.

ਸਿੱਖ ਖਾੜਕੂਵਾਦ ਦਾ ਸਰੋਤ

ਹਾਕਮ ਸਿੰਘ

ਗੁਰਬਾਣੀ ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਅਤੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰਕਿਰਿਆ ਨੂੰ ਧਰਮ ਆਖਦੀ ਹੈ। ਪਰ ਸਮਾਜ ਧਰਮ ਦੀ ਇਸ ਪਰਿਭਾਸ਼ਾ ਨਾਲ ਸਹਿਮਤੀ ਨਹੀਂ ਪਰਗਟਾਉਂਦਾ ਕਿਊਂਕੇ ਆਮ ਲੋਕ ਆਪਣੀ ਸਮਝ ਅਤੇ ਇੱਛਾ ਅਨੁਸਾਰ ਸੁਆਰਥੀ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਸਮਾਜਕ ਆਗੂ ਲੋਕਾਂ ਨੂੰ ਭਰਮਾ ਕੇ ਅਧੀਨ ਕਰਨ ਦੇ ਚਾਹਵਾਨ ਹੁੰਦੇ ਹਨ, ਜਿਸ ਲਈ ਸਮਾਜ ਧਰਮ ਨੂੰ ਦੂਜੇ ਵਖਰੇ ਅਰਥ ਦੇ ਦਿੰਦਾ ਹੈ ਅਤੇ ਐਸੇ ਧਰਮ ਪ੍ਰਤੀ ਲੋਕਾਂ ਦੀ ਆਸਥਾ ਉਤੇਜਤ ਕਰਨ ਦਾ ਯਤਨ ਕਰਦਾ ਹੈ। ਸਮਾਜ ਪ੍ਰਭੂ ਨੂੰ ਪਤਿਆ ਕੇ ਸੁਆਰਥ ਲਈ ਵਰਤਣ ਦੀ ਪ੍ਰਕਿਰਿਆ ਨੂੰ ਧਰਮ ਆਖਦਾ ਹੈ। ਧਰਮ ਦੀ ਇਹ ਸਮਾਜਕ ਪਰਿਭਾਸ਼ਾ ਭਰਮਾਊ ਵਿਸ਼ਵਾਸ ਤੇ ਆਧਾਰਤ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਬਹੁਤ ਪਰਭਾਵਤ ਕਰਦੀ ਹੈ। ਪ੍ਰਭੂ ਨੂੰ ਪਤਿਆਉਣ ਲਈ ਧਰਮ ਉਸ ਦੇ ਸਿਮਰਨ ਅਤੇ ਭਗਤੀ ਲਈ ਵਿਕਸਤ ਹੋਏ ਢੰਗ, ਜਿਵੇਂ ਪਾਠ, ਪੂਜਾ, ਤਪ, ਨਮਾਜ਼, ਨਿਤਨੇਮ, ਨਾਚ, ਗਾਣੇ, ਕੀਰਤੀ, ਅਰਦਾਸ, ਸਰੀਰ ਨੂੰ ਕਸ਼ਟ, ਆਦਿ ਵਰਤ ਕੇ ਉਨ੍ਹਾਂ ਦੁਆਰਾ ਲੋਕਾਂ ਦੀ ਇੱਛਾ ਪੂਰਤੀ, ਸੁੱਖ ਅਤੇ ਸੁਰਗ ਪ੍ਰਾਪਤੀ ਦੀ ਆਸ ਪਰਗਟਾਉਂਦਾ ਹੈ। ਪ੍ਰਭੂ ਨੂੰ ਪਤਿਆਉਣ ਦੀ ਸਮਰਥਾ ਦਾ ਭਰਮਾਊ ਵਿਸ਼ਵਾਸ ਧਾਰਮਕ ਆਗੂਆਂ ਨੂੰ ਲੋਕਾਂ ਨੂੰ ਵਸ ਕਰਨ ਲਈ ਉਤਸ਼ਾਹਤ ਕਰਦਾ ਹੈ ਅਤੇ ਝਿਜਕਣ ਵਾਲਿਆਂ ਅਤੇ ਵਿਰੋਧੀਆਂ ਨੂੰ ਅਧੀਨ ਕਰਨ ਲਈ ਦਬਾਓ ਪਾਉਣ ਲਈ ਉਤੇਜਤ ਕਰਦਾ ਹੈ। ਪਰੰਪਰਾਗਤ ਸਿੱਖ ਧਰਮ ਵੀ ਪ੍ਰਭੂ ਨੂੰ ਖੁਸ਼ ਕਰਕੇ ਸ਼ਰਧਾਲੂਆਂ ਦੀਆਂ ਸੰਸਾਰਕ ਇਛਾਵਾਂ ਪੂਰੀਆਂ ਕਰਨ ਲਈ ਅਰਦਾਸਾਂ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਲੋਕਾਂ ਨਾਲ ਜ਼ਬਰਦਸਤੀ ਕਰਨ ਨੂੰ ਉਚਿੱਤ ਨਹੀਂ ਸਮਝਦਾ। ਦਸਮ ਗ੍ਰੰਥ ਦੀ ਵਿਚਾਰਧਾਰਾ ਦੇ ਵਧਦੇ ਪਰਭਾਵ ਨੇ ਸਿੱਖ ਧਰਮ ਵਿੱਚ ਖਾੜਕੂਵਾਦ ਦੀ ਰੁੱਚੀ ਉਤੇਜਤ ਕਰਕੇ ਜ਼ਬਰਦਸਤੀ ਕਰਨ ਵਾਲੀ ਮਨੋਬਿਰਤੀ ਪੈਦਾ ਕਰ ਦਿੱਤੀ ਹੈ।

ਵੈਸੇ ਤੇ ਪਰੰਪਰਾਗਤ ਸਿੱਖ ਧਰਮ ਦੀ ਸਥਾਪਨਾ ਵੀ ਗੁਰਮਤ ਨੂੰ ਤਿਲਾਂਜਲੀ ਦੇ ਕੇ ਗੁਰ ਪਰਵਾਰਾਂ ਦੇ ਗੁਰਗੱਦੀ ਅਤੇ ਸੰਪੱਤੀ ਦੇ ਅਭਿਲਾਸ਼ੀਆਂ, ਅਤੇ ਸਮਾਜਕ ਵਰਨਵੰਡ ਦੇ ਸਮਰਥਕ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਹਿੰਦੂ ਧਰਮ ਦੀਆਂ ਸਨਾਤਨੀ ਰੀਤਾਂ ਨੂੰ ਆਦਰਸ਼ਕ ਮੰਨ ਕੇ ਕੀਤੀ ਸੀ ਪਰ ਉਹ ਧਰਮ ਗੁਰਬਾਣੀ ਨੂੰ ਆਪਣਾ ਆਧਾਰ ਮੰਨਦਾ ਰਿਹਾ ਸੀ। ਅਸਲ ਵਿੱਚ ਗੁਰਮਤ ਵਿਰੋਧੀ ਗੁਰ ਪਰਵਾਰ ਅਤੇ ਉਨ੍ਹਾਂ ਦੀਆਂ ਸੰਤਾਨਾਂ ਸਿੱਖ ਧਰਮ ਨੂੰ ਵਿਰਸੇ ਵਿੱਚ ਪ੍ਰਾਪਤ ਸੰਪੱਤੀ ਸਮਝਦੀਆਂ ਸਨ ਅਤੇ ਧਾਰਮਕ ਵਿਚਾਰਾਂ ਅਤੇ ਰਹਿਤ ਵਿੱਚ ਆਪਣੀ ਮਰਜ਼ੀ ਨਾਲ ਅਦਲਾ ਬਦਲੀ ਕਰਦੀਆਂ ਰਹਿੰਦੀਆਂ ਸਨ। ਉਨ੍ਹਾਂ ਵਖਰੇਵਿਆਂ ਤੋਂ ਪੈਦਾ ਹੋਏ ਤਣਾਓ ਕਾਰਨ ਹੀ ਗੁਰੂ ਹਰਿਗਬਿੰਦ ਸਾਹਿਬ ਨੂੰ ਅੰਮ੍ਰਿਤਸਰ ਛੱਡਣਾ ਪਿਆ ਸੀ, ਬਾਬਾ ਬਕਾਲਾ ਵਿੱਚ ਗੁਰਗੱਦੀ ਦੇ ਏਨੇ ਅਭਿਲਾਸ਼ੀਆਂ ਨੇ ਸਿੱਖ ਧਰਮ ਦੇ ਗੁਰੁ ਹੋਣ ਦੇ ਮੁਤਾਲਬੇ ਕੀਤੇ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਸ਼ਕਲਾਂ ਅਤੇ ਅਣਚਾਹੀਆਂ ਜੰਗਾਂ ਦਾ ਮੂਲ ਕਾਰਨ ਵੀ ਇਹੋ ਵਖਰੇਵਾਂ ਸੀ। ਪਰ ਉਸ ਸਮੇਂ ਦੇ ਇਤਹਾਸ ਨੂੰ ਗੁਰੂ ਸਾਹਿਬਾਨ ਦੇ ਪਰਵਾਰਕ ਵਿਰੋਧੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅਜਿਹੇ ਸ਼ਾਤਰ ਢੰਗ ਨਾਲ ਵਿਗਾੜ ਛੱਿਡਆ ਹੈ ਕਿ ਗੁਰ ਪਰਵਾਰਾਂ ਦੇ ਗੁਰਮਤ ਵਿਰੋਧੀਆਂ ਦੀਆਂ ਪਰਤੱਖ ਘਾਤਕ ਗਤੀਵਿਧੀਆਂ ਦੀ ਕੋਈ ਭਣਕ ਨਹੀਂ ਪੈਂਦੀ ਅਤੇ ਗੁਰਬਾਣੀ ਉਪਦੇਸ਼ ਦੀ ਸਪੱਸ਼ਟ ਉਲੰਘਣਾ ਦੇ ਪਰਸੰਗਾਂ ਤੋਂ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਹੀਂ ਪਹੁੰਚਦੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤਕ ਦਾ ਗੁਰ ਇਤਹਾਸ ਅਧੂਰਾ, ਇੱਕ ਪਾਸੜ ਅਤੇ ਕਾਫੀ ਹੱਦ ਤਕ ਮਨਘੜਤ ਹੈ ਕਿਊਂਕੇ ਉਸ ਸਮੇਂ ਨਾਲ ਸਬੰਧਤ ਤਕਰੀਬਨ ਸਾਰੀਆਂ ਲਿਖਤਾਂ ਗੁਰੂ ਸਾਹਿਬਾਨ ਦੇ ਵਿਰੋਧੀਆਂ ਦੀਆਂ ਸੰਦੇਹਪੂਰਨ ਹਰਕਤਾਂ ਉਪਰ ਪਰਦਾ ਪਾਉਣ ਲਈ ਲਿਖੀਆਂ ਗਈਆਂ ਹਨ। ਉਨ੍ਹਾਂ ਲਿਖਤਾਂ ਨੇ ਬਾਲੇ ਵਾਲੀ ਜਨਮ ਸਾਖੀ ਅਤੇ ਗੁਰ ਬਿਲਾਸ ਪਾਤਸ਼ਾਹੀ ੬ ਦੀ ਕੁਰੀਤੀ ਨੂੰ ਬਰਕਰਾਰ ਰਖਿਆ ਹੈ।

ਬੰਦਾ ਬਹਾਦਰ ਦੇ ਮੁਗਲ ਸਾਸ਼ਨ ਤੇ ਆਕਰਮਣ ਸਮੇਂ ਗੁਰੂ ਸਾਹਿਬਾਨ ਦਾ ਪ੍ਰਚਾਰ ਖੇਤਰ ਸਤਲੁਜ ਦਰਿਆ ਤੋਂ ਪੂਰਬ ਦੇ ਇਲਾਕੇ ਤਕ ਸੀਮਤ ਸੀ। ਸਤਲੁਜ ਤੋਂ ਪੱਛਮ ਵਾਲੇ ਇਲਾਕੇ ਵਿੱਚ ਮੀਣੇ, ਧੀਰਮਲੀਏ ਅਤੇ ਦੂਜੇ ਪਾਸੇ ਰਾਮਰਾਈਏ ਆਪਣਾ ਸਿੱਖ ਧਰਮ ਚਲਾ ਰਹੇ ਸਨ। ਬੰਦਾ ਬਹਾਦਰ ਦੇ ਆਕਰਮਣ ਨਾਲ ਗੁਰਮਤ ਦੇ ਧਾਰਨੀਆਂ ਦੀ ਨਸਲਕੁਸ਼ੀ ਹੋਣ ਲੱਗ ਪਈ। ਉਨ੍ਹਾਂ ਨੂੰ ਜੰਗਲਾਂ ਵਿੱਚ ਛੁਪਣਾ ਪੈ ਗਿਆ ਅਤੇ ਗੁਰਬਾਣੀ ਸੰਚਾਰ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਸਾਂਭ ਲਿਆ। ਗੁਰਬਾਣੀ ਪ੍ਰਚਾਰ ਦੀ ਥਾਂ ਗੁਰੂੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਹੋਣ ਲੱਗ ਪਈ। ਗੁਰਦੁਆਰਿਆਂ ਵਿੱਚ ਹਿੰਦੂ ਮੰਦਰਾਂ ਵਾਲੀਆਂ ਰੀਤਾਂ ਅਤੇ ਕਰਮ ਕਾਂਡ ਪਰਚਲਤ ਹੋ ਗਏ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਨੇ ਆਪਣੇ ਦਰਿਸ਼ਟੀਕੋਣ ਤੋਂ ਵੇਦਾਂਤਿਕ ਮੁਹਾਵਰੇ ਵਿੱਚ ਗੁਰਮਤ ਗ੍ਰੰਥਾਂ ਦੀ ਰਚਨਾ ਕਰਨੀ ਆਰੰਭ ਦਿੱਤੀ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਦਾਸੀ ਅਤੇ ਨਿਰਮਲਿਆਂ ਦੀ ਵਿਚਾਰਧਾਰਾ ਹੀ ਸਿੱਖ ਧਰਮ ਦੀ ਮੁੱਖ ਧਾਰਾ ਸੀ ਅਤੇ ਗੁਰੂ ਸਾਹਿਬਾਨ ਦੇ ਵਿਰੋਧੀਆਂ ਵਲੋਂ ਰਚਿਆ ਮਿਥਹਾਸ ਗੁਰ ਇਤਹਾਸ ਮੰਨਿਆ ਜਾਂਦਾ ਸੀ।

ਪੰਜਾਬ ਨਾਲ ਟਾਕਰੇ ਮਗਰੋਂ ਅੰਗ੍ਰੇਜ਼ ਕਾਫੀ ਘਬਰਾ ਗਏ ਸਨ ਅਤੇ ਸਿੱਖ ਸਮਾਜ ਵਿੱਚ ਗੁਰਬਾਣੀ ਦੇ ਮਨੁੱਖੀ ਬਰਾਬਰੀ ਅਤੇ ਸੁਤੰਤਰਤਾ ਦੇ ਉਪਦੇਸ਼ ਤੋਂ ਵੀ ਬਹੁਤ ਚਿੰਤਤ ਸਨ। ਆਪਣੀ ਵੰਡ ਕੇ ਰਾਜ ਕਰਨ ਦੀ ਨੀਤੀ ਅਨੁਸਾਰ ਉਹ ਪੰਜਾਬੀ ਸਮਾਜ ਨੂੰ ਵੰਡ ਕੇ ਅੱਸਥਿਰ ਕਰਨ ਲਈ ਖਾਨਾ ਜੰਗੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਸਨ ਅਤੇ ਸਿੱਖ ਸਮਾਜ ਵਿਚੋਂ ਗੁਰਬਾਣੀ ਦੇ ਪ੍ਰਭਾਵ ਨੂੰ ਘੱਟਾਉਣ ਲਈ ਵਿਆਕੁਲ ਸਨ। ਅੰਗ੍ਰੇਜ਼ਾਂ ਦੀ ਸਮਾਜਕ ਵੰਡ ਨੀਤੀ ਤਹਿਤ ਦਯਾਨੰਦ ਗੁਜਰਾਤੀ ਨੇ ਪੰਜਾਬ ਦੇ ਹਿੰਦੂ ਵਰਗ ਨੂੰ ਆਪਣੀ ਆਰੀਆ ਸਮਾਜੀ ਵਿਚਾਰਧਾਰਾ ਦੇ ਉਪਾਸ਼ਕ ਬਣਾ ਕੇ ਭਾਰਤ ਦੇ ਦੂਜੇ ਹਿੰਦੂਆਂ ਅਤੇ ਪੰਜਾਬ ਦੇ ਹੋਰ ਵਸਨੀਕਾਂ ਨਾਲੋਂ ਵਖਰੇ ਅਤੇ ਉੱਚੇ ਹੋਣ ਦਾ ਭਰਮ ਪਾ ਦਿੱਤਾ। ਦਯਾਨੰਦ ਗੁਰੂ ਨਾਨਕ ਸਾਹਿਬ ਦੀ ਮਨੁੱਖੀ ਬਰਾਬਰੀ ਦੀ ਵਿਚਾਰਧਾਰਾ, ਸਿੱਖ ਸਮਾਜ ਅਤੇ ਪੰਜਾਬੀ ਬੋਲੀ ਦਾ ਕਟੜ ਵਿਰੋਧੀ ਸੀ। ਦਯਾਨੰਦ ਗੁਜਰਾਤੀ ਦੀ ਨਕਲ ਵਿੱਚ ਮਰਾਠਿਆਂ ਨੇ ਵੀ, ਜੋ ਆਪਣੇ ਆਪ ਨੂੰ ਭਾਰਤ ਦੇ ਰਾਜ ਦਾ ਵਾਰਸ ਸਮਝਦੇ ਹਨ, ਪੰਜਾਬ ਵਿੱਚ ਆਰ. ਐਸ. ਐਸ. ਦੀਆਂ ਸ਼ਾਖਾਵਾ ਸਥਾਪਤ ਕਰਕੇ ਹਿੰਦੂਤੱਵ ਦੇ ਪ੍ਰਚਾਰ ਰਾਹੀਂ ਦੂਜੇ ਧਰਮਾਂ ਬਾਰੇ ਨਫਰਤ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਦੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਪੈਦਾ ਹੋ ਗਈ। ਸਿਖਾਂ ਵਿੱਚ ਸਿੰਘ ਸਭਾ ਲਹਿਰ ਨੇ ਸਿੱਖ ਧਰਮ ਵਿੱਚ ਪਰਚਲਤ ਹਿੰਦੂ ਵਿਚਾਰਧਾਰਾ ਦੇ ਪਰਭਾਵ ਅਤੇ ਕੁਰੀਤੀਆਂ ਬਾਰੇ ਜਾਗਰੂਕਤਾ ਲਿਆਉਣ ਲਈ ਉਨ੍ਹਾਂ ਕੁਰੀਤੀਆਂ ਨੂੰ ਗੁਰੂ ਸਾਹਿਬਾਨ ਦੇ ਪਰਵਾਰਕ ਵਿਰੋਧੀਆਂ ਦੀਆਂ ਸੰਨਤਾਨਾਂ ਅਤੇ ਸਬੰਧੀਆਂ, ਅਤੇ ਉਦਾਸੀ ਅਤੇ ਨਿਰਮਲੇ ਪੁਜਾਰੀਆਂ ਵਲੋਂ ਪ੍ਰਚਲਤ ਕੀਤੀਆਂ ਦੱਸਣ ਦੀ ਥਾਂ ਹਿੰਦੂਆਂ ਅਤੇ ਬ੍ਰਾਹਮਣਾਂ ਦੀ ਸਾਜ਼ਿਸ਼ ਆਖਣਾ ਸ਼ੁਰੂ ਕਰ ਦਿੱਤਾ। ਸਿੰਘ ਸਭਾਵਾਂ ਗੁਰ ਪਰਵਾਰਾਂ ਨਾਲ ਸਬੰਧਤ ਵਿਅਕਤੀਆਂ ਦੀਆਂ ਗੁਰਮਤ ਵਿਰੋਧੀ ਕਾਰਗੁਜ਼ਾਰੀਆਂ ਨੂੰ ਛੁਪਾਉਣਾ ਚਾਹੁੰਦੀਆਂ ਸਨ। ਧਰਮਾਂ ਵਲੋਂ ਇੱਕ ਦੂਜੇ ਦੀ ਆਲੋਚਨਾ ਅਤੇ ਵਿਰੋਧਤਾ ਕਰਨੀ ਇੱਕ ਕੁਦਰਤੀ ਵਰਤਾਰਾ ਹੈ ਪਰ ਜਦੋਂ ਕਿਸੇ ਇੱਕ ਧਰਮ ਤੇ ਵਿਸ਼ੇਸ਼ ਵਿਰੋਧੀ ਹੋਣ ਦਾ ਬੇਬੁਨਿਆਦ ਇਲਜ਼ਾਮ ਲਾਇਆ ਜਾਂਦਾ ਹੈ ਤਾਂ ਸ਼ੰਕੇ ਪੈਦਾ ਹੋਣੇ ਸੁਭਾਵਕ ਹਨ। ਸਿੰਘ ਸਭਾਵਾਂ ਨੇ ਪਰੰਪਰਾਗਤ ਸਿੱਖ ਧਰਮ ਵਿਚੋਂ ਸਨਾਤਨੀ ਹਿੰਦੂ ਚਿੰਨ੍ਹ ਮਿਟਾ ਕੇ ਨਵੇਂ ਨਾਵਾਂ ਹੇਠ ਕੁੱਝ ਵਖਰੇ ਕਰਮ ਕਾਂਡ ਚਾਲੂ ਕਰ ਲਏ ਪਰ ਹਿੰਦੂ ਧਰਮ ਵਾਲਾ ਸਮਾਜਕ ਢਾਂਚਾ ਬਰਕਰਾਰ ਰਖਿਆ। ਸਿੱਖ ਸਮਾਜ ਵਿੱਚ ਹਿੰਦੂ ਸਮਾਜ ਨਾਲੋਂ ਵਿਹਾਰ ਅਤੇ ਨਾਂ ਤੇ ਵਖਰੇ ਹੋ ਗਏ ਪਰ ਸਮਾਜ ਦੀ ਮੂਲ ਬਣਤਰ ਹਿੰਦੂ ਸਮਾਜ ਵਾਂਗ ਮੰਨੂੰ ਸਮ੍ਰਿਤੀ ਦੀ ਵਰਨਵੰਡ ਤੇ ਹੀ ਆਧਾਰਤ ਰਹੀ। ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਸਿੱਖ ਆਗੂਆਂ ਨੂੰ ਵਾਲਮੀਕੀ ਵਰਗ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਉਹ ਉਸ ਪ੍ਰਸਤਾਵ ਨੂੰ ਪਰਵਾਨ ਨਾ ਕਰ ਸਕੇ ਕਿਊਂਕੇ ਸਿੱਖ ਸਮਾਜ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਸਮਰਥਕ ਨਹੀਂ ਰਿਹਾ ਸੀ। ਮੰਨੂੰ ਦੀ ਵਰਨ ਵੰਡ ਦਾ ਅਨੁਯਾਈ ਹੋਣ ਕਾਰਨ ਉਹ ਅਛੂਤ ਵਾਲਮੀਕਾਂ ਨੂੰ ਆਪਣੇ ਵਿੱਚ ਰਲਾਉਣ ਲਈ ਤਿਆਰ ਨਹੀਂ ਸੀ।

ਜਾਤ ਪਾਤੀ ਵਿਤਕਰੇ ਦੇ ਬਾਵਜੂਦ ਸਿੱਖੀ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਨੁੱਖੀ ਸੁਤੰਤਰਤਾ ਦੇ ਉਪਦੇਸ਼ ਵਿੱਚ ਓਤ ਪੋਤ ਸੀ ਇਸ ਲਈ ਅੰਗ੍ਰੇਜ਼ੀ ਸਾਸ਼ਨ ਦੇ ਅਨਿਆਂ ਅਤੇ ਵਧੀਕੀਆਂ ਵਿਰੁਧ ਅਤੇ ਧਾਰਮਕ ਅਤੇ ਰਾਜਸੀ ਸੁਤੰਤਰਤਾ ਲਈ ਸਿੱਖ ਸੰਘਰਸ਼ ਪੈਦਾ ਹੋ ਜਾਣਾ ਸੁਭਾਵਕ ਸੀ। ਉਦਾਸੀ ਸਾਧੂਆਂ ਵਲੋਂ ਸਿੱਖ ਧਰਮ ਵਿੱਚ ਚਾਲੂ ਕੀਤੀਆਂ ਕੁਰੀਤੀਆਂ ਨੂੰ ਖਤਮ ਕਰਨ ਅਤੇ ਮਨੁੱਖੀ ਸੁਤੰਤਰਤਾ ਦਾ ਸੰਦੇਸ਼ ਦੇਣ ਲਈ ਗੁਰਦੁਆਰਾ ਸੁਧਾਰ ਲਹਿਰ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਗਈ। ਉਸ ਲਹਿਰ ਨੇ ਸਿੱਖ ਸਮਾਜ ਨੂੰ ਸਿੱਖ ਧਰਮ ਵਿੱਚ ਸੁਧਾਰ ਲਿਆਉਣ ਅਤੇ ਰਾਜਸੀ ਸ਼ਕਤੀ ਦਾ ਪ੍ਰਗਟਾਵਾ ਕਰਨ ਦਾ ਲਾਸਾਨੀ ਮੌਕਾ ਪਰਦਾਨ ਕਰ ਦਿੱਤਾ। ਪਰ ਸਿੱਖ ਆਗੂਆਂ ਨੇ ਇਤਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਰਕਾਰੀ ਕਾਨੂੰਨ ਅਧੀਨ ਪ੍ਰਬੰਧਕ ਕਮੇਟੀ ਬਨਾਉਣ ਲਈ ਸੈਹਮਤ ਹੋ ਕੇ ਸਿੱਖ ਧਰਮ ਦੇ ਸੰਚਾਰ ਵਿੱਚ ਸਿੱਖ ਸਮਾਜ ਦੀ ਸ਼ਮੂਲੀਅਤ ਹੀ ਖਤਮ ਕਰ ਦਿੱਤੀ। ਸਰਕਾਰ ਗੁਰਦੁਆਰਿਆਂ ਦੀ ਮਾਲਕ ਬਣ ਗਈ ਅਤੇ ਸਿੱਖਾਂ ਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਸੰਚਾਰ ਨਾਲੋਂ ਨਾਤਾ ਟੁੱਟ ਕੇ ਗੁਰਦੁਆਰਾ ਪ੍ਰਬੰਧਕਾਂ ਦੀਆਂ ਚੋਣਾਂ ਦੀ ਸਿਆਸਤ ਨਾਲ ਜਾ ਜੁੜਿਆ।

ਰਾਜਸੀ ਸ਼ਕਤੀ ਦੇ ਅਭਿਲਾਸ਼ੀਆਂ ਨੇ ਅਕਾਲੀ ਦਲ ਦੇ ਨਾਂ ਹੇਠ ਸਿੱਖ ਰਾਜਸੀ ਪਾਰਟੀ ਦੀ ਸਥਾਪਨਾ ਕਰਨ ਦਾ ਨਿਰਨਾ ਲੈ ਕੇ ਸਿੱਖ ਧਰਮ ਨੂੰ ਰਾਜਸੀ ਖੇਤਰ ਵਿੱਚ ਭਾਗੀਦਾਰ ਬਣਾ ਲਿਆ। ਉਦਾਸੀ ਅਤੇ ਨਿਰਮਲੇ ਪੁਜਾਰੀਆਂ ਦੀ ਸਰਪਰਸਤੀ ਹੇਠ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਾਫੀ ਪਰਭਾਵ ਸੀ ਅਤੇ ਪੰਜਾਬੀ ਸਭਿਆਚਾਰ ਵਿੱਚ ਗੁਰਬਾਣੀ ਦਾ ਵਿਆਪਕ ਸਤਕਾਰ ਸੀ। ਪਰ ਸਿਆਸਤ ਵਿੱਚ ਭਾਗੀਦਾਰ ਬਨਣ ਨਾਲ ਪੰਜਾਬੀ ਸਮਾਜ ਵਿੱਚ ਗੁਰਬਾਣੀ ਦੀ ਚਲੀ ਆ ਰਹੀ ਪ੍ਰਤਿਸ਼ਠਾ ਵਿਵਾਦਾਂ ਵਿੱਚ ਘਿਰ ਗਈ ਅਤੇ ਸਿੱਖ ਸਮਾਜ ਵਿੱਚ ਗੁਰਬਾਣੀ ਪ੍ਰਤੀ ਗੰਭੀਰਤਾ ਸਿਆਸਤ ਦਾ ਦੋਗਲਾ ਰੂਪ ਧਾਰਨ ਕਰ ਗਈ। ਸਿੱਖ ਧਰਮ ਤੇ ਆਧਾਰਤ ਹੋਣ ਦਾ ਹੱਕ ਜਤਾਉਣ ਲਈ ਅਕਾਲੀ ਦਲ ਨੂੰ ਆਪਣੇ ਸਿਆਸੀ ਮੰਚ ਤੇ ਪਰਾਸੰਗਕ ਸਿੱਖ ਧਾਰਮਕ ਵਿਚਾਰਧਾਰਾ ਦਾ ਪ੍ਰਗਟਾਵਾ ਕਰਨ ਦੀ ਲੋੜ ਸੀ। ਪਰ ਕਿਊਂਕੇ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਰਾਜਸੀ ਗਤੀਵਿਧੀਆਂ ਨੂੰ ਤੁੱਛ ਸਮਝਦੀ ਹੈ ਅਕਾਲੀਆਂ ਲਈ ਗੁਰਬਾਣੀ ਉਪਦੇਸ਼ ਨੂੰ ਆਪਣਾ ਸਿਆਸੀ ਉਦੇਸ਼ ਬਨਾਉਣਾ ਲਾਹੇਵੰਦ ਨਾ ਜਾਪਿਆ। ਉਹ ਚਾਣੱਕਿਆ ਨੀਤੀ ਜਾਂ ਕੁਟੱਲਿਆ ਦੇ ਅਰਥ ਸ਼ਾਸਤਰ ਨਾਲ ਮਿਲਦੀ ਜੁਲਦੀ ਧਾਰਮਕ ਸਮਝੀ ਜਾਣ ਵਾਲੀ ਵਿਚਾਰਧਾਰਾ ਲੋੜਦੇ ਸਨ। ਸਿੱਖ ਵਿਦਵਾਨਾਂ ਨੇ ਅੰਗ੍ਰੇਜ਼ ਸਰਕਾਰ ਵਲੋਂ ਪ੍ਰਗਟ ਕੀਤੇ ਬਚਿਤ੍ਰ ਨਾਟਕ ਦੀ ਵਿਚਾਰਧਾਰਾ ਨੂੰ ਸਿੱਖ ਸਮਾਜ ਦਾ ਉਦੇਸ਼ ਬਨਾਉਣ ਦੀ ਵਿਊਂਤ ਸੁਝਾਈ। ਪਰ ਬਚਿਤ੍ਰ ਨਾਟਕ ਦੀ ਵਿਚਾਰਧਾਰਾ ਗੁਰਮਤ ਵਿਰੋਧੀ ਅਤੇ ਅਸ਼ਲੀਲ ਹੈ। ਉਸ ਗੁਰਮਤ ਵਿਰੋਧੀ ਵਿਚਾਰਧਾਰਾ ਨੂੰ ਧਾਰਮਕਤਾ ਪਰਦਾਨ ਕਰਨ ਅਤੇ ਸਿੱਖ ਧਰਮ ਦਾ ਭਾਗ ਬਨਾਉਣ ਲਈ ਵਿਦਵਾਨਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਜੋੜਨ ਦਾ ਰਾਹ ਅਖਤਿਆਰ ਕਰ ਲਿਆ। ਰਾਜਸੀ ਲਾਹੇ ਲਈ ਉਹ ਗੁਰੂ ਸਾਹਿਬ ਦੇ ਚਰਿੱਤਰ ਨੂੰ ਦਾਗੀ ਕਰਨ ਤੇ ਉਤਰ ਆਏ। ਗੁਰੂ ਸਾਹਿਬ ਦੇ ਨਾਂ ਨਾਲ ਜੁੜ ਕੇ ਬਚਿਤ੍ਰ ਨਾਟਕ ਦੀ ਵਿਚਾਰਧਾਰਾ ਸਿੱਖ ਸਿਆਸਤ ਦਾ ਮੈਨੀਫੈਸਟੋ ਬਣ ਗਈ। ਅਖੌਤੀ ਦਸਮ ਗ੍ਰੰਥ ਅਤੇ ਹੋਰ ਗੁਰਮਤ ਵਿਰੋਧੀ ਲਿਖਤਾਂ ਦੇ ਆਧਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਪ੍ਰਸਿੱਧ ਹੋਣ ਲੱਗ ਪਏ।

ਗੁਰੂ ਗੋਬਿੰਦ ਸਿੰਘ ਜੀ ਦੀਆਂ ਤਕਰੀਬਨ ਸਾਰੀਆਂ ਜੀਵਨੀਆਂ ਅਖੋਤੀ ਦਸਮ ਗ੍ਰੰਥ ਅਤੇ ਸਬੰਧਤ ਰਚਨਾਵਾਂ ਨੂੰ ਆਧਾਰ ਬਣਾ ਕੇ ਲਿਖੀਆਂ ਹੋਈਆਂ ਹਨ। ਇਹ ਸਾਰੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਦੇ ਵਿਰੁਧ ਹਨ। ਇਨ੍ਹਾਂ ਰਚਨਾਵਾਂ ਵਿੱਚ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਤੱਥਾਂ ਨੂੰ ਗੁਰਮਤ ਵਿਰੋਧੀ ਵਿਚਾਰਾਂ ਨਾਲ ਜੋੜਨ ਲਈ ਬਹੁਤ ਤੋੜ ਮਰੋੜ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਵਿਚਾਰਾਂ ਨੂੰ ਗੁਰਮਤ ਦਾ ਵਿਸਤਾਰ ਦਰਸਾਇਆ ਜਾ ਸਕੇ। ਗੁਰਬਾਣੀ ਦਾ ਫੁਰਮਾਨ ਹੈ: "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" ਗੁਰਬਾਣੀ ਅਨੁਸਾਰ ਗੁਰੂ ਗਬਿੰਦ ਸਿੰਘ ਜੀ ਵਿੱਚ ਵੀ ਗੁਰੂ ਨਾਨਕ ਦੀ ਜੋਤ ਵਰਤ ਰਹੀ ਸੀ ਇਸ ਲਈ ਉਨ੍ਹਾਂ ਦੇ ਵਿਚਾਰਾਂ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਨਾਲੋਂ ਅੰਤਰ ਦਾ ਉਲੇਖ ਕਰਨ ਵਾਲੀਆਂ ਰਚਨਾਵਾਂ ਨੂੰ ਪਰਵਾਨ ਨਹੀਂ ਕੀਤਾ ਜਾ ਸਕਦਾ। ਇਹ ਲਿਖਤਾਂ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਦਾਗੀ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਦਾ ਸਿੱਟਾ ਹਨ।

ਇਤਹਾਸ ਅਤੇ ਜੀਵਨ ਬਿਰਤਾਂਤ ਚੋਣਵੇਂ ਤੱਥਾਂ ਤੇ ਆਧਾਰਤ ਕਿਸੇ ਵਿਸ਼ੇਸ਼ ਦਰਿਸ਼ਟੀਕੋਣ ਤੋਂ ਕੀਤੀ ਵਿਆਖਿਆ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤਾਂ ਲਈ ਚੁਣੇ ਤੱਥ ਅਤੇ ਉਨ੍ਹਾਂ ਦੀ ਵਿਆਖਿਆ ਗੁਰੂ ਸਾਹਿਬ ਨੂੰ ਗੁਰਮਤ ਵਿਚਾਰਧਾਰਾ ਨਾਲੋਂ ਤੋੜ ਕੇ ਇੱਕ ਨਵੀਂ ਅਤੇ ਵਖਰੀ ਗੁਰਮਤ ਵਿਰੋਧੀ ਵਿਚਾਰਧਾਰਾ ਦਾ ਸਿਰਜਣਹਾਰ ਸਿੱਧ ਕਰਨ ਦਾ ਯਤਨ ਕਰਦੇ ਹਨ। ਪਰ ਕਿਊਂਕੇ ਸਿੱਖ ਜਗਤ ਉਨ੍ਹਾਂ ਨੂੰ ਗੁਰੂ ਮੰਨਦਾ ਹੈ ਇਸ ਲਈ ਜੀਵਨੀਕਾਰ ਗੁਰੂ ਸਾਹਿਬ ਦੀ ਜੀਵਨੀ ਨਾਲ ਜੋੜੇ ਗੁਰਮਤ ਵਿਰੋਧੀ ਵਿਚਾਰਾਂ ਨੂੰ ਗੁਰਮਤ ਵਿਚਾਰਧਾਰਾ ਦਾ ਵਿਸਤਾਰ ਆਖਣ ਲੱਗ ਪੈਂਦੇ ਹਨ। ਗੁਰਮਤ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਧਾਰਤ ਕੀਤੀ ਹੋਈ ਹੈ ਅਤੇ ਗੁਰਬਾਣੀ ‘ਧੁਰ ਕੀ ਬਾਣੀ’ ਜਾਂ ‘ਖਸਮ ਕੀ ਬਾਣੀ’ ਹੈ, ਇਸ ਵਿੱਚ ਵਾਧਾ ਕਰਨਾ ਜਾਂ ਇਸ ਨੂੰ ਬਦਲਣਾ ਗੁਰਬਾਣੀ ਦੇ ਨਿਰਾਦਰ ਕਰਨਾ ਹੈ।

ਸਿਖ ਜਗਤ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦਾ ਹੈ। ਗੁਰਬਾਣੀ ਦੇ ਅਧਿਆਤਮਕ ਗਿਆਨ ਦੀ ਸਿਖਆ ਦੇਣ ਵਾਲੇ ਅਤੇ ਗੁਰਮਤ ਦੀ ਸੂਝ ਪਰਦਾਨ ਕਰਨ ਵਾਲੇ ਵਿਅਕਤੀ ਨੂੰ ਹੀ ਗੁਰੂ ਪਦਵੀ ਦਾ ਹੱਕਦਾਰ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਗੁਰੂ ਵਿਅਕਤੀ ਸਨ ਅਤੇ ਉਨ੍ਹਾਂ ਦਾ ਮਨੋਰਥ ਗੁਰਬਾਣੀ ਦੇ ਅਧਿਆਤਮਕ ਗਿਆਨ ਦਾ ਸੰਚਾਰ ਕਰਨਾ ਸੀ। ਗੁਰਮਤ ਵਿਚਾਰਧਾਰਾ ਦੇ ਸੰਦਰਭ ਵਿੱਚ ਫੌਜਾਂ ਦਾ ਜਰਨੈਲ, ਜੁਧ ਨੀਤੀ ਦਾ ਮਾਹਰ, ਕਲਗੀਆਂ ਵਾਲਾ, ਮਹਾਨ ਸੰਗਠਕ, ਆਦਿ ਹੋਣਾ ਕੋਈ ਮਹਤੱਤਾ ਨਹੀਂ ਰਖਦਾ ਕਿਊਂਕੇ ਇਹ ਗੁਰੂ ਦੇ ਗੁਣ ਨਹੀਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੇ ਅਧਿਆਤਮਕ ਗਿਆਨ ਦੀ ਸੂਝ ਪਰਦਾਨ ਕਰਨ ਦਾ ਕਰਤਵ ਬਖੂਬੀ ਨਿਭਾਇਆ ਹੈ ਪਰ ਉਨ੍ਹਾਂ ਦੇ ਬਹੁਤੇ ਜੀਵਨ ਬਿਰਤਾਂਤਾਂ ਵਿੱਚ ਇਸ ਦਾ ਲੋੜੀਂਦਾ ਉਲੇਖ ਨਹੀਂ ਮਿਲਦਾ। ਬਹੁਤੇ ਵਿਦਵਾਨ ਅਤੇ ਪਰਚਾਰਕ ਉਨ੍ਹਾਂ ਦੀਆਂ ਜੰਗੀ ਅਤੇ ਸੰਸਥਾਈ ਗਤੀਵਿਧੀਆਂ ਨੂੰ ਮਹਤੱਤਾ ਦੇਣ ਲਈ ਉਨ੍ਹਾਂ ਦਾ ਨਾਂ ਅਖੌਤੀ ਦਸਮ ਗ੍ਰੰਥ ਜੈਸੀ ਅਸ਼ਲੀਲ ਪੁਸਤਕ ਨਾਲ ਜੋੜ ਦਿੰਦੇ ਹਨ। ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ ਦਾ ਸੰਕਲਣ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਸੰਪੂਰਨ ਕਰਕੇ ਸਿੱਖ ਸੰਗਤ ਨੂੰ ਇੱਕ ਅਦੁਤੀ ਪਵਿਤਰ ਗ੍ਰੰਥ ਦੇ ਵਾਰਸ ਬਣਾਇਆ ਹੈ। ਜਿਸ ਧਾਰਮਕ ਵਾਤਾਵਰਣ ਵਿੱਚ ਉਨ੍ਹਾਂ ਨੇ ਇਹ ਮਹਾਨ ਕਾਰਜ ਸੰਪੂਰਨ ਕੀਤਾ ਸੀ ਉਸ ਦੇ ਉਚਿੱਤ ਵਰਨਨ ਦੀ ਗੁਰੂ ਸਾਹਿਬ ਦੇ ਜੀਵਨ ਬਿਰਤਾਂਤਾਂ ਵਿੱਚ ਸਖਤ ਲੋੜ ਹੈ।

ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤਾਂ ਦਾ ਆਧਾਰ ਬਨਣ ਨਾਲ ਅਸ਼ਲੀਲਤਾ, ਨਸ਼ੇ, ਹਿੰਸਾ ਅਤੇ ਅਪਰਾਧ ਸਿੱਖ ਜਗਤ ਦੀ ਸਿਆਸਤ ਵਿੱਚ ਪਰਵਾਨ ਹੋਣ ਲੱਗ ਪਏ ਹਨ।
.