.

ਸਚ ਖੰਡਿ ਵਸੈ ਨਿਰੰਕਾਰੁ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 21)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 20 ਪੜੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਸਚ ਖੰਡਿ ਵਸੈ ਨਿਰੰਕਾਰੁ

(ਜਪੁ-੮)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤੀ ਗਈ ਬਾਣੀ ‘ਜਪੁ` (ਜਿਸ ਨੂੰ ਅਸੀਂ ਸਤਿਕਾਰ ਵਜੋਂ ਜਪੁਜੀ ਸਾਹਿਬ ਆਖਦੇ ਹਾਂ, ਇਹ ਬਾਣੀ ਸਿੱਖਾਂ ਲਈ ਨਿਤਨੇਮ ਵਜੋਂ ਪਹਿਲੀ ਬਾਣੀ ਹੈ, ਦੀ ਪਉੜੀ ਨੰ. 37 ਦੀ ਗਿਆਰਵੀਂ ਤੁਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 8 ਉਪਰ ਸੁਭਾਇਮਾਨ ਹੈ। ਇਹ ਪਾਵਨ ਤੁਕ ਅਕਸਰ ਹੀ ਲਗਭਗ ਸਾਰੇ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਣ ਅਸਥਾਨ (ਕਮਰੇ) ਦੇ ਬਾਹਰ ਲਿਖੀ ਮਿਲਦੀ ਹੈ ਅਤੇ ਇਸੇ ਤੁਕ ਦੀ ਵਰਤੋਂ ਕਾਰਣ ਅੱਜ ਸੁਖਆਸਣ ਅਸਥਾਨ ਦਾ ਨਾਮ ਹੀ ਸੱਚ ਖੰਡਿ ਪ੍ਰਚਲਿਤ ਹੋ ਗਿਆ ਹੈ।

ਇਸ ਗੁਰਬਾਣੀ ਫੁਰਮਾਣ ਦੀ ਆੜ ਅਤੇ ਪ੍ਰਚਲਿਤ ਵਰਤੋਂ ਦੀ ਟੇਕ ਲੈਂਦੇ ਹੋਏ ਬਿਨਾਂ ਸੋਚੇ-ਸਮਝੇ - ਵਿਚਾਰੇ ਸਿਧਾਂਤਕ ਉਲੰਘਣਾ ਕਰਦੇ ਹੋਏ ਕਈ ਡੇਰੇਦਾਰਾਂ, ਸੰਪਰਦਾਵਾਂ ਨੇ ਵੇਖਾ-ਵੇਖੀ, ਅੰਧ ਵਿਸ਼ਵਾਸ਼, ਅਗਿਆਨਤਾ ਵੱਸ ਕੋਈ ਦਰਗਾਹੀ ਨਕਸ਼ੇ ਦੇ ਨਾਮ ਹੇਠ ਮਨੁੱਖੀ ਨਿਰਮਿਤ ਸੱਚ ਖੰਡਿ ਉਸਾਰ ਕੇ ਬੈਠ ਗਿਆ ਹੈ। ਗਰਮੀ -ਸਰਦੀ ਦੇ ਪ੍ਰਭਾਵ ਅਧੀਨ ਸ਼ਬਦ ਗੁਰੂ ਲਈ ਏ. ਸੀ. , ਕੂਲਰ, ਹੀਟਰ, ਗਰਮ-ਸਰਦ ਰੁਮਾਲੇ ਆਦਿ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਕਈਆਂ ਨੇ ਤਾਂ ਬਿਲਕੁਲ ਹੱਦ ਬੰਨੇ ਟੱਪਦੇ ਹੋਏ ਆਪਣੇ ਠਾਠਾਂ ਅੰਦਰ (ਕਿਉਂਕਿ ਉਹ ਗੁਰਦੁਆਰਾ ਸ਼ਬਦ ਵਰਤਦੇ ਹੀ ਨਹੀਂ ਹਨ, ਪਤਾ ਨਹੀਂ ਕਿਉਂ? ਸਾਡੇ ਜਥੇਦਾਰ ਵੀ ਅੱਜ ਤੱਕ ਪੁੱਛਣ ਦੀ ਹਿੰਮਤ ਨਹੀਂ ਜੁਟਾ ਸਕੇ ਅਤੇ ਸ਼ਾਇਦ ਕਰ ਵੀ ਨਹੀਂ ਸਕਣਗੇ) ਭੋਰੇ ਨੂੰ ਸੱਚ ਖੰਡਿ ਦਾ ਨਾਮ ਦਿਤਾ ਹੋਇਆ ਹੈ। ਜਦੋਂ ਉਸ ਭੋਰੇ ਅੰਦਰ ਜਾ ਕੇ ਵੇਖੀਏ ਤਾਂ ਅੰਧ ਵਿਸ਼ਵਾਸ ਦੀ ਸ਼ਿਖਰ ਸਾਡੇ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਮਨੁੱਖੀ ਨਿਰਮਿਤ ਸੱਚ ਖੰਡਾਂ ਵਿੱਚ ਉਸ ਡੇਰੇ, ਸੰਪਰਦਾ ਦੇ ਵਡ-ਵਡੇਰੇ ਨਾਲ ਸਬੰਧਿਤ ਮੰਜਾ, ਬਿਸਤਰਾ, ਖੂੰਡੀ, ਖੜਾਵਾਂ, ਜੁਤੀਆਂ ਬਾਥ ਰੂਮ ਆਦਿ ਦੇਖਣ ਨੂੰ ਮਿਲਦੇ ਹਨ। ਇਹੋ ਜਿਹੇ ਇੱਕ ਅਸਥਾਨ ਉਪਰ ਵੱਖ-ਵੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 11 ਸਰੂਪ ਪ੍ਰਕਾਸ਼ ਕੀਤੇ ਮਿਲਦੇ ਹਨ, ਜਦੋਂ ਕਿ ਸਿੱਖੀ ਸਿਧਾਂਤਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1 ਸਰੂਪ ਹੀ ਪ੍ਰਕਾਸ਼ ਕਰਨ ਨਾਲ 10 ਗੁਰੂ ਸਾਹਿਬਾਨ ਦੀ ਜੋਤ ਦਾ ਪ੍ਰਕਾਸ਼ ਮੰਨਿਆ ਜਾਂਦਾ ਹੈ।

ਬਹੁਤ ਸਾਰੀਆਂ ਭੋਲੀਆਂ -ਭਾਲੀਆਂ ਸੰਗਤਾਂ ‘ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ` (੨੭) ਦੇ ਗੁਰਬਾਣੀ ਫੁਰਮਾਣ ਅਨੁਸਾਰ ਸਪਸ਼ਟ ਤੌਰ ਤੇ ਮਨਮੁੱਖਤਾ ਦਾ ਸਬੂਤ ਦਿੰਦੀਆਂ ਹੋਈਆਂ ਮੱਥੇ ਟੇਕ ਰਹੀਆਂ ਦਿਖਾਈ ਦਿੰਦੀਆਂ ਹਨ। ਅਗਿਆਨੀ ਸ਼ਰਧਾਲੂਆਂ ਦੇ ਬੌਧਿਕ ਪੱਧਰ ਨੂੰ ਇਸ ਪੱਖ ਤੋਂ ਸਮਝਿਆ ਜਾ ਸਕਦਾ ਹੈ ਕਿ ਕੋਈ ਵੀ ਸੱਜਣ ਪ੍ਰਬੰਧਕਾਂ ਤੇ ਸਵਾਲ ਕਰਕੇ ਪੁੱਛਣ ਦੀ ਹਿੰਮਤ ਹੀ ਨਹੀਂ ਕਰਦਾ ਕਿ ਜੋ ਵਸਤੂਆਂ ਤੁਸੀਂ ਵੱਡੇ ਬਾਬਾ ਜੀ ਦੇ ਨਾਲ ਸਬੰਧਿਤ ਦੱਸ ਕੇ ਇਥੇ ਰੱਖੀਆਂ ਹੋਈਆਂ ਹਨ, ਉਹ ਤਾਂ ਨਵੀਆਂ-ਨਕੋਰ ਲਿਸ਼ਕਾਂ ਮਾਰਦੀਆਂ ਹਨ ਅਤੇ ਇਨ੍ਹਾਂ ਵਿਚੋਂ ਕਈ ਐਸੀਆਂ ਵੀ ਹਨ, ਜੋ ਤੁਹਾਡੇ ਵੱਡੇ ਬਾਬਾ ਜੀ ਦੇ ਸਮੇਂ ਹੁੰਦੀਆਂ ਵੀ ਨਹੀਂ ਸਨ, ਭਾਵ ਉਦੋਂ ਈਜਾਦ ਵੀ ਨਹੀਂ ਹੋਈਆਂ ਸਨ। ਜਿਵੇਂ ਪਿਛਲੇ ਦਿਨੀ Social Media ਉਪਰ ਵਾਇਰਲ ਹੋਈ ਫੋਟੋ ਅੰਦਰ ਇੱਕ ਡੇਰੇ ਨਾਲ ਸਬੰਧਿਤ ਬਾਬੇ ਦੀ ਟਾਇਲਟ ਸੀਟ, ਜਿਸ ਨੂੰ ਵਧੀਆ ਉਨ ਦੁਆਰਾ ਕਰੋਸ਼ੀਏ ਨਾਲ ਬੁਣੇ ਰੁਮਾਲ ਆਦਿਕ ਨਾਲ ਢੱਕਿਆ ਹੋਇਆ ਸੀ, ਨਾਲ ਵਧੀਆ ਫੁੱਲਦਾਨ ਅਤੇ ਧੂਫ ਬੱਤੀ ਆਦਿ ਵੀ ਰੱਖੇ ਜਗਾਏ ਹੋਏ ਸਨ, ਬਾਬੇ ਦੇ ਸ਼ਰਧਾਲੂ ਮੱਥਾ ਵੀ ਜ਼ਰੂਰ ਟੇਕਦੇ ਹੋਣਗੇ। ਇਸ ਪੱਖ ਉਪਰ ਥੋੜਾ ਜਿਹਾ ਬੁੱਧੀ ਉਪਰ ਜ਼ੋਰ ਪਾ ਕੇ ਸੋਚਣ ਦੀ ਲੋੜ ਹੈ ਕਿ ਇਹ Toilet Seat European ਦਿਖਾਈ ਜਾ ਰਹੀ ਹੈ, ਪਹਿਲੀ ਗੱਲ ਪੁਰਾਤਨ ਸਮੇਂ ਜੰਗਲ-ਪਾਣੀ ਬਾਹਰ ਖੁੱਲੇ ਖੇਤਾਂ ਵਿੱਚ ਹੀ ਜਾਇਆ ਜਾਂਦਾ ਸੀ ਅਤੇ ਜੇ Toilet Seat ਪ੍ਰਚਲਿਤ ਮੰਨ ਵੀ ਲਈ ਜਾਵੇ ਤਾਂ ਪਹਿਲਾਂ Indian Seats ਹੀ ਸਨ, European Seats ਤਾਂ ਬਹੁਤ ਬਾਦ ਵਿੱਚ ਭਾਰਤ ਅੰਦਰ ਪ੍ਰਚਲਿਤ ਹੋਈਆਂ ਹਨ। ਸੋ ਐਸਾ ਕਰਨ-ਮੰਨਣ ਵਾਲਿਆਂ ਨੂੰ ਤਾਂ ਫਿਰ ਧੂਤੇ ਹੀ ਆਖਣਾ ਵਾਜਿਬ ਰਹੇਗਾ।

ਐਸੇ ਪੱਖਾਂ ਉਪਰ ਸਾਨੂੰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਵੇਂ ਅਸੀਂ ਹਰੇਕ ਦੁਨਿਆਵੀ ਖੇਤਰ ਅੰਦਰ ਅਕਲ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਕੰਮ ਨੂੰ ਲਾਭ-ਹਾਨ ਦੀ ਦ੍ਰਿਸ਼ਟੀ ਤੋਂ ਪੜਚੋਲ ਕੇ ਕਰਦੇ ਹਾਂ, ਇਸੇ ਤਰਾਂ ਧਰਮ ਦੀ ਦੁਨੀਆਂ ਅੰਦਰ ਵੀ ਸਾਨੂੰ ਅਕਲ ਦੀ ਵਰਤੋਂ ਕਰਦੇ ਹੋਏ ਠੀਕ-ਗਲਤ, ਗੁਰਮਤਿ -ਮਨਮਤਿ ਦੀ ਪਹਿਚਾਣ ਕਰ ਲੈਣੀ ਚਾਹੀਦੀ ਹੈ, ਜੇ ਅਸੀਂ ਐਸਾ ਨਹੀਂ ਕਰਦੇ ਤਾਂ ਗੁਰਬਾਣੀ ਦੀ ਦ੍ਰਿਸ਼ਟੀ ਅੰਦਰ ਅਸੀਂ ਸ਼ੈਤਾਨ ਹੀ ਗਿਣੇ ਜਾਵਾਂਗੇ। ਇਸ ਪ੍ਰਥਾਇ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ-

ਅਕਲਿ ਏਹੁ ਨ ਆਖੀਐ ਅਕਲਿ ਗਵਾਈਐ ਬਾਦਿ।।

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।

(ਸਾਰੰਗ ਮਹਲਾ ੧-੧੨੪੫)

ਅਰਥ-ਪ੍ਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ ਧਾਗੇ ਬਣਾ ਕੇ ਦੇਣ ਵਿੱਚ ਰੁੱਝ ਪੈਣ ਨਾਲ ਇਹ ਅਕਲ ਵਿਅਰਥ ਗਵਾ ਲੈਣਾ- ਇਸ ਨੂੰ ਅਕਲ ਨਹੀਂ ਆਖੀਦਾ। ਅਕਲ ਇਹ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰੀਏ ਤਾਂ ਇੱਜਤ ਖਟੀਏ। ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤ -ਸਲਾਹ ਵਾਲੀ ਬਾਣੀ ਪੜੀਏ, ਇਸ ਦੇ ਡੂੰਘੇ ਭੇਤ ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। ਨਾਨਕ ਆਖਦਾ ਹੈ ਕਿ ਜਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ ਕਿ ਸਿਮਰਨ ਤੋਂ ਲਾਂਭੇ ਦੀਆਂ ਗੱਲਾਂ ਦੱਸਣ ਵਾਲਾ ਸ਼ੈਤਾਨ ਹੈ।

ਗੁਰਮਤਿ ਅਨੁਸਾਰ ਸੱਚ ਖੰਡਿ ਕਿਸ ਅਸਥਾਨ ਨੂੰ ਆਖਿਆ ਜਾਂਦਾ ਹੈ, ਇਸ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਗੁਰੁਮਤ ਮਾਰਤੰਡ` ਅੰਦਰ ਬਹੁਤ ਹੀ ਭਾਵਪੂਰਤ ਸੇਧ ਦਿੱਤੀ ਗਈ ਹੈ-

- ‘ਅਨੇਕਾਂ ਮੱਤਾਂ ਵਾਲੇ ਪ੍ਰਮੇਸ਼ਰ ਦੇ ਅਨੇਕ ਭੇਦ ਅਰ ਸਰੂਪ ਕਲਪ ਕੇ ਉਸ ਦੇ ਰਹਿਣ ਦੇ ਖਾਸ-ਖਾਸ ਲੋਕ ਮੰਨਦੇ ਹਨ, ਪਰ ਗੁਰਮਤ ਵਿੱਚ ਕਰਤਾਰ ਨੂੰ ਇੱਕ ਦੇਸ਼ੀ ਨਹੀਂ ਮੰਨਿਆ, ਉਸ ਸਰਵ ਵਯਾਪੀ ਨੂੰ ਸਾਮਾਨਯ ਰੀਤੀ ਕਰ ਕੇ - ‘ਸਭ ਮਧੇ ਰਵਿਆ ਮੇਰਾ ਠਾਕੁਰੁ ` (੩੭੯) ਕਥਨ ਕਰਕੇ, ਵਿਸ਼ੇਸ਼ ਰੀਤੀ ਕਰਕੇ ਉਸ ਦਾ ਨਿਵਾਸ ਸੱਚ ਖੰਡ ਵਿੱਚ ਕਥਨ ਕੀਤਾ ਹੈ, ‘ਆਪਿ ਸਤਿ ਕੀਆ ਸਭ ਸਤਿ` (੨੮੩) ਬਚਨ ਅਨੁਸਾਰ ਸਭ ਵਿਸ਼ਵ ਸੱਚ ਖੰਡ ਹੈ, ਪਰ ਖਾਸ ਕਰ ਕੇ ਸਤਸੰਗ ਅਤੇ ਆਤਮ ਅਭਯਾਸੀ ਦਾ ਨਿਰਮਲ ਅੰਤਹਰਕਣ ਗੁਰੂ ਸਾਹਿਬ ਨੇ ਸੱਚ ਖੰਡ ਵਰਨਣ ਕੀਤਾ ਹੈ। ਕਿਤੇ-ਕਿਤੇ ਤੁਰੀਯ ਪਦ (ਨਿਰਬਾਣ) ਦਾ ਨਾਉਂ ਭੀ ਸੱਚ ਖੰਡ ਆਉਂਦਾ ਹੈ। `

(ਗੁਰੁਮਤ ਮਾਰਤੰਡ- ਪੰਨਾ ੧੨੦)

ਇਸ ਵਿਸ਼ੇ ਉਪਰ ਸਿਖ ਧਰਮ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ 24 ਵੀਂ ਵਾਰ ਰਾਹੀਂ ਦਰਸਾਇਆ ਹੈ ਕਿ ਗੁਰਮਤਿ ਅੰਦਰ ਸਾਧ ਸੰਗਤ ਨੂੰ ਸੱਚ ਖੰਡਿ ਮੰਨਿਆ ਗਿਆ ਹੈ-

ਧਰਮਸਾਲ ਕਰਤਾਰ ਪੁਰੁ ਸਾਧ ਸੰਗਤਿ ਸਚ ਖੰਡੁ ਵਸਾਇਆ।

ਵਾਹਿਗੁਰੂ ਗੁਰ ਸਬਦੁ ਸੁਣਾਇਆ।। ੧।।

(ਵਾਰ ੨੪ ਪਉੜੀ ੧)

ਅਰਥ- ਕਰਤਾਰਪੁਰ (ਪਾਕਿਸਤਾਨ) ਦੀ ਧਰਮਸਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧ ਸਗੰਤਿ ਰੂਪ ਸੱਚ ਖੰਡਿ ਵਸਾਇਆ ਹੈ ਅਤੇ ਸਤਿਗੁਰਾਂ ਨੇ ਵਾਹਿਗੁਰੂ ਉਪਦੇਸ਼ ਸੰਗਤ ਨੂੰ ਸੁਣਾਇਆ ਹੈ।

ਨਿਹਚਲ ਨੀਉ ਧਰਾਈਓੁਨੁ ਸਾਧ ਸੰਗਤਿ ਸਚ ਖੰਡ ਸਮੇਉ।

ਗੁਰਮੁਖਿ ਪੰਧੁ ਚਲਾਇਓਨੁ ਸੁਖ ਸਾਗਰੁ ਬੇਅੰਤੁ ਅਮੇਉ।

ਸਚਿ ਸਬਦਿ ਆਰਾਧੀਐ ਅਗਮ ਅਗੋਚਰੁ ਅਲਖ ਅਭੇਉ।

(ਵਾਰ ੨੪ ਪਉੜੀ ੨)

ਅਰਥ- ਜਗਤ ਗੁਰੂ ਨਾਨਕ ਦੇਵ ਜੀ ਨੇ ਭਲੀ ਪ੍ਰਕਾਰ ਦੀ ਸਾਧ ਸੰਗਤਿ ਰੂਪ ਸੱਚ ਖੰਡਿ ਦੀ ਅੱਚਲ ਨੀਂਹ ਧਰਾਈ ਹੈ। ਗੁਰਮੁਖਾਂ ਦਾ ਰਸਤਾ ਬੇਅੰਤ ਤੇ ਅਮੇਉ ਅਪਾਰ ਸੁੱਖਾਂ ਦਾ ਸਮੁੰਦਰ ਰੂਪ ਚਲਾਇਆ ਹੈ। ਉਸ ਗੁਰਮੁਖ ਪੰਥ ਵਿੱਚ ਅਗਮ, ਅਗੋਚਰ, ਅਲਖ, ਅਭੇਵ ਸੱਚੇ ਸ਼ਬਦ ਬ੍ਰਹਮ ਨੂੰ ਅਰਾਧੀਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਗੁਰਦਾਸ ਜੀ ਵਲੋਂ ਦਰਸਾਏ ਉਪਰੋਕਤ ਵਿਚਾਰਾਂ ਅਨੁਸਾਰ ਸੱਚ ਖੰਡਿ ਕੋਈ ਇੱਕ ਨਿਰਧਾਰਤ ਕਮਰਾ, ਅਸਥਾਨ ਨਹੀਂ ਸਗੋਂ ਸਾਰੇ ਸੰਸਾਰ ਨੂੰ ਹੀ ‘ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ` (੪੬੩) ਪ੍ਰਮੇਸ਼ਰ ਦਾ ਨਿਵਾਸ ਮੰਨਿਆ ਗਿਆ ਹੈ ਕਿਉਂ ਕਿ ਕੋਈ ਵੀ ਅਸਥਾਨ ਪ੍ਰਮੇਸ਼ਰ ਵੀ ਹੋਂਦ ਤੋਂ ਬਿਨਾਂ ਨਹੀਂ ਹੈ, ਬਸ ਸਾਡੇ ਚੇਤਿਆਂ ਵਿਚੋਂ ਹੀ ਭੁੱਲ ਜਾਣ ਕੇ ਅਸੀਂ ਉਸ ਨੂੰ ਕਿਤੇ ਦੂਰ ਸਮਝ ਲੈਂਦੇ ਹਾਂ। ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦੀ ਸਰਵ ਵਿਆਪੀ ਹੋਂਦ ਕਰਕੇ ਸਾਰਾ ਸੰਸਾਰ ਹੀ ਸੱਚ ਖੰਡਿ ਹੈ। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਸਾਧ ਸੰਗਤਿ ਜਿਥੇ ਬੈਠ ਕੇ ਸੱਚੇ ਗੁਰੂ ਦੀ ਸੰਗਤ ਦੁਆਰਾ ਸ਼ਬਦ ਦੇ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ ਸਾਡੀ ਯਾਦ ਵਿਚੋਂ ਵਿਸਰੇ ਹੋਏ ਪ੍ਰਮੇਸ਼ਰ ਨਾਲ ਜੁੜਣ ਦੀ ਸੋਝੀ ਪੈਂਦੀ ਹੈ, ਉਹ ਹੀ ਸੱਚ ਖੰਡਿ ਹੈ।

ਇਸ ਵਿਸ਼ੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਪੁਸਤਕ ‘ਗੁਰੂ ਗ੍ਰੰਥ ਸੰਕੇਤ ਕੋਸ਼` ਰਾਹੀਂ ਪ੍ਰੋ. ਪਿਆਰਾ ਸਿੰਘ ਪਦਮ ਵਲੋਂ ਬਹੁਤ ਹੀ ਸੁਖੈਨ ਅਤੇ ਸਰਲ ਤਰੀਕੇ ਨਾਲ ਸਪਸ਼ਟ ਕਰ ਦਿਤਾ ਗਿਆ ਹੈ, ਜਿਸ ਨੂੰ ਸਾਹਮਣੇ ਰੱਖਣ ਨਾਲ ਇਸ ਵਿਸ਼ੇ ਉਪਰ ਕਿਸੇ ਵੀ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ-

ਗੁਰੂ ਨਾਨਕ ਸਾਹਿਬ ਨੇ ‘ਜਪੁ` ਦੇ ਅੰਤ ਵਿੱਚ ੩੪ ਤੋਂ ੩੭ ਵੀਂ ਪਉੜੀ ਵਿੱਚ ਆਤਮਿਕ ਚੜਾਈ ਦੀਆਂ ਪੰਜ ਅਵਸਥਾਵਾਂ ਵਰਨਣ ਕੀਤੀਆਂ ਹਨ ਤੇ ਉਨਾਂ ਨੂੰ ‘ਖੰਡ` ਦਾ ਨਾਮ ਦਿਤਾ ਹੈ ਜਿਵੇਂ ਕਿ-

੧. ਧਰਮ ਖੰਡ ੨. ਗਿਆਨ ਖੰਡ ੩. ਸਰਮ ਖੰਡ ੪. ਕਰਮ ਖੰਡ ੫. ਸਚ ਖੰਡ

ਧਰਮ ਖੰਡ ਪਹਿਲੀ ਅਵਸਥਾ ਹੈ ਜਿਥੇ ਕਿ ਜਗਿਆਸੂ ਸਾਰੀ ਸ਼੍ਰਿਸ਼ਟੀ ਨੂੰ ਨੇਮ ਬਧ ਸਮਝਦਾ ਤੇ ਆਪਣੀ ਧਾਰਮਿਕ ਨੇਮਾਵਲੀ ਦਾ ਪਾਲਣ ਕਰਦਾ ਆਤਮਿਕ ਸਫਰ ਸ਼ੁਰੂ ਕਰਦਾ ਹੈ। ਦੂਜੀ ਅਵਸਥਾ ਗਿਆਨ ਖੰਡ ਹੈ ਜਦੋਂ ਕਿ ਉਸਦੀ ਸੂਝ-ਬੂਝ ਵਿੱਚ ਵਿਸ਼ਾਲਤਾ ਆਉਂਦੀ ਤੇ ਉਹ ਸਾਰੇ ਵਿਸ਼ਵ ਨਾਲ ਏਕਤਾ ਅਨੁਭਵ ਕਰਦਾ ਹੈ। ਤੀਸਰੀ ਸਰਮ ਖੰਡ ਹੈ ਜਿਥੇ ਕਿ ਧਰਮ ਤੇ ਗਿਆਨ ਸਦਕੇ ਮਨ, ਬੁਧਿ, ਆਤਮਾ ਇੱਕ ਨਵੀਂ ਨੁਹਾਰ ਧਾਰਨ ਕਰਦੀ ਹੈ। ਚੌਥੀ ਅਵਸਥਾ ਕਰਮ ਖੰਡ ਹੈ, ਜਦੋਂ ਕਿ ਅਜੇਹੀ ਪਵਿਤਰ ਆਤਮਾ ਉਤੇ ਪ੍ਰਭੂ ਦੀ ਕ੍ਰਿਪਾ ਹੁੰਦੀ ਹੈ। ‘ਕਰਮ` ਅਰਬੀ ਸ਼ਬਦ ਹੈ ਜਿਸਦਾ ਭਾਵ ਬਖਸ਼ਿਸ਼ ਹੈ। ਇਸ ਕ੍ਰਿਪਾ ਸਦਕਾ ਹੀ ਪਰਮ ਸੱਚ ਦੇ ਦਰਸ਼ਨ ਹੁੰਦੇ ਤੇ ਆਤਮਾ ਆਨੰਦਿਤ (ਨਿਹਾਲ) ਹੋ ਜਾਂਦੀ ਹੈ, ਇਸ ਨੂੰ ‘ਸਚਖੰਡ` ਦਾ ਨਾਮ ਦਿਤਾ ਗਿਆ ਹੈ। `

(ਗੁਰੂ ਗ੍ਰੰਥ ਸੰਕੇਤ ਕੋਸ਼-ਪੰਨਾ ੧੩੪-੧੩੫)

‘ਜਪੁ` ਬਾਣੀ ਅੰਦਰ ਦਰਸਾਈਆਂ ਗਈਆਂ ਇਨ੍ਹਾਂ ਪਹਿਲੀਆਂ 4 ਅਵਸਥਾਵਾਂ ਵਿਚੋਂ ਲੰਘਦਾ ਹੋਇਆ ਜੀਵ ਗੁਰੂ ਕਿਪਾ ਦੁਆਰਾ ਜਦੋਂ ਜੀਵਨ ਦੀ ਮੰਜ਼ਿਲ ਰੂਪੀ ਪੰਜਵੀ ਅਵਸਥਾ ਸੱਚ ਖੰਡਿ ਪਹੁੰਚ ਜਾਂਦਾ ਹੈ ਤਾਂ ਉਸਦੇ ਜੀਵਨ ਅੰਦਰ ਪ੍ਰਮੇਸ਼ਰ ਪ੍ਰਤੀ ਹਰੇਕ ਤਰਾਂ ਦੀ ਸਮਝ ਪ੍ਰਪੱਕ ਹੋ ਜਾਂਦੀ ਹੈ ਅਤੇ ਪ੍ਰਮੇਸ਼ਰ ਦਾ ਆਪਣਾ ਰੂਪ ਬਣ ਜਾਣ ਵਾਲੀ ਅਵਸਥਾ ਬਣ ਜਾਂਦੀ ਹੈ, ਇਸ ਅਵਸਥਾ ਦਾ ਨਾਮ ਸੱਚ ਖੰਡਿ ਹੈ। ਇਸ ਪੰਜਵੇਂ ਖੰਡ ਸਬੰਧੀ ‘ਜਪੁ` ਬਾਣੀ ਦੀਆਂ ਪਾਵਨ ਤੁਕਾਂ ਅਤੇ ਉਸ ਦੇ ਅਰਥ ਪੂਰਨ ਰੂਪ ਵਿੱਚ ਹੇਠ ਲਿਖੇ ਅਨੁਸਾਰ ਹਨ-

ਸਚ ਖੰਡਿ ਵਸੈ ਨਿਰੰਕਾਰੁ।। ਕਰਿ ਕਰਿ ਵੇਖੈ ਨਦਰਿ ਨਿਹਾਲ।।

ਤਿਥੈ ਖੰਡ ਮੰਡਲ ਵਰਭੰਡ।। ਜੇ ਕੋ ਕਥੈ ਤ ਅੰਤ ਨ ਅੰਤ।।

ਤਿਥੈ ਲੋਅ ਲੋਅ ਆਕਾਰ।। ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।।

ਵੇਖੈ ਵਿਗਸੈ ਕਰਿ ਵੀਚਾਰੁ।। ਨਾਨਕ ਕਥਨਾ ਕਰੜਾ ਸਾਰੁ।। ੩੭।।

(ਜਪੁ- ੮)

ਅਰਥ- ਸੱਚ ਖੰਡਿ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ। ਜੋ ਸ੍ਰਿਸ਼ਟੀ ਨੂੰ ਰਚ-ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਉਸ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ ਦਿਸਦੇ ਹਨ, ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ ਤਾਂ ਉਨ੍ਹਾਂ ਦਾ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿਸਦੇ ਹਨ, ਜਿਨ੍ਹਾਂ ਸਭਨਾਂ ਵਿੱਚ ਉਸੇ ਤਰਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿਸਦੀ ਹੈ। ਉਸ ਨੂੰ ਪਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਵੀਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ ਭਾਵ ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ।

ਉਪਰੋਕਤ ਸਾਰੀ ਵਿਚਾਰ ਤੋਂ ਬਿਲਕੁਲ ਹੀ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਅੱਜ ਜੋ ਕਿਸੇ ਖਾਸ ਅਸਥਾਨ, ਸੁਖ ਆਸਣ ਅਸਥਾਨ (ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਿਤ ਹੋਣ ਕਰਕੇ ਅਤਿ ਸਤਿਕਾਰ ਯੋਗ ਜ਼ਰੂਰ ਹੈ) ਨੂੰ ਸੱਚ ਖੰਡਿ ਦਾ ਨਾਮ ਦੇਣਾ ਜਾਂ ਨਾਸ਼ਮਾਨ ਡੇਰੇਦਾਰ ਬਾਬਿਆਂ ਨਾਲ ਸਬੰਧਿਤ ਯਾਦਗਾਰੀ ਅਸਥਾਨਾਂ ਨੂੰ ਸੱਚ ਖੰਡਿ ਆਖਣਾ ਜਾਂ ਮੰਨਦੇ ਹੋਏ ਪੂਜਾ ਕਰਨਾ ਕਦਾਚਿਤ ਵੀ ਯੋਗ ਨਹੀਂ, ਸਗੋਂ ਸਾਡੀ ਗੁਰਬਾਣੀ ਗਿਆਨ, ਗੁਰਮਤਿ ਪ੍ਰਤੀ ਅਗਿਆਨਤਾ ਅੰਧ ਵਿਸ਼ਵਾਸ ਦਾ ਹੀ ਪ੍ਰਗਟਾਵਾ ਕਿਹਾ ਜਾਵੇਗਾ। ‘ਜਪੁ` ਬਾਣੀ ਵਿੱਚ ਦਰਸਾਈ ਸੱਚ ਖੰਡਿ ਵਾਲੀ ਅਵਸਥਾ ਵਿੱਚ ਪਹੁੰਚੇ ਗੁਰਮੁਖ ਜਨ ਦੀ ਅਵਸਥਾ ਬਾਰੇ ਤਾਂ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਇਹ ਤਾਂ ਗੂੰਗੇ ਮਨੁੱਖ ਵਾਂਗ ਕਥਨ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ-

-ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲੁ ਗੁਲਾਲ ਰੰਗਾਰੈ।।

ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ।।

(ਕਾਨੜਾ ਮਹਲਾ ੫-੧੩੦੧)

- ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜ ਕਰਿ ਰਹੀਐ।।

ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੈ ਤੇ ਕਿਆ ਕਹੀਐ।।

(ਗਉੜੀ, ਭਗਤ ਕਬੀਰ ਜੀ-੩੩੪)

============

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.