.

ਨੌ ਨਿਧੀਆਂ ਅਤੇ ਅਠਾਰ੍ਹਾ ਸਿੱਧੀਆਂ

(ਕਿਸ਼ਤ ਨੰ:3)

6. ਸਭ ਦੇ ਮਨ ਦੀ ਜਾਣ ਲੈਣਾ (ਅਖੌਤੀ ਸਿੱਧੀ): ਜਦੋਂ ਸਤਿਗੁਰ ਦੀ ਮਤ ਲੈ ਕੇ ਮਨ ਨੂੰ ਬਿਬੇਕਤਾ ਦੀ ਨਜ਼ਰ ਪ੍ਰਾਪਤ ਹੁੰਦੀ ਹੈ ਅਤੇ ਮਨ ਆਪਣੇ ਅੰਦਰ ਵਸਦੇ ਰੱਬ ਨੂੰ ਹੋਰਨਾਂ ਦੇ ਹਿਰਦੇ ’ਚ ਵੀ ਵੇਖਣਯੋਗ ਹੋ ਜਾਂਦਾ ਹੈ।

ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 655)

ਬਿਬੇਕੀ ਸਿੱਧੀ ਵਾਲਾ ਗੁਣ ਪ੍ਰਾਪਤ ਹੋਣ ਸਦਕਾ ਸਾਰਿਆਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹੈ, ਕਿਸੇ ਦਾ ਅਪਮਾਨ, ਕੁਬੋਲ, ਨਿੰਦਾ ਕਰਕੇ ਦਿਲਾਂ ਨੂੰ ਠੇਸ ਨਹੀਂ ਪਹੁੰਚਾਉਂਦਾ। ਸਦਕੇ ’ਚ ਬਿਬੇਕੀ ਸਿੱਧੀ ਵਾਲਾ ਗੁਣ ਪ੍ਰਾਪਤ ਹੁੰਦਾ ਹੈ।

7. ਆਪਣੀ ਇੱਛਾ ਮੁਤਾਬਿਕ ਸਭ ਨੂੰ ਪ੍ਰੇਰ ਕੇ ਚਲਾਉਣਾ : ਵਿਰਲਾ ਬਣ ਚੁਕੇ ਮਨ ਦੀਆਂ ਆਪਣੀਆਂ ਮਾਇਕ ਇੱਛਾਵਾਂ ਢਹਿ ਜਾਂਦੀਆਂ ਹਨ। ਉਹ ਆਪਣੇ ਅੰਗਾਂ ਦੀਆਂ ਇੱਛਾਵਾਂ ਤੋਂ ਮੁਕਤ ਹੋ ਕੇ ਹੋਰਨਾਂ ਲਈ ਜਿਊਣ ਲਗ ਪੈਂਦਾ ਹੈ।

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 302)

ਰੱਬ ਜੀ (ਸਤਿਗੁਰ) ਸਭ ਦੇ ਭਲੇ ਦੀ ਸੁਮਤ ਬਖਸ਼ਦੇ ਹਨ। ਸਤਿਗੁਰ ਦੀ ਮਤ ਰਾਹੀਂ ਬਿਬੇਕੀ ਸਿੱਧੀ ਪ੍ਰਾਪਤੀ ਵਾਲਾ ਮਨ ਹੋਰਨਾਂ ਨੂੰ ਸਿੱਧੇ ਮਾਰਗ ਲਈ ਪ੍ਰੇਰਦਾ ਹੈ।

8. ਸਭ ਨੂੰ ਆਪਣੇ ਵੱਸ ਕਰ ਲੈਣਾ : ਵਿਰਲਾ ਬਣ ਚੁੱਕਾ ਮਨ ਆਪਣੇ ਖ਼ਿਆਲ, ਸੁਭਾ (ਆਦਤਾਂ) ਨੂੰ ਕਾਬੂ ਕਰਨਾ ਸਿੱਖ ਜਾਂਦਾ ਹੈ `ਮਨਿ ਜੀਤੈ ਜਗੁ ਜੀਤੁ` ਦੀ ਅਵਸਥਾ ’ਚ ਉਸਨੂੰ ਆਪਣੇ ਸਾਰੇ ਅੰਗ, ਖਿਆਲ ਵਸ ’ਚ ਕਰਨ ਵਾਲੀ ਬਿਬੇਕੀ ਸਿੱਧੀ ਪ੍ਰਾਪਤ ਹੋ ਜਾਂਦੀ ਹੈ।

9. ਭੁਖ ਤ੍ਰੇਹ ਨਾ ਲਗਣਾ : ਜਦੋਂ ਤਕ ਸਾਡਾ ਮਨ ਨਾ ਰੱਜੇ ਤਦੋਂ ਤਕ ਸਾਡੀ ਭਟਕਨਾ ਮੁਕਦੀ ਨਹੀਂ। ਸਤਿਗੁਰ ਦੀ ਮਤ ਰਾਹੀਂ ਮਨ ਨੂੰ ਬਿਬੇਕੀ ਸਿੱਧੀ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤੀ ਹੋ ਜਾਂਦੀ ਹੈ, ਜਿਸ ਸਦਕਾ ਉਸਦੀ ਆਤਮਾ ਸੰਤੋਖੀ ਹੋ ਜਾਂਦੀ ਹੈ। ਉਸਨੂੰ ਤ੍ਰਿਸ਼ਨਾ ਦੀ ਪਦਾਰਥਕ ਭਜ ਦੌੜ ਵਾਲੀ ਭੁੱਖ ਅਤੇ ਤ੍ਰੇਹ ਨਹੀਂ ਰਹਿੰਦੀ।

10. ਦੂਰੋਂ ਹੀ ਗੱਲਾਂ ਸੁਣ ਲੈਣੀਆਂ : ਜਦੋਂ ਸਾਡਾ ਮਨ ਖਾਹਿਸ਼ਾਂ ਕਰਕੇ ਇਸ ਗ੍ਰਿਹ (ਘਰ) ’ਚੋਂ ਬਾਹਰ ਚਲਾ ਜਾਂਦਾ ਹੈ ਤਾਂ ਪਰਦੇਸੀ ਹੋ ਜਾਂਦਾ ਹੈ। ਨਿਜਘਰ ’ਚ ਵਸਦਾ ਰੱਬ ਦੂਰ ਲਗਦਾ ਹੈ ਪਰ ਬਿਬੇਕੀ ਮਤ ਵਾਲੇ ਦਾ ਮਨ ਜਦੋਂ ਘਰ ’ਚ ਵਾਪਸ ਪਰਤ ਆਉਂਦਾ ਹੈ ਤਾਂ ਰੱਬ ਨੇੜੇ ਮਹਿਸੂਸ ਹੋ ਜਾਂਦੇ ਹਨ, ਰੱਬ ਜੀ ਦੀਆਂ ਗੱਲਾਂ ਭਾਵ ਸਤਿਗੁਰ ਦਾ ਸੱਦਾ (ਅਵਾਜ਼, ਵਾਤ) ਸੁਣਾਈ ਦੇਣ ਲਗ ਪੈਂਦੀ ਹੈ।

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 451)

ਇਹੋ ਬਿਬੇਕੀ ਸਿੱਧੀ ਹੁੰਦੀ ਹੈ ਕਿ ਨਿਜਘਰ, ਅੰਤਰਆਤਮੇ ਵਿਚ ਵਸਦੇ ਰੱਬ ਜੀ ਦੀ ਹਰੇਕ ਗੱਲ ਸੁਣਾਈ ਦੇਣ ਲੱਗ ਪੈਂਦੀ ਹੈ।

11. ਦੂਰੋਂ ਹੀ ਨਜ਼ਾਰੇ ਵੇਖ ਲੈਣੇ : ਰੱਬ ਬੇਅੰਤ ਹੈ, ਵਿਰਲਾ ਬਣ ਚੁੱਕੇ ਮਨ ਨੂੰ ਸਮਝ ਪੈ ਜਾਂਦੀ ਹੈ ਕਿ ਦੂਰ-ਦੂਰ ਤਕ, ਬੇਅੰਤ ਦੂਰੀ ਤਕ ਖੰਡਾਂ ਪਾਤਾਲਾਂ ਤਕ, ਸਭ ਜਗ੍ਹਾ ਰੱਬ ਦੀ ਕੁਦਰਤ ਲਾਗੂ ਹੋ ਰਹੀ ਹੈ। ਇਸ ਕਰਕੇ ‘ਬਲਿਹਾਰੀ ਕੁਦਰਤਿ ਵਸਿਆ’ ਮਹਿਸੂਸ ਕਰਦਾ ਹੈ ਅਤੇ ‘ਕੁਦਰਤਿ ਕਰਿ ਕੈ ਵਸਿਆ ਸੋਇ’ ਦੂਰ ਦੇ ਨਜ਼ਾਰੇ ਵੇਖ ਲੈਣ ਵਾਲੀ ਬਿਬੇਕ ਸਿੱਧੀ ਵਾਲੀ ਨਜ਼ਰ ਪ੍ਰਾਪਤ ਹੋ ਜਾਂਦੀ ਹੈ। ਵਿਰਲਾ ਬਣ ਚੁੱਕੇ ਮਨ ਨੂੰ ਹਰੇਕ ਮਨੁੱਖ ਦੇ ਅੰਦਰ ਰੱਬੀ ਸ਼ਕਤੀ ਦਾ ਅਹਿਸਾਸ ਹੋ ਜਾਂਦਾ ਹੈ, ਉਸ ਦੀ ਕਿਸੇ ਨਾਲ ਦੂਰੀ ਰਹਿੰਦੀ ਹੀ ਨਹੀਂ ਬਲਕਿ ਦੂਰ ਹੋਇਆ ਮਨੁੱਖ ਵੀ ਮਨ ਕਰਕੇ ਉਸ ਦੇ ਨੇੜੇ ਹੋ ਜਾਂਦਾ ਹੈ।

12. ਮਨ ਦੀ ਚਾਲ ਤੁਲ ਛੇਤੀ-ਛੇਤੀ ਚਲਣਾ : ਤ੍ਰਿਸ਼ਨਾ ਕਾਰਨ ਸਾਡਾ ਮਨ ਵਿਕਾਰਾਂ ਨੂੰ ਭੋਗਣ ਲਈ ਉਦਮ ਕਰਦਾ ਹੈ ਪਰ ਰੱਬੀ ਗੁਣਾਂ ਨੂੰ ਕਮਾਉਣ ਵਲੋਂ ਸੁਸਤ (lazy) ਹੋ ਜਾਂਦਾ ਹੈ।

ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 738)

ਬਿਬੇਕੀ ਸਿੱਧੀ ਪ੍ਰਾਪਤ ਕਰ ਚੁੱਕੇ ਵਿਰਲੇ ਮਨ ਨੂੰ ਮਨ ਦੀ ਚਾਲ ਸਮਝ ਆ ਜਾਂਦੀ ਹੈ ਕਿ ਇਹ ਮਨ ਕਿਵੇਂ ਪੰਖੀ ਬਣ ਕੇ ਦੂਰ ਤਕ ਉਡਾਰੀ ਲਗਾ ਆਉਂਦਾ ਹੈ।

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1369)

ਇਸਦੀ ਗਤੀ ਪ੍ਰਕਾਸ਼ ਤੋਂ ਵੀ ਤੇਜ਼ ਹੁੰਦੀ ਹੈ, ਜਦੋਂ ਖਾਹਿਸ਼ਾਂ ਕਰਕੇ ਤੇਜ਼ ਉਡਦਾ (ਨੱਸ੍ਹਦਾ, ਭਜਦਾ) ਹੈ। ਇਸ ਮਨ ਨੂੰ ਕਾਬੂ ਕਰਕੇ ਬਿਬੇਕੀ ਸਿੱਧੀ ਵਾਲਾ ਚਾਹਵਾਨ ਮਨ ਇਸਦੀ ਚਾਲ ਨੂੰ ਸਮਝ ਜਾਂਦਾ ਹੈ ਅਤੇ ਸੱਚ (ਕੰਮਾਂ ਅਤੇ ਗੁਣਾਂ) ਵਲ ਤੇਜ਼ੀ ਨਾਲ ਟੁਰਨ ਲਈ ਉਦਮੀ, ਤਤਪਰ ਹੋ ਜਾਂਦਾ ਹੈ।

13. ਮਨ ਇਛਤ ਰੂਪ ਧਾਰਣ ਕਰਨਾ : ਅਗਿਆਨਤਾ ਵਸ ਸਾਡਾ ਮਨ ਕਦੇ ਕੁੱਤਾ, ਸਪ, ਮੱਛੀ, ਕਾਂ, ਇੱਲ ਆਦਿ ਜੈਸੇ ਰੂਪ ਧਾਰਦਾ ਰਹਿੰਦਾ ਸੀ। ਬਿਬੇਕ ਬੁੱਧੀ ਵਾਲਾ ਵਿਰਲਾ ਮਨ ਬਿਬੇਕੀ ਸਿੱਧੀ ਪ੍ਰਾਪਤ ਕਰਕੇ ਸਾਰੇ ਜੀਆਂ ਜੰਤਾਂ ਦੇ ਚੰਗੇ-ਚੰਗੇ ਗੁਣਾਂ ਨੂੰ ਆਪਣੇ ਖਿਆਲਾਂ, ਸੁਭਾ, ਆਦਤਾਂ ’ਚ ਜਿਊਣ ਲਾਇਕ ਹੋ ਜਾਂਦਾ ਹੈ। ਵਫਾਦਾਰ ਕੁੱਤਾ, ਨਿਰਭਉ ਸੱਪ, ਮਨ ਦੀ ਚਪਲਤਾ ਵਾਲੀ ਮੱਛੀ, ਨਿਰਦੈਤਾ ਅਤੇ ਅਹਿੰਸਾ ਛੱਡ ਚੁਕਾ ਸ਼ੇਰ, ਸੱਚੇ ਬੈਕੁੰਠ ਜਾਣ ਵਾਲੇ ਘੋੜੇ ਦੇ ਰੂਪ ਧਾਰ ਲੈਣ ਦੇ ਲਾਇਕ ਹੋ ਜਾਂਦਾ ਹੈ।

14. ਆਪਣੀ ਮਰਜ਼ੀ ਨਾਲ ਮਰ ਸਕਣਾ : ਜੋ ਜੀਵਨ ਅਸੀਂ ਮਨ ਕੀ ਮਤ ਵੱਸ ਹੋਕੇ ਜਿਊਂਦੇ ਹਾਂ ਉਸ ਨੂੰ ਜੀਵਨ ਕਹਿੰਦੇ ਹੀ ਨਹੀਂ। ਗੁਰਬਾਣੀ ਦਾ ਫੁਰਮਾਨ ਹੈ,

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 643)

ਸਰੀਰਕ ਲੰਬੀ ਉਮਰ ਜਿਊਣ ਦੀ ਤ੍ਰਿਸ਼ਨਾਲੂ ਬਿਰਤੀ ਸਾਨੂੰ ਮਰਣ ਤੋਂ ਡਰਪੋਕ ਬਣਾਉਂਦੀ ਹੈ। ਅਸੀਂ ਸਰੀਰਕ ਮਰਨਾ ਹੀ ਨਹੀਂ ਚਾਹੁੰਦੇ। ਜਦੋਂ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ ਤਾਂ ਕੁਦਰਤ ਦਾ ਨਿਯਮ ਸਮਝ ਪੈਂਦਾ ਹੈ ਕਿ ਸਰੀਰ ਨੇ ਤਾਂ ਇੱਕ ਦਿਨ ਮੁਕਣਾ ਹੀ ਹੈ ਫਿਰ ਮਨ ਦੀਆਂ ਖ਼ਾਹਿਸ਼ਾਂ ਪਿੱਛੇ, ਵਿਕਾਰੀ ਜੀਵਨ ’ਚ ਪਲ੍ਹ-ਪਲ੍ਹ ਕਿਉਂ ਮਰੀਏ। ਬਿਬੇਕੀ ਸਿੱਧੀ ਵਾਲਾ ਮਨ ਜੀਵਤਿਆਂ ਮਰਨਾ ਸਿੱਖ ਜਾਂਦਾ ਹੈ,

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 643)

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 612)

15. ਦੂਜਿਆਂ ਦੀ ਦੇਹ ’ਚ ਪ੍ਰਵੇਸ਼ ਕਰ ਸਕਣਾ : ਸਾਰੇ ਮਨੁੱਖਾਂ ’ਚ ਇੱਕੋ ਰੱਬ ਵੇਖਨਾ। ਗੁਰਬਾਣੀ ਦਾ ਫੁਰਮਾਨ ਹੈ -

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 611)

ਸਮਝਨ ਵਾਲੀ ਸੂਝ ਹੀ ਸਾਨੂੰ। ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਅਨੁਸਾਰ ਜਿਊਣਾ ਸਿਖਾਉਂਦੀ ਹੈ। ਜਦੋਂ ਕੋਈ ਬਿਗਾਨਾ ਨਹੀਂ ਲਗਦਾ ਤਾਂ, ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਲਗਦੇ ਹਨ। ਬਿਬੇਕੀ ਸਿੱਧੀ ਪ੍ਰਾਪਤ ਕਰ ਚੁਕਿਆ ਮਨ ਸਾਰੇ ਅੰਗਾਂ ਨੂੰ ਅਤੇ ਸਾਰੇ ਮਨੁੱਖਾਂ ਨੂੰ ਮਿੱਤਰ ਸਮਝਦਾ ਹੈ, ਉਸਨੂੰ ਕੋਈ ਬਿਗਾਨਾ ਨਹੀਂ ਲਗਦਾ। ‘ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ’ ਵਾਲੀ ਅਵਸਥਾ ਦਾ ਰੰਗ ਮਾਣਦਾ ਹੈ। ਬਿਬੇਕੀ ਸਿੱਧੀ ਵਾਲਾ ਮਨ ਸਭਨਾ ਵਿਚ ਰੱਬੀ ਹੋਂਦ ਨੂੰ ਮਹਿਸੂਸ ਕਰਦਾ ਹੈ ਅਤੇ ਇਸਲਈ ਉਹ ਹਰ ਮਨੁੱਖ ਨਾਲ ਪਿਆਰ ਕਰਦਾ ਅਤੇ ਉਸ ਪਿਆਰ, ਨਿੱਘ ਸਦਕਾ ਹੀ ਹਰ ਮਨੁੱਖ ਦੇ ਦਿਲ ਵਿਚ ਵੱਸ ਜਾਂਦਾ ਹੈ।

16. ਦੇਵਤਿਆਂ ਨਾਲ ਮੌਜਾਂ ਲੁਟਣੀਆਂ : ਵਿਰਲਾ ਬਣ ਚੁਕਾ ਮਨ ਚੰਗੇ-ਚੰਗੇ ਗੁਣਾਂ (godly qualities, virtues) ਨੂੰ ਹੀ ਦੇਵਤਾ ਸਮਝਦਾ ਹੈ। ਜ਼ਹਿਨ, ਖਿਆਲਾਂ, ਸੁਭਾ ਜਾਂ ਆਦਤਾਂ ’ਚ ਚੰਗੇ ਗੁਣਾਂ ਦਾ ਆਨੰਦ ਮਾਣਨਾ ਵਿਰਲੇ ਮਨ ਦੀ ਬਿਬੇਕ ਸਿੱਧੀ ਦੀ ਪ੍ਰਾਪਤੀ ਦਾ ਲਖਾਇਕ ਹੈ।

17. ਮਨ ਦੀ ਕੋਈ ਵੀ ਇੱਛਾ ਪੂਰੀ ਕਰ ਸਕਣਾ :

ਗੁਰਬਾਣੀ ਦਾ ਫੁਰਮਾਨ ਹੈ -

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 669)

ਬਿਬੇਕੀ ਸਿੱਧੀ ਪ੍ਰਾਪਤ ਕਰ ਚੁਕੇ ਮਨ ਦੇ ਖਿਆਲਾਂ ਵਲੋਂ ਸਹਿਜ ਸੰਤੋਖ ਦੀ ਪ੍ਰਾਪਤੀ ਕਾਰਨ ਇਛਾਵਾਂ, ਖ਼ਾਹਿਸ਼ਾ (desires) ਰਹਿੰਦੀਆਂ ਹੀ ਨਹੀਂ।

ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥

(ਗੁਰੂ ਗ੍ਰੰਥ ਸਾਹਿਬ, ਪੰਨਾ 958)

ਵਿਰਲਾ ਬਣ ਚੁੱਕਾ ਮਨ ਜਿਸ ਵੀ ਰੱਬੀ ਗੁਣ ਦੀ ਇੱਛਾ ਕਰਦਾ ਹੈ, ਉਸ ਲਈ ਉੱਦਮ ਕਰਦਾ ਹੈ ਅਤੇ ਪ੍ਰਾਪਤ ਕਰ ਹੀ ਲੈਂਦਾ ਹੈ।

18. ਜਿੱਥੇ ਚਾਹਵੋ ਉੱਥੇ ਬਿਨਾ ਰੁਕਾਵਟ ਜਾ ਸਕਣਾ: ਮੈਲਾ ਮਨ ਸਾਰੇ ਇੱਛਤ (desired) ਸੁੱਖ, ਖੁਸ਼ੀਆਂ ਮਾਣ ਕੇ ਵੀ ਦੁਖੀ ਹੀ ਰਹਿੰਦਾ ਹੈ। ਕਦੇ ਵੀ ਸਦੀਵੀ ਖੇੜੇ ਆਨੰਦ ਨੂੰ ਮਾਣ ਨਹੀਂ ਪਾਉਂਦਾ। ਰੱਬੀ ਦਰਬਾਰ ’ਚ (ਸੱਚਖੰਡ, ਪਰਲੋਕ ਜਾਂ ਬੈਕੁੰਠ) ਭਾਵ ਨਿਜਘਰ ’ਚ ਵਸਦੇ ਰੱਬੀ ਮਹਲ ’ਚ ਨਹੀਂ ਜਾ ਪਾਉਂਦਾ। ਵਿਕਾਰ, ਜਮ, ਖਿਆਲ ਇਸ ਲਈ ਰੁਕਾਵਟ ਬਣੇ ਰਹਿੰਦੇ ਹਨ। ਵਿਕਾਰਾਂ ਦੀ ਧੁੰਧ, ਹਨੇਰਾ, ਮੈਲ, ਕੂੜ ਦੀ ਸੋਚਨੀ, ਸੁਭਾ, ਖਿਆਲਾਂ, ਆਦਤਾਂ ਤੋਂ ਜਦੋਂ ਸਾਡਾ ਮਨ ਛੁਟਦਾ ਹੈ ਤਾਂ ਹੀ ਬਿਬੇਕੀ ਸਿੱਧੀ ਪ੍ਰਾਪਤ ਹੁੰਦੀ ਹੈ, ਜਿਸ ਸਦਕਾ ਸੱਚਖੰਡ, ਰੱਬੀ ਦਰਗਾਹ, ‘ਗੁਰ ਤੇ ਮਹਲੁ ਪਰਾਪਤੇ’ ’ਚ ਬਿਨਾ ਜਮਾਂ ਦੀ ਰੁਕਾਵਟ (ਰੋਕ-ਟੋਕ) ਤੋਂ ਪਹੁੰਚ ਸਕੀਦਾ ਹੈ।

ਉਪਰੋਕਤ ਪੈਰ੍ਹੇ ਵਿੱਚ ਅਸੀਂ ਅਠਾਰਹ ਸਿੱਧੀਆਂ ਦੀ ਪ੍ਰਾਪਤੀ ਨੂੰ ਵਿਚਾਰਿਆ ਹੈ। ਸਤਿਗੁਰ ਦੀ ਮੱਤ ਰਾਹੀਂ ਜੋ ਸਾਡਾ ਕਿਰਦਾਰ (ਸ਼ਖ਼ਸੀਅਤ) ਬਣਦਾ ਹੈ, ਉਸੇ ਨੂੰ ਬਿਬੇਕ ਬੁੱਧੀ ਵਾਲੀ ਸੁਰਤ ਮਤ, ਮਨ ਅਤੇ ਬੁਧ ਪ੍ਰਾਪਤ ਹੁੰਦੀ ਹੈ ਅਤੇ ਬੇਅੰਤ ਗੁਣਾਂ ਦਾ ਖ਼ਜ਼ਾਨਾ, ਸੁਭਾ, ਖਿਆਲ, ਆਦਤਾਂ ਜਿਊਣ ਦੀ ਕਲਾ ਹੀ ਨਉ ਨਿਧਾਂ, ਅਠਾਰਹ ਸਿੱਧੀਆਂ ਕਹਿਲਾਂਦੀ ਹੈ।

ਸਿੱਧਾਂ ਜੋਗੀਆਂ ਵਲੋਂ ਧੁਮਾਈ ਗਈ ਅਖੌਤੀ ਰਿੱਧੀਆਂ ਸਿੱਧੀਆਂ ਨਾਲ ਮਨੁੱਖ ਦਾ ਮਨ ਭਟਕਦਾ ਰਹਿੰਦਾ ਹੈ ਟਿਕਦਾ ਨਹੀਂ। ਲੇਕਿਨ ਸਤਿਗੁਰ ਦੀ ਮਤ ਨਾਲ ਬਿਬੇਕਤਾ ਪ੍ਰਾਪਤ ਕਰਕੇ ਮਨ ਨਿਜਘਰ ਚੋਂ ਰੱਬੀ ਗੁਣਾਂ ਦੀ ਨਿਧੀ ਖਜ਼ਾਨਾ ਪ੍ਰਾਪਤ ਕਰਦਾ ਹੈ। ਸਿੱਟੇ ਵਜੋਂ ਅਠਾਰਹ ਹੀ ਨਹੀਂ ਬਲਕਿ ਬੇਅੰਤ ਰਿੱਧੀਆਂ ਸਿੱਧੀਆਂ ਦੀ ਜੀਵਨ ਜਾਚ ਜਿਊ ਕੇ ਮਨ ਟਿਕ ਜਾਂਦਾ ਹੈ।

ਦੇਦਾ ਦੇ ਲੈਦੇ ਥਕਿ ਪਾਹਿ ॥

(ਗੁਰੂ ਗ੍ਰੰਥ ਸਾਹਿਬ, ਪੰਨਾ 2)

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 293)

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 449)

ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਕੁਦਰਤ ’ਚ ਤੁਫਾਨ, ਹੱੜ, ਭੂਚਾਲ, ਬਦਲਾਂ ਦੀ ਗਰਜਨਾ, ਚੰਨ ਸੂਰਜ ਤਾਰੇ, ਸਰਦੀ, ਗਰਮੀ ਆਦਿ ਜੈਸੇ ਅਨੇਕਾਂ ਵਾਪਰਦੇ ਰੰਗਾਂ ਤੋਂ ਡਰ ਲਗਦਾ ਰਿਹਾ ਹੈ। ਇਸ ਕਰਕੇ ਮਨੁੱਖ ਨੇ ਕੁਝ ਕਰਾਮਾਤਾਂ ਹੋਣੀਆਂ ਮੰਨ ਲਈਆਂ ਹਨ। ਇਨ੍ਹਾਂ ਸਭਨਾ ਘਟਨਾਵਾਂ ਤੋਂ ਮਨੁੱਖ ਅਸਮਰਥ ਹੋਣ ਕਾਰਨ ਦੁਖੀ-ਦੁਖੀ ਰਹਿੰਦਾ ਸੀ। ਇਸ ਕਰਕੇ ਕੁਝ ਪਰਪੰਚੀਆਂ ਨੇ ਮਨੁੱਖ ਦੇ ਡਰ ਸਹਿਮ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ।

ਕੁਝ ਮਨੁੱਖਾਂ ਨੇ ਮਨ ਘੜੰਤ ਕਹਾਣੀਆਂ, ਕਰਾਮਾਤਾਂ ਹੇਠ ਘੜ ਲਈਆਂ ਅਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਕੁਝ ਸ਼ਕਤੀਆਂ ਦਾ ਪਰਪੰਚ ਪ੍ਰਚਲਿਤ ਕਰ ਦਿੱਤਾ। ਲੋਕਾਂ ਨੂੰ ਇਹ ਭੁਲੇਖਾ ਪਾ ਦਿੱਤਾ ਗਿਆ ਕਿ ਫਲਾਨੇ-ਫਲਾਨੇ ਕਰਮਕਾਂਡ, ਤਿਆਗ, ਜਪ-ਤਪ, ਹਠ ਕਰਕੇ ਰਿੱਧੀ-ਸਿੱਧੀ ਕਰਾਮਾਤ ਮਨੁੱਖ ਦੇ ਵਸ ਆ ਜਾਂਦੀ ਹੈ। ਜਿਸ ਨਾਲ ਮਨੁੱਖ ਜੋ ਚਾਹੇ ਲੈ ਸਕਦਾ ਹੈ, ਅੱਖਾਂ ਬੰਦ ਕਰਕੇ ਜਿੱਥੇ ਮਰਜ਼ੀ ਅਸਮਾਨਾਂ ’ਚ, ਪਰਦੇਸਾਂ ’ਚ, ਸਵਰਗ ’ਚ ਜਾ ਕੇ ਆ ਸਕਦਾ ਹੈ। ਸੋ ਉਸ ਪਾਖੰਡ ਨੂੰ ਅੱਜ ਤਕ ਕਈ ਤਾਂਤ੍ਰਿਕ ਧਰਮ ਦੇ ਨਾਮ ਹੇਠ ਅਖੌਤੀ ਸੰਤ, ਬ੍ਰਹਮਗਿਆਨੀ, ਸਾਧੂ-ਬਾਬੇ, ਪੀਰ, ਫਕੀਰ ਆਦਿ ਨੇ ਆਪਣੇ ਚੇਲਿਆਂ ਰਾਹੀਂ ਧੁੰਮਾਇਆ ਹੋਇਆ ਹੈ ਕਿ ਇਹ ਮਹਾਪੁਰਖ ਦੇ ਹੱਥ ’ਚ ਫਲਾਣੀ-ਫਲਾਣੀ ਰਿਧੀ ਸਿਧੀ ਹੈ ਜਾਂ ਇਸਨੇ ਆਤਮਾਵਾਂ ਨੂੰ ਵਸ ’ਚ ਕੀਤਾ ਹੋਇਆ ਹੈ। ਇਸ ਡਰ ਸਹਮ ਹੇਠ ਲੋਕੀ ਭੁਲੇਖਾ ਖਾ ਜਾਂਦੇ ਹਨ ਤੇ ਉਨ੍ਹਾਂ ਦੇ ਡੇਰਿਆਂ ’ਚ ਜੋ ਉਹ ਭਰਮ ਪੈਦਾ ਕਰਕੇ ਲੁਟਣਾ ਚਾਹੁੰਦੇ ਹਨ, ਲੁਟਾਉਂਦੇ ਰਹਿੰਦੇ ਹਨ ਤੇ ਮਨੋਕਾਮਨਾ ਪੂਰੀਆਂ ਹੋਣ ਦੀ ਰਿੱਧੀ ਸਿੱਧੀ, ਕਰਾਮਾਤਾਂ ’ਚ ਫਸ ਕੇ ਖੁਆਰ ਹੁੰਦੇ ਰਹਿੰਦੇ ਹਨ ਅਤੇ ਧਨ, ਪਦਾਰਥ, ਜ਼ਮੀਨ, ਇਸਤ੍ਰੀ, ਬੱਚੇ ਬਲੀ ਚੜ੍ਹਾਉਂਦੇ ਰਹਿੰਦੇ ਹਨ। ਐਸੇ ਭਰਮਾਂ ਤੋਂ ਬਚ ਕੇ ਰਹਿਣਾ ਹੈ।

ਵੀਰ ਭੁਪਿੰਦਰ ਸਿੰਘ
.