.

ਪੰਜਾਬੀ ਸਭਿਆਚਾਰ ਨੂੰ ਦਰਪੇਸ਼ ਚਣੌਤੀਆਂ

ਹਾਕਮ ਸਿੰਘ

ਪੰਜਾਬ ਦੇ ਖੇਤਰ ਨੂੰ ਪੁਰਾਤਣ ਸਮਿਆਂ ਵਿੱਚ ਭਾਵੇਂ ਸਪਤ ਸਿੰਧੂ ਵਜੋਂ ਜਾਣਿਆ ਜਾਂਦਾ ਹੋਵੇਗਾ ਪਰ ਪੰਜਾਬ ਦੇਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਚਾਰ ਦੀ ਉਪਜ ਹੈ। ਗੁਰਬਾਣੀ ਹੀ ਪੰਜਾਬੀ ਸਭਿਆਚਾਰ ਨੂੰ ਸਿੰਜਦੀ ਰਹੀ ਹੈ। ਵੈਸੇ ਪੰਜਾਬ ਦੀ ਧਰਤੀ ਤੇ ਹੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਸ਼੍ਰੀਮਦ ਭਗਵਤ ਗੀਤਾ ਦਾ ਉਪਦੇਸ਼ ਦਿੱਤਾ ਸੀ ਅਤੇ ਤਕਸ਼ਿਲਾ ਵਿੱਚ ਬੋਧੀਆਂ ਨੇ ਬੁੱਧ ਧਰਮ ਦਾ ਮਹਾਨ ਵਿਸ਼ਵ ਵਿਦਿਆਲਾ ਅਤੇ ਧਾਰਮਕ ਸਾਹਿਤ ਭੰਡਾਰ ਦੀ ਨੌਂ ਮੰਜ਼ਲੀ ਲਾਇਬ੍ਰੇਰੀ ਸਥਾਪਤ ਕੀਤੀ ਸੀ। ਇਸੇ ਖੇਤਰ ਨੂੰ ਸ਼ੇਖ ਫਰੀਦ ਦੇ ਸੂਫੀਆਨਾ ਕਲਾਮ ਨੇ ਸਰਸ਼ਾਰ ਕੀਤਾ ਸੀ। ਗੁਰੂ ਨਾਨਕ ਸਾਹਿਬ ਨੇ ਭਾਰਤ, ਲੰਕਾ, ਤਿਬੱਤ ਅਤੇ ਪੱਛਮੀ ਏਸ਼ੀਆ ਦੇ ਅਧਿਆਤਮਵਾਦੀਆਂ ਨਾਲ ਗੋਸ਼ਟੀਆਂ ਕੀਤੀਆਂ ਅਤੇ ਗੁਰਮਤ ਗਿਆਨ ਦੇ ਅਧਿਆਤਮ ਮਾਰਗ ਅਤੇ ਮਾਨਵਵਾਦੀ ਉਪਦੇਸ਼ ਦਾ ਪੂਰਬੀ ਪੰਜਾਬੀ, ਲਹਿੰਦੀ ਅਤੇ ਪੰਜਾਬੀ ਪ੍ਰਭਾਵਤ ਸਧੁਕੜੀ ਵਿੱਚ ਉਲੇਖ ਕੀਤਾ। ਗੁਰੂ ਨਾਨਕ ਦੇ ਉਤੱਰਾਅਧਿਕਾਰੀਆਂ ਨੇ ਪੰਜਾਬੀਆਂ ਨੂੰ ਗੁਰਮਤ ਵਿਚਾਰਧਾਰਾ ਦਾ ਵਾਰਸ ਬਣਾ ਕੇ ਨਵਾਂ ਪੰਜਾਬੀ ਸਭਿਆਚਾਰ ਸਿਰਜਿਆ ਜਿਸ ਨੂੰ ਸੂਫੀਆਨਾ ਰੰਗ ਵਿੱਚ ਰੰਗੇ ਅਨਗਿਣਤ ਕਿੱਸਾ ਕਵੀਆਂ ਨੇ ਇਸ਼ਕ ਹਕੀਕੀ ਅਤੇ ਇਸ਼ਕ ਮਿਜਾਜ਼ੀ ਦੇ ਸੁਮੇਲ ਨਾਲ ਅਨੋਖੀ ਰੰਗਣ ਚਾੜ੍ਹ ਕੇ ਰੱਬੀ ਅਤੇ ਸੰਸਾਰਕ ਪਿਆਰ ਨੂੰ ਪੰਜਾਬੀ ਸਭਿਆਚਾਰ ਦਾ ਅਮੀਰ ਵਿਰਸਾ ਬਣਾ ਦਿੱਤਾ। ਪਰ ਉਸੇ ਪਿਆਰ ਦੇ ਵਿਰਸੇ ਨੂੰ ਧਰਮਾਂ ਦੇ ਦਾਅਵੇਦਾਰ ਪੰਜਾਬ ਦੇ ਦੁਸ਼ਮਨਾਂ ਨੇ ਨਫਰਤ ਵਿੱਚ ਬਦਲ ਕੇ “ਜੁੜਵੇਂ ਦੋ ਭਰਾਵਾਂ ਵਰਗੇ ਦੋ ਦੇਸ਼ਾਂ ਦਾ ਭੇੜ” (ਜਤਿੰਦਰ ਪੰਨੂ) ਬਣਾ ਛੱਡਿਆ ਜੋ ਸੱਤ ਦਹਾਕੇ ਬੀਤਣ ਤੇ ਵੀ ਘਟਣ ਦਾ ਨਾਂ ਨਹੀਂ ਲੈ ਰਿਹਾ।
ਪੁਰਾਤਣ ਸਮਿਆਂ ਤੋਂ ਪੰਜਾਬ ਦਾ ਖੇਤਰ ਪੱਛਮ ਤੋਂ ਭਾਰਤ ਵਿੱਚ ਦਾਖਲ ਹੋਣ ਦਾ ਰਾਹ ਰਿਹਾ ਹੈ। ਪੋਰਸ ਨੇ ਸਿਕੰਦਰ ਨੂੰ ਇਸੇ ਰਾਹ ਤੇ ਰੋਕਿਆ ਸੀ। ਇਹ ਦਿੱਲੀ ਪਰ ਚੜ੍ਹਾਈ ਕਰਨ ਵਾਲੇ ਤੁਰਕੀ, ਇਰਾਨੀ, ਅਫਗਾਨੀ ਅਤੇ ਮੁਗਲ ਫੌਜੀਆਂ ਦਾ ਰਾਹ ਸੀ ਅਤੇ ਹਮਲਾਆਵਰ ਪਾਣੀਪਤ ਪੁਜਣ ਤੋਂ ਪਹਿਲੋਂ ਉਨ੍ਹਾਂ ਦੇ ਰਾਹ ਵਿੱਚ ਆਉਂਦੇ ਵਸਨੀਕਾਂ ਨਾਲ ਅਣਮਨੁੱਖਾ ਵਿਹਾਰ ਕਰਦੇ ਸਨ। ਜੰਗ ਅਕਸਰ ਪਾਣੀਪਤ ਦੇ ਮੈਦਾਨ ਵਿੱਚ ਲੜੀ ਜਾਂਦੀ ਸੀ। ਹਮਲਾਵਰਾਂ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਇਥੋਂ ਦੇ ਲੋਕਾਂ ਨੇ ਆਪਣੀ ਰਖਿਆ ਲਈ ਫੌਜਾਂ ਨੂੰ ਲੁਟਣ ਅਤੇ ਗੁਰੀਲਾ ਢੰਗ ਨਾਲ ਧੱਕੇਸ਼ਾਹੀ ਦੇ ਮੁਕਾਬਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਜਦੋਂ ਮੁਗਲ ਸਾਸ਼ਨ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਹੁਕਮ ਜਾਰੀ ਕੀਤੇ ਤਾਂ ਸਿੱਖਾਂ ਨੇ ਲੋਕਾਂ ਦੇ ਸਮਰਥਨ ਨਾਲ ਗੁਰੀਲਾ ਜੰਗ ਛੇੜ ਕੇ ਮੁਗਲ ਰਾਜ ਦੀਆਂ ਜੜਾਂ ਖੋਖਲੀਆਂ ਕਰ ਛੱਡੀਆਂ ਅਤੇ ਖੁਦਮੁਖਤਾਰ ਮਿਸਲਾਂ ਸਥਾਪਤ ਕਰ ਲਈਆਂ। ਸੁਕਰਚੱਕੀਆ ਮਿਸਲ ਦੇ ਰਣਜੀਤ ਸਿੰਘ ਨੇ ਦੂਜੀਆਂ ਮਿਸਲਾਂ ਨੂੰ ਅਧੀਨ ਕਰਕੇ ਪੰਜਾਬ ਤੇ ਆਪਣਾ ਇੱਕ ਪੁਰਖਾ ਰਾਜ ਸਥਾਪਤ ਕਰ ਲਿਆ। ਰਣਜੀਤ ਸਿੰਘ ਬਹਾਦਰ ਅਤੇ ਸੂਝਵਾਨ ਆਗੂ ਸੀ ਪਰ ਉਹ ਪੰਜਾਬ ਦੇ ਰਾਜ ਨੂੰ ਅਫਗਾਨਾਂ ਵਾਂਙੂ ਪੱਕਾ ਅਤੇ ਚਿਰ ਸਥਾਈ ਬਨਾਉਣ ਵਿੱਚ ਸਫਲ ਨਾ ਹੋ ਸਕਿਆ ਅਤੇ ਉਸ ਦੀ ਮੌਤ ਹੁੰਦੇ ਹੀ ਅੰਗ੍ਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ।
ਪੰਜਾਬ ਭਾਰਤ ਨਾਲੋਂ ਵਖਰੀ ਸੋਚ ਵਾਲਾ ਦੇਸ਼ ਸੀ। ਮਰਾਠੇ ਦਿੱਲੀ ਤੇ ਕਬਜ਼ਾ ਕਰਨ ਲਈ ਜ਼ੋਰ ਲਾਉਂਦੇ ਰਹੇ ਸਨ ਪਰ ਸਿੱਖ ਮਿਸਲਦਾਰਾਂ ਨੇ ਦਿੱਲੀ ਜਿੱਤ ਕੇ ਵੀ ਉਸ ਨੂੰ ਕੋਈ ਮਹਤੱਤਾ ਨਹੀਂ ਸੀ ਦਿੱਤੀ ਕਿਊਂਕੇ ਪੰਜਾਬੀਆਂ ਲਈ ਪੰਜਾਬ ਨਾਲੋਂ ਪਿਆਰਾ ਕੋਈ ਦੇਸ਼ ਨਹੀਂ ਸੀ ਅਤੇ ਦਿੱਲੀ ਵਿੱਚ ਉਨ੍ਹਾਂ ਨੂੰ ਪੰਜਾਬ ਵਾਲੀ ਖਿੱਚ ਨਜ਼ਰ ਨਹੀਂ ਸੀ ਆਈ। ਸ਼ਾਹ ਮੁਹੱਮਦ ਅਨੁਸਾਰ ਤੇ ਪੰਜਾਬ ਹਿੰਦ ਨਾਲੋਂ ਵੀ ਤਕੜਾ ਸੀ। ਉਸ ਦੀ ਵਾਰ ਗਵਾਹੀ ਭਰਦੀ ਹੈ: “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਪਾਤਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ। ਸੈਆਂ ਆਦਮੀ ਗੋਲੀਆਂ ਨਾਲ ਉਡੱਣ, ਹਾਥੀ ਢਾਹੁੰਦੇ ਸਣੇ ਅੰਬਾਰੀਆਂ ਨੀ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।”। ਸ਼ਾਹ ਮੁਹੱਮਦ ਉਸ ਸਮੇਂ ਦੇ ਪੰਜਾਬੀਆਂ ਦੀ ਸੋਚ ਨੂੰ ਸਾਖਿਆਤ ਕਰਦਾ ਹੈ।
ਅੰਗ੍ਰੇਜ਼ ਆਪਣੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਅਨੁਸਾਰ ਪੰਜਾਬ ਨੂੰ ਵੰਡ ਕੇ ਅਸਥਿਰ ਕਰਨਾ ਚਾਹੁੰਦੇ ਸਨ। ਪੰਜਾਬ ਵਿੱਚ ਮੁਸਲਮਾਨ, ਹਿੰਦੂ ਅਤੇ ਸਿੱਖ ਤਿੰਨੋ ਧਰਮਾਂ ਦੇ ਲੋਕ ਰਲ ਮਿਲ ਕੇ ਭਰਾਵਾਂ ਵਾਂਗ ਵਸਦੇ ਸਨ। ਅੰਗ੍ਰੇਜ਼ ਨੇ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਧਰਮਾਂ ਦੇ ਵਖਰੇਵਿਆਂ ਨੂੰ ਦੁਸ਼ਮਨੀਆਂ ਵਿੱਚ ਬਦਲਣ ਵਾਲੀਆਂ ਸ਼ਕਤੀਆਂ ਨੂੰ ਸ਼ੈਹ ਦੇਣੀ ਸ਼ੁਰੂ ਕਰ ਦਿੱਤੀ। ਫਿਰਕਾਪ੍ਰਸਤ ਮੁਸਲਮਾਨ ਆਗੂਆਂ ਨੇ ਮੁਸਲਮਾਨਾਂ ਨੂੰ ਪੰਜਾਬ ਅਤੇ ਪੰਜਾਬੀ ਨੂੰ ਵਿਸਾਰਣ ਅਤੇ ਹਿੰਦੋਸਤਾਨ ਦੇ ਬਾਦਸ਼ਾਹਾਂ ਅਤੇ ਉਰਦੂ ਤਹਿਜ਼ੀਬ ਦੇ ਵਾਰਸ ਹੋਣ ਦਾ ਭਰਮ ਪਾ ਕੇ ਭੜਕਾਉਣਾ ਸ਼ੁਰੂ ਕਰ ਦਿੱਤਾ। ਹਿੰਦੂਆਂ ਨੂੰ, ਗੁਜਰਾਤੀ ਦਯਾਨੰਦ ਨੇ, ਪੰਜਾਬ ਅਤੇ ਪੰਜਾਬੀ ਨੂੰ ਭੁਲਾ ਕੇ ਆਪਣੇ ਆਪ ਨੂੰ ਭਾਰਤ ਦੇ ਆਰੀਏ ਸ਼ਾਸਕ ਸਮਝਣ ਅਤੇ ਪੁਰਾਤਣ ਰੀਤੀ ਰਿਵਾਜਾਂ ਅਤੇ ਹਿੰਦੀ ਭਾਸ਼ਾ ਨੂੰ ਧਾਰਨ ਕਰਕੇ ਭਾਰਤ ਦੇ ਵਸਨੀਕਾਂ ਵਿੱਚ ਉੱਚੀ ਪਦਵੀ ਦੇ ਮਾਲਕ ਬਨਣ ਦਾ ਭਰਮ ਪਾ ਦਿੱਤਾ। ਸਿੱਖ ਗੁਰਬਾਣੀ ਦੇ ਅਧਿਆਤਮ, ਸਾਂਝੀਵਾਲਤਾ ਅਤੇ ਮਨੁੱਖਤਾਵਾਦੀ ਉਪਦੇਸ਼ ਨੂੰ ਭੁਲਾ ਕੇ ਗੁਰੂ ਸਾਹਿਬਾਨ ਵਲੋਂ ਵਰੋਸਾਏ ਪੰਜਾਬ ਦੀ ਏਕਤਾ ਕਾਇਮ ਰੱਖਣ ਦੀ ਥਾਂ ਇਸ ਦੇ ਟੁਕੜੇ ਟੁਕੜੇ ਕਰਨ ਨੂੰ ਸਿੱਖੀ ਲਈ ਕੁਰਬਾਨੀ ਸਮਝਣ ਲੱਗ ਪਏ।
ਅੰਗ੍ਰੇਜ਼ ਪੰਜਾਬੀ ਕੌਮ ਨੂੰ ਵੰਡਣ ਅਤੇ ਸਿੱਖ ਧਰਮ ਦੇ ਮਾਨਵਵਾਦੀ ਉਪਦੇਸ਼ ਨੂੰ ਰਲਗੱਡ ਕਰਨ ਪਰ ਤੁਲੇ ਹੋਏ ਸਨ ਅਤੇ ਗਾਂਧੀ, ਪੰਜਾਬੀਆਂ ਦੀ ਫੌਜੀ ਸ਼ਕਤੀ ਅਤੇ ਮਰਦਾਨਗੀ ਨੂੰ ਆਜ਼ਾਦ ਹਿੰਦੋਸਤਾਨ ਵਿੱਚ ਹਿੰਦੂਆਂ ਦੀ ਪਰਭੁਤਾ ਲਈ ਖਤਰਾ ਸਮਝ ਕੇ ਪੰਜਾਬ ਦੀ ਸ਼ਕਤੀ ਘਟਾਉਣ ਲਈ ਯਤਨਸ਼ੀਲ ਸੀ। ਮੁਹੱਮਦ ਅਲੀ ਜਿਨਾਹ ਦੀ ਪਾਕਿਸਤਾਨ ਦੀ ਮੰਗ ਤੇ ਅੰਗਰੇਜ਼ ਸਰਕਾਰ, ਕਾਂਗ੍ਰਸ ਅਤੇ ਮੁਸਲਿਮ ਲੀਗ ਨੇ ਪੰਜਾਬ ਨੂੰ ਮੁਸਲਿਮ ਬੁਹਗਿਣਤੀ ਅਤੇ ਹਿੰਦੂ-ਸਿੱਖ ਬੁਹਗਿਣਤੀ ਇਲਾਕਿਆਂ ਵਿੱਚ ਵੰਡਣ ਦਾ ਨਿਰਣਾ ਲੈ ਲਿਆ। ਅਕਾਲੀ ਦਲ ਨਾ ਤੇ ਪੰਜਾਬ ਦੀ ਵੰਡ ਦੀ ਵਿਰੋਧਤਾ ਕਰ ਸਕਿਆ ਅਤੇ ਨਾ ਹੀ ਸਿੱਖ ਬੁਹਗਿਣਤੀ ਵਾਲੇ ਮਾਲਵੇ ਵਿੱਚ ਸਿੱਖ ਰਾਜਿਆਂ ਦੇ ਰਾਜ ਤੇ ਆਧਾਰਤ ਸਿੱਖਾਂ ਲਈ ਖੁਦਮੁਖਤਾਰ ਰਾਜ ਕਾਇਮ ਕਰਨ ਦਾ ਪਰਸਤਾਵ ਰੱਖ ਸਕਿਆ। ਉਹ ਪੰਜਾਬ ਦੀ ਵੰਡ ਦੀ ਸਮਰਥਕ ਕਾਂਗ੍ਰਸ ਪਾਰਟੀ ਨਾਲ ਜਾ ਰਲਿਆ। ਪੰਜਾਬ ਨੂੰ ਵੰਡਣ ਦਾ ਫੈਸਲਾ ਠੀਕ ਨਹੀਂ ਸੀ ਪਰ ਕਿਊਂਕੇ ਕਟੜਪੰਥੀ ਮੁਸਲਮਾਨ ਆਗੂ ਮਾਰ ਧਾੜ ਕਰਨ ਲਈ ਤਿਆਰ ਬੈਠੇ ਸਨ, ਅਤੇ ਨਾਓਖਾਲੀ ਵਿੱਚ ਉਹ ਮਾਰ ਧਾੜ ਕਰ ਚੁੱਕੇ ਸਨ, ਸਭ ਧਿਰਾਂ ਪੰਜਾਬ ਦੀ ਵੰਡ ਲਈ ਰਜ਼ਾਮੰਦ ਹੋ ਗਈਆਂ। ਸਾਰੇ ਹੀ ਪੰਜਾਬ ਨੂੰ ਸ਼ਾਂਤੀ ਪੂਰਬਕ ਢੰਗ ਨਾਲ ਵੰਡਣ ਦੇ ਚਾਹਵਾਨ ਸਨ ਅਤੇ ਵੰਡ ਅਮਨ ਚੈਨ ਨਾਲ ਹੋ ਜਾਣੀ ਚਾਹੀਦੀ ਸੀ। ਗਾਂਧੀ ਅਤੇ ਕਾਂਗ੍ਰਸ ਨੂੰ ਪਤਾ ਸੀ ਕਿ ਜੇਕਰ ਪੰਜਾਬ ਅਤੇ ਬੰਗਾਲ ਵਿੱਚ ਆਮ ਲੋਕਾਂ ਦੀ ਰਖਿਆ ਦੇ ਉਚਿੱਤ ਪ੍ਰਬੰਧ ਨਾ ਹੋਏ ਤਾਂ ਹਿੰਦੋਸਤਾਨ ਦੀ ਵੰਡ ਸਮੇਂ ਪੰਜਾਬ ਵਿੱਚ ਵਸਦੇ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਅਤੇ ਬੰਗਾਲ ਵਿੱਚ ਵਸਦੇ ਹਿੰਦੂਆਂ ਦੇ ਜਾਨ ਮਾਲ ਨੂੰ ਭਾਰੀ ਖਤਰਾ ਹੋਵੇਗਾ। ਉਨ੍ਹਾਂ ਦੀ ਜ਼ਿਮੇਵਾਰੀ ਬਣਦੀ ਸੀ ਕਿ ਉਹ ਅੰਗ੍ਰੇਜ਼ ਸਰਕਾਰ ਤੋਂ ਪੰਜਾਬ ਅਤੇ ਬੰਗਾਲ ਵਿੱਚ ਸੁਰਖਿਆ ਦਾ ਪੂਰਾ ਪ੍ਰਬੰਧ ਕਰਨ ਦੀ ਮੰਗ ਕਰਦੇ। ਪਰ ਉਨ੍ਹਾਂ ਐਸਾ ਨਾ ਕੀਤਾ। ਗਾਂਧੀ ਅਤੇ ਕਾਂਗ੍ਰਸ ਦੀ ਇਸ ਉਕਾਈ ਪਿਛੇ ਪੰਜਾਬ ਨੂੰ ਕਮਜ਼ੋਰ ਕਰਨ ਅਤੇ ਬੰਗਾਲ ਨੂੰ ਸਬਕ ਸਿਖਾਉਣ ਦੇ ਸ਼ੰਕੇ ਹੋਣੇ ਸੁਭਾਵਕ ਹਨ ਕਿਊਂਕੇ ਅੰਗ੍ਰੇਜ਼ ਸਰਕਾਰ ਦੀ ਸ਼ਕਤੀਸ਼ਾਲੀ ਹਿੰਦੋਸਤਾਨੀ ਫੌਜ ਪੰਜਾਬ ਅਤੇ ਬੰਗਾਲ ਵਿੱਚ ਤਬਾਹਕੁਨ ਦੰਗੇ ਰੋਕਣ ਦੇ ਸਮਰਥ ਸੀ। ਕਾਂਗ੍ਰਸ ਪਾਰਟੀ ਪੰਜਾਬ ਅਤੇ ਬੰਗਾਲ ਦੇ ਲੋਕਾਂ ਦੀ ਮਾਰ ਧਾੜ ਰੁਕਵਾਉਣੀ ਦੀ ਥਾਂ ਲੋਕਾਂ ਦੀ ਦਰਦਨਾਕ ਤਬਾਹੀ ਅਤੇ ਉਜਾੜੇ ਨੂੰ ਆਜ਼ਾਦੀ ਦੇ ਜਸ਼ਨਾਂ ਵਿੱਚ ਹਮਦਰਦੀ ਦੇ ਭਾਸ਼ਣਾਂ ਨਾਲ ਰਲਗੱਡ ਕਰਕੇ ਆਇਆ ਗਿਆ ਕਰਨ ਵਿੱਚ ਲਗ ਪਈ। ਇਹੋ ਨਹੀਂ, ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨ ਵਿਰੁਧ ਪ੍ਰਚਾਰ ਪੱਛਮੀ ਪੰਜਾਬ ਵਿੱਚ ਵਸਦੇ ਹਿੰਦੂ ਸਿੱਖਾਂ ਦੀ ਤਬਾਹੀ ਦਾ ਕਾਰਨ ਬਣ ਸਕਦਾ ਹੈ, ਕਾਂਗ੍ਰਸ ਪਾਰਟੀ ਪੰਜਾਬ ਦਾ ਬਟਵਾਰਾ ਮੰਨ ਕੇ ਵੀ ਲੋਕਾਂ ਨੂੰ ਪਾਕਿਸਤਾਨ ਵਿਰੁਧ ਭੜਕਾਉਣੋਂ ਨਾ ਹਟੀ। ਨਾਗਪੁਰ ਵਿੱਚ ਬੈਠੇ ਆਰ. ਐਸ. ਐਸ ਦੇ ਆਗੂਆਂ ਨੇ ਅਖੰਡ ਭਾਰਤ ਦੀ ਰਟ ਲਾ ਕੇ ਬਲਦੀ ਤੇ ਤੇਲ ਪਾ ਦਿੱਤਾ। ਲਗਦਾ ਹੈ ਇਹ ਸਭ ਪੰਜਾਬ ਨੂੰ ਬਰਬਾਦ ਕਰਨ ਅਤੇ ਉਜਾੜਨ ਤੇ ਤੁਲੇ ਹੋਏ ਸਨ। ਕੋਈ ਵੀ ਪੰਜਾਬ ਦਾ ਹਿਤੈਸ਼ੀ ਬਰਬਾਦੀ ਰੋਕਣ ਲਈ ਅੱਗੇ ਨਾ ਆਇਆ। ਭਾਰਤ ਦੀ ਆਜ਼ਾਦੀ ਲਈ ਪੰਜਾਬ ਦੇ ਲੋਕਾਂ ਨੇ ਜੋ ਕੁਰਬਾਨੀਆਂ ਕੀਤੀਆਂ ਅਤੇ ਬਰਬਾਦੀ ਸਹੀ ਉਸ ਨੂੰ ਕਾਂਗ੍ਰਸੀ ਆਗੂਆਂ, ਕਾਂਗ੍ਰਸ ਪਾਰਟੀ ਅਤੇ ਭਾਰਤ ਦੇ ਦੂਜੇ ਸੂਬਿਆਂ ਨੇ ਕਦੇ ਵੀ ਮਾਨਤਾ ਨਹੀਂ ਦਿੱਤੀ। ਦਸ ਲੱਖ ਲੋਕ ਮਾਰੇ ਗਏ ਅਤੇ ਤਕਰੀਬਨ ਡੇਢ ਕਰੋੜ ਉਜੜ ਗਏ। ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬੀਆਂ ਨੇ ਖੁੱਦ ਵੀ ਉਸ ਕੈਹਰ ਨੂੰ ਇੰਜ ਭੁਲਾ ਦਿੱਤਾ ਹੈ ਜਿਵੇਂ ਉਹ ਕਦੀ ਵਾਪਰਿਆ ਹੀ ਨਾ ਹੋਵੇ। ਅਸਲ ਵਿੱਚ ੧੫ ਅਗਸਤ ਪੰਜਾਬੀਆਂ ਲਈ ਸ਼ੋਕ ਦਾ ਦਿਨ ਹੈ ਪਰ ਉਸ ਦਿਨ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕਰਨ ਸਮੇਂ ਕਿਸੇ ਨੂੰ ਖਿਆਲ ਵੀ ਨਹੀਂ ਆਉਂਦਾ ਕਿ ਅਗਸਤ ੧੯੪੭ ਵਿੱਚ ਉਨ੍ਹਾਂ ਦੇ ਵਡੇਰਿਆਂ ਨੂੰ ਕੈਸੀਆਂ ਅਕਿਹ ਮੁਸੀਬਤਾਂ ਝੱਲਣੀਆਂ ਪਈਆਂ ਸਨ। ਪੰਜਾਬੀਆਂ ਨੇ ਅਗਸਤ ੧੯੪੭ ਦੀ ਬਿਪਤਾ ਨੂੰ ਤੇ ਭੁਲਾਇਆ ਹੀ ਹੈ ਪਰ ਆਪਣੇ ਭਵਿਖ ਨੂੰ ਵੀ ਬੇਲਿਹਾਜ਼ੇ ਗੈਰਾਂ ਦੇ ਹਵਾਲੇ ਕਰ ਛੱਡਿਆ ਹੈ। ਅੱਜ ਦੋਨੋ ਪੰਜਾਬ ਬੇਵਸ ਨਜ਼ਰ ਆਉਂਦੇ ਹਨ। ਭਾਰਤੀ ਪੰਜਾਬ ਨਾਲ ਭਾਰਤ ਸਰਕਾਰ ਅਨਾਥਾਂ ਵਾਲਾ ਵਿਹਾਰ ਕਰਦੀ ਹੈ ਅਤੇ ਪਾਕਿਸਤਨੀ ਪੰਜਾਬ ਨੂੰ ਇਸਲਾਮਿਕ ਕਟੱੜਪੰਥੀਆਂ ਨੇ ਵਸ ਕੀਤਾ ਹੋਇਆ ਹੈ।
ਭਾਰਤ ਅਤੇ ਪਾਕਿਸਤਾਨ ਵਿੱਚ ਵਸਦੇ ਆਮ ਪੰਜਾਬੀ ਦੋਨੋ ਪੰਜਾਬਾਂ ਵਿੱਚ ਸੁਖਾਵੇਂ ਸਬੰਧ ਕਾਇਮ ਕਰਨ ਦੇ ਹੱਕ ਵਿੱਚ ਹਨ ਕਿਊਂਕੇ ਆਰਥਿਕ ਅਤੇ ਸਭਿਆਚਾਰਕ ਪੱਖੋਂ ਦੋਨੋ ਪੰਜਾਬਾਂ ਵਿੱਚ ਅਤੁੱਟ ਸਾਂਝ ਹੈ। ਆਪਸੀ ਮਿਲਵਰਤਣ ਨਾਲ ਹੀ ਪੰਜਾਬਾਂ ਦਾ ਭਵਿਖ ਉਜਲ ਹੋ ਸਕਦਾ ਹੈ। ਪਰ ਲੋਕ ਚਾਹੁੰਦੇ ਹੋਏ ਵੀ ਆਪਸੀ ਸਬੰਧਾਂ ਨੂੰ ਸਖਾਵੇਂ ਬਨਾਉਣੋਂ ਅਸਮਰਥ ਹਨ ਕਿਊਂਕੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੁਸ਼ਮਨੀ ਘਟਾਉਣ ਦੀ ਥਾਂ ਵਧਾਉਣ ਦੇ ਰਾਹ ਤੇ ਤੁਰੀਆਂ ਹੋਈਆਂ ਹਨ। ਕੇਵਲ ਸਾਹਿਤਕਾਰ ਹੀ ਪੰਜਾਬੀ ਏਕਤਾ ਅਤੇ ਸ਼ਾਂਤੀ ਦੀ ਗੱਲ ਕਰਦੇ ਹਨ। ਉਹ ਜਾਣਦੇ ਹਨ ਕਿ ਹਿੰਦ-ਪਾਕ ਜੰਗ ਪੰਜਾਬ ਨੂੰ ਤਬਾਹ ਕਰ ਦੇਵੇਗੀ ਜਿਸ ਦੀ ਭਾਰਤੀ ਗੈਰ-ਪੰਜਾਬੀ ਕੱਟੜਪੰਥੀਆਂ ਨੂੰ ਕੋਈ ਚਿੰਤਾ ਨਹੀਂ ਅਤੇ ਪਾਕਿਸਤਾਨੀ ਫਿਰਕਾਪਰੱਸਤਾਂ ਨੂੰ ਕੋਈ ਗਮ ਨਹੀਂ। ਸੂਝਵਾਨ ਕੌਮਾਂ ਅਤੀਤ ਦੀਆਂ ਮੁਸੀਬਤਾਂ ਭੁਲਾ ਕੇ ਭਵਿਖ ਦੀ ਚਿੰਤਾ ਕਰਦੀਆਂ ਹੁੰਦੀਆਂ ਹਨ ਪਰ ਅਜੋਕੇ ਪੰਜਾਬ ਵਿੱਚ ਕੌਮ ਪਰੱਸਤਾਂ ਦੀ ਘਾਟ ਨਜ਼ਰ ਆਉਂਦੀ ਹੈ।
ਕੁੱਝ ਸਿੱਖ ਜਥੇਬੰਦੀਆਂ ਧਰਮ ਨਿਰਪੱਖਤਾ ਦੇ ਵਿਰੁਧ ਪੰਜਾਬ ਵਿੱਚ ਖਾਲਿਸਤਾਨ ਜਾਂ ਸਿੱਖ ਖੁਦਮੁਖਤਾਰੀ ਦੀ ਮੰਗ ਕਰਕੇ ਤਨਾਓ ਵਧਾ ਰਹਿਈਆਂ ਹਨ। ਉਹ ਇਹ ਦਾਅਵਾ ਕਰਦੀਆਂ ਹਨ ਕਿ ਸਿੱਖ ਧਰਮ ਵਿੱਚ ਧਰਮ ਅਤੇ ਸਿਆਸਤ ਦਾ ਸੁਮੇਲ ਹੈ ਕਿਊਂਕੇ ਉਨ੍ਹਾਂ ਅਨੁਸਾਰ ਰਾਜ ਬਿਨਾ ਧਰਮ ਨਹੀਂ ਚਲ ਸਕਦਾ। ਸਿੱਖ ਧਰਮ ਦੇ ਅਨੁਯਾਈਆਂ ਨੂੰ ਰਾਜ ਅਤੇ ਧਰਮ ਦੇ ਸਬੰਧਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਸੀ ਪਰ ਉਹ ਗੁਰਮਤ ਵਿਰੋਧੀ ਵਿਚਾਰਧਾਰਾ ਦਾ ਸਹਾਰਾ ਲੈ ਰਹੇ ਹਨ। ਗੁਰਬਾਣੀ ਅਨੁਸਾਰ ਧਾਰਮਕ ਵਿਸ਼ਵਾਸ ਮਨੁੱਖੀ ਮਨ ਦਾ ਨਿੱਜੀ ਮਸਲਾ ਹੁੰਦਾ ਹੈ ਜਿਸ ਲਈ ਵਿਅਕਤੀ ਨੂੰ ਆਪਣੇ ਮਨ ਨੂੰ ਸਾਧਨ ਅਤੇ ਵਸ ਕਰਨ ਲਈ ਆਪ ਯਤਨ ਕਰਨ ਦੀ ਲੋੜ ਹੁੰਦੀ ਹੈ। ਰਾਜ ਸ਼ਕਤੀ ਮਨੁੱਖੀ ਮਨ ਨੂੰ ਸੁਧਾਰਨ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਦੀ ਉਹ ਤੇ ਕੇਵਲ ਸਰੀਰ ਨੂੰ ਕਸ਼ਟ ਜਾ ਸੁੱਖ ਦੇਣ ਦੇ ਯੋਗ ਹੁੰਦੀ ਹੈ ਅਤੇ ਸਰੀਰ ਵਿੱਚ ਮਨ ਨੂੰ ਪ੍ਰਭਾਵਤ ਕਰਨ ਦੀ ਯੋਗਤਾ ਨਹੀਂ ਹੁੰਦੀ ਕਿਊਂਕੇ ਸਰੀਰ ਮਨ ਦਾ ਗੁਲਾਮ ਹੁੰਦਾ ਹੈ। ਮਨ ਦੀ ਹਉਮੈ ਮਾਰਨ ਲਈ ਗੁਰਬਾਣੀ ਗੁਰੂ ਦੀ ਕਿਰਪਾ ਅਤੇ ਸ਼ਬਦ ਦੀ ਓਟ ਲੈਣ ਦੀ ਵਿਧੀ ਤਜਵੀਜ਼ ਕਰਦੀ ਹੈ, ਰਾਜ ਜਾਂ ਸਮਾਜ ਦੀ ਸਹਾਇਤਾ ਨਹੀਂ। ਰਾਜ ਦੇ ਮੰਤਵ ਬਾਰੇ ਤੇ ਗੁਰਬਾਣੀ ਦਾ ਕਥਨ ਹੈ: “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥” (ਪੰ: ੧੨੪੦)। ਗੁਰਬਾਣੀ ਅਨੁਸਾਰ ਧਾਰਮਕ ਕਿਰਿਆ ਵਿੱਚ ਰਾਜ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਸ ਲਈ ਖਾਲਿਸਤਾਨ ਜਾਂ ਖੁਦਮੁਖਤਾਰੀ ਦੀ ਮੰਗ ਦਾ ਗੁਰਬਾਣੀ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਇਸ ਨੂੰ ਸਿੱਖ ਧਰਮ ਦੀ ਮੰਗ ਆਖਣਾ ਉਚਿੱਤ ਨਹੀਂ ਹੈ। ਗੁਰਬਾਣੀ ਧਰਮ ਨਿਰਪੱਖ ਰਾਜ ਦੀ ਸਮਰਥਕ ਹੈ।
.