.

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲੇਖ

ਜਨਮ ਮਰਣ ਤੇ ਰਹਤ ਨਾਰਾਇਣ

ਪ੍ਰਸਿਧ ਬਾਣੀ ‘ਸਿਧ ਗੋਸਟਿ’ ਗੁਰੁ ਨਾਨਕ ਦੀ ਰਚਨਾ ਹੈ ਇਸ ਬਾਣੀ ਵਿੱਚ ਉਨ੍ਹਾਂ ਨੇ ਸਿੱਧਾਂ ਨਾਲ ਅਚੱਲ ਬਟਾਲੇ ਹੋਈ ਗੋਸਟੀ ਬਾਰੇ ਲਿਖਿਆ ਹੈ। ਇਸ ਬਾਣੀ ਦੀਆਂ ੭੩ ਪਉੜੀਆਂ ਹਨ। ਪਉੜੀ ਨੰ: ੨੧ ਵਿੱਚ ਸਿੱਧਾਂ ਦਾ ਪ੍ਰਸ਼ਨ ਅਤੇ ਗੁਰੁ ਨਾਨਕ ਜੀ ਦਾ ਉੱਤਰ ਇਸ ਤਰ੍ਹਾਂ ਹੈ:-

(ਪ੍ਰ.) ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥ ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ॥ ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ॥ ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ॥ (ਪੰਨਾ ੯੪੦)

(ਉ) ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ॥ ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ॥ ੨੧॥

ਭਾਵ (ਪ੍ਰ) ਤੁਸੀਂ ਸ੍ਰਿਸਟੀ ਦੇ ਮੁੱਡ ਦੀ ਕੀ ਵੀਚਾਰ ਦੱਸਦੇ ਹੋ? ਤਦੋਂ ਅਫੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ? ਫਰਮਾਤਮਾ ਨਾਲ ਜਾਣ-ਪਛਾਣ ਦਾ ਕੀ ਸਾਧਨ ਦੱਸਦੇ ਹੋ? ਹਰੇਕ ਘਰ ਵਿੱਚ ਕਿਸ ਦਾ ਨਿਵਾਸ ਹੈ? ਖਾਲ ਦੀ ਚੋਟ ਕਿਵੇਂ ਮੁਕਾਈ ਜਾਵੇ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ? ਕਿਵੇਂ ਹਉਮੈ ਵੈਰੀ ਦਾ ਨਾਸ਼ ਹੋਵੇ, ਜਿਸ ਕਰਕੇ ਸਹਿਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਵੇ, ਜਾਨੀ ਕਿ ਜਿਸ ਕਰਕੇ ਸਹਜ ਅਤੇ ਸੰਤੋਖ ਪ੍ਰਾਪਤ ਹੋਵੇ।

(ਉ) ਜੇ ਮਨੁੱਖ ਸਤਿਗੁਰ ਦੇ ਸ਼ਬਦ ਰਾਹੀਂ ਹਉਮੈ ਜ਼ਹਿਰ ਨੂੰ ਮੁਕਾ ਲਏ, ਤਾਂ ਨਿਜ ਸਰੂਪ ਵਿੱਚ ਟਿੱਕ ਜਾਂਦਾ ਹੈ। ਜਿਸ ਪ੍ਰਭੂ ਨੇ ਰਚਨਾ ਰਚੀ ਹੈ ਉਸ ਪ੍ਰਭੂ ਨੂੰ ਜੋ ਮਨੁੱਖ ਗੁਰੁ ਦੇ ਸ਼ਬਦ ਵਿੱਚ ਜੁੜ ਕੇ ਪਛਾਣਦਾ ਹੈ, ਨਾਨਕ ਉਸ ਦਾ ਦਾਸ ਹੈ। ‘ਜਪੁ’ ਵੀ ਗੁਰੁ ਨਾਨਕ ਦੀ ਰਚਨਾ ਹੈ ਜਿਸ ਦਾ ਅਸੀਂ ਹਰ ਰੋਜ਼ ਸਵੇਰੇ ਪਾਠ ਕਰਦੇ ਹਾਂ। ਇਸ ਬਾਣੀ ਦੀਆਂ ੩੮ ਪਉੜੀਆਂ ਹਨ। ਬਾਣੀ ਦੇ ਸ਼ੁਰੂ ਅਤੇ ਅੰਤ ਵਿੱਚ ਇੱਕ-ਇੱਕ ਸਲੋਕ ਹੈ। ਸਭ ਤੋਂ ਪਹਿਲਾਂ ਮੂਲ-ਮੰਤਰ ਹੈ। ਇਸ ਬਾਣੀ ਦੀ ੧੬ਵੀਂ ਪਉੜੀ ਵਿੱਚ ਗੁਰੁ ਨਾਨਕ ਜੀ ਲਿਖਦੇ ਹਨ:-

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (ਪੰਨਾ ੩)

(ਪਸਾਉ-ਪਸਾਰਾ)

(ਕਵਾਉ-ਹੁਕਮ)

ਭਾਵ: ਅਕਾਲ ਪੁਰਕ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਦੇ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ।

ਜਦੋਂ ਦੀ ਦੁਨੀਆਂ ਬਣੀ ਹੈ ਉਸ ਵਕਤ ਤੋਂ ਹੀ ‘ਕੁਦਰਤਿ’ ਅਤੇ ‘ਕਾਦਰ’ ਦੀ ਗੱਲ ਨਾਲ ਨਾਲ ਚਲਦੀ ਆ ਰਹੀ ਹੈ। ਸਾਇੰਸ ਦਾ ਯੁੱਗ ਹੋਣ ਕਰਕੇ, ਅਨੇਕਾਂ ਖੋਜਾਂ ਸਦਕਾ ਇਨਸਾਨ ਦੇ ‘ਸਾਧਨ’ ਅਤੇ ‘ਸੋਚ’ ਬਹੁਤ ਵੱਧ ਗਏ ਹਨ।

ਕੋਈ ਸਮਾਂ ਸੀ ਜਦ ਲੋਕ ਅੱਗ, ਪਾਣੀ, ਸੱਪਾਂ ਜਾਨਵਰਾਂ ਆਦਿ ਨੂੰ ਦੇਵੀ-ਦੇਵਤੇ ਕਰਕੇ ਪੂਜਦੇ ਸਨ (ਅਤੇ ਅੱਜ ਵੀ ਪੂਜ ਰਹੇ ਹਨ।) ਇਸ ਤਰ੍ਹਾਂ ਚੰਗਾ-ਮੰਦਾ ਜਾਣ ਕੇ ਇਨ੍ਹਾਂ ਦੀ ਪੂਜਾ ਹੋ ਰਹੀ ਹੈ, ਸੂਰਜ ਅਤੇ ਚੰਦ ਦੀ ਪੂਜਾ ਹੋ ਰਹੀ ਹੈ, ਲੋਕ ਕਈ ਪ੍ਰਕਾਰ ਦੇ ਹੋਰ ਦੇਵੀ-ਦੇਵਤੇ ਜਿਵੇਂ ਕਿ ਇੰਦਰ ਦੇਵਤਾ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਆਦਿ ਦੀ ਪੂਜਾ ਵੀ ਕਰ ਰਹੇ ਹਨ। ਭਾਵ ਕਾਦਰ ਨੂੰ ਛੱਡ ਕੇ ਲੋਕ ਕੁਦਰਤ ਦੀ ਪੂਜਾ ਕਰਦੇ ਹਨ।

ਪ੍ਰੰਤੂ ਸਿੱਖ ਧਰਮ ਵਿੱਚ ਸਿਰਫ ਕਾਦਰ (ਪਰਮਾਤਮਾ) ਦੀ ਹੀ ਪੂਜਾ ਕੀਤੀ ਜਾਂਦੀ ਹੈ। ਰੱਬ ਸਭਨਾਂ ਦਾ ਕਰਤਾ ਹੋਣ ਕਰਕੇ ਸਿੱਖ ਧਰਮ ਵਿੱਚ ਦੇਵੀ ਦੇਵਤਿਆਂ ਦਿਨਾਂ-ਰਾਤਾਂ, ਜਾਨਵਰਾਂ ਆਦਿ ਦੀ ਪੂਜਾ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।

ਅਕਾਲ ਪੁਰਖ ਤੋਂ ਛੁੱਟ ਹਰ ਜੀਵ-ਜੰਤੂ, ਦੇਵੀ ਦੇਵਤਾ ਆਦਿ ਸਮੇਂ ਦੇ ਗੇੜ ਨਾਲ ਇਸ ਜੱਗ ਤੇ ਆਏ ਅਤੇ ਚਲੇ ਗਏ। ਇਨ੍ਹਾਂ ਵਿੱਚੋਂ ਕੋਈ ਵੀ ਸਦਾ ਵਾਸਤੇ ਨਹੀਂ ਰਿਹਾ ਅਤੇ ਨਾ ਹੀ ਰਹੇਗਾ। ਆਮ ਜੀਅ-ਜੰਤਾਂ ਵਾਂਗ ਇਹ ਵੀ ਜਨਮ-ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ। ਜਿਹੜਾ ਆਪ ਹੀ ਜਨਮ-ਮਰਨ ਦੇ ਚੱਕਰ ਵਿੱਚ ਹੈ ਉਹ ਦੂਜਿਆਂ ਨੂੰ ਕਿਵੇਂ ਜਨਮ-ਮਰਨ ਦੇ ਗੇੜ ਵਿੱਚੋਂ ਕੱਢ ਸਕਦਾ ਹੈ। ਇਸ ਕਰਕੇ ਵੀ ਅਵਤਾਰਵਾਦ ਦੀ ਪੂਜਾ ਬੇਅਰਥ ਹੈ। ਇਸ ਕਰਕੇ ਹੀ ਪੰਜਵੇਂ ਨਾਨਕ ਗੁਰੁ ਅਰਜਨ ਦੇਵ ਜੀ ਰਾਗ ਸੂਹੀ ਵਿੱਚ ਲਿਖਦੇ ਹਨ:-

ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨॥ ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ॥ ੩॥ (ਪੰਨਾ ੭੩੯)

(ਪਾਹਣ-ਪੱਥਰ, ਠਾਕੁਰ-ਰੱਬ)

ਭਾਵ: ਸਿਰਫ ਸ਼ਬਦ ਦੁਆਰਾ ਹੀ ਪਾਰ ਲੰਘ ਸਕੀਦਾ ਹੈ ਅਤੇ ਜਨਮ-ਮਰਨ ਦੇ ਚੱਕਰ ਵਿਚੋਂ ਨਿਕਲ ਸਕਦੇ ਹਾਂ।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ॥ ੫॥ (ਪੰਨਾ ੯੩੮)

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਜੁੱਗੋ ਜੁੱਗ ਅਟੱਲ ਸ਼ਬਦ ਗੁਰੂ ਹੈ ਜਿਸ ਵਿੱਚ ੬ (ਛੇ) ਗੁਰੂ ਸਾਹਿਬਾਨ ਅਤੇ ੨੯ ਹੋਰ ਭਗਤਾਂ, ਗੁਰਸਿਖਾਂ, ਭੱਟਾਂ ਆਦਿ ਦੀ ਬਾਣੀ ਦਰਜ ਹੈ। ਭਾਦੋਂ ਸੁਦੀ ਸੰਮਤ ੧੬੬੧ (ਸੰਨ ੧. ੯. ੧੬੦੪) ਨੂੰ ਗੁਰੂ ਅਰਜਨ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਕੇ ਪਹਿਲੀ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ। ਸਾਰੀ ਉਮਰ ਆਪ ਗੁਰੂ ਗ੍ਰੰਥ ਸਾਹਿਬ (ਉਸ ਵੇਲੇ ਪਥੀ ਸਾਹਿਬ) ਨੂੰ ਸੀਸ ਨਿਵਾਉਂਦੇ ਰਹੇ ਅਤੇ ਆਪਣੀ ਥਾਂ ਤੇ ਸੁਖਾਸਨ ਕਰਦੇ ਜਿਸ ਦੀ ਰੀਤ ਅੱਜ ਤੱਕ ਜਾਰੀ ਹੈ। ਸ਼ਬਦ ਗੁਰੂ, ਗੁਰਬਾਣੀ ਦਾ ਇਤਨਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ ਕਿ ਇੱਕ ਵਾਰ (ਸਤਵੇਂ ਗੁਰੂ) ਗੁਰੂ ਹਰ ਰਾਏ ਜੀ ਪਲੰਘ ਤੇ ਅਰਾਮ ਕਰ ਰਹੇ ਸਨ। ਕੁੱਝ ਸੰਗਤ ਗੁਰਬਾਣੀ ਦਾ ਕੀਰਤਨ ਕਰਦੀ ਆ ਰਹੀ ਸੀ। ਜਦੋਂ ਇਹ ਆਵਾਜ਼ ਗੁਰੂ ਸਾਹਿਬ ਦੇ ਕੰਨਾਂ ਵਿੱਚ ਪਈ ਤਾਂ ਆਪ ਇੱਕ ਦਮ ਉੱਠ ਕੇ ਖੜੇ ਹੋ ਗਏ ਅਤੇ ਆਪ ਦੇ ਗੋਡੇ ਤੇ ਸੱਟ ਲੱਗ ਗਈ। ਜਦ ਆਪ ਨੂੰ ਪੁੱਛਿਆ ਗਿਆ ਕਿ ਇਤਨੀ ਕਾਹਲੀ ਉਠਣ ਦੀ ਕੀ ਲੋੜ ਪਈ? ਇਹ ਆਪ ਜੀ ਦੀ ਹੀ ਤਾਂ ਬਾਣੀ ਹੈ ਤਾਂ ਆਪ ਨੇ ਉੱਤਰ ਦਿੱਤਾ ਕਿ ਬੇਸ਼ਕ ਇਹ ਗੁਰੂ ਨਾਨਕ ਦੀ ਹੀ ਬਾਣੀ ਹੈ ਪਰ ਇਹ ਹੈ ਤਾਂ ਧੁਰ ਕੀ ਬਾਣੀ ਹੈ। ਇਸ ਦਾ ਸਤਿਕਾਰ ਕਰਨਾ ਹਰ ਪ੍ਰਾਣੀ ਮਾਤਰ ਦਾ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਨੇ ਪੋਥੀ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਵਾਈ ਅਤੇ ਆਪਣੇ ਹੱਥੀਂ ਅਕਤੂਬਰ ੧੭੦੮ ਨੂੰ ਸ਼ਖ਼ਸ਼ੀ ਗੁਰਤਾ ਦਾ ਭੋਗ ਪਾ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਵਾਸਤੇ ਗੁਰਤਾ ਸਉਂਪ ਦਿੱਤੀ ਅਤੇ ਹੁਕਮ ਕੀਤਾ, ‘ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ॥ ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨੀਯੋ ਗ੍ਰੰਥ॥’

ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਮਹਾਨਤਾ ਇਹ ਹੈ ਕਿ ਇਸ ਵਿੱਚ ਕਿਸੇ ਵੀ ਪ੍ਰਾਣੀ ਦੀ ਪ੍ਰਸ਼ੰਸਾ ਨਹੀਂ ਕੀਤੀ ਗਈ। ਕੇਵਲ ਤੇ ਕੇਵਲ ਅਕਾਲ ਪੁਰਖ ਦੀ ਸਰਬਗਤਾ, ਹੁਕਮ ਅਤੇ ਰਜ਼ਾ ਤੇ ਜ਼ੋਰ ਦਿੱਤਾ ਗਿਆ ਹੈ। ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ। ਇਨ੍ਹਾਂ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਗੁਣ ਇਹ ਹੈ ਕਿ ਵਾਹਿਗੁਰੂ ਇੱਕ ਹੈ, ਸਰਬ ਵਿਆਪਕ ਹੈ ਅਤੇ ਉਹ ਸਮੇਂ ਅਤੇ ਜਨਮ-ਮਰਨ ਦੇ ਗੇੜ ਵਿੱਚ ਨਹੀਂ। ਪਰਮਾਤਮਾ ਦੇ ਇਸ ਗੁਣ, ਕਿ ‘ਪਰਮਾਤਮਾ ਸਦਾ ਥਿਰ ਹੈ’ ਦੇ ਖਿਆਲ ਅਸੀਂ ਇਸ ਲੇਖ ਵਿੱਚ ਆਪ ਨਾਲ ਸਾਂਝੇ ਕਰਨ ਜਾ ਰਹੇ ਹਾਂ:-

੧. ਮੂਲ ਮੰਤਰ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਪੰਨਾ ੧)

ਅਜੂਨੀ ਦਾ ਅਰਥ: ਜੋ ਜੂਨਾ ਵਿੱਚ ਨਾ ਆਵੇ।

ਭਾਵ ਪਰਮਾਤਮਾ ਜੂਨਾਂ ਵਿੱਚ ਨਹੀਂ ਆਂਦਾ।

੨. ਸਲੋਕ: ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ ੧)

ਭਾਵ: ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਜਗਤ ਦੀ ਉਤਪਤੀ ਤੋਂ ਪਹਿਲਾਂ ਦੀ ਹੋਂਦ ਵਾਲਾ ਹੈ। ਜੁਗਾਂ ਦੇ ਮੁੱਢ ਤੋਂ ਪਹਿਲਾਂ ਦਾ ਮੌਜੂਦ ਹੈ। ਇਸ ਵੇਲੇ ਵੀ ਮੌਜੂਦ ਹੈ ਅਤੇ ਅਗਾਂਹ ਨੂੰ ਵੀ ਭਾਵ ਆਉਣ ਵਾਲੇ ਸਮੇਂ ਵਿੱਚ ਵੀ ਹੋਂਦ ਵਾਲਾ ਰਹੇਗਾ। ਭਾਵ ਅਕਾਲ ਪੁਰਖ ਦੀ ਭੋਂ ਹਸਤੀ ਕਦੇ ਵੀ ਖਤਮ ਨਹੀਂ ਹੋਵੇਗੀ।

੩. ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ (ਪੰਨਾ ੧)

ਭਾਵ: ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਕਿਉਂਕਿ ਉਹ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡੇ ਬਣਾਇਆ ਬਣ ਸਕਦਾ ਹੈ।

੪. ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ॥ ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ॥ ੧॥ ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ॥ ੧॥ ਰਹਾਉ॥ ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ॥ ੨॥

ਭਾਵ: ਹੇ ਭਾਈ! ਤੁਸੀਂ ਆਖਦੇ ਹੋ ਕਿ ਜਦੋਂ ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿੱਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ ਅਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ, ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਦੇ ਘਰ ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ।

ਪਰ, ਹੇ ਭਾਈ! ਤੁਸੀਂ ਇਹ ਆਖਦੇ ਹੋ ਕਿ ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ ਤਾਂ ਇਹ ਦਸੋ ਕਿ ਉਹ ਨੰਦ ਕਿਸ ਦਾ ਪੁੱਤਰ ਸੀ? ਅਤੇ ਜਦੋਂ ਨਾ ਇਹ ਧਰਤੀ ਅਤੇ ਨਾ ਹੀ ਅਕਾਸ਼ ਸੀ, ਤਦੋਂ ਇਹ ਨੰਦ ਜਿਸ ਨੂੰ ਤੁਸੀਂ ਪਰਮਾਤਮਾ ਆਖ ਰਹੇ ਹੋ ਕਿੱਥੇ ਸੀ।

ਹੇ ਭਾਈ! ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ ਦਾ ਨਾਮ ਹੈ ਨਿਰੰਜਨ ਉਹ ਪ੍ਰਭੂ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੰਮਣ-ਮਰਨ ਦੇ ਦੁੱਖ ਵਿੱਚ ਨਹੀਂ ਆਉਂਦਾ, ਉਹ ਜੰਮਣ-ਮਰਨ ਦੇ ਦੁੱਖ ਵਿੱਚ ਨਹੀਂ ਪੈਂਦਾ। ਕਬੀਰ ਦਾ ਸੁਆਮੀ ਜੋ ਸਾਰੇ ਜਗਤ ਦਾ ਪਾਲਣਹਾਰਾ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਹੀ ਪਿਓ।

ਭਾਵ: ਪਰਮਾਤਮਾ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦਾ ਖੇਲ ਆਪ ਹੀ ਬਣਾਉਣ ਵਾਲਾ ਹੈ, ਉਹ ਜਨਮ-ਮਰਨ ਵਿੱਚ ਨਹੀਂ ਆਉਂਦਾ, ਉਸਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਾ ਦਾ ਪਿਉ ਆਖਣਾ ਬੜੀ ਵੱਡੀ ਭੁੱਲ ਹੈ।

੫. ਨਾ ਓਹੁ ਮਰੈ ਨ ਹੋਵੈ ਸੋਗੁ॥ ਦੇਦਾ ਰਹੈ ਨ ਚੂਕੈ ਭੋਗੁ॥ ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ ਹੋਆ ਨਾ ਕੋ ਹੋਇ॥ (ਪੰਨਾ ੯)

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ।

ਉਹ ਸਦਾ ਜੀਵਾਂ ਨੂੰ ਰਿਜ਼ਕ ਦਿੰਦਾ। ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ। ਉਸ ਦੀ ਵੱਡੀ ਖੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ।

੬. ਜਹ ਦੇਖਾ ਤਹ ਦੀਨ ਦਇਆਲਾ॥ ਆਇ ਨ ਜਾਈ ਪ੍ਰਭੁ ਕਿਰਪਾਲਾ॥ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ॥ ੧॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ॥ ਨਾ ਤਿਸੁ ਭੈਣ ਨ ਭਰਾਉ ਕਮਾਇਆ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ॥ ੨॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥ ੩॥ (ਪੰਨਾ ੧੦੩੮)

ਭਾਵ: ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮਾਤਮਾ ਦਿਸਦਾ ਹੈ। ਉਹ ਕ੍ਰਿਪਾ ਦਾ ਸੋਮਾ ਪ੍ਰਭੂ, ਨਾ ਜੰਮਦਾ ਹੈ ਨਾ ਮਰਦਾ ਹੈ। ਸਭ ਜੀਵਾਂ ਅੰਦਰ ਉਸ ਦੀ ਹੀ ਜੀਵਨ-ਜਾਚ ਗੁਪਤ ਵਰਤ ਰਹੀ ਹੈ ਪਰ ਉਹ ਪਾਤਸ਼ਾਹ ਆਪ ਹੋਰ ਆਸਰਿਆਂ ਤੋਂ ਬੇਮੁਥਾਜ ਹੈ।

ਅਸਲ ਵਿੱਚ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੀ ਹੈ, ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ ਜਦੋਂ ਚਾਹੇ ਆਪਣੇ ਇਸ ਪ੍ਰਛਾਵੇ ਨੂੰ ਆਪਣੇ-ਅਪ ਵਿੱਚ ਗੁੰਮ ਕਰ ਲੈਂਦਾ ਹੈ। ਉਸ ਪਰਮਾਤਮਾ ਦਾ ਨਾ ਕੋਈ ਪਿਉ ਨਾ ਮਾਂ, ਨਾ ਕੋਈ ਭੈਣ ਨਾ ਭਾਈ ਅਤੇ ਨਾ ਕੋਈ ਸੇਵਕ ਹੈ। ਨਾ ਉਸ ਨੂੰ ਜਨਮ ਤੇ ਨਾ ਮੌਤ, ਨਾ ਹੀ ਉਸ ਦੀ ਕੁਲ ਅਤੇ ਨਾ ਹੀ ਜਾਤੀ ਹੈ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ਼੍ਰੇਸ਼ਟ ਹਸਤੀ ਹੈ ਅਤੇ ਜਗਤ ਦੇ ਸਭ ਜੀਵਾਂ ਦੇ ਮਨ ਵਿੱਚ ਉਹੀ ਪਿਆਰਾ ਲਗਦਾ ਹੈ।

ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈ, ਤੇਰੇ ਸਿਰ ਉੱਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈ। ਜਿਸ ਮਨੁੱਖ ਨੇ ਸੇਵਾ-ਸੰਤੋਖ ਵਾਲੇ ਜੀਵਨ ਵਿੱਚ ਰਹਿ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਪੂਰਨ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ, ਤੇਰੇ ਚਰਨਾਂ ਵਿੱਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ।

੭. ਪਉੜੀ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ॥ ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ॥ ੩॥ (ਪੰਨਾ ੧੦੯੫)

ਅਰਥ: ਹੇ ਪ੍ਰਭੂ! ਤੂੰ ਪਾਰਬ੍ਰਹਮ ਹੈ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ-ਮਰਨ ਦੇ ਗੇੜ ਵਿੱਚ ਨਹੀਂ ਆਂਦਾ। ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈ, ਜਗਤ ਪੈਦਾ ਕਰਕੇ ਇਸ ਵਿੱਚ ਵਿਆਪਕ ਹੈਂ। ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਕਰਨ?

ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਮੌਜੂਦ ਹੈਂ, ਸਭ ਵਿੱਚ ਆਪਣੀ ਤਾਕਤ ਵਿਖਾ ਰਿਹਾ ਹੈ। ਤੇਰੇ ਪਾਸ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ, ਤੇਰੇ ਗੁਣਾਂ ਦੇ ਖਜ਼ਾਨੇ ਐਸੇ ਰਤਨ, ਜਵਾਹਰ ਅਤੇ ਲਾਲ ਹਨ ਜਿਨ੍ਹਾਂ ਦਾ ਮੂਲ ਨਹੀਂ ਹੈ ਸਕਦਾ।

ਜਿਸ ਜੀਵ ਉੱਤੇ ਤੂੰ ਦਇਆ ਕਰਦਾ ਹੈ, ਉਸ ਨੂੰ ਸਤਿਗੁਰ ਦੀ ਸੇਵਾ ਵਿੱਚ ਜੋੜਦਾ ਹੈਂ। ਗੁਰੂ ਦੀ ਸ਼ਰਨ ਆ ਕੇ ਜੋ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਥੁੜ੍ਹ ਨਹੀਂ ਰਹਿੰਦੀ।

ਉਹ ਪਰਮਾਤਮਾ ਐਸਾ ਹੈ, ਜਿਸ ਦਾ ਭੇਤ ਨਾ ਦੇਵਤੇ ਜਾਣਦੇ ਹਨ, ਨਾ ਵੇਦ ਅਤੇ ਨਾ ਹੀ ਈਸਾਈ-ਇਸਲਾਮ ਦੀਆਂ ਧਰਮ ਪੁਸਤਕਾਂ। ਕੋਈ ਭੀ ਨਹੀਂ ਜਾਣਦਾ ਕਿ ਪਰਮਾਤਮਾ ਦਾ ਰੂਪ ਕੈਸਾ ਹੈ, ਰੰਗ ਕਿਹੋ ਜਿਾ ਹੈ, ਜਾਤ ਕੈਸੀ ਹੈ, ਕੁਲ ਕੈਸੀ ਹੈ, ਸ਼ੋਭਾ ਜਾਂ ਨੁਹਾਰ ਕੈਸੀ ਹੈ। ਉਹ ਵਾਹਿਗੁਰੂ ਐਸਾ ਹੈ, ਜਿਸ ਦਾ ਨਾ ਪਿਉ ਹੈ, ਨਾ ਮਾਂ ਹੈ ਅਤੇ ਨਾ ਕੋਈ ਜਾਤ ਹੈ, ਨਾ ਉਹ ਜਨਮ-ਮਰਨ ਵਿੱਚ ਆਂਦਾ ਹੈ। ਉਸ ਵਾਹਿਗੁਰੂ ਦਾ ਕਾਲ ਰੂਪ ਭਿਆਨਕ ਚੱਕਰ ਬੜੀ ਤੇਜ਼ੀ ਨਾਲ ਘੰਮਦਾ ਹੋਇਆ ਚਾਰੇ ਪਾਸੇ ਫਿਰ ਰਿਹਾ ਹੈ। ਤਿੰਨਾ ਹੀ ਲੋਕਾਂ ਦੇ ਜੀਵ ਭਾਵ ਸਭ ਜੀਵ ਉਸ ਵਾਹਿਗੁਰੂ ਅਗੇ ਸਿਰ ਨਿਵਾਉਂਦੇ ਹਨ।

8. ਕਬਿੱਤ ਭਾਈ ਗੁਰਦਾਸ:-

ਆਦਿਤ ਅਉ ਸੋਮ ਭੌਮ ਬੁਧ ਹੂੰ ਬ੍ਰਹਸਪਤਿ ਸੁਕਰ ਸਨੀਚਰ ਸਾਤੋ ਬਾਰ ਬਾਂਟ ਲੀਨੇ ਹੈ॥ ਥਿਤਿ ਪਛ ਮਾਸ ਰੁਤਿ ਲੋਗਨ ਮੈ ਲੋਗਾਚਾਰ ਏਕ ਏਕੰਕਾਰ ਕੋ ਨ ਕੋਊ ਦਿਨ ਦੀਨੇ ਹੈ॥ ਜਨਮ ਅਸਟਮੀ ਰਾਮ ਨਉਮੀ ਏਕਾਦਸੀ ਭਈ ਦੁਆਦਸੀ ਚਤੁਰਦਸੀ ਜਨਮੁ ਏ ਕੀਨੇ ਹੈ॥ ਪਰਜਾ ਉਪਾਰਜਨ ਕੋ ਨ ਕੋਊ ਪਾਵੈ ਦਿਨ ਅਜੋਨੀ ਜਨਮੁ ਦਿਨੁ ਕਹੌ ਕੈਸੇ ਚੀਨੇ ਹੈ॥ ੪੮੪॥

ਜਾ ਕੋ ਨਾਮੁ ਹੈ ਅਜੋਨੀ ਕੈਸੇ ਕੈ ਜਨਮੁ ਲੈ? ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ? ॥ ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ? ॥ ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ? ॥ ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੂਜਾਰੀ ਅੰਤਰਿ ਅਗਿਆਨ ਮਤਿ ਗਿਆਨ ਗੁਰ ਹੀਨੋ ਹੈ॥ ੪੮੫॥

ਭਾਵ: ਐਤਵਾਰ ਸੂਰਜ ਦੇਵਤੇ ਨੇ, ਸਮਿਵਾਰ ਚੰਦਰਮਾ ਨੇ, ਮੰਗਲਵਾਰ ਮੰਗਲ ਗ੍ਰਹ ਨੇ, ਬੁਧਵਾਰ ਬੁਧ ਗ੍ਰਹ ਨੇ, ਵੀਰਵਾਰ ਦੇਵ ਗੁਰੂ ਬ੍ਰਹਸਪਤਿ ਨੇ, ਸ਼ੁਕਰਵਾਰ ਸ਼ੁਕਰ ਗ੍ਰਹ ਨੇ ਸ਼ਨੀਵਾਰ ਛਨਿਚਰ ਗ੍ਰਹ ਨੇ, ਇਸ ਤਰ੍ਹਾਂ ਸਤੇ ਦਿਨ ਇਨ੍ਹਾਂ ਗ੍ਰਹ ਦੇਵਤਿਆਂ ਨੇ ਮੱਲੇ ਹੋਏ ਹਨ।

ਦੇਵ ਲੋਕ ਸੰਬੰਧੀ ਕਾਰਜਾਂ ਦੀ ਪੂਰਤੀ ਲਈ ਲੋਕਾਂ ਨੇ ਲੋਕ-ਰੀਤੀ ਅਨੁਸਾਰ ਪੰਦਰਾਂ ਥਿੱਤਾਂ, ਦੋਵੇਂ ਚਾਨਣਾ ਅਤੇ ਹਨੇਰਾ ਪੱਖ, ਬਾਰ੍ਹਾਂ ਮਹੀਨੇ ਅਤੇ ਛੇ ਰੁੱਤਾਂ ਦੀ ਵੰਡ ਕੀਤੀ ਹੋਈ ਹੈ, ਪਰ ਇੱਕ ਓਅੰਕਾਰ ਵਾਹਿਗੁਰੂ ਦੀ ਯਾਦ ਲਈ ਇੱਕ ਦਿਨ ਵੀ ਨਹੀਂ ਦਿੱਤਾ ਹੋਇਆ।

ਵਾਹਿਗੁਰੂ ਅਜਨਮਾ ਹੈ ਪਰ ਜਨਮ-ਅਸ਼ਟਮੀ ਨੂੰ ਕ੍ਰਿਸ਼ਨ ਭਗਵਾਨ ਦਾ ਦਿਨ, ਰਾਮ ਨੌਮੀ ਨੂੰ ਰਾਮ ਅਵਤਾਰ ਦਾ ਦਿਨ, ਏਕਾਦਸੀ ਨੂੰ ਹਰੀਬਾਸਰ ਅਵਤਾਰ ਦਾ ਦਿਨ ਜਾਣਿਆ ਜਾਂਦਾ ਹੈ, ਦੁਆਦਸੀ ਬਾਮਨ ਅਵਤਾਰ ਦਾ ਦਿਨ ਅਤੇ ਚੌਕਸੀ ਨੂੰ ਨਰਸਿੰਘ ਅਵਤਾਰ ਦਾ ਦਿਨ, ਅਵਤਾਰਾਂ ਦੇ ਇਹ ਦਿਨ ਪਰਮੇਸ਼ਰ ਦੇ ਜਨਮ-ਦਿਨ ਥਾਪੇ ਹੋਏ ਹਨ।

ਜਨਮ-ਮਰਨ ਤੋਂ ਰਹਿਤ ਵਾਹਿਗੁਰੂ ਦੀ ਰਚੀ ਸ੍ਰਿਸ਼ਟੀ ਦੇ ਉਤਪੰਨ ਹੋਣ ਦਾ ਦਿਨ ਤਾਂ ਕੋਈ ਦਸ ਨਹੀਂ ਸਕਦਾ, ਫਿਰ ਦਸੋ! ਐਸੇ ਅਜੋਨੀ ਪ੍ਰਭੂ ਦਾ ਜਨਮ-ਦਿਨ ਕਿਵੇਂ ਜਾਣਿਆ ਜਾ ਸਕਦਾ ਹੈ?

ਜਿਸ ਵਾਹਿਗੁਰੂ ਦਾ ਨਾਮ ਅਜੋਨੀ ਭਾਵ ਜਨਮ-ਮਰਨ ਰਹਿਤ ਹੈ, ਉਸ ਨੇ ਕਿਵੇਂ ਜਨਮ ਲੈ ਲਿਆ ਅਤੇ ਅਗਿਆਨੀ ਮਨੁੱਖਾਂ ਨੇ ਕੀ ਜਾਣ ਕੇ ਕ੍ਰਿਸ਼ਨ ਦੀ ਜਨਮ-ਅਸ਼ਟਮੀ ਨੂੰ ਵਰਤ ਦਾ ਦਿਨ ਮੰਨ ਲਿਆ?

ਜਿਸ ਵਾਹਿਗੁਰੂ ਦਾ ਨਾਮ ਅਕਾਲ ਭਾਵ ਮੌਤ ਰਹਿਤ ਹੈ, ਅਬਿਨਾਸੀ ਭਾਵ ਸਦਾ ਥਿਰ ਹੈ ਅਤੇ ਸਾਰੇ ਸੰਸਾਰ ਦਾ ਜੀਵਨ ਹਾਰਾ ਹੈ, ਉਸ ਨੂੰ ਕਿਵੇਂ ਕ੍ਰਿਸ਼ਨ ਰੂਪ ਵਿੱਚ ਸ਼ਿਕਾਰੀ ਨੇ ਮਾਰ ਕੇ ਅਪਜਸ ਖੱਟਿਆ?

ਜਿਸ ਪ੍ਰਭੂ ਦੇ ਪਵਿਤਰ ਕਰਨ ਹਾਰੇ ਅਤੇ ਵਿਸ਼ੇ ਵਿਕਾਰਾਂ ਤੋਂ ਮੁਕਤ ਕਾਰਨਹਾਰੇ ਨਾਮ ਵਿੱਚ ਮੋਖ-ਪਦ ਦੀ ਪ੍ਰਾਪਤੀ ਹੈ, ਉਹ ਪ੍ਰਭੂ ਕਿਵੇਂ ਗੋਪੀਆਂ ਦਾ ਸੁਆਮੀ ਭਾਵ ਕੇਲਾਂ ਕਰਨਹਾਰਾ ਕ੍ਰਿਸ਼ਨ ਹੋ ਸਕਦਾ ਹੈ? ਅਤੇ ਉਨ੍ਹਾਂ ਨੂੰ ਕਿਵੇਂ ਵਿਛੋਵੇ ਦਾ ਦੁੱਖ ਦੇ ਸਕਦਾ ਹੈ?

ਸਤਿਗੁਰੂ ਦੇ ਗਿਆਨ ਭਾਵ ਗੁਰਦੀਖਿਆ ਤੋਂ ਜਿਹੜੇ ਹੀਣੇ ਹਨ, ਉਨ੍ਹਾਂ ਅੰਦਰ ਅਗਿਆਨਤਾ ਵਾਲੀ ਮਤ ਹੁੰਦੀ ਹੈ, ਜਿਸ ਕਰਕੇ ਉਹ ਅਗਿਆਨੀ ਅੰਨ੍ਹੇ, ਐਸੇ ਜਗਤ-ਜੀਵਨ, ਅਕਾਲ ਪੁਰਖ ਅਬਿਨਾਸੀ ਤੇ ਨਿਰਦੋਖ ਪ੍ਰਭੂ ਨੂੰ, ਪੱਥਰ ਦੀਆਂ ਮੂਰਤੀਆਂ ਵਿੱਚ ਦੇਵਤਿਆਂ ਦੇ ਸ਼ਰੀਰ ਰਚ ਕੇ, ਉਨ੍ਹਾਂ ਦੇ ਪੁਜਾਰੀ ਬਣਦੇ ਹਨ।

9. ੴ ਸਤਿਗੁਰ ਪ੍ਰਸਾਦਿ॥ ਭੈਰਉ ਮਹਲਾ ੫ ਘਰੁ ੧ ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ ੧॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ੨॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ੩॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ ੪॥ ੧॥ (ਪੰਨਾ ੧੧੩੬)

ਭਾਵ: ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਰਦਾ ਹੈ ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕਿਸ਼ਨ-ਰੂਪ ਵਿੱਚ ਜਨਮ ਲਿਆ ਸੀ। ਪਰਮਤਮਾ ਤਾਂ ਜੰਮਣ-ਮਰਨ ਤੋਂ ਪਰੇ ਹੈ। ਰਹਾਉ।

ਹੇ ਭਾਈ! ਇਹ ਤੇਰੀ ਗੱਲ ਕੱਚੀ ਹੈ ਕਿ ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣਾ ਦਿਤੀਆਂ ਅਤੇ ਭਾਦਰੋ ਵਾਲੀ ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ। ੧।

ਹੇ ਭਾਈ! ਪੰਜੀਰੀ ਬਣਾ ਕੇ ਤੂੰ ਲੁਕਾ ਕੇ ਆਪਣੇ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿੱਚ ਖਵਾਂਦਾ ਹੈਂ। ਹੇ ਰੱਬ ਤੋਂ ਟੁੱਟੇ ਹੋਏ ਮਨੁੱਖ! ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ। ੨।

ਹੇ ਭਾਈ! ਤੂੰ ਕ੍ਰਿਸ਼ਨ-ਮੂਰਤੀ ਨੂੰ ਲੋਰੀ ਦਿੰਦਾ ਹੈ ਆਪਣੇ ਵੱਲੋਂ ਤੂੰ ਪਰਮਾਤਮਾ ਨੂੰ ਲੋਰੀ ਦਿੰਦਾ ਹੈਂ, ਤੇਰਾ ਇਹ ਕੰਮ ਸਾਰੇ ਅਪਰਾਧਾਂ ਦਾ ਮੂਲ ਹੈ। ਸੜ ਜਾਏ ਤੇਰਾ ਉਹ ਮੂੰਹ ਜਿਸ ਦੇ ਰਾਹੀਂ ਤੂੰ ਆਖਦਾ ਹੈ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ। ੩।

ਹੇ ਭਾਈ! ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ। ੪।

ਸਿੱਟਾ: ਪਰਮਾਤਮਾ ਨਾ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ, ਕੇਵਲ ਪਰਮਾਤਮਾ ਹੀ ਜੀਵਾਂ ਦਾ ਉਧਾਰ ਕਰਨ ਦੇ ਸਮਰਥ ਹੈ ਇਸ ਲਈ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਹੀ ਪੂਜਾ ਕਰਨੀ ਚਾਹੀਦੀ ਹੈ।

ਜੋ ਸਰਣਿ ਆਵੈ, ਗੁਣ ਨਿਧਾਨ ਪਾਵੈ, ਸੋ ਬਹੁੜਿ ਜਨਮਿ ਨ ਮਰਤਾ॥ (੫੭੮)

ਜੈਸਾ ਸੇਵੈ, ਤੈਸੋ ਹੋਇ॥ (ਪੰਨਾ ੨੨੩)

ਪਰਮਤਮਾ ਜਨਮ-ਮਰਨ ਤੋਂ ਰਹਿਤ ਹੈ। ਉਸ ਦਾ ਸਿਮਰਨ ਕਰਨ ਨਾਲ ਸਾਡਾ ਪ੍ਰਭੂ ਨਾਲ ਮੇਲ ਹੋ ਜਾਵੇਗਾ ਅਤੇ ਅਸੀਂ ਭੀ ਜਨਮ-ਮਰਨ ਦੇ ਗੇੜ ਤੋਂ ਅਜ਼ਾਦ ਹੋ ਜਾਵਾਂਗੇ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਬਲਬਿੰਦਰ ਸਿੰਘ ਆਸਟ੍ਰੇਲੀਆ




.