.

ਸਚ ਖੰਡਿ ਵਸੈ, ਨਿਰੰਕਾਰ

ਸੰਸਾਰ ਵਿਚ ਅਨੇਕਾਂ ਧਰਮ ਹਨ। ਹਰ ਧਰਮ ਦਾ ਸੇਵਕ ਆਪਣੇ ਹੀ ਧਰਮ ਨੂੰ ਉੱਤਮ ਅਤੇ ਇਸੇ ਵਿਚ ਹੀ ਰੱਬ ਦੀ ਪ੍ਰਾਪਤੀ ਸਮਝਦਾ ਹੈ। ਆਸਾ ਕੀ ਵਾਰ ਵਿਚ ਪੰਨਾ 465 ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਧਰਮਾਂ ਦੇ ਅਸੂਲ ਦੱਸਦੇ ਹੋਏ ਗੁਰਮਤਿ (ਸਿੱਖ ਧਰਮ) ਦਾ ਅਸੂਲ ਸਮਝਾਉਂਦੇ ਹਨ ਅਤੇ ਦੱਸਦੇ ਹਨ ਕਿ ਦੇਵੀ-ਦੇਵਤਿਆਂ, ਵਹਿਮਾਂ, ਭਰਮਾਂ ਵਿਚ ਪ੍ਰਭੂ ਪ੍ਰਾਪਤੀ ਨਹੀਂ ਹੈ।

ਸਲੋਕ ਮ: ੧ ॥
1. ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
2. ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
3. ਜੋਗੀ ਸੁੰਨਿ ਧਿਆਵਨਿ੍ ਜੇਤੇ ਅਲਖ ਨਾਮੁ ਕਰਤਾਰੁ ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
4. ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
5. ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
6. ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
7. ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾਛਾਰੁ ॥1॥


ਪੰਜਵੇਂ ਪਾਤਸ਼ਾਹ ਪੰਨਾ 641 ਤੇ ਰਾਗ ਸੋਰਠਿ ਵਿਚ ਲਿਖਦੇ ਹਨ:

ਸੋਰਠਿ ਮਹਲਾ 5 ਘਰੁ 2 ਅਸਟਪਦੀਆ
ੴਸਤਿਗੁਰ ਪ੍ਰਸਾਦਿ ॥
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥2॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥3॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥4॥ ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥5॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥6॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥7॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥8॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥1॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 641)


ਪੰਨਾ 662 ਤੇ ਰਾਗ ਧਨਾਸਰੀ ਵਿਚ ਸ੍ਰੀ ਗੁਰੂ ਨਾਨਾਕ ਦੇਵ ਜੀ ਲਿਖਦੇ ਹਨ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥
ਪਰ ਅਫਸੋਸ! ਇਨ੍ਹਾਂ ਧਰਮਾਂ ਦੇ, ਖਾਸ ਕਰਕੇ ਹਿੰਦੂ ਧਰਮ ਦੇ ਅਸਰ ਹੇਠ, ਆਮ ਸਿੱਖ ਬੀ ਵਹਿਮਾਂ, ਭਰਮਾਂ ਦੇ ਜੰਜਾਲ ਵਿਚ ਫਸ ਗਏ ਹਨ ਅਤੇ ਇਨ੍ਹਾਂ ਨੂੰ ਦੁੱਖਾਂ ਕਲੇਸ਼ਾਂ ਦਾ ਨਾਸ਼ ਅਤੇ ਪ੍ਰਭੂ ਪ੍ਰਾਪਤੀ ਸਮਝਣ ਲਗ ਪਏ ਹਨ। ਅਸਲ ਨੂੰ ਛੱਡ ਕੇ ਨਕਲ ਕਰਨ ਲਗ ਪਏ ਹਨ।
ਇਸ ਲੇਖ ਵਿਚ ਅਸੀਂ ਗੁਰੂ ਨਾਨਕ ਜੀ ਦੀ ਰਚਨਾ ਜਪੁਜੀ ਵਿਚ ਦਰਜ (ਪਉੜੀ 34 ਤੋਂ 38) ਖੰਡਾਂ ਬਾਰੇ ਸੰਖੇਪ ਵਿਚਾਰ ਪੇਸ਼ ਕਰਾਂਗੇ ਜਿਸ ਵਿਚ ਦੱਸਿਆ ਗਿਆ ਹੈ ਕਿ ਜਿਵੇਂ ਕਿ ਕਿਵੇਂ ਇਕ ਸਾਧਾਰਨ ਮਨੁੱਖ ਭੀ ਪ੍ਰਭੂ ਪ੍ਰਾਪਤੀ ਕਰ ਸਕਦਾ ਹੈ।

1. ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਸਿੱਖ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਸਿੱਖ ਧਰਮ ਵਿਚ ਜਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ, ਸ਼ਗਨ, ਤਿਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਖਿਆਹ, ਪਿੰਡ, ਪੱਤਲ, ਦੀਵਾ ਕਿਰਿਆ ਕਰਮ, ਹੋਮ, ਜੱਗ ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਬਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਨੂੰ ਕੋਈ ਥਾਂ ਨਹੀਂ ਹੈ। ਗੁਰ ਅਸਥਾਨ ਤੋਂ ਕਿਸੇ ਹੋਰ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜ਼ੀਲ ਆਦਿ ਤੇ ਨਿਸ਼ਚਾ ਨਹੀਂ ਕਰਨਾ, ਪਰ ਇਨ੍ਹਾਂ ਦੀ ਵਾਕਫੀਅਤ ਜ਼ਰੂਰੀ ਹੈ ਤਾਂ ਜੋ ਸਹੀ ਰਸਤੇ ਦਾ ਪਤਾ ਲਗ ਸਕੇ। (ਰਹਿਤ ਮਰਿਆਦਾ ਪੰਨਾ 17)

2. ਰੱਬ ਕੋਈ ਸਤਵੇਂ ਅਕਾਸ਼ ਤੇ ਨਹੀਂ ਵਸਦਾ, ਨਾ ਹੀ ਉਹ ਕਿਸੇ ਖਾਸ ਘਰ, ਦਿਸ਼ਾ ਵਿਚ ਵਸਦਾ ਹੈ, ਜਿਸ ਤਰ੍ਹਾਂ ਕਿ ਹੋਰਨਾਂ ਧਰਮਾਂ ਦਾ ਵਿਸ਼ਵਾਸ ਹੈ। ਸਿੱਖ ਧਰਮ ਮੁਤਾਬਿਕ ਤਾਂ ਉਹ ‘ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥’ (ਪੰਨਾ 1427)।

3. ਇਹ ਭੀ ਸਮਝਣਾ ਜ਼ਰੂਰੀ ਹੈ ਕਿ ਜਿਉਣ, ਜੰਮਣ ਅਤੇ ਮਰਨ ਵਿਚ ਰਾਜ ਅਤੇ ਮਾਲ ਪ੍ਰਾਪਤ ਕਰਨ ਵਿਚ (ਜਿਸ ਕਰਕੇ ਸਾਡੇ ਮਨ ਵਿਚ ਫੂੰ ਫਾਂ ਹੁੰਦੀ ਹੈ), ਆਤਮਿਕ ਗਿਆਨ, ਵੀਚਾਰ ਅਤੇ ਜੁਗਤੀ ਵਿਚ ਰਹਿਣ ਦੀ (ਜਿਸ ਕਰਕੇ ਸਾਡਾ ਜੰਮਣ-ਮਰਨਾ ਮੁੱਕ ਜਾਂਦਾ ਹੈ), ਜੀਵਾਂ ਕੋਲ ਸਮਰੱਥਾ ਨਹੀਂ ਹੈ। ਅਕਾਲ ਪੁਰਖ ਆਪ ਹੀ ਇਸ ਸੰਸਾਰ ਦੀ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ ਅਤੇ ਸਰਬ ਕਲਾ ਸਮਰੱਥ ਹੈ। ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਪ੍ਰਭੂ ਆਪ ਹੀ ਹੈ। ਜੋ ਸਿਮਰਨ ਦੀ ਬਰਕਤ ਨਾਲ ਇਹ ਵਿਸ਼ਵਾਸ਼/ਨਿਸ਼ਚਾ ਬਣ ਜਾਵੇ ਤਾਂ ਹੀ ਪ੍ਰਮਾਤਮਾ ਨਾਲੋਂ ਜੀਵਾਂ ਦੀ ਵਿਥ ਦੂਰ ਹੋ ਸਕਦੀ ਹੈ। ਦੂਜੇ ਲਫਜ਼ਾਂ ਵਿਚ ਭਲੇ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵਸ ਨਹੀਂ, ਜਿਸ ਪ੍ਰਮਾਤਮਾ ਨੇ ਇਹ ਜੀਵ ਪੈਦਾ ਕੀਤੇ ਹਨ, ਉਹੀ ਇਨ੍ਹਾਂ ਨੂੰ ਖਿਡਾ ਰਿਹਾ ਹੈ। ਸੋ ਜੇ ਕੋਈ ਜੀਵ, ਪ੍ਰਭੂ ਦਾ ਸਿਮਰਨ ਕਰ ਰਿਹਾ ਹੈ ਤਾਂ ਇਹ ਉਸ ਦੀ ਹੀ ਮਿਹਰ ਹੈ, ਜੇ ਕੋਈ ਇਸ ਪਾਸੇ ਨਹੀਂ ਲੱਗਦਾ ਤਾਂ ਭੀ ਇਹ ਉਸ ਮਾਲਕ ਦੀ ਰਜ਼ਾ ਹੈ। ਜੇ ਜੀਵ ਪ੍ਰਮਾਤਮਾ ਦੇ ਦਰ ਤੋਂ ਦਾਤਾਂ ਮੰਗਦੇ ਹਨ ਤਾਂ ਇਹ ਪ੍ਰੇਰਨਾ ਕਰਨ ਵਾਲਾ ਪ੍ਰਭੂ ਆਪ ਹੀ ਹੈ ਅਤੇ ਆਪ ਹੀ ਦਾਤਾਂ ਦਿੰਦਾ ਹੈ। ਜੇ ਕੋਈ ਜੀਵ ਰਾਜ, ਧੰਨ ਅਤੇ ਮਾਇਆ ਵਿਚ ਖੱਚਤ ਹੈ ਤਾਂ ਇਹ ਭੀ ਪ੍ਰਭੂ ਦੀ ਰਜ਼ਾ ਹੈ ਅਤੇ ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਅਤੇ ਚੰਗੀ ਜੀਵਨ ਜੁਗਤ ਹੈ ਤਾਂ ਭੀ ਇਹ ਪ੍ਰਭੂ ਦੀ ਮਿਹਰ ਹੈ।

ਜਪੁਜੀ ਸਾਹਿਬ ਪਹਿਲੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਵਿਚ ਕੁਲ 38 ਪਉੜੀਆਂ ਹਨ। ਮੁੱਢ ਵਿਚ ਮੂਲ਼ ਮੰਤਰ, ਫਿਰ ਬਾਣੀ ਦਾ ਸਿਲੇਖ ਹੈ। ਇਸ ਬਾਣੀ ਦੇ ਆਦਿ ਅਤੇ ਅੰਤ ਵਿਚ 1-1 ਸਲੋਕ ਦਰਜ ਹੈ।

ਆਮ ਸਿੱਖ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਪਰ ਇਸ ਨੂੰ ਧਿਆਨ ਨਾਲ ਪੜ੍ਹਕੇ ਸਮਝਣ ਦੀ ਲੋੜ ਅਤੇ ਕੋਸ਼ਿਸ਼ ਬਹੁਤ ਥੋੜ੍ਹੇ ਹੀ ਕਰਦੇ ਹਨ। ਆਪ ਤੌਰ ਤੇ ਪਾਠ ਕਾਹਲੀ-ਕਾਹਲੀ ਵਿਚ ਕਰ ਲਿਆ ਜਾਂਦਾ ਹੈ। ਦੇਖਿਆ ਜਾਂਦਾ ਹੈ ਕਿ ਬਹੁਤ ਲੋਕ ਤਾਂ ਇਸ਼ਨਾਨ ਕਰਨ ਵੇਲੇ ਇਹ ਪਾਠ ਸ਼ੁਰੂ ਕਰ ਲੈਂਦੇ ਹਨ ਅਤੇ ਇਸ਼ਨਾਨ ਖਤਮ ਹੋਣ ਤੋਂ ਪਹਿਲਾਂ ਹੀ ਇਸ ਦਾ ਭੋਗ ਪਾ ਕੇ ਸੰਤੁਸ਼ਟ ਹੋ ਜਾਂਦੇ ਹਨ। ਇਹ ਪਾਠ ਥੋੜ੍ਹਾ ਔਖਾ ਹੈ ਅਤੇ ਗੁਰਮਤਿ ਦੇ ਅਸੂਲ ਇਸ ਵਿਚ ਬਹੁਤ ਸੋਹਣੇ ਤਰੀਕੇ ਨਾਲ ਵਰਣਨ ਕੀਤੇ ਹੋਏ ਹਨ। ਇਸ ਕਰਕੇ ਇਸ ਬਾਣੀ ਦਾ ਪਾਠ ਸਾਨੂੰ ਹਰ ਰੋਜ਼ ਸਵੇਰੇ ਕਰਨ ਦੀ ਹਦਾਇਤ ਹੈ। ਸਾਨੂੰ ਚਾਹੀਦਾ ਹੈ ਕਿ ਬਾਣੀ ਹੌਲੀ-ਹੌਲੀ, ਸਹਿਜ ਨਾਲ ਪੜ੍ਹੀ ਜਾਵੇ ਤਾਂ ਜੋ ਸਮਝ ਪੈ ਸਕੇ। ਬਗੈਰ ਸਮਝੇ ਪਾਠ ਕਰਨ ਦਾ ਕੋਈ ਲਾਭ ਨਹੀਂ। ਲੋੜ ਅਨੁਸਾਰ ਟੀਕੇ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।

ਪ੍ਰਭੂ ਪ੍ਰਾਪਤੀ ਅਤੇ ਮਨੁੱਖਾਂ ਜੀਵਨ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਜਪੁਜੀ ਵਿਚ ਦਰਜ ਹਨ ਜੋ ਕਿ 34ਵੀਂ ਪਉੜੀ ਤੋਂ ਸ਼ੁਰੂ ਹੋ ਕੇ 37ਵੀਂ ਪਉੜੀ ਤੇ ਖਤਮ ਹੁੰਦੇ ਹਨ। ਹਰ ਪਉੜੀ ਵਿਚ 1-1 ਖੰਡ ਦਰਜ ਹੈ ਪਰ 37ਵੀਂ ਪਉੜੀ ਵਿਚ ਦੋ ਖੰਡ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

34 ਧਰਮ ਖੰਡ ਫਰਜ਼ ਦੀ ਪਛਾਣ
35 ਗਿਆਨ ਖੰਡ ਮਨ ਦੀ ਜਾਗ੍ਰਤੀ
36 ਸਰਮ ਖੰਡ ਪ੍ਰਾਣੀ ਦਾ ਉੱਦਮ
37 ਕਰਮ ਖੰਡ ਵਾਹਿਗੁਰੂ ਦੀ ਬਖਸ਼ਿਸ਼
ਸਚ ਖੰਡ ਵਾਹਿਗੁਰੂ ਨਾਲ ਇੱਕ ਮਿਕ ਹੋਣ ਦੀ ਅਵਸਥਾ।

ਬਲਬਿੰਦਰ ਸਿੰਘ ਅਸਟ੍ਰੇਲੀਆ




.