.

ਇਕ ਗੰਦੀ ਜਹੀ ਕਿਤਾਬ ਨੂੰ ਜਦੋਂ ਮੈਂ ਰੁਮਾਲਿਆਂ ਵਿੱਚ ਲਪੇਟ ਕੇ ਲਿਆਇਆ

ਅੱਜ ਤੋਂ ਕੋਈ ਅਠੱਤੀ ਕੁ ਸਾਲ ਪਹਿਲਾਂ ਜਦੋਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਸ਼ੁਰੂ ਕੀਤਾ ਤਾਂ ਮਨ ਵਿੱਚ ਸਹਿਜੇ ਹੀ ਇਹ ਸਵਾਲ ਆਇਆ ਕਿ ਨਿੱਤਨੇਮ ਵਿੱਚ ਪੜ੍ਹਨ ਵਾਲੀਆਂ ਬਾਣੀਆਂ ਵਿਚੋਂ ਤਿੰਨ ਤਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀਂ ਹਨ। ਤਾਂ ਫਿਰ ਉਹ ਕਿਥੋਂ ਹਨ? ਇਹ ਤਾਂ ਪਤਾ ਸੀ ਕਿ ਇਹਨਾ ਬਾਣੀਆਂ ਨੂੰ ਦਸਮੇਂ ਪਾਤਸ਼ਾਹ ਦੀ ਬਾਣੀ ਕਿਹਾ ਜਾਂਦਾ ਹੈ ਪਰ ਜਿਸ ਗ੍ਰੰਥ ਵਿਚੋਂ ਇਹ ਲਈਆਂ ਗਈਆਂ ਸਨ ਉਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਸਿਰਫ ਇਤਨਾ ਹੀ ਪਤਾ ਸੀ ਕਿ ਇੱਕ ਹੋਰ ਗ੍ਰੰਥ ਨੂੰ ਦਸਮੇਂ ਪਾਤਸ਼ਾਹ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਪਰ ਇਹ ਨਹੀਂ ਸੀ ਪਤਾ ਕਿ ਉਸ ਗ੍ਰੰਥ ਵਿੱਚ ਹੋਰ ਕੀ ਕੁੱਝ ਹੈ ਅਤੇ ਉਹ ਗ੍ਰੰਥ ਕਿਤਨਾ ਕੁ ਵੱਡਾ ਹੈ?
ਪੰਜ ਬਾਣੀਆਂ ਦਾ ਪਾਠ ਕਰਨ ਸਮੇਂ ਪਹਿਲੇ ਕੁੱਝ ਦਿਨਾ ਵਿੱਚ ਹੀ ਮਨ ਵਿੱਚ ਸ਼ੰਕੇ ਉਠਣੇ ਸ਼ੁਰੂ ਹੋ ਗਏ ਕਿ ਦਸਮੇਂ ਗੁਰੂ ਨਾਲ ਜੋੜੀਆਂ ਬਾਣੀਆਂ ਵਿੱਚ ਨਾਨਕ ਪਦ ਕਿਉਂ ਨਹੀਂ ਹੈ, ਇਸ ਵਿੱਚ ਮਹਲਾ ਕਿਉਂ ਨਹੀਂ ਹੈ? ਚੌਪਈ ਦੇ ਪਾਠ ਸਮੇਂ ਤਾਂ ਮਨ ਇਸ ਨੂੰ ਗੁਰਬਾਣੀ ਮੰਨਣ ਲਈ ਵੀ ਸ਼ੰਕੇ ਉਠਾ ਰਿਹਾ ਸੀ। ਇਹ ਇਸ ਕਰਕੇ ਨਹੀਂ ਸੀ ਹੋ ਰਿਹਾ ਕਿ ਮੈਂ ਕੋਈ ਪੜ੍ਹਿਆ ਲਿਖਿਆ ਵਿਦਵਾਨ ਸੀ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਸੀ। ਮੈਂ ਤਾਂ ਪਿੰਡ ਵਿਚੋਂ ਪਸ਼ੂ ਚਾਰਦਾ ਅਤੇ ਨੱਕੇ ਮੋੜਦਾ ਆਇਆ ਸੀ। ਫਿਰ ਮਨ ਸ਼ੰਕੇ ਕਿਉਂ ਕਰ ਰਿਹਾ ਸੀ? ਮਨ ਸ਼ੰਕੇ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਪੰਜ ਬਾਣੀਆਂ ਦੇ ਪਾਠ ਤੋਂ ਪਹਿਲਾਂ ਗੁਰਬਾਣੀ ਪੜ੍ਹਨ ਦਾ ਕਾਫੀ ਅਭਿਆਸ ਹੋ ਗਿਆ ਸੀ। ਸਹਿਜ ਪਾਠ ਅਤੇ ਅਖੰਡਪਾਠ ਦੀਆਂ ਰੌਲਾਂ ਲਉਣੀਆਂ ਮੈਂ ਕਈ ਸਾਲ ਪਹਿਲਾਂ ਸ਼ੁਰੂ ਕਰ ਦਿੱਤੀਆਂ ਸਨ। ਹਰ ਇੱਕ ਦੇ ਸਮਝ ਵਿੱਚ ਆਉਣ ਵਾਲੀ ਸਰਲ ਬਾਣੀ ਦੇ ਕਈ ਸ਼ਬਦਾਂ ਦੇ ਅਰਥ ਤਾਂ ਬਿੱਲਕੁੱਲ ਚੌਪਈ ਦੇ ਅਰਥਾਂ ਨਾਲ ਮੇਲ ਖਾਂਦੇ ਨਹੀਂ ਦਿਸਦੇ ਸਨ। ਇਸ ਲਈ ਸ਼ੰਕੇ ਉਠਣੇ ਸੁਭਾਵਕ ਗੱਲ ਸੀ। ਇਸ ਬਾਰੇ ਗੁਣੀ ਗਿਆਨੀਆਂ ਨਾਲ ਬਹੁਤ ਸਵਾਲ ਜਵਾਬ ਕੀਤੇ ਪਰ ਤਸੱਲੀ ਬਖ਼ਸ਼ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਬਹੁਤਿਆਂ ਦਾ ਜਵਾਬ ਤਾਂ ਇਹੀ ਹੁੰਦਾ ਸੀ ਕਿ ਗੁਰੂ ਦੀਆਂ ਗੁਰੂ ਹੀ ਜਾਣੇ, ਸ਼ੰਕਾ ਨਹੀਂ ਕਰੀਦਾ ਹੁੰਦਾ, ਬਾਣੀ ਵੱਧ ਤੋਂ ਵੱਧ ਪੜ੍ਹਿਆ ਕਰੋ। ਬਾਣੀ ਵੱਧ ਪੜ੍ਹਨ ਦੇ ਸੁਝਾਓ ਨੂੰ ਮੰਨ ਕੇ ਚੌਪਈ ਵੱਡੀ ਤੋਂ ਵੱਡੀ ਅਤੇ ਸਭ ਤੋਂ ਵੱਡੀ ਵੀ ਕੁੱਝ ਸਮੇਂ ਲਈ ਪੜ੍ਹਦਾ ਰਿਹਾ ਹਾਂ।
ਮਨ ਦੇ ਸ਼ੰਕੇ ਆਪ ਦੂਰ ਕਰਨ ਲਈ ਦਸਮੇਂ ਗੁਰੂ ਨਾਲ ਜੋੜੇ ਜਾਂਦੇ ਗ੍ਰੰਥ ਦੀ ਭਾਲ ਸ਼ੁਰੂ ਕੀਤੀ ਜੋ ਕਿ ਇੱਥੇ ਮਿਲ ਨਾ ਸਕਿਆ। ਸੰਨ 1980 ਵਿੱਚ ਜਾਣੀ ਕਿ ਅੱਜ ਤੋਂ 36 ਕੁ ਸਾਲ ਪਹਿਲਾਂ ਇੰਡੀਆ ਵਿੱਚ ਜਾਣ ਦਾ ਸਬੱਬ ਬਣਿਆ ਤਾਂ ਉਥੋਂ ਲਿਆਉਣ ਦਾ ਮਨ ਬਣਿਆ। ਉਸ ਵੇਲੇ ਸਾਡੇ ਪਿੰਡ ਵਿੱਚ ਨਿਹੰਗ ਸਿੰਘ ਰਹਿੰਦੇ ਸਨ। ਉਹਨਾ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਦੇ ਗ੍ਰੰਥ ਦੀ ਭਾਲ ਵਿੱਚ ਹਾਂ ਤੁਸੀਂ ਦੱਸੋ ਕਿ ਉਹ ਕਿਥੋਂ ਮਿਲ ਸਕਦਾ ਹੈ? ਉਹਨਾ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਆਪ ਹੀ ਇੰਤਜ਼ਾਮ ਕਰ ਦਿਆਂਗੇ। ਕਨੇਡਾ ਵਾਪਸ ਆਉਣ ਤੋਂ ਕੁੱਝ ਦਿਨ ਪਹਿਲਾਂ ਫਿਰ ਯਾਦ ਕਰਾਇਆ ਤਾਂ ਨਿਹੰਗਾਂ ਦੇ ਮੁਖੀ ਨੇ ਇੱਕ ਵੱਡ ਅਕਾਰੀ ਗ੍ਰੰਥ ਇੱਕ ਸੰਦੂਕ ਵਿਚੋਂ ਕੱਢ ਕੇ ਸਤਿਕਾਰ ਸਹਿਤ ਮੇਰੇ ਹਵਾਲੇ ਕਰ ਦਿੱਤਾ। ਮੈਂ ਰੁਮਾਲਿਆਂ ਵਿੱਚ ਲਪੇਟ ਕੇ ਘਰੇ ਲੈ ਆਇਆ। ਵਾਪਸ ਆਉਣ ਸਮੇਂ ਰਾਹ ਵਿੱਚ ਕਿਤੇ ਕੋਈ ਬੇਅਦਬੀ ਨਾ ਹੋ ਜਾਵੇ, ਇਸ ਬਾਰੇ ਵੀ ਨਿਹੰਗਾਂ ਦੇ ਮੁਖੀ ਨੂੰ ਕਈ ਸਵਾਲ-ਜਵਾਬ ਕੀਤੇ।
ਜਿਉਂ-ਜਿਉਂ ਵਾਪਸ ਆਉਣ ਦੀ ਤਾਰੀਕ ਨੇੜੇ ਆਉਂਦੀ ਗਈ ਮੈਂ ਇਸ ਗ੍ਰੰਥ ਨੂੰ ਵੱਧ ਤੋਂ ਵੱਧ ਸਤਿਕਾਰ ਨਾਲ ਲਿਜਾਣ ਦੀ ਵਿਉਂਤ-ਬੰਦੀ ਕਰਨ ਲੱਗਾ। ਮੇਰੀ ਇੱਕ ਮਾਸੀ ਮੇਰੀ ਮਾਮੀ ਲਈ, ਜੋ ਕਿ ਯੂ. ਕੇ. ਵਿੱਚ ਰਹਿੰਦੀ ਸੀ ਉਸ ਲਈ ਇੱਕ ਖਾਸ ਕਿਸਮ ਦੀ ਹੱਥ ਵਿੱਚ ਫੜਨ ਵਾਲੀ ਟੋਕਰੀ ਜਿਹੀ ਲਆਈ ਸੀ। ਮੈਂ ਇਸ ਗ੍ਰੰਥ ਨੂੰ ਉਸ ਵਿੱਚ ਪਾ ਲਿਆ ਅਤੇ ਵਾਪਸ ਆਉਣ ਸਮੇਂ ਕੁੱਝ ਸਮੇਂ ਲਈ ਯੂ. ਕੇ ਠਹਿਰ ਕੇ ਆਇਆ ਸੀ ਉਥੇ ਇਹ ਟੋਕਰੀ ਮਾਮੀ ਜੀ ਨੂੰ ਦੇਣੀ ਸੀ। ਪਰ ਇਹ ਟੋਕਰੀ ਮਾਮੀ ਜੀ ਨੂੰ ਦੇ ਨਾ ਸਕਿਆ ਤਾਂ ਕੇ ਕਿਤੇ ਇਸ ਵਿੱਚ ਰੱਖੇ ਗ੍ਰੰਥ ਦੀ ਕੋਈ ਬੇਅਦਵੀ ਨਾ ਹੋ ਜਾਵੇ। ਮੇਰੀ ਮਾਮੀ ਨੂੰ ਪਤਾ ਸੀ ਕਿ ਇਹ ਟੋਕਰੀ ਮਾਮੀ ਜੀ ਲਈ ਭੇਜੀ ਗਈ ਹੈ ਪਰ ਉਸ ਨੇ ਇਸ ਦੀ ਸਿੱਧੀ ਤਾਂ ਮੰਗ ਨਾ ਕੀਤੀ ਪਰ ਅਸਿੱਧੇ ਤੌਰ ਤੇ ਗੱਲ ਜਰੂਰ ਸੁਣਾਈ। ਮੇਰੇ ਮਨ ਵਿੱਚ ਦੁਬਿਧਾ ਆ ਗਈ ਕਿ ਜੇ ਕਰ ਇਹ ਟੋਕਰੀ ਦਿੰਦਾ ਹਾਂ ਤਾਂ ਇਸ ਗ੍ਰੰਥ ਦੀ ਬੇਅਦਵੀ ਹੋਣ ਦਾ ਡਰ ਹੈ ਅਤੇ ਜੇ ਕਰ ਨਹੀਂ ਦਿੰਦਾ ਤਾਂ ਮਾਮੀ ਮਾਸੀ ਦੇ ਗੁੱਸੇ ਹੋਣ ਦਾ ਡਰ ਹੈ। ਮੇਰੇ ਮਾਮੀ ਜੀ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਸਨ ਉਹਨਾ ਨੇ ਕੋਈ ਗੁੱਸਾ ਜਾਹਰ ਨਾ ਕੀਤਾ ਅਤੇ ਰੋਟੀ-ਪਾਣੀ ਪਿਆਰ ਨਾਲ ਛਕਾਉਂਦੇ ਰਹੇ। ਇਹ ਗ੍ਰੰਥ ਉਸੇ ਤਰ੍ਹਾਂ ਰੁਮਾਲਿਆਂ ਵਿੱਚ ਲਪੇਟਿਆ ਹੋਇਆ ਅਤੇ ਟੋਕਰੀ ਵਿੱਚ ਰੱਖਿਆ ਹੋਇਆ ਆਪਣੇ ਪੱਟਾਂ ਉਪਰ ਰੱਖ ਕੇ ਜਹਾਜ ਦੀ ਸੀਟ ਤੇ ਬੈਠਾ ਰਿਹਾ ਅਤੇ ਆ ਕੇ ਵੈਨਕੂਵਰ ਦੇ ਹਵਾਈ ਅੱਡੇ ਤੇ ਉਤਰ ਆਇਆ। ਜਦੋਂ ਕਸਟਮ ਹੋਇਆ ਤਾਂ ਕਸਟਮ ਅਫਸਰ ਨੇ ਇਸ ਗ੍ਰੰਥ ਨੂੰ ਖੋਲ ਕੇ ਦੇਖਣਾ ਚਾਹਿਆ। ਮੈਂ ਉਸ ਕਸਟਮ ਅਫਸਰ ਨੂੰ ਕਿਹਾ ਕਿ ਇਹ ਸਾਡੇ ਦਸਮੇਂ ਗੁਰੂ ਦਾ ਇੱਕ ਬਹੁਤ ਹੀ ਪਵਿੱਤਰ ਗ੍ਰੰਥ ਹੈ ਅਤੇ ਹੋ ਸਕਦਾ ਹੈ ਕਿ ਤੇਰੇ ਹੱਥ ਜੂਠੇ ਅਤੇ ਸਿਗਰਟਾਂ ਵਾਲੇ ਹੋਣ ਇਸ ਲਈ ਮੈਂ ਇਸ ਦੀ ਬੇਅਦਬੀ ਹੋਣ ਤੋਂ ਡਰਦਾ ਹਾਂ। ਉਹ ਅਫਸਰ ਸਿਆਣਾ ਸੀ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੱਥ ਨਹੀਂ ਲਾਉਂਦਾ ਪਰ ਜਿਸ ਤਰ੍ਹਾਂ ਮੈਂ ਕਹਾਂਗਾ ਉਸੇ ਤਰ੍ਹਾਂ ਕਰੀਂ। ਮੈਂ ਕਿਹਾ ਕਿ ਦੱਸ ਕੀ ਕਰਾਂ? ਉਸ ਨੇ ਇਸ ਗ੍ਰੰਥ ਨੂੰ ਰੁਮਾਲਿਆਂ ਵਿਚੋਂ ਬਾਹਰ ਕੱਢਣ ਲਈ ਕਿਹਾ ਅਤੇ ਮੈਂ ਕੱਢ ਕਿ ਹੱਥਾਂ ਵਿੱਚ ਫੜ ਲਿਆ। ਫਿਰ ਉਸ ਨੇ ਇਸ ਦੇ ਵਰਕੇ ਫਰੋਲਣ ਲਈ ਕਿਹਾ ਮੈਂ ਉਹ ਵੀ ਫਰੋਲ ਕੇ ਦਿਖਾ ਦਿੱਤੇ ਤਾਂ ਉਸ ਨੇ ਤਸੱਲੀ ਹੋਣ ਤੇ ਬਾਹਰ ਜਾਣ ਦੀ ਇਜ਼ਾਜਤ ਦੇ ਦਿੱਤੀ। ਬਾਹਰ ਆ ਕੇ ਮੈਂ ਸ਼ੁਕਰ ਕੀਤਾ ਕਿ ਮੈਂ ਇੱਕ ਖਾਸ ਗ੍ਰੰਥ ਨੂੰ ਸਤਿਕਾਰ ਨਾਲ ਲਿਆਉਣ ਵਿੱਚ ਕਾਮਯਾਬ ਹੋ ਗਿਆ ਹਾਂ।
ਪੂਰੇ ਸਤਿਕਾਰ ਨਾਲ ਇਸ ਗ੍ਰੰਥ ਨੂੰ ਲੈ ਕੇ ਮੈਂ ਆਪਣੇ ਰਹਿਣ ਵਾਲੇ ਸ਼ਹਿਰ ਵਿੱਚ ਪਹੁੰਚ ਹੀ ਗਿਆ। ਘਰ ਵਿੱਚ ਇਸ ਨੂੰ ਸਤਿਕਾਰ ਨਾਲ ਉਚੇ ਥਾਂ ਤੇ ਰੱਖ ਦਿੱਤਾ। ਛੁੱਟੀ ਵਾਲੇ ਦਿਨ ਇਸ ਨੂੰ ਮੁੱਢ ਤੋਂ ਪੜ੍ਹਨਾ ਸ਼ੁਰੂ ਕੀਤਾ ਜਾਂ ਇਉਂ ਸਮਝ ਲਓ ਕਿ ਇਸ ਦਾ ਇੱਕ ਕਿਸਮ ਦਾ ਸਹਿਜ ਪਾਠ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਮੈਂ ਸਮਝਦਾ ਸੀ ਉਸ ਤਰ੍ਹਾਂ ਨਹੀਂ ਹੋਇਆ। ਮੈਂ ਤਾਂ ਇਹ ਸਮਝਦਾ ਸੀ ਕਿ ਇਸ ਨੂੰ ਪੜ੍ਹ ਕੇ ਆਤਮਿਕ ਰਸ ਆਵੇਗਾ ਅਤੇ ਸਮਝ ਕੇ ਗਿਆਨ ਵਿੱਚ ਵਾਧਾ ਹੋਵੇਗਾ। ਪਰ ਹੋਇਆ ਕੁੱਝ ਵੀ ਨਹੀਂ। ਥੋੜਾ ਕੁ ਚਿਰ ਮੈਂ ਇਸ ਨੂੰ ਪੜ੍ਹਿਆ ਅਤੇ ਫਿਰ ਸਤਿਕਾਰ ਨਾਲ ਆਪਣੇ ਗੁਰਦੁਆਰੇ ਵਿੱਚ ਰੱਖ ਆਇਆ। ਸਤਿਕਾਰ ਅਤੇ ਸ਼ਰਧਾ ਵੱਸ ਇੱਕ ਵੱਡੀ ਗਲਤੀ ਵੀ ਕਰ ਆਇਆ। ਉਹ ਗਲਤੀ ਇਹ ਸੀ ਕਿ ਇਸ ਗ੍ਰੰਥ ਨੂੰ ਮੈਂ ਉਥੇ ਰੱਖ ਕੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਨ ਹੁੰਦਾ ਸੀ, ਭਾਵ ਕਿ ਉਸੇ ਤਖ਼ਤ/ਪਲੰਘ ਉਪਰ। ਫਿਰ ਜਦੋਂ ਇਸ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਮੈਂ ਗੁਰਦੁਆਰਾ ਕਮੇਟੀ ਦੇ ਇੱਕ ਸੱਜਣ ਸੂਬੇਦਾਰ ਉਜਾਗਰ ਸਿੰਘ ਨੂੰ ਪੁੱਛਿਆ ਕਿ ਆਹ ਗ੍ਰੰਥ ਮੈਂ ਗਲਤੀ ਨਾਲ ਇਸ ਥਾਂ ਉਪਰ ਰੱਖ ਆਇਆ ਸੀ ਕੀ ਉਹ ਹਾਲੇ ਵੀ ਕਿਤੇ ਉਥੇ ਤਾਂ ਨਹੀਂ ਪਿਆ? ਤਾਂ ਉਹਨਾ ਨੇ ਕਿਹਾ ਕਿ ਨਹੀਂ ਅਸੀਂ ਉਸ ਨੂੰ ਉਥੋਂ ਚੁੱਕ ਦਿੱਤਾ ਸੀ। ਇਹ ਸੂਬੇਦਾਰ ਆਪਣੀ ਲੰਮੀ ਉਮਰ ਭੋਗ ਕੇ ਹੁਣ ਇਸ ਸੰਸਾਰ ਤੋਂ ਜਾ ਚੁੱਕਾ ਹੈ।
ਇਹ ਗ੍ਰੰਥ ਲਿਆਉਣ ਤੋਂ ਤਿੰਨ ਕੁ ਸਾਲ ਬਾਅਦ, ਜਾਣੀ ਕਿ ਦੀ 33 ਕੁ ਸਾਲ ਪਹਿਲਾਂ ਪ੍ਰਿੰ: ਹਰਿਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਕਨੇਡਾ ਵਿੱਚ ਆਏ ਸਨ। ਇਹਨਾ ਤਿੰਨ ਕੁ ਸਾਲਾਂ ਵਿੱਚ ਮੈਂ ਗੁਰਮਤਿ ਦੀਆਂ ਕਾਫੀ ਕਿਤਾਬਾਂ ਪੜ੍ਹ ਲਈਆਂ ਸਨ ਜਿਹਨਾ ਵਿੱਚ ਪ੍ਰਿੰ: ਹਰਿਭਜਨ ਸਿੰਘ ਦੀਆਂ ਵੀ ਕਈ ਸਨ। ਇਸ ਤੋਂ ਪਹਿਲਾਂ ਗਿ: ਸੰਤ ਸਿੰਘ ਮਸਕੀਨ ਕਨੇਡਾ ਵਿੱਚ ਦਸਮ ਗ੍ਰੰਥ ਦੇ ਹੱਕ ਵਿੱਚ ਕਾਫੀ ਪ੍ਰਚਾਰ ਕਰ ਚੁੱਕਾ ਸੀ। ਮਸਕੀਨ ਦੇ ਵਿਚਾਰਾਂ ਵਾਲੇ ਹੋਰ ਵੀ ਕਈ ਬੁਲਾਰੇ ਆਉਂਦੇ ਰਹੇ ਜਿਹਨਾ ਵਿੱਚ ਇੱਕ ਸ਼ਾਇਦ ਦਲੀਪ ਸਿੰਘ ਦਰਦੀ ਵੀ ਸਨ। ਇਹ ਸਾਰੇ ਸੱਜਣ ਬੇਨਤੀ ਚੌਪਈ ਅਤੇ ਗਿ: ਭਾਗ ਸਿੰਘ ਨੂੰ ਛੇਕਣ ਦੀਆਂ ਗੱਲਾਂ ਬੜੇ ਚਟਕਾਰੇ ਲਾ ਕੇ ਸੁਣਾਉਂਦੇ ਹੁੰਦੇ ਸਨ। ਮੇਰੀ ਪ੍ਰਿੰ: ਹਰਿਭਜਨ ਸਿੰਘ ਨਾਲ ਪਹਿਲਾਂ ਕੋਈ ਵੀ ਜਾਣ ਪਛਾਣ ਨਹੀਂ ਸੀ, ਸਿਰਫ ਉਹਨਾ ਦੀਆਂ ਕੁੱਝ ਕਿਤਾਬਾਂ ਹੀ ਪੜ੍ਹੀਆਂ ਸਨ। ਇਹਨਾ ਨੂੰ ਮੈਂ ਆਪਣੇ ਸ਼ਹਿਰ ਵਿੱਚ ਸੱਦਿਆ ਅਤੇ ਆਪਣੇ ਕੋਲ ਹਫਤਾ ਕੁ ਰੱਖਿਆ। ਇਸ ਸਮੇਂ ਦਸਮ ਗ੍ਰੰਥ, ਚੌਪਈ ਅਤੇ ਗੁਰਮਤਿ ਦੀਆਂ ਹੋਰ ਬਹੁਤ ਸਾਰੀਆਂ ਵਿਚਾਰਾਂ ਅਤੇ ਸਵਾਲ ਜਵਾਬ ਹੋਏ। ਇਹਨਾ ਨੇ ਦਸਮ ਗ੍ਰੰਥ ਬਾਰੇ ਗੁਰਦੁਆਰੇ ਵਿੱਚ ਲੈਕਚਰ ਵੀ ਦਿੱਤੇ। ਚੌਪਈ ਬਾਰੇ ਇਹਨਾ ਦੇ 100% ਵਿਚਾਰ ਮੇਰੇ ਨਾਲ ਮਿਲਦੇ ਸਨ। ਭਾਵ ਕਿ ਇਹ ਇਸ ਨੂੰ ਦਸਮੇਂ ਗੁਰੂ ਦੀ ਲਿਖਤ ਨਹੀਂ ਮੰਨਦੇ ਸਨ। ਕਿਉਂਕਿ ਇਹਨਾ ਨੇ ਪ੍ਰੋ: ਸਾਹਿਬ ਸਿੰਘ ਤੋਂ ਬਾਅਦ ਸ਼ਹੀਦ ਸਿੰਘ ਮਿਸ਼ਨਰੀ ਕਾਲਜ਼ ਵਿੱਚ ਅਹੁਦਾ ਸੰਭਾਲਿਆ ਸੀ ਅਤੇ ਪ੍ਰੋ: ਸਾਹਿਬ ਸਿੰਘ ਦੇ ਵਿਚਾਰਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਹ ਦੋਵੇਂ ਅਕਾਲ ਉਸਤਤ ਵਾਲੀ ਚੌਪਈ ਨੂੰ ਮੰਨਦੇ ਸਨ ਚਰਿਤ੍ਰੋ ਪਖਿਆਨ ਵਾਲੀ ਬੇਨਤੀ ਚੌਪਈ ਨੂੰ ਨਹੀਂ। ਇਹ ਦੋਵੇਂ ਦਸਮ ਗ੍ਰੰਥ ਵਿਚਲੀਆਂ ਕੁੱਝ ਕੁ ਚੋਣਵੀਆਂ ਰਚਨਾਵਾਂ ਨੂੰ ਦਸਮ ਗੁਰੂ ਦੀ ਕਿਰਤ ਮੰਨਦੇ ਸਨ ਅਤੇ ਬਾਕੀ ਸਾਰੇ ਨੂੰ ਰੱਦ ਕਰਦੇ ਸਨ ਖਾਸ ਕਰਕੇ ਪ੍ਰਿੰ: ਹਰਿਭਜਨ ਸਿੰਘ ਜੀ। ਇਹਨਾ ਨੇ ਦਸਮ ਗ੍ਰੰਥ ਬਾਰੇ ਕਈ ਕਿਤਾਬਾਂ ਵੀ ਲਿਖੀਆਂ ਸਨ। ਉਸ ਸਮੇਂ ਜਿਤਨੀ ਕੁ ਜਾਣਕਾਰੀ ਹਫਤੇ ਵਿੱਚ ਦਸਮ ਗ੍ਰੰਥ ਬਾਰੇ ਮਿਲ ਸਕਦੀ ਸੀ ਲੈਣ ਦੀ ਕੋਸ਼ਿਸ਼ ਕੀਤੀ। ਪਰ ਪੂਰੀ ਤਸੱਲੀ ਉਦੋਂ ਹੀ ਹੋਈ ਜਦੋਂ ਇਸ ਦੇ ਟੀਕੇ ਤਿਆਰ ਹੋ ਕਿ ਮਾਰਕੀਟ ਵਿੱਚ ਆ ਗਏ। ਜਦੋਂ ਇਹ ਟੀਕੇ ਪੜ੍ਹਨੇ ਸ਼ੁਰੂ ਕੀਤੇ ਤਾਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਹੈਂ ਇਹ ਕੀ? ਕੀ ਇਹ ਦੁਨੀਆ ਭਰ ਦਾ ਝੂਠ ਦੇ ਗੰਦ ਗੁਰੂ ਦੀ ਬਾਣੀ ਹੈ? ਨਹੀਂ ਨਹੀਂ ਅਜਿਹਾ ਕਦੀ ਵੀ ਨਹੀਂ ਹੋ ਸਕਦਾ। ਇਹ ਤਾਂ ਗੁਰੂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਥੋੜਾ ਜਿਹਾ ਹਿੱਸਾ ਪੜ੍ਹ ਕੇ ਹੀ ਤਸੱਲੀਆਂ ਹੋ ਗਈਆਂ ਅਤੇ ਅਗਾਂਹ ਪੜ੍ਹਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ, ਮਨ ਆਪਣੇ ਆਪ ਵਿੱਚ ਲਾਹਣਤਾਂ ਪਉਣ ਲੱਗ ਪਿਆ ਕਿ ਹੇ ਮਨਾ ਤੂੰ ਸ਼ਰਧਾ ਦੇ ਵੱਸ ਇੱਕ ਗੰਦੀ ਜਿਹੀ ਕਿਤਾਬ ਨੂੰ ਕਿਸ ਤਰ੍ਹਾਂ ਰੁਮਾਲਿਆਂ ਵਿੱਚ ਲਪੇਟ ਕੇ ਲਿਆਇਆਂ ਹੈਂ ਕੀ ਤੈਨੂੰ ਸ਼ਰਮ ਨਹੀਂ ਆਈ? ਲਿਆਉਣ ਵੇਲੇ ਬਿੱਲਕੁੱਲ ਨਹੀਂ ਆਈ ਸੀ, ਕਿਉਂਕਿ ਸ਼ਰਧਾ ਸੀ ਪਰ ਹੁਣ ਜਦੋਂ ਇਸ ਦਾ ਗਿਆਨ ਹੋ ਗਿਆ ਤਾਂ ਜਰੂਰ ਆਉਂਦੀ ਹੈ।
ਜਦੋਂ ਭੁਲੇਖਾ ਦੂਰ ਹੋ ਕਿ ਕਿਸੇ ਗੱਲ ਦਾ ਗਿਆਨ ਹੋ ਜਾਵੇ ਤਾਂ ਵਿਚਾਰਾਂ ਵਿੱਚ ਤਬਦੀਲੀ ਆਉਣੀ ਲਾਜਮੀ ਹੈ। ਜਦੋਂ ਵਿਚਾਰ ਬਦਲ ਜਾਂਦੇ ਹਨ ਤਾਂ ਕਹਿ ਦਿੰਦੇ ਹਨ ਕਿ ਬੰਦਾ ਬਦਲ ਗਿਆ। ਪਹਿਲਾਂ ਜਿਸ ਗ੍ਰੰਥ ਪ੍ਰਤੀ ਸ਼ਰਧਾ ਸੀ ਉਹ ਬਦਲ ਕੇ ਉਲਟੀ ਬਣ ਗਈ। ਫਿਰ ਮਨ ਵਿੱਚ ਖਿਆਲ ਆਇਆ ਕੇ ਹੋਰ ਲੁਕਾਈ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਜਾਵੇ। ਇਸ ਲਈ ਆਪਣੀ ਵੈੱਬ ਸਾਈਟ ਸ਼ੁਰੂ ਕਰਕੇ ਸਭ ਤੋਂ ਪਹਿਲਾਂ ਦਸਮ ਗ੍ਰੰਥ ਬਾਰੇ ਜਾਣਕਾਰੀ ਮੈਂ ਹੀ ਇੰਟਰਨੈੱਟ ਤੇ ਪਉਣੀ ਸ਼ੁਰੂ ਕੀਤੀ ਸੀ ਤਾਂ ਮੇਰੇ ਨਾਲ ਕੋਈ ਵੀ ਖੜਣ ਲਈ ਤਿਆਰ ਨਹੀਂ ਸੀ। ਉਸ ਵੇਲੇ ਇੰਟਰਨੈੱਟ ਤੇ ਸਿਰਫ ਅੰਗ੍ਰੇਜ਼ੀ ਹੀ ਚਲਦੀ ਸੀ ਕੋਈ ਵੀ ਵੈੱਬ ਬਰਾਉਸਰ ਹੋਰ ਕਿਸੇ ਭਾਸ਼ਾਂ ਨੂੰ ਨਹੀਂ ਸੀ ਪੜ੍ਹ ਸਕਦਾ ਇਸ ਲਈ ਫਾਈਲਾਂ ਇਮਜ਼ ਬਣਾ ਕੇ ਪਉਣੀਆਂ ਪੈਂਦੀਆਂ ਸਨ ਅਤੇ ਫਿਰ ਕੁੱਝ ਸਮੇਂ ਬਾਅਦ ਥਾਂ ਦੀ ਤੰਗੀ ਕਾਰਨ ਕੱਢਣੀਆਂ ਪੈਂਦੀਆਂ ਸਨ। ਹੁਣ ਬਹੁਤ ਸਾਰੇ ਸਿੱਖਾਂ ਨੂੰ ਦਸਮ ਗ੍ਰੰਥ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਅਤੇ ਬੇ-ਖੌਫ ਹੋ ਕੇ ਇਸ ਬਾਰੇ ਲਿਖ ਰਹੇ ਹਨ। ਜਿਸ ਤਰ੍ਹਾਂ ਪਹਿਲਾਂ ਕਥਿਤ ਤੌਰ ਤੇ ਬਹੁਤੇ ਸਿੱਖ ਛੇਕਣ ਤੋਂ ਡਰਦੇ ਸਨ ਪਰ ਹੁਣ ਬਹੁਤਿਆਂ ਦਾ ਇਹ ਡਰ ਚੁਕਿਆ ਜਾ ਚੁੱਕਾ ਹੈ ਅਤੇ ਇਸ ਗੰਦੀ ਜਿਹੀ ਕਿਤਾਬ ਦੇ ਪਰਖਚੇ ਉਡਾਉਣੇ ਆਪਣਾ ਧਰਮ ਸਮਝ ਰਹੇ ਹਨ।
ਅਖੀਰ ਤੇ ਮੈਂ ਕੁੱਝ ਲਾਈਨਾ ਲਿਖ ਕੇ ਇਸ ਲੇਖ ਨੂੰ ਸਮਾਪਤ ਕਰ ਰਿਹਾ ਹਾਂ। ਇਹ ਲਾਈਨਾ ਸ਼ਾਇਦ ਹੀ ਕਿਸੇ ਨੂੰ ਚੰਗੀਆਂ ਲੱਗਣ ਇਸ ਬਾਰੇ ਨਾ ਤਾਂ ਮੈਂ ਪਹਿਲਾਂ ਕਿਸੇ ਦੀ ਕੋਈ ਪਰਵਾਹ ਕੀਤੀ ਹੈ ਅਤੇ ਨਾ ਹੀ ਹੁਣ ਹੈ। ਜਿਹੜੀ ਕੋਈ ਵੀ ਗੱਲ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਹੋਵੇ ਉਹ ਕਦੀ ਵੀ ਧਰਮ ਨਹੀਂ ਹੋ ਸਕਦੀ ਇਹ ਭਾਂਵੇ ਕਿਸੇ ਵਲੋਂ ਵੀ ਕਹੀ ਜਾਂ ਲਿਖੀ ਗਈ ਹੋਵੇ। ਇਹ ਦਸਮ ਨਾਮ ਦਾ ਗ੍ਰੰਥ ਮਨੁੱਖਤਾ ਵਿਰੋਧੀ ਗ੍ਰੰਥ ਹੈ ਅਤੇ ਇਸ ਨੂੰ ਗੁਰੂ ਦੀ ਲਿਖਤ ਮੰਨਣ ਵਾਲਿਆਂ ਨੂੰ ਕਦੀ ਵੀ ਧਰਮੀ ਨਹੀਂ ਕਿਹਾ ਜਾ ਸਕਦਾ। ਭਾਂਵੇਂ ਕਿ ਇਸ ਨੂੰ ਮੰਨਣ ਵਾਲੇ ਆਪਣੇ ਆਪ ਨੂੰ ਸਭ ਤੋਂ ਵੱਧ ਧਰਮੀ ਸਮਝਦੇ ਹਨ ਅਤੇ ਇਹਨਾ ਵਿਚੋਂ ਬਹੁਤੇ ਨੰਗੀਆਂ ਲੱਤਾਂ ਵਾਲੇ ਅਤੇ ਚੋਲਿਆਂ ਵਾਲੇ ਹੁੰਦੇ ਹਨ। ਇਸੇ ਗ੍ਰੰਥ ਤੋਂ ਪ੍ਰੇਰਨਾ ਲੈ ਕੇ ਗੁਰਮਤਿ ਵਿਰੋਧੀ ਵਿਚਾਰਾਂ ਵਾਲਾ ਇੱਕ ਸਾਧ ਸੀ ਜਰਨੈਲ ਸਿੰਘ ਭਿੰਡਰਾਂਵਾਲਾ। ਇਹਨਾ ਦੋਹਾਂ ਨੂੰ ਠੀਕ ਕਹਿਣ ਵਾਲੇ ਮਨੁੱਖਤਾ ਦੇ ਦੁਸ਼ਮਣ ਅਤੇ ਅਧਰਮੀ ਹਨ ਪਰ ਇਹ ਸਾਰੇ ਸਮਝਦੇ ਆਪਣੇ ਆਪ ਨੂੰ ਹੀ ਅਸਲੀ ਧਰਮੀ ਹਨ। ਕਈ ਸਾਰਾ ਕੁੱਝ ਜਾਣਦੇ ਹੋਏ ਵੀ ਦੋਗਲੀਆਂ ਗੱਲਾਂ ਕਰਦੇ ਹਨ ਅਤੇ ਕਈ ਸਾਰਾ ਦਿਨ ਧਰਮ ਦੇ ਨਾਮ ਤੇ ਝੂਠ ਬੋਲ ਕੇ ਵੀ ਸਭ ਤੋਂ ਵੱਧ ਸੱਚਾ ਹੋਣ ਅਤੇ ਸਚਾਈ ਤੇ ਖੜਨ ਦਾ ਢੰਡੋਰਾ ਪਿਟਦੇ ਹਨ। ਧਰਮ ਦੇ ਕੱਪੜੇ ਪਹਿਣ ਕੇ ਜਦੋਂ ਕੋਈ ਵੀ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਕੰਮ ਕਰਨ ਤਾਂ ਸਮਝ ਲਓ ਧਰਮ ਦੇ ਨਾਮ ਤੇ ਅਧਰਮ ਕਮਾਇਆ ਜਾ ਰਿਹਾ ਹੈ। ਇਹ ਭਾਂਵੇਂ ਭਗਵੇਂ ਕਪੜਿਆਂ ਵਿੱਚ ਹੋਣ, ਚਿੱਟੇ ਚੋਲਿਆਂ ਵਿੱਚ ਹੋਣ ਜਾਂ ਹੋਰ ਕਿਸੇ ਭੇਸ ਵਿੱਚ ਇਹ ਸਭ ਮਨੁੱਖਤਾ ਦੇ ਦੁਸ਼ਮਣ ਅਤੇ ਅਧਰਮੀ ਹਨ। ਇਹ ਧਰਮ ਦੇ ਨਾਮ ਤੇ ਜੁਲਮ ਕਰਨ ਵਾਲੇ ਭਾਂਵੇਂ ਕਥਿਤ ਖਾਲਿਸਤਾਨੀ ਹੋਣ, ਕੱਟੜ ਹਿੰਦੂ, ਹਿੰਦੀ ਹਿੰਦਸਤਾਨ ਵਾਲੇ ਹੋਣ ਤੇ ਭਾਂਵੇਂ ਇਸਲਾਮਿਕ ਸਟੇਟ ਬਣਾਉਣ ਵਾਲੇ ਆਈਸਸ ਵਾਲੇ। ਇਹ ਸਾਰੇ ਰਲ ਕੇ ਧਰਮ ਦੇ ਨਾਮ ਤੇ ਅਸਲੀ ਧਰਮੀ ਦੇਸ਼ ਬਣਾਉਣਾ ਚਾਹੁੰਦੇ ਹਨ ਪਰ ਆਪ ਹੈਣ ਸਾਰੇ (ਕਿਸੇ ਵਿਰਲੇ ਨੂੰ ਛੱਡ ਕੇ) ਨਕਲੀ ਧਰਮੀ ਅਤੇ ਮਨੁੱਖਤਾ ਦੇ ਦੁਸ਼ਮਣ।
ਮੱਖਣ ਸਿੰਘ ਪੁਰੇਵਾਲ,
ਸਤੰਬਰ 02, 2016.




.