਲਈ ਵਿਰੋਧੀਆਂ ਦੀ ਦਾਲ ਉੱਕਾ ਨਹੀਂ ਗਲੀ। ਇਸ ਦਾ ਮੁੱਖ ਕਾਰਣ ਓਦੋਂ ਗੁਰਬਾਣੀ ਦਾ ਸਿੱਕੇ-ਬੰਦ ਪ੍ਰਚਾਰ ਅਤੇ ਗੁਰੂ ਸਾਹਿਬਾਨ ਦਾ ਉਸ ਪ੍ਰਚਾਰ `ਤੇ ਆਪਣਾ ਸਖ਼ਤ ਕੁੰਡਾ ਹੁੰਦਾ ਸੀ। ਓਦੋਂ ਯੋਗਤਾ ਅਤੇ ਜੀਵਨ ਦੇ ਆਧਾਰ `ਤੇ ਪ੍ਰਚਾਰਕ ਥਾਪੇ ਜਾਂਦੇ ਸਨ। ਤੀਜੇ ਪਾਤਸ਼ਾਹ ਨੇ ੫੨ ਮੰਜੀਆਂ ਤੇ ਪੀੜ੍ਹੇ ਥਾਪੇ ਸਨ। ਚੌਥੇ ਪਾਤਸ਼ਾਹ ਨੇ ਮਸੰਦ ਅਤੇ ਦਸਵੰਦ ਪ੍ਰਥਾ ਚਾਲੂ ਕੀਤੀਆਂ ਸਨ, ਜਿਨ੍ਹਾਂ ਨੂੰ ਬਾਅਦ `ਚ ਪੰਜਵੇਂ ਪਾਤਸ਼ਾਹ ਨੇ ਪੂਰਣ ਸੰਸਥਾਵਾਂ ਦਾ ਰੂਪ ਦਿੱਤਾ।

ਓਦੋਂ ਸਮੂਚੇ ਗੁਰਮੱਤ ਪ੍ਰਚਾਰ ਅਤੇ ਪ੍ਰਬੰਧ `ਤੇ ਗੁਰੂ ਸਾਹਿਬਾਨ ਦਾ ਆਪਣਾ ਕੁੰਡਾ ਕਿਤਨਾ ਸਖ਼ਤ ਸੀ, ਉਸਦਾ ਵੱਡਾ ਸਬੂਤ ਹੈ, ਜਦੋਂ ਗੁਰੂ ਸਾਹਿਬ ਰਾਹੀ ਆਪ ਅਰੰਭ ਕੀਤੀ ਹੋਈ ਮਸੰਦ ਪ੍ਰਥਾ `ਚ ਨੁੱਕਸ ਆ ਗਿਆ ਤਾਂ ਦਸਮੇਸ਼ ਜੀ ਨੇ ਉਸ ਪ੍ਰਥਾ ਨੂੰ ਬੰਦ ਕਰਣ `ਚ ਵੀ ਢਿੱਲ ਨਹੀਂ ਕੀਤੀ। ਗੁਰੂ ਸਾਹਿਬਾਨ ਦੇ ਸਮੇਂ `ਚ ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰ ਅਤੇ ਪ੍ਰਚਾਰਕਾਂ `ਤੇ ਅਜਿਹੇ ਸਖਤ ਕੁੰਡੇ ਦਾ ਇੱਕੋ ਹੀ ਮਕਸਦ ਸੀ ਕਿ ਗੁਰਬਾਣੀ ਵਿਚਾਰਧਾਰਾ ਹਰੇਕ ਪੜ੍ਹੇ ਹੋਏ ਅਤੇ ਅਨਪੜ੍ਹ ਤੀਕ ਆਪਣੇ ਨਿਰੋਲ ਸ਼ੁੱਧ ਸਰੂਪ `ਚ ਪਹੁੰਚੇ ਤੇ ਇਹ ਪਹੁੰਚਦੀ ਵੀ ਸੀ। ਮੂਲ ਕਾਰਣ ਵੀ ਇਹੀ ਸੀ ਕਿ ਓਦੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਚਾਰਕਾਂ ਉਪਰ ਗੁਰੂ ਸਾਹਿਬਾਨ ਦਾ ਆਪਣਾ ਬਹੁਤ ਸਖ਼ਤ ਪਹਿਰਾ ਸੀ।

ਸਿੱਖ ਰਹਿਣੀ ਅਤੇ ਗੁਰਬਾਣੀ ਜੀਵਨ ਵਿਚਾਲੇ ਦੂਰੀ ਦਾ ਅਰੰਭ? - ਦਸੰਬਰ ਸੰਨ ੧੭੦੪, ਦਸਮੇਸ਼ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ। ਓਦੋਂ ਤੋਂ ਲੈ ਕੇ ਸੰਨ ੧੭੧੫, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਗ੍ਰਿਫਤਾਰੀ ਤੀਕ, ਪੰਥ ਕੋਲ ਟਿਕਾਅ ਦਾ ਬਿਲਕੁਲ ਵੀ ਸਮਾਂ ਉੱਕਾ ਨਹੀਂ ਸੀ ਬਣਿਆ। ਉਪ੍ਰੰਤ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਵਿਰੋਧੀ ਰਾਜਸੀ ਹਾਲਾਤ ਕਾਰਣ, ਸਿੱਖਾਂ ਨੂੰ ਸ਼ਹਿਰੀ ਜੀਵਨ ਦਾ ਵੀ ਤਿਆਗ ਕਰਣਾ ਪਿਆ। ਹੁਣ ਜੁਝਾਰੂ ਸਿੱਖ ਅਤੇ ਬਹੁਤਾ ਕਰਕੇ ਉਨ੍ਹਾਂ ਦੇ ਪਰਵਾਰਾਂ ਵਾਸਾ ਵੀ ਜੰਗਲਾਂ, ਮਾਰੂਥਲ਼ਾਂ ਅਤੇ ਪਹਾੜਾਂ ਆਦਿ ਸੁਰਖਿਅਤ ਸਥਾਨਾ `ਤੇ ਹੀ ਸੀ।

ਫ਼ਿਰ ਇਤਨਾ ਹੀ ਨਹੀਂ, ਉਧਰ ਜੰਗਲਾਂ, ਪਹਾੜਾਂ, ਮਾਰੂਥਲਾਂ ਆਦਿ `ਚ ਪਹੁੰਚਕੇ ਵੀ ਉਨ੍ਹਾਂ ਜੁਝਾਰੂ ਸਿੱਖਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਪਿੱਛੇ ਹਰ ਸਮੇਂ ਵੈਰੀ ਦਲ ਤੇ ਸ਼ਾਹੀ ਫੋਜਾਂ ਦੀ ਚੜ੍ਹਤ ਬਣੀ ਰਹਿੰਦੀ ਸੀ। ਇਸ ਲਈ ਕੌਮ ਵਾਸਤੇ ਉਹ ਅਤਿਅੰਤ ਭੀੜਾ ਦਾ ਸਮਾਂ ਸੀ। ਜਦਕਿ ਸਿੱਖ ਧਰਮ ਦੇ ਸਾਰੇ ਇਤਿਹਾਸਕ ਸਥਾਨ ਅਤੇ ਧਰਮਸ਼ਾਲਾਵਾਂ ਭਾਵ ਗੁਰਦੁਆਰੇ ਤਾਂ ਹੈਣ ਹੀ ਇਧਰ ਭਰਵੀਂ ਵਸੋਂ `ਚ ਸਨ। ਇਹ ਵੀ, ਕਿ ਉਸ ਸਮੇਂ ਦੌਰਾਨ ਭਰਵੀਂ ਵਸੋਂ `ਚ ਕੇਵਲ ਸਿੱਖ ਧਰਮ ਦੇ ਉਹ ਸਾਰੇ ਇਤਿਹਾਸਕ ਸਥਾਨ ਅਤੇ ਧਰਮਸ਼ਾਲਾਵਾਂ ਭਾਵ ਗੁਰਦੁਆਰੇ ਹੀ ਨਹੀਂ ਸਨ, ਬਲਕਿ ਇਥੇ ਵੱਡੀ ਗਿਣਤੀ ਚ ਗੁਰੂ ਕੀਆਂ ਸੰਗਤਾਂ ਅਤੇ ਸ਼੍ਰਧਾਲੂ ਵਸੋਂ ‘ਵੀ ਸੀ। ਇਸਤਰ੍ਹਾਂ ਉਸ ਦੌਰਾਨ ਅਰੰਭ ਹੁੰਦੀ ਹੈ ਗੁਰਬਾਣੀ ਦੇ ਜੀਵਨ ਅਤੇ ਸਾਧਾਰਣ ਸਿੱਖ ਸੰਗਤਾਂ ਦੀ ਨਿੱਤ ਦੀ ਰਹਿਣੀ ਵਿਚਾਲੇ ਵਿੱਥ, ਜਿਸਦਾ ਸੰਖੇਪ ਵੇਰਵਾ ਬਹੁਤਾ ਕਰਕੇ ਹੇਠ ਲਿਖੇ ਅਨੁਸਾਰ ਹੀ ਹੈ।

ਗੁਰਦੁਆਰਿਆਂ ਅਥਵਾ `ਚ ਅਨਮੱਤੀ ਪ੍ਰਵੇਸ਼-ਇਸ ਤਰ੍ਹਾਂ ਈ: ਸੰਨ ੧੭੧੬ ਤੋ ਅਰੰਭ ਹੋ ਕੇ, ਸੰਨ ੧੭੯੯, ਜਦੋਂ ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਸਥਾਪਤ ਹੋਇਆ, ਇਹ ਕੁਲ ਸਮਾਂ ਚੌਰਾਸੀ ਸਾਲ ਦਾ ਬਣਦਾ ਹੈ। ਦਰਅਸਲ ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਸ਼ਹਿਰਾਂ ਵਿੱਚਾਲੇ ਸਿੱਖੀ ਪ੍ਰਚਾਰ ਦੇ ਸੋਮੇ, ਸਾਰੇ ਇਤਿਹਾਸਕ ਸਥਾਨ ਅਤੇ ਸਿੱਖ ਧਰਮਸ਼ਾਲਾਵਾਂ ਪੂਰੀ ਤਰ੍ਹਾਂ ਵਿਰੋਧੀਆਂ ਦੇ ਕਬਜ਼ੇ `ਚ ਹੀ ਰਹੇ। ਉਸੇ ਦਾ ਨਤੀਜਾ, ਜਿਨ੍ਹਾਂ ਗੁਰਮੱਤ ਵਿਰੋਧੀ ਤਾਕਤਾਂ ਨੂੰ ਜਿਹੜੀ ਸਫਲਤਾ ਪਿਛਲੇ ਢਾਈ ਸੌ ਸਾਲਾਂ `ਚ ਨਹੀਂ ਸੀ ਮਿਲੀ, ਉਨ੍ਹਾਂ ਨੂੰ ਇੰਨ੍ਹਾਂ ਚੌਰਾਸੀ ਸਾਲਾਂ ਦੌਰਾਨ ਖੁੱਲ ਕੇ ਪ੍ਰਾਪਤ ਹੋ ਗਈ। ਇਹ ਤਾਂ ਉਨ੍ਹਾਂ ਲਈ ਜਿਵੇਂ ਕਿ ਰਾਤੋ-ਰਾਤ, ਸਾਰੇ ਰਸਤੇ ਹੀ ਖੁੱਲ੍ਹ ਗਏ ਸਨ। ਹੋਰ ਤਾਂ ਹੋਰ, ਕਈ ਕਾਰਣਾ ਕਰਕੇ ਉਹ ਵਿਰੋਧੀ ਗੁਰਮੱਤ ਪ੍ਰਚਾਰ ਵਾਲੀ ਲੜੀ ਬਹੁਤਾ ਕਰਕੇ ਅੱਜ ਵੀ ਚਾਲੂ ਹੈ।

ਸਭ ਤੋਂ ਪਹਿਲਾਂ ਤਾਂ ਬਹੁਤੇ ਬ੍ਰਾਹਮਣ ਵਰਗ `ਚੋਂ ਹੀ ਮਿੱਠ ਬੋਲੜੇ ਬਣ, ਬਹੁਤੇ ਗੁਰਬਾਣੀ ਦਾ ਪਰਦੇ ਹੇਠ ਉਨਹਾਂ ਸਿੱਖ ਇਤਿਹਾਸਕ ਸਥਾਨਾਂ ਅਤੇ ਗੁਰਦੁਆਰਿਆਂ `ਚ ਮਹੰਤ ਤੇ ਪੁਜਾਰੀ ਬਣ ਬੈਠੇ। ਫ਼ਿਰ ਦੂਜੇ ਉਹ ਲੋਕ ਜਿਨ੍ਹਾਂ `ਚੋਂ ਕਈਆਂ ਦੇ ਰਿਸ਼ਤੇਦਾਰਾਂ ਜਾਂ ਪੂਰਵਜਾਂ ਨੇ, ਸਮੇਂ ਸਮੇਂ ਨਾਲ ਸਿੱਖ ਧਰਮ ਦੇ ਪ੍ਰਚਾਰ `ਚ ਵੱਡਾ ਨਾਮਨਾ ਖੱਟਿਆ ਸੀ। ਬਲਕਿ ਉਨ੍ਹਾਂ `ਚੋਂ ਕਈਆਂ ਨੇ ਸ਼ਹੀਦੀਆਂ ਤੀਕ ਵੀ ਪਾਈਆਂ ਸਨ ਅਤੇ ਇਸੇ ਤਰ੍ਹਾਂ ਉਨ੍ਹਾਂ `ਚੋਂ ਵੱਕਤਨ-ਵੱਕਤਾ ਕਈ ਗੁਰੂ ਸਾਹਿਬਾਨ ਵੱਲੋਂ ਸਿੱਖ ਧਰਮ ਦੇ ਵੱਡੇ ਪ੍ਰਚਾਰਕ ਵੀ ਥਾਪੇ ਗਏ ਸਨ।

ਜਦਕਿ ਸਮੇਂ ਦਾ ਲਾਭ ਲੈ ਕੇ ਉਨ੍ਹਾਂ `ਚੋ ਕਈਆਂ ਦੇ ਪ੍ਰਵਾਰਾਂ ਅਤੇ ਵੰਸ਼ਾਂ `ਚੋਂ ਆਪਣੇ ਉਨ੍ਹਾਂ ਸੰਬੰਧੀਆਂ ਅਤੇ ਪੂਰਵਜਾਂ ਨਾਲ ਆਪਣਾ ਟਾਂਕਾ ਜੋੜ ਕੇ ਮੈਦਾਨ `ਚ ਆ ਗੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਵੀ ਉਸ ਸਮੇਂ ਦੇ ਵਿਗੜੇ ਹੋਏ ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ `ਚ ਆਪਣੀ ਖੁੱਲੀ ਘੁਸਪੈਠ ਕਰ ਲਈ। ਬਲਕਿ ਉਨ੍ਹਾਂ `ਚੋਂ ਬਹੁਤੇ ਤਾਂ ਗੱਦੀਦਾਰ ਤੀਕ ਵੀ ਬਣ ਬੈਠੇ ਅਤੇ ਕਈਆਂ ਨੇ ਆਪਣੇ ਡੇਰੇ ਵੀ ਕਾਇਮ ਕਰ ਲਏ। ਇਸ ਤਰ੍ਹਾਂ ਜੇ ਕੁੱਝ ਹੋਰ ਗਹਿਰਾਈ `ਚ ਜਾਵਿਆ ਜਾਵੇ ਤਾਂ ਉਨ੍ਹਾਂ `ਚੋਂ ਬਹੁਤੇਰੇ ਡੇਰੇ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ਜਿਹੜੇ ਆਪਣੀ-ਆਪਣੀ ਥਾਵੇਂ ਬਹੁਤ ਵਧੀਆ ਚੱਲ ਰਹੇ ਹਨ।

ਫ਼ਿਰ ਉਹੀ ਗੱਦੀ ਦਾਰ, ਡੇਰੇ ਅਤੇ ਅਜੋਕਾ ਸਿੱਖ ਜਗਤ- ਸੱਚ ਤਾਂ ਇਹ ਹੈ ਓਦੋਂ ਜੇ ਕਿਸੇ ਗੁਰੂ ਵਿਅੱਕਤੀ ਨੇ ਜੇ ਕਦੇ ਕੋਈ ਪ੍ਰਚਾਰਕ, ਗੱਦੀਦਾਰ ਥਾਪਿਆ ਜਾਂ ਬਖ਼ਸ਼ਿਸ਼ ਕੀਤੀ ਤਾਂ ਉਸ ਦੀ ਸੀਮਾਂ ਕੇਵਲ ਉਸ ਵਿਅਕਤੀ ਤੀਕ ਹੀ ਸੀ, ਨਾ ਕਿ ਉਸ ਦੇ ਪ੍ਰਵਾਰ ਜਾਂ ਵੰਸ਼ ਦੇ ਕਿਸੇ ਹੋਰ ਜੀਅ ਲਈ। ਮਿਸਾਲ ਵੱਜੋਂ, ਜੇ ਸਾਧਾਰਣ ਸੰਗਤਾਂ ਦੀ ਤਾਂ ਗੱਲ ਹੀ ਛਡ ਦੇਵੀਏ! ਗੁਰੂ ਸਾਹਿਬਾਨ ਵੱਲੋਂ ਸਮੇਂ ਸਮੇਂ ਨਾਲ ਜਿਹੜੀ ਬਖਸ਼ਿਸ਼ ਬਾਬਾ ਲਹਿਣਾ ਜੀ, ਬਾਬਾ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਨੂੰ ਪ੍ਰਾਪਤ ਹੋਈ ਸੀ, ਉਸ ਦੇ ਹੱਕਦਾਰ ਕੇਵਲ ਉਹ ਹੀ ਸਨ, ਉਨ੍ਹਾਂ ਦੇ ਪ੍ਰਵਾਰਾਂ ਦੇ ਦੂਜੇ ਸੱਜਨ ਵੀ ਕਦੇ ਨਹੀਂ ਸਨ। ਫ਼ਿਰ ਬਾਕੀ ਪ੍ਰਵਾਰਾਂ ਦੀ ਗੱਲ ਤਾਂ ਦੂਰ, ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਸੁਪੁਤ੍ਰ ਹੋਣ ਦੇ ਬਾਵਜੂਦ ਬਾਬਾ ਸ੍ਰੀ ਚੰਦ ਅਤੇ ਲ਼ਖਮੀ ਦਾਸ ਵੀ ਉਸ ਬਖ਼ਸ਼ਿਸ਼ ਦੇ ਵਾਰਿਸ ਨਾ ਬਣ ਸਕੇ, ਇਸੇ ਤਰ੍ਹਾਂ ਬਾਅਦ `ਚ ਦਾਤੂ ਜੀ, ਦਾਸੂ ਜੀ, ਮੋਹਰੀ ਜੀ ਅਤੇ ਬਾਬਾ ਮੋਹਨ ਜੀ ਆਦਿ ਵੀ।

ਇਸੇ ਤਰ੍ਹਾਂ ਚੌਥੇ ਪਾਤਸ਼ਾਹ ਤੋਂ ਜਿਹੜੀ ਗੁਰਗੱਦੀ ਵਾਲੀ ਬਖਸ਼ਿਸ਼ ਪੰਚਮ ਪਾਤਸ਼ਾਹ ਦੇ ਰੂਪ `ਚ ਗੁਰੂ ਅਰਜਨ ਸਾਹਿਬ ਨੂੰ ਪ੍ਰਾਪਤ ਹੋਈ, ਉਨ੍ਹਾਂ ਦੇ ਭ੍ਰਾਤਾ ਹੋਣ ਦੇ ਬਾਵਜੂਦ ਪ੍ਰਿਥੀ ਚੰਦ ਅਤੇ ਮਹਾਦੇਵ ਵੀ ਉਸ ਬਖ਼ਸ਼ਿਸ਼ ਦੇ ਹੱਕਦਾਰ ਨਹੀਂ ਸਨ। ਇਹ ਸੀਮਾ ਤਾਂ ਗੁਰੂ ਪ੍ਰਵਾਰਾਂ ਵਿੱਚਲੀ ਹੈ, ਉਸਦੇ ਉਲਟ, ਅੱਜ ਤਾਂ ਅਨੇਕਾਂ ਪਖੰਡੀ; ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਠੇਕੇਦਾਰ, ਦਾਅਵੇਦਾਰ ਅਤੇ ਗੱਦੀਦਾਰ ਬਣ ਕੇ ਬਰਸਾਤੀ ਖੁੰਬਾਂ ਵਾਂਙ ਪ੍ਰਗਟ ਹੋ ਰਹੇ ਹਨ। ਜਦਕਿ ਇਸ ਸਾਰੇ ਦੇ ਅਰੰਭ ਦਾ ਮੁੱਖ ਸਮਾਂ, ਸੰਨ ੧੭੧੬ ਤੋਂ ਈ: ਸਨ ਸੰਨ ੧੭੯੯ ਭਾਵ ਉਹ ਚੌਰਾਸੀ ਸਾਲ ਵਾਲਾ ਹੀ ਹੈ।

ਤਾਂ ਵੀ ਇਥੇ ਵੱਖਰੀ ਗੱਲ ਇਹ ਹੈ ਕਿ ਆਪਣੇ ਅੰਤਮ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਨਮੁੱਖ, ਆਪਣੀ ਭੁੱਲ ਸਵੀਕਾਰ ਕਰ ਲਈ ਅਤੇ ਗੁਰੂ ਦਰਬਾਰ ਤੋਂ ਆਪਣਾ ਵਖ੍ਰੇਵਾਂ ਤਿਆਗ ਦਿੱਤਾ। ਉਨ੍ਹਾਂ ਬਾਬਾ ਅਲਮਸਤ ਜੀ ਆਦਿ, ਉਸ ਸਮੇ ਦੇ ਆਪਣੇ ਚਾਰੋਂ ਧੂਨੀਏ (ਪ੍ਰਚਾਰਕ) ਵੀ ਗੁਰੂ ਪਾਤਸ਼ਾਹ ਦੇ ਸੁਪੁਰਦ ਕਰ ਦਿੱਤੇ, ਜਿਨ੍ਹਾਂ ਬਾਅਦ `ਚ ਦੂਰ ਦੂਰ ਤੀਕ "ਨਾਨਕ ਮੱਤ" ਦਾ ਹੀ ਪ੍ਰਚਾਰ ਕੀਤਾ ਅਤੇ ਉਹ ਵੀ ਬੜਾ ਖੁੱਲ ਕੇ ਅਤੁ ਉਸ ਦਾ ਪ੍ਰਭਾਵ ਅੱਜ ਵੀ ਬਹੁਤ ਪਾਸੇ ਕਾਇਮ ਹੈ। ਫ਼ਿਰ ਵੀ ਉਸ ਬਿਖੜੇ ਸਮੇਂ ਦੌਰਾਨ ਅਨੇਕਾਂ ਅਖੌਤੀ ਉਦਾਸੀ, ਸਿੱਖ ਇਤਿਹਾਸਕ ਸਥਾਨਾਂ `ਤੇ ਕਾਬਜ਼ ਹੋਏ ਜਾਂ ਉਨ੍ਹਾਂ ਨੇ ਆਪਣਾ ਟਾਂਕਾ ਸਿੱਖ ਧਰਮ ਨਾਲ ਜੋੜ ਕੇ ਭੋਲੀਆਂ ਭਾਲੀਆਂ ਗੁਰੂ ਕੀਆਂ ਸੰਗਤਾਂ ਨੂੰ ਬਰਵਾਂ ਗੁਮਰਾਹ ਅਤੇ ਲਗਾਤਾਰ ਕੀਤਾ ਬਲਕਿ ਕਈ ਤਾਂ ਅੱਜ ਵੀ ਉਹੀ ਕੁੱਝ ਹੀ ਕਰ ਰਹੇ ਹਨ।

ਫ਼ਿਰ ਨਿਰਮਲਾ ਸੰਪਰਦਾਏ ਵੀ? -ਅੱਜ ਸਿੱਖਾਂ ਵਿਚਾਲੇ "ਨਿਰਮਲਾ ਸੰਪਰਦਾਏ" ਦੀ ਵੀ ਬੜੀ ਵੱਡੀ ਚੜ੍ਹਤ `ਚ ਹੈ। ਤਾਂ "ਨਿਰਮਲਾ ਸੰਪਰਦਾਏ" ਕੀ ਹੈ? ਇਸਦੀ ਜੜ੍ਹ ਬਨਾਰਸ `ਚ ਹੈ। ਉਂਜ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪਰ ਖਾਸ ਤੌਰ `ਤੇ ਪੰਜਵੇ ਪਾਤਸ਼ਾਹ ਸਮੇਂ ਬਨਾਰਸ `ਚ ਵੀ ਨਿਰੋਲ ਗੁਰਬਾਣੀ ਅਤੇ ਸਿੱਖ ਧਰਮ ਦਾ ਪ੍ਰਚਾਰ, ਬੜਾ ਵੱਧ ਚੜ੍ਹ ਕੇ ਹੋਇਆ ਸੀ।

ਖ਼ੂਬੀ ਇਹ ਕਿ ਉਨ੍ਹਾਂ ਚੌਰਾਸੀ ਸਾਲਾਂ ਦੋਰਾਨ ਬਨਾਰਸ ਦੇ ਪੜ੍ਹੇ ਲਿਖੇ ਬਹੁਤੇ ਵਿਦਵਾਨ ਵੇਦਾਚਾਰਿਯ ਪੰਡਤਾਂ ਨੇ ਇੱਕ ਹੋਰ ਤੇ ਅਤੇ ਨਿਵੇਕਲੀ ਖੇਡ ਖੇਡੀ। ਉਨ੍ਹਾਂ ਸਿੱਖਾਂ ਵਿੱਚਕਾਰ ਇੱਕ ਨਵਾਂ ‘ਨਿਰਮਲਾ’ ਨਾਮ ਦਾ ਸੰਪ੍ਰਦਾਇ ਸਥਾਪਤ ਕਰ ਦਿੱਤਾ। ਇਸ ਸਮੇਂ ਕਲਮ ਤਾਂ ਹੈ ਹੀ ਉਨ੍ਹਾਂ ਪਾਸ ਸੀ। ਕਮਾਲ ਤਾਂ ਇਹ ਕਿ ਉਨ੍ਹਾਂ ਇਸ ਨਵੇਂ ਫ਼ਿਰਕੇ ਅਥਵਾ ਇਸ "ਨਿਰਮਲਾ ਸੰਪਰਦਾਏ" ਨੂੰ ਦਸਮੇਸ਼ ਜੀ ਰਾਹੀਂ ਥਾਪਿਆ ਹੋਇਆ ਪ੍ਰਚਲਤ ਕੀਤਾ। ਭਾਵੇਂ ਕਿ ਗੁਰਮੱਤ ਅਤੇ ਗੁਰਬਾਣੀ ਦੀ ਕਸਵੱਟੀ `ਤੇ ਉਹ ਫ਼ਰਜ਼ੀ ਸਾਖੀ, ਕਿਸੇ ਤਰ੍ਹਾਂ ਵੀ ਪੂਰੀ ਨਹੀਂ ਉਤਰਦੀ।

ਵਿਚਾਰਣ ਦਾ ਵਿਸ਼ਾ ਹੈ ਕਿ, ਗੁਰੂ ਦਰ `ਤੇ, ਸੰਸਕ੍ਰਿਤ, ਵਿਸ਼ੇਸ਼ ਭਾਸ਼ਾ ਕਦੇ ਵੀ ਨਹੀਂ ਸੀ, ਨਾ ਇਸ ਵਿਦਿਆ ਦੀ ਪ੍ਰਾਪਤੀ ਲਈ ਸਿੱਖ ਨੇ ਆਪਣੇ ਕਛਹਿਰੇ, ਕੜੇ, ਕ੍ਰਿਪਾਨਾਂ ਆਦਿ ਕਕਾਰਾਂ ਦਾ ਤਿਆਗ ਹੀ ਕਰਣਾ ਸੀ। ਉਹ ਵੀ ਇਸ ਲਈ ਕਿ ਉਨ੍ਹਾਂ ਨੇ ਉਥੋਂ ਦੇ ਬ੍ਰਾਹਮਣਾਂ ਕੋਲੋਂ ਵੈਦਿਕ ਵਿੱਦਿਆ ਲੈਣ ਲਈ ਵਿਸ਼ੇਸ਼ ਤੌਰ `ਤੇ ਬਨਾਰਸ ਜਾਣਾ ਸੀ। ਵੇਦਾਂ, ਸ਼ਾਸਤ੍ਰਾਂ ਦੀ ਤਾਲੀਮ ਜਾਂ ਬ੍ਰਾਹਮਣੀ ਕਰਮਕਾਂਡਾਂ ਬਾਰੇ ਗੁਰਬਾਣੀ ਦੇ ਬੇਅੰਤ ਫੈਸਲੇ, ਗੁਰੂ ਕੀਆਂ ਸੰਗਤਾਂ ਲਈ ਛੁਪੀ ਗੁੱਝੀ ਚੀਜ਼ ਕਦੇ ਵੀ ਨਹੀਂ ਸਨ। ਗੁਰਬਾਣੀ `ਚ ਇਸ ਵਿਸ਼ੇ ਨਾਲ ਸੰਬੰਧਤ ਬਹੁਤੇਰੇ ਫ਼ੁਰਮਾਨ ਹਨ। ਫ਼ਿਰ ਇਤਨਾ ਹੀ ਨਹੀਂ, ਪ੍ਰਚਲਤ ਸਾਖ਼ੀ ਅਨੁਸਾਰ ਜਿਵੇਂ ਕਿ ਦਸਮੇਸ਼ ਜੀ ਨੂੰ ਹੀ ਲੋੜ ਪੈ ਗਈ ਸੀ ਕਿ ਉਹ ਕਿ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਸਿੰਘਾਂ ਕੋਲੋਂ ਸਿੱਖੀ ਰਹਿਣੀ ਤੇ ਮਰਿਯਾਦਾ `ਚ ਢਿੱਲ ਕਰਵਾ ਕੇ, ਉਨ੍ਹਾਂ ਨੂੰ ‘ਬ੍ਰਾਹਮਣ’ ਪਾਸੋਂ ਦੀਖਿਆ ਲੈਣ ਲਈ ਬਨਾਰਸ ਭੇਜਦੇ? ਜਦਕਿ ਇਸਦੇ ਉਲਟ, ਗੁਰਬਾਣੀ ਦਾ ਹੀ ਫ਼ੁਰਮਾਨ ਹੈ ਜਿਵੇਂ:-

"ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ" (ਪੰ: ੧੩੭੭) ਫ਼ਿਰ ਵੇਦਾਂ ਦੀ ਤਾਲੀਮ ਬਾਰੇ ਵੀ ਗੁਰਬਾਣੀ ਦੇ ਸਪਸ਼ਟ ਫ਼ੁਰਮਾਨ ਹਨ:-

"ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ" (ਪੰ: ੪੨੩)

"ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ" (ਪੰ: ੫੫੯)

"ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀ ਕੀਮਤਿ ਪਾਈ॥ ਸਾਧਿਕ ਸਿਧ ਫਿਰਹਿ ਬਿਲਲਾਤੇ, ਤੇ ਭੀ ਮੋਹੇ ਮਾਈ" (ਪੰ: ੭੪੭)।

"ਵੇਦੁ ਪੁਕਾਰੈ ਤ੍ਰਿਬਿਧਿ ਮਾਇਆ॥ ਮਨਮੁਖ ਨ ਬੂਝਹਿ ਦੂਜੈ ਭਾਇਆ॥ ਤ੍ਰੈਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ" (ਪੰ: ੧੨੮)

"ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥   ॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ" (ਪੰ: ੩੨੯) ਆਦਿ

ਹੋਰ ਤਾਂ ਹੋਰ, ਅੱਜ ਵੀ ਨਿਰਮਲਿਆਂ ਦੀ ਰਹਿਨੀ ਬਹੁਤਾ ਕਰਕੇ ਕੱਟੜ ਬ੍ਰਾਹਮਣਾਂ ਵਾਲੀ ਹੀ ਹੈ, ਜਿਹੜੀ ਕਈ ਹਾਲਤਾਂ `ਚ ਗੁਰਮੱਤ ਦੀ ਰਹਿਨੀ `ਤੇ ਸਿੱਧਾ ਹਮਲਾ ਵੀ ਸਾਬਤ ਹੁੰਦੀ ਹੈ ਅਤੇ ਨੁਕਸਾਨ ਵੀ ਪਹੁੰਚਾਉਂਦੀ ਹੈ। ਤਾਂ ਵੀ ਸ਼ੱਕ ਨਹੀਂ ਇਸ ਸੰਪ੍ਰਦਾਇ `ਚੋਂ ਵੱਡੇ ਵੱਡੇ ਗੁਰਮੱਤ ਦੇ ਵਿਦਵਾਨ ਵੀ ਪੈਦਾ ਹੋਏ ਹਨ, ਜਿਨ੍ਹਾਂ ਦੀ ਆਪਣੀ-ਆਪਣੀ ਥਾਵੇਂ ਪੰਥ ਨੂੰ ਵੱਡੀ ਦੇਣ ਵੀ ਹੈ।

ਫ਼ਿਰ ਭਾਵੇਂ ਇਹ ਵੀ ਸੱਚ ਹੈ ਕਿ ਉਨ੍ਹਾਂ ਦੀਆਂ ਲਿਖ਼ਤਾਂ, ਬਹੁਤਾ ਕਰਕੇ ਵੈਦਿਕ ਪ੍ਰਭਾਵ ਤੋਂ ਅਛੂਤੀਆਂ ਨਹੀਂ ਹਨ। ਉਸੇ ਦਾ ਨਤੀਜਾ, ਉਨ੍ਹਾਂ ਦੀਆਂ ਲਿਖ਼ਤਾਂ ਵਿੱਚਲਾ ਉਹ ਵੈਦਿਕ ਪ੍ਰਭਾਵ, ਉਨ੍ਹਾਂ ਦੇ ਸ਼੍ਰਧਾਲੂਆਂ ਰਾਹੀਂ ਵੀ ਪੁਸ਼ਤ-ਦਰ-ਪੁਸ਼ਤ, ਅੱਗੇ ਤੋਂ ਅੱਗੇ ਪੁੱਜ ਰਿਹਾ ਹੈ। ਇਹ ਤਾਂ ਗੁਰਬਾਣੀ ਵਿੱਚਲੇ ਸੱਚ ਦੀ ਚੁੰਬਕੀ ਤਾਕਤ ਹੀ ਹੈ ਕਿ ਉਹ ਸੱਜਣ ਭਾਵੇਂ ਕਿਸੇ ਵੀ ਕਾਰਣ ਅਤੇ ਕਿਸੇ ਵੀ ਹਾਲਾਤ `ਚ ਗੁਰਬਾਣੀ ਦੇ ਪ੍ਰਚਾਰ ਵੱਲ ਮੁੜੇ ਸਨ, ਤਾਂ ਵੀ ਉਨ੍ਹਾਂ `ਚੋਂ ਬਹੁਤੇਰੇ ਗੁਰਬਾਣੀ ਦੇ ਸ਼੍ਰਧਾਲੂ ਤੇ ਵਿਦਵਾਨ ਵੀ ਹੋ ਨਿਬੜੇ ਹਨ। ਉਂਜ ਅੱਜ ਵੀ ਉਹ ਆਪਣੇ ਨਾਵਾਂ ਤੋਂ ਪਹਿਲਾਂ ਲਫ਼ਜ਼ "ਪੰਡਿਤ" ਹੀ ਲਗਾਉਂਦੇ ਹਨ।

ਫ਼ਿਰ ਜਿਥੋਂ ਤੀਕ ਖ਼ੁੱਦ ਦਸਮੇਸ਼ ਜੀ ਰਾਹੀਂ ਉਚੇਚੇ ਸਿੱਖ ਰਹਿਣੀ ਅਤੇ ਕਕਾਰਾਂ `ਚ ਢਿੱਲ ਦੇ ਕੇ ਉਨ੍ਹਾਂ ਲਈ ਲਈ ਸੰਸਕ੍ਰਿਤ ਦੇ ਪਠਨ-ਪਾਠਨ ਦੀ ਗੱਲ ਹੈ, "ਭਾਖਿਆ ਭਾਉ ਅਪਾਰੁ" (ਬਾਣੀ ਜਪੁ) ਵਾਲੇ ਗੁਰਬਾਣੀ ਸਿਧਾਂਤ ਤੋਂ ਬਾਅਦ ਤਾਂ ਸਾਨੂੰ ਇਸ ਪੱਖੋਂ ਗੁਰਬਾਣੀ ਆਧਾਰਤ ਭਾਸ਼ਾਵਾਂ ਸੰਬੰਧੀ ਫ਼ੈਸਲੇ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਾਫ਼ ਤੇ ਸਪਸ਼ਟ ਹੋ ਜਾਂਦਾ ਹੈ।

ਇਸ ਲਈ ਸਮਝਣਾ ਇਹ ਵੀ ਹੈ ਕਿ ਉਂਜ ਸਧਾਂਤਕ ਪੱਖੋਂ, ਗੁਰੂ ਕੀਆਂ ਸੰਗਤਾਂ ਲਈ ਭਾਸ਼ਾਵਾਂ ਦੇ ਪਠਨ-ਪਾਠਨ ਲਈ ਤਾਂ ਕੋਈ ਸੀਮਾ ਹੈ ਹੀ ਨਹੀਂ। ਜਿੱਤਣੀਆਂ ਭਾਸ਼ਾਵਾਂ ਚਾਹੁਣ ਗੁਰੂ ਕੀਆਂ ਸੰਗਤਾਂ ਪੜ੍ਹਣ ਅਤੇ ਉਨ੍ਹਾਂ ਬਾਸ਼ਾਵਾਂ `ਚ ਗੁਰਬਾਣੀ ਦਾ ਰਜਵਾਂ ਪ੍ਰਚਾਰ ਵੀ ਕਰਣ, ਕੋਈ ਰੋਕ ਨਹੀਂ। ਹੋਰ ਤਾਂ ਹੋਰ, ਉਂਜ ਵੀ "ਸਲੋਕ ਸਹਿਸਕ੍ਰਿਤੀ ਮਹਲਾ ੧" ਅਤੇ "ਸਲੋਕ ਸਹਿਸਕ੍ਰਿਤੀ ਮਹਲਾ ੫" (ਪੰ: ੧੩੫੩) ਸਮੇਤ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤਾਂ ਆਪ ਵੀ ਬੇਅੰਤ ਭਾਸਾਵਾਂ ਦਾ ਸੁਮੇਲ ਹਨ।

ਤਾਂ ਵੀ ਦਸਮੇਸ਼ ਜੀ ਰਾਹੀਂ ਸਿਘਾਂ ਨੂੰ ਸ਼ੰਸਕ੍ਰਿਤ ਦੇ ਪੜ੍ਹਣ ਲਈ ਉਚੇਚੇ ਬਨਾਰਸ਼ ਭੇਜਣਾ ਅਤੇ ਉਹ ਵੀ ਸਿੱਖੀ ਰਹਿਤ ਅਤੇ ਕਕਾਰਾਂ ਵੱਲੋਂ ਛੂਟ ਦੇ ਕੇ, ਵਿਸ਼ੇ ਦੀ ਸਚਾਈ ਤੀਕ ਪੂੱਜਦੇ ਦੇਰ ਨਹੀ ਲਗਣੀ ਚਾਹੀਦੀ। ਦੌਰਾਅ ਦੇਵੀਏ ਕਿ ਬਨਾਰਸ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮੱਤ ਦੇ ਪ੍ਰਚਾਰ ਦਾ ਕੇਂਦ੍ਰ ਸੀ। ਇਥੋਂ ਤੀਕ ਕਿ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਮੱਤ ਦੇ ਪ੍ਰਚਾਰਕ ਵੀ ਉਥੇ ਲਗਾਤਾਰ ਕਾਫ਼ੀ ਸਮਾਂ ਗੁਰਮੱਤ ਅਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਇਸ ਲਈ ਗਹਿਰਾਈ ਤੋਂ ਵਿਚਾਰਣ ਦੀ ਲੋੜ ਹੈ ਕਿ ਸਿੱਖਾਂ ਨੇ ਉਥੋਂ ਜਾ ਕੇ ਉਨ੍ਹਾਂ ਵੈਦਿਕ ਪੰਡਿਤਾਂ ਅਤੇ ਬਨਾਰਸ ਦੇ ਬ੍ਰਾਹਮਣਾਂ ਪਾਸੋਂ ਕਿਹੜੀ ਅਤੇ ਉਹ ਵੀ ਉਚੇਚੇ ਸੰਸਕ੍ਰਿਤ ਭਾਸ਼ਾ ਦੀ ਵਿੱਦਿਆ ਲੈਣੀ ਸੀ? ਜਾਂ ਦਸਮੇਸ਼ ਜੀ ਨੇ ਖ਼ੁੱਦ ਇਸ ਕਾਰਜ ਲਈ ਉਨ੍ਹਾਂ ਨੂੰ ਉਚੇਚੇ ਬਨਾਰਸ ਭੇਜਣਾ ਸੀ? ਬਲਕਿ ਇਸ ਤੋਂ ਤਾਂ ਸਿੱਖ ਇਤਿਹਾਸ ਅਤੇ ਸਿੱਖ ਰਹਿਣੀ `ਚ ਹੋਈਆਂ ਬੇਅੰਤ ਮਿਲਾਵਟਾਂ ਦੀ ਸੂਚਨਾ ਮਿਲਦੇ ਅਤੇ ਪਤਾ ਲਗਣ ਤੋਂ ਬਾਅਦ ਵਿਸ਼ੇ ਦੀ ਸਚਾਈ ਤੀਕ ਪੁੱਜਦੇ ਉੱਕਾ ਦੇਰ ਨਹੀਂ ਲਗਣੀ ਚਾਹੀਦੀ।

ਇਸੇ ਤਰ੍ਹਾਂ ਸਮੇਂ ਦਾ ਲਾਭ ਲੈ ਕੇ ਅਨੇਕਾਂ ਬੇਦੀ ਅਤੇ ਸੋਢੀ ਵੰਸ਼ਜ ਵੀ ਸਮੇ ਨਾਲ ਗੱਦੀਦਾਰ ਬਣ ਬੈਠੇ ਜਦਕਿ ਭਲੀ ਪ੍ਰਕਾਰ ਸਮਝ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਤੇ ਸਿੱਖ ਧਰਮ `ਚ ਅਜਿਹੀ ਗੱਦੀਦਾਰੀ ਵਾਲੀ ਨਾ ਕੋਈ ਪ੍ਰਥਾ ਹੈ, ਨਾ ਸੇਧ ਤੇ ਨਾ ਨਿਯਮ। ਇਥੇ ਤਾਂ ਸਿਧਾਂਤ ਹੀ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" (ਪੰ: ੮) ਵਾਲਾ ਹੈ, ਜਾਤ-ਕੁਲ-ਵੰਸ਼ ਆਦਿ ਬਾਰੇ ਤਾਂ ਇਥੇ:-

"ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ" (ਪੰ: ੮੩) ਜਾਂ

"ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥   ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ" (ਪ: ੩੨੪) ਆਦਿ। (ਚਲਦਾ) #418P-XVIs06.16.02.16#p16

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XVI

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਸੌਲਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.