.

ਸ਼ਬਦ ਗੁਰੂ ਤੋਂ ਗ੍ਰੰਥ ਗੁਰੂ

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)

Email: hp8689@gmail.com Cell: 403-681-8689

ਨੋਟ: ਇਹ ਲੇਖ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ, ਪਾਠਕਾਂ ਦੇ ਵਿਚਾਰਾਂ ਜਾਂ ਸੁਝਾਵਾਂ ਦੀ ਆਸ ਰਹੇਗੀ।

ਅਸੀਂ ਰੋਜ਼ਾਨਾ ਅਰਦਾਸ ਵਿੱਚ ਸੁਣਦੇ ਹਾਂ: ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ’। ਬੇਸ਼ਕ ਮੌਜੂਦਾ ਪ੍ਰਚਲਤ ਦੋਹਰਾ ਗਿਆਨੀ ਗਿਆਨ ਸਿੰਘ ਦੇ 19ਵੀਂ ਸਦੀ ਅੱਧ ਵਿੱਚ ਲਿਖੇ ਗ੍ਰੰਥ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਵਿਚੋਂ ਲਿਆ ਗਿਆ ਹੈ, ਪਰ ਪ੍ਰਚਲਤ ਸਾਖੀਆਂ ਅਨੁਸਾਰ ਇਹ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ, ਉਨ੍ਹਾਂ ਤੋਂ ਬਾਅਦ ਹੁਣ ‘ਗੁਰੂ’ ਸਰੀਰ ਰੂਪ ਵਿੱਚ ਨਹੀਂ, ਸਗੋਂ ‘ਗ੍ਰੰਥ’ ਰੂਪ ਵਿੱਚ ਹੋਵੇਗਾ। ਦਸ ਗੁਰੂਆਂ ਤੋਂ ਬਾਅਦ ਕੋਈ ਗੁਰੂ ਸਰੀਰ ਰੂਪ ਵਿੱਚ ਨਹੀਂ ਹੋਵੇਗਾ ਅਤੇ ਗ੍ਰੰਥ (ਆਦਿ ਗੁਰੂ ਗ੍ਰੰਥ ਸਾਹਿਬ) ਹੀ ਸਿੱਖਾਂ ਦਾ ਸਦੀਵੀ ਗੁਰੂ ਹੋਵੇਗਾ। ਇਸ ਸਬੰਧੀ ਸਿੱਖ ਵਿਦਵਾਨ ਜਾਂ ਪ੍ਰਚਾਰਕ ਇਹ ਵੀ ਕਹਿੰਦੇ ਹਨ ਕਿ ਇਸ ਗੱਲ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਨੇ ਹੀ ਆਪਣੀ ਬਾਣੀ ਵਿੱਚ ਕਰ ਦਿੱਤਾ ਸੀ ਕਿ ‘ਸਰੀਰ ਗੁਰੂ’ ਨਹੀਂ ਹੁੰਦਾ, ਸਗੋਂ ‘ਸ਼ਬਦ’ ਹੀ ਗੁਰੂ ਹੁੰਦਾ ਹੈ। ਇਸੇ ਲਈ ਗੁਰੂ ਨਾਨਾਕ ਸਾਹਿਬ ਨੂੰ ਜਦੋਂ ਸਿੱਧਾਂ ਨੇ ਸਵਾਲ ਕੀਤਾ ਸੀ: `ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ’ (ਪੰਨਾ: 942) ਤਾਂ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਸੀ: ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ (ਪੰਨਾ: 943) ਭਾਵ ‘ਸ਼ਬਦ ਹੀ ਮੇਰਾ ਗੁਰੂ ਹੈ ਅਤੇ ਆਪਣੀ ਸੁਰਤਿ ਨੂੰ ਉਸ ਸ਼ਬਦ ਦਾ ਚੇਲਾ ਬਣਾਉਣਾ ਹੈ।’ ਬੇਸ਼ਕ ਮੋਟੇ ਰੂਪ ਵਿੱਚ ਮੁੱਖਧਾਰਾ ਵਾਲੇ ਸਿੱਖਾਂ ਦੀ ਵੱਡੀ ਗਿਣਤੀ ‘ਸ਼ਬਦ ਗੁਰੂ’ ਤੋਂ ਭਾਵ ‘ਗ੍ਰੰਥ ਗੁਰੂ’ ਹੀ ਲੈਂਦੀ ਹੈ ਅਤੇ ਸਰੀਰ ਵਿੱਚ ਕਿਸੇ ਤਰ੍ਹਾਂ ਦੇ ਗੁਰੂ ਦੀ ਸੰਭਾਵਨਾ ਨੂੰ ਨਕਾਰਦੀ ਹੈ। ਪਰ ਮੁੱਖਧਾਰਾ ਵਾਲੇ ਸਿੱਖਾਂ ਵਿਚੋਂ ਹੀ ਇੱਕ ਵੱਡੀ ਗਿਣਤੀ ਅਜਿਹੀ ਵੀ ਹੈ, ਜਿਹੜੀ ਸਿੱਧੇ ਰੂਪ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦੇ ਮੁਕਾਬਲੇ ਕਿਸੇ ਹੋਰ ਵਿਅਕਤੀ ਨੂੰ ਭਾਵੇਂ ਗੁਰੂ ਤੇ ਨਹੀਂ ਮੰਨਦੀ, ਪਰ ਉਹ ਕਿਸੇ ਨਾ ਕਿਸੇ ‘ਸੰਤ-ਮਹਾਂਪੁਰਸ਼’ ਆਦਿ ਨਾਲ ਗੁਰੂ ਵਾਂਗ ਹੀ ਜੁੜੀ ਹੋਈ ਹੈ। ਦੂਜੇ ਪਾਸੇ ਸਿੱਖਾਂ ਵਿਚੋਂ ਨਿਕਲੇ ਚਾਰ ਵੱਡੇ ਫਿਰਕੇ ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ, ਸਰਸੇ ਵਾਲੇ ਆਦਿ ਸਪੱਸ਼ਟ ਰੂਪ ਵਿੱਚ ਵਿਅਕਤੀ ਨੂੰ ਹੀ ਗੁਰੂ ਮੰਨਦੇ ਹਨ। ਬੇਸ਼ਕ ਸ਼ੁਰੂ ਵਿੱਚ ਇਹ ਸਾਰੇ ਸਰੀਰਕ ਗੁਰੂ ਦੇ ਨਾਲ-ਨਾਲ ‘ਗੁਰੂ ਗ੍ਰੰਥ ਸਾਹਿਬ’ ਨੂੰ ਵੀ ਪੂਰਾ ਸਤਿਕਾਰ ਦਿੰਦੇ ਸਨ, ਪਰ ਸਿੱਖਾਂ ਵਲੋਂ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ਗੁਰੂ ਮੰਨਣ ਤੇ ਜ਼ੋਰ ਦੇਣ ਨਾਲ ਕਈ ਤਰ੍ਹਾਂ ਦੇ ਵਿਰੋਧ ਖੜੇ ਹੋਏ, ਜਿਸ ਨਾਲ ਹੁਣ ਰਾਧਾ ਸੁਆਮੀ, ਨਿਰੰਕਾਰੀ, ਸਰਸੇ ਵਾਲੇ ਆਦਿ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਹਟ ਗਏ ਹਨ, ਭਾਵੇਂ ਅਜੇ ਆਪਣੀ ਸਿੱਖਿਆ ਲਈ ਗੁਰਬਾਣੀ ਨੂੰ ਹੀ ਵਰਤਦੇ ਹਨ। ਨਾਮਧਾਰੀ ਸੰਪਰਦਾ ਵਾਲੇ ਆਪਣਾ ਵਿਅਕਤੀਗਤ ਗੁਰੂ ਵੀ ਮੰਨਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਨ। ਸਿੱਖਾਂ ਦੇ ਕੁੱਝ ਗਰੁੱਪਾਂ ਵਲੋਂ ਉਨ੍ਹਾਂ ਨੂੰ ਵੀ ਰਾਧਾ ਸੁਆਮੀਆਂ, ਨਿਰੰਕਾਰੀਆਂ ਆਦਿ ਵਾਂਗ ਸਿੱਖੀ ਤੋਂ ਪਰ੍ਹਾਂ ਧੱਕਣ ਲਈ ਯਤਨ ਜਾਰੀ ਹਨ, ਉਨ੍ਹਾਂ ਅਨੁਸਾਰ ਉਹ ਸਿਰਫ ‘ਗੁਰੂ ਗ੍ਰੰਥ ਸਾਹਿਬ’ ਨੂੰ ਗੁਰੂ ਮੰਨਣ ਜਾਂ ਫਿਰ ‘ਗੁਰੂ ਗ੍ਰੰਥ ਸਾਹਿਬ’ ਨੂੰ ਛੱਡ ਕੇ ਆਪਣੇ ਗੁਰੂ ਨੂੰ ਹੀ ਗੁਰੂ ਮੰਨਣ, ਜਿਸ ਤਰ੍ਹਾਂ ਹੁਣ ਰਾਧਾ ਸੁਆਮੀ, ਨਿਰੰਕਾਰੀ ਜਾਂ ਸਰਸੇ ਵਾਲੇ ਮੰਨਦੇ ਹਨ। ਪਾਠਕਾਂ ਦੀ ਜਾਣਕਾਰੀ ਲਈ ਇਹ ਵਰਨਣ ਕਰਨਾ ਜਰੂਰੀ ਹੈ ਕਿ ਰਾਧਾ ਸੁਆਮੀ ਮੱਤ ਦੇ ਪਹਿਲੇ ਮੁੱਖੀ ਸ਼ਿਵ ਦਿਆਲ ਸਿੰਘ ਦੀ ਪ੍ਰੰਪਰਾ ਵਿਚੋਂ ਬਾਅਦ ਵਿੱਚ ਤਿੰਨ ਗਰੁੱਪ ਬਣੇ ਸਨ, ਜਿਨ੍ਹਾਂ ਵਿਚੋਂ ਬਿਆਸ ਵਾਲੇ ਧੜੇ ਦੀ ਅਗਵਾਈ ਸੰਤ ਗੁਰਿੰਦਰ ਸਿੰਘ ਕਰ ਰਹੇ ਹਨ, ਦੂਜਾ ਧੜੇ ਨੂੰ ਦਿੱਲੀ ਵਿੱਚ ਸੰਤ ਰਜਿੰਦਰ ਸਿੰਘ ਚਲਾ ਰਿਹਾ ਹੈ ਅਤੇ ਤੀਜੇ ਧੜੇ ਦੀ ਅਗਵਾਈ ਸਰਸੇ ਵਾਲਾ ਗੁਰਮੀਤ ਰਾਮ ਰਹੀਮ ਕਰ ਰਿਹਾ ਹੈ। ਇਸ ਤੋਂ ਇਲਾਵਾ ਮੁੱਖਧਾਰਾ ਵਾਲੇ ਸਿੱਖਾਂ ਵਿਚੋਂ ਵੱਡੀ ਗਿਣਤੀ ਨਾਨਕਸਰ ਸੰਪਰਦਾ, ਵੱਖ-ਵੱਖ ਟਕਸਾਲਾਂ ਅਤੇ ਕੁੱਝ ਛੋਟੇ ਡੇਰਿਆਂ ਦੇ ਸੰਤਾਂ ਨਾਲ ਵੀ ਜੁੜੀ ਹੋਈ ਹੈ। ਬੇਸ਼ਕ ਇਹ ਅਨੇਕਾਂ ਤਰ੍ਹਾਂ ਦੇ ‘ਸੰਤ’ ਆਪਣੇ ਆਪ ਨੂੰ ਸਿੱਧੇ ਰੂਪ ਵਿੱਚ ਗੁਰੂ ਤਾਂ ਨਹੀਂ ਕਹਾਉਂਦੇ, ਪਰ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਨੂੰ ਗੁਰੂ ਵਾਂਗ ਹੀ ਮੰਨਦੇ ਹਨ। ਉਨ੍ਹਾਂ ਵਿਚੋਂ ਅਨੇਕਾਂ ਆਪਣੇ ਚੇਲਿਆਂ ਨੂੰ ‘ਨਾਮ’ ਵੀ ਦਿੰਦੇ ਹਨ, ਭਾਵ ਕਿਸੇ ‘ਸ਼ਬਦ’ ਦਾ ਮੰਤਰ ਜਾਪ ਕਰਨ ਲਈ ਕਹਿੰਦੇ ਹਨ। ਰਾਧਾ ਸੁਆਮੀ ਅਤੇ ਸਰਸੇ ਵਾਲੇ ਵੀ ਆਪਣੇ ਅਨੁਯਾਈਆਂ ਨੂੰ ਇੱਕ ਜਾਂ ਇੱਕ ਤੋਂ ਵੱਧ ਸ਼ਬਦ ਦਿੰਦੇ ਹਨ, ਜਿਨ੍ਹਾਂ ਦਾ ਸ਼ਰਧਾਲੂ ਨੇ ਨੇਮ ਨਾਲ ਜਾਪ ਕਰਨਾ ਹੁੰਦਾ ਹੈ।

ਜੇ ਦੂਜੇ ਪਾਸੇ ਮੁੱਖਧਾਰਾ ਵਾਲੇ ਸਿੱਖਾਂ ਦੀ ਗੱਲ ਕਰੀਏ ਤਾਂ ਉਹ ਬਾਹਰੀ ਤੌਰ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ਆਪਣਾ ਗੁਰੂ ਮੰਨਦੇ ਹਨ, ਉਨ੍ਹਾਂ ਅਨੁਸਾਰ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਸਮੇਂ ਵਿੱਚ ‘ਗ੍ਰੰਥ’ ਨੂੰ ਮੱਥਾ ਟੇਕ ਕੇ ਸਦੀਵੀ ਗੁਰੂ ਬਣਾ ਦਿੱਤਾ ਸੀ, ਉਥੇ ਗੁਰੂ ਨਾਨਕ ਸਾਹਿਬ ਨੇ ਵੀ ‘ਬਾਣੀ’ ਨੂੰ ਹੀ ਗੁਰੂ ਕਿਹਾ ਸੀ। ਨਵੇਂ ਸਿੱਖ ਵਿਦਵਾਨਾਂ ਜਾਂ ਮਿਸ਼ਨਰੀ ਕਾਲਿਜ਼ਾਂ ਤੋਂ ਪੜ੍ਹੇ ਪ੍ਰਚਾਰਕਾਂ ਅਨੁਸਾਰ ‘ਸ਼ਬਦ ਗੁਰੂ’ ਤੋਂ ਭਾਵ ‘ਗਿਆਨ ਗੁਰੂ’ ਹੈ, ਜਿਸਦਾ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੀ ਬਾਣੀ ਹੀ ਸ਼ਬਦ ਹੈ ਅਤੇ ਉਸਦੀ ਵਿਚਾਰ ਕਰਨੀ ਤੇ ਉਸ ਤੇ ਅਮਲ ਕਰਨਾ ਹੀ ਸ਼ਬਦ ਗੁਰੂ ਨੂੰ ਮੰਨਣਾ ਹੈ। ਪਰ ਇਸ ਮੁੱਖਧਾਰਾ ਵਾਲੇ ਸਿੱਖਾਂ ਵਿਚੋਂ ਹੀ ਦੋ ਵੱਡੇ ਧੜਿਆਂ ‘ਅਖੰਡ ਕੀਰਤਨੀ ਜਥਾ’ ਤੇ ‘ਦਮਦਮੀ ਟਕਸਾਲ’ ਅਨੁਸਾਰ ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਗ੍ਰੰਥ ਹੀ ਗੁਰੂ ਹੈ, ਪਰ ਸ਼ਬਦ ਦਾ ਭਾਵ ਸਾਰੀ ਬਾਣੀ ਨਹੀਂ, ਸਗੋਂ ਇੱਕ ਸ਼ਬਦ ਹੈ, ਜਿਸਦਾ ਸਿੱਖ ਨੇ ਜਾਪ ਕਰਨਾ ਹੈ। ਉਸ ਸ਼ਬਦ ਦੇ ਜਾਪ ਨੂੰ ਹੀ ਗੁਰਬਾਣੀ ਵਿੱਚ ‘ਨਾਮ ਸਿਮਰਨ’ ਕਿਹਾ ਗਿਆ ਹੈ। ਉਨ੍ਹਾਂ ਅਨੁਸਾਰ ਇਹ ‘ਸ਼ਬਦ’ ਚਾਰ ਅੱਖਰਾਂ ਤੋਂ ਬਣਿਆ ਸ਼ਬਦ ‘ਵਾਹਿਗੁਰੂ’ ਹੈ, ਜੋ ਸਿੱਖਾਂ ਦਾ ਗੁਰ ਮੰਤਰ ਹੈ ਅਤੇ ਇਸਦਾ ‘ਜਾਪ’ ਕਰਨਾ, ਭਾਵ ਵਾਰ-ਵਾਰ ‘ਰਟਨ’ ਕਰਨਾ ਹੀ ‘ਨਾਮ ਜਪਣਾ’ ਹੈ ਅਤੇ ਇਹੀ ਸਿੱਖੀ ਦਾ ਮੂਲ ਧੁਰਾ ਹੈ। ਇਸਦੇ ਨਾਲ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਵੀ ਚਾਹੀਦਾ ਹੈ।

ਜੇ ਇਸ ਸਾਰੀ ਚਰਚਾ ਨੂੰ ਮੋਟੇ ਰੂਪ ਵਿੱਚ ਵਿਚਾਰੀਏ ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਮੁੱਖਧਾਰਾ ਦੇ ਸਿੱਖਾਂ ਅਨੁਸਾਰ ‘ਸ਼ਬਦ ਗੁਰੂ’ ਤੋਂ ਭਾਵ ‘ਗ੍ਰੰਥ ਗੁਰੂ’ ਹੈ ਅਤੇ ਦੂਜਾ ‘ਸ਼ਬਦ’ ਤੋਂ ਭਾਵ ‘ਵਾਹਿਗੁਰੂ’ ਮੰਤਰ ਹੈ, ਇਸੇ ਨੂੰ ਨਾਮ ਵੀ ਕਿਹਾ ਗਿਆ ਹੈ। ਗੁਰਬਾਣੀ ਇਸ ਨਾਮ ਨੂੰ ਜਪਣ ਦੀ ਗੱਲ ਵਾਰ-ਵਾਰ ਕਰਦੀ ਹੈ। ਭਾਵੇਂ ਕਿ ਸਿੱਖਾਂ ਦਾ ਮਿਸ਼ਨਰੀ ਧੜਾ ਇਸ ਗੱਲ ਨਾਲ ਸਹਿਮਤ ਨਹੀਂ, ਉਨ੍ਹਾਂ ਅਨੁਸਾਰ ‘ਸ਼ਬਦ’ ਦਾ ਭਾਵ ‘ਵਾਹਿਗੁਰੂ’ ਜਾਂ ਕੋਈ ਅੱਖਰ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਹੀ ਸ਼ਬਦ ਹੈ ਅਤੇ ਇਸਨੂੰ ਪੜ੍ਹ ਕੇ, ਵਿਚਾਰ ਕੇ, ਅਮਲ ਵਿੱਚ ਲਿਆਉਣਾ ਹੀ ਨਾਮ ਸਿਮਰਨ ਹੈ, ਨਾ ਕਿ ਕਿਸੇ ਅੱਖਰ ਜਾਂ ਸ਼ਬਦ (ਵਾਹਿਗੁਰੂ ਆਦਿ) ਦਾ ਜਾਪ ਕਰਨਾ।

ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇਖਦੇ ਹਾਂ ਤਾਂ ਇਸ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਉਨ੍ਹਾਂ ਤੋਂ ਪਹਿਲਾਂ ਹੋਏ ਭਗਤੀ ਮੱਤ ਦੇ ਪ੍ਰਮੁੱਖ ਭਗਤਾਂ ਅਤੇ ਸੰਤ ਮੱਤ ਦੇ ਪ੍ਰਮੁੱਖਾਂ ਸੰਤਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿਚੋਂ ਕੁੱਝ ਗੁਰੂ ਸਾਹਿਬਾਨ ਤੋਂ ਸੈਂਕੜੇ ਸਾਲ ਪਹਿਲਾਂ ਵੀ ਹੋਏ ਸਨ। ਜੇ ਗੁਰੂ ਸਾਹਿਬਾਨ ਤੋਂ ਪਹਿਲਾਂ ਹੋਏ ਸੰਤਾਂ ਜਾਂ ਭਗਤਾਂ ਦਾ ਇਤਿਹਾਸ ਦੇਖੀਏ ਤਾਂ ਗੁਰੂ ਸਾਹਿਬਾਨ ਤੋਂ ਲੰਬਾ ਸਮਾਂ ਪਹਿਲਾਂ ਤੋਂ ਭਾਰਤੀ ਖਿੱਤੇ ਦੇ ਅਧਿਆਤਮਕ ਖੇਤਰ ਵਿੱਚ ਭਗਤੀ ਲਹਿਰ ਚੱਲ ਰਹੀ ਸੀ ਅਤੇ ਇਹ ਭਗਤੀ ਲਹਿਰ ‘ਸੰਤ ਮੱਤ’ ਵਿਚੋਂ ਨਿਕਲੀ ਲਹਿਰ ਸੀ। ਇਨ੍ਹਾਂ ਸਭ ਦਾ ਪਿਛੋਕੜ ‘ਸੰਤ ਮੱਤ’ ਜਾਂ ‘ਸੰਤ ਲਹਿਰ’ ਨਾਲ ਸੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਗਤੀ ਮੱਤ ਦੇ ਪ੍ਰਮੁੱਖ ਭਗਤ; ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਪੀਪਾ ਜੀ, ਧੰਨਾ ਜੀ, ਸਧਨਾ ਜੀ, ਸੈਣ ਜੀ ਆਦਿ ‘ਸੰਤ ਮੱਤ’ ਦੇ ਪ੍ਰਮੁੱਖ ਸੰਤਾਂ ਵਿਚੋਂ ਸੰਤ ਰਾਮਾਨੰਦ ਦੇ ਸ਼ਗਿਰਦ ਸਨ। ਇਹ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਭਗਤੀ ਮੱਤ ਦੇ ਸੰਤਾਂ ਤੋਂ ਪਹਿਲਾਂ ਭਾਰਤੀ ਅਧਿਆਤਮਕ ਜਗਤ ਵਿੱਚ ਬ੍ਰਾਹਮਣ ਤੋਂ ਬਿਨਾਂ ਕਿਸੇ ਹੋਰ ਜਾਤ ਦੇ ਵਿਅਕਤੀ ਨੂੰ ਗੁਰੂ ਦੀਖਸ਼ਾ ਨਹੀਂ ਮਿਲਦੀ ਸੀ। ਸੰਤ ਰਾਮਾਨੰਦ ਭਾਰਤ ਦਾ ਸ਼ਾਇਦ ਪਹਿਲਾ ਇਨਕਲਾਬੀ ਬ੍ਰਾਹਮਣ ਸੰਤ ਹੋਇਆ ਹੈ, ਜਿਸਨੇ ਜੁਲਾਹਾ ਜਾਤ ਦੇ ਕਬੀਰ, ਛੀਂਬਾ ਜਾਤ ਦੇ ਨਾਮਦੇਵ, ਚਮਾਰ ਜਾਤ ਦੇ ਰਵਿਦਾਸ ਨੂੰ, ਜੱਟ ਜਾਤ ਦੇ ਧੰਨਾ ਜੀ, ਰਾਜਪੂਤ ਜਾਤ ਵਿਚੋਂ ਪੀਪਾ ਜੀ ਆਦਿ ਨੂੰ ਆਪਣਾ ਚੇਲਾ ਬਣਾ ਕੇ ਬ੍ਰਾਹਮਣ ਦੀ ਧਰਮ ਤੇ ਇਜ਼ਾਰੇਦਾਰੀ ਨੂੰ ਚੈਲਿੰਜ ਕੀਤਾ ਸੀ। ਇਸੇ ਤਰ੍ਹਾਂ ਹਿੰਦੂ ਧਾਰਮਿਕ ਪ੍ਰੰਪਰਾ ਵਿੱਚ ਔਰਤਾਂ ਨੂੰ ਗੁਰੂ ਦੀਖਸ਼ਾ ਨਹੀਂ ਦਿੱਤੀ ਜਾਂਦੀ ਸੀ, ਸੰਤ ਰਾਮਾਨੰਦ ਜੀ ਨੇ ਮਾਈ ਸੁਰਸੁਰੀ ਤੇ ਪਦਿਆਵਤੀ ਨੂੰ, ਰਵਿਦਾਸ ਜੀ ਨੇ ਮੀਰਾਬਾਈ, ਸੰਤ ਚਰਨਦਾਸ ਨੇ ਸਹਿਜੋ ਬਾਈ ਨੂੰ ਗੁਰੂ ਦੀਖਸ਼ਾ ਦੇ ਕੇ ਇਸ ਪ੍ਰੰਪਰਾ ਨੂੰ ਵੀ ਤੋੜਿਆ ਸੀ। ਸੰਤ ਰਾਮਾਨੰਦ ਤੋਂ ਪਹਿਲਾਂ ਸਿਰਫ ਬ੍ਰਾਹਮਣ ਹੀ ਗੁਰੂ ਹੋ ਸਕਦਾ ਸੀ, ਇਸੇ ਲਈ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਸੀ ਕਿ ‘ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ’ (ਪੰਨਾ: 1377)। ਸੰਤ ਰਾਮਾਨੰਦ ਜੀ ਵਲੋਂ ਬ੍ਰਾਹਮਣ ਤੋਂ ਇਲਾਵਾ ਹੋਰ ਜਾਤਾਂ ਦੇ ਵਿਅਕਤੀਆਂ ਨੂੰ ਗੁਰੂ ਦੀਖਸ਼ਾ ਦਿੱਤੀ, ਜਿਸ ਕਰਕੇ ਉਹ ‘ਸ਼ਬਦ’ ਦੀ ਸਾਧਨਾ ਨਾਲ ਪਰਮਪੱਦ ਨੂੰ ਪ੍ਰਾਪਤ ਹੋਏ ਤੇ ਫਿਰ ਗੁਰੂ ਵੀ ਬਣੇ ਅਤੇ ਉਨ੍ਹਾਂ ਦੇ ਅਨੇਕਾਂ ਅਨੁਆਈ ਵੀ ਬਣੇ ਅਤੇ ਅੱਜ ਵੀ ਹਨ।

ਇਹ ਸਾਰੀ ਚਰਚਾ ਕਰਨ ਦਾ ਮਕਸਦ ਇਹ ਹੈ ਕਿ ਭਾਰਤੀ ਅਧਿਆਤਮਕ ਪ੍ਰੰਪਰਾ ਦੀ ਲੜੀ ਵਿੱਚ ਹੀ ਸਿੱਖ ਧਰਮ ਵੀ ਪੈਦਾ ਹੋਇਆ ਸੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵਰਤੇ ਅਨੇਕਾਂ ‘ਅੱਖਰ’, ‘ਸ਼ਬਦ’, ‘ਪ੍ਰਤੀਕ’ ਆਦਿ ਅਸੀਂ ਉਤਨਾ ਚਿਰ ਸਹੀ ਸੰਦਰਭ ਵਿੱਚ ਨਹੀਂ ਜਾਣ ਸਕਾਂਗੇ, ਜਦੋਂ ਤੱਕ ਸਾਨੂੰ ਉਨ੍ਹਾਂ ਦੇ ਪਿਛੋਕੜ ਦਾ ਨਹੀਂ ਪਤਾ ਹੋਵੇਗਾ। ਗੁਰਬਾਣੀ ਵਿੱਚ ਪ੍ਰਤੀਕ ਵਜੋਂ ਵਰਤੀਆਂ ਅਨੇਕਾਂ ਇਤਿਹਾਸਕ ਜਾਂ ਮਿਥਿਹਾਸਕ ਕਥਾ-ਕਹਾਣੀਆਂ ਨੂੰ ਵੀ ਸਹੀ ਸੰਦਰਭ ਵਿੱਚ ਸਮਝਣ ਲਈ ਸਾਨੂੰ ਉਨ੍ਹਾਂ ਦੇ ਪਿਛੋਕੜ ਨੂੰ ਜਾਨਣਾ ਪਵੇਗਾ, ਜਿਥੋਂ ਉਹ ਆਈਆਂ ਹਨ। ਇੱਕ ਗੱਲ ਹੋਰ ਵੀ ਕਹਿਣਾ ਚਾਹਾਂਗਾ ਕਿ ਬਹੁਤ ਸਾਰੀਆਂ ਅਧਿਆਤਮਕ ਅਨੁਭਵ ਦੀਆਂ ਗੱਲਾਂ ਨੂੰ ਸਹੀ ਸੰਦਰਭ ਵਿੱਚ ਉਹੀ ਜਾਣ ਸਕਦਾ ਹੈ, ਜਿਸਨੂੰ ਉਹੋ ਜਿਹਾ ਅਨੁਭਵ ਹੋਵੇ, ਜਿਸਨੇ ਉਸਦਾ ਸੁਆਦ ਆਪ ਮਾਣਿਆ ਹੋਵੇ। ਬਹੁਤ ਵਾਰ ਇਹ ਗੂੰਗੇ ਦੀ ਮਠਿਆਈ ਵਾਂਗ ਹੈ। ‘ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ’ (ਪੰਨਾ: 607)। ਅੱਜ ਦਾ ਸਾਡਾ ਵਿਸ਼ਾ ਹੋਰ ਕਥਾ-ਕਹਾਣੀਆਂ ਦੀ ਚਰਚਾ ਕਰਨਾ ਨਹੀਂ, ਸਗੋਂ ‘ਸ਼ਬਦ ਗੁਰੂ’ ਨੂੰ ਸਮਝਣਾ ਹੀ ਹੈ। ਇੱਕ ਗੱਲ ਹੋਰ ਵੀ ਸਮਝਣੀ ਬੜੀ ਜਰੂਰੀ ਹੈ, ਸਾਰੀ ਗੁਰਬਾਣੀ ਕਵਿਤਾ ਰੂਪ ਵਿੱਚ ਹੋਣ ਕਰਕੇ, ਇਸ ਵਿੱਚ ਜਿਥੇ ਅਧਿਆਤਮਕ ਅਨੁਭਵ ਵਾਲੀ ਗੱਲ ਸਮਝਾਉਣ ਲਈ ਅਨੇਕਾਂ ਪ੍ਰਤੀਕ ਵਰਤੇ ਹਨ, ਉਥੇ ਅਜਿਹੀ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਗਿਆ ਹੈ, ਜਿਹੜੀ ਸਿਰਫ ਸੰਤ ਜਾਂ ਭਗਤੀ ਮੱਤ ਦੇ ਲੋਕ ਹੀ ਵਰਤਦੇ ਸਨ, ਇਸ ਭਾਸ਼ਾ ਨੂੰ ਉਹੀ ਸਹੀ ਸੰਦਰਭ ਵਿੱਚ ਸਮਝਦੇ ਜਾਂ ਸਮਝਾ ਸਕਦੇ ਸਨ ਜਾਂ ਹਨ, ਜਿਨ੍ਹਾਂ ਨੂੰ ਅਧਿਆਤਮ ਜਾਂ ਅੰਤਰ ਯਾਤਰਾ ਦਾ ਅਨੁਭਵ ਹੁੰਦਾ ਸੀ ਜਾਂ ਹੈ। ਗੁਰਬਾਣੀ ਵਿੱਚ ਅਨੇਕਾਂ ਅਜਿਹੇ ਅਨੁਭਵਾਂ ਜਾਂ ਪ੍ਰਤੀਕਾਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਬਾਰੇ ਚਰਚਾ ਕਰਨਾ ਅੱਜ ਵਿਸ਼ਾ ਨਹੀਂ, ਅੱਜ ਅਸੀਂ ਸਿਰਫ ‘ਸ਼ਬਦ ਗੁਰੂ’ ਵਾਲੇ ਪੱਖ ਬਾਰੇ ਹੀ ਵਿਚਾਰ ਕਰਨੀ ਹੈ। ਮੇਰਾ ਇਹ ਮੰਨਣਾ ਹੈ ਕਿ ਜਦੋਂ ਤੱਕ ਅਸੀਂ ਸੰਤ ਮੱਤ, ਭਗਤੀ ਮੱਤ, ਸੂਫੀ ਮੱਤ, ਯੋਗ ਮੱਤ ਦੇ ਪਿਛੋਕੜ ਜਾਂ ਉਨ੍ਹਾਂ ਦੀ ਭਾਸ਼ਾ ਨੂੰ ਉਨ੍ਹਾਂ ਦੀ ਪ੍ਰੰਪਰਾ ਵਿਚੋਂ ਨਹੀਂ ਜਾਣਦੇ, ਗੁਰਬਾਣੀ ਦੀ ਸਹੀ ਵਿਆਖਿਆ ਕਦੇ ਵੀ ਨਹੀਂ ਕੀਤੀ ਜਾ ਸਕਦੀ। ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਗੁਰਬਾਣੀ ਦੇ ਦੋ ਪ੍ਰਮੁੱਖ ਪੱਖ ਹਨ, ਇੱਕ ਦੁਨਿਆਵੀ ਪੱਖ ਅਤੇ ਦੂਜਾ ਅਧਿਆਤਮਕ ਪੱਖ। ਦੁਨਿਆਵੀ ਪੱਖ ਵਿੱਚ ਉਨ੍ਹਾਂ ਨੇ ਉਸ ਸਮੇਂ ਦੇ ਪ੍ਰਚਲਤ ਜਥੇਬੰਧਕ ਧਰਮਾਂ, ਸਮਾਜਿਕ ਮਸਲਿਆਂ, ਰਾਜਨੀਤਕ ਪੱਖਾਂ ਨੂੰ ਵਿਚਾਰਿਆ ਹੈ ਅਤੇ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਉਸ ਸਮੇਂ ਦੇ ਪ੍ਰਚਲਤ ਧਰਮਾਂ ਵਿੱਚ ਆਈਆਂ ਗਿਰਾਵਟਾਂ ਨੂੰ ਉਜਾਗਰ ਕਰਕੇ ਮਨੁੱਖ ਨੂੰ ਅਸਲੀ ਧਰਮ (ਅਧਿਆਤਮਕ ਪੱਖ) ਵੱਲ ਮੁੜਨ ਲਈ ਕਿਹਾ ਹੈ, ਸਮਾਜਿਕ ਬੁਰਾਈਆਂ ਨੂੰ ਛੱਡਣ ਦੀ ਗੱਲ ਕੀਤੀ ਹੈ, ਰਾਜਨੀਤਕ ਮਸਲਿਆਂ ਬਾਰੇ ਵੀ ਚਰਚਾ ਕੀਤੀ ਹੈ। ਪਰ ਗੁਰਬਾਣੀ ਦਾ ਇਹ ਪੱਖ ਬਹੁਤ ਥੋੜਾ ਜਿਹਾ ਹੈ, ਗੁਰਬਾਣੀ ਦਾ ਵੱਡਾ ਹਿੱਸਾ ਸਿਰਫ ਆਤਮਾ, ਪ੍ਰਮਾਤਮਾ, ਸ਼ਬਦ, ਮਨ, ਨਾਮ, ਸਿਮਰਨ, ਭਗਤੀ, ਜੀਵਨ ਮਨੋਰਥ, ਜੀਵਨ ਸਫਲ ਕਰਨ ਆਦਿ ਬਾਰੇ ਹੈ। ਇਨ੍ਹਾਂ ਵਿਸ਼ਿਆਂ ਬਾਰੇ ਹੀ ਸਿੱਖ ਜਗਤ ਵਿੱਚ ਬੜੇ ਭਾਰੀ ਮੱਤਭੇਦ ਹਨ, ਸਾਰੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਜਾਂ ਆਪਣੇ ਆਪ ਨੂੰ ਸਹੀ ਸਿੱਖ ਸਾਬਿਤ ਕਰਨ ਵਿੱਚ ਦੂਜੇ ਨੂੰ ਠਿੱਬੀ ਲਾ ਰਹੇ ਹਨ। ਜਿਸ ਨਾਲ ਸਿੱਖ ਕੌਮ ਖਾਨਾਜੰਗੀ ਜਾਂ ਪਾਟੋਧਾੜ ਵੱਲ ਨੂੰ ਵਧਦੀ ਜਾ ਰਹੀ ਹੈ। ਸਹਿਣਸ਼ੀਲਤਾ, ਠਰੰਮਾ, ਦੁਜੇ ਦਾ ਪੱਖ ਸੁਣਨਾ ਜਾਂ ਵਿਚਾਰਨਾ ਖਤਮ ਹੋ ਰਿਹਾ ਹੈ। ਇਹ ਗੱਲ ਸਾਰੇ ਧਾਰਮਿਕ ਫਿਰਕਿਆਂ ਨਾਲ ਵਾਪਰਦੀ ਰਹੀ ਹੈ, ਸਿੱਖ ਕੋਈ ਅਪਵਾਦ (ਵਿਲੱਖਣ) ਨਹੀਂ ਹਨ। ਬੁੱਧ ਪੁਰਸ਼ਾਂ ਦੀ ਬਾਣੀ ਜਦੋਂ ਬੁੱਧੂਆਂ (ਅੰਧ ਵਿਸ਼ਵਾਸ਼ੀ ਸ਼ਰਧਾਲੂਆਂ, ਪੰਡਿਤਾਂ (ਵਿਦਵਾਨਾਂ), ਧੰਦੇ ਵਾਲੇ ਪੁਜਾਰੀਆਂ ਤੇ ਰਾਜਨੀਤਕਾਂ) ਦੇ ਹੱਥ ਆ ਜਾਂਦੀ ਹੈ ਤਾਂ ਅਜਿਹਾ ਵਾਪਰਨਾ ਸੁਭਵਿਕ ਹੀ ਹੁੰਦਾ ਹੈ।

ਮੇਰੀ ਸਮਝ ਅਨੁਸਾਰ ਗੁਰਬਾਣੀ ਦੇ ਅਧਿਆਤਮ ਪੱਖ ਨੂੰ ਸਹੀ ਸੰਦਰਭ ਵਿੱਚ ਜਾਨਣ ਲਈ ਜਿਥੇ ਸਾਨੂੰ ਭਗਤੀ ਮੱਤ ਅਤੇ ਸੰਤ ਮੱਤ ਨੂੰ ਜਾਨਣਾ ਬੇਹੱਦ ਜਰੂਰੀ ਹੈ, ਉਥੇ ਸਾਡੇ ਕੋਲ ‘ਸ਼ਬਦ’ ਦੀ ਕਮਾਈ ਦਾ ਅਨੁਭਵ ਹੋਣਾ ਲਾਜ਼ਮੀ ਹੈ, ਨਹੀਂ ਤੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਹੀ ਹੁੰਦੇ ਰਹਿਣਗੇ। ਸੰਤ ਮੱਤ ਜਾਂ ਭਗਤੀ ਮੱਤ ਦੀ ਇੱਕ ਆਪਣੀ ਭਾਸ਼ਾ ਤੇ ਸ਼ਬਦਾਵਲੀ ਸੀ, ਜਿਸਨੂੰ ਜਾਣੇ ਬਿਨਾਂ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਨਹੀਂ ਜਾਣਿਆ ਜਾ ਸਕਦਾ। ਇਸ ਤੋਂ ਵੀ ਅੱਗੇ ਸਿਰੇ ਦੀ ਗੱਲ ਇਹ ਹੈ ਕਿ ਅਧਿਆਤਮ ਦੀ ਅੱਖਰੀ ਜਾਂ ਭਾਸ਼ਾਈ ਸਮਝ ਦੇ ਨਾਲ-ਨਾਲ, ਜਦੋਂ ਤੱਕ ਸਾਡਾ ਆਪਣਾ ਅਨੁਭਵ ਨਹੀਂ ਹੈ, ਗੁਰਬਾਣੀ ਦੇ ਤੱਤ ਦੀ ਗੱਲ ਨਹੀਂ ਜਾਣੀ ਸਕਦੀ। ਗੁਰਬਾਣੀ ਗਿਆਨ, ਸਿਰਫ ਦਿਮਾਗੀ ਵਿਦਵਤਾ ਨਾਲ ਇਕੱਠੀ ਕੀਤੀ ਬਾਹਰੀ ਜਾਣਕਾਰੀ ਨਹੀਂ ਹੈ, ਇਹ ਗਿਆਨ ਤੇ ਕਰਮ ਇੰਦਰੀਆਂ ਦੁਆਰਾ ਇਕੱਠੀ ਕੀਤੀ ਬਾਹਰੀ ਜਾਣਕਾਰੀ ਤੋਂ ਪਰ੍ਹੇ, ਅਨੁਭਵ ਦਾ ਗਿਆਨ ਹੈ, ਜਿਹੜਾ ਆਪਣੀ ਅੰਤਰ ਯਾਤਰਾ ਨਾਲ ਹੀ ਜਾਣਿਆ ਜਾ ਸਕਦਾ ਹੈ। ਇਸੇ ਕਰਕੇ ਗੁਰਬਾਣੀ ਅਨੁਸਾਰ: ‘ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ।’ (ਪੰਨਾ: 145)।

ਇਸ ਲਈ ਲੇਖ ਵਿੱਚ ‘ਸੰਤ ਜਾਂ ਭਗਤੀ ਮੱਤ’ ਅਨੁਸਾਰ ‘ਸ਼ਬਦ’ ਕੀ ਹੈ, ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਚਾਹਾਂਗਾ ਕਿ ਹਰ ਤਰ੍ਹਾਂ ਦੇ ਸਿੱਖ ਵਿਦਵਾਨ ਜਾਂ ਪ੍ਰਚਾਰਕ ਇਸ ਚਰਚਾ ਨੂੰ ਅੱਗੇ ਤੋਰਨ ਤੇ ਗੁਰਬਾਣੀ ਨੂੰ ਸਹੀ ਸੰਦਰਭ ਵਿੱਚ ਦੁਨੀਆਂ ਸਾਹਮਣੇ ਉਜਾਗਰ ਕਰਨ।

ਗੁਰੂ ਗ੍ਰੰਥ ਸਾਹਿਬ ਵਿੱਚ ‘ਸ਼ਬਦ’ ਅੱਖਰ 2007 ਵਾਰ ਆਇਆ ਹੈ, ਜੋ ਕਿ ‘ਸਬਦ’, ‘ਸਬਦੁ’, ‘ਸਬਦਿ’, ‘ਸਬਦੇ’, ‘ਸਬਦੈ’, ‘ਸਬਦੋ’, ‘ਸਬਦੀ’ ਆਦਿ 7 ਤਰ੍ਹਾਂ ਲਿਖਿਆ ਮਿਲਦਾ ਹੈ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਹਰ ਜਗ੍ਹਾ ‘ਸਬਦ’ ਦੇ ਇਕੋ ਅਰਥ ਨਹੀਂ ਹਨ। ਪਰ ਇਥੇ ਅਸੀਂ ‘ਸ਼ਬਦ’ ਦੇ ਉਸ ਪੱਖ ਦੀ ਗੱਲ ਕਰ ਰਹੇ ਹਾਂ, ਜਿਸਦਾ ਭਾਵ ‘ਗੁਰੂ’ ਹੈ। ਜੇ ਅਸੀਂ ਭਾਰਤੀ ਅਧਿਆਤਮਕ ਪ੍ਰੰਪਰਾ ਵਿੱਚ ਸੰਤ ਮੱਤ ਦੇ ਪਿਛੋਕੜ ਵਿੱਚ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਪ੍ਰੰਪਰਾ ‘ਗੋਰਖ ਨਾਥ’ ਤੇ ‘ਮਛੰਦਰ ਨਾਥ’ ਤੋਂ ਸ਼ੁਰੂ ਹੁੰਦੀ ਹੈ, ਇਸ ਲੜੀ ਵਿੱਚ ਗੁਰੂ ਸਾਹਿਬਾਨ ਤੱਕ ਪਹੁੰਚਦੇ, ਹਜਾਰਾਂ ਸਾਲਾਂ ਵਿੱਚ ਅਨੇਕਾਂ ‘ਇਨਲਾਈਟਡ ਪਰਸਨ’ (ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਪਹੁੰਚੇ ਹੋਏ ਮਹਾਂਪੁਰਸ਼ ਜਾਂ ਸੰਤ ਭਾਸ਼ਾ ਵਿੱਚ ਪਰਮ ਪੱਦ ਪ੍ਰਾਪਤ ਹੋਏ ‘ਸੰਤ’ ਕਿਹਾ ਜਾਂਦਾ ਹੈ) ਹੋਏ ਹਨ, ਜਿਨ੍ਹਾਂ ਨੇ ਅਧਿਆਤਮਕ ਜਗਤ ਵਿੱਚ ਮਨ, ਆਤਮਾ, ਪ੍ਰਮਾਤਮਾ, ਅਗਲਾ ਜਨਮ, ਪਿਛਲਾ ਜਨਮ, ਪਿਛਲ਼ੇ ਜਨਮਾਂ ਦੇ ਕਰਮ ਆਦਿ ਵਿਸ਼ਿਆਂ ਤੇ ਅਨੇਕਾਂ ਖੋਜਾਂ ਕੀਤੀਆਂ ਹਨ। ਗੋਰਖ ਨਾਥ ਆਪਣੀ ਬਾਣੀ ਵਿੱਚ ‘ਸ਼ਬਦ’ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ:

ਸ਼ਬਦੈ ਤਾਲਾ ਸ਼ਬਦੈ ਕੁੰਜੀ। ਸ਼ਬਦੈ, ਸ਼ਬਦ ਜਗਾਇਆ। ਸ਼ਬਦੈ, ਸ਼ਬਦ ਸੋ ਪਰਚਾ ਹੂਆ। ਸ਼ਬਦੈ ਸ਼ਬਦ ਸਮਾਇਆ।

ਸੰਤ ਮੱਤ ਦੇ ਉਘੇ ਸੰਤ ਦਾਦੂ ਜੀ ਆਪਣੀ ਬਾਣੀ ਵਿੱਚ ‘ਸ਼ਬਦ’ ਦੀ ਵਿਅਖਿਆ ਇਸ ਤਰ੍ਹਾਂ ਕਰਦੇ ਹਨ:

ਸਬਦੈ ਬੰਧਿਆ ਸਭ ਰਹੇ। ਸਬਦੈ ਸਭ ਹੀ ਜਾਏ। ਸਬਦੈ ਹੀ ਸਭ ਊਪਜੈ। ਸਬਦੈ ਸਭੈ ਸਮਾਏ। ਸਬਦੈ ਹੀ ਸਚ ਪਾਈਏ। ਸਬਦੈ ਹੀ ਸੰਤੋਸ਼। ਸਬਦੈ ਹੀ ਸਭ ਥਿਰ ਭਇਆ। ਸਬਦੈ ਹੀ ਸਭ ਸੁਖ। ਸਬਦੈ ਹੀ ਮੁਕਤਾ ਭਇਆ। ਸਬਦੈ ਸਮਝੈ ਪ੍ਰਾਣ। ਸਬਦੈ ਹੀ ਸੂਝੈ ਸਭੈ। ਸਬਦੈ ਸੁਰਜੈ ਜਾਨ। ਪਹਿਲੇ ਕੀਆ ਆਪ ਤੈ, ਉਤਪਤੀ ਉਅੰਕਾਰ। ਉਅੰਕਾਰ ਤੈ ਊਪਜੈ, ਪੰਚ ਤੱਤ ਆਕਾਰ। ਸਬਦ ਬਾਣ ਗੁਰ ਸਾਧ ਕੇ, ਦੂਰ ਦਿਸੰਤਰ ਜਾਏ। ਜੋ ਲਾਗੈ ਸੋ ਊਭਰੇ, ਸੋਤੇ ਲਏ ਜਗਾਏ। ਸਬਦ ਸਰੋਵਰ ਅੰਮ੍ਰਿਤ ਭਰਿਆ, ਹਰੀ ਜਲ ਨਿਰਮਲ ਨੀਰ। ਦਾਦੂ ਪੀਵੈ ਪ੍ਰੀਤ ਸਿਉ, ਤਿਨ ਕੇ ਅਖਿਲ ਸਰੀਰ।

ਇਸੇ ‘ਸ਼ਬਦ’ ਨੂੰ ਵੱਖ-ਵੱਖ ਸੰਤਾਂ ਜਾਂ ਭਗਤਾਂ ਨੇ ਸੰਤ ਭਾਸ਼ਾ ਵਿੱਚ ਵੱਖ-ਵੱਖ ਨਾਵਾਂ ਨਾਲ ਸੰਬੋਧਨ ਕੀਤਾ ਹੈ, ਇਸ ‘ਸ਼ਬਦ’ ਨੂੰ ਹੀ ‘ਨਾਮ’, ‘ਓਅੰਕਾਰ, ‘ਓਮ’, ‘ਓਮਕਾਰ’, ‘ਓਅੰਕਾਰ’, ‘ਏਕੰਕਾਰ’, ‘ਆਮੀਨ’, ‘ਓਮੀਨ’, ‘ਓਮਨੀ ਪ੍ਰੈਜੈਂਟ’, ‘ਸੱਚਾ ਸ਼ਬਦ’, ‘ਬਾਣੀ’, ‘ਸੱਚੀ ਬਾਣੀ’, ‘ਧੁਰ ਕੀ ਬਾਣੀ’, ‘ਅੱਖਰ’, ‘ਨਾਦ’, ‘ਅਨਾਹਦ ਨਾਦ’, ‘ਧੁਨਿ’ ‘ਅਕਾਸ਼ਬਾਣੀ’, ‘ਸੁਰਤੀ’ ‘ਬੋਲ’, ‘ਬਚਨ’, ‘ਗਿਆਨ’, ‘ਹੁਕਮਿ’, ‘ਅਖੰਡ ਕੀਰਤਨ’, ‘ਕਲਮਾ’ ਆਦਿ ਨਾਲ ਸੰਬੋਧਨ ਕੀਤਾ ਗਿਆ ਹੈ। ਗੋਰਖ ਨਾਥ ਤੋਂ ਵੀ ਪਹਿਲਾਂ ਗੀਤਾ ਵਿੱਚ ਕ੍ਰਿਸ਼ਨ ਕਹਿੰਦੇ ਹਨ: ‘ਵੇਦੋਂ ਮੇਂ ਮੈਂ ਉਅੰਕਾਰ’। ਵੇਦਾਂ ਦੇ ਰਿਸ਼ੀਆਂ ਨੇ ਇਸ ‘ਸ਼ਬਦ’ ਨੂੰ ‘ਓਮ’ ਕਿਹਾ ਸੀ। ਇਸੇ ਕਰਕੇ ਗੁਰਬਾਣੀ ਵਿੱਚ ਵੀ ਆਇਆ ਹੈ: ‘ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ’ (ਪੰਨਾ: 919)। ਭਾਵ ਵੇਦਾਂ ਵਿੱਚ ਜਿਹੜੀ ਸਭ ਤੋਂ ਉਤਮ ਵਿਚਾਰ ਹੈ, ਉਹ ‘ਨਾਮ’ ਭਾਵ ‘ਸ਼ਬਦ’ ਭਾਵ ਉਸ ‘ਨਾਦ’ ਦੀ ਹੈ, ਜਿਹੜਾ ਸ੍ਰਿਸ਼ਟੀ ਦੇ ਮੁੱਢ ਤੋਂ ਬਿਨਾਂ ਰੋਕ (ਅਖੰਡ) ਤੋਂ ਵੱਜ ਰਿਹਾ ਹੈ। ‘ਉਪਨਸ਼ਿਦਾਂ’ ਵਿੱਚ ਇਸਨੂੰ ‘ਨਾਦ’ ਜਾਂ ‘ਅਨਹਦ ਨਾਦ’ ਕਿਹਾ ਗਿਆ ਹੈ। ਇਸੇ ਨਾਦ (ਸਾਊਂਡ) ਨੂੰ ਜੈਨਮੱਤ ਦੇ ਪੈਗੰਬਰ ਮਹਾਂਵੀਰ ਨੇ ‘ਇੱਕ ਹੱਥ ਦੀ ਤਾੜੀ’ ਕਿਹਾ ਹੈ। ਇਸੇ ਨੂੰ ਬੁੱਧ, ‘ਸੁੰਨ’ ਜਾਂ ‘ਸੁੰਨ ਦਾ ਸੰਗੀਤ’ ਕਹਿੰਦੇ ਹਨ। ਯੋਗ ਗੁਰੂ ਪਤੰਜਲੀ ਅਨੁਸਾਰ ‘ਸ਼ਬਦ’ ਭਾਵ ‘ਧੁਨੀ’ ਜਾਂ ‘ਨਾਦ’ ਹੈ, ਜੋ ਸ੍ਰਿਸ਼ਟੀ ਦੀ ਅੰਤਰ ਆਤਮਾ ਹੈ। ਤਕਰੀਬਨ ਦੁਨੀਆਂ ਦੇ ਸਭ ਪ੍ਰਮੁੱਖ ਧਰਮਾਂ ਦੇ ਸੱਚੇ ਗੁਰੂਆਂ, ਸੱਚੇ ਸੰਤਾਂ, ਸੱਚੇ ਪੈਗੰਬਰਾਂ ਨੇ ਇਹ ਮੰਨਿਆ ਹੈ ਕਿ ‘ਸ਼ਬਦ’ (ਸਾਊਂਡ) ਤੋਂ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਬੇਸ਼ਕ ਹਰ ਇੱਕ ਦਾ ਕਹਿਣ ਦਾ ਢੰਗ ਵੱਖਰਾ ਹੋ ਸਕਦਾ ਹੈ। ਕੁਰਾਨ ਅਨੁਸਾਰ ਵੀ ‘ਬੋਲ’ (ਕੁੰਨ) ਤੋਂ ਸਭ ਕੁੱਝ ਪੈਦਾ ਹੋਇਆ ਮੰਨਿਆ ਗਿਆ ਹੈ। ਇਸ ਸ਼ਬਦ ਨੂੰ ਇਸਲਾਮ ਵਿੱਚ ‘ਕਲਮਾ’ ਵੀ ਕਿਹਾ ਗਿਆ ਹੈ। ਬਾਈਬਲ ਵੀ ਅਜਿਹੀ ਗਵਾਹੀ ਭਰਦੀ ਹੈ।

{John 1:1 In the beginning was the Word, and the Word was with God, and the Word was God. 2He was with God in the beginning. John 1:14 The Word became flesh and made his dwelling among us.}

ਅੰਜੀਲ ਅਨੁਸਾਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਸਿਰਫ ਪ੍ਰਮਾਤਮਾ ਸੀ ਅਤੇ ਉਹ ‘ਸ਼ਬਦ’ ਰੂਪ ਵਿੱਚ ਸੀ। ‘ਗਰੀਕ’ ਫਿਲਾਸਾਫੀ ਵਿੱਚ ਇਸਨੂੰ ‘ਲੋਗਸ’ (Logos) ਕਿਹਾ ਗਿਆ ਹੈ। ਚੀਨ ਦੇ ਪ੍ਰਸਿੱਧ ਸੰਤ ਲਾਓਤਸੇ ਨੇ ਇਸਨੂੰ ‘ਤਾਓ’ ਕਿਹਾ ਹੈ। ਆਮ ਤੌਰ ਤੇ ਅਧਿਆਤਮਵਾਦੀਆਂ ਅਨੁਸਾਰ ਸ੍ਰਿਸ਼ਟੀ ਦਾ ਇਹ ਖੇਡ ‘ਸਾਊਂਡ ਐਂਡ ਲਾਈਟ’ ਭਾਵ ‘ਨਾਦ ਤੇ ਨੂਰ’ ਦਾ ਹੀ ਖੇਡ ਹੈ। ਮੈਟਰ ਜੋ ਕਿ ਅਨਰਜ਼ੀ ਦਾ ਹੀ ਰੂਪ ਹੈ, ਅਨਰਜ਼ੀ ਦਾ ਮੂਲ ਸ੍ਰੋਤ ‘ਸਾਊਂਡ ਅਤੇ ਲਾਈਟ’ ਹੈ। ਅਧਿਆਤਮਵਾਦੀਆਂ ਅਨੁਸਾਰ ਇਸ ‘ਲਾਈਟ’ ਤੇ ‘ਸਾਊਂਡ’ ਦੀ ਅਨਰਜ਼ੀ ਤੋਂ ਹੀ ਮੈਟਰ ਤਿੰਨ ਰੂਪਾਂ (ਠੋਸ, ਤਰਲ ਤੇ ਭਾਫ) ਰੂਪ ਵਿੱਚ ਬਣਦਾ ਹੈ। ਅਧਿਆਤਮਵਾਦੀਆਂ ਨੇ ਇਸ ਸੰਸਾਰ ਨੂੰ ਮਾਇਆ ਜਾਂ ਖੇਡ ਜਾਂ ਜਗਤ ਤਮਾਸ਼ਾ ਇਸੇ ਲਈ ਕਿਹਾ ਹੈ ਕਿ ਜਿਵੇਂ ਪੜਦੇ (ਕੰਧ) ਤੇ ‘ਲਾਈਟ ਤੇ ਸਾਊਂਡ’ ਦੀ ਖੇਡ ਦੇ ਰੂਪ ਵਿੱਚ ਫਿਲਮ ਚਲਦੀ ਹੈ, ਜਿਸ ਵਿੱਚ ਬਹੁਤ ਕੁੱਝ ਵਾਪਰਦਾ ਦਿਸਦਾ ਹੈ, ਸਾਰੇ ਜੀਵਨ ਦੀ ਖੇਡ ਚਲਦੀ ਦਿਸਦੀ ਹੈ, ਪਰ ਅਸਲ ਵਿੱਚ ਪੜ੍ਹਦੇ ਤੇ ਕੁੱਝ ਵੀ ਨਹੀਂ ਹੋ ਰਿਹਾ ਹੁੰਦਾ, ਇਸੇ ਤਰ੍ਹਾਂ ਇਹ ਸ੍ਰਿਸ਼ਟੀ ਦੀ ਖੇਡ ‘ਸਾਊਂਡ ਤੇ ਲਾਈਟ’ ਦਾ ਮਾਇਆਜਾਲ ਹੈ। ਜਿਥੇ ਅਸਲੀਅਤ ਵਿੱਚ ਸਭ ‘ਸੁੰਨ’ ਹੈ ਤੇ ਕੁੱਝ ਵੀ ਨਹੀਂ ਹੋ ਰਿਹਾ। ਇਹ ਸਿਰਫ ਕਹਿਣ ਦਾ ਨਹੀਂ, ਜਾਨਣ ਦਾ ਵਿਸ਼ਾ ਹੈ। ਇਸ ਜਾਨਣ ਨੂੰ ਹੀ ਧਰਮ ਵਿੱਚ ‘ਸਾਧਨਾ’ ਕਿਹਾ ਗਿਆ ਹੈ।

ਅਧਿਆਤਮਵਾਦ (Spiritualism) ਅਨੁਸਾਰ, ‘ਸ਼ਬਦ’ ਤੋਂ ਭਾਵ ਕੋਈ ਲਿਖਤੀ ਭਾਸ਼ਾ ਦਾ ਅੱਖਰ ਨਹੀਂ, ਸ਼ਬਦ ਤੋਂ ਭਾਵ ‘ਸਾਊਂਡ’, ਉਹ ਸੰਗੀਤ, ਜੋ ਬ੍ਰਹਿਮੰਡ ਵਿੱਚ ਨਿਰੰਤਰ ਗੂੰਜ ਰਿਹਾ ਹੈ। ਇਸ ‘ਸ਼ਬਦ’ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਇਹ ਸ਼ਬਦ ਦੀ ਹੀ ਰਚਨਾ ਹੈ। ਇਸੇ ‘ਸ਼ਬਦ’ ਨੂੰ ਸੰਤਾਂ ਨੇ ‘ਨਾਮ’ ਕਿਹਾ ਹੈ। ਗੁਰਬਾਣੀ ਅਨੁਸਾਰ ‘ਵੇਦਾ ਮਹਿ ਨਾਮੁ ਉਤਮੁ’ ਤੋਂ ਭਾਵ ਵੀ ਇਹੀ ਹੈ ਕਿ ਵੇਦਾਂ ਦੀ ਮੂਲ ਸਿੱਖਿਆ, ਉਸ ‘ਉਅੰਕਾਰ’ ਨੂੰ ਜਾਨਣਾ ਹੈ, ਉਸ ਵਿੱਚ ਲੀਨ ਹੋਣਾ ਹੈ। ਬੋਧੀ ਗ੍ਰੰਥਾਂ ਵਿੱਚ ਇਸ ‘ਸ਼ਬਦ’ ਨੂੰ ‘ਸੁੰਨ ਦਾ ਸੰਗੀਤ’ ਕਿਹਾ ਹੈ, ਉਹ ਸੰਗੀਤ ਜਿਸਨੂੰ ‘ਸੁੰਨ’ (ਭਾਵ ਵਿਚਾਰਾਂ ਤੋਂ ਪਾਰ ਦੀ ਅਵਸਥਾ) ਵਿੱਚ ਹੀ ਸੁਣਿਆ ਜਾ ਸਕਦਾ ਹੈ, ਜਦੋਂ ‘ਮਨ’ ਦੇ ਵਿਚਾਰਾਂ ਦਾ ਰੌਲਾ ਸਮਾਪਤ ਹੋ ਜਾਂਦਾ ਹੈ। ਉਸ ਵਕਤ ਇਸ ਮਹਾਂ ਸੰਗੀਤ ਨੂੰ ਸੁਣਨ ਵਾਲੇ ਕੰਨ ਖੁੱਲ੍ਹਦੇ ਹਨ। ਜਿਸ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਵਿੱਚ ਹੈ ਤੇ ਉਹ ਪਾਣੀ ਵਿੱਚ ਘਿਰੀ ਰਹਿੰਦੀ ਹੈ, ਇਸੇ ਤਰ੍ਹਾਂ ਅਸੀਂ ਉਸ ‘ਨਾਦ’ ਦੇ ਵਿਰਾਟ ਸਮੁੰਦਰ ਵਿੱਚ ਘਿਰੇ ਹੋਏ ਹਾਂ, ਪਰ ਬਾਹਰੀ ਸ਼ੋਰ (ਰੌਲੇ) ਕਰਕੇ ਸਾਨੂੰ ਉਹ ਸੁਣਾਈ ਨਹੀਂ ਦਿੰਦਾ। ਇਸ ਲਈ ਪਹਿਲਾਂ ਅਸੀਂ ‘ਸੰਸਾਰ’ ਦੇ ਰੌਲੇ ਅਤੇ ਫਿਰ ‘ਮਨ ਦੇ ਵਿਚਾਰਾਂ’ ਦੇ ਰੌਲੇ ਤੋਂ ਸ਼ਾਂਤ ਹੁੰਦੇ ਹਾਂ ਤਾਂ ਇਹ ਸੰਗੀਤ ਸੁਣਨਾ ਸ਼ੁਰੂ ਹੁੰਦਾ ਹੈ।

ਬੇਸ਼ਕ ਸਾਇੰਸਦਾਨ ਪਿਛਲੇ ਸਮੇਂ ਵਿੱਚ ਇਹ ਸਮਝਦੇ ਸਨ ਕਿ ਸਭ ਕੁੱਝ ਮਾਦੇ (ਮੈਟਰ) ਤੋਂ ਪੈਦਾ ਹੋਇਆ ਹੈ, ਪਰ ਇਸ ਮੈਟਰ ਦਾ ਮੂਲ ਸ੍ਰੋਤ ਕੀ ਹੈ, ਇਸ ਬਾਰੇ ਜਾਣਕਾਰੀ ਨਹੀਂ ਸੀ? ਇਹ ਮੈਟਰ ਕਿਥੋਂ ਆਇਆ? ਕਿਸਨੇ ਪੈਦਾ ਕੀਤਾ? ਫਿਰ ਉਨ੍ਹਾਂ ਨੂੰ ਖੋਜਾਂ ਤੋਂ ਪਤਾ ਲੱਗਾ ਕਿ ਮੈਟਰ ਨਾ ਘਟਦਾ ਹੈ ਤੇ ਨਾ ਹੀ ਵਧਦਾ ਹੈ, ਇਹ ਸਿਰਫ ਸ਼ਕਲ (ਸ਼ੇਪ) ਬਦਲਦਾ ਹੈ, ਇਥੇ ਹੀ ਰੀਸਾਈਕਲ ਹੁੰਦਾ ਰਹਿੰਦਾ ਹੈ, ਪਰ ਕਦੇ ਮਰਦਾ ਨਹੀਂ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮੈਟਰ ਸ੍ਰਿਸ਼ਟੀ ਦੇ ਮੁੱਢ ਤੋਂ ਹੀ ਇਥੇ ਮੌਜੂਦ ਸੀ। ਪਰ ਹੁਣ ਸਾਇੰਸਦਾਨ ਇਹ ਗੱਲ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਮੈਟਰ ਦਾ ਸਰੋਤ ਕੀ ਹੈ, ਇਹ ਕਿਥੋਂ ਪੈਦਾ ਹੋਇਆ? ਸਾਇੰਸ ਅਨੁਸਾਰ ਮੈਟਰ (ਮਾਦਾ) ਅਤੇ ਅਨਰਜ਼ੀ (ਊਰਜਾ), ਇੱਕ ਚੀਜ਼ ਦੇ ਹੀ ਦੋ ਰੂਪ ਹਨ, ਭਾਵ ਇੱਕ ਦੂਜੇ ਵਿੱਚ ਬਦਲ ਸਕਦੇ ਹਨ। ਆਈਨਸਟਾਇਨ ਦੀ ਥਿਊਰੀ ਆਫ ਰੈਲੇਟਿਵਟੀ (E= mc2) ਇਸ ਗੱਲ ਦੀ ਪ੍ਰਮਾਣ ਹੈ। ਇਸ ਲਈ ਸਾਇੰਸਦਾਨਾਂ ਨੇ ਜੋ ਤਰੀਕਾ ਖੋਜਿਆ, ਉਹ ਇਹ ਹੈ ਕਿ ਜੇ ਮੈਟਰ ਨੂੰ ਛੋਟੇ ਤੋਂ ਛੋਟੇ ਕਣ (ਐਟਮ, ਪ੍ਰੋਟੋਨ, ਨਿਊਟਰੋਨ, ਇਲਕਟੋਰੋਨ ਆਦਿ) ਵਿੱਚ ਤੋੜ ਦਿੱਤਾ ਜਾਵੇ ਤਾਂ ਪਤਾ ਲੱਗਾ ਸਕਦਾ ਹੈ ਕਿ ਇਸਦਾ ਮੂਲ ਸਰੋਤ ਕੀ ਹੈ। ਬੇਸ਼ਕ ਉਹ ਅਜੇ ਅੰਤ ਤੇ ਨਹੀਂ ਪਹੁੰਚੇ, ਪਰ ਉਨ੍ਹਾਂ ਦਾ ਵੀ ਅਨੁਮਾਨ ਇਹੀ ਹੈ ਕਿ ਸਾਊਂਡ (ਸ਼ਬਦ) ਜਾਂ ਲਾਈਟ (ਨੂਰ) ਹੀ ਇਸਦਾ ਮੂਲ ਸ੍ਰੋਤ ਹੋ ਸਕਦਾ ਹੈ। ਪਰ ਅਧਿਆਤਮਵਾਦੀ ਹਜਾਰਾਂ ਸਾਲਾਂ ਤੋਂ ਆਪਣੇ ਅੰਤਰੀਵ ਅਨੁਭਾਵ ਤੋਂ ਇਹ ਕਹਿੰਦੇ ਆ ਰਹੇ ਹਨ ਕਿ ‘ਨਾਮੇ (sound) ਉਪਜੈ, ਨਾਮੇ (ਸ਼ਬਦ) ਬਿਨਸੈ, ਨਾਮੇ ਸਚਿ ਸਮਾਏ॥’ (ਪੰਨਾ: 246) ਭਾਵ ਨਾਮ (ਸ਼ਬਦ ਜਾਂ ਸਾਊਂਡ) ਵਿਚੋਂ ਸਭ ਕੁੱਝ ਉਪਜਿਆ ਹੈ, ਨਾਮ ਵਿੱਚ ਸਭ ਕੁੱਝ ਖਤਮ ਹੋ ਜਾਂਦਾ ਹੈ ਤੇ ਨਾਮ ਨਾਲ ਹੀ ਉਸ ਸੱਚ ਨੂੰ ਜਾਣਿਆ ਜਾ ਸਕਦਾ ਹੈ। ਜਾਂ ‘ਅਵਲਿ ਅਲਹ ਨੂਰੁ (light) ਉਪਾਇਆ____ ਏਕ ਨੂਰ (light) ਤੇ ਸਭੁ ਜਗੁ ਉਪਜਿਆ____’। (ਪੰਨਾ: 1349) ਭਾਵ ਪ੍ਰਮਾਮਤਾ ਨੇ ਪਹਿਲਾਂ ਨੂਰ (ਲਾਈਟ) ਪੈਦਾ ਕੀਤੀ ਤੇ ਫਿਰ ਉਸ ਨੂਰ ਵਿੱਚੋਂ ਸਭ ਕੁੱਝ ਪੈਦਾ ਹੋਇਆ। ਪਰ ਸਾਇੰਸ ਤੇ ਧਰਮ ਦੀ ਦਿਸ਼ਾ ਉਲਟ ਹੈ। ਧਰਮ ਆਪਣੇ ਆਪ ਨਾਲ (ਭਾਵ ਆਪਣੇ ਮੂਲ ਸ੍ਰੋਤ, ਜੋ ਅੰਦਰ ਹੀ ਹੈ) ਨਾਲ ਜੁੜ ਕੇ ਜਾਣਦਾ ਹੈ ਅਤੇ ਸਾਇੰਸ ਇਸਨੂੰ ਬਾਹਰੋਂ ਤੋੜ ਕੇ ਜਾਨਣ ਦੀ ਕੋਸ਼ਿਸ਼ ਕਰਦੀ ਹੈ। ਧਰਮ ਦੀ ਸਮਝ ਅਨੁਸਾਰ ਬੇਸ਼ਕ ਮੈਟਰ ਨੂੰ ਤੋੜ ਕੇ ਵੀ ਸਮਝਿਆ ਜਾ ਸਕਦਾ ਹੋਵੇ, ਪਰ ਉਸ ਮੈਟਰ ਅੰਦਰ ਦੀ ਚੇਤੰਨਤਾ ਨੂੰ ਆਪਣੇ ਅੰਦਰੋਂ ਉਸ ‘ਸ਼ਬਦ’ ਨਾਲ ਜੁੜ ਕੇ ਹੀ ਜਾਣਿਆ ਜਾ ਸਕਦਾ ਹੈ।

ਮੇਰੀ ਸਮਝ ਅਨੁਸਾਰ ਸਿੱਖਾਂ ਦੇ ਦੋਨੋ ਵੱਡੇ ਧੜੇ ਗਲਤ ਦਿਸ਼ਾ ਵੱਲ ਜਾ ਰਹੇ ਹਨ। ਜਿਹੜੇ ‘ਸ਼ਬਦ’ ਨੂੰ ਅੱਖਰੀ ਗਿਆਨ (ਮਿਸ਼ਨਰੀ ਤੇ ਵਿਦਵਾਨ) ਸਮਝਦੇ ਹਨ, ਉਹ ਤਾਂ ਬਿਲਕੁਲ ਹੀ ਬਹੁਤ ਭਾਰੀ ਭੁੱਲ ਵਿੱਚ ਹਨ, ਉਨ੍ਹਾਂ ਨੂੰ ਅਧਿਆਤਮ ਬਾਰੇ ਕੋਈ ਸੋਝੀ ਨਹੀਂ ਹੈ। ਦੂਜਾ ਧੜਾ ‘ਸ਼ਬਦ’ ਨੂੰ ਮੰਤਰ ‘ਵਾਹਿਗੁਰੂ’ ‘ਸਤਿਨਾਮ’ ਜਾਂ ਕੋਈ ਹੋਰ ‘ਸ਼ਬਦ’ (ਕੁਝ ਅੱਖਰਾਂ ਦਾ ਸੰਗ੍ਰਿਹ) ਸਮਝ ਕੇ ਆਪਣੀ ਥਾਂ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਗੁਰਬਾਣੀ ਵਿਚੋਂ ਹੀ ਅਨੇਕਾਂ ਪ੍ਰਮਾਣ ਮਿਲ ਸਕਦੇ ਹਨ ਕਿ ‘ਨਾਮ’ ਬੋਲਣ ਦਾ ਨਹੀਂ ‘ਸੁਣਨ’ ਜਾਂ ‘ਸਰਵਣ’ ਦਾ ਵਿਸ਼ਾ ਹੈ। ‘ਜਪੁਜੀ’ ਵਿੱਚ ਗੁਰੂ ਨਾਨਕ ਸਾਹਿਬ ਨੇ ‘ਸੁਣਨ’ ਦੀ ਪਉੜੀ ਵਿੱਚ ਇਸਦੀ ਭਰਪੂਰ ਵਿਆਖਿਆ ਕੀਤੀ ਹੈ। ਗੁਰਬਾਣੀ ਵਿੱਚ ਜਦੋਂ ‘ਨਾਮ’ ਦੇ ‘ਸਿਮਰਨ’ ਜਾਂ ‘ਜਪਣ’ ਦੀ ਗੱਲ ਆਉਂਦੀ ਹੈ, ਉਸਦਾ ਭਾਵ ਕਿਸੇ ਅੱਖਰ ਜਾਂ ਕੁੱਝ ਅੱਖਰਾਂ ਦੇ ਸਮੂਹ ਕਿਸੇ ‘ਸ਼ਬਦ’ (ਸਤਿਨਾਮ, ਵਾਹਿਗੁਰੂ, ਰਾਮ, ਅੱਲਾ, ਗੌਡ, ਓਮ, ਹਰੀ, ਕ੍ਰਿਸ਼ਨਾ ਆਦਿ) ਦੇ ਰਟਨ ਤੋਂ ਨਹੀਂ ਹੈ, ਉਸ ‘ਅਨਾਹਦ ਨਾਦ’ ਨੂੰ ਸੁਣਨ, ਉਸ ਵਿੱਚ ‘ਸੁਰਤਿ’ ਜੋੜਨ ਦੀ ਗੱਲ ਹੈ। ‘ਸ਼ਬਦ’ ਕੋਈ ਅਖਰਾਂ ਵਿੱਚ ਲਿਖਿਆ ਜਾਣ ਵਾਲਾ ਮੰਤਰ ਨਹੀਂ ਹੈ ਕਿ ਕਿਸੇ ਸੰਤ ਨੇ, ਕਿਸੇ ਗੁਰੂ ਨੇ, ਕੰਨਾਂ ਵਿੱਚ ਕੁੱਝ ਅੱਖਰ ਬੋਲ ਦਿੱਤੇ ਤੇ ਚੇਲੇ ਵਲੋਂ ਉਸਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ ਗਿਆ। ਜਿਹੜੇ ਅਜਿਹਾ ਕਰਦੇ ਹਨ, ਉਹ ਨਕਲੀ ਸੰਤ ਜਾਂ ਨਕਲੀ ਗੁਰੂ ਹਨ। ਇਹ ‘ਸ਼ਬਦ’ ਹੀ ਅਸਲ ਵਿੱਚ ‘ਅਖਰ’ (ਅ+ਖਰ) ਹੈ, ਜਿਹੜਾ ਖਰਦਾ ਨਹੀਂ, ਖਤਮ ਨਹੀਂ ਹੁੰਦਾ, ਟੁੱਟਦਾ ਨਹੀਂ, ਇਹ ਭਾਸ਼ਾ ਦਾ ਸ਼ਬਦ ਨਹੀਂ। ਇਸੇ ਨੂੰ ਗੁਰਬਾਣੀ ਨੇ ਕਿਹਾ ਹੈ: ਗੁਰ ਕਾ ‘ਬਚਨੁ’ ਬਸੈ ਜੀਅ ਨਾਲੇ, ਜਲਿ ਨਹੀ ਡੂਬੈ, ਤਸਕਰੁ ਨਹੀ ਲੇਵੈ, ਭਾਹਿ ਨ ਸਾਕੈ ਜਾਲੇ॥ (ਪੰਨਾ: 679)। ਗੁਰਬਾਣੀ ਨੇ ਇਸੇ ਸ਼ਬਦ ਨੂੰ ‘ਇੱਕ ਉਅੰਕਾਰ’ ਕਿਹਾ ਹੈ। ਹਿੰਦੂ ਰਿਸ਼ੀਆਂ-ਸੰਤਾਂ ਆਦਿ ਨੇ ਇਸਨੂੰ ਪ੍ਰਤੀਕ ਰੂਪ ਵਿੱਚ ‘ਓਮ’ ਕਿਹਾ ਹੈ, ਜਿਸਦਾ ਭਾਸ਼ਾ ਅਨੁਸਾਰ ਕੋਈ ਮਤਲਬ ਨਹੀਂ ਹੈ, ਪਰ ਸਮਝਾਉਣ ਲਈ ਪ੍ਰਤੀਕ ਵਰਤਿਆ ਹੈ। ਸ਼ਾਇਦ ਇਸ ਲਈ ਵੀ ਕਿ ਕੋਈ ਇਸਦੇ ਅਰਥ ਨਾ ਕੱਢ ਸਕੇ, ਇਸਨੂੰ ‘ਲੋਗੋ’ ਰੂਪ ਵਿੱਚ ਬਣਾਇਆ ਸੀ। ਗੁਰੂ ਨਾਨਕ ਸਾਹਿਬ ਨੇ ਇਸਨੂੰ ‘ਇੱਕ ਓਅੰਕਾਰ’ (ੴ) ਰੂਪ ਵਿੱਚ ਪ੍ਰਤੀਕ ਦੇ ਤੌਰ ਤੇ ਸਮਝਾਇਆ ਹੈ ਕਿ ਇਹ ਭਾਸ਼ਾ ਦੇ ਗਿਆਨ ਤੋਂ ਬਾਹਰਾ ਹੈ, ਇਸਨੂੰ ਸੁਣਿਆ ਹੀ ਜਾ ਸਕਦਾ ਹੈ, ਸਮਝਿਆ ਨਹੀਂ ਜਾ ਸਕਦਾ। ਇਸਦਾ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਸਨੂੰ ਵਿਚਾਰਿਆ ਨਹੀਂ ਜਾ ਸਕਦਾ। ਇਸਨੂੰ ਮੰਤਰ ਬਣਾ ਕੇ ਜਪਿਆ ਨਹੀਂ ਜਾ ਸਕਦਾ ਕਿਉਂਕਿ ਇਹ ‘ਅਜਪਾ’ ਹੈ, ਜਿਸਦਾ ‘ਜਾਪ’ ਨਿਰੰਤਰ ਚੱਲ ਰਿਹਾ ਹੈ। ਇਹ ਓਅੰਕਾਰ ਹੀ ਉਸਦਾ ਸੱਚਾ ਨਾਮ (ਸਤਿਨਾਮ) ਹੈ, ਬਾਕੀ ਸਾਰੇ ਨਾਮ ਮਨੁੱਖ ਦੇ ਬਣਾਏ ਹੋਏ ਹਨ, ਇਹੀ ਕਰਤਾ ਹੈ, ਕਿਉਂਕਿ ਇਸ ਵਿਚੋਂ ਹੀ ਸਭ ਕੁੱਝ ਪੈਦਾ ਹੋਇਆ ਹੈ ਤੇ ਇੱਕ ਦਿਨ ਇਸ ਵਿੱਚ ਹੀ ਸਮਾ ਜਾਵੇਗਾ (ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ॥ ਪੰਨਾ: 276)। ਗੁਰਬਾਣੀ ਅਨੁਸਾਰ: ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਿ ਨਾਮ (ਓਅੰਕਾਰ) ਤੇਰਾ ਪਰਾ ਪੂਰਬਲਾ। (ਪੰਨਾ: 1083) ਇਸ ‘ਸ਼ਬਦ’ ਨੂੰ ਸੁਣਨ ਦੀ ਮਹਿਮਾ ਬਿਆਨ ਕਰਦੇ ਹੋਏ, ਗੁਰੂ ਨਾਨਕ ਸਾਹਿਬ ਜਪੁ ਜੀ ਵਿੱਚ ਫੁਰਮਾਉਂਦੇ ਹਨ: ਸੁਣਿਐ ਸਿਧ ਪੀਰ ਸੁਰਿ ਨਾਥ। ਸੁਣਿਐ ਧਰਤਿ ਧਵਲ ਆਕਾਸ। (ਪੰਨਾ: 2)।

ਜਿਸ ‘ਗਿਆਨ’ ਰੂਪੀ ‘ਨਾਮ’ ਦੀ ਚਰਚਾ, ਪੰਡਿਤ/ਵਿਦਵਾਨ ਕਰ ਰਹੇ ਹਨ, ਉਹ ਉਨ੍ਹਾਂ ਦੇ ਦਿਮਾਗੀ ਗਿਆਨ ਦੇ ਹੰਕਾਰ ਦੀ ਹੀ ਵਿਆਖਿਆ ਹੈ। ‘ਸ਼ਬਦ’ ਨੂੰ ਜਾਣੇ ਬਿਨਾਂ, ਉਸਦੇ ਸੰਗੀਤ ਵਿੱਚ ਡੁੱਬੇ ਬਿਨਾਂ, ‘ਸ਼ਬਦ’ ਦੀ ਚਰਚਾ ਵਿਦਵਾਨਾਂ ਦੇ ਦਿਮਾਗੀ ਭੇੜ ਤੋਂ ਵੱਧ ਕੁੱਝ ਨਹੀਂ ਹੈ। ਇਸਨੂੰ ਕਿਸੇ ਪੂਜਾ ਪਾਠ ਨਾਲ ਨਹੀਂ ਜਾਣਿਆ ਜਾ ਸਕਦਾ, ਇਸਨੂੰ ਕੁੱਝ ‘ਅੱਖਰਾਂ ਜਾਂ ਸ਼ਬਦਾਂ’ ਵਿੱਚ ਲਿਖ ਕੇ ਉਸਦਾ ਮੰਤਰ ਬਣਾ ਕੇ ਮੰਤਰ ਜਾਪ ਕਰਨ ਨਾਲ ਵੀ ਨਹੀਂ ਜਾਣਿਆ ਜਾ ਸਕਦਾ। ਗ੍ਰੰਥੀ, ਪਾਠੀ, ਰਾਗੀ ਬਣ ਕੇ ਨਹੀਂ ਜਾਣਿਆ ਸਕਦਾ। ਵਿਦਵਾਨ ਬਣਕੇ, ਇਸਦੇ ਆਪਣੀ ਦਿਮਾਗੀ ਵਿਦਵਤਾ ਨਾਲ ਅਰਥ ਕਰਕੇ ਨਹੀਂ ਜਾਣਿਆ ਜਾ ਸਕਦਾ। ‘ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥’ (ਪੰਨਾ: 450) ਇਹ ‘ਸ਼ਬਦ’ ਜਿਥੇ ਭਾਸ਼ਾ ਦੇ ਸ਼ਬਦਾਂ ਤੋਂ ਪਰ੍ਹੇ ਦਾ ‘ਅਸ਼ਬਦ’ ਹੈ, ਉਥੇ ਇਹ ਗਿਆਨ ਤੇ ਕਰਮ ਇੰਦਰੀਆਂ ਦੇ ਅਨੁਭਵ ਤੋਂ ਵੀ ਬਾਹਰਾ ਹੈ। ਇਸਨੂੰ ਦਿਮਾਗੀ ਕਸਰਤ ਨਾਲ ਨਹੀਂ ਜਾਣਿਆ ਜਾ ਸਕਦਾ ਅਤੇ ਨਾ ਹੀ ਸਰੀਰ ਦੇ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ। ਇਹ ਅਜਿਹਾ ਅੰਤਰ ਸੰਗੀਤ ਹੈ, ਜਿਹੜਾ ਨਾ ਸਿਰਫ ਸਾਡੀ ਆਤਮਾ ਦਾ ਸੰਗੀਤ ਹੈ, ਸਗੋਂ ਸ੍ਰਿਸ਼ਟੀ ਦੀ ਵੀ ਆਤਮਾ ਹੈ। ਇਸ ਵਿਚੋਂ ਹੀ ਸਭ ਕੁੱਝ ਪੈਦਾ ਹੋਇਆ ਹੈ ਤੇ ਇਸ ਮਹਾਂ ਸੰਗੀਤ ਵਿੱਚ ਹੀ ਸਭ ਚੱਲ ਰਿਹਾ ਹੈ। ਇਸ ਲਈ ਗੁਰਬਾਣੀ ਵਿੱਚ ਵਰਤੇ ਗਏ ‘ਸ਼ਬਦ ਗੁਰੂ’ ਨੂੰ ‘ਗਿਆਨ ਗੁਰੂ’ ਜਾਂ ‘ਗ੍ਰੰਥ ਗੁਰੂ’ ਪ੍ਰਚਾਰ ਕੇ ਨਾ ਸਿਰਫ ਅਗਿਆਨੀ ਪ੍ਰਚਾਰਕਾਂ ਵਲੋਂ ਗੁਰਬਾਣੀ ਵਿੱਚ ਦੱਸੀ ਅਧਿਆਤਮਕਿਤਾ ਨੂੰ ਹੀ ਖਤਮ ਕੀਤਾ ਜਾ ਰਿਹਾ, ਸਗੋਂ ਇਸਨੂੰ ‘ਮੰਤਰ’ ਬਣਾ ਕੇ ਉਸਦਾ ਰਟਨ ਕਰਨ ਨਾਲ ਅਧਿਆਤਮ ਦੇ ਮਾਰਗ ਤੇ ਚੱਲਣ ਦਾ ਰਾਹ ਹੀ ਬੰਦ ਹੁੰਦਾ ਜਾ ਰਿਹਾ ਹੈ। ਮੇਰੀ ਸਿੱਖ ਪ੍ਰਚਾਰਕਾਂ, ਗਿਆਨੀਆਂ, ਵਿਦਵਾਨਾਂ, ਸੰਤਾਂ, ਮਹਾਂਪੁਰਸ਼ਾਂ ਆਦਿ ਨੂੰ ਅਪੀਲ ਹੈ ਕਿ ਉਹ ਗੁਰਬਾਣੀ ਦੇ ਸੱਚ ਨੂੰ ਸੰਤ ਮੱਤ ਤੇ ਭਗਤੀ ਮੱਤ ਦੀ ਨਿਰੰਤਰਤਾ ਵਿੱਚ ਦੇਖ ਕੇ ਵਿਚਾਰਨ ਤੇ ਸਿੱਖ ਜਗਤ ਨੂੰ ਸਹੀ ਮਾਰਗ ਦਿਖਾਉਣ, ਜਿਹੜਾ ਕਿ ਗੁਰਬਾਣੀ ਦਾ ਅਸਲੀ ਮਾਰਗ ਹੈ। ‘ਸ਼ਬਦ ਗੁਰੂ’ ਨੂੰ ‘ਗ੍ਰੰਥ ਗੁਰੂ’ ਬਣਾ ਕੇ ਅਸੀਂ ਭਾਰੀ ਭੁੱਲ ਕਰ ਰਹੇ ਹਾਂ। ਕੋਈ ਵੀ ਵਿਚਾਰ ਜਾਂ ਵਿਚਾਰਧਾਰਾ, ਖਲਾਅ ਵਿਚੋਂ ਪੈਦਾ ਨਹੀਂ ਹੁੰਦੀ ਜਾਂ ਹੋਈ, ਉਸ ਲਈ ਕੋਈ ਨਾ ਕੋਈ ਆਧਾਰ ਪਹਿਲਾਂ ਹੀ ਮੌਜੂਦ ਹੁੰਦਾ ਹੈ। ਕਿਸੇ ਵਿਚਾਰਧਾਰਾ ਨੂੰ ਪਹਿਲਾਂ ਤੋਂ ਪ੍ਰਚਲਤ ਵਿਚਾਰਧਾਰਾ ਦੀ ਨਿਰੰਤਰਤਾ ਵਿੱਚ ਦੇਖਣਾ ਉਸਦਾ ਨਿਰਾਦਰ ਨਹੀਂ ਤੇ ਨਾ ਹੀ ਇਸ ਨਾਲ ਉਸਦੀ ਵਿਲੱਖਣਤਾ ਹੀ ਖਤਮ ਹੁੰਦੀ ਹੈ। ਜਥੇਬੰਧਕ ਧਰਮਾਂ ਦੀ ਇਹ ਇੱਕ ਬੜੀ ਭਾਰੀ ਸਮੱਸਿਆ ਹੈ ਕਿ ਉਹ ਹਮੇਸ਼ਾਂ ਇਹ ਯਤਨ ਕਰਦੇ ਹਨ ਕਿ ਜੋ ਵਿਚਾਰਧਾਰਾ ਉਨ੍ਹਾਂ ਕੋਲ ਹੈ, ਸਿਰਫ ਉਹ ਹੀ ਅਸਲੀ ਤੇ ਖਾਲਿਸ ਹੈ ਅਤੇ ਉਹ ਰੱਬ ਤੋਂ ਸਿੱਧੀ ਉਨ੍ਹਾਂ ਦੇ ਗੁਰੂ ਜਾਂ ਪੈਗੰਬਰ ਨੂੰ ਮਿਲੀ ਸੀ। ਅਸਲੀਅਤ ਇਹੀ ਹੈ ਕਿ ਸ੍ਰਿਸ਼ਟੀ ਵਿੱਚ ਸਭ ਕੁੱਝ ਮੌਜੂਦ ਹੈ, ਪਰ ਜੇ ਸਾਨੂੰ ਕੁੱਝ ਚਾਹੀਦਾ ਹੈ ਤਾਂ ਉਸਦੀ ਖੋਜ ਕਰਨੀ ਪੈਣੀ ਹੈ। ਉਸਨੂੰ ਹੀ ਮਿਲੀ ਹੈ, ਜਿਸਨੇ ਖੋਜੀ ਹੈ। ‘ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ॥’ (ਪੰਨਾ: 845) ਜਿਸ ਤਰ੍ਹਾਂ ਸਾਇੰਸਦਾਨਾਂ ਨੇ ਖੋਜਾਂ ਕਰਕੇ ਮਨੁੱਖ ਲਈ ਅਨੇਕਾਂ ਸੁੱਖ ਸਹੂਲਤਾਂ ਪੈਦਾ ਕੀਤੀਆਂ ਹਨ ਜਾਂ ਕੁਦਰਤ ਦੇ ਭੇਦਾਂ ਨੂੰ ਜਾਣਿਆ ਹੈ, ਉਸੇ ਤਰ੍ਹਾਂ ਅਧਿਆਤਮਵਾਦੀਆਂ ਨੇ ਵੀ ਹਜਾਰਾਂ ਸਾਲਾਂ ਦੀਆਂ ਆਪਣੀਆਂ ਅੰਤਰੀਵ ਖੋਜਾਂ ਤੇ ਅਨੁਭਵਾਂ ਰਾਹੀਂ ਸ੍ਰਿਸ਼ਟੀ ਦੇ ਅਨੇਕਾਂ ਭੇਦਾਂ ਨੂੰ ਜਾਣਿਆ ਹੈ। ਹਰ ਮਹਾਂਪੁਰਸ਼ ਨੇ ਉਸੇ ਤਰ੍ਹਾਂ ਪਹਿਲੇ ਮਹਾਂਪੁਰਸ਼ਾਂ ਦੀ ਖੋਜ ਤੋਂ ਲਾਭ ਉਠਾ ਕੇ ਆਪਣੀ ਖੋਜ ਕੀਤੀ ਤੇ ਆਤਮਿਕ ਉਚਤਾ ਨੂੰ ਪ੍ਰਾਪਤ ਕੀਤਾ, ਜਿਵੇਂ ਕੋਈ ਨਵਾਂ ਸਾਇੰਸਦਾਨ ਆਪਣੇ ਤੋਂ ਪਹਿਲੇ ਸਾਇੰਸਦਾਨਾਂ ਦੀਆਂ ਖੋਜਾਂ ਤੋਂ ਸੇਧ ਲੈ ਕੇ ਆਪਣੀ ਨਵੀਂ ਖੋਜ ਕਰਦਾ ਹੈ। ਧਰਮ ਵੀ ਸਾਇੰਸ ਵਾਂਗ ਇਸ ਸ੍ਰਿਸ਼ਟੀ ਦੇ ਉਸ ਅਣਦਿਸਦੇ ਸੱਚ ਦੀ ਖੋਜ ਹੈ, ਜਿਵੇਂ ਸਾਇੰਸ ਦਿਸਦੇ ਸੱਚ ਦੀ ਖੋਜ ਹੈ। ਗੁਰਬਾਣੀ ਵਿੱਚ 2007 ਵਾਰ ਆਏ ‘ਸਬਦ’ ਨੂੰ 7 ਵੱਖਰੇ ਢੰਗਾਂ ਨਾਲ ਤੇ ਵੱਖਰੇ ਅਰਥਾਂ ਵਿੱਚ ਵਰਤਿਆ ਗਿਆ ਹੈ, ਜਿਸਨੂੰ ਸਮਝਣ ਲਈ ਵਿਆਕਰਣ ਦੀ ਘੱਟ ਅਤੇ ਅਨੁਭਵ ਤੇ ਸੰਤ ਭਾਸ਼ਾ ਦੀ ਸਮਝ ਦੀ ਵੱਧ ਜਰੂਰਤ ਹੈ।
.