.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੋਤਸ਼ ਤੇ ਵਹਿਮ ਭਰਮ

ਸੰਸਾਰ ਤੇ ਸ਼ਾਇਦ ਹੀ ਕੋਈ ਐਸਾ ਵਿਆਕਤੀ ਹੋਵੇਗਾ ਜਿਹੜਾ ਦੁਖੀ ਨਾ ਹੋਵੇ। ਆਪਣਿਆਂ ਦੁੱਖਾਂ ਦਾ ਅਸਲੀ ਹੱਲ ਲੱਭਣ ਦੀ ਬਜਾਏ ਇਹ ਨਾਮ ਧਰੀਕ ਬੰਦਾ ਜੋਤਸ਼ੀਆਂ ਪਾਸੋਂ ਆਪਣੀ ਹੋਣੀ ਦੇ ਫੈਸਲੇ ਪੁੱਛਦਾ ਫਿਰਦਾ ਹੈ। ਸਿਆਣੇ ਕਹਿੰਦੇ ਹਨ ਕਿ ਜਦੋਂ ਵੀ ਕੋਈ ਸਮੱਸਿਆ ਜਨਮ ਲੈਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਕਾਰਨ ਲੱਭਣੇ ਚਾਹੀਦੇ ਹਨ। ਫਿਰ ਉਹਨਾਂ ਕਾਰਨਾਂ ਨੂੰ ਦੂਰ ਕਰਕੇ ਨਤੀਜਾ ਦੇਖਣਾ ਚਾਹੀਦਾ ਹੈ। ਆਪਸੀ ਵਿਚਾਰ ਕਰਨ ਤੋਂ ਬਿਨਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦਾ।

ਤੇਜ਼ ਤਰਾਰ ਬਿਰਤੀ ਵਾਲੇ ਪੁਜਾਰੀਆਂ ਨੇ ਮਨੁੱਖ ਦੀਆਂ ਕੰਮਜ਼ੋਰੀਆਂ ਲੱਭ ਕੇ ਉਹਨਾਂ ਨੂੰ ਪੂਰੇ ਵਹਿਮਾਂ ਭਰਮਾਂ ਵਿੱਚ ਪਾਇਆ ਹੋਇਆ ਹੈ। ਹੈਰਾਨਗੀ ਦੀ ਗੱਲ ਦੇਖੋ ਇੱਕ ਜੋਤਸ਼ੀ ਦੀ ਅੱਠ ਬਾਈ ਬਾਰ੍ਹਾਂ ਫੁੱਟ ਦੀ ਦੁਕਾਨ ਹੁੰਦੀ ਹੈ ਤੇ ਉਸ ਪਾਸ ਮਹਿੰਗੀ ਤੋਂ ਮਹਿੰਗੀ ਗੱਡੀ ਤੇ ਵਧੀਆ ਇਲਾਕੇ ਵਿੱਚ ਉਸਨੇ ਆਪਣਾ ਘਰ ਬਣਾਇਆ ਹੁੰਦਾ ਹੈ। ਇਹਨਾਂ ਜੋਤਸ਼ੀਆਂ ਦੇ ਵੱਡੇ ਤੋਂ ਵੱਡੇ ਹਰ ਮਹਿਕਮੇ ਦੇ ਅਫਸਰ, ਰਾਜਨੀਤਿਕ ਲੋਕ, ਕੀ ਅਮੀਰ, ਕੀ ਗਰੀਬ ਤੇ ਆਮ ਹਾਲਤਾਂ ਵਿੱਚ ਆਪਣੇ ਆਪ ਨੂੰ ਜਾਗਰੁੱਕ ਅਖਵਾਉਣ ਵਾਲੇ ਸਭ ਇਹਨਾਂ ਦੇ ਗਾਹਕ ਹੁੰਦੇ ਹਨ। ਚੰਗੇ ਚੰਗੇ ਖਿਡਾਰੀ, ਫਿਲਮੀ ਕਲਾਕਾਰ, ਫੌਜੀ ਅਧਿਕਾਰੀ ਆਦਿਕ ਸਭ ਜੋਤਸ਼ੀਆਂ ਦੇ ਸ਼ਿਕਾਰ ਦੇਖੇ ਜਾ ਸਕਦੇ ਹਨ। ਕਿਰਸਾਨ, ਵਪਾਰੀ, ਮਜ਼ਦੂਰ, ਇੰਜੀਨੀਅਰ, ਡਾਕਟਰ, ਸਾਹਿੱਤਕਾਰ ਆਦਿ ਜੋਤਸ਼ੀਆਂ ਦੇ ਢਏ ਚੜ੍ਹੇ ਆਮ ਦੇਖੇ ਜਾ ਸਕਦੇ ਹਨ। ਅੰਦਰ ਖਾਤੇ ਹਰ ਮਨੁੱਖ ਨੂੰ ਆਪਣਾ ਰਾਸ਼ੀ ਫਲ਼ ਪੜ੍ਹਨ ਦੀ ਆਦਤ ਹੁੰਦੀ ਹੈ।

ਹਰ ਮਨੁੱਖ ਸਸਤੀ ਸ਼ਾਂਤੀ ਲੱਭਦਾ ਫਿਰਦਾ ਨਜ਼ਰ ਆਉਂਦਾ ਹੈ। ਮਨੁੱਖ ਚਾਹੁੰਦਾ ਹੈ ਕਿ ਮੈਂ ਕਰਾਂ ਕੁੱਝ ਨਾ ਪਰ ਮੈਨੂੰ ਸਾਰਾ ਕੁੱਝ ਮਿਲ ਜਾਣਾ ਚਾਹੀਦਾ ਹੈ। ਅਫਸਰ ਆਪਣੀ ਵਾਰੀ ਤੋਂ ਪਹਿਲਾਂ ਤਰੱਕੀ ਚਾਹੁੰਦਾ ਹੈ। ਨੇਤਾ ਟਿਕਟ ਦੀ ਗਰੰਟੀ ਮੰਗਦਾ ਹੈ ਫਿਰ ਵਜ਼ੀਰੀ ਲਈ ਜੋਤਸ਼ੀਆਂ ਨੂੰ ਮੂੰਹ ਮੰਗਿਆ ਦਾਨ ਦੇਂਦਾ ਹੈ। ਆਮ ਹਾਲਤਾਂ ਵਿੱਚ ਪਰਵਾਰ ਆਪਣੇ ਬੱਚਿਆਂ ਲਈ ਚਿੰਤਾਤੁਰ ਹੋਇਆਂ ਜੋਤਸ਼ੀਆਂ ਦੇ ਗੇੜੇ `ਤੇ ਗੇੜਾ ਕੱਢ ਰਿਹਾ ਹੈ। ਜਨੀ ਕਿ ਹਰ ਦੁਖੀ ਬੰਦਾ ਜੋਤਸ਼ੀਆਂ ਪਾਸੋਂ ਆਪਣੇ ਸੁਖ ਲਈ ਰਾਹ ਪੁੱਛ ਰਿਹਾ ਹੈ। ਜਿਸ ਤਰ੍ਹਾਂ ਪਰਵਾਰਾਂ ਦੇ ਆਪਣੇ ਦਰਜ਼ੀ ਤੇ ਡਾਕਟਰ ਹੁੰਦੇ ਹਨ ਕੁੱਝ ਏਸੇ ਤਰ੍ਹਾਂ ਹੀ ਪਰਵਾਰਾਂ ਦੇ ਆਪਣੇ ਆਪਣੇ ਜੋਤਸ਼ੀ ਵੀ ਰੱਖੇ ਹੁੰਦੇ ਹਨ। ਕਈ ਪ੍ਰਵਾਰ ਤਾਂ ਆਪਣੇ ਜੋਤਸ਼ੀ ਨੂੰ ਪੁੱਛਣ ਤੋਂ ਬਿਨਾ ਛਿੱਕ ਵੀ ਨਹੀਂ ਮਾਰਦੇ ਹਨ। ਜੋਤਸ਼ੀਆਂ ਦੇ ਕਹਿਣ ਅਨੁਸਾਰ ਹੀ ਨਹਿਰੂ ਤੇ ਗਾਂਧੀ ਨੇ ਮੁਲਕ ਦੀ ਅਜ਼ਾਦੀ ਲਈ ੧੫ ਅਗਸਤ ਦਾ ਦਿਨ ਚੁਣਿਆ ਸੀ ਵਰਨਾ ਪਾਕਿਸਤਾਨ ਤਾਂ ੧੪ ਅਗਸਤ ਨੂੰ ਹੀ ਅਜ਼ਾਦ ਹੋ ਗਿਆ ਸੀ।

ਸਮੱਸਿਆਵਾਂ ਕੀ ਹਨ—

ਸਾਡਿਆਂ ਸਾਰਿਆਂ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਕੋਈ ਦੱਸਦਾ ਹੈ ਤੇ ਕੋਈ ਨਹੀਂ ਦੱਸਦਾ। ਸਭ ਤੋਂ ਪਹਿਲਾਂ ਬੰਦਾ ਆਪਣਾ ਕਾਰੋਬਾਰ ਵਧਾਉਣਾ ਚਾਹੁੰਦਾ ਹੈ। ਕਾਰੋਬਾਰ ਦੇ ਵਾਧੇ ਲਈ ਜੋਤਸ਼ੀ ਦੀਆਂ ਦੱਸੀਆਂ ਹੋਈਆਂ ਵਿਧੀਆਂ ਤੇ ਅਮਲ ਕਰਦਾ ਹੈ। ਕਿਸੇ ਦੀ ਸਮੱਸਿਆ ਬੱਚਿਆਂ ਦੇ ਵਿਆਹਾਂ ਦੀ ਹੈ। ਬੱਚੇ ਜਵਾਨ ਹੋ ਗਏ ਹਨ ਪਰ ਯੋਗ ਵਰ ਘਰ ਨਹੀਂ ਮਿਲ ਰਹੇ ਉਹ ਵੀ ਜੋਤਸ਼ੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਪਰਵਾਰ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਵਿੱਚ ਸੈੱਟ ਕਰਾਉਣ ਲਈਆਂ ਜੋਤਸ਼ੀਆਂ ਦਾ ਓਟ ਆਸਾਰਾ ਲੈਂਦੇ ਹਨ। ਕਈ ਪ੍ਰਵਾਰਾਂ ਵਿੱਚ ਬੱਚੇ ਜੰਮ ਨਹੀਂ ਰਹੇ ਜਾਂ ਲੜਕਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸਮਝੀ ਜਾਂਦੀ ਹੈ ਉਹ ਪ੍ਰਵਾਰ ਵੀ ਡਾਕਟਰੀ ਇਲਾਜ ਕਰਾਉਣ ਦੀ ਬਜਾਏ ਜੋਤਸ਼ੀਆਂ ਦੇ ਘਰ ਭਰਨ ਨੂੰ ਹੀ ਤਰਜੀਹ ਦੇਣਗੇ। ਕਈਆਂ ਨੂੰ ਸਰੀਰਕ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਜਾਂ ਡਾਕਟਰੀ ਇਲਾਜ ਕਰਾ ਕੇ ਥੱਕ ਗਏ ਹੋਣ ਉਹ ਵੀ ਜੋੱਤਸ਼ੀਆਂ ਦੇ ਵੱਸ ਵਿੱਚ ਪੈ ਜਾਂਦੇ ਹਨ। ਜੋਤਸ਼ੀਆਂ ਨੇ ਕਈਆਂ ਦੇ ਗਿੱਟਿਆਂ ਨਾਲ ਕਾਲ਼ੇ ਧਾਗੇ ਬਨ੍ਹਾ ਦਿੱਤੇ ਹਨ।

ਕਿਸੇ ਕਿਰਸਾਨ ਦੀ ਜ਼ਮੀਨ ਦੀ ਪੈਦਾਵਰ ਘੱਟ ਹੋ ਗਈ ਹੈ, ਉਹ ਵਿਚਾਰਾ ਜੋਤਸ਼ੀਆਂ ਪਾਸੋਂ ਸਲਾਹ ਲੈ ਰਿਹਾ ਹੈ। ਕਿਸੇ ਦੀ ਮੱਝ ਦੁੱਧ ਨਹੀਂ ਦੇਂਦੀ ਉਹ ਜੋਤਸ਼ੀਆਂ ਕੋਲੋਂ ਹੱਲ ਪੁੱਛਦਾ ਹੈ। ਖੜੀ ਫਸਲ ਦਾ ਮਰ ਜਾਣਾ ਬੰਦਾ ਸੋਚਦਾ ਹੈ ਕਿ ਸ਼ਾਇਦ ਸਾਨੂੰ ਕਿਸੇ ਨੇ ਜ਼ਰੂਰ ਜਾਦੂ ਟੂਣਾ ਕੀਤਾ ਹੋਇਆ ਸੀ ਤਾਂ ਫਸਲ ਮਾਰੀ ਗਈ ਹੈ। ਸ਼ਹਿਰਾਂ ਵਿੱਚ ਰਹਿਣ ਵਾਲੇ ਵੱਡੇ ਵੱਡੇ ਵਪਾਰੀ ਜੋਤਸ਼ੀਆਂ ਨੂੰ ਪੁੱਛ ਕੇ ਹੀ ਅਗਲਾ ਫੈਸਲਾ ਲੈਂਦੇ ਹਨ। ਕਿਸੇ ਦੀ ਘਰਵਾਲੀ ਰੁੱਸ ਗਈ ਕਿਸੇ ਦਾ ਘਰਵਾਲਾ ਰੁੱਸ ਗਿਆ, ਕਿਸੇ ਦੀ ਪ੍ਰੇਮਕਾ ਬੇਵਫਾਈ ਕਰ ਗਈ ਜਾਂ ਪ੍ਰੇਮੀ ਬੇ ਵਫਾ ਹੋ ਗਿਆ ਸਾਰੇ ਹੱਲ ਜੋਤਸ਼ੀਆਂ ਪਾਸੋਂ ਪੁੱਛਦੇ ਹਨ। ਹੁਣ ਤਾਂ ਨਵੇਂ ਫੈਸ਼ਨ ਅਨੁਸਾਰ ਲੋਕ ਜੋਤਸ਼ੀਆਂ ਪਾਸੋਂ ਪੁੱਛ ਕੇ ਹੀ ਆਪਣੇ ਮਕਾਨ ਦਾ ਨੀਂਹ ਇੱਟ ਰੱਖਦੇ ਹਨ। ਕਈਆਂ ਨੇ ਜੋਤਸ਼ੀਆਂ ਦੇ ਕਹਿਣ ਤੇ ਆਪਣੇ ਮਕਾਨ ਹੀ ਢਾਹ ਦਿੱਤੇ ਹਨ ਅਖੇ ਇਹ ਮਕਾਨ ਨਹਿਸ਼ ਬਣ ਗਿਆ ਸੀ। ਸੜਕ `ਤੇ ਜਾਂਦਿਆਂ ਕੋਈ ਦੁਰਘਟਨਾ ਵਾਪਰੇ ਜਾਏ ਤਾਂ ਬੰਦਾ ਸੋਚਦਾ ਹੈ ਕਿ ਸ਼ਾਇਦ ਕੋਈ ਅਵੱਗਿਆ ਹੋ ਗਈ ਹੈ ਇਸ ਲਈ ਸਾਡਾ ਨੁਕਸਾਨ ਹੋਇਆ ਹੈ ਤੇ ਇਸ ਦੇ ਹੱਲ ਲਈ ਜੋਤਸ਼ੀਆਂ ਪਾਸੋਂ ਉਪਾਅ ਪੁੱਛਣ ਵਾਸਤੇ ਸਾਰਾ ਪਰਵਾਰ ਤੁਰ ਪੈਂਦਾ ਹੈ।

ਕੁੜਮਾਚਾਰੀ ਵਿੱਚ ਆਪਸੀ ਨਹੀਂ ਬਣਦੀ ਤਾਂ ਦੋਵੇਂ ਪ੍ਰਵਾਰ ਜੋਤਸ਼ੀਆਂ ਪਾਸੋਂ ਉਪਾਅ ਪੁੱਛਦੇ ਆਮ ਹੀ ਨਜ਼ਰ ਆਉਂਦੇ ਹਨ। ਜਨੀ ਕਿ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਸਾਰੀਆਂ ਦੇ ਹੱਲ ਹਨ ਪਰ ਬੰਦਾ ਹੱਲ ਲੱਭਣ ਦੀ ਥਾਂ `ਤੇ ਵਹਿਮ ਦਾ ਸ਼ਿਕਾਰ ਹੋ ਕੇ ਜੋਤਸ਼ੀਆਂ ਪਾਸੋਂ ਹੱਲ ਪੁੱਛ ਰਿਹਾ ਹੈ। ਬੰਦਾ ਆਪਣੀ ਕਿਰਤ ਕਮਾਈ ਜੋਤਸ਼ੀਆਂ ਨੂੰ ਲੁਟਾ ਰਿਹਾ ਹੈ।

ਉਂਜ ਹਰ ਬੰਦਾ ਜੋਤਸ਼ੀ ਹੈ

ਇਕ ਅਧਿਆਪਕ ਜੋਤਸ਼ੀ ਹੈ ਉਸ ਨੂੰ ਪਤਾ ਹੈ ਕਿ ਮੇਰੀ ਜਮਾਤ ਵਿੱਚ ਕਿੰਨੇ ਬੱਚੇ ਪਹਿਲੇ ਅਸਥਾਨ `ਤੇ ਆਉਣੇ ਹਨ ਤੇ ਕਿੰਨੇ ਫੇਹਲ ਹੋਣੇ ਹਨ। ਇੱਕ ਕਿਰਸਾਨ ਨੂੰ ਪਤਾ ਹੈ ਕਿ ਮੈਂ ਕਦੋਂ ਕਦੂ ਤੋੜਨੇ ਹਨ ਕਦੋਂ ਦਵਾਈ ਦਾ ਛਿੜਕਾਅ ਕਰਨਾ ਹੈ। ਹਰ ਬੰਦਾ ਆਪਣੇ ਖੇਤਰ ਵਿੱਚ ਆਉਣ ਵਾਲੇ ਸਮੇਂ ਦੀ ਆਮ ਬੰਦੇ ਨਾਲੋਂ ਵਧੇਰੇ ਜਾਣਕਾਰੀ ਰੱਖਦਾ ਹੈ। ਆਪਣੇ ਤਜਰਬੇ ਨਾਲ ਅੱਗੇ ਵੱਧਦਾ ਹੈ। ਭਵਿੱਖਤ ਦੀਆਂ ਨੀਤੀਆਂ ਤਹਿ ਕਰਨ ਵਾਲਾ ਹੀ ਜ਼ਿੰਦਗੀ ਵਿੱਚ ਅੱਗੇ ਵੱਧਦਾ ਹੈ।

ਜੋਤਸ਼ੀਆਂ ਵਲੋਂ ਵਹਿਮ ਭਰਮ

ਜੋਤਸ਼ੀ, ਪੁਜਾਰੀ ਦੀ ਹੀ ਇੱਕ ਕਿਸਮ ਹੈ। ਇਹਨਾਂ ਨੇ ਬੰਦੇ ਨੂੰ ਬਹੁਤ ਡਰਾਇਆ ਹੋਇਆ ਹੈ। ਏਸੇ ਡਰ ਦਾ ਹੀ ਪੁਜਾਰੀਆਂ ਨੇ ਪੂਰਾ ਪੂਰਾ ਫਾਇਦਾ ਲਿਆ ਹੈ। ਮਿਸਾਲ ਦੇ ਤੌਰ `ਤੇ ਸੱਪ ਡੰਗ ਮਾਰਦਾ ਹੈ ਤੇ ਆਮ ਹਾਲਤਾਂ ਵਿੱਚ ਬੰਦਾ ਮਰ ਜਾਂਦਾ ਹੈ। ਪੁਜਾਰੀ ਨੇ ਸੋਚਿਆ ਸੱਪ ਨੂੰ ਪੀਰ ਬਣਾ ਦਿਓ ਤੇ ਇਸ ਦੀ ਪੂਜਾ ਕਰਾਓ। ਅੱਜ ਦੇ ਸਮੇਂ ਵਿੱਚ ਵੀ ਪੰਜਾਬ ਦੀ ਧਰਤੀ `ਤੇ ਸੱਪਾਂ ਦੀ ਆਮ ਪੂਜਾ ਕੀਤੀ ਜਾਂਦੀ ਹੈ। ਹੁਣ ਸੱਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਸਾਡੀ ਪੂਜਾ ਹੋ ਰਹੀ ਹੈ। ਜਿਹੜਾ ਪ੍ਰਵਾਰ ਵੀ ਜੋਤਸ਼ੀ ਦੇ ਵੱਸ ਵਿੱਚ ਪੈ ਗਿਆ ਉਹ ਪੱਕਾ ਵਹਿਮੀ ਬਣ ਜਾਂਦਾ ਹੈ। ਏੱਥੋਂ ਤੀਕ ਕੇ ਪਰਵਾਰ ਆਪਣੇ ਬੱਚੇ ਦੇ ਵਿਆਹ ਸਬੰਧੀ ਜੋਤਸ਼ੀ ਨੂੰ ਪੈਸੇ ਦੇ ਕੇ ਪੁੱਛਦਾ ਹੈ ਕਿ ਮੇਰੇ ਬੱਚੇ ਦਾ ਮੰਗਣਾ ਕਦੋਂ ਹੋਏਗਾ? ਅੱਗੋਂ ਜੋਤਸ਼ੀ ਕਹਿੰਦਾ ਹੈ ਕਿ ਤੁਹਾਡਾ ਬੱਚਾ ਮੰਗਲੀਕ ਭਾਵ ਕੁਲਹਿਣਾ ਹੈ। ਸ਼ਹਿਰਾਂ ਵਿੱਚ ਇਹ ਬਿਮਾਰੀ ਆਮ ਹੀ ਦੇਖੀ ਜਾ ਸਕਦੀ ਹੈ ਕਿ ਲੋਕ ਪੈਸੇ ਦੇ ਕੇ ਆਪਣੇ ਬੱਚੇ ਸਬੰਧੀ ਕੁਲੱਛਣਾ ਸ਼ਬਦ ਸੁਣਦੇ ਹਨ।

ਜੋਤਸ਼ੀ ਆਮ ਹਾਲਤਾਂ ਵਿੱਚ ਆਮ ਬੰਦੇ ਨਾਲੋਂ ਵੱਧ ਜਾਣਕਾਰੀ ਰੱਖਦਾ ਹੈ। ਭਾਵ ਚਲਾਕ ਬਿਰਤੀ ਵਾਲਾ ਹੁੰਦਾ ਹੈ। ਜੋਤਸ਼ੀ ਪਾਸ ਜਿਹੜਾ ਬੰਦਾ ਜਾਂ ਕੋਈ ਪ੍ਰਵਾਰ ਅਉਂਦਾ ਹੈ ਉਹ ਆਪਣੀ ਰਾਮ ਵਿੱਥਿਆ ਸਣਾਉਂਦਾ ਹੈ। ਜੋਤਸ਼ੀ ਬੰਦੇ ਦੀ ਬੜੀ ਬਰੀਕੀ ਨਾਲ ਗੱਲ ਸੁਣਦਾ ਹੈ ਤੇ ਉਸ ਦੀਆਂ ਗੱਲਾਂ ਵਿਚੋਂ ਕੁੱਝ ਨਾ ਕੁੱਝ ਨੋਟ ਕਰੀ ਜਾਂਦਾ ਹੈ। ਫਿਰ ਉਸ ਦੀ ਕੋਈ ਦੁੱਖਦੀ ਰਗ ਫੜਦਾ ਹੈ। ਉਸ ਦੁੱਖਦੀ ਰਗ ਦਾ ਉਸ ਨੂੰ ਬਹੁਤ ਵਹਿਮ ਪਾ ਦੇਂਦਾ ਹੈ। ਆਇਆ ਪਰਵਾਰ ਪੱਛਦਾ ਹੈ ਕਿ ਇਸ ਦਾ ਕੋਈ ਹੱਲ ਹੈ ਤਾਂ ਅੱਗੋਂ ਜੋਤਸ਼ੀ ਬੜੇ ਧਿਆਨ ਪੂਰਵਕ ਉੱਤਰ ਦੇਂਦਾ ਹੈ ਕਿ ਜਨਾਬ ਹਰ ਚੀਜ਼ ਦਾ ਹੱਲ ਹੁੰਦਾ ਹੈ। ਜੋਤਸ਼ੀ ਇੱਕ ਹੋਰ ਕੰਮ ਕਰਦਾ ਹੈ ਕਿ ਜਿਹੜੇ ਧਰਮ ਨਾਲ ਕੋਈ ਸਬੰਧ ਰੱਖਦਾ ਹੈ ਓਸੇ ਧਰਮ ਦੁਆਰਾ ਹੀ ਕੋਈ ਨਾ ਕੋਈ ਉਪਾਅ ਦੱਸ ਦੇਂਦਾ ਹੈ ਪਰ ਉਹ ਇਹ ਖਿਆਲ ਜ਼ਰੂਰ ਰੱਖਦਾ ਹੈ ਕਿ ਆਈ ਸਾਮੀ ਹੱਥੋਂ ਨਿਕਲ ਨਾ ਜਾਏ। ਜੋਤਸ਼ੀ ਆਪਣੇ ਵਲੋਂ ਪੂਰੀ ਤਰ੍ਹਾਂ ਡਰਾ ਦੇਂਦਾ ਹੈ ਕਿ ਤੁਸੀਂ ਬਹੁਤ ਹੀ ਵੇਲੇ ਸਿਰ ਏੱਥੇ ਆ ਗਏ ਹੋ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਜੋਤਸ਼ੀ ਉਪਾਅ ਦੀਆਂ ਮਹਿੰਗੀਆਂ ਸਸਤੀਆਂ ਕਿਸਮਾਂ ਦਸਦਾ ਹੈ ਤੇ ਨਾਲ ਹੀ ਸਮਝਾ ਦੇਂਦਾ ਹੈ ਕਿ ਭਾਈ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਹੋਏਗਾ। ਭਾਵ ਜਿੰਨਾ ਖਰਚਾ ਕਰੋਗੇ ਓਨਾ ਹੀ ਛੇਤੀ ਫਾਇਦਾ ਹੋਏਗਾ।

ਜਦੋਂ ਕੋਈ ਜੋਤਸ਼ੀ ਪਾਸ ਜਾਂਦਾ ਹੈ ਤਾਂ ਜੋਤਸੀ ਦੇ ਬਾਹਰ ਬੈਠੇ ਆਪਣੇ ਹੀ ਬੰਦੇ ਹੁੰਦੇ ਹਨ ਜਿਹੜੇ ਆਏ ਪਰਵਾਰ ਜਾਂ ਬੰਦੇ `ਤੇ ਪੂਰਾ ਪ੍ਰਭਾਵ ਪਾ ਦੇਂਦੇ ਹਨ ਕਿ ਬਾਬਾ ਜੀ ਦੀ ਕਿਰਪਾ ਨਾਲ ਸਾਡਾ ਵਿਗੜਿਆ ਹੋਇਆ ਕੰਮ ਕੁੱਝ ਦਿਨਾਂ ਵਿੱਚ ਹੀ ਹੋਲ ਹੋ ਗਿਆ ਸੀ। ਸਾਡੇ ਬੱਚੇ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਬਾਬਾ ਜੀ ਨੇ ਉਪਾਅ ਦੱਸਿਆ ਸੀ ਤੇ ਹੁਣ ਸਾਡਾ ਸਾਰਾ ਹੀ ਮਸਲਾ ਹੱਲ ਹੋ ਗਿਆ ਹੈ। ਅੱਜ ਤਾਂ ਅਸੀਂ ਬਾਬਾ ਜੀ ਦਾ ਧੰਨਵਾਦ ਕਰਨ ਹੀ ਆਏ ਹਾਂ। ਆਏ ਬੰਦੇ ਦੇ ਮਨ ਵਿੱਚ ਪੱਕਾ ਬੈਠ ਜਾਂਦਾ ਹੈ ਕਿ ਬਾਬਾ ਜੀ ਕੋਲ ਕੋਈ ਬਹੁਤ ਵੱਡੀ ਗੈਬੀ ਤਾਕਤ ਹੈ ਜਿਹੜੀ ਹੋਣੀ ਨੂੰ ਅਨਹੋਣੀ ਵਿੱਚ ਬਦਲ ਦੇਂਦੇ ਹਨ।

ਜੋਤਸ਼ੀ ਵਲੋਂ ਉਪਾਅ

ਜੋਤਸ਼ੀ ਵਲੋਂ ਆਪਣੀ ਮੋਟੀ ਫੀਸ ਲੈ ਲਈ ਜਾਂਦੀ ਹੈ ਤੇ ਘਰ ਵਾਲਿਆਂ ਨੂੰ ਕਿਸੇ ਨਾ ਕਿਸੇ ਆਹਰੇ ਲਗਾ ਦੇਂਦਾ ਹੈ। ਕਿਸੇ ਨੂੰ ਆਖਦਾ ਹੈ ਕਿ ਵੱਗਦੇ ਪਾਣੀ ਵਿੱਚ ਪੰਜ ਨਾਰੀਅਲ ਰੋੜ ਦੇਵੀਂ, ਕਿਸੇ ਨੂੰ ਆਖਦਾ ਹੈ ਕਿ ਆ ਸਮੱਗਰੀ ਪਾਣੀ ਵਿੱਚ ਰੋੜ ਦੇਵੀਂ। ਕਿਸੇ ਨੂੰ ਕਹੇਗਾ ਸੱਜੇ ਹੱਥ ਦੀ ਪਹਿਲੀ ਉਂਗਲ਼ ਵਿੱਚ ਆ ਨੱਗ ਜ਼ਰੂਰ ਪਉਣਾ ਹੈ। ਆਪਣੇ ਪਾਸੋਂ ਪੱਥਰ ਦਾ ਘੜਿਆ ਹੋਇਆ ਨਗ ਮਹਿੰਗੇ ਭਾਅ ਵੇਚ ਦੇਵੇਗਾ। ਕਿਸੇ ਨੂੰ ਲਾਲ ਧਾਗਾ ਗੁੱਟ `ਤੇ ਬੰਨਣ ਵਾਸਤੇ ਦੇ ਦੇਵੇਗਾ। ਕਿਸੇ ਨੂੰ ਗਲ਼ ਵਿੱਚ ਪਉਣ ਲਈ ਕੁੱਝ ਨਾ ਕੁੱਝ ਦੇ ਦਵੇਗਾ। ਕਿਸੇ ਨੂੰ ਮੰਦਰ ਵਿੱਚ ਕਾਲੇ ਛੋਲੇ ਜਾਂ ਕਾਲੇ ਮਾਂਹ ਭੇਟਾ ਕਰਨ ਲਈ ਆਖਦਾ ਹੈ। ਕਿਸੇ ਨੂੰ ਗੁਰਦੁਆਰੇ ਵਿੱਚ ਬਦਾਨਾ ਚੜਾਉਣ ਲਈ ਆਖ ਰਿਹਾ ਹੈ। ਵੱਖ ਵੱਖ ਦੇਵਤਿਆਂ ਦੀ ਭੇਟਾ ਦੱਸ ਕੇ ਵੱਖ ਵੱਖ ਪ੍ਰਕਾਰ ਦੀ ਪੂਜਾ ਕਰਾ ਰਿਹਾ ਹੈ।

ਸਭ ਤੋਂ ਭਿਆਨਕ ਗੱਲ ਜਿਹੜੀ ਜੋਤਸ਼ੀ ਕਰਾ ਰਹੇ ਹਨ ਉਹ ਬਹੁਤ ਹੀ ਖਤਰਨਾਕ ਤੇ ਮਨੁਖਤਾ ਲਈ ਮਾਰੂ ਹੈ। ਉਹ ਹੈ ਜੋਤਸ਼ੀ ਵਲੋਂ ਦੱਸੀ ਸਮੱਗਰੀ ਵੱਗਦੇ ਪਾਣੀ ਵਿੱਚ ਰੋੜਨੀ। ਥੋੜੇ ਸਮੇਂ ਤੋਂ ਹੀ ਚੱਲਦੇ ਰਾਹਾਂ ਵਿੱਚ ਜਿਹੜੇ ਵੀ ਦਰਿਆ ਆਉਂਦੇ ਹਨ ਉਹਨਾਂ `ਤੇ ਆਮ ਸਿਆਣੇ ਬਿਆਣੇ ਵੱਗਦੇ ਪਾਣੀ ਵਿੱਚ ਗੰਦ ਮੰਦ ਸੁੱਟ ਕੇ ਪੂਰੀ ਤਰ੍ਹਾਂ ਗੰਦ ਪਾ ਰਹੇ ਹਨ। ਹੋਰ ਤਾਂ ਹੋਰ ਜਿਹੜੇ ਵੱਗਦੇ ਪਾਣੀ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟ ਰਹੇ ਹਨ, ਉਹ ਹਜ਼ਾਰਾਂ ਸਾਲਾਂ ਤੀਕ ਵੀ ਗਲਣਨੇ ਨਹੀਂ ਹਨ। ਜੋਤਸ਼ੀਆਂ ਵਲੋਂ ਦੱਸੇ ਮਾਰਗ `ਤੇ ਚੱਲਣ ਵਾਲੇ ਲੋਕ ਆਉਣ ਵਾਲ਼ੀਆਂ ਪੀੜ੍ਹੀਆਂ ਅੱਗੇ ਡੂੰਘੇ ਟੋਏ ਪੁੱਟ ਰਹੇ ਹਨ। ਜੋਤਸ਼ੀਆਂ ਦੇ ਕਹੇ `ਤੇ ਲੋਕ ਤੇ ਕੁੱਝ ਦੇਖਾ ਦੇਖੀ ਵੱਗਦੇ ਪਾਣੀ ਵਿੱਚ ਗੰਦਗੀ ਸੁੱਟ ਰਹੇ ਹਨ। ਹੁਣ ਤਾਂ ਇਹਨਾਂ ਪੁਲ਼ਾਂ ਦੇ ਕੋਲ ਮੰਦਰ ਵੀ ਬਣਨੇ ਸ਼ੁਰੂ ਹੋ ਗਏ ਹਨ। ਆਉਣ ਵਾਲੇ ਸਮੇਂ ਵਿੱਚ ਇਹ ਮਹਾਨ ਤੀਰਥ ਬਣ ਜਾਣੇ ਹਨ। ਜਿੱਥੇ ਦਰਿਆ ਵਿੱਚ ਸਮੱਗਰੀ ਸੁੱਟੀ ਜਾ ਰਹੀ ਹੈ ਓੱਥੇ ਹੋਰ ਵਾਧੂ ਦਾ ਕਚਰਾ ਪਿਆ ਦਿਖਾਈ ਦੇਂਦਾ ਹੈ। ਇੰਜ ਗੰਦਗੀ ਦੇ ਢੇਰ ਲਗਣੇ ਸ਼ੁਰੂ ਹੋ ਗਏ ਹਨ।

ਸਰਕਾਰੀ ਤੰਤਰ ਬਣਿਆਂ ਮੂਕ ਦਰਸ਼ਕ

ਨੇਤਾ ਜਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਇਸ ਲਈ ਉਹ ਲੋਕਾਂ ਦੀ ਅੰਨ੍ਹੀ ਸ਼ਰਧਾ ਨਹੀਂ ਤੋੜਨੀ ਚਹੁੰਦੇ। ਪੁਲੀਸ ਵਾਲਿਆਂ ਦੇ ਸਾਹਮਣੇ ਲੋਕ ਨਿੱਕ-ਸੁਕ ਵੱਗਦੇ ਪਾਣੀ ਵਿੱਚ ਸੁੱਟ ਰਹੇ ਹੁੰਦੇ ਹਨ ਪਰ ਕੀ ਮਿਜਾਲ ਹੈ ਇਹ ਕਿਸੇ ਨੂੰ ਮਨ੍ਹਾ ਕਰਨ। ਚਾਹੀਦਾ ਤਾਂ ਇਹ ਹੈ ਜਿਹੜਾ ਕੋਈ ਵੱਗਦੇ ਪਾਣੀ ਵਿੱਚ ਨਿੱਕ ਸੁੱਕ ਸੁੱਟ ਰਿਹਾ ਹੈ ਉਸ ਨੂੰ ਪੁੱਛਿਆ ਜਾਏ ਕਿ ਤੈਨੂੰ ਕਿਹੜੇ ਜੋਤਸ਼ੀ ਨੇ ਇਹ ਸਮਾਨ ਦਰਿਆ ਵਿੱਚ ਸੁੱਟਣ ਲਈ ਕਿਹਾ ਹੈ। ਜਿਸ ਜੋਤਸ਼ੀ ਨੇ ਅਜੇਹਾ ਹਨੇਰਾ ਢੋਣ ਲਈ ਕਿਹਾ ਹੈ ਉਸ `ਤੇ ਕੇਸ ਦਰਜ ਹੋਣਾ ਚਾਹੀਦਾ ਹੈ। ਤੇ ਜੋਤਸ਼ੀ ਦਾ ਕਿਹਾ ਮੰਨਣ ਵਾਲੇ `ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਚੌਹਾਂ ਦਿਨਾਂ ਵਿੱਚ ਦਰਿਆਵਾਂ ਵਿੱਚ ਗੰਦ ਸੁਟੱਣਾ ਬੰਦ ਹੋ ਸਕਦਾ ਹੈ ਜੇ ਸਰਕਾਰੀ ਤੰਤਰ ਹਰਕਤ ਵਿੱਚ ਆ ਜਾਏ।

ਮੀਡੀਏ ਦਾ ਰੋਲ

ਹੁਣ ਤਾਂ ਇੰਜ ਲੱਗਦਾ ਹੈ ਜਿਵੇਂ ਮੀਡੀਏ ਪਾਸ ਕੋਈ ਮੁੱਦਾ ਹੀ ਨਹੀਂ ਹੈ। ਜਿਉਂ ਸਵੇਰ ਤੋਂ ਅੰਧਵਿਸ਼ਵਾਸ ਦਾ ਪ੍ਰਚਾਰ ਕਰਨ ਲੱਗਦੇ ਹਨ ਤੇ ਦੇਰ ਰਾਤ ਤੀਕ ਚਲਦਾ ਰਹਿੰਦਾ ਹੈ। ਕਿਸੇ ਨਾ ਕਿਸੇ ਟੀਵੀ ਚੈਨਲ `ਤੇ ਕੋਈ ਨਾ ਕੋਈ ਬਾਬਾ ਜਾਂ ਜੋਤਸ਼ੀ ਆਪਣਾ ਪੂਰਾ ਪਰਚਾਰ ਕਰ ਰਿਹਾ ਹੁੰਦਾ ਹੈ। ਮੀਡੀਏ ਦਾ ਕੰਮ ਸੀ ਲੋਕਾਂ ਨੂੰ ਅੰਧਕਾਰ ਵਿਚੋਂ ਬਾਹਰ ਕੱਢਣਾ ਪਰ ਹੁਣ ਤਾਂ ਹਰੇਕ ਚੈਨਲ ਵਲੋਂ ਰਾਸ਼ੀ ਫਲ਼ ਆਦਿ ਸਭ ਕੂੜ ਕਬਾੜ ਇਕੱਠਾ ਕਰਕੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ ਬਹੁਤ ਸਾਰੀਆਂ ਫਿਲਮਾਂ ਨੇ ਵੀ ਅੰਧ-ਵਿਸ਼ਵਾਸ ਵਧਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ।

ਬਾਹਰਲੇ ਮੁਲਕਾਂ ਦੀਆਂ ਪੰਜਾਬੀ ਅਖਬਾਰਾਂ ਵਿੱਚ ਤਾਂ ਸਭ ਤੋਂ ਵੱਧ ਜੋਤਸ਼ੀਆਂ ਦੀਆਂ ਮਸ਼ਹੂਰੀਆਂ ਹੁੰਦੀਆਂ ਹਨ। ਕੋਈ ਅਖਬਾਰ ਬੱਚਿਆ ਹੋਏਗਾ ਨਹੀਂ ਤਾਂ ਬਹੁਤੀਆਂ ਵਿੱਚ ਕਾਲੇ ਜਾਦੂ ਦੀ ਕਰਾਮਾਤ ਨਾਲ ਮਿੰਟਾਂ ਵਿੱਚ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਦਾਅਵਾ ਕੀਤਾ ਗਿਆ ਹੁੰਦਾ ਹੈ। ਕਈ ਅਖਬਾਰਾਂ ਵਿੱਚ ਸਤਾਈ ਸਤਾਈ ਮਸ਼ਹੂਰੀਆਂ ਜੋਤਸ਼ ਦੀਆਂ ਹੀ ਲਗੀਆਂ ਹੋਈਆਂ ਹਨ। ਲੋਕਾਂ ਨੂੰ ਅੰਧਕਾਰ ਵਿੱਚ ਧਕੇਲਣ ਵਿੱਚ ਬਿਜਲਈ ਤੇ ਅਖਬਾਰੀ ਮੀਡੀਏ ਦਾ ਵੀ ਘਟੀਆ ਰੋਲ ਦਿਖਾਈ ਦੇਂਦਾ ਹੈ।

ਸਮਾਜ ਸੇਵੀ ਜੱਥੇਬੰਦੀਆਂ ਤੇ ਸਰਕਾਰ

ਲੋਕ ਭਲਾਈ ਲਈ ਸਰਕਾਰ ਨੂੰ ਅੱਗੇ ਆ ਕੇ ਪਹਿਲ ਕਰਨੀ ਚਾਹੀਦੀ ਹੈ। ਜੇ ਜੋਤਸ਼ੀਆਂ ਵਿੱਚ ਸੱਚ ਹੈ ਤਾਂ ਸਰਕਾਰ ਨੂੰ ਇਹਨਾਂ ਪਾਸੋਂ ਸਹਾਇਤਾ ਲੈ ਲੈਣੀ ਚਾਹੀਦੀ ਹੈ। ਸਰਹੱਦ `ਤੇ ਫੌਜਾਂ ਰੱਖਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਕਿਸੇ ਜੋਤਸ਼ੀ ਪਾਸੋਂ ਉਪਾਅ ਪੁੱਛ ਕੇ ਓਦਾਂ ਦਾ ਉਪਰਾਲਾ ਸਰਹੱਦ `ਤੇ ਕਰ ਲੈਣਾ ਚਾਹੀਦਾ ਹੈ। ਜੇ ਇਹਨਾਂ ਦੀਆਂ ਗੱਲ ਵਿੱਚ ਕੋਈ ਸੱਚ ਨਹੀਂ ਹੈ ਤਾਂ ਇਹਨਾਂ ਤੇ ਰੋਕ ਲਗਣੀ ਚਾਹੀਦੀ ਹੈ। ਇਹ ਵਿਹਲੜ ਲੋਕ ਲੋਕਾਂ ਦੀ ਕ੍ਰਿਤ ਕਮਾਈ `ਤੇ ਦਿਨ ਦੀਵੀਂ ਡਾਕਾ ਮਾਰ ਰਹੇ ਹਨ। ਸਮਾਜ ਸੇਵੀ ਜੱਥੇ ਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਇਹਨਾ ਦੀ ਅਸਲ ਤਸਵੀਰ ਦਿਖਾਲਣੀ ਚਾਹੀਦੀ ਹੈ ਕਿ ਇਹਨਾਂ ਦੇ ਕੋਲ ਕੋਈ ਵੀ ਕਰਾਮਾਤ ਨਹੀਂ ਹੈ।

ਵਾਪਰੀ ਕਹਾਣੀ

ਜੂਨ ੧੯੭੫ ਦੀ ਗੱਲ ਹੈ ਅਸੀਂ ਝੋਨੇ ਵਿਚੋਂ ਨਦੀਨ ਕੱਢ ਕੇ ਆਏ ਸੀ ਸਿੱਖਰ ਦੁਪਹਿਰ ਦਾ ਸਮਾਂ ਸੀ। ਸਾਰੇ ਪ੍ਰਸ਼ਾਦਾ ਛੱਕ ਰਹੇ ਸੀ। ਅਚਾਨਕ ਇੱਕ ਹੱਥ ਦੇਖਣ ਵਾਲਾ ਆ ਗਿਆ। ਉਸ ਨੇ ਮੈਨੂੰ ਹੱਥ ਦਿਖਾਉਣ ਲਈ ਕਿਹਾ। ਮੈਂ ਕਿਹਾ, ਕਿ "ਤੁਸੀਂ ਭਾਈ ਪ੍ਰਸ਼ਦਾ ਛੱਕੋ ਏੱਥੇ ਕਿਸੇ ਨੇ ਹੱਥ ਨਹੀਂ ਦਿਖਾਉਣਾ"। ਗੱਲਾਂ ਬਾਤਾਂ ਕਰਦਿਆਂ ਉਸ ਨੂੰ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛੱਕਣ ਉਪਰੰਤ ਉਹ ਖਹਿੜੇ ਹੀ ਪੈ ਗਿਆ ਜ਼ਰੂਰ ਹੱਥ ਦਿਖਾਇਆ ਜਾਏ ਕਿਉਂਕਿ ਮੈਂ ਜੋਤਸ਼ ਵਿਦਿਆ ਨਾਲ ਸਬੰਧ ਰੱਖਦਾ ਹਾਂ। ਹੋ ਸਕਦਾ ਹੈ ਤੁਹਾਡਾ ਕੋਈ ਫਾਇਦਾ ਹੋ ਜਾਏ। ਕੁਦਰਤੀ ਇੱਕ ਰਿਸ਼ਤੇਦਾਰ ਆਇਆ ਹੋਇਆ ਸੀ। ਛੇ ਫੁੱਟ ਕੱਦ ਵਾਲਾ ਰਿਸ਼ਤੇਦਾਰ ਧੜੱਲੇਦਾਰ ਆਦਮੀ ਸੀ। ਉਹ ਜੋਤਸ਼ੀ ਨੂੰ ਕਹਿਣ ਲੱਗਾ, ਕਿ "ਬਾਬਾ ਇਹਨਾਂ ਨੇ ਤੈਨੂੰ ਹੱਥ ਨਹੀਂ ਦਿਖਾਉਣਾ ਤੂੰ ਮੇਰਾ ਹੱਥ ਦੇਖ"। ਜੋਤਸ਼ੀ ਬਹੁਤ ਖੁਸ਼ ਹੋਇਆ ਤੇ ਉਸ ਦਾ ਹੱਥ ਦੇਖਦਾ ਹੋਇਆ ਅਚਾਨਕ ਡਰਾਉਣ ਲੱਗ ਪਿਆ, ਕਿ "ਭਗਤਾ ਤੇਰੇ `ਤੇ ਸ਼ਨੀ ਦੇਵਤੇ ਦੀ ਬਹੁਤ ਵੱਡੀ ਸਾੜਸੱਤੀ, ਭਾਵ ਕਰੋਪੀ ਹੈ। ਭਗਤਾ ਤੇਰੇ `ਤੇ ਗ੍ਰਹਿ ਬੜਾ ਭਾਰੀ ਹੈ। ਬੱਸ ਆਉਣ ਵਾਲਾ ਸਮਾਂ ਤੇਰਾ ਸਾਰਾ ਦੁੱਖਾਂ ਵਾਲਾ ਹੀ ਹੈ"। ਛੇ ਫੁੱਟ ਲੰਬਾਈ ਵਾਲਾ ਰਿਸ਼ਤੇਦਾਰ ਬੋਲਿਆ, "ਬਾਬਾ ਜੀ ਤੁਹਾਡੇ ਹੱਥ ਵਿੱਚ ਬਹੁਤ ਕੁੱਝ ਹੈ ਮੈਨੂੰ ਗਰੀਬ ਨੂੰ ਕੋਈ ਉਪਾਅ ਦੱਸੋ, ਮੈਂ ਕਿਤੇ ਐਵੇਂ ਭੰਗ ਦੇ ਭਾੜੇ ਹੀ ਨਾ ਮਾਰਿਆਂ ਜਾਵਾਂ"। ਜੋਤਸ਼ੀ ਬਾਬਾ ਕਹਿਣ ਲੱਗਾ, ਕਿ "ਭਗਤਾ ਪੰਜ ਕਿੱਲੋ ਚਾਵਲ, ਪੰਜ ਕਿਲੋ ਗੁੜ, ਪੰਜ ਕਿਲੋ ਆਟਾ, ਇੱਕ ਰੇਜਾ ਭਾਵ ਖੱਦਰ ਦੀ ਮੋਟੀ ਚਾਦਰ ਤੇ ਗਿਆਰਾਂ ਰੁਪਏ ਮੈਨੂੰ ਦਾਨ ਦੇ ਰੂਪ ਵਿੱਚ ਦੇ ਦਿਓ ਮੈਂ ਤੇਰਾ ਹੁਣੇ ਹੀ ਉਪਾਅ ਕਰ ਦਿਆਂਗਾ"। ਅੱਗੋਂ ਉਹ ਰਿਸ਼ਤੇਦਾਰ ਨੇ ਬਾਬੇ ਦੀ ਚਾਰ ਕੁ ਫੁੱਟ ਡਾਂਗ ਚੁੱਕ ਕੇ ਉਸ ਦੀਆਂ ਮੌਰਾਂ ਵਿੱਚ ਦੇਖਦਿਆਂ ਦੇਖਦਿਆਂ ਪੰਜ ਸੱਤ ਜੜ ਦਿੱਤੀਆਂ। ਅਸੀਂ ਸਾਰੇ ਇੱਕ ਦਮ ਹੈਰਾਨ ਹੋ ਗਏ ਕਿ ਇਹਨੂੰ ਨੂੰ ਕੀ ਹੋ ਗਿਆ ਹੈ। ਸਾਰਿਆਂ ਨੇ ਪੈ ਲੈ ਕੇ ਦੋਹਾਂ ਨੂੰ ਵੱਖੋ ਵੱਖ ਕੀਤਾ। ਰਿਸ਼ਤੇਦਾਰ ਕਹਿਣ ਲੱਗਾ, ਕਿ "ਬਾਬਾ ਤੈਨੂੰ ਆਪਣੇ ਗ੍ਰਹਿ ਦਾ ਨਹੀਂ ਪਤਾ ਸੀ ਕਿ ਇਸ ਘਰ ਮੈਂ ਨਾ ਜਾਂਵਾਂ ਕਿਉਂਕਿ ਇਸ ਘਰ ਵਿਚੋਂ ਮੈਨੂੰ ਡਾਂਗਾ ਪੈਣੀਆਂ ਹਨ"। ਬਾਬਾ ਵਿਚਾਰਾ ਬਹੁਤਾ ਡਰ ਗਿਆ ਤੇ ਕਹਿਣ ਲੱਗਾ ਪਹਿਲਾਂ ਮੈਂ ਹੁਣ ਆਪਣਾ ਉਪਾਅ ਕਰਦਾ ਹਾਂ।

ਸਾਰੇ ਹੱਸ ਰਹੇ ਸੀ ਬਾਬਾ ਵਿਚਾਰਾ ਸੀ ਸੀ ਕਰਦਾ ਹੋਇਆ ਦੇਖਦਿਆਂ ਦੇਖਦਿਆਂ ਤਿੱਤਰ ਹੋ ਗਿਆ। ਬਾਬੇ ਨੂੰ ਬਥੇਰਾ ਕਿਹਾ ਬਾਬਾ ਜੀ ਬਹਿ ਜਾਉ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਪਰ ਬਾਬਾ ਜੀ ਮਿੰਟੋ ਮਿੰਟੀ ਪਿੰਡ ਵਿਚੋਂ ਭੱਜ ਗਿਆ।

ਜੋਤਸ਼ੀਆਂ ਦੇ ਕਹੇ ਕੋਈ ਸ਼ਹਿਰਾਂ ਵਿੱਚ ਅਵਾਰਾ ਕਾਲੇ ਰੰਗ ਦੇ ਕੁੱਤਿਆਂ ਨੂੰ ਲੱਭ ਲੇ ਡਬਲ ਰੋਟੀਆਂ ਪਾ ਰਿਹਾ ਹੈ ਤੇ ਕੋਈ ਕਾਢਿਆਂ ਦੇ ਭੌਣ `ਤੇ ਦੁੱਧ ਪਾ ਰਿਹਾ ਹੈ। ਕੋਈ ਪਿੱਪਲ਼ਾਂ ਦੁਆਲੇ ਟਾਕੀਆਂ ਬੰਨ੍ਹ ਰਿਹਾ ਨਜ਼ਰੀਂ ਪਏਗਾ ਤੇ ਕੋਈ ਕਿਸੇ ਕਬਰ `ਤੇ ਤੇਲ ਚੜ੍ਹਾ ਰਿਹਾ ਹੁੰਦਾ ਹੈ।

ਉਂਜ ਮੌਸਮ, ਆਲਾ ਦੁਆਲਾ, ਗ੍ਰਹਿ, ਰੁੱਤਾਂ ਦੀ ਤਬਦੀਲੀ ਦਾ ਸਾਡੇ ਜੀਵਨ `ਤੇ ਪਰਭਾਵ ਪੈਂਦਾ ਹੈ। ਪਰ ਇਹਨਾਂ ਨੂੰ ਵਹਿਮ ਭਰਮ ਨਾਲ ਨਹੀਂ ਜੋੜਨਾ ਚਾਹੀਦਾ। ਜੀਵਨ ਵਿੱਚ ਹਰ ਪ੍ਰਕਾਰ ਦੀ ਤਬਦੀਲੀ ਆਉਂਦੀ ਰਹਿਣੀ ਹੈ। ਅਸਲੀਅਤ ਨੂੰ ਸਮਝਣ ਦੀ ਜ਼ਰੂਰਤ ਹੈ। ਸਰਕਾਰ ਨੂੰ ਠੋਸ ਉਪਰਾਲੇ ਕਜਰਨੇ ਚਾਹੀਦੇ ਹਨ।

ਲੋਕਾਂ ਨੂੰ ਬੇਨਤੀ ਹੈ ਕਿ ਵੱਗਦੇ ਪਾਣੀਆਂ ਵਿੱਚ ਗੰਦ ਮੰਦ ਸੁੱਟ ਕੇ ਕੁਦਰਤ ਨੂੰ ਗੰਦਾ ਨਾ ਕਰੋ--

ਸਗੁਨ ਅਪਸਗੁ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ।।

ਤਿਸੁ ਜਮੁ ਨੇਵਿ ਨ ਆਵਈ ਜੋ ਹਰਿ ਪ੍ਰਭਿ ਭਾਵੈ।।

ਆਸਾ ਮਹਲਾ ੫ ਪੰਨਾ ੪੦੧




.