.

ਅਖਰ ਲਿਖੇ ਸੇਈ ਗਾਵਾ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 18)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 17 ਪੜੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ।।

(ਬਸੰਤ ਹਿੰਡੋਲ ਮਹਲਾ ੧-੧੧੭੧)

ਵਿਚਾਰ- ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 1171 ਉਪਰ ਰਾਗ ਬਸੰਤ ਹਿੰਡੋਲ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਹੋਏ ਹਨ। ਇਸ ਫੁਰਮਾਣ ਦੀ ਵਰਤੋਂ ਅਕਸਰ ਹੀ ਇਸ ਰੂਪ ਵਿੱਚ ਇਨ੍ਹਾਂ ਅਰਥਾਂ ਵਿੱਚ ਕੀਤੀ ਜਾਂਦੀ ਹੈ ਕਿ ਗੁਰਬਾਣੀ ਦਾ ਉਚਾਰਣ ਕਰਦੇ ਸਮੇਂ ਜਿਸ ਤਰਾਂ ਗੁਰਬਾਣੀ ਵਿੱਚ ਅੱਖਰ ਲਿਖੇ ਗਏ ਹਨ, ਬਿਲਕੁਲ ਉਸੇ ਤਰਾਂ ਹੀ ਉਚਾਰਣ ਕਰਨੇ ਚਾਹੀਦੇ ਹਨ, ਬੋਲਣ ਸਮੇਂ ਸਾਨੂੰ ਆਪਣੇ ਕੋਲੋਂ ਗੁਰਬਾਣੀ ਵਿੱਚ ਕੋਈ ਵੀ ਬਿੰਦੀ, ਟਿੱਪੀ, ਅੱਧਕ, ਅਰਧ ਵਿਸ਼ਰਾਮ ਆਦਿਕ ਨਹੀਂ ਲਾਉਣੇ ਚਾਹੀਦੇ, ਇਸ ਤਰਾਂ ਕਰਨ ਨਾਲ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਵਿੱਚ ਗੁਰੂ ਨਾਨਕ ਦੇਵ ਜੀ ਵਲੋਂ ਦਿਤੇ ਗਏ ਆਦੇਸ਼ ਦੀ ਉਲੰਘਣਾ ਹੁੰਦੀ ਹੈ। ਇਸ ਪ੍ਰਚਲਿਤ ਵਿਚਾਰ ਨੂੰ ਜ਼ਰਾ ਕਸਵੱਟੀ ਲਾ ਕੇ ਪਰਖਣ ਦੀ ਜ਼ਰੂਰਤ ਹੈ ਕਿ ਇਹ ਵਿਚਾਰ ਕਿਥੋਂ ਤਕ ਜ਼ਾਇਜ਼ ਹੈ?

ਭਾਸ਼ਾ ਮਾਹਰਾਂ ਅਨੁਸਾਰ ਕਿਸੇ ਵੀ ਭਾਸ਼ਾ ਵਿੱਚ ਉਚਾਰਣ (Pronunciation ) ਅਤੇ ਵਿਸ਼ਰਾਮ (Punctuation) ਦੀ ਬੇਹੱਦ ਅਹਿਮੀਅਤ ਹੁੰਦੀ ਹੈ। ਇਨ੍ਹਾਂ ਦੋਵਾਂ ਪੱਖਾਂ ਦਾ ਜੇਕਰ ਸਹੀ ਧਿਆਨ ਨਾ ਰੱਖਿਆ ਜਾਵੇ ਤਾਂ ਅਰਥਾਂ ਦੇ ਅਨਰਥ ਹੋ ਜਾਣੇ ਸੁਭਾਵਿਕ ਹਨ। ਠੀਕ ਇਸੇ ਤਰਾਂ ਇਹੀ ਨਿਯਮ ਗੁਰਬਾਣੀ ਦੇ ਉਚਾਰਣ ਪੱਖ ਉਪਰ ਵੀ ਲਾਗੂ ਕੀਤੇ ਜਾਣੇ ਜ਼ਰੂਰੀ ਹਨ। ਇਸ ਲਈ ਦੁਨਿਆਵੀ ਵਿਦਿਅਕ ਪੱਖ ਦਾ ਚੰਗੇਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਬਿਨਾਂ ਅਸੀਂ ਇਸ ਨੂੰ ਸਹੀ ਰੂਪ ਵਿੱਚ ਸਮਝ ਹੀ ਨਹੀਂ ਸਕਾਂਗੇ। ਗੁਰੂ ਸਾਹਿਬਾਨ ਵਲੋਂ ਕਿਸੇ ਵੀ ਰੂਪ ਵਿੱਚ ਦੁਨਿਆਵੀ ਵਿਦਿਆ ਦੇ ਪੱਖ ਨੂੰ ਤ੍ਰਿਸਕਾਰਿਆ ਨਹੀਂ ਹੈ ਸਗੋਂ ਹਰ ਤਰਾਂ ਨਾਲ ਸਤਿਕਾਰ ਦਿਤਾ ਗਿਆ ਹੈ। ਪਰ ਇਸਦੇ ਨਾਲ-ਨਾਲ ਸਤਿਗੁਰੂ ਨੇ ਇਹ ਵੀ ਕਿਹਾ ਹੈ ਕਿ ਸਾਡੇ ਪੱਲੇ ਦੁਨਿਆਵੀ ਵਿਦਿਆ ਜਾਂ ਹੋਰ ਕਿਸੇ ਕਿਸਮ ਦਾ ਗਿਆਨ ਹੋਣਾ ਮੁਬਾਰਕ ਹੈ, ਪਰ ਇਸ ਗਿਆਨ ਦਾ ਕਦੀ ਵੀ ਹੰਕਾਰ ਨਾ ਹੋਵੇ। ਜੇਕਰ ਇਹ ਸਭ ਕੁੱਝ ਪ੍ਰਾਪਤ ਕਰਕੇ ਹੰਕਾਰੀ ਬਿਰਤੀ ਦਾ ਬਣ ਜਾਵੇਗਾ ਤਾਂ ‘ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅੰਹਕਾਰਾ` (੧੪੦) ਦੇ ਬਚਨ ਉਸ ਮਨੁੱਖ ਉਪਰ ਲਾਗੂ ਹੋ ਜਾਣਗੇ ਅਤੇ ਉਹ ਵਿਦਵਾਨ ਦੀ ਬਜਾਏ ਮੂਰਖ ਹੀ ਗਿਣਿਆ ਜਾਵੇਗਾ।

ਵਿਸ਼ਾ ਅਧੀਨ ਵਿਚਾਰ ਨੂੰ ਸੁਖੈਨ ਢੰਗ ਨਾਲ ਸਮਝਣ ਲਈ ਸਾਨੂੰ ਨਿਮਨ ਦਰਸਾਏ ਗਏ ਕੁੱਝ ਕੁ ਗੁਰਬਾਣੀ ਫੁਰਮਾਣਾਂ ਤੋਂ ਸਹੀ ਸਮਝ ਆ ਜਾਵੇਗੀ। ਇਨ੍ਹਾਂ ਪ੍ਰਮਾਣਾਂ ਨੂੰ ਸਹੀ ਸਮਝਣ ਲਈ ਸਹੀ ਉਚਾਰਣ ਅਨੁਸਾਰ ਲਿਖਿਆ ਜਾ ਰਿਹਾ ਹੈ, ਪਰ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਆਪਣੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਸੈਚੀਆਂ, ਪੋਥੀਆਂ, ਗੁਟਕਿਆਂ ਆਦਿ ਵਿੱਚ ਇਸ ਤਰਾਂ ਕਦਾਚਿਤ ਵੀ ਨਹੀਂ ਕੀਤਾ ਜਾਣਾ ਚਾਹੀਦਾ ਹੈ।

1. ਨਾਨਕੁ ਨੀਚੁ ਕਹੈ ਵੀਚਾਰੁ।। (੪)

ਜੇਕਰ ਅਸੀਂ ਉਚਾਰਣ ਸਮੇਂ ਸਹੀ ਅਰਧ ਵਿਸ਼ਰਾਮ (ਕੌਮਾ) ਲਾ ਕੇ ਪਾਠ ਨਹੀਂ ਕਰਾਂਗੇ ਤਾਂ ਇਸ ਦਾ ਅਰਥ ਬਣ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਪ੍ਰਮੇਸ਼ਰ ਦੇ ਘਰ ਦੀ ਨੀਵੀਂ ਜਿਹੀ ਵਿਚਾਰ ਦੇ ਰਹੇ ਹਨ। ਜਦੋਂ ਕਿ ਇਥੇ ਉਚਾਰਣ ਨੀਚ ਤੋਂ ਬਾਦ ਅਰਥ ਵਿਸ਼ਰਾਮ ਦੇਣ ਨਾਲ ਅਰਥ ਹੀ ਬਦਲ ਜਾਵੇਗਾ ਕਿ ਨੀਚ ਨਾਨਕ, ਪ੍ਰਮੇਸ਼ਰ ਦੇ ਘਰ ਦੀ ਵਿਚਾਰ ਦੇ ਰਹੇ ਹਨ। ਅਰਧ ਵਿਸ਼ਰਾਮ ਨਾਲ ਹੀ ਨੀਚ ਸ਼ਬਦ ਦੇ ਅਰਥ ਕਿਸ ਪਾਸੇ ਹੋਣੇ ਹਨ, ਸਪਸ਼ਟ ਹੋਵੇਗਾ।

2. ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।। (੫)

ਜੇਕਰ ਅਸੀਂ ਨਾਨਕ ਤੋਂ ਬਾਦ ਵਿਸ਼ਰਾਮ ਨਹੀਂ ਦੇਵਾਂਗੇ ਤਾਂ ਵਡਾ ਸ਼ਬਦ ਦਾ ਅਰਥ ਹੋ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਵੱਡਾ ਆਖ ਰਹੇ ਹਨ, ਜੋ ਕਿ ਕਿਸੇ ਵੀ ਤਰਾਂ ਯੋਗ ਨਹੀਂ, ਇਸੇ ਤਰਾਂ ਜੇਕਰ ‘ਵਡਾ` ਸ਼ਬਦ ਦਾ ਉਚਾਰਣ ਕਰਦੇ ਸਮੇਂ ਅੱਧਕ ਨਹੀਂ ਲਾਵਾਂਗੇ ਤਾਂ ਸਹੀ ਅਰਥ ਤੱਕ ਪਹੁੰਚ ਨਹੀਂ ਸਕਾਂਗੇ। ਨਾਨਕ ਤੋਂ ਬਾਦ ਵਿਸ਼ਰਾਮ ਦੇਣ ਅਤੇ ਵਡਾ ਵਿੱਚ ‘ਵ` ਉਪਰ ਅੱਧਕ ਲਾ ਕੇ ਸਹੀ ਉਚਾਰਣ ਕਰਨ ਨਾਲ ਠੀਕ ਅਰਥ ਬਣੇਗਾ ਕਿ ਹੇ ਨਾਨਕ! ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ।

3. ਭਰੀਐ ਮਤਿ ਪਾਪਾ ਕੈ ਸੰਗਿ।। (੪)

ਇਸ ਪਾਵਨ ਫੁਰਮਾਣ ਅੰਦਰ ਆਏ ਸ਼ਬਦ ‘ਪਾਪਾ` ਨੂੰ ਜੇਕਰ ਅਸੀਂ ਜਿਵੇਂ ਲਿਖਿਆ ਉਸੇ ਤਰਾਂ ਹੀ ਬੋਲਾਂਗੇ ਤਾਂ ਅਜੋਕੇ ਸਮੇਂ ਇਸ ਸ਼ਬਦ ਦਾ ਅਰਥ ਪਿਤਾ (Father) ਦੇ ਅਰਥਾਂ ਵਿੱਚ ਹੋਵੇਗਾ, ਜਿਸ ਨਾਲ ਇਸ ਪਾਵਨ ਪੰਕਤੀ ਦਾ ਅਰਥ ਹੀ ਸਪਸ਼ਟ ਨਹੀਂ ਹੋ ਸਕੇਗਾ। ਇਥੇ ਇਸ ਸ਼ਬਦ ਨੂੰ ‘ਪਾਪਾਂ` ਬਿੰਦੀ ਲਾ ਕੇ ਬੋਲਣ ਨਾਲ ਇਹ ਸ਼ਬਦ ਪਾਪ ਦਾ ਬਹੁਵਚਨ ਰੂਪ ਬਣੇਗਾ ਅਤੇ ਅਰਥ ਵੀ ਸਪਸ਼ਟ ਹੋ ਜਾਣਗੇ ਕਿ-ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ।

4. ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ।। (੬੮੨)

ਗੁਰਬਾਣੀ ਦੇ ਸ਼ਬਦਾਂ ਦਾ ਉਚਾਰਣ ਕਰਨ ਸਮੇਂ ਇਹ ਜ਼ਰੂਰੀ ਨਹੀਂ ਕਿ ਰਹੇਕ ਅੱਖਰ ਨਾਲ ਕੋਈ ਵਾਧੂ ਟਿੱਪੀ/ਬਿੰਦੀ/ਅੱਧਕ ਆਦਿ ਲਾ ਕੇ ਬੋਲਿਆ ਜਾਵੇ, ਸਗੋਂ ਪ੍ਰਕਰਣ ਅਨੁਸਾਰ ਹੀ ਉਚਾਰਣ ਕੀਤਾ ਜਾਣਾ ਬਣਦਾ ਹੈ। ਜਿਵੇਂ ਇਸ ਪਾਵਨ ਬਚਨ ਅੰਦਰ ‘ਦੇਈਂ ` ਸ਼ਬਦ ਨੂੰ ਬਿੰਦੀ ਲਾ ਕੇ ਬੋਲਾਂਗੇ ਤਾਂ ਇਸ ਦਾ ਅਰਥ ਪ੍ਰਮੇਸ਼ਰ ਪਾਸੋਂ ਮੰਗ ਰੂਪ ਵਿੱਚ ਬਣੇਗਾ, ਜੇਕਰ ‘ਦੇਈ ` ਬਿੰਦੀ ਤੋਂ ਬਿਨਾ ਬੋਲਾਂਗੇ ਤਾਂ ਅਰਥ ਪ੍ਰਮੇਸ਼ਰ ਦੀ ਬਖ਼ਸ਼ਿਸ਼ ਰੂਪ ਵਿੱਚ ਬਣੇਗਾ, ਜੋ ਕਿ ਸ਼ਬਦ ਦੇ ਪ੍ਰਕਰਣ ਅਨੁਸਾਰ ਠੀਕ ਫਿਟ ਬੈਠਦਾ ਹੈ। ਇਸ ਤੁਕ ਦਾ ਸਹੀ ਅਰਥ ਬਣੇਗਾ-ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਵੇਖਣ ਨਹੀਂ ਦਿੰਦਾ, ਉਹ ਆਪਣਾ ਮੁੱਢ ਕਦੀਮ ਦਾ ਪਿਆਰ ਵਾਲਾ ਸੁਭਾਉ ਸਦਾ ਚੇਤੇ ਰੱਖਦਾ ਹੈ।

5. (ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।। (੧੦੩)

(ਅ) ਮਾਤਾ ਭੈਸਾ ਅੰਮੁਹਾ ਜਾਇ।। (੩੨੬)

ਉਪਰੋਕਤ ਦੋਵੇਂ ਪ੍ਰਮਾਣਾਂ ਵਿੱਚ ‘ਮਾਤਾ` ਸ਼ਬਦ ਆਉਂਦਾ ਹੈ, ਪਹਿਲੇ ਪ੍ਰਮਾਣ ਵਿੱਚ ਪ੍ਰਕਰਣ ਅਨੁਸਾਰ ਇਸ ਦਾ ਅਰਥ ‘ਮਾਂ`ਬਣਦਾ ਹੈ, ਦੂਜੇ ਪ੍ਰਮਾਣ ਵਿੱਚ ਪ੍ਰਕਰਣ ਅਨੁਸਾਰ ਇਸ ਦਾ ਅਰਥ ‘ਮਸਤਿਆ ਹੋਇਆ`ਬਣਦਾ ਹੈ। ਇਨ੍ਹਾਂ ਦੋਵਾਂ ਪ੍ਰਮਾਣਾਂ ਵਿੱਚ ‘ਮਾਤਾ` ਸ਼ਬਦ ਨਾਲ ਕੋਈ ਵੀ ਬਿੰਦੀ, ਅੱਧਕ, ਟਿੱਪੀ, ਵਿਸ਼ਰਾਮ ਆਦਿ ਕੁੱਝ ਵੀ ਆਪਣੇ ਕੋਲੋ ਨਹੀਂ ਲਾਇਆ ਜਾਣਾ ਹੈ, ਸਿਰਫ ਬੋਲਣ ਲਗਿਆਂ ਫਰਕ ਦੇਣਾ ਜ਼ਰੂਰੀ ਹੈ ਤਾਂ ਜੋ ਸਹੀ ਅਰਥ ਬਣ ਸਕੇ। ਪਹਿਲੇ ਪ੍ਰਮਾਣ ਵਿੱਚ ਜਿਵੇਂ ਲਿਖਿਆ ਬਿਨਾ ਜ਼ੋਰ ਦਿਤਿਆਂ ‘ਮਾਤਾ` ਬੋਲਣਾ ਹੈ ਪਰ ਦੂਜੇ ਪ੍ਰਮਾਣ ਵਿੱਚ ‘ਮਾਤਾ` ਸ਼ਬਦ ਨੂੰ ਜ਼ੋਰ ਦੇ ਕੇ ਬੋਲਾਂਗੇ ਤਾਂ ਹੀ ਅਰਥ ਸਪਸ਼ਟ ਹੋਵੇਗਾ।

6. (ੳ) ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ।। (੫੨੭)

(ਅ) ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।। (੪੭੬)

(ੲ) ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ।। (੯੧੯)

ਉਪਰੋਕਤ ਤਿੰਨੇ ਗੁਰਬਾਣੀ ਪ੍ਰਮਾਣਾਂ ਵਿੱਚ ‘ਗਲੀ` ਸ਼ਬਦ ਸਾਂਝੇ ਰੂਪ ਵਿੱਚ ਆਇਆ ਹੈ। ਜੇਕਰ ਤਿੰਨੇ ਥਾਵਾਂ ਉਪਰ ਲਿਖੇ ਅਨੁਸਾਰ ‘ਗਲੀ ` ਹੀ ਬੋਲਾਂਗੇ ਤਾਂ ਅਰਥ ‘ਰਸਤਾ` ਬਣੇਗਾ, ਜੋ ਤਿੰਨੇ ਜਗਾ ਫਿਟ ਨਹੀਂ ਬੈਠੇਗਾ। ਸਹੀ ਅਰਥ ਭਾਵ ਅਨੁਸਾਰ (ੳ) ਪ੍ਰਮਾਣ ਵਿੱਚ ਉਚਾਰਣ ‘ਗਲੀ`, ਅਰਥ- ਰਸਤਾ (Street) ਹੋਵੇਗਾ। (ਅ) ਪ੍ਰਮਾਣ ਵਿੱਚ ਉਚਾਰਣ ‘ਗਲੀਂ ` ਬਿੰਦੀ ਲਾ ਕੇ, ਅਰਥ- ਗਲੇ ਵਿੱਚ (In Neck) ਹੋਵੇਗਾ। (ੲ) ਪ੍ਰਮਾਣ ਵਿੱਚ ਉਚਾਰਣ ‘ਗੱਲੀਂ ` ਅੱਧਕ ਅਤੇ ਬਿੰਦੀ ਲਾ ਕੇ, ਅਰਥ- ਗੱਲਾਂ ਨਾਲ (Talking) ਹੋਵੇਗਾ।

ਗੁਰਬਾਣੀ ਦੇ ਸਹੀ ਉਚਾਰਣ ਸਬੰਧੀ ਇਹ ਨੁਕਤਾ ਪੱਕੇ ਤੌਰ ਤੇ ਪੱਲੇ ਬੰਨ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਅੱਖਰ ਦਾ ਉਚਾਰਣ (Pronunciation) ਅਤੇ ਵਿਸ਼ਰਾਮ (Punctuation ) ਇਸ ਤਰਾਂ ਕੀਤਾ ਜਾਵੇ ਜਿਸ ਨਾਲ ਅਰਥ ਸਪਸ਼ਟ ਹੋ ਸਕੇ। ਇਸੇ ਤਰਾਂ ਹੋਰ ਵੀ ਕਈ ਗੁਰਬਾਣੀ ਪ੍ਰਮਾਣ ਵੱਖ-ਵੱਖ ਉਦਾਰਹਣਾਂ ਵਜੋਂ ਲਏ ਜਾ ਸਕਦੇ ਹਨ। ਪਰ ਲੇਖ ਲੰਮਾ ਹੋ ਜਾਣ ਤੋਂ ਬਚਣ ਲਈ ਇਸ ਪੱਖ ਨੂੰ ਇਥੇ ਹੀ ਸੰਕੋਚਿਆ ਜਾ ਰਿਹਾ ਹੈ।

ਇਸ ਦੇ ਨਾਲ-ਨਾਲ ਹੀ ਇੱਕ ਗੱਲ ਹੋਰ ਵੀ ਵਿਚਾਰਣ ਯੋਗ ਹੈ ਕਿ ਵਿਸ਼ਾ ਅਧੀਨ ਪ੍ਰਮਾਣ ‘ਅਖਰ ਲਿਖੇ ਸੇਈ ਗਾਵਾ` (੧੧੭੧) ਨੂੰ ਬੋਲਣ ਵਾਲੇ ‘ਅਖਰ` ਸ਼ਬਦ ਨੂੰ ਬੋਲਣ ਸਮੇਂ ‘ਅੱਖਰ ` ਭਾਵ ਅੱਧਕ ਲਾ ਕੇ ਬੋਲਦੇ ਹਨ, ਜੇਕਰ ‘ਅੱਧਕ` ਤੋਂ ਬਿਨਾ ‘ਅਖਰ` ਬੋਲਿਆ ਜਾਵੇ ਤਾਂ ਇਸ ਸ਼ਬਦ ਦਾ ਅਰਥ ਹੀ ਨਹੀਂ ਬਣੇਗਾ। ਹੁਣ ਇਨ੍ਹਾਂ ਨੂੰ ਪੁਛਿਆ ਜਾਵੇ ਕਿ ਜਿਵੇਂ ਲਿਖਿਆ ਉਸ ਅਨੁਸਾਰ ਗੁਰਬਾਣੀ ਨੂੰ ਬੋਲੇ ਜਾਣ ਦੀ ਗੱਲ, ਜੇ ਇਸ ਪ੍ਰਮਾਣ ਅਨੁਸਾਰ ਤੁਸੀਂ ਦੂਜਿਆਂ ਲਈ ਕਰਦੇ ਹੋ, ਉਹ ਇਸੇ ਪ੍ਰਮਾਣ ਵਿੱਚ ‘ਅਖਰ` ਸ਼ਬਦ ਨੂੰ ਬੋਲਣ ਸਮੇਂ ਆਪਣੇ ਕੋਲੋ ਅੱਧਕ ਲਗਾ ਕੇ ਕਿਉਂ ਬੋਲਦੇ ਹਨ? ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ।

ਵਿਸ਼ਾ ਅਧੀਨ ਪ੍ਰਮਾਣ ਸਬੰਧੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਪੂਰੇ ਸ਼ਬਦ ਨੂੰ ਅਰਥਾਂ ਸਹਿਤ ਵਿਚਾਰ ਲੈਣਾ ਜ਼ਰੂਰੀ ਹੋਵੇਗਾ ਤਾਂ ਜੋ ਸਾਰੀ ਸਥਿਤੀ ਸਪਸ਼ਟ ਹੋ ਸਕੇ। ਪੂਰਾ ਸ਼ਬਦ ਇਸ ਤਰਾਂ ਹੈ-

ਬਸੰਤੁ ਮਹਲਾ ੧ ਹਿੰਡੋਲ (੧੧੭੧)

ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ।।

ਆਪਿ ਕੁਚਜੀ ਦੋਸ ਨ ਦੇਊ ਜਾਣਾ ਨਾਹੀ ਰਖੇ।। ੧।।

ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ।।

ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ।। ੧।। ਰਹਾਉ।।

ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ।।

ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ।। ੨।।

ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ।।

ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾ।। ੩।। ੨।। ੧੦।।

ਅਰਥ- ਆਤਮਕ ਜੀਵਨ ਦੀ ਦਾਤ ਜੋ ਪਤੀ-ਪ੍ਰਭੂ ਵਲੋਂ ਮਿਲੀ ਸੀ, ਉਹ ਤਾਂ ਸਭਨਾਂ ਨਾਲ ਵੰਡੀ ਜਾ ਸਕਣ ਵਾਲੀ ਸੀ, ਪਰ ਜਗਤ-ਪੇਕੇ ਘਰ ਵਿੱਚ ਰਹਿੰਦਿਆਂ ਮਾਇਆ ਮੋਹ ਦੇ ਪ੍ਰਭਾਵ ਹੇਠ ਮੈਂ ਜੀਵ-ਇਸਤਰੀ ਵਿਤਕਰੇ ਹੀ ਸਿੱਖਦੀ ਰਹੀ। ਮੈਂ ਆਪ ਹੀ ਕੁਚੱਜੀ ਰਹੀ, ਭਾਵ ਮੈਂ ਸੋਹਣੀ ਜੀਵਨ ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿੱਚ ਦੁੱਖ ਸਹੇੜੇ ਹਨ, ਪਰ ਮੈਂ ਕਿਸੇ ਹੋਰ ਉਤੇ ਇਨ੍ਹਾਂ ਦੁੱਖਾਂ ਬਾਰੇ ਕੋਈ ਦੋਸ਼ ਨਹੀਂ ਲਾ ਸਕਦੀ। ਪਤੀ-ਪ੍ਰਭੂ ਵਲੋਂ ਮਿਲੀ ਆਤਮਕ ਜੀਵਨ ਦੀ ਦਾਤ ਨੂੰ ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ਆਈ।। ੧।। ਹੇ ਮੇਰੇ ਮਾਲਕ ਪ੍ਰਭੂ! ਮੈਂ ਆਪ ਹੀ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ। ਮਾਇਆ ਦੇ ਮੋਹ ਵਿੱਚ ਫਸਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਤਰਾਂ ਤੋਂ ਕਰਦੀ ਆ ਰਹੀ ਹਾਂ, ਉਨ੍ਹਾਂ ਦੇ ਜੋ ਸੰਸਕਾਰ ਮੇਰੇ ਮਨ ਵਿੱਚ ਉਕਰੇ ਪਏ ਹਨ, ਮੈਂ ਉਨ੍ਹਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ। ਮੈਂ ਮਨ ਦੀ ਕੋਈ ਘਾੜਤ ਘੜਨੀ ਨਹੀਂ ਜਾਣਦੀ ਹਾਂ। ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ।। ੧।। ਰਹਾਉ।।

ਜਿਹੜੀਆਂ ਜੀਵ-ਇਸਤਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ ਆਪਣੇ ਮਨ ਵਿੱਚ ਬਣਾ ਕੇ ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ, ਉਨ੍ਹਾਂ ਨੂੰ ਹੀ ਸੁਚੱਜੀਆਂ ਇਸਤਰੀਆਂ ਸਮਝੋ। ਜਿਹੜੀਆਂ ਇਸਤਰੀਆਂ ਆਪਣਾ ਆਤਮਕ ਜੀਵਨ ਦਾ ਘਰ ਸਾਂਭ ਕੇ ਰੱਖਦੀਆਂ ਹਨ, ਕੋਈ ਵਿਕਾਰ, ਕੋਈ ਭੈੜ ਨਹੀਂ ਰੱਖਦੀਆਂ, ਭਾਵ ਜੋ ਮਾੜੇ ਰਸਾਂ ਵਿੱਚ ਪਰਵਿਰਤ ਨਹੀਂ ਹੁੰਦੀਆਂ ਉਹ ਖਸਮ-ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।। ੨।। ਜੇ ਤੂੰ ਸੱਚ ਮੁਚ ਪੜਿਆ- ਲਿਖਿਆ ਵਿਦਵਾਨ ਹੈ, ਸਿਆਣਾ ਹੈ ਤਾਂ ਇਹ ਗੱਲ ਪੱਕੀ ਤਰਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ ਹਰਿ-ਨਾਮ ਹੀ ਬੇੜੀ ਹੈ। ਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ, ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਟਿਕਿਆ ਰਹਾਂ।। ੩।। ੨।। ੧੦।।

ਉਪਰੋਕਤ ਸਾਰੀ ਵਿਚਾਰ ਤੋਂ ਬਿਲਕੁਲ ਸਪਸ਼ਟ ਹੈ ਕਿ ਇਸ ਪੂਰੇ ਸ਼ਬਦ ਦੇ ਪਰਿਖੇਪ ਵਿੱਚ ਕਿਸੇ ਵੀ ਤਰਾਂ ਨਾਲ ਗੁਰਬਾਣੀ ਦੇ ਅੱਖਰਾਂ ਨੂੰ ਲਿਖੇ ਅਨੁਸਾਰ ਗਾਉਣ ਦੀ ਗੱਲ ਕਦਾਚਿਤ ਵੀ ਨਹੀ ਹੈ, ਸਗੋਂ ਇਥੇ ਤਾਂ ਜੀਵਨ ਅੰਦਰ ਪੱਕ ਚੁੱਕੇ ਸੰਸਕਾਰਾਂ ਦੇ ਪ੍ਰਭਾਵ ਅਧੀਨ ਹੀ ਮੁੜ-ਮੁੜ ਕੀਤੇ ਜਾ ਰਹੇ ਮਾੜੇ ਕਰਮਾਂ ਦੀ ਗੱਲ ਕੀਤੀ ਗਈ ਹੈ। ਸੋ ਲੋੜ ਹੈ ਕਿ ਇਸ ਸ਼ਬਦ ਦੀ ਵਿਸ਼ਾ ਅਧੀਨ ਪੰਕਤੀ ਨੂੰ ਆਪਣੀ ਮਨ ਮਰਜ਼ੀ ਅਨੁਸਾਰ ਵਰਤਣ ਦੀ ਥਾਂ ਤੇ ਇਸ ਸ਼ਬਦ ਅੰਦਰ ਦਿੱਤੀ ਸਿਖਿਆ ਅਨੁਸਾਰ ਆਪਣੇ ਜੀਵਨ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੇ ਯਤਨ ਕਰੀਏ ਤਾਂ ਜੋ ਜਿੰਨੀ ਜਿੰਦਗੀ ਬਾਕੀ ਹੈ, ਉਸ ਅੰਦਰ ਪਹਿਲੇ ਬੁਰੇ ਸੰਸਕਾਰਾਂ ਤੋਂ ਖਹਿੜਾ ਛੁੱਟ ਜਾਵੇ ਅਤੇ ਸੁਖਮਈ ਜੀਵਨ ਬਤੀਤ ਕਰਦੇ ਹੋਏ ਪ੍ਰਮੇਸ਼ਰ ਦੇ ਦਰ ਉਪਰ ਮੁੱਖ ਉਜਲਾ ਲੈ ਕੇ ਜਾ ਸਕੀਏ।

==============

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.