.

ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ

(ਬਿਨੈ-ਪ੍ਰਵੇਸ਼ਕਾ)

ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ` ਸਿਰਲੇਖ ਦਾ ਭਾਵਾਰਥ ਹੈ ਕਿ ਦੋਵਾਂ ਸ਼ਖ਼ਸੀਅਤਾਂ ਵਿੱਚ ਜੋ ਯੁਗਾਤਮਿਕ, ਸਮਾਜਿਕ, ਇਸ਼੍ਟਾਤਮਿਕ, ਅ੍ਵਸਥਾਤਮਿਕ ਤੇ ਸਿਧਾਂਤਕ ਫ਼ਰਕ ਹਨ; ਉਨਾਂ ਨੂੰ ਇਤਿਹਾਸਕ, ਮਿਥਿਹਾਸਕ, ਪੌਰਾਣਿਕ, ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੋਂ ਇਲਾਵਾ ਅਜੋਕੇ ਦੌਰ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਦ੍ਰਿਸ਼ਟੀਕੋਨ ਤੋਂ ਵਿਚਾਰ ਕੇ ਨਿਰਣੈਜਨਕ ਢੰਗ ਨਾਲ ਪ੍ਰਗਟ ਕਰਨਾ। ਕਿਉਂਕਿ, ਭਾਰਤੀ ਇਤਿਹਾਸ ਤੇ ਮਿਥਿਹਾਸ ਵਿੱਚ ਬਾਲਮੀਕ (ਵਾਲਮੀਕ) ਨਾਂ ਦੇ ਦੋ ਪ੍ਰਸਿੱਧ ਮਹਾਂਪੁਰਖ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਦਾ ਉੱਲੇਖ ਮਿਲਦਾ ਹੈ ‘ਭਗਤ` ਦੇ ਰੂਪ ਵਿੱਚ ਅਤੇ ਦੂਜੇ ਦਾ ਰਿਸ਼ੀ (ਮਹਾਂਕਵੀ) ਦੇ ਰੂਪ ਵਿੱਚ; ਜਿਸ ਨੇ ਸੰਸਕਿਤ ਵਿੱਚ ‘ਸ਼੍ਰੀ ਮਦ ਰਾਮਾਇਣ` ਦੀ ਅਦੁੱਤੀ ਰਚਨਾ ਕੀਤੀ। ਪਰ, ਨਾਵਾਂ ਦੀ ਸਮਾਨਤਾ ਕਾਰਨ ਦੋਵਾਂ ਦੇ ਜੀਵਨ ਦਾ ਇਤਿਹਾਸ ਤੇ ਮਿਥਿਹਾਸ ਮਿਲਗੋਭਾ ਬਣ ਗਿਆ ਹੈ। ਕਿਉਂਕਿ, ਅਲਾਕਾਈ ਭਾਸ਼ਾ ਦੇ ਪ੍ਰਭਾਵ ਹੇਠ ‘ਬ` ਤੇ ‘ਵ` ਕਈ ਥਾਈਂ ਆਪਸ ਵਿੱਚ ਬਦਲ ਜਾਂਦੇ ਹਨ। ਸੰਸਕ੍ਰਿਤ ਤੇ ਹਿੰਦੀ ਦਾ ਅੱਖਰ ‘ਵਾ` (ਵ) ਪੰਜਾਬੀ ਵਿੱਚ ‘ਬ` ਬਣ ਜਾਂਦਾ ਹੈ। ਜਿਵੇਂ ਕਿ ‘ਵਿਆਸ` ਤੋਂ ‘ਬਿਆਸ`।

ਪਰ, ਨਾਵਾਂ ਦੇ ਉਪਰੋਕਤ ਭੇਲੇਖੇ ਦੇ ਸਿੱਟੇ ਵੱਜੋਂ ਦੋਵਾਂ ਧਿਰਾਂ ਦੇ ਪ੍ਰਚਾਰਕ ਤੇ ਸੇਵਕ ਸ਼ਰਧਾਲੂ ਭੰਭਲਭੂਸੇ ਵਿੱਚ ਫਸੇ ਹੋਏ ਭਟਕ ਰਹੇ ਹਨ। ਕਿਉਂਕਿ, ਦੋਵਾਂ ਸ਼ਖ਼ਸੀਅਤਾਂ ਦੇ ਪਿਛੋਕੜ ਨਾਲ ਸਬੰਧਤ ਮਿਥਿਹਾਸਕ ਕਿਸਮ ਦੀਆਂ ਕੁੱਝ ਕਥਾ ਕਹਾਣੀਆਂ ਪ੍ਰਚਲਿਤ ਹੋ ਚੁੱਕੀਆਂ ਹਨ। ਉਨ੍ਹਾਂ ਵਿੱਚ ‘ਬਟਵਾੜਾ` ‘ਡਾਕੂ` ਤੇ ‘ਸੁਪਚਾਰੋ` ਆਦਿਕ ਘ੍ਰਿਣਤ ਕਿਸਮ ਦੇ ਕਰਮ ਤੇ ਜਾਤੀ ਸੂਚਕ ਉਪਨਾਮ ਵਰਤੇ ਹੋਏ ਹਨ। ਭਾਵੇਂ ਕਿ ਉਹ ਕਿਸੇ ਪੁਰਾਣਿਕ ਵਿਦਵਾਨ ਨੇ ਭਗਤੀ ਦੀ ਉੱਤਮਤਾ ਤੇ ਮਹੱਤਵ ਦਰਸਾਉਣ ਲਈ ਲਿਖੀਆਂ ਲਿਖਾਈਆਂ ਹੋਣ ਜਾਂ ਮਨੂੰਵਾਦੀ ਸਾਜਿਸ਼ ਅਧੀਨ ਕਿਸੇ ਵਿਚਾਰਧਾਰਕ ਵਿਰੋਧੀ ਨੂੰ ਛੁਟਿਆਉਣ ਲਈ; ਪ੍ਰੰਤੂ, ਜਦੋਂ ਵੀ ਉਹ ਸੁਣੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਵਿਵਾਦੀ ਝਗੜੇ ਖੜੇ ਹੋ ਜਾਂਦੇ ਹਨ। ਕਈ ਵਾਰ ਤਾਂ ਸਮਾਜ ਵਿੱਚ ਮਾਰੂ ਟਕਰਾਉ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਭਾਵੇਂ ਕਿ ਕਥਾ-ਵਖਿਆਨ ਕਰਨ ਵਾਲੇ ਵਿਦਵਾਨ ਪ੍ਰਚਾਰਕ ਦੀ ਕੋਈ ਮੰਦ-ਭਾਵਨਾ ਵੀ ਨਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦੀ ਸਰਬਕਾਲੀ, ਸਰਬਦੇਸ਼ੀ, ਸਰਬਸਾਂਝੀ ਤੇ ਸਮਦਰਸ਼ੀ ਵਿਚਾਰਧਾਰਾ ਦੀ ਸੂਝ ਰੱਖਣ ਵਾਲੇ ਕਿਸੇ ਵੀ ਪ੍ਰਬੰਧਕ ਤੇ ਪ੍ਰਚਾਰਕ ਵੱਲੋਂ ਅਜਿਹਾ ਸੋਚਣਾ ਵੀ ਪਾਪ ਹੈ।

ਦਾਸ (ਜਾਚਕ) ਵੀ ਗੁਰੂ ਨਾਨਕ ਦਰਬਾਰ ਦਾ ਇੱਕ ਅਦਨਾ ਜਿਹਾ ਪ੍ਰਚਾਰਕ ਸੇਵਾਦਾਰ ਹੈ। ਇਸ ਲਈ ਉਪਰੋਕਤ ਕਿਸਮ ਦੀਆਂ ਸਮਾਜਿਕ ਦੁਰਘਟਨਾਵਾਂ ਤੋਂ ਮੇਰਾ ਚਿੰਤਤ ਹੋਣਾ ਸੁਭਾਵਿਕ ਹੈ। ਕਿਉਂਕਿ, ਮਨੂੰਵਾਦ ਦਾ ਸ਼ਿਕਾਰ ਹੋ ਕੇ ਦਲਿਤ ਅਖਵਾਉਂਦੇ ਸਾਡੇ ਕਈ ਭੈਣ ਭਰਾ ਅੱਜ ਉਨ੍ਹਾਂ ਗੁਰਦੁਆਰਿਆਂ ਵਿਰੁਧ ਹੀ ਭਗਵੇਂ ਝੰਡੇ ਚੁੱਕੀ ਫਿਰਦੇ ਹਨ, ਜਿਨ੍ਹਾਂ ਨੇ ਮੰਨੂਵਾਦੀਆਂ ਦੀ ਬਦੌਲਤ ਕੱਖਾਂ ਵਾਂਗ ਰੁਲਦਿਆਂ ਨੂੰ ਸਿਰਦਾਰੀਆਂ ਬਖ਼ਸ਼ ਕੇ ਪਾਤਸ਼ਾਹੀ ਛਤ੍ਰ ਝੂਲਾਏ ਨੇ ਉਨ੍ਹਾਂ ਦੇ ਸਿਰਾਂ `ਤੇ। ਸੰਸਾਰ ਭਰ ਵਿੱਚ ਬਖ਼ਸ਼ੀ ਹੈ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਸੰਗਤੀ ਸਮਾਨਤਾ ਗੁਰੂ ਦੇ ਸਤਿਸੰਗ ਵਿੱਚ, ਸੇਵਾ ਸਭਾਲ ਵਿੱਚ, ਲੰਗਰ ਦੀ ਪੰਗਤ ਵਿੱਚ ਅਤੇ ਇਸ਼ਨਾਨ ਵੇਲੇ ਬਉਲੀਆਂ ਤੇ ਸਰੋਵਰਾਂ ਵਿੱਚ; ਤਾਂ ਕਿ ਸਮਾਜ ਭਾਈਚਾਰੇ ਦੇ ਮਨਾਂ ਵਿੱਚੋਂ ਭਿੱਟੇ ਜਾਣ ਦਾ ਬਿਪਰੀ ਭਰਮ ਨਿਕਲ ਸਕੇ। ਇਹੀ ਹੈ ਮੁੱਖ ਮਨੋਰਥ, ਅੰਮ੍ਰਿਤ ਅਭਿਲਾਖੀਆਂ ਨੂੰ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਾਉਣ ਦਾ। ਤਾਂ ਕਿ ਖ਼ਾਲਸਾ ਪੰਥ ਦਾ ਅੰਗ ਬਣੇ ਲੋਕ ਬ੍ਰਾਹਮਣੀ ਸੁੱਚ-ਭਿੱਟ, ਛੂਤ-ਛਾਤ ਅਤੇ ਸਮਾਜਿਕ ਊਚ-ਨੀਚ ਦੇ ਵਹਿਮਾਂ ਤੇ ਵਿਤਕਰਿਆਂ ਤੋਂ ਮੁਕਤ ਹੋ ਕੇ ਵਰਤਣ। ਭਾਵੇਂ ਕਿ ਇਹ ਵੀ ਸੱਚ ਹੈ ਕਿ ਭਾਈ ਜੈਤਾ ਜੀ (ਜੀਵਨ ਸਿੰਘ), ਭਾਈ ਸੰਗਤ ਸਿੰਘ ਤੇ ਭਾਈ ਹਰਚੰਦ ਸਿੰਘ ਵਰਗੇ ਉਨ੍ਹਾਂ ਦੇ ਬੇਅੰਤ ਸੂਰਬੀਰ ਗੁਰਸਿੱਖ ਬਜ਼ੁਰਗਾਂ ਨੇ ਵੀ ਆਪਾ ਵਾਰਿਆ ਹੈ ਗੁਰੂ ਤੇ ਪੰਥ ਸ਼ਾਨ ਲਈ ਅਤੇ ਬਖ਼ਸ਼ਿਸ਼ਾਂ ਦੇ ਭੰਡਾਰ ਗੁਰੂ ਪਾਸੋਂ ਵਿਸ਼ੇਸ਼ ਖ਼ਿਤਾਬ ਪਾਏ ਹਨ ‘ਰੰਘਰੇਟੇ, ਗੁਰੂ ਕੇ ਬੇਟੇ` ਹੋਣ ਦੇ।

ਪਰ, ਹਿਰਦਾ ਦੁਖੀ ਹੁੰਦਾ ਹੈ ਉਸ ਵੇਲੇ ਜਦੋਂ ਮਨੂੰਵਾਦੀ ਚਾਣਕੀ ਰਾਜਨੀਤਕਾਂ ਦੇ ਟੇਟੇ ਚੜ੍ਹੇ ਕੁੱਝ ਲੋਕ ਖ਼ਿਆਲ ਨਹੀਂ ਰੱਖਦੇ ਗੁਰੂ ਦੀਆਂ ਉਪਰੋਕਤ ਬਖ਼ਸ਼ਿਸ਼ਾਂ ਤੇ ਖ਼ਾਲਸਾ ਪੰਥ ਦਾ ਵਿਸ਼ੇਸ਼ ਅੰਗ ਬਣੇ ਆ ਰਹੇ ਆਪਣੇ ਬਜ਼ੁਰਗਾਂ ਦੀਆਂ ਮਹਾਨ ਕੁਰਬਾਨੀਆਂ ਦਾ। ਉਨ੍ਹਾਂ ਨੂੰ ਦਰਸ਼ਨ ਨਹੀਂ ਹੁੰਦੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਿਆਈ ਤਖ਼ਤ `ਤੇ ਸ਼ੋਭਨੀਕ ਹੋ ਰਹੇ ਕਥਿਤ ਨੀਵੀਂਆਂ ਜਾਤਾਂ ਚੋਂ ਸ਼੍ਰੀ ਕਬੀਰ, ਸ਼੍ਰੀ ਨਾਮਦੇਵ, ਸ੍ਰੀ ਸੈਣ ਅਤੇ ਸ਼੍ਰੀ ਰਵਿਦਾਸ ਜੀ ਵਰਗੇ ੧੫ ਰੱਬੀ ਭਗਤਾਂ ਅਤੇ ਮਰਦਾਨਾ-ਵੰਸ਼ੀ ਰਬਾਬੀ ਕੀਰਤਨੀਏ ਭਾਈ ਸੱਤਾ ਤੇ ਬਲਵੰਡ ਜੀ ਦੇ। ਜਿਥੇ ਹੁਣ ਸਦਾ ਹੀ ਪ੍ਰਤੱਖ ਝੁੱਲਦਾ ਹੈ ਉਨ੍ਹਾਂ ਦੇ ਸੀਸ `ਤੇ ਪਾਤਸ਼ਾਹੀ ਚਵਰ ਅਤੇ ਸ਼ੋਭਨੀਕ ਰਹਿੰਦਾ ਹੈ ਉੱਪਰ ਚੰਦੋਆ ਤੇ ਸ਼ਾਹੀ ਛਤ੍ਰ। ਉਨ੍ਹਾਂ ਨੂੰ ਗੁਰੂ ਰੂਪ ਜਾਣ ਕੇ ਨਮਸ਼ਕਾਰਾਂ ਕਰ ਰਿਹਾ ਹੈ ਸਾਰਾ ਸਿੱਖ ਜਗਤ। ਸਿੱਖਾਂ ਦੇ ਕੇਂਦਰੀ ਗੁਰਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਵਧੇਰੇ ਗ੍ਰੰਥੀ, ਰਾਗੀ ਤੇ ਸੇਵਾਦਾਰ ਓਹੀ ਗੁਰਮੁਖ ਪਿਆਰੇ ਹਨ, ਜਿਨ੍ਹਾਂ ਦਾ ਪਿਛੋਕੜ ਜੁੜਿਆ ਹੋਇਆ ਹੈ ਉਪਰੋਕਤ ਭਗਤਾਂ ਦੇ ਵਾਰਸ ਅਖਵਾਉਂਦੇ ਗ਼ਰੀਬ ਪ੍ਰਵਾਰਾਂ ਨਾਲ। ਕਮਾਲ ਦੀ ਗੱਲ ਹੈ ਕਿ ਅਜਿਹੇ ਸਾਰੇ ਹਜ਼ੂਰੀ ਸਿੱਖ ਸੇਵਕਾਂ ਨੂੰ ਸਮੁੱਚਾ ਸਿੱਖ ਜਗਤ ਬਿਨਾਂ ਕਿਸੇ ਵਿਤਕਰੇ ਸਤਿਕਾਰ ਦੇ ਰਿਹਾ ਹੈ ਗੁਰੂ ਕੇ ਵਜ਼ੀਰ ਜਾਣਦਿਆਂ ਭਾਈ ਸਾਹਿਬ ਤੇ ਸਿੰਘ ਸਾਹਿਬ ਜੀ ਬੁਲਾ ਕੇ।

ਭਾਵੇਂ ਕਿ ਕੋਈ ਸਮਾਂ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਭਗਤਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਨੂੰ ਬੁਧੂ ਜੁਲਾਹੇ, ਚੰਡਾਲ ਚਮਾਰ, ਚੂੜ੍ਹੇ ਅਤੇ ਅੱਧੀ ਦਮੜੀ ਦਾ ਛੀਂਬੇ ਕਹਿ ਕੇ ਕੋਈ ਆਪਣੇ ਨੇੜੇ ਨਹੀ ਸੀ ਫਟਕਣ ਦਿੰਦਾ। ਡਰਦੇ ਸਨ ਉਨ੍ਹਾਂ ਦੇ ਪ੍ਰਸ਼ਾਵੇਂ ਦੀ ਭਿੱਟ ਤੋਂ। ਧੱਕੇ ਵੱਜਦੇ ਸਨ ਮੰਦਰਾਂ ਚੋਂ। ਭਿੱਟ ਤੋਂ ਭੈਭੀਤ ਹੋਏ ਖੂਹਾਂ ਚੋਂ ਪਾਣੀ ਨਹੀਂ ਸਨ ਭਰਨ ਦਿੰਦੇ। ਗੰਗਾ ਆਦਿਕ ਪਵਿਤ੍ਰ ਦਰਿਆਵਾਂ ਤੇ ਤੀਰਥ ਸਰੋਵਰਾਂ ਵਿੱਚ ਇਸ਼ਨਾਨ ਨਹੀਂ ਸਨ ਕਰਨ ਦਿੰਦੇ। ਕੁੱਤਿਆਂ ਦੇ ਮਾਸ ਤੋਂ ਬਗੈਰ ਹੋਰ ਕਿਸੇ ਜਾਨਵਰ ਨੂੰ ਮਾਰ ਕੇ ਖਾਣ ਨਹੀਂ ਸਨ ਦਿੰਦੇ।

ਗੁਰਦੁਆਰਿਆਂ ਨੂੰ ਛੱਡ ਕੇ ਭਾਰਤ ਦੇ ਮਨੂੰਵਾਦੀ ਮੰਦਰਾਂ, ਪੂਜਾਰੀਆਂ ਤੇ ਉਨ੍ਹਾਂ ਦੇ ਬਹੁਤ ਸ਼ਰਧਾਲੂਆਂ ਵਿੱਚ ਉਪਰੋਕਤ ਵਰਤਾਰਾ ਅੱਜ ਵੀ ਵੇਖਿਆ ਜਾ ਸਕਦਾ ਹੈ। ਕਿਉਂਕਿ, ਭਗਵਾਨ ਮੰਨੇ ਜਾਂਦੇ ਸ਼੍ਰੀ ਰਾਮਚੰਦਰ ਦੇ ਗੁਰੂ ਰਿਸ਼ੀ ਵਿਸ਼ਿਸ਼ਟ ਦੇ ਪੁੱਤਰ ਅਤੇ ਰਾਮਾਇਣ ਕਰਤਾ ਮਹਾਂਰਿਸ਼ੀ ਵਾਲਮੀਕ ਦੇ ਭਤੀਜੇ ਰਿਸ਼ੀ ਪ੍ਰਾਸ਼ਰ ਨੇ ਲਿਖੀ ਸੀ ‘ਪ੍ਰਾਸ਼ਰ ਸਿਮ੍ਰਤੀ`। ‘ਮਨੂੰ ਸਿਮ੍ਰਤੀ` ਵਾਂਗ ਇਹ ਵੀ ‘ਬਿਪਰੀ ਵਿਧਾਨ` (ਬ੍ਰਾਹਮਣੀ ਜੀਵਨ-ਜਾਚ) ਦਾ ਮੁੱਖ ਅੰਗ ਹੈ। ਇਹ ਸਿਮ੍ਰਤੀ ਪ੍ਰਚਾਰਦੀ ਹੈ ਕਿ ਜੇ ਕੋਈ ਚੰਡਾਲ ਨੂੰ ਵੇਖ ਲਵੇ ਤਾਂ ਉਹ ਸ਼ੁਧਤਾ ਲਈ ਤਤਕਾਲ ਦਰਸ਼ਨ ਕਰੇ ਸੂਰਜ ਭਗਵਾਨ ਦੇ। ਜੇ ਚੰਡਾਲ ਦਾ ਸਪਰਸ਼ ਹੋ ਜਾਵੇ ਤਾਂ ਉਹ ਵਸਤ੍ਰਾਂ ਸਮੇਤ ਸ਼ਨਾਨ ਕਰੇ। ਪੜ੍ਹ ਲਓ ਅਧਿਆਏ ਛੇਵੇਂ ਦਾ ੨੪ ਨੰਬਰ ਸ਼ਲੋਕ। ਬ੍ਰਾਹਮਣੀ ਵਿਧਾਨਕਾਰ ਮਨੂੰ ਜੀ ਦਾ ਆਦੇਸ਼ ਹੈ ਕਿ ਇਸਤ੍ਰੀ ਤੇ ਸ਼ੂਦਰ ਨੂੰ ਪ੍ਰਭੂ ਭਗਤੀ ਕਰਨ, ਵਿਦਿਆ ਪੜ੍ਹਣ ਤੇ ਬ੍ਰਹਮ ਬਾਣੀ ਸੁਣਨ ਤੇ ਯਾਦ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।

ਇਹੀ ਮਰਯਾਦਾ ਕਾਇਮ ਰੱਖਣ ਲਈ ਸ਼੍ਰੀ ਰਾਮ ਨੇ ਸ਼ਿਵਾਲਕ ਦੇ ਜੰਗਲ ਵਿੱਚੋਂ ਲੱਭ ਕੇ ਮਾਰਿਆ ਸੀ ਸ਼ੂਦਰ ਭਗਤ ਸ਼ੰਬੂਕ ਨੂੰ। ਇਸ ਕਰਕੇ ਹੀ ਉਸ ਨੂੰ ਮਰਯਾਦਾ-ਪ੍ਰਸ਼ੋਤਮ ਆਖਿਆ ਜਾਂਦਾ ਹੈ। ਮਰਯਾਦਾ-ਪ੍ਰਸ਼ੋਤਮ ਦਾ ਅਰਥ ਹੈ – ਮਰਯਾਦਾ ਕਾਇਮ ਰੱਖਣ ਵਾਲਾ ਸਭ ਤੋਂ ਉੱਤਮ ਪੁਰਸ਼। ਪਰ, ਅਫਸੋਸ ਹੁੰਦਾ ਹੈ ਆਪਣੇ ਉਨ੍ਹਾਂ ਦਲਿਤ ਵੀਰਾਂ ਭੈਣਾਂ ਦੇ ਵਿਹਾਰ `ਤੇ, ਜਿਨ੍ਹਾਂ ਨੂੰ ਬਿਪਰੀ ਢੋਲ-ਢਮੱਕੇ ਦੀ ਧਮਕ ਅਤੇ ਹੱਲੇ-ਗੁੱਲੇ ਵੇਲੇ ਗੁਰਦੁਆਰਾ ਸਾਹਿਬ ਚੋਂ ਸੁਣਾਈ ਨਹੀਂ ਦਿੰਦੀ ਬਾਬਾ ਨਾਮਦੇਵ ਜੀ ਦੀ ਉਹ ਦਰਦ ਭਰੀ ‘ਝੀਣੀ ਬਾਣਿ`; ਉਹ ਤਰਲੇ ਭਰਪੂਰ ਫਰਿਆਦੀ ਪੁਕਾਰ, ਜਿਸ ਰਾਹੀਂ ਉਹ ਬੱਚਿਆਂ ਵਾਂਗ ਡੁਸਕਦੇ ਹੋਏ ਆਖਦੇ ਹਨ:

ਆਲਾਵੰਤੀ ਇਹੁ ਭ੍ਰਮੁ ਜੋ ਹੈ: ਮੁਝ ਊਪਰਿ ਸਭ ਕੋਪਿਲਾ।।

ਸੂਦੁ ਸੂਦੁ ਕਰਿ ਮਾਰਿ ਉਠਾਇਓ; ਕਹਾ ਕਰਉ, ਬਾਪ ਬੀਠੁਲਾ! ।। {ਨਾਮਦੇਵ, ਗੁ. ਗ੍ਰੰ. -ਪੰ. ੧੨੯੨}

ਭਾਵਾਰਥ ਹੈ ਕਿ ਹੇ ਮੇਰੇ ਪ੍ਰਭੂ ਪਿਤਾ! ਮੰਦਰ ਦੇ ਪਾਂਡਿਆਂ ਨੂੰ ਇਹ ਭਰਮ ਹੈ ਕਿ ਉਹ ਸਾਰਿਆਂ ਨਾਲੋਂ ਆਲ੍ਹਾ ਹਨ। ਸਭ ਤੋਂ ਉੱਚੀ ਸਵਰਨ ਜਾਤੀ ਵਾਲੇ ਹੋਣ ਕਰਕੇ ਨੰਬਰ ਇੱਕ ਹਨ ਅਤੇ ਮੈਂ ਇੱਕ ਗ਼ਰੀਬ ਸ਼ੂਦਰ ਛੀਂਬਾ ਹਾਂ। ਇਸ ਕਰਕੇ ਮੈਨੂੰ ਮੰਦਰ ਵਿੱਚ ਬੈਠਾ ਵੇਖ ਕੇ ਉਹ ਸਾਰੇ ਮੇਰੇ ਉੱਤੇ ਕ੍ਰੋਧਿਤ ਹੋ ਗਏ ਹਨ। ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਮੰਦਰ ਚੋਂ ਉਠਾਲ ਕੇ ਬਾਹਰ ਕੱਢ ਦਿੱਤਾ ਹੈ। ਹੇ ਮੇਰੇ ਸਰਬ ਵਿਆਪਕ ਬੀਠੁਲ ਪਿਤਾ! ਦੱਸੋ ਹੁਣ ਮੈਂ ਕੀ ਕਰਾਂ? ਇਹਨਾਂ ਅੱਗੇ ਮੇਰੀ ਇਕੱਲੇ ਦੀ ਕੋਈ ਪੇਸ਼ ਨਹੀਂ ਜਾਂਦੀ।

ਕਿਸੇ ਹੱਦ ਤੱਕ ਇਸ ਸੱਚ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਲਿਤ ਭਾਈਚਾਰੇ ਦੇ ਉਪਰੋਕਤ ਦੁਖਦਾਈ ਵਰਤਾਰੇ ਪ੍ਰਤੀ ਕੇਵਲ ਉਹੀ ਦੋਸ਼ੀ ਨਹੀਂ, ਸਿੱਖ ਭਾਈਚਾਰਾ ਤੇ ਉਸ ਦੇ ਉਹ ਕਥਿਤ ਕੌਮੀ ਆਗੂ ਵੀ ਦੋਸ਼ੀ ਹਨ; ਜਿਹੜੇ ਰਾਜਸੀ ਸੱਤਾ ਦੇ ਬਲਬੋਤੇ ਗੁਰਦੁਆਰਿਆਂ ਦੇ ਕਈ ਦਾਹਕਿਆਂ ਤੋਂ ਮਾਲਕ ਬਣੇ ਬੈਠੇ ਹਨ। ਕਿਉਂਕਿ, ਧੜੇਬੰਦਕ ਵੋਟ ਨੀਤੀ ਤਹਿਤ ਗ਼ਰੀਬ ਦਲਿਤਾਂ ਨੂੰ ਭਰਮਾਉਣ ਲਈ ਤਾਂ ਭਾਵੇਂ ਉਹ ਦਿਖਾਵੇ ਭਰੇ ਕਈ ਕਿਸਮ ਦੇ ਯਤਨ ਕਰਦੇ ਰਹਿੰਦੇ ਹਨ। ਪ੍ਰੰਤੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗ਼ਰੀਬਾਂ ਨੂੰ ਰੂਹਾਨੀ ਤਖ਼ਤ ਤੇ ਸਮਾਨਤਾ ਪ੍ਰਦਾਨ ਕਰਨ ਵਾਲੀ ‘ਸਚ ਕੀ ਬਾਣੀ` ਸਮਝਾਉਣ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ। ਗੁਰਬਾਣੀ ਤੇ ਗੁਰਇਤਿਹਾਸ ਦੁਆਰਾ ਸਮੂਹ ਭਗਤਾਂ ਨਾਲ ਗੁਰਸਿੱਖੀ ਦੀ ਸਾਂਝ ਦਰਸਾਉਣ ਤੇ ਹੋਰ ਵਧਾਉਣ ਵਾਲੇ ਪਾਸੇ ਕੋਈ ਵਧੇਰੇ ਕਦਮ ਨਹੀਂ ਪੁੱਟੇ।

ਇਸ ਲਈ ਮੇਰਾ ਪੱਕਾ ਨਿਸ਼ਚਾ ਹੈ ਕਿ ਜੇ ਦਲਿਤ ਵੀਰਾਂ ਭੈਣਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਪ੍ਰਤੀ ਜਾਣੂ ਕਰਵਾਇਆ ਜਾਵੇ, ਤਾਂ ਉਹ ਬਿਪਰਾਂ ਦੇ ਪਿਛਲੱਗ ਬਣ ਕੇ ਗੁਰਸਿੱਖ ਭਰਾਵਾਂ ਦੇ ਵਿਰੋਧੀ ਟਾਕਰੇ ਵਿੱਚ ਕਦੇ ਵੀ ਖੜੇ ਨਾ ਹੋਣ। ਸਗੋਂ ਇਸ ਦੇ ਉੱਲਟ ਭਰਾਵਾਂ ਵਾਂਗ ਜੱਫੀਆਂ ਪਾ ਕੇ ਤੇ ਢੋਲਕੀਆਂ ਛੈਣੇ ਲੈ ਕੇ ਭਗਤ ਰਵਿਦਾਸ ਜੀ ਦੇ ਹੇਠ ਲਿਖੇ ਧੰਨਵਾਦੀ ਸ਼ਬਦ ਦੀਆਂ ਗਲ਼ੀ ਗਲ਼ੀ ਗੂੰਜਾ ਪਾ ਦੇਣ:

ਐਸੀ, ਲਾਲ! ਤੁਝ ਬਿਨੁ ਕਉਨੁ ਕਰੈ।।

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ।। ੧।। ਰਹਾਉ।।

ਕਿਉਂਕਿ, ਇਸ ਸ਼ਬਦ ਵਿੱਚ ਭਗਤ ਜੀ ਰੱਬੀ ਬਖ਼ਸ਼ਿਸ਼ਾਂ ਨੂੰ ਚਿਤਾਰਦੇ ਹੋਏ ਪੁਕਾਰਦੇ ਹਨ ਕਿ ਹੇ ਮੇਰੇ ਪਿਆਰ ਪ੍ਰਭੂ ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ ? ਅਤੇ ਫਿਰ ਸੰਸਾਰ ਦੇ ਲੋਕਾਂ ਨੂੰ ਹੋਕੇ ਦੇ ਰੂਪ ਵਿੱਚ ਸਮਝਾਉਂਦੇ ਹਨ ਕਿ ਭਰਾਵੋ! ਮੇਰਾ ਉਹ ਮਾਲਕ ਪ੍ਰਭੂ (ਗੁਸਈਆ) ਗ਼ਰੀਬ ਨਿਵਾਜ਼ ਹੈ। ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ। ਉਹ ਗ਼ਰੀਬਾਂ ਦੇ ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ। ਭਾਵ, ਗ਼ਰੀਬਾਂ ਨੂੰ ਰਾਜੇ ਵੀ ਬਣਾ ਦੇਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ `ਤੇ ਅਧਾਰਿਤ ਬਾਕੀ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ:

ਜਾ ਕੀ ਛੋਤਿ, ਜਗਤ ਕਉ ਲਾਗੈ; ਤਾ ਪਰ ਤੁਹਂØØੀ ਢਰੈ।।

ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ।। ੧।।

ਅਰਥ: (ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ !) ਤੂੰ ਹੀ ਕਿਰਪਾ ਕਰਦਾ ਹੈਂ । (ਹੇ ਭਾਈ !) ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ । ੧।

ਨਾਮਦੇਵ, ਕਬੀਰੁ, ਤਿਲੋਚਨੁ; ਸਧਨਾ, ਸੈਨੁ ਤਰੈ।।

ਕਹਿ ਰਵਿਦਾਸੁ, ਸੁਨਹੁ ਰੇ ਸੰਤਹੁ! ਹਰਿ ਜੀਉ ਤੇ ਸਭੈ ਸਰੈ।। ੨।। {ਗੁ. ਗ੍ਰੰ. -ਪੰ. ੧੧੦੬}

ਅਰਥ: (ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ । ਰਵਿਦਾਸ ਆਖਦਾ ਹੈ—ਹੇ ਸੰਤ ਜਨੋ ! ਸੁਣੋ, ਪ੍ਰਭੂ ਸਭ ਕੁੱਝ ਕਰਨ ਦੇ ਸਮਰੱਥ ਹੈ 

ਹੋਰ ਇੱਕ ਵੱਡਾ ਸੱਚ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਭਗਤ ਰਵਿਦਾਸ ਜੀ ਦਾ ਮਾਰੂ ਰਾਗ ਵਿੱਚ ਅੰਕਿਤ ਕੀਤਾ ਉਪਰੋਕਤ ਇੱਕੋ ਸ਼ਬਦ ਹੀ ਦਲਿਤ ਵਰਗ ਨੂੰ ਪਿਆਰ ਸਹਿਤ ਸਮਝਾ ਦਿੱਤਾ ਜਾਵੇ; ਤਾਂ ਉਨ੍ਹਾਂ ਨੂੰ ਗੁਰਸਿੱਖਾਂ ਵਿਰੁਧ ਭੜਕਾਉਣ ਵਾਲੇ ਮਨੂੰਵਾਦੀ ਬ੍ਰਾਹਮਣਾਂ ਲਈ ਮਾਰੂ ਹੋ ਨਿਬੜੇ। ਅਸਲ ਵਿੱਚ ਇਹੀ ਕੁੱਝ ਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਦਲਿਤ ਵਰਗ ਨੂੰ ਪੰਡੀਆ ਗੁਰਦੁਆਰਿਆਂ ਦੇ ਵਿਰੋਧ ਵਿੱਚ ਖੜ੍ਹਾ ਕਰ ਰਿਹਾ ਹੈ। ਕਿਉਂਕਿ, ਉਹ ਨਹੀਂ ਚਹੁੰਦਾ ਕਿ ਇਹ ਲੋਕ ਗੁਰਦੁਆਰਿਆਂ ਵਿੱਚ ਜਾਣ, ਗੁਰੂ ਦੀ ਸੰਗਤ ਕਰਨ ਲਈ ਗੁਰਬਾਣੀ ਗਾਉਣ, ਪੜ੍ਹਣ, ਸੁਣਨ ਤੇ ਸਮਝਣ। ਕਿਉਂਕਿ, ਖ਼ਤਰਾ ਹੈ ਕਿ ਜੇ ਗੁਰਬਾਣੀ ਤੇ ਗੁਰਇਤਿਹਾਸ ਸੁਣ ਕੇ ਉਨ੍ਹਾਂ ਅੰਦਰ ਸਿਰਦਾਰੀ ਤੇ ਪਾਤਸ਼ਾਹੀ ਦਾ ਅਹਿਸਾਸ ਜਾਗ ਪਿਆ ਤਾਂ ਉਨ੍ਹਾਂ ਫਿਰ ਸਾਡਾ ਗੰਦ ਨਹੀਂ ਸੁੱਟਣਾ। ਰਵਿਦਾਸੀਆਂ ਨੇ ਸਾਡੇ ਮਰੇ ਡੰਗਰ ਨਹੀਂ ਢੋਣੇ ਤੇ ਬਾਲਮੀਕੀਆਂ ਨੇ ਗਲੀਆਂ ਚੋਂ ਮਰੇ ਕੁੱਤੇ ਨਹੀਂ ਧੂਣੇ। ਇਸੇ ਲਈ ਤਾਂ ਮਨੂੰਵਾਦੀ ਬ੍ਰਾਹਮਣਾਂ ਨੇ ਸ਼ੂਦਰਾਂ ਲਈ ਵਿਦਿਆ ਦੇ ਦਰਵਾਜ਼ੇ ਹੀ ਬੰਦ ਕਰ ਰੱਖੇ ਸਨ।

ਅਜੋਕੇ ਦੌਰ ਵਿੱਚ ਭਾਜਪਾ ਦੀ ਰਾਜ-ਸੱਤਾ ਦੇ ਬਲਬੋਤੇ ਕੁੱਝ ਸਾਲਾਂ ਤੋਂ ਆਰ. ਐਸ. ਐਸ ਨੇ ‘ਰਾਸ਼ਟਰੀ ਸਿੱਖ ਸੰਗਤ` ਨਾਂ ਦੇ ਪਰਦੇ ਹੇਠ ਸੰਸਾਰ ਭਰ ਦੇ ਸਿੱਖਾਂ ਵਿੱਚ ਆਪਣੇ ਹਿੰਦੂਤਵੀ ਏਜੰਡੇ ਦਾ ਪ੍ਰਚਾਰ ਸ਼ੁਰੂ ਕੀਤਾ ਹੈ। ਭਾਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੈਸਲਾ ਦਿੱਤਾ ਜਾ ਚੁੱਕਾ ਹੈ ਕਿ ਇਹ ਸੰਸਥਾ ਸਿੱਖ ਵਿਰੋਧੀ ਹੈ ਤੇ ਇਸ ਦੀਆਂ ਗਤੀਵਿਧੀਆਂ ਵਿੱਚ ਭਾਈਵਾਲ ਨਾ ਹੋਇਆ ਜਾਵੇ। ਪਰ, ਫਿਰ ਵੀ ਰਾਜ-ਸੱਤਾ ਦੇ ਸਿੱਖ ਭਾਈਵਾਲਾਂ ਦੇ ਸਹਿਯੋਗ ਨਾਲ ਉਹ ਆਪਣੇ ਮਨਸੂਬਿਆਂ ਵਿੱਚ ਸਫਲ ਹੋ ਰਹੀ ਹੈ। ਬਾਲਮੀਕੀ ਭਾਈਚਾਰੇ ਨੂੰ ਆਪਣੇ ਹੱਕ ਵਿੱਚ ਭਗਤਾਉਣ ਲਈ ਉਸ ਨੇ ਰਿਸ਼ੀ ਵਾਲਮੀਕ (ਬਾਲਮੀਕ) ਦੇ ਨਾਮ ਨੂੰ ਹਥਿਆਰ ਵਜੋਂ ਵਰਤਿਆ ਹੈ। ਕਿਉਂਕਿ, ਪੰਜਾਬੀ ਦਾ ‘ਬਾਲਮੀਕ` ਤੇ ਸੰਸਕ੍ਰਿਤ ਦਾ ‘ਵਾਲਮੀਕ` ਨਾਂਵ ਆਪਸ ਵਿੱਚ ਇੱਕ ਦੂਜੇ ਨਾਲ ਰਲਗਢ ਹੋ ਜਾਂਦੇ ਹਨ। ਇਸ ਚਾਣਕੀ ਪ੍ਰਕਿਰਿਆ ਦੇ ਸਿੱਟੇ ਇਹ ਨਿਕਲੇ ਹਨ ਕਿ ਮਨੂੰਵਾਦ ਦੇ ਵਿਰੋਧੀ ਭਗਤ ਸੁਪਚ ਬਾਲਮੀਕ ਦੇ ਸ਼ਰਧਾਲੂ ਲੋਕ ਰਿਸ਼ੀ ‘ਵਾਲਮੀਕ` ਨੂੰ ਹੀ ਆਪਣਾ ਭਗਵਾਨ ਮੰਨ ਕੇ ਪੂਜਣ ਲੱਗ ਪਏ ਹਨ, ਜਿਹੜਾ ਇੱਕ ਕੱਟੜ ਮਨੂੰਵਾਦੀ ਬ੍ਰਾਹਮਣ ਹੈ। ਇਸ ਕਰਕੇ ਉਨ੍ਹਾਂ ਨੇ ਗ਼ਰੀਬ ਨਿਵਾਜ਼ੀ ਤੇ ਸਮਾਜਿਕ ਸਮਾਨਤਾ ਦੇ ਸੋਮੇ ਗੁਰਦੁਆਰਿਆਂ ਦੇ ਵਿਰੋਧ ਵਿੱਚ ਹੀ ਭੁਗਤਣਾ ਸ਼ੁਰੂ ਕਰ ਦਿੱਤਾ ਹੈ। ਇਹ ਰੂਝਾਨ ਪੰਜਾਬੀ ਭਾਈਚਾਰੇ ਤੇ ਸਿੱਖੀ ਲਈ ਅਤਿਅੰਤ ਖ਼ਤਰਨਾਕ ਹੈ।

ਇਸ ਦਾ ਪ੍ਰਤੱਖ ਪ੍ਰਮਾਣ ਹੈ ਅਕਤੂਬਰ ੨੦੧੬ ਦੀ ਪੰਜਾਬ ਦੇ ਇੱਕ ਪ੍ਰਸਿੱਧ ਨਗਰ ‘ਡੱਲਾ` (ਕਪੂਰਥਲਾ) ਦੇ ਇਤਿਹਾਸਕ ਗੁਰਦੁਆਰਾ ਬਉਲੀ ਸਾਹਿਬ ਵਿਖੇ ਵਾਪਰੀ ਸ਼ਰਮਨਾਕ ਤੇ ਭਿਆਨਕ ਘਟਨਾ, ਜਿਥੇ ਬਾਲਮੀਕੀ ਤੇ ਸਿੱਖ ਭਾਈਚਾਰੇ ਵਿਚਕਾਰ ਪੱਥਰਬਾਜ਼ੀ ਹੋਣ ਕਾਰਣ ਗੁਰਦੁਆਰੇ ਦੀ ਤੋੜ-ਭੰਨ ਵੀ ਹੋਈ ਤੇ ਗੋਲੀ ਵੀ ਚੱਲੀ। ਜਦ ਕਿ ਗੁਰੂ ਨਾਨਕ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਉਲੀ ਬਣਵਾਈ ਹੀ ਇਸ ਲਈ ਸੀ ਕਿ ਮੰਨੂਵਾਦੀ ਊਚ-ਨੀਚ ਤੇ ਛੂਤ-ਛਾਤ ਦਾ ਫ਼ਸਤਾ ਵੱਢਿਆ ਜਾ ਸਕੇ। ਇਹ ਪੱਖ ਵੀ ਚਿੱਟੇ ਦਿਨ ਵਾਂਗ ਪ੍ਰਗਟ ਹੋ ਚੁੱਕਾ ਹੈ ਕਿ ਇਸ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਰਾਜਨੀਤਕ ਚਉਧਰੀ ਸਨ। ਜੋ ਵੋਟਾਂ ਨੇੜੇ ਹੋਣ ਕਾਰਨ ਇੱਕ ਧਿਰ ਦੀ ਹਮਦਰਦੀ ਖੱਟਣਾ ਚਹੁੰਦੇ ਸਨ। ਸਿਆਣਿਆਂ ਦੀ ਕਹਾਵਤ ਹੈ ਕਿ ਰਾਜਿਆਂ ਦਾ ਕੋਈ ਗੁਰੂ-ਪੀਰ ਨਹੀਂ ਹੁੰਦਾ। ਕਿਉਂਕਿ, ਉਹ ਤਾਂ ਖ਼ੂਨ-ਖ਼ਰਾਬੇ ਵਿੱਚੋਂ ਵੀ ਆਪਣੀ ਕੁਰਸੀ ਲੱਭਦੇ ਹਨ। ਇਸ ਲਈ ਅਜਿਹੇ ਆਗੂਆਂ ਤੋਂ ਉਮੀਦ ਨਹੀਂ ਰੱਖਣੀ ਚਾਹੀਦਾ ਕਿ ਉਹ ਇਸ ਵਿਵਾਦ ਦੀ ਜੜ੍ਹ ਕੱਟਣ ਦਾ ਕੋਈ ਯਤਨ ਕਰਨਗੇ।

ਇਹ ਤਾਂ ਮਨੁੱਖਤਾ ਦੇ ਹਮਦਰਦ ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਦਾ ਹੀ ਧਰਮ ਹੈ ਕਿ ਉਹ ਇਸ ਕਲੇਸ਼ ਨੂੰ ਖ਼ਤਮ ਕਰਨ ਦੇ ਯੋਗ ਉਪਰਾਲੇ ਕਰਨ; ਤਾਂ ਕਿ ਭਾਈਚਾਰਕ ਸਾਂਝਾਂ ਦਾ ਹੋਰ ਨੁਕਸਾਨ ਨਾ ਹੋਵੇ। ਰੰਘਰੇਟੇ ਗੁਰੂ ਕੇ ਬੇਟੇ ਮੁੜ ਰਾਮ-ਭਗਤ ਵਾਲਮੀਕ ਦੇ ਲ਼ੇਲ਼ੇ ਬਣ ਕੇ ਬਿਪਰਾਂ ਦਾ ਹੱਥ-ਠੋਕਾ ਬਣਨ ਤੋਂ ਬਚ ਸਕਣ। ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਨੇ ੩੦੦ ਸਾਲ ਸਘੰਰਸ਼ ਕਰਕੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਸਵਰਨ ਜਾਤੀਆਂ ਦਾ ਗੰਦ ਚੁੱਕਣੋ ਬਚਾ ਕੇ ਸਿਰਦਾਰੀਆਂ ਤੇ ਪਾਤਸ਼ਾਹੀਆਂ ਬਖਸ਼ੀਆਂ ਹਨ। ਹੁਣ ਕੋਈ ਉਨ੍ਹਾਂ ਚੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਗ੍ਰੰਥੀ ਸਿੰਘ ਸਾਹਿਬ ਬਣ ਰਿਹਾ ਹੈ, ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸ਼੍ਰੋਮਣੀ ਜਥੇਦਾਰ, ਕੋਈ ਪਦਮ ਸ਼੍ਰੀ ਹਜ਼ੂਰੀ ਕੀਰਤਨੀਆ ਅਤੇ ਕੋਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿਤਸਰ ਦਾ ਪ੍ਰਧਾਨ। ਕੋਈ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਹੋਣ ਦਾ ਮਾਣ ਪਾ ਰਿਹਾ ਹੈ ਤੇ ਕੋਈ ਕੇਂਦਰੀ ਸਰਕਾਰ ਦਿੱਲੀ ਦਾ ਗ੍ਰਹਿ ਮੰਤਰੀ ਤੇ ਦੇਸ਼ ਦਾ ਰਾਸ਼ਟਰਪਤੀ। ਇਸ ਲਈ ਕੁੱਝ ਵੀ ਹੋਵੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਮਾਣ-ਮੱਤਾ ਐਲਾਨ, ਜੋ ‘ਸ੍ਰੀ ਗੁਰੂ ਪੰਥ ਪ੍ਰਕਾਸ਼` ਦੇ ਲਫ਼ਜ਼ਾਂ ਵਿੱਚ ਕੁੱਝ ਇਸ ਪ੍ਰਕਾਰ ਹੈ:

ਜਿਨ ਕੀ ਜਾਤ ਪਾਤ ਕੁਲ਼ ਮਾਹੀਂ। ਸਿਰਦਾਰੀ ਨਾ ਭਈ ਕਿਦਾਹੀਂ।

ਤਿਨਹੀ ਕੋ ਸਿਰਦਾਰ ਬਨਾਊਂ। ਤਬੀ ਗੋਬਿੰਦ ਸਿੰਘ ਨਾਮ ਕਹਾਉਂ।

 

ਕਿਉਂਕਿ, ਸਾਡੇ ਮੋਢੀ ਬਾਬੇ ਗੁਰੂ ਨਾਨਕ ਸਾਹਿਬ ਨੇ ਆਪਣੇ ਪ੍ਰੀਤਮ ਪ੍ਰਭੂ ਅਕਾਲਪੁਰਖ ਅੱਗੇ ਦੋਵੇਂ ਹੱਥ ਜੋੜ ਕੇਵਲ ਇਹੀ ਅਰਦਾਸ ਕੀਤੀ ਸੀ ਕਿ ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ। ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ। ਕਿਉਂਕਿ, ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉਥੇ ਹੀ ਪੈਂਦੀ ਹੈ, ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। {ਗੁ. ਗ੍ਰੰ. -ਪੰ. ੧੫}

ਇਸ ਲਈ ਪੰਜਾਬ ਵਿੱਚ ਬਾਬਰ ਕਿਆਂ ਦੀਆਂ ਬਾਲ਼ੀ ਹੋਈ ਫਿਰਕਾਪ੍ਰਸਤੀ ਦੀ ਅੱਗ ਦੇ ਭਾਂਬੜ ਬੁਝਣ ਜਾਂ ਨਾ; ਇਹ ਇੱਕ ਵੱਖਰੀ ਬਾਤ ਹੈ। ਪਰ, ਬਾਬੇ ਕਿਆਂ ਦਾ ਧਰਮ ਹੈ ਕਿ ਉਹ ਸ੍ਰੀ ਅਕਾਲਪੁਰਖ ਦੀ ਬਖ਼ਸ਼ੀ ਵਿੱਤ ਮੁਤਾਬਿਕ ਬਝਾਉਣ ਦਾ ਯਤਨ ਜ਼ਰੂਰ ਕਰਨ। ਕਿਸੇ ਅਜਿਹੇ ਉਪਕਾਰੀ ਉਪਰਾਲੇ ਦਾ ਹੀ ਇੱਕ ਅੰਗ ਸਮਝਿਆ ਜਾਣਾ ਚਾਹੀਦਾ ਹੈ ਹੱਥਲਾ ਲੇਖ। ਭਾਵੇਂ ਕਿ ਇਸ ਦੀ ਸਮਰਥਾ ਤਾਂ ਅੱਗ ਦੇ ਭਾਂਬੜਾਂ ਉੱਤੇ ਇੱਕ ਚਿੜੀ ਦੀ ਚੁੰਝ ਵਿੱਚ ਚੁੱਕੇ ਪਾਣੀ ਵਾਂਗ ਹੈ। ਪ੍ਰੰਤੂ, ਇਸੇ ਵਿੱਚ ਹੀ ਛੁਪੀ ਹੈ ਫਾਇਰ ਬ੍ਰਿਗੇਡ ਬਣਨ ਦੀ ਵੱਡੀ ਸੰਭਾਵਨਾ। ਕਿਉਂਕਿ, ਪਿਛਲੇ ਦਿਨੀਂ ਦਾਸ ਨੇ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ ਅਤੇ ਸ਼ੋਸ਼ਲ ਮੀਡੀਏ ਦੇ ਸੁਹਿਰਦ ਮਿਤ੍ਰਾਂ ਰਾਹੀਂ ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਜੀ ਸਬੰਧੀ ਤਿੰਨ ਅਤਿ ਸੰਖੇਪ ਪ੍ਰੈਸ-ਨੋਟ ਪ੍ਰਚਾਰੇ ਸਨ। ਜੋ ਨਤੀਜੇ ਨਿਕਲੇ ਹਨ, ਉਹ ਬੜੇ ਸਾਰਥਕ ਤੇ ਹੌਸਲਾ ਵਧਾਊ ਹਨ। ਇਸ ਲਈ ਕੁੱਝ ਸੁਹਿਰਦ ਤੇ ਵਿਦਵਾਨ ਮਿਤਰਾਂ ਦਾ ਜ਼ੋਰਦਾਰ ਸੁਝਾਅ ਸੀ ਕਿ ਅਜਿਹੀ ਸਾਰੀ ਜਾਣਕਾਰੀ ਵਿਸਥਾਰ ਪੂਰਵਕ ਲਿਖੀ ਜਾਵੇ। ਉਸ ਨੂੰ ਇੱਕ ਸੁੰਦਰ ਕਿਤਾਬਚੇ ਅਤੇ ਗੁਰਬਾਣੀ ਦੀ ਵਿਆਕ੍ਰਣਿਕ ਸੰਥਿਆ ਵਾਂਗ ਆਡੀਓ-ਵੀਡੀਓ ਰਾਹੀਂ ਵੀ ਪਾਠਕਾਂ ਤੇ ਸਰੋਤਿਆਂ ਨਾਲ ਸਾਂਝਾ ਕੀਤਾ ਜਾਵੇ।

ਇਸ ਲਈ ਨਿਊਯਾਰਕ ਬੈਠਿਆਂ ਜਿਨ੍ਹੀ ਕੁ ਮੌਖਿਕ ਤੇ ਲਿਖਤੀ ਸਮਗਰੀ ਉਪਲਬਧ ਹੋਈ ਹੈ, ਉਸ ਮੁਤਾਬਿਕ ਸਿੱਖ ਮਾਰਗ` ਦੇ ਸੂਝਵਾਨ ਤੇ ਵਿਦਵਾਨ ਪਾਠਕਾਂ ਦੀ ਭੇਟ ਕਰ ਰਿਹਾਂ ਹਾਂ ‘ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਦਾ ਬਹੁਪੱਖੀ ਅੰਤ੍ਰਿਕ ਵਿਸ਼ਲੇਸ਼ਨ`। ਬਿਨੈ ਪ੍ਰਵੇਸ਼ਕਾ ਤੋਂ ਇਲਾਵਾ ਲੇਖ ਦਾ ਪਹਿਲਾ ਭਾਗ ਹੈ ਪੌਰਾਣਿਕ ਦ੍ਰਿਸ਼ਟੀਕੋਨ, ਦੂਜਾ-ਗੁਰਬਾਣੀ ਦ੍ਰਿਸ਼ਟੀਕੋਨ, ਤੀਜਾ-ਭਾਈ ਗੁਰਦਾਸ ਦ੍ਰਿਸ਼ਟੀਕੋਨ, ਚੌਥਾ-ਅਕਾਦਮਿਕ ਦ੍ਰਿਸ਼ਟੀਕੋਨ ਅਤੇ ਪੰਜਵਾਂ ਹੈ ਸਾਰੰਸ਼ ਦ੍ਰਿਸ਼ਟੀਕੋਨ। ਪੂਰਨ ਉਮੀਦ ਹੈ ਕਿ ਪਿਆਰ ਭਰੀ ਅਸੀਸ ਬਖ਼ਸ਼ਦੇ ਹੋਏ ਆਪਣੇ ਉਸਾਰੂ ਸੁਝਾਅ, ਸੇਧਾਂ ਤੇ ਹੋਰ ਸਮਗਰੀ ਵੀ ਬਖ਼ਸ਼ੋਗੇ। ਤਾਂ ਕਿ ਇਸ ਲਿਖਤ ਨੂੰ ਸਾਜ ਸੰਵਾਰ ਕੇ ਸਿੱਖ ਸੰਗਤਾਂ ਤੇ ਹੋਰ ਗੁਰਮਤਿ ਪ੍ਰੇਮੀਆਂ ਨੂੰ ਗੁਰੂ ਕੇ ਲੰਗਰ ਵਾਂਗ ਵਰਤਾਇਆ ਜਾਵੇ। ਗੁਰੂ ਬਖ਼ਸ਼ਿਸ਼ ਦੇ ਪਾਤਰ ਬਣਨਗੇ ਉਹ ਸਾਰੇ ਸੱਜਣ, ਜਿਹੜੇ ਯੋਗਤਾ ਅਨੁਸਾਰ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਗੇ।

 

(ਪੌਰਾਣਿਕ ਦ੍ਰਿਸ਼ਟੀਕੋਨ-ਭਾਗ ਪਹਿਲਾ)

ਬਿਪਰਵਾਦੀ ਯੁਗਾਂ ਦੀ ਵੰਡ ਮੁਤਾਬਿਕ ਅਕਾਲਪੁਰਖ ਦੇ ਪੂਜਾਰੀ ਭਗਤ ਬਾਲਮੀਕ ਦਾ ਸਬੰਧ ਸਿੱਧ ਹੁੰਦਾ ਹੈ ਦੁਆਪਰ ਯੁਗ ਨਾਲ ਅਤੇ ਰਿਸ਼ੀ ਬਾਲਮੀਕ ਜੀ ਦਾ ਸਬੰਧ ਜੁੜਦਾ ਹੈ ਤ੍ਰੇਤੇ ਯੁਗ ਨਾਲ। ਕਿਉਂਕਿ, ਪੁਰਾਣਿਕ-ਮਤੀ ਪ੍ਰਚਾਰਕਾਂ ਵੱਲੋਂ ਦਵਾਰਕਾ ਪਤੀ ਮਹਾਰਾਜਾ ਸ੍ਰੀ ਕ੍ਰਿਸ਼ਨ ਨੂੰ ਦੁਆਪਰ ਦਾ ਅਤੇ ਅਯੁਧਿਆ ਪਤੀ ਮਹਾਰਾਜਾ ਸ਼੍ਰੀ ਰਾਮਚੰਦਰ ਨੂੰ ਤ੍ਰੇਤੇ ਦਾ ਅਵਤਾਰ ਥਾਪ ਕੇ ਭਗਵਾਨ ਬਣਾਈ ਰੱਖਣ ਲਈ ਜਿਹੜੀਆਂ ਪੁਰਾਣਿਕ ਕਥਾਵਾਂ ਘੜੀਆਂ ਗਈਆਂ ਹਨ; ਉਨ੍ਹਾਂ ਮੁਤਾਬਿਕ ਦਲਿਤ ਵਰਗ ਨਾਲ ਸਬੰਧਤ ਭਗਤ ਬਾਲਮੀਕ ਦਾ ਵਰਨਣ ਮਿਲਦਾ ਹੈ ਸ੍ਰੀ ਕ੍ਰਿਸ਼ਨ ਤੇ ਪਾਂਡਵਾਂ ਨਾਲ ਅਤੇ ਬ੍ਰਾਹਮਣ ਰਿਸ਼ੀ ਵਾਲਮੀਕ ਦਾ ਸ਼੍ਰੀ ਰਾਮ ਤੇ ਸੀਤਾ ਨਾਲ। ਪੁਰਾਣਿਕ ਮੱਤ ਅਨੁਸਾਰ ਇਹ ਦੋਵੇਂ ਮਿਥਿਹਾਸਕ ਹਸਤੀਆਂ ਵਿਸ਼ਨੂੰ ਭਗਵਾਨ ਦਾ ਅਵਤਾਰ ਮੰਨੇ ਜਾਂਦੇ ਹਨ। ਇਨ੍ਹਾਂ ਦੇ ਰਾਜੇ ਹੋਣ ਦੀ ਉਪਰੋਕਤ ਸੱਚਾਈ ਤੇ ਉਨ੍ਹਾਂ ਦੀ ਆਤਮਿਕ ਅਵਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇੰਞ ਪ੍ਰਗਟ ਕੀਤਾ ਹੈ:

ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ।।

ਤਿਨ ਭੀ ਅੰਤੁ ਨ ਪਾਇਆ ਤਾ ਕਾ; ਕਿਆ ਕਰਿ ਆਖਿ ਵੀਚਾਰੀ? ।। {ਪੰਨਾ ੪੨੩}

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਹੁੰਦੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ` ਵਿੱਚ ਗੁਰਬਾਣੀ ਦੇ ਉਪਰੋਕਤ ਹਵਾਲੇ ਸਬੰਧੀ ਹੇਠ ਲਿਖਿਆ ਖ਼ਾਸ ਫੁੱਟ-ਨੋਟ ਵੀ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦਾ ਹੈ। ਕਿਉਂਕਿ, ਉਸ ਵਿੱਚ ਅਰਥ ਤੇ ਭਾਵਾਰਥ ਬਹੁਤ ਹੀ ਸਰਲਤਾ ਤੇ ਸਪਸ਼ਟਤਾ ਸਹਿਤ ਪ੍ਰਗਟ ਕੀਤਾ ਗਿਆ ਹੈ:-

"ਕਈ ਸਮੇਂ-ਸਮੇਂ ਵੱਡੇ ਪੁਰਖ (ਰਾਜੇ ਵਿਅਕਤੀ) ਬਣਾਏ ਗਏ, ਜਿਨ੍ਹਾਂ ਨੂੰ ਲੋਕ ਅਵਤਾਰ ਕਰਕੇ ਬਿਆਨ ਕਰਦੇ ਹਨ; ਉਨ੍ਹਾਂ ਨੂੰ ਭੀ ਰੱਬ ਦਾ ਪਾਰਾਵਾਰ ਨਾ ਲੱਭਾ, ਵਿਚਾਰ ਕਰਕੇ ਕੀ ਆਖਾਂ? ਭਾਵ ਇਹ ਹੈ ਕਿ ਰਾਮ ਚੰਦਰ ਅਤੇ ਕ੍ਰਿਸਨ ਆਦਿ ਆਪਣੇ ਆਪਣੇ ਸਮੇਂ (ਜੁੱਗ) ਦੀਆਂ ਬਜ਼ੁਰਗ ਹਸਤੀਆਂ ਹੋਈਆਂ ਹਨ, ਭਾਵੇਂ ਲੋਕ ਉਨ੍ਹਾਂ ਨੂੰ ਰੱਬ ਦਾ ਅਵਤਾਰ ਮੰਨ ਕੇ ਗੁਣ ਗਾਉਂਦੇ ਹਨ। ਉਹ ਵਿਚਾਰੇ ਤਾਂ ਰੱਬ ਨੂੰ ਸਮਝ ਵੀ ਨਹੀਂ ਸਕੇ, ਰੱਬ ਕੀ ਹੋਣਾ ਸੀ?

ਰਾਮਾਇਣ ਦੇ ਰਚੇਤਾ ਰਿਸ਼ੀ ਵਾਲਮੀਕ ਜੀ ਪ੍ਰਤੀ ਤਾਂ ਕੋਈ ਭੇਲੇਖਾ ਨਹੀਂ ਕਿ ਉਹ ਮਹਾਂਰਿਸ਼ੀ ਕੱਸ਼ਪ ਦੇ ਪੋਤਰੇ, ਰਾਣੀ ਚਰਸ਼ਣੀ ਦੀ ਕੁੱਖੋਂ ਰਾਜਾ ਵਰੁਣ ਪ੍ਰਚੇਤਾ ਦੇ ਪੁਤਰ ਸਨ। ਡਾ. ਹਰੀ ਪ੍ਰਸਾਦ ਸ਼ਾਸ਼ਤਰੀ ਦੀ ਪੁਸਤਕ (The Ramayan of valmiki, volume 111 page 637) ਮੁਤਾਬਿਕ ਰਿਸ਼ੀ ਵਾਲਮੀਕ ਨੇ ਰਾਮਾਇਣ ਦੇ ਅੰਤ ਵਿੱਚ ਖ਼ੁਦ ਲਿਖਿਆ ਹੈ ਕਿ ਮੈਂ ਪ੍ਰਚੇਤਾ ਦਾ ਦਸਵਾਂ ਪੁਤਰ ਹਾਂ। ਡਾ. ਊਸ਼ਾ ਚੌਧਰੀ ਦੀ ਪੁਸਤਕ (Indra and Varuna in Indian myhthiogy) ਅਨੁਸਾਰ ਰਿਗ ਵੇਦ ਤੇ ਪੁਰਾਣਾਂ ਵਿੱਚ ਵੀ ਰਾਜਾ ਵਰੁਣ ਦੀ ਬਹੁਤ ਚਰਚਾ ਹੈ। ਲੋਕ ਉਸ ਨੂੰ ਭਗਵਾਨ ਮੰਨ ਕੇ ਪੂਜਦੇ ਸਨ। ਇਸ ਕਿਤਾਬ ਦੇ ਸਫਾ ੧੯੭ `ਤੇ ‘ਭਾਗਵਤ ਪੁਰਾਣ` ਸਕੰਧ ੬ ਅਧਿਆਏ ੧੮ ਦੇ ਸ਼ਲੋਕ ੪-੫ ਦਾ ਹਵਾਲਾ ਇੰਝ ਦਰਜ ਹੈ: –

ਚਰਸ਼ਣੀ ਵਰੂਨਸਾਯਾ ਯਾਸਾਯਾਮ ਜਾਤੋ ਭ੍ਰਿਗੁ ਪੁਨਾ।

ਵਾਲਮੀਕੀਸ਼ਚਾ ਮਹਾਂਯੋਗੀ ਵਾਲਮੀਕ ਯਾਬਾਵਤ ਕਿਲ੍ਵਾ,

ਅਗਸਤਯਾਸਚਾ, ਵਾਸ਼ਿਸ਼ਬਾਸਚਾ ਮਿਤਰਾਵਾਰਨੂਔਰਸ਼ੀ।

ਉਪਰੋਕਤ ਸ਼ਲੋਕ ਅਤੇ ਹੋਰ ਗ੍ਰੰਥਾਂ `ਤੇ ਜੋ ਸਿੱਟੇ ਨਿਕਲਦੇ ਹਨ, ਉਨ੍ਹਾਂ ਮੁਤਾਬਿਕ ਰਾਜਾ ਵਰੁਣ ਦੇ ਵੱਖ ਵੱਖ ਇਸਤ੍ਰੀਆਂ ਤੋਂ ਰਿਸ਼ੀ ਵਾਲਮੀਕ ਸਮੇਤ ਹੇਠ ਲਿਖੇ ਵੇਰਵੇ ਅਨੁਸਾਰ ੧੧ ਪੁੱਤਰ ਦੱਸੇ ਜਾਂਦੇ ਹਨ:-

  1. ਰਾਜਾ ਵਰੁਣ ਅਤੇ ਰਾਣੀ ਚਰਸ਼ਣੀ ਦੀ ਪਵਿੱਤਰ ਕੁੱਖ ਤੋਂ ‘ਭ੍ਰਿਗੂ ਮੁਨੀ` ਤੇ ਰਿਸ਼ੀ ਵਾਲਮੀਕ ਨੇ ਜਨਮ ਲਿਆ।
  2. ਰਾਜਾ ਮਿਤਰ-ਵਰੁਣ ਅਤੇ ਰਾਣੀ ਉਰਵਸ਼ੀ ਦੀ ਪਵਿੱਤਰ ਕੁੱਖ ਤੋਂ ਅਗਸਤ ਮੁਨੀ ਅਤੇ ਰਿਖੀ ਵਸ਼ਿਸ਼ਟ ਨੇ ਜਨਮ ਲਿਆ।
  3. ਇਸੇ ਤਰ੍ਹਾਂ ਭਾਗਵਤ ਪੁਰਾਣ, ਸਕੰਧ ੬ ਅਧਿਆਏ ੪ ਦੇ ਅਨੁਸਾਰ ਰਾਜਾ ਵਰੁਣ ਤੇ ਰਾਣੀ ਮਨਲੋਚਾ ਦੀ ਕੁੱਖੋਂ ‘ਦੱਖ ਪ੍ਰਜਾਪਤ` ਨੇ ਜਨਮ ਲਿਆ।
  4. ਮਹਾਂਭਾਰਤ, ਆਦਿ ਪਰਵ ਸਰਗ ੬੭ ਦੇ ਅਨੁਸਾਰ ਰਾਜਾ ਵਰੁਣ ਅਤੇ ਗੋਰੀ ਦੀ ਪਵਿੱਤਰ ਕੁੱਖੋਂ ਬੱਲ ਅਤੇ ਸੁਰਾ ਨੇ ਜਨਮ ਲਿਆ।
  5. ਬਾਲਕਾਂਡ ਸਰਗ ੧੭ ਵਾਲਮੀਕੀ ਰਾਮਾਇਣ ਮੁਤਾਬਿਕ ਸ਼ੁਸ਼ੈਨ ਮਹਾਰਾਜਾ ਵੀ ਵਰੁਣ ਦਾ ਪੁੱਤਰ ਹੈ।
  6. ਵਾਲਮੀਕੀ ਰਾਮਾਇਣ, ਉਤਰਾਕਾਂਡ ਸਰਗ ੨੩ ਦੇ ਅਨੁਸਾਰ ਪੁਸ਼ਕਰ ਤੇ ਹਸਤਾਮਲ ਵੀ ਮਹਾਰਾਜਾ ਵਰੁਣ ਦੇ ਪੁੱਤਰ ਸਿੱਧ ਹੁੰਦੇ ਹਨ।

ਢੂੰਘੀ ਖੋਜ ਕੀਤਿਆਂ ਹੋਰ ਵੀ ਬੱਚੇ ਸਾਹਮਣੇ ਆ ਸਕਦੇ ਹਨ। ਕਿਉਂਕਿ, ਪੁਰਾਣਿਕ ਸਾਖੀਆਂ ਮੁਤਾਬਿਕ ਕੁਦਰਤੀ ਢੰਗ ਨਾਲ ਤਾਂ ਮਾਂ ਦੀ ਕੁਖੋਂ ਕੋਈ ਵਿਰਲਾ ਹੀ ਜਨਮਿਆ ਹੈ। ਜਿਵੇਂ ‘ਹਿੰਦੂ ਮਹਾਂਕੋਸ਼` ਮੁਤਾਬਿਕ ਭਾਸਕਰ ਸ਼ਾਇਣ ਦਾ ਵਿਚਾਰ ਹੈ ਕਿ ਅਗਸਤ ਮੁਨੀ ਦਾ ਜਨਮ ਪਾਣੀ ਦੇ ਬਰਤਨ ਵਿੱਚੋਂ ਇੱਕ ਚਮਕਦੀ ਮੱਛੀ ਦੇ ਰੂਪ ਵਿੱਚ ਹੋਇਆ। ਕਿਉਂਕਿ, ਮੰਨਿਆ ਜਾਂਦਾ ਹੈ ਕਿ ਅਪਸ਼ਰਾ ਉਰਵਸ਼ੀ ਨੂੰ ਵੇਖ ਕੇ ਰਾਜਾ ਵਰੁਣ ਵੀਰਜ ਪਾਤ ਹੋ ਗਿਆ। ਨਾਰਦ ਮੁਨੀ ਨੇ ਫੁਰਤੀ ਨਾਲ ਆਪਣੇ ਪਾਣੀ ਵਾਲੇ ਕਰਮੰਡਲ ਵਿੱਚ ਲੈ ਕੇ ਪਾਣੀ ਦੇ ਘੜੇ ਵਿੱਚ ਪਾ ਦਿੱਤਾ। ਉਸ ਘੜੇ ਚੋਂ ਅਗਸਤ ਮੁਨੀ ਜੀ ਪ੍ਰਗਟ ਹੋਏ ਅਤੇ ਜਿਹੜਾ ਵੀਰਜ ਜ਼ਮੀਨ `ਤੇ ਰਹਿ ਗਿਆ ਰਿਹਾ, ਉਸ ਵਿੱਚੋਂ ਰਿਸ਼ੀ ਵਿਸ਼ਿਸ਼ਟ ਜੀ, ਜੋ ਮਹਾਰਾਜਾ ਦਸ਼ਰਥ ਦੇ ਰਾਜ ਗੁਰੂ ਬਣੇ। ਇਸੇ ਲਈ ਉਨ੍ਹਾਂ ਨੂੰ ਸ੍ਰੀ ਰਾਮਚੰਦਰ ਜੀ ਦਾ ਗੁਰੂ ਮੰਨਿਆ ਜਾਂਦਾ ਹੈ।

ਪੰਜਾਬੀ ਸਾਹਿਤ ਵਿੱਚ ‘ਬਚਿਤ੍ਰ ਨਾਟਕ` (ਕਥਿਤ ਦਸਮ ਗ੍ਰੰਥ) ਨਾਂ ਦੀ ਇੱਕ ਵੱਡ ਆਕਾਰੀ ਪੁਸਤਕ ਮਿਲਦੀ ਹੈ। ਮਿਥਿਹਾਸਕ ਜਾਣਕਾਰੀ ਭਰਪੂਰ ਇਹ ਕਿਤਾਬ ਕਲਪਨਿਕ ਕਾਵਿ-ਕਲਾ ਤੇ ਛੰਦਾਬੰਦੀ ਦਾ ਇੱਕ ਅਤਿ ਉੱਤਮ ਨਮੂੰਨਾ ਹੈ। ਇਸ ਦਾ ਤਿੰਨ ਚੌਥਾਈ ਹਿੱਸਾ ਪੌਰਾਣਿਕ ਕਥਾ ਕਹਾਣੀਆਂ ਦਾ ਗੁਰਮੁਖੀ ਲਿਪੀ ਵਿੱਚ ਬ੍ਰਿਜ ਭਾਸ਼ਾਈ ਕਾਵਿਕ ਅਨੁਵਾਦ ਹੈ। ਇਹ ਵੱਖ ਵੱਖ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਵਿੱਚ ਵਿਸ਼ਨੂ ਤੇ ਬ੍ਰਹਮਾ ਦੇ ੨੪ ਅਵਤਾਰਾਂ ਦੇ ਪ੍ਰਸੰਗਾਂ ਦਾ ਇੱਕ ਵੱਡਾ ਭਾਗ ਹੈ। ਸਿਰਲੇਖ ਹੈ `ਚਉਬੀਸ ਅਵਤਾਰ`, ਜਿਸ ਵਿੱਚ ‘ਬਾਲਮੀਕ ਅਵਤਾਰ` ਨਾਂ ਦਾ ਇੱਕ ਵਿਸ਼ੇਸ਼ ਪ੍ਰਸੰਗ ਹੈ। ਪਰ, ਉਸ ਤੋਂ ਪਹਿਲੇ ‘ਬ੍ਰਹਮਾ ਪ੍ਰਤੀ ਆਗਿਆ` ਦੇ ਸਿਰਲੇਖ ਹੇਠ ਇਉਂ ਲਿਖਿਆ ਹੈ ਕਿ ਭਗਵਾਨ ਵਿਸ਼ਨੂ ਦੇ ਆਗਿਆ ਵਾਕ ਚੇਤੇ ਕਰਕੇ ਭਗਵਾਨ ਬ੍ਰਹਮਾ ਨੇ ‘ਬਾਲਮੀਕ` ਦੇ ਰੂਪ ਵਿੱਚ ਅਵਤਾਰ ਧਾਰਿਆ। ਉਸ ਨੇ ਵਿਸ਼ਨੂੰ ਦੇ ਅਵਤਾਰ ਰਾਮਚੰਦਰ ਦੇ ਜੁੱਧਾਂ ਦਾ ਰਾਮਾਇਣ ਦੇ ਰੂਪ ਵਿੱਚ ਅਤਿ ਸੁੰਦਰ ਤੇ ਰੌਚਿਕ ਵਰਨਣ ਕੀਤਾ। ਕਾਵਿਕ ਪਦਾ ਹੈ:

ਚਿਤਾਰਿ ਬੈਣ ਵਾਕਿਸੰ, ਬਿਚਾਰਿ ਬਾਲਮੀਕ ਭਯੋ।।

ਜੁਝਾਰ (ਯੁੱਧ) ਰਾਮਚੰਦ੍ਰ ਕੋ, ਬਿਚਾਰ ਚਾਰੁ ਉਚਰ੍ਯੋ।।

ਚਉਬੀਸ ਅਵਤਾਰ` ਭਾਗ ਵਿੱਚ ਵਿਸ਼ਨੂੰ ਦੇ ਅਵਤਾਰਾਂ ਵਿੱਚ ਇੱਕ ਮੁੱਖ ਪ੍ਰਸੰਗ ਹੈ ‘ਰਾਮਵਤਾਰ` (ਰਾਮ ਅਵਤਾਰ)। ਕਿਉਂਕਿ, ਇਸ ਵਿੱਚ ਸਾਰੀ ‘ਰਾਮ ਲੀਲਾ` ਦਾ ਵਰਨਣ ਹੈ। ਇਸ ਲਈ ਸਾਰੇ ਪ੍ਰਸੰਗ ਦੇ ਅੰਤ ਵਿੱਚ ਲੇਖਕ ਕਵੀ ਨੇ ਜੋ ਸੂਚਨਾ ਦੇ ਰੂਪ ਜੋ ਅੰਤਕਾ ਲਿਖੀ ਹੈ, ਉਸ ਵਿੱਚ ‘ਰਾਮਵਤਾਰ` ਨੂੰ ‘ਰਾਮਾਇਣ` ਨਾਂ ਵੀ ਦਿੱਤਾ ਹੈ। ਜਿਵੇਂ - ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ।। ਇਸ ਰਾਮਾਇਣ ਦੇ ਅੰਤਲੇ ਭਾਗ ਨੂੰ ਸਨਾਤਨੀ ਸਿੱਖ ਸੰਪਰਦਾਵਾਂ ਨੇ ਨਿਜ ਮੱਤ ਅਨੁਸਾਰ ਨਿਤਨੇਮ ਦੇ ਪਾਠ ‘ਸੋ ਦਰੁ ਰਹਰਾਸਿ` ਦਾ ਭਾਗ ਵੀ ਬਣਾਇਆ ਹੋਇਆ ਹੈ। ਜਿਵੇਂ "ਦੋਹਰਾ।। ਰਾਮ ਕਥਾ ਜੁਗ ਜੁਗ ਅਟਲ………।। ੮੫੮।। " "ਸ੍ਵੈਯਾ।। ਪਾਂਇ ਗਹੇ ਜਬ ਤੇ ਤੁਮਰੇ ਤਬ ਤੇ……।। ੮੬੩।। " ਅਤੇ "ਦੋਹਰਾ।। ਸਗਲ ਦੁਆਰ ਕਉ ਛਾਡਿ ਕੈ………।। ੮੬੪।। " ਆਦਿਕ ਰਚਨਾਵਾਂ।

ਇਸ ਬਚਿਤ੍ਰ ਨਾਟਕੀ ਰਾਮਾਇਣ ਅਨੁਸਾਰ ਰਾਵਣ ਨੂੰ ਮਾਰਣ ਉਪਰੰਤ ਅਯੁਧਿਆ ਵਾਪਸੀ `ਤੇ ਜਦੋਂ ਸ਼੍ਰੀ ਰਾਮ ਨੇ ਰਾਜ-ਭਾਗ ਸੰਭਾਲਿਆ ਤਾਂ ਅਜਿਹੀ ਖੁਸ਼ਖ਼ਬਰੀ ਮਿਲਣ `ਤੇ ਅਸ਼ੀਰਵਾਦ ਦੇਣ ਲਈ ਵੱਡੇ ਵੱਡੇ ਬ੍ਰਾਹਮਣ ਰਿਸ਼ੀ ਮੁਨੀ ਆਏ। ਇਨ੍ਹਾਂ ਵਿੱਚ ਮਾਂ ਜਾਏ ਰਿਸ਼ੀ ਬਾਲਮੀਕ (ਵਾਲਮੀਕ) ਤੇ ‘ਭ੍ਰਿਗੂ` ਭਰਾਵਾਂ ਤੋਂ ਇਲਾਵਾ ਇਨ੍ਹਾਂ ਦੇ ਦੋ ਮਤ੍ਰੇਏ ਭਰਾ ‘ਅਗਸਤ` ਤੇ ‘ਵਿਸ਼ਿਸ਼ਟ` ਵੀ ਸ਼ਾਮਲ ਸਨ। ਲੇਖਕ ਕਵੀ ਹੇਠ ਲਿਖੇ ਤਿੰਨ ਪਦਿਆਂ ਵਿੱਚ ਇਨ੍ਹਾਂ ਰਿਸ਼ੀਆਂ ਦੇ ਆਗਮਨ, ਪੈਰੀਂ ਪੈਕੇ ਰਾਮ ਵਲੋਂ ਦਿੱਤੇ ਗਏ ਆਦਰ ਅਤੇ ਮਾਇਕ ਦੱਛਣਾ ਸਹਿਤ ਦਿੱਤੀ ਵਿਦਾਇਗੀ ਦਾ ਵਰਨਣ ਕੀਤਾ ਹੈ। ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਇਨ੍ਹਾਂ ਪਦਿਆਂ ਵਿੱਚ ੨ ਵਾਰ ਵਿਸ਼ੇਸ਼ਣ ‘ਬਿੱਪ` ਅਤੇ ੧ ਵਾਰ ‘ਬਿੱਪ੍ਰ` ਅੱਧਕ ਸਹਿਤ ਵਰਤੇ ਗਏ ਹਨ। ਇਸ ਵਰਤੋਂ ਦੁਆਰਾ ਭਾਸ਼ਾਈ ਦ੍ਰਿਸ਼ਟੀਕੋਨ ਤੋਂ ਦੋ ਨਿਰਣੈ ਹੁੰਦੇ ਹਨ। ਇੱਕ ਤਾਂ ਸਬੰਧਿਤ ਰਚਨਾਵਾਂ ਦੇ ਰਚਨਾ ਕਾਲ ਦੀ ਸੂਹ ਮਿਲਦੀ ਹੈ। ਕਿਉਂਕਿ, ਗੁਰਮੁਖੀ (ਪੰਜਾਬੀ) ਲਿੱਪੀ ਦੇ ਇਤਿਹਾਸ ਮੁਤਾਬਿਕ ਚੰਦਰਮਾ ਵਰਗਾ ਮਜੂਦਾ ਅੱਧਕ (ੱ) ਚਿੰਨ ੧੮੬੦ ਤੋਂ ਪਿੱਛੋਂ ਹੀ ਹੋਂਦ ਵਿੱਚ ਆਇਆ ਮੰਨਿਆ ਜਾਂਦਾ ਹੈ।

ਦੂਜਾ, ਇਸ ਸਿੱਧ ਹੁੰਦਾ ਹੈ ਕਿ ‘ਰਿਸ਼ੀ ਬਾਲਮੀਕ` (ਵਾਲਮੀਕ) ਸਮੇਤ ਪਹੁੰਚੇ ਸਾਰੇ ਰਿਸ਼ੀ ਮੁਨੀ ਬ੍ਰਾਹਮਣ ਸਨ। ਕਿਉਂਕਿ, ‘ਬਿੱਪ` ਤੇ ‘ਬਿੱਪ੍ਰ` ਲਫ਼ਜ਼ ਸੰਸਕ੍ਰਿਤਕ ਪਦ ‘ਵਿਪ੍ਰ` ਦੇ ਪ੍ਰਾਕ੍ਰਿਤਕ ਪੰਜਾਬੀ ਰੂਪ ਹਨ ਅਤੇ ਦੋਵੇਂ ਸਮਾਨਰਥਕ ਹਨ। ਇਨ੍ਹਾਂ ਪਦਾਂ ਦੇ ਸਾਰੇ ਕੋਸ਼ਾਂ ਵਿੱਚ ਅਰਥ ਹਨ - ‘ਰਿਖੀ ਮੁਨੀ` ਤੇ ‘ਬ੍ਰਾਹਮਣ`। ਵੈਦਿਕ ਦ੍ਰਿਸ਼ਟੀਕੋਨ ਤੋਂ ਜਿਵੇਂ ਸਾਰੇ ਪੁਰਸ਼ਾਂ ਵਿੱਚੋਂ ਸਰਵੋਤਮ ਬ੍ਰਾਹਮਣ ਮੰਨਿਆ ਜਾਂਦਾ ਹੈ, ਤਿਵੇਂ ਹੀ ਰੁੱਖਾਂ ਵਿੱਚੋ ‘ਪਿੱਪਲ`। ਇਸੇ ਲਈ ਪਿੱਪਲ ਨੂੰ ਵੀ ਸੰਸਕ੍ਰਿਤ ਵਿੱਚ ‘ਵਿਪ੍ਰ` ਹੀ ਸੱਦਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਅਕਾਦਮਿਕ ਦ੍ਰਿਸ਼ਟੀਕੋਨ ਤੋਂ ਮਨੂੰਵਾਦੀ ਬ੍ਰਾਹਮਣੀ ਮੱਤ ਨੂੰ ‘ਬਿਪਰਵਾਦ` ਨਾਂ ਮਿਲਿਆ ਹੈ। ਸਬੰਧਿਤ ਕਾਵਿਕ ਪਦੇ ਇਸ ਪ੍ਰਕਾਰ ਹਨ:-

ਸਭੈ ਬਿੱਪ ਆਗਸਤ ਤੇ ਆਦਿ ਲੈ ਕੈ।।

ਭ੍ਰਿਗੰ, ਅੰਗੁਰਾ, ਬਿਆਸ ਤੇ ਲੈ ਬਿਸਿਸਟੰ।।

ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅੱਤ੍ਰੰ।।

ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ।। ੬੯੬।।

ਜਭੈ ਰਾਮ ਦੇਖੈ ਸਭੈ ਬਿੱਪ ਆਏ।।

ਪਰਯੋ ਧਾਇ ਪਾਯੰ ਸੀਆ ਨਾਥ ਜਗਤੰ।।

ਦਯੋ ਆਸਨੰ ਅਰਘੁ ਪਾਦ ਰਘੁ ਤੇਣੰ।।

ਦਈ ਆਸਿਖੰ ਮੌਨਨੇਸੰ ਪ੍ਰਸਿੰਨਯੰ।। ੬੯੭।।

ਭਈ ਰਿਖ ਰਾਮੰ ਬਡੀ ਗਿਆਨ ਚਰਚਾ।।

ਕਹੋ ਸਰਬ ਜੌਪੈ ਬਢੈ ਏਕ ਗ੍ਰੰਥਾ।।

ਬਿਦਾ ਬਿੱਪ੍ਰ ਕੀਨੇ ਘਨੀ ਦੱਛਨਾ ਦੈ।।

ਚਲੇ ਦੇਸ ਦੇਸੰ ਮਹਾਂ ਚਿੱਤ ਹਰਖੰ।। ੬੯੮।।

 

ਸੋ ‘ਵਾਲਮੀਕੀ ਰਾਮਾਇਣ`, ‘ਤੁਲਸੀ ਰਾਮਇਣ`, ‘ਬਚਿਤ੍ਰ ਨਾਟਕੀ ਰਾਮਾਇਣ`, ‘ਭਾਗਵਤ ਪੁਰਾਣ` ਦੀ ਬੰਸਾਵਲੀ ਤੇ ਬ੍ਰਹਮਾ ਦੇ ਅਵਤਾਰ ਮੰਨੇ ਜਾਣ ਦਾ ਸਪਸ਼ਟ ਅਰਥ ਹੈ ਕਿ ਉਹ ਉੱਚਕੋਟੀ ਦੇ ਬ੍ਰਾਹਮਣ ਅਤੇ ਰਾਮ-ਭਗਤ ਹੋਣ ਤੋਂ ਇਲਾਵਾ ਇੱਕ ਰਾਜਕੁਮਾਰ ਵੀ ਸਨ। ਤੁਲਸੀ ਰਾਮਾਇਣ ਵਿੱਚ ਵੀ ਉਸ ਨੂੰ ਮਹਾਨ ਵਿਪਰ (ਬ੍ਰਾਹਮਣ) ਕਹਿ ਕੇ ਵਡਿਆਇਆ ਗਿਆ ਹੈ। ਪਿਯਸ੍ਵਿਨੀ (ਮੰਦਾਕਿਨੀ) ਨਦੀ ਦੇ ਕੰਢੇ ਚਿਤ੍ਰਕੂਟ (ਮਧਪ੍ਰਦੇਸ਼, ਜ਼ਿਲਾ ਬਾਂਦਾ) ਨਾਂ ਦੇ ਪਹਾੜ ਉੱਤੇ ਰਿਸ਼ੀ ਵਾਲਮੀਕ ਦਾ ਆਸ਼ਰਮ ਸੀ। ਇਸ ਰਿਸ਼ੀ ਆਸ਼ਰਮ ਦੇ ਨੇੜੇ ਹੀ ਕੁਟੀਆ ਬਣਾ ਕੇ ਗੁਜ਼ਾਰੇ ਸਨ ਦੇਸ਼ ਨਿਕਾਲੇ (ਬਨਵਾਸ) ਦੇ ਲਗਭਗ ਪਹਿਲੇ ੮ ਸਾਲ ਸ਼੍ਰੀ ਰਾਮ, ਲਛਮਣ ਤੇ ਸੀਤਾ ਜੀ ਨੇ। ਕਿਉਂਕਿ, ਸ੍ਰੀ ਰਾਮਚੰਦਰ ਜੀ ਦੇ ਗੁਰੂ ਰਿਸ਼ੀ ਵਿਸ਼ਿਸ਼ਟ ਜੀ, ਰਿਸ਼ੀ ਵਾਲਮੀਕ ਦਾ ਭਰਾ ਸੀ ਅਤੇ ਸੀਤਾ ਜੀ ਦੀ ਸਹੇਲੀ ਸੀ ਉਹਦੀ ਸੁਪਤਨੀ ‘ਅਰੁੰਧਤੀ`। {ਵੇਖੋ ਮਹਾਨਕੋਸ਼ ਦੀ ਮੱਦ ‘ਬਿਸਿਸਟ` ਜਾਂ ‘ਵਿਸਿਸਟ`।

ਇਹੀ ਕੁੱਝ ਵਿਸ਼ੇਸ਼ ਕਾਰਣ ਸਨ ਕਿ ਜਿਨ੍ਹਾਂ ਕਰਕੇ ਸ਼੍ਰੀ ਰਾਮਚੰਦਰ ਵੱਲੋਂ ਧੱਕੇ ਨਾਲ ਘਰੋਂ ਕੱਢੀ ਗਰਭਵਤੀ ਪਤਨੀ ਵਿਚਾਰੀ ਸੀਤਾ ਨੇ ਮੁੜ ਰਿਸ਼ੀ ਵਾਲਮੀਕ ਦੇ ਆਸ਼ਰਮ ਵਿੱਚ ਸ਼ਰਨ ਲਈ। (ਪੜ੍ਹੋ-ਵਾਲਮੀਕੀ ਰਾਮਾਇਣ ਕਾਂਡ ੭ ਅਧਿਆਇ ੬੬) ਕਿਉਂਕਿ, ਉਹ ਜਾਣਦੀ ਸੀ ਕਿ ਅਜਿਹੀ ਸਰੀਰਕ ਅਵਸਥਾ ਵਿੱਚ ਉਥੇ ਉਸ ਦੀ ਸੇਵਾ ਸੰਭਾਲ ਸਹੀ ਹੋ ਸਕਦੀ ਹੈ। ਪਤੀਬ੍ਰਤ ਔਰਤ ਹੋਣ ਨਾਤੇ ਉਸ ਨੂੰ ਭਰੋਸਾ ਸੀ ਕਿ ਇਥੇ ਉਸ ਦੀ ਇਜ਼ਤ ਪੱਤ ਵੀ ਬਣੀ ਰਹੇਗੀ। ਕਿਉਂਕਿ, ਪੇਕਿਆਂ ਤੇ ਸਹੁਰਿਆਂ ਦੀ ਉਸ ਮਰਯਾਦਾ ਦਾ ਪਾਲਣ ਵੀ ਹੁੰਦਾ ਰਹੇਗਾ; ਜਿਸ ਨੂੰ ਕਾਇਮ ਰੱਖਣ ਲਈ ਉਹਦੇ ਪਤੀ ਰਾਮ ਨੇ ਸ਼ੂਦਰ ਜਾਤੀ ਦੇ ਭਗਤ ਸ਼ੰਬੂਕ ਦਾ ਕਤਲ ਕੀਤਾ ਸੀ। ਭੁੱਲਣਾ ਨਹੀਂ ਚਾਹੀਦਾ ਹੈ ਕਿ ਇਸ ਕਤਲ ਦੇ ਇਨਾਮ ਵੱਜੋਂ ਹੀ ਬ੍ਰਾਹਮਣ ਗੁਰੂਆਂ ਨੇ ਸ੍ਰੀ ਰਾਮ ਨੂੰ ‘ਮਰਯਾਦਾ-ਪ੍ਰਸ਼ੋਤਮ` ਦਾ ਖਿਤਾਬ ਦਿੱਤਾ ਸੀ। ਮਰਯਾਦਾ ਪ੍ਰਸ਼ੋਤਮ ਦਾ ਅਰਥ ਹੈ-ਮੰਨੂਵਾਦੀ ਮਰਯਾਦਾ ਕਾਇਮ ਰੱਖਣ ਵਾਲਾ ਸਭ ਤੋਂ ਉੱਤਮ ਪੁਰਸ਼।

ਪਾਠਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਰਾਮ ਜੀ ਦੀ ਉਪਰੋਕਤ ਮਰਯਾਦਿਕ ਵਡਿਆਈ ਨੂੰ ਪਰਗਟਾਉਣ ਵਜੋਂ ਹੀ ਸੰਬੂਕ ਦੇ ਕਤਲ ਦਾ ਸੱਚ ਪ੍ਰਗਟ ਹੋਇਆ ਹੈ ਵਾਲਮੀਕੀ ਰਾਮਾਇਣ ਦੇ ਕਾਂਡ ੭ ਅਧਿਆਇ ੭੬ ਦੁਆਰਾ। ਤੁਲਸੀ ਵਰਗੇ ਬਾਕੀ ਦੇ ਚਲਾਕ ਕਵੀ ਇੱਸ ਪੱਖੋਂ ਦੜ ਵਟ ਗਏ ਹਨ। ਕਿਉਂਕਿ, ਅਜਿਹੇ ਵਿਹਾਰ ਦੁਆਰਾ ਇੱਕ ਤਾਂ ਸ਼੍ਰੀ ਰਾਮ ਨੂੰ ਭਗਵਾਨ ਸਿੱਧ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਦੂਜੇ, ਅਜੋਕੇ ਦੌਰ ਦੇ ਸ਼੍ਰੀ ਰਾਮ ਵਰਗੇ ਮਨੂੰਵਾਦੀ ਰਾਜਨੀਤਕ ਚਉਧਰੀਆਂ ਲਈ ਰਾਮ-ਰਾਜ ਵਰਤਾਉਣ ਦੇ ਨਾਰ੍ਹੇ ਲਾ ਕੇ ਦਲਿਤ ਵਰਗ ਨੂੰ ਭਰਮਾਉਣਾ ਅਤੇ ਆਪਣੇ ਰਾਜਸੀ ਹਿਤਾਂ ਲਈ ਵਰਤਣਾ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਣ ਹੈ ਕਿ ਰਾਮ ਲੀਲਾ ਦੀਆਂ ਫ਼ਿਲਮਾਂ ਬਨਾਉਣ ਲਈ ਵਧੇਰੇ ਆਧਾਰ ਤੁਲਸੀ ਰਾਮਇਣ ਨੂੰ ਹੀ ਬਣਾਇਆ ਜਾਂਦਾ ਹੈ; ਵਾਲਮੀਕੀ ਰਾਮਇਣ ਨੂੰ ਨਹੀਂ। ਭਾਵੇਂ ਕਿ ਉਹੀ ਇੱਕੋ ਇੱਕ ਲੇਖਕ ਕਵੀ ਹੈ, ਜੋ ਸ੍ਰੀ ਰਾਮ ਦਾ ਸਮਕਾਲੀ ਤੇ ਨਿਕਟਵਰਤੀ ਭਗਤ ਹੈ।

‘ਵਲਮੀਕੀ ਰਮਾਇਣ` ਦੇ ਕਾਂਡ ੭ ਅਧਿਆਇ ੬੬ ਤੋਂ ਇਹ ਪੱਖ ਵੀ ਭਲੀਭਾਂਤ ਉਜਾਗਰ ਹੁੰਦਾ ਹੈ ਕਿ ਸ੍ਰੀ ਰਾਮ ਦੀ ਸੁਪਤਨੀ ਸੀਤਾ ਨੇ ਰਿਸ਼ੀ ਵਾਲਮੀਕ ਦੇ ਆਸ਼ਰਮ ਵਿੱਚ ਹੀ ‘ਲਵ` ਤੇ ‘ਕੁਸ਼` ਨਾਂ ਦੇ ਜੁੜਵੇਂ ਪੁੱਤਾਂ ਨੂੰ ਜਨਮ ਦਿੱਤਾ। ਪਰ, ਕੁੱਝ ਰਾਮਾਇਣਾਂ ਦੇ ਲੇਖਕ ਐਸਾ ਵੀ ਲਿਖਦੇ ਹਨ ਕਿ ਸੀਤਾ ਜੀ ਨੇ ਪਹਿਲਾਂ ਪਤੀ ਸ਼੍ਰੀ ਰਾਮ ਦੀ ਅੰਸ਼ ‘ਲਵ` ਨੂੰ ਜਨਮ ਦਿੱਤਾ ਅਤੇ ਫਿਰ ਰਿਸ਼ੀ ਜੀ ਦੀ ਕਿਰਪਾ ਨਾਲ ਬੇਟਾ ‘ਕੁਸ਼` ਵੀ ਸੀਤਾ ਜੀ ਦੀ ਗੋਦ ਦਾ ਸ਼ਿੰਗਾਰ ਬਣਿਆ। ਜਿਵੇਂ ਕਿ ਬਚਿਤ੍ਰ ਨਾਟਕੀ ਰਾਮਾਇਣ (ਰਾਮਵਤਾਰ) ਦੇ ਅਧਿਆਇ ੨੪ ਵਿੱਚ ਵਰਨਣ ਹੈ ਕਿ ਇੱਕ ਦਿਨ ਇਸ਼ਨਾਨ ਕਰਨ ਗਈ ਸੀਆ ਮਾਤਾ (ਸੀਤਾ) ਬੱਚੇ ‘ਲਵ` ਨੂੰ ਵੀ ਨਾਲ ਹੀ ਕੁੱਛੜ ਲੈ ਗਈ। ਸੰਧਿਆ ਕਰਣ ਉਪਰੰਤ ਮੁਨੀ ਰਾਜ (ਮੋਨ ਰਾਜੰ) ਵਾਲਮੀਕ ਨੇ ‘ਲਵ` ਦਾ ਭੰਗੂੜਾ (ਸੁਪਾਲੰ) ਖਾਲੀ ਵੇਖ ਕੇ ਖ਼ਿਆਲ ਕੀਤਾ ਕਿ ਬੱਚੇ ਨੂੰ ਕੋਈ ਹਿੰਸਕ ਜਾਨਵਰ ਖਾ ਗਿਆ ਹੈ। ਇਸ ਲਈ ਉਸ ਨੇ ਕੁਸ਼ਾ (ਦੱਭ ਰੂਪ ਘਾਹ) ਹੱਥ ਲੈ ਕੇ ਆਪਣੀ ਸ਼ਕਤੀ ਨਾਲ ਲਵ ਵਰਗਾ ਇੱਕ ਹੋਰ ਬੱਚਾ ਬਣਾ ਦਿੱਤਾ; ਤਾਂ ਕਿ ਸੀਤਾ ਦੁਖੀ ਹੋ ਕੇ ਵਰਲਾਪ ਨਾ ਕਰੇ। ਹੇਠ ਲਿਖੇ ਸਬੰਧਤ ਪਦਿਆਂ ਵਿੱਚ ‘ਮੋਨ ਰਾਜੰ` (ਮੁਨੀ ਰਾਜ = ਮੁਨੀਆਂ ਦਾ ਰਾਜਾ, ਪ੍ਰਧਾਨ) ਸ਼ਬਦਾਵਲੀ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀ ਹੈ। ਕਾਵਿਕ ਪਦੇ ਇਸ ਪ੍ਰਕਾਰ ਹਨ:

ਭਯੋ ਏਕ ਪੁੱਤ੍ਰੰ, ਤਹਾਂ ਜਾਨਕੀ ਤੈ।।

ਮਨੋ ਰਾਮ ਕੀਨੋ ਦੁਤੀ, ਰਾਮ ਤੇ ਲੈ।। ੭੨੫।।

ਕੁਸਾ ਹਾਥ ਲੈ ਕੈ ਰਚਯੋ ਏਕ ਬਾਲੰ।।

ਤਿਸੀ ਰੂਪ ਰੰਗੰ ਅਨੂਪੰ ਉਤਾਲੰ।। ੭੨੭।।

ਫਿਰੀ ਨਾਇ ਸੀਤਾ, ਕਹਾ ਆਨ ਦੇਖਯੋ।।

ਉਹੀ ਰੂਪ ਬਾਲੰ, ਸੁਪਾਲੰ ਬਸੇਖਯੋ।।

ਕ੍ਰਿਪਾ ਮੋਨ ਰਾਜੰ, ਘਨੀ ਜਾਨ ਕੀਨੋ।।

ਦੁਤੀ ਪੁੱਤ੍ਰ ਤਾ ਤੇ, ਕ੍ਰਿਪਾ ਜਾਨ ਦੀਨੋ।। ੭੨੮।।

ਜੇ ਹੁਣ ਗੱਲ ਕਰੀਏ ਰੱਬੀ ਭਗਤ ਬਾਲਮੀਕ ਜੀ ਦੀ, ਤਾਂ ਮਹਾਂਰਿਸ਼ੀ ਤੇ ਰਾਜਕੁਮਾਰ ਵਾਲਮੀਕ ਵਾਂਗ ਭਗਤ ਬਾਲਮੀਕ ਜੀ ਦੀ ਕੋਈ ਬੰਸਾਵਲੀ ਨਹੀਂ ਮਿਲਦੀ। ਕਿਉਂਕਿ, ਉਸ ਗ਼ਰੀਬ ਦੀ ਜਨਮ ਕੁੰਡਲੀ ਕਿਸ ਨੇ ਲਿਖਣੀ ਸੀ? ਕਿਉਂਕਿ, ਪੌਰਾਣਿਕ ਹਵਾਲਿਆਂ ਮੁਤਾਬਿਕ ਇੱਕ ਤਾਂ ਉਹ ਕਥਿਤ ਨੀਵੀ ਜਾਤੀ ਦਾ ਅਤੇ ਦੂਜੇ, ਉਹ ਮਨੂੰਵਾਦੀ ਧਿੰਙਾਜ਼ੋਰੀ ਦਾ ਵਿਰੋਧੀ। ਮਨੂੰਵਾਦੀ ਬ੍ਰਾਹਮਣਾਂ ਨੇ ਤਾਂ ਸ਼ੂਦਰ ਮੰਨੀਆਂ ਅਜਿਹੀਆਂ ਜਾਤੀਆਂ ਲਈ ਉਸ ਵੇਲੇ ਵਿਦਿਆ ਦੇ ਦਰਵਾਜ਼ੇ ਵੀ ਬੰਦ ਕਰ ਰੱਖੇ ਸਨ ਅਤੇ ਅਜਿਹੀਆਂ ਰੋਕਾਂ ਤੋੜਣ ਵਾਲਿਆਂ ਲਈ ਕਰੜੀਆਂ ਸਜ਼ਾਵਾਂ ਦਾ ਪ੍ਰਾਵਧਾਨ ਵੀ ਬਣਾ ਛੱਡਿਆ ਸੀ। ਵਿਧਾਨਕ ਸਿਮ੍ਰਤੀ ਆਖਦੀ ਹੈ – "ਜੇ ਕੋਈ ਵੇਦ ਪਾਠ ਕਰਦਾ ਹੋਵੇ ਅਤੇ ਕੋਈ ਸ਼ੂਦਰ ਸੁਣ ਲਵੇ, ਤਾਂ ਉਹਦੇ ਕੰਨਾ ਵਿੱਚ ਗਰਮ ਗਰਮ ਪਿਘਿਲਿਆ ਸਿੱਕਾ ਤੇ ਲਾਖ ਪਾ ਦੇਣੀ ਚਾਹੀਏ। ਜੇ ਕੋਈ ਸ਼ੂਦਰ ਵੇਦ ਮੰਤ੍ਰ ਦਾ ਉਚਾਰਣ ਕਰੇ ਤਾਂ ਉਸ ਦੀ ਜੀਭ ਕਟਵਾ ਦੇਣੀ ਚਾਹੀਏ। ਜੇ ਕੋਈ ਸ਼ੂਦਰ ਵੇਦ ਮੰਤ੍ਰ ਯਾਦ ਕਰ ਲਵੇ ਤਾਂ ਉਸ ਦਾ ਸ਼ਰੀਰ ਚੀਰ ਦੇਣਾ ਚਾਹੀਏ।

ਵੈਦਿਕ ਤੇ ਪੌਰਾਣਿਕ ਸਾਹਿਤ ਵਿੱਚ ਮਹਾਂਭਾਰਤ `ਤੇ ਅਧਾਰਿਤ ਪਾਂਡਵਾਂ ਨਾਲ ਸਬੰਧਤ ਕੇਵਲ ਇੱਕੋ ਹੀ ਕਹਾਣੀ ਐਸੀ ਮਿਲਦੀ ਹੈ, ਜਿਸ ਵਿੱਚ ਭਗਤ ਬਾਲਮੀਕ ਦਾ ਜ਼ਿਕਰ ਹੈ। ਕਿਉਂਕਿ, ਬ੍ਰਾਹਮਣ ਗੁਰੂ ਦਿਲੋਂ ਨਹੀਂ ਸਨ ਚਹੁੰਦੇ ਕਿ ਕਥਿਤ ਨੀਵੀਆਂ ਜਾਤਾਂ ਵਿੱਚਲੇ ਵਿਚਾਰਧਾਰਕ ਵਿਰੋਧੀਆਂ ਨੂੰ ਪ੍ਰਚਾਰਿਆ ਤੇ ਉਭਾਰਿਆ ਜਾਵੇ। ਕੋਈ ਮੰਨੇ ਜਾਂ ਨਾ, ਪ੍ਰੰਤੂ ਇਹ ਸੋਲਾਂ ਆਨੇ ਸੱਚ ਹੈ ਕਿ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਗਤ ਬਾਣੀ ਇਕੱਤਰ ਨਾ ਕਰਦੇ ਤਾਂ ਸ੍ਰੀ ਕਬੀਰ ਆਦਿਕ ਭਗਤਾਂ ਦਾ ਨਾਂ ਕਿਤੇ ਭਾਲਿਆਂ ਵੀ ਨਹੀਂ ਸੀ ਲੱਭਣਾ। ਸ਼੍ਰੀ ਬਾਲਮੀਕ ਨਾਂ ਨਾਲ ਸਬੰਧਤ ਉਹ ਮਹਾਂਭਾਰਤੀ ਕਥਾ ਹੈ ਪਾਂਡਵਾਂ ਪਾਸੋਂ ਭਗਤ ਬਾਲਮੀਕ ਤੋਂ ਮੁਆਫ਼ੀ ਮੰਗਾਉਣ ਅਤੇ ਦਵਾਰਕਾ ਪਤੀ ਮਹਾਰਾਜਾ ਸ੍ਰੀ ਕ੍ਰਿਸ਼ਨ ਵੱਲੋਂ ਉਸ ਨੂੰ ਆਦਰ ਦਵਾਉਣ ਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰੂ ਗ੍ਰੰਥ ਵਿਸ਼ਵ-ਕੋਸ਼` ਮੁਤਾਬਿਕ ਕਥਾ ਦਾ ਸਾਰੰਸ਼ ਹੈ ਕਿ ਦੁਆਪਰ ਯੁਗ ਵਿੱਚ ਪਾਂਡਵਾਂ ਦੇ ਯੱਗ ਕਰਨ ਵੇਲੇ ਜਦੋਂ ਸਫਲ ਸਮਾਪਤੀ ਦੀ ਘੰਟੀ ਨਾ ਵੱਜੀ। ਤਾਂ ਯੁਧਿਸ਼ਟਰ ਵੱਲੋਂ ਦੂਰਦ੍ਰਿਸ਼ਟ ਸ਼੍ਰੀ ਕ੍ਰਿਸ਼ਨ ਨੂੰ ਪੱਛਣ `ਤੇ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਕਿਸੇ ਭਗਤ ਦਾ ਅਨਾਦਰ ਹੋਇਆ ਹੈ। ਕਾਰਣ ਲੱਭਾ ਕਿ ਸ਼੍ਰੀ ਬਾਲਮੀਕ ਨੂੰ ਨੀਚ ਅਛੂਤ ਸਮਝ ਕੇ ਯੱਗ ਵਿੱਚ ਨਹੀਂ ਸੀ ਬੁਲਾਇਆ ਗਿਆ। ਅਜਿਹੀ ਸੁਆਰਥੀ ਮਜਬੂਰੀ ਕਾਰਣ ਪਾਂਡਵਾਂ ਨੇ ਭਗਤ ਜੀ ਦੀ ਕੁਟੀਆ ਜਾ ਕੇ ਉਸ ਤੋਂ ਮੁਆਫ਼ੀ ਮੰਗੀ ਅਤੇ ਫਿਰ ਆਦਰ ਸਹਿਤ ਯੱਗ ਵਿੱਚ ਸ਼ਾਮਲ ਕੀਤਾ। ਫਲ ਸਰੂਪ ਯੱਗ ਸੰਪੂਰਣ ਹੋਇਆ।

ਇਸ ਵਿੱਚ ਮਹਾਰਾਜਾ ਸ੍ਰੀ ਕ੍ਰਿਸ਼ਨ ਦਾ ਰਾਜਨੀਤਕ ਸੁਆਰਥ ਕੀ ਸੀ? ਇਹ ਇੱਕ ਵੱਖਰਾ ਵਿਸ਼ਾ ਹੈ। ਭਾਵੇਂ ਕਿ ਮਨੂੰਵਾਦੀ ਬ੍ਰਾਹਮਣ ਵਰਗ ਨੇ ਉਪਰੋਕਤ ਕਿਸਮ ਦੀਆਂ ਘਟਨਾਵਾਂ ਨੂੰ ਗ਼ਰੀਬ ਨਿਵਾਜ਼ੀ ਦਾ ਰੱਬੀ ਬਿਰਦ ਦੱਸ ਕੇ ਉਸ ਨੂੰ ਭਗਵਾਨ ਸਿੱਧ ਕਰਨ ਦਾ ਯਤਨ ਕੀਤਾ ਹੈ। ਦਾਸੀ ਸੁੱਤ ਬਿਦਰ ਦੀ ਕਹਾਣੀ ਵੀ ਇਸੇ ਵਰਗ ਵਿੱਚ ਹੀ ਗਿਣੀ ਜਾਣੀ ਚਾਹੀਦੀ ਹੈ। ਪਰ, ਫਿਰ ਵੀ ਮਿਥਿਹਾਸਕ ਤੱਥਾਂ ਤੋਂ ਜਾਪਦਾ ਹੈ ਕਿ ਗੋਕਲ ਦੇ ਗ਼ਰੀਬ ਗੁਆਲਿਆਂ ਵਿੱਚ ਪਲਣ ਅਤੇ ਦੂਰ-ਦ੍ਰਿਸ਼ਟ ਨੀਤੀ-ਵੇਤਾ ਹੋਣ ਕਰਕੇ ਸ਼੍ਰੀ ਕ੍ਰਿਸ਼ਨ ਆਪਣੇ ਸਮਾਜਿਕ ਵਿਹਾਰ ਵਿੱਚ ਸ੍ਰੀ ਰਾਮ ਵਾਂਗ ਕੱਟੜ ਮਨੂੰਵਾਦੀ ਨਹੀਂ ਸਨ। ਸ੍ਰੀ ਰਾਮ ਦੇ ਵਿਹਾਰ ਵਿੱਚ ਮਨੂੰਵਾਦੀ ਕਟੜਤਾ ਦਾ ਮੁੱਖ ਕਾਰਣ ਹੈ ਉਸ ਦੇ ਗੁਰੂ ਵਿਸ਼ਿਸ਼ਟ ਦਾ ਪ੍ਰਭਾਵ, ਜਿਸ ਦਾ ਪੁੱਤ ਰਿਸ਼ੀ ਪ੍ਰਾਸ਼ਰ ‘ਮਨੂੰ ਸਿਮ੍ਰਤੀ` ਦੀ ਸਮਰਥਕ ਮੰਨੀ ਜਾਂਦੀ ‘ਪ੍ਰਾਸ਼ਰ ਸਿਮ੍ਰਤੀ`ਦਾ ਲੇਖਕ ਸੀ। ਜਿਹੜੀ ਆਖਦੀ ਹੈ ਕਿ ਜੇ ਕੋਈ ਚੰਡਾਲ ਨੂੰ ਵੇਖ ਲਵੇ ਤਾਂ ਉਹ ਸ਼ੁਧਤਾ ਲਈ ਤਤਕਾਲ ਦਰਸ਼ਨ ਕਰੇ ਸੂਰਜ ਭਗਵਾਨ ਦੇ। ਜੇ ਚੰਡਾਲ ਦਾ ਸਪਰਸ਼ ਹੋ ਜਾਵੇ ਤਾਂ ਉਹ ਵਸਤ੍ਰਾਂ ਸਮੇਤ ਸ਼ਨਾਨ ਕਰੇ। {ਵੇਖੋ ਅਧਿਆਇ ੬, ਸ਼ਲੋਕ ੨੪} ਅੰਦਾਜ਼ਾ ਲਗਾਓ ਜੇ ਪੁੱਤ ਦੀ ਵਿਚਾਰਧਾਰਾ ਐਸੀ ਨੀਚ ਹੈ ਤਾਂ ਪਿਉ ਦਾ ਕੀ ਹਾਲ ਹੋਏਗੇ? ਵਿਚਾਰਨਯੋਗ ਹੈ।

ਸੋ ਭਗਤ ਬਾਲਮੀਕ ਤੇ ਰਿਸ਼ੀ ਵਾਲਮੀਕ ਨਾਲ ਸਬੰਧਤ ਉਪਰੋਕਤ ਪੌਰਾਣਿਕ ਘਟਨਾਵਾਂ ਅਤੇ ਉਨ੍ਹਾਂ ਵਿੱਚਲੀ ਹਜ਼ਾਰਾਂ ਵਰ੍ਹਿਆਂ ਦੀ ਯੁਗਾਂਤ੍ਰੀ ਵਿੱਥ ਤੋਂ ਹੇਠ ਲਿਖੇ ਨਿਰਣੈ ਸੁਭਾਵਿਕ ਹੀ ਸਪਸ਼ਟ ਹੁੰਦੇ ਹਨ:

  1. ਦੋਵੇਂ ਵੱਖ ਵੱਖ ਵਿਅਕਤੀ ਸਨ। ਇੱਕ ਦੁਆਪਰ ਯੁਗੀ ਭਗਵਾਨ ਕਿਸ਼ਨ ਵੇਲੇ ਹੋਇਆ ਤੇ ਦੂਜਾ ਤ੍ਰੇਤਾ ਯੁੱਗੀ ਸ੍ਰੀ ਰਾਮ ਵੇਲੇ।
  2. ਰਿਸ਼ੀ ਵਾਲਮੀਕ ਇੱਕ ਰਾਜਕੁਮਾਰ, ਆਦਿ ਕਵੀ ਅਤੇ ਉੱਚ ਕੋਟੀ ਦੇ ਬ੍ਰਾਹਮਣ ਹੋਣ ਕਰਕੇ ‘ਮੁਨੀਰਾਜ` ਉਪਾਧੀ ਨਾਲ ਸਤਿਕਾਰੇ ਜਾਂਦੇ ਸਨ। ਇਸ ਹਕੀਕਤ ਦਾ ਪ੍ਰਮਾਣ ਹੈ ਰਿਗ-ਵੇਦ ਤੋਂ ਲੈ ਕੇ ਬਚਿਤ੍ਰ ਨਾਟਕੀ ਰਾਮਾਇਣ (ਰਾਮਵਤਾਰ) ਤਕ ਉਸ ਦੀ ਉਪਲਬਧ ਲੰਬੀ ਚੌੜੀ ਬੰਸਾਵਲੀ।
  3. ਰਿਸ਼ੀ ਵਾਲਮੀਕ ਪੱਕੇ ਰਾਮ ਭਗਤ ਸਨ। ਇਸ ਸਚਾਈ ਦੇ ਪ੍ਰਤੱਖ ਪ੍ਰਮਾਣ ਹਨ ਉਸ ਵੱਲੋਂ ਕੀਤੀ ਰਾਮਾਇਣ ਦੀ ਰਚਨਾ, ਬਨਵਾਸ ਵੇਲੇ ਸ੍ਰੀ ਰਾਮ ਸੀਤਾ ਤੇ ਲਛਮਣ ਨੂੰ ਦਿੱਤਾ ਸਹਾਰਾ ਅਤੇ ਫਿਰ ਗਰਭਵਤੀ ਸੀਤਾ ਨੂੰ ਆਪਣੇ ਆਸ਼ਰਮ ਰੱਖ ਕੇ ਉਸ ਦੇ ਬੱਚਿਆਂ (ਲਵ, ਕੁਛ) ਦੀ ਕੀਤੀ ਪਾਲਣਾ।
  4. ਭਗਤ ਬਾਲਮੀਕ ਜੀ ਬਿੱਪਰ ਦ੍ਰਿਸ਼ਟੀਕੋਨ ਤੋਂ ਕਿਸੇ ਕਥਿਤ ਨੀਵੀਂ ਜਾਤੀ ਦੇ ਸਨ। ਸ਼੍ਰੀ ਕਿਸ਼ਨ ਭਗਤ ਪਾਂਡਵਾਂ ਵੱਲੋਂ ਉਨ੍ਹਾਂ ਨੂੰ ਨੀਚ ਚੰਡਾਲ ਜਾਣ ਕੇ ਮਹਾਂ ਯੱਗ ਵਿੱਚ ਸ਼ਾਮਲ ਨਾ ਕਰਨਾ ਇਸ ਹਕੀਕਤ ਨੂੰ ਪ੍ਰਗਟਾਉਂਦਾ ਪ੍ਰਮਾਣ ਹੈ। ਭਾਵੇਂ ਕਿ ਹੋ ਸਕਦਾ ਹੈ ਇਹ ਕਹਾਣੀ ਵੀ ਭਗਤ ਜੀ ਨੂੰ ਨੀਚ ਜਾਤੀ ਦਾ ਪ੍ਰਚਾਰ ਕੇ ਉਸ ਦੇ ਸਮਾਜਿਕ ਪ੍ਰਭਾਵ ਨੂੰ ਘਟਾਉਣ ਜਾਂ ਸ਼੍ਰੀ ਕ੍ਰਿਸ਼ਨ ਦੀ ਗ਼ਰੀਬ ਨਿਵਾਜ਼ੀ ਪ੍ਰਗਟਾਅ ਕੇ ਉਸ ਨੂੰ ਭਗਵਾਨ ਦਰਸਾਉਣ ਲਈ ਲਿਖੀ ਹੋਵੇ। ਚੱਲਦਾ……

ਗੁਰੂ ਗ੍ਰੰਥ ਪੰਥ ਦਾ ਪੰਥੀ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ ੨ ਨਵੰਬਰ ੨੦੧੬
.