.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਯਾਰ੍ਹਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਵਿਸ਼ਾ ਗੁਰਬਾਣੀ ਦਾ ਨਿਤਨੇਮ ਅਤੇ "ਗੁਰੂ ਕੀਆਂ ਸੰਗਤਾਂ" - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀਆਂ ਅਜੋਕੀਅ ਛਾਪੇ ਦੀਆਂ ੧੪੩੦ ਪੰਨਿਆਂ ਵਾਲੀਆਂ ਬੀੜਾਂ `ਚ ਪੰਜਵੇਂ ਪਾਤਸ਼ਾਹ ਰਾਹੀਂ, "ਆਦਿ ਬੀੜ" ਦੀ ਸੰਪਾਦਨਾ ਸਮੇਂ ਗੁਰਬਾਣੀ ਨੂੰ ਦਿੱਤੀ ਹੋਈ ਤਰਤੀਬ ਨੂੰ ਥੋੜਾ ਗਹਿਰਾਈ ਤੋਂ ਦੇਖੀਏ ਤਾਂ ਇਸ ਸਚਾਈ ਤੀਕ ਪੁੱਜਦੇ ਦੇਰ ਨਹੀਂ ਲਗਦੀ ਕਿ ਗੁਰਦੇਵ ਨੇ ਇਥੇ ਪਹਿਲੇ ੧੩ ਪੰਨੇ ਉਚੇਚੇ ਰਾਗ-ਮੁਕਤ ਕੀਤੇ ਹੋਏ ਹਨ, ਤਾਂ ਸੁਆਲ ਪੈਦਾ ਹੁੰਦਾ ਹੈ ਕਿ ਉਹ ਕਿਸ ਲਈ? ਫ਼ਿਰ ਇਸ ਦਾ ਵੀ ਕੀ ਸਬੂਤ ਹੈ ਕਿ ਉਹ ਪਹਿਲੇ ੧੩ ਪੰਨੇ ਰਾਗ-ਮੁਕਤ ਹਨ?

ਉਹ ਇਸ ਤਰ੍ਹਾਂ ਕਿ ਅਸੀਂ ਇਹ ਭਲੀ ਭਾਂਤੀ ਜਾਣਦੇ ਹਾਂ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਸਮੂਚੀ ਗੁਰਬਾਣੀ ਰਾਗਾਂ `ਚ ਦਰਜ ਹੋਈ ਦੀ ਹੈ। ਤਾਂ ਵੀ ਜਦੋਂ ਅਸੀਂ ਅਜੋਕੀਆਂ ਛਾਪੇ ਵਾਲੀਆਂ ੧੪੩੦ ਪੰਨਿਆਂ ਵਾਲੀਆਂ ਬੀੜਾਂ ਦੇ ਦਰਸ਼ਨ ਕਰਦੇ ਹਾਂ ਤਾਂ ਇਨ੍ਹਾਂ ੧੩ ਪੰਨਿਆਂ `ਚ ਜੋ ਰਚਨਾਵਾਂ ਦਰਜ ਹਨ ਉਹ ਇਸ ਤਰ੍ਹਾਂ ਹਨ। ਇਥੇ ਅਰੰਭਕ ਰਚਨਾ ਹੈ "ਬਾਣੀ ਜਪੁ", ਉਸ ਤੋਂ ਬਾਅਦ ਨੰਬਰਵਾਰ ਤਿੰਨ ਰਚਨਾਵਾਂ ‘ਸੋਦਰੁ’ (੫ ਸ਼ਬਦ), ‘ਸੋਪੁਰਖੁ(ਚਾਰ ਸ਼ਬਦ) ਅਤੇ ਅੰਤ `ਚ ਬਾਣੀ "ਸੋਹਿਲਾ" (੫ ਸ਼ਬਦ)।

ਜਦਕਿ "ਬਾਣੀ ਜਪੁ" ਤੋਂ ਛੁੱਟ ‘ਸੋਦਰੁ’ ‘ਸੋਪੁਰਖੁ ਤੇ "ਸੋਹਿਲਾ" ਵਾਲੇ ੫+੪+੫ ਸਾਰੇ ੧੪ ਸ਼ਬਦ, ਅੱਗੇ ਜਾ ਕੇ ਰਾਗਾਂ ਦੀ ਲੜੀ `ਚ, ਰਾਗਾਂ ਦੀ ਤਰਤੀਬ ਅਨੁਸਾਰ ਗੁਰਦੇਵ ਨੇ ਫ਼ਿਰ ਤੋਂ ਦਰਜ ਕੀਤੇ ਹੋਏ ਹਨ, ਤਾਂ ਅਸੀਂ ਇਸ ਦਾ ਅਰਥ ਕੀ ਲਵਾਂਗੇ? ਉਂਝ ਇਹ ਵੀ ਕਿ ਕੁੱਝ ਅੱਗੇ ਚੱਲ ਕੇ ਜਦੋਂ ਵਿਸ਼ੇ ਨੂੰ ਕੁੱਝ ਹੋਰ ਗਹਿਰਾਈ ‘ਤੋਂ ਜਾਵਾਂਗੇ ਤਾਂ ਇਸ ਦਾ ਕਾਰਣ ਸਮਝਦੇ ਵੀ ਦੇਰ ਨਹੀਂ ਲਗੇ ਗੀ। ਸਪਸ਼ਟ ਹੋ ਜਾਵੇਗਾ ਕਿ ਉਹ ੧੩ ਪੰਨੇ ਸਪਸ਼ਟ ਰੂਪ `ਚ ਖ਼ੁਦ ਪੰਜਵੇਂ ਪਾਤਸ਼ਾਹ ਵੱਲੋਂ ਸਮੂਚੀਆਂ "ਗੁਰੂ ਕੀਆਂ ਸੰਗਤਾਂ" ਲਈ ਤਿੰਨ ਸਮੇਂ ਦੇ ਨਿਤਨੇਮ ਲਈ ਆਦੇਸ਼ ਰੂਪ ਹਨ ਅਤੇ ਇਸੇ ਕਾਰਣ ਗੁਰਦੇਵ ਨੇ ਉਨ੍ਹਾਂ ੧੪ ਸ਼ਬਦਾਂ ਨੂੰ ਉਸ ਤਰਤੀਬ ਤੋਂ ਇਲਾਵਾ, ਇਥੇ ਵੱਖਰਾ ਚ ਵੀ ਦਰਜ ਕੀਤਾ ਹੋਇਆ ਹੈ।

ਦਰਅਸਲ ਸੰਬੰਧਤ ਵਿਸ਼ੇ ਵੱਲ ਉਚੇਚਾ ਧਿਆਨ ਆਪਣੇ ਆਪ ਇਸ ਲਈ ਵੀ ਖਿੱਚਿਆ ਜਾਂਦਾ ਹੈ ਕਿ ਅੱਗੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਦੇ ਪੰਨਾ ੧੪ ਤੋਂ ਗੁਰਦੇਵ ਨੇ ਸਮੂਚੀ ਗੁਰਬਾਣੀ ਨੂੰ ਬਾਕਾਇਦਾ ਰਾਗਾਂ `ਚ ਤਰਤੀਬ ਦਿੱਤੀ ਹੋਈ ਹੈ। ਤਾਂ ਵੀ ਗੁਰਦੇਵ ਨੇ ਉਪ੍ਰੋਕਤ ੫+੪+੫ (੧੪) ਸ਼ਬਦਾਂ ਨੂੰ, ਗੁਰਬਾਣੀ ਨੂੰ ਰਾਗਾਂ ਦੀ ਤਰਤੀਬ ਦੇਣ ਤੋਂ ਪਹਿਲਾਂ ਉਚੇਚੇ ਵੱਖਰਾ ਵੀ ਦਰਜ ਕੀਤਾ ਹੋਇਆ ਹੈ, ਸੁਆਲ ਪੈਦਾ ਹੁੰਦਾ ਹੈ ਕਿ ਤਾਂ ਉਹ ਵੱਖਰਾ ਵੀ ਤੇ ਦੋਬਾਰਾ ਵੀ, ਆਂਖ਼ਿਰ ਕਿਉਂ? ਦਰਅਸਲ ਇਸ ਇਕੱਲੇ ਕਿਉਂ ਅੰਦਰੋਂ ਹੀ ਇਨ੍ਹਾਂ ਸ਼ਬਦਾਂ ਦਾ ‘ਰਾਗ ਮੁਕਤ’ ਹੋਣਾ, ਆਪਣੇ ਆਪ ਸਪਸ਼ਟ ਹੋ ਜਾਂਦਾ ਹੈ।

ਗੁਰਬਾਣੀ ਦਾ ਨਿਤਨੇਮ, ਪਹਿਲੇ ਜਾਮੇਂ ਤੋਂ ਹੀ-ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ `ਚੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ "ਗੁਰੂ ਕੀਆਂ ਸੰਗਤਾਂ" ਲਈ ਗੁਰਬਾਣੀ ਦੇ ਨਿਤਨੇਮ ਵਾਲਾ ਨਿਯਮ ਪਹਿਲੇ ਜਾਮੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਸੀ। ਭਾਈ ਗੁਰਦਾਸ ਜੀ ਅਨੁਸਾਰ "ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ" (ਵਾਰ੧/੩੮) ਅਤੇ "ਅੰਮ੍ਰਿਤ ਵੇਲੇ ਨ੍ਹਾਵਣਾ, ਗੁਰਮੁਖ ਜਪੁ ਗੁਰੁਮੰਤ ਜਪਾਯਾ॥ ਰਾਤ ਆਰਤੀ ਸੋਹਿਲਾ, ਮਾਯਾ ਵਿੱਚ ਉਦਾਸ ਰਹਾਯਾ" (ਵਾਰ ੨੬/੪)।

ਇਸੇ ਤਰ੍ਹਾਂ ਗਿਆਨ ਰਤਨਾਵਲੀ ਪਉੜੀ ਨੰ. ੪੫ `ਚ ਭਾਈ ਮਨੀ ਸਿੰਘ ਜੀ ਲਿਖਦੇ ਹਨ "ਕਰਤਾਰਪੁਰ ਵਿੱਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪ੍ਰੰਤ ਕੀਰਤਨ ਹੋਵੇ, ਫਿਰ ਆਰਤੀ ਪੜ੍ਹੀਏ, ਤੀਸਰੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ।"

ਇਸ ਤਰ੍ਹਾਂ ਇਥੋਂ ਕੁੱਝ ਹੋਰ ਗੱਲਾਂ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀਆਂ ਹਨ। ਜਿਵੇਂ:-

(ਪਹਿਲਾ) ਸਿੱਖ ਧਰਮ `ਚ ਨਿੱਤਨੇਮ ਤੋਂ ਇਲਾਵਾ ਸਵੇਰੇ ਤੇ ਸ਼ਾਮ ਦੇ ਸਤਿਸੰਗਾਂ ਦਾ ਨਿਯਮ ਵੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਅਤੇ ਉਨ੍ਹਾਂ ਵੱਲੋਂ ਹੀ ਅਰੰਭ ਹੋ ਚੁੱਕਾ ਸੀ।

ਦੂਜਾ- ਬਾਣੀ ਸੋਹਿਲਾ ਨਿੱਤਨੇਮ ਦਾ ਅੰਗ ਵੀ ਪਹਿਲੇ ਜਾਮੇਂ ਤੋਂ ਹੀ ਸੀ ਜਦਕਿ ਬਾਣੀ ਸੋਹਿਲਾ ਲਈ ਓਦੋਂ ਲਫ਼ਜ਼ ‘ਆਰਤੀ’ ਵਰਤਿਆ ਜਾਂਦਾ ਸੀ। ਉਪ੍ਰੰਤ ਪੰਜਵੇਂ ਜਾਮੇ ਸਮੇਂ ਉਸੇ ਬਾਣੀ ‘ਆਰਤੀ’ ਲਈ ਸਿਰਲੇਖ ਸੋਹਿਲਾ ਓਦੋਂ ਸ਼ੁਰੂ ਹੋਇਆ ਜਦੋਂ ਪੰਜਵੇਂ ਪਾਤਸਾਹ ਨੇ "ਗਗਨ ਮੈ ਥਾਲੁ ਰਵਿ ਚੰਦੁ ਦੀਪਕ…" ਵਾਲੇ ਸ਼ਬਦ ਦੇ ਨਾਲ ਚਾਰ ਹੋਰ ਸ਼ਬਦਾਂ ਨੂੰ ਜੋੜ ਕੇ ਇਸ ਰਚਨਾ ਨੂੰ ਬਾਣੀ "ਸੋਹਿਲਾ" ਵਾਲਾ ਸਿਰਲੇਖ ਪ੍ਰਦਾਨ ਕੀਤਾ। ਇਸ ਤਰ੍ਹਾਂ ਬਾਣੀ ‘ਆਰਤੀ’ ਤੇ "ਸੋਹਿਲਾ" ਦੋਵੇਂ ਪਦ ਇਕੋ ਅਰਥ `ਚ ਆਏ ਹਨ। ਇਸੇ ਤਰ੍ਹਾਂ ਉਪ੍ਰੋਕਤ ਪ੍ਰਮਾਣਾਂ ਦੀ ਗਹਿਰਾਈ ਦੇ ਨਾਲ-ਨਾਲ ਜਦੋ ਵਿਸ਼ੇ ਦੇ ਇਤਿਹਾਸਕ ਪਿਛੌਕੜ `ਚ ਜਾਂਦੇ ਹਾਂ ਤਾਂ ਇਸ ਸੰਬੰਧੀ ਹੋਰ ਵੀ ਬਹੁਤ ਕੁੱਝ ਸਪਸ਼ਟ ਹੋ ਜਾਂਦਾ ਹੈ।

ਗੁਰੂ ਨਾਨਕ ਪਾਤਸ਼ਾਹ ਸਮੇਂ "ਗੁਰਬਾਣੀ ਦੇ ਨਿਤਨੇਮ" ਦਾ ਸਰੂਪ-ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਦਰ `ਤੇ ਗੁਰੂ ਕੀਆਂ ਸੰਗਤਾਂ ਲਈ ਦੋ ਸਮੇ ਦੇ ਗੁਰਬਾਣੀ ਦੇ ਸਤਿਸੰਗ ਤੋਂ ਇਲਾਵਾ ਨਿਤਨੇਮ ਵਾਲਾ ਨਿਯਮ ਵੀ ਪਹਿਲੇ ਜਾਮੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਸੀ। ਉਸ ਸਮੇ ਦੇ ਨਿਤਨੇਮ `ਚ ਜੇ ਕੁੱਝ ਫ਼ਰਕ ਸੀ ਤਾਂ ਉਹ ਇਤਨਾ ਕਿ ਪਹਿਲੇ ਜਾਮੇਂ ਸਮੇਂ ਪ੍ਰਭਾਤੇ ਬਾਣੀ ਜਪੁ ਅਤੇ ਬਾਕੀ ਦਿਨ `ਚ ਬਾਣੀ "ਸੋਦਰੁ" ਕੇਵਲ ਇੱਕ ਸ਼ਬਦ "ਸੋ ਦਰ ਤੇਰਾ ਕੇਹਾ ਸੋ ਘਰੁ ਕੇਹਾ…" ਉਪ੍ਰੰਤ ਬਾਣੀ "ਸੋਹਿਲੇ" ਲਈ ਵੀ ਬਾਣੀ ‘ਆਰਤੀ’ ਦੇ ਨਾਮ ਹੇਠ ਕੇਵਲ ਇੱਕ ਸ਼ਬਦ "ਗਗਨ ਮੈ ਥਾਲੁ ਰਵਿ ਚੰਦੁ ਦੀਪਕ…" ਹੀ ਪੜ੍ਹਿਆ ਜਾਂਦਾ ਸੀ। ਉਹ ਵੀ ਇਸ ਲਈ ਕਿ ਅਜੋਕੀ ਬਾਣੀ "ਸੋਹਿਲਾ" ਦੀ ਓਦੋਂ ਅਜੇ ਰਚਨਾ ਹੀ ਨਹੀਂ ਸੀ ਹੋਈ।

ਅੱਗੇ ਚੱਲ ਕੇ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਬਾਣੀ "ਸੋਹਿਲਾ" ਦੀ ਰਚਨਾ ਵੀ ਬਾਅਦ `ਚ ਪੰਜਵੇਂ ਜਾਮੇ `ਚ ਕੀਤੀ ਗਈ ਹੈ। ਇਸੇ ਲਈ ਓਦੋਂ ਨਿਤਨੇਮ ਵੱਜੋਂ ਬਾਣੀ "ਸੋਹਿਲਾ" ਲਈ ਹੀ, ਅਜੋਕੀ ਬਾਣੀ ਸੋਹਿਲੇ ਵਿੱਚਲੇ ਇੱਕ ਸ਼ਬਦ ਵਿੱਚਲੀ ਇੱਕ ਪੰਕਤੀ "ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ" ਦੇ ਆਧਾਰ `ਤੇ ਲਫ਼ਜ਼ ਆਰਤੀ ਵਰਤਿਆ ਜਾ ਰਿਹਾ ਸੀ। ਇਸ ਲਈ ਕਿ ਇਸ ਸ਼ਬਦ ਦਾ ਰਚਨਾ ਕਾਲ ਤੇ ਸੰਬੰਧ ਵੀ, ਓਦੋਂ "ਉਸ ਆਰਤੀ ਦੇ ਖੰਡਣ’ ਵਾਲੀ ਤਾਜ਼ੀ-ਤਾਜ਼ੀ ਵਾਪਰੀ ਜਗਨਨਾਥ ਪੁਰੀ ਵਾਲੀ ਰਥ ਯਾਤਰਾ ਵਾਲੀ ਇਤਿਹਾਸਕ ਸਾਖੀ ਨਾਲ ਹੈ।

ਨਿਤਨੇਮ ਦਾ ਸਰੂਪ, ਪੰਜਵੇਂ ਪਾਤਸ਼ਾਹ ਸਮੇਂ? - ਇਸ ਤੋਂ ਬਾਅਦ ਅਸਾਂ ਇਹ ਵੀ ਸਮਝਣਾ ਹੈ ਕਿ ਬਾਅਦ `ਚ ਜਦੋਂ ਪੰਜਵੇ ਪਾਤਸ਼ਾਹ ਨੇ "ਆਦਿ ਬੀੜ" ਦੀ ਸੰਪਾਦਨਾ ਅਤੇ ਸੰਪੂਰਣ ਗੁਰਬਾਣੀ ਨੂੰ ਤਰਤੀਬ ਦਿੱਤੀ ਤਾਂ ਗੁਰਦੇਵ ਨੇ ਨਾਲ-ਨਾਲ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਚਲਦੇ ਆ ਰਹੇ ਨਿਤਨੇਮ `ਚ ਲੋੜੀਂਦੇ ਵਾਧੇ ਵੀ ਕੀਤੇ।

ਗੁਰਦੇਵ ਨੇ ਬਾਣੀ ਸੋਦਰੁ ਦੇ ਇੱਕ ਸ਼ਬਦ "ਸੋ ਦਰ ਤੇਰਾ ਕੇਹਾ ਸੋ ਘਰੁ ਕੇਹਾ…" ਨਾਲ ਭਿੰਨ ਭਿੰਨ ਰਾਗਾਂ `ਚੋਂ ਹੋਰ ਚਾਰ ਸ਼ਬਦ ਜੋੜ ਕੇ ਉਸ ਸੰਪੂਰਣ ਬਾਣੀ ਨੂੰ "ਬਾਣੀ ਸੋਦਰੁ" ਦਾ ਸਿਰਲੇਖ, ਇਸੇ ਤਰ੍ਹਾਂ ਭਿੰਨ- ਭਿੰਨ ਰਾਗਾਂ `ਚੋਂ ਚਾਰ ਸ਼ਬਦਾਂ ਦਾ ਇੱਕ ਹੋਰ ਸੰਗ੍ਰਹਿ ਤਿਆਰ ਕਰਕੇ ਉਸ ਨੂੰ ਬਾਣੀ "ਸੋ ਪੁਰਖ" ਵਾਲਾ ਸਿਰਲੇਖ ਪ੍ਰਦਾਨ ਕੀਤਾ। ਇਹ ਵੀ ਕਿ ਬਾਣੀ ਦੇ "ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ…" ਵਾਲੇ ਉਸ ਇੱਕ ਸ਼ਬਦ ਨਾਲ ਵੀ ਭਿੰਨ-ਭਿੰਨ ਰਾਗਾਂ `ਚੋਂ ਹੋਰ ਚਾਰ ਸ਼ਬਦ ਜੋੜ ਕੇ ਪੰਜ ਸ਼ਬਦਾਂ ਦਾ ਇੱਕ ਹੋਰ ਸੰਗ੍ਰਹ ਤਿਆਰ ਕੀਤਾ ਤੇ ਉਸ ਨੂੰ ਸਿਰਲੇਖ ਪ੍ਰਦਾਨ ਕੀਤਾ ਬਾਣੀ "ਸੋਹਿਲਾ"।

ਇਸ ਤਰ੍ਹਾਂ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਅਰੰਭ ਹੋਏ ਨਿਤਨੇਮ ਵਾਲੇ ਨਿਯਮ ਨੂੰ, ਪੰਜਵੇਂ ਜਾਮੇ ਸਮੇਂ "ਗੁਰੂ ਕੀਆਂ ਸੰਗਤਾਂ" ਲਈ ਨਿਤਨੇਮ ਦਾ ਗੁਰਦੇਵ ਵੱਲੋਂ ਜੋ ਸੰਮਪੂਰਣ ਸਰੂਪ ਉਜਾਗਰ ਹੋਇਆ ਤਾਂ ਉਹ ਹੈ "ਪ੍ਰਭਾਤਬਾਣੀ ਜਪੁ, ਸ਼ਾਮਾਂ ਨੂੰ ਬਾਣੀ "ਸੋਦਰੁ" (ਪੰਜ ਸ਼ਬਦ) ਤੇ ਬਾਣੀ "ਸੋ ਪੁਰਖੁ" (ਚਾਰ ਸ਼ਬਦ) ਕੁਲ ਮਿਲਾ ਕੇ ੯ ਸ਼ਬਦ, ਉਪ੍ਰੰਤ ਰਾਤ ਸੌਣ ਸਮੇਂ ਬਾਣੀ "ਸੋਹਿਲਾ" (ਪੰਜ ਸ਼ਬਦ)।

ਫ਼ਿਰ ਇਤਨਾ ਹੀ ਨਹੀਂ, ਇਹ ਵੀ ਦੇਖ ਚੁੱਕੇ ਹਾਂੑ ਕਿ ਪੰਜਵੇਂ ਪਾਤਸ਼ਾਹ ਨੇ ਜਦੋਂ ਆਦਿ ਬੀੜ ਦੀ ਸੰਪਾਦਨਾ ਦੇ ਨਾਲ-ਨਾਲ ਸੰਪੂਰਣ ਗੁਰਬਾਣੀ ਨੂੰ ਤਰਤੀਬ ਦਿੱਤੀ ਤਾਂ ਆਪ ਨੇ ਰਾਗਾਂ `ਚ ਗੁਰਬਾਣੀ ਦਾ ਅਰੰਭ ਕਰਣ ਤੋਂ ਪਹਿਲਾਂ, ਅਜੋਕੀਆਂ ਛਾਪੇ ਵਾਲੀਆਂ ਬੀੜਾਂ ਅਨੁਸਾਰ, ਪਹਿਲੇ ਤੇਰ੍ਹਾਂ ਪੰਨਿਆਂ ਵਿੱਚਲੀਆਂ ਉਪ੍ਰੋਕਤ ਰਚਨਾਵਾਂ ਨੂੰ ‘ਰਾਗ ਮੁਕਤ’ ਰਖਿਆ। ਇਸ ਤਰ੍ਹਾਂ ਆਪਣੇ ਆਪ ਸਪਸ਼ਟ ਹੁੰਦਾ ਹੈ ਕਿ ਗੁਰਦੇਵ ਨੇ ਆਪਣੇ ਸਮੇਂ `ਚ ਅਤੇ ਆਪ ਹੀ, ਗੁਰੂ ਕੀਆਂ ਸੰਗਤਾਂ ਦੇ ਨਿਤਨੇਮ ਲਈ, ਨਿਤਨੇਮ ਵਜੋਂ ਉਨ੍ਹਾਂ ਬਾਣੀਆਂ ਨੂੰ ਪ੍ਰਚਲਤ ਵੀ ਕੀਤਾ ਹੋਇਆ ਸੀ ਤੇ ਸਦਾ ਲਈ ਪੱਕਾ ਵੀ ਕਰ ਦਿੱਤਾ ਸੀ।

ਜਦਕਿ ਇਹ ਵੀ ਸਾਫ਼ ਕਰ ਚੁੱਕੇ ਹਾਂ ਕਿ ਨਿਤਨੇਮ ਵਿੱਚਲੇ ਇਹ ੧੪ ਸ਼ਬਦ, ਰਾਗਾਂ ਦੀ ਵੰਡ ਅਨੁਸਾਰ ਅੱਗੇ ਜਾ ਕੇ ਫ਼ਿਰ ਤੋਂ ਆਪਣੇ-ਆਪਣੇ ਰਾਗਾਂ `ਚ ਦੋਬਾਰਾ ਵੀ ਦਰਜ ਕੀਤੇ ਹੋਏ ਹਨ। ਸਪਸ਼ਟ ਹੈ ਕਿ ਗੁਰਦੇਵ ਨੇ ਪਹਿਲੇ ੧੩ ਪੰਨਿਆਂ ਵਿੱਚਲੀ ਬਾਣੀ ਨੂੰ ਉਚੇਚੇ ਰਾਗ-ਮੁਕਤ ਕਰਕੇ ਗੁਰੂ ਕੀਆਂ ਸਮੂਚੀਆਂ ਸੰਗਤਾਂ ਲਈ ਇੱਕ ਦਿਨ `ਚ ਤਿੰਨ ਸਮੇਂ ਨਿਤਨੇਮ ਲਈ ਆਦੇਸ਼ ਕੀਤਾ ਹੋਇਆ ਹੈ ਅਤੇ ਇਸ ਸਚਾਈ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ।

ਗੁਰਬਾਣੀ ਦਾ ਪਾਠ (ਨਿਤਨੇਮ) ਕਰਣਾ ਜ਼ਰੂਰੀ ਹੈ- ਪੰਥਕ ‘ਰਹਿਤ ਮਰਿਆਦਾ’ ਅਨੁਸਾਰ ਵੀ ਹਰੇਕ ਸਿੱਖ ਤੇ ਗੁਰੂ ਨਾਨਕ ਨਾਮ ਲੇਵਾ ਲਈ ਜ਼ਰੂਰੀ ਹੈ ਕਿ ਉਸ ਨੇ ਇੱਕ ਦਿਨ ਦੇ ਚੌਵੀ ਘੰਟਿਆਂ ਦੌਰਾਨ, ਘਟੋ ਘਟ ਤਿੰਨ ਵੱਕਤ (ਸਵੇਰੇ, ਸ਼ਾਮ ਤੇ ਰਾਤ ਸੌਣ ਸਮੇਂ) ਗੁਰਬਾਣੀ ਆਧਾਰਤ ਨਿਤਨੇਮ ਜ਼ਰੂਰ ਕਰਣਾ ਹੈ। ਨਿੱਤਨੇਮ ਦਾ ਅਰਥ ਹੀ ਨਿਯਮ ਨਾਲ ‘ਨਿੱਤਾਪ੍ਰਤੀ, ਗੁਰਬਾਣੀ ਦਾ ਪਾਠ ਕਰਣਾ ਹੈ। ‘ਨਿੱਤਾਪ੍ਰਤੀ ਤੋਂ ਅਰਥ ਹੈ ਦਿਨ ਤੇ ਰਾਤ ਨੂੰ ਮਿਲਾ ਕੇ ਕੁਲ ਚੌਵੀ ਘੰਟਿਆਂ `ਚ ਨਿਯਮ ਨਾਲ, ਸਮੇਂ-ਸਮੇਂ ਅਨੁਸਾਰ ਤਿੰਨ ਵਾਰ। ਜਦਕਿ ਇਸ ਦਾ ਮਤਲਬ ਇਹ ਵੀ ਨਹੀਂ ਕਿ ਗੁਰੂ ਕੀਆਂ ਸੰਗਤਾਂ ਨੇ ਉਸ ਤੋਂ ਵੱਧ ਗੁਰਬਾਣੀ ਪੜ੍ਹਣੀ ਹੀ ਨਹੀਂ ਜਾਂ ਪੜ੍ਹੀ ਨਹੀਂ ਜਾ ਸਕਦੀ।

ਗੁਰਬਣੀ ਤੋਂ ਪ੍ਰਗਟ ਜੀਵਨ ਜਾਚ ਹੀ ਹਰੇਕ ਗੁਰੂ ਨਾਨਕ ਨਾਮ ਲੇਵਾ ਜ਼ਰੂਰੀ ਕਿਉਂ? -ਦਰਅਸਲ "ੴ" ਤੋਂ "ਤਨ ਮਨ ਥੀਵੈ ਹਰਿਆ" ਤੀਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀ ਸੰਪੂਰਣ ਗੁਰਬਾਣੀ ਗੁਰੂ ਕੀਆਂ ਸੰਗਤਾਂ ਵਾਸਤੇ ਜੀਵਨ ਜਾਚ ਦਾ ਖਜ਼ਾਨਾ ਹੈ। ਇਸ ਵਿੱਚਲਾ ਇੱਕ-ਇੱਕ ਸ਼ਬਦ ਤੇ ਇਕ-ਇਕ ਪੰਕਤੀ ਉਨ੍ਹਾਂ ਲਈ ਗੁਰੂ ਸਹਿਬਾਨ ਵੱਲੋ ਉਪਦੇਸ਼, ਆਦੇਸ਼ ਤੇ ਹੁਕਮ ਰੂਪ ਹਨ ਜਿਨ੍ਹਾਂ ਦੀ ਉਨ੍ਹਾਂ ਨੇ ਅਪਣੇ ਜੀਵਨ `ਚ ਸੁਆਸ-ਸੁਆਸ ਵਰਤੋਂ ਕਰਣੀ ਹੈ। ਗੁਰਬਾਣੀ `ਚ ਫ਼ੁਰਮਾਨ ਵੀ ਹਨ ਜਿਵੇਂ "ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ" ਪੰ: ੫੯੪) ਇਸ ਲਈ ਗੁਰੂ ਕੀਆਂ ਸੰਗਤਾਂ `ਚੌਂ ਹਰੇਕ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੀ ਚੰਗੀ ਤਰ੍ਹਾਂ ਅਰਥਾਂ ਸਹਿਤ ਵਿਚਾਰ ਕਰਣੀ ਤੇ ਗੁਰਬਾਣੀ ਨੂੰ ਸੁਆਸ ਸੁਆਸ ਆਪਣੇ ਨਿੱਤ ਦੇ ਜੀਵਨ ਦੀ ਵਰਤੋਂ `ਚ ਵੀ ਲਿਆਉਣਾ ਹੈ।

ਉਹ ਇਸ ਲਈ ਕਿ ਸੰਸਾਰ ਪੱਧਰ `ਤੇ ਮਨੁੱਖ ਇੰਜੀਨੀਅਰ, ਡਾਕਟਰ, ਵੱਧੀਆ ਕਿਸਾਨ, ਚੰਗਾ ਪ੍ਰਬੰਧਕ ਤੇ ਕੁੱਝ ਵੀ ਹੋ ਸਕਦਾ ਹੈ ਪਰ ਗੁਰਬਾਣੀ ਜੀਵਨ ਤੋਂ ਬਿਨਾ ਉਹ ਚੰਗਾ ਸਦਾਚਾਰੀ ਮਨੁੱਖ ਨਹੀਂ ਹੋ ਸਕਦਾ। ਕਾਰਣ ਇਹ ਕਿ ਸੰਪੂਰਨ ਸੰਸਾਰਕ ਗਿਆਨ ਤੇ ਵਿਸ਼ੇ ਕੇਵਲ ਸਾਡੇ ਸਰੀਰ ਤੱਕ ਹੀ ਸੀਮਤ ਹਨ ਜਦਕਿ ਗੁਰਬਾਣੀ ਦਾ ਗਿਆਨ ਤੇ ਇਸ ਦੀ ਵਰਤੋਂ, ਮਨੁੱਖ ਦੇ ਮਨ ਨੂੰ ਕੁਮਾਰਗ ਤੋਂ ਰੋਕਣ ਤੇ ਗੁਰੂ-ਗੁਰਬਾਣੀ ਦੀ ਆਗਿਆ `ਚ ਚੱਲ ਕੇ ਮਨੁੱਖੀ ਮਨ ਦੀ ਸੁਮਾਰਗ `ਤੇ ਪਾਣ ਨਾਲ ਸੰਬੰਧਤ ਹਨ।

ਇਹ ਵੀ ਕਿ ਇਸ ਇਲਾਹੀ ਗਿਅਨ ਤੋਂ ਵਿਹੂਣੇ ਅਥਵਾ ਗੁਰਬਾਣੀ ਜੀਵਨ ਤੋਂ ਕੋਰੇ ਮਨੁੱਖ ਦੇ ਜੀਵਨ ਅੰਦਰ ਨਾ ਮਨੁੱਖੀ ਕੱਦਰਾਂ ਕੀਮਤਾਂ ਪੈਦਾ ਹੋ ਸਕਦੀਆਂ ਹਨ ਤੇ ਨ ਆਤਮਕ ਸੋਝੀ। ਗੁਰਬਾਣੀ ਦੇ ਗਿਆਨ ਤੋਂ ਬਿਨਾ ਮਨੁੱਖ ਨੂੰ ਨਾ ਉਨ੍ਹਾਂ ਮਨੁੱਖੀ ਕੱਦਰਾਂ ਕੀਮਤਾਂ ਬਾਰੇ ਪਤਾ ਲੱਗ ਸਕਦਾ ਤੇ ਨਾ ਮਨੁੱਖਾ ਜਨਮ ਦੇ ਮੂਲ ਮਕਸਦ ਦੀ ਸੋਝੀ ਆ ਸਕਦੀ ਹੈ। ਬਲਕਿ ਉਸ ਨੂੰ ਇਹ ਵੀ ਸਮਝ ਨਹੀਂ ਆ ਸਕਦੀ ਕਿ ਉਸ ਦਾ ਆਤਮਕ ਜੀਵਨ ਹੈ ਕੀ? ਉਹ ਕੌਣ ਅਤੇ ਮਨੁੱਖਤਾ ਕੀ ਹੈ? ਉਹ ਆਇਆ ਕਿਥੋਂ ਹੈ ਤੇ ਅੰਤ ਉਸ ਨੇ ਜਾਣਾ ਕਿੱਥੇ ਹੈ? ਇਹ ਵੀ ਕਿ, ਭੇਜਣ ਵਾਲੇ ਪ੍ਰਭੂ ਨਾਲ ਇਸਦਾ ਕੀ ਰਿਸ਼ਤਾ ਹੈ?

ਅਰਬਾਂ-ਖਰਬਾਂ ਜੂਨਾਂ ਵਾਂਙ, ਬਿਨਾ ਮਨੁੱਖਾ ਜਨਮ ਦੇ ਮੂਲ ਮੱਕਸਦ ਨੂੰ ਜਾਣੇ ਅਤੇ ਬਿਨਾ ਸ਼ਬਦ-ਗੁਰੂ ਦੀ ਸ਼ਰਣ `ਚ ਆਏ, ਮਨੁੱਖਾ ਜੀਵਨ ਦਾ ਚਲਨ ਵੀ ਇਉਂ ਹੁੰਦਾ ਹੈ ਜਿਵੇਂ ਪਸ਼ੂ, ਪੰਛੀਆਂ ਆਦਿ ਦਾ ਜੀਵਨ। ਸੌਣਾ, ਖਾਣਾ, ਆਰਾਮ ਕਰਣਾ, ਆਪਣੀ ਨਸਲ ਵਧਾਉਣੀ ਤੇ ਸੰਸਾਰ ਤੋਂ ਚਲਦੇ ਬਨਣਾ, ਇਸਤੋਂ ਵੱਧ ਕੁੱਝ ਨਹੀਂ। ਨਿਗੁਰੇ ਤੇ ਆਪਹੁੱਦਰੇ ਮਨਮੁਖ ਨੂੰ ਤਾਂ ਜਿੱਧਰ ਕਿਸੇ ਮੋੜਿਆ ਉਹ ਮੁੜ ਗਿਆ, ਜਿੱਧਰ ਮਨ ਆਇਆ ਉਸ ਆਪਣੇ ਜੀਵਨ ਨੂੰ ਟੋਰ ਲਿਆ। ਫਿਰ ਭਾਵੇਂ ਉਹ ਕਰਮਕਾਂਡੀ, ਅਖੌਤੀ ਧਰਮੀ, ਵਿਕਾਰੀ ਮਨੁੱਖ ਬਣ ਜਾਏ ਜਾਂ ਚੋਰ-ਡਾਕੂ-ਸਮਗਲਰ-ਵਿੱਭਚਾਰੀ ਲੁਟੇਰਾ ਆਦਿ ਕੁੱਝ ਵੀ। ਦਰਅਸਲ਼ ਅਜਿਹੇ ਆਪਹੁੱਦਰੇ ਮਨਮੁੱਖੀ ਜੀਵਨ ਬਾਰੇ ਹੀ ਬੇਅੰਤ ਫ਼ੁਰਮਾਨ ਹਨ ਜਿਵੇਂ:-

"ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ" (ਪੰ: 156) ਜਾਂ

"ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ" (ਪੰ: 1418) ਹੋਰ

"ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ" (ਪੰ: 267) ਪੁਨ:

"ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਇ।। ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।। ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ" (ਪੰ: ੫੦) ਅਤੇ

"ਸੂਕਰ ਸੁਆਨ ਗਰਧਭ ਮੰਜਾਰਾ॥ ਪਸੂ ਮਲੇਛ ਨੀਚ ਚੰਡਾਲਾ॥ ਗੁਰ ਤੇ ਮੁਹੁ ਫੇਰੇ ਤਿਨੑ ਜੋਨਿ ਭਵਾਈਐ॥ ਬੰਧਨ ਬਾਧਿਆ ਆਈਐ ਜਾਈਐ" (ਪੰ: ੮੩੨) ਆਦਿ।

ਸਮਝਣਾ ਹੈ ਕਿ ਮਨੁੱਖਾ ਜੀਵਨ ਦਾ ਗੁਰਬਾਣੀ ਦੇ ਗਿਆਨ ਨਾਲ ਰਿਸ਼ਤਾ, ਵਿਸ਼ੇਸ਼ ਹੈ। ਉਹ ਰਿਸ਼ਤਾ ਜਿਸ ਦੀ ਲੋੜ ਉਸ ਨੂੰ ਇਸ ਸਰੀਰ ਦੌਰਾਨ ਵੀ ਹੈ ਤੇ ਸਰੀਰ ਨੂੰ ਤਿਆਗਣ ਬਾਅਦ ਆਂਪਣੇ ਅਸਲੇ ਪ੍ਰਭੂ `ਚ ਸਮਾਉਣ ਲਈ ਵੀ ਤਾ ਕਿ ਉਸ ਨੂੰ ਮੁੜ ਜੂਨਾਂ, ਜਨਮਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਨਾ ਪੈਣਾ ਪਵੇ। ਬੱਸ ਇਹੀ ਮੱਕਸਦ ਹੈ ਨਿੱਤਨੇਮ ਦਾ ਕਿ ਮਨੁੱਖ ਦਾ ਜੀਵਨ ਕਿੱਧਰੇ ਗੁਰਬਾਣੀ ਤੋਂ ਟੁੱਟਾ ਨਾ ਰਹਿ ਜਾਵੇ। ਨਿੱਤਨੇਮ ਰਾਹੀਂ ਮਨੁੱਖ ਨੂੰ ਪੂਰੇ ਦਿਨ `ਚ ਘਟੋ-ਘਟ ਤਿੰਨ ਵਾਰ ਚੇਤਾਵਨੀ ਮਿਲਦੀ ਹੈ ਕਿ ਉਸ ਨੇ ਗੁਰਬਾਣੀ ਤੋਂ ਬਿਨਾ ਜੀਵਨ ਨੂੰ ‘ਪਸ਼ੂ-ਢੋਰ-ਗਾਵਾਰ’ ਦੇ ਤਲ `ਤੇ ਬਤੀਤ ਨਹੀਂ ਕਰਣਾ। ਮੁੜ ਦੌਰਾਹ ਦੇਵੀਏ ਕਿ ਗੁਰੂ ਕੀਆਂ ਸੰਗਤਾਂ ਰਾਹੀਂ ਨਿਰਾ-ਪੁਰਾ ਨਿਯਤ ਨਿਤਨੇਮ ਕਰ ਲੈਣ ਦਾ ਕਦੇ ਵੀ ਇਹ ਅਰਥ ਨਹੀਂ ਕਿ ਗੁਰਬਾਣੀ ਅਭਿਆਸ ਤੇ ਗੁਰਬਾਣੀ ਗਿਆਨ ਪੱਖੋਂ ਉਨ੍ਹਾਂ ਦੇ ਜੀਵਨ ਦੀ ਸੀਮਾਂ ਹੀ ਕੇਵਲ ਗੁਰਬਾਣੀ ਦਾ ਨਿਤਨੇਮ ਕਰ ਲੈਣਾ ਹੈ, ਅਤੇ ਇਸ ਤੋਂ ਵੱਧ ਹੋਰ ਕੁੱਝ ਨਹੀਂ।

‘ਗੁਰਬਾਣੀ ਦੇ ਨਿੱਤਨੇਮ’ ਦਾ ਸਰੂਪ ਅਤੇ ਵਿਲਖਣਤਾ? - ਇਸ ਤਰ੍ਹਾਂ ਹੁਣ ਤੀਕ ਇਹ ਵੀ ਦੇਖ ਆਏ ਹਾਂ ਕਿ ਪਹਿਲੇ ਪਾਤਸ਼ਾਹ ਰਾਹੀਂ ਖ਼ੁੱਦ ਤੇ ਉਨ੍ਹਾਂ ਦੇ ਸਮੇਂ ਤੋਂ ਹੀ ਸਿੱਖ ਨੂੰ ਦਿਨ `ਚ ਘਟੋ-ਘਟ ਤਿੰਨ ਸਮੇਂ ਨਿਤਨੇਮ ਵੱਜੋਂ ਗੁਰਬਾਣੀ ਦੇ ਜਾਪ ਦੀ ਹਿਦਾਇਤ ਹੈ। ਇਸੇ ਲਈ ਬੇਸ਼ੱਕ ਸੰਪੂਰਣ ਗੁਰਬਾਣੀ ਰਚਨਾ ਰਾਗਾਂ `ਚ ਹੈ, ਉਸਦੇ ਬਾਵਜੂਦ ਇਹ ਵੀ ਦੇਖ ਚੁੱਕੇ ਹਾਂ ਕਿ ਮੌਜੂਦਾ ਛਾਪੇ ਵਾਲੀਆਂ ਬੀੜਾਂ `ਚ ਵੀ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਪਹਿਲੇ ਤੇਰ੍ਹਾਂ (੧੩) ਪੰਨੇ ਗੁਰਦੇਵ ਨੇ ਉਚੇਚੇ ਰਾਗ-ਮੁਕਤ ਰਖੇ ਹੋਏ ਹਨ। ਦਰਅਸਲ ਮੂਲ ਰੂਪ `ਚ ਇਹ ਪੰਨੇ ਹਰੇਕ ਗੁਰੂ ਨਾਨਕ ਨਾਮ ਲੇਵਾ ਦੇ ਨਿੱਤਨੇਮ ਲਈ ਹੀ ਨਿਯਤ ਕੀਤੇ ਹੋਏ ਹਨ। ਇਹ ਵੀ ਪੜ੍ਹ ਆਏ ਹਾਂ ਕਿ ਉਨ੍ਹਾਂ ਤੇਰ੍ਹਾਂ ਪੰਨਿਆਂ `ਤੇ ਜਿਹੜੀਆਂ ਬਾਣੀਆਂ ਦਰਜ ਹਨ ਉਹ ਇਸ ਤਰ੍ਹਾਂ ਹਨ ਬਾਣੀ ਜਪੁ, ਬਾਣੀ ਸੋਦਰੁ (ਪੰਜ ਸ਼ਬਦ), ਬਾਣੀ ਸੋ ਪੁਰਖੁ (ਚਾਰ ਸ਼ਬਦ) ਅਤੇ ਬਾਣੀ ਸੋਹਿਲਾ (ਪੰਜ ਸ਼ਬਦ)।

ਸਪਸ਼ਟ ਹੈ ਗੁਰਦੇਵ ਨੇ ਨਿਤਨੇਮ ਦਾ ਸਰੂਪ ਵੀ ਅਜਿਹਾ ਘੜਿਆ ਹੋਇਆ ਹੈ, ਜਿਸ ਤੋਂ ਸਾਡੀ ਜੀਵਨ ਭਰ ਗੁਰਬਾਣੀ ਨਾਲ ਸਾਂਝ ਬਣੀ ਰਹੇ ਅਤੇ ਸਾਨੂੰ ਗੁਰਬਾਣੀ ਵਿੱਚਲੀ ਸੇਧ ਵੀ ਮਿਲਦੀ ਰਵੇ। ਉਚੇਚਾ ਧਿਆਣ ਕੀਤਾ ਹੈ ਕਿ ਮਨੁੱਖ-ਮਨੁੱਖ ਵਿਚਾਲੇ ਉਸਦੇ ਕੰਮ ਕਾਰ, ਕਿੱਤੇ ਤੇ ਜੀਵਨ ਨਿਰਬਾਹ ਦੇ ਢੰਗ `ਚ ਭਿੰਨਤਾ ਹੋਣਾ ਕੁੱਦਰਤੀ ਹੈ। ਕਿਸੇ ਮਨੁੱਖ ਪਾਸ ਇੰਨਾਂ ਖੁੱਲ੍ਹਾ ਸਮਾਂ ਹੁੰਦਾ ਹੈ ਕਿ ਉਹ ਆਪਣੇ ਸਮੇਂ ਨੂੰ ਧੱਕੇ ਦੇ ਕੇ ਮੁਕਾਅ ਰਿਹਾ ਹੁੰਦਾ ਹੈ, ਦੂਜਾ ਹੁੰਦਾ ਹੈ, ਜਿਸ ਨੂੰ ਆਰਾਮ ਨਾਲ ਬੈਠਣਾ-ਸੌਣਾ ਵੀ ਨਸੀਬ ਨਹੀਂ ਹੁੰਦਾ, ਕਿਉਂਕਿ ਉਸਦਾ ਜੀਵਨ ਇਤਨਾ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇੱਕ ਬਹੁਤ ਅਮੀਰ ਹੈ ਅਤੇ ਉਸ ਹੇਠਾਂ ਨੌਕਰ ਚਾਕਰ ਕੰਮ ਕਰ ਰਹੇ ਹਨ; ਦੂਜਾ ਉਹ ਹੈ, ਜਿਸ ਕੋਲ ਦੂਜੇ ਵੱਕਤ ਦੀ ਰੋਟੀ ਨਹੀਂ। ਜਦਕਿ ਨਿੱਤਨੇਮ ਤਾਂ ਹਰੇਕ ਗੁਰੂ ਨਾਨਕ ਨਾਮ ਲੇਵਾ ਨੇ ਕਰਣਾ ਹੈ ਤੇ ਹਰੇਕ ਦੇ ਜੀਵਨ ਦੀ ਲੋੜ ਹੈ। ਉਸਦੇ ਜੀਵਨ ਦੀ ਵੀ, ਜਿਸ ਕੋਲ ਸੌਣ ਤੇ ਖਾਣ ਲਈ ਵੀ ਫੁਰਸਤ ਨਹੀਂ।

ਇਹੀ ਕਾਰਣ ਹੈ ਕਿ ਪਿਛਲ ਰਾਤ, ਸਰਗੀ ਵੇਲੇ ਅਥਵਾ ਪ੍ਰਭਾਤੇ ਬਾਣੀ ਜਪੁ ਉਪ੍ਰੰਤ ਸ਼ਾਮਾਂ ਲਈ ‘ਸੋਦਰੁ’ ਅਤੇ ‘ਸੋ ਪਰਖੁ’ ਦੇ ਕੁਲ ਸ਼ਬਦ ਨੌ ਸ਼ਬਦ ਹਨ। ਅੰਤ ਰਾਤ ਨੂੰ ਜਦੋਂ ਮਨੁੱਖ ਥੱਕਿਆ-ਹਾਰਿਆ ਸੌਣ ਵੱਲ ਵਧਦਾ ਹੈ ਤਾਂ ਉਸ ਦੇ ਨਿੱਤਨੇਮ ਲਈ ਬਾਣੀ ‘ਸੋਹਿਲਾ’ ਦੇ ਕੇਵਲ ਪੰਜ ਸ਼ਬਦ ਹਨ ਇਨ੍ਹਾਂ ਦੇ ਪਾਠ ਲਈ ਕੇਵਲ ਪੰਜ-ਸੱਤ ਮਿੰਟ ਦੇ ਸਮੇਂ ਦੀ ਲੋੜ ਹੀ ਹੁੰਦੀ ਹੈ।

ਇਸ ਤਰ੍ਹਾਂ ਕੁਲ ਮਿਲਾ ਕੇ ਮਨੁੱਖ ਦਾ ਪੂਰੇ ਚੌਵੀ ਘੰਟਿਆਂ `ਚੋਂ ਇੱਕ ਘੰਟੇ ਜਾਂ ਵੱਧ ਤੋਂ ਵੱਧ ਡੇੜ੍ਹ ਘੰਟੇ ਦਾ ਸਮਾਂ ਹੀ ਨਿਤਨੇਮ `ਤੇ ਲਗਦਾ ਹੈ। ਸਪਸ਼ਟ ਹੈ ਜੇ ਸਾਰੇ ਦਿਨ `ਚੋਂ ਅਸੀਂ ਇੱਕ ਜਾਂ ਡੇੜ੍ਹ ਘੰਟਾ ਵੀ ਗੁਰਬਾਣੀ ਦੇ ਨਿੱਤਨੇਮ ਲਈ ਨਹੀਂ ਲਗਾ ਸਕਦੇ ਤਾਂ ਸਾਨੂੰ ਇਹ ਵੀ ਕਦੇ ਪਤਾ ਨਹੀਂ ਲਗ ਸਕਦਾ ਕਿ ਗੁਰਬਾਣੀ ਨਾਲ ਸਾਡਾ ਰਿਸ਼ਤਾ ਹੈ ਕੀ? ਅਤੇ ਉਹ ਕਿਉਂ ਹੈ?

ਸਮੇਂ ਦੀ ਵੰਡ ਅਤੇ ਗੁਰਬਾਣੀ ਦਾ ਨਿੱਤਨੇਮ-ਉਂਝ ਤਾਂ ਗੁਰਬਾਣੀ ਦਾ ਹਰੇਕ ਅੰਗ ਪੂਰੇ ਦਿਨ `ਚ ਤੇ ਕਦੋਂ ਵੀ ਪੜ੍ਹਿਆ ਜਾ ਸਕਦਾ ਹੈ। ਤਾਂ ਵੀ ਨਿੱਤਨੇਮ ਪ੍ਰਤੀ ਗੁਰਦੇਵ ਨੇ ਸਮੇਂ ਦੀ ਜੋ ਵੰਡ ਕੀਤੀ ਹੋਈ ਹੈ ਉਹ ਆਪਣੇ ਆਪ `ਚ ਵਿਲਖਣ ਹੈ। ਮਨੁੱਖ ਪ੍ਰਭਾਤੇ ਆਰਾਮ ਕਰ ਕੇ ਸੁੱਤਾ ਉਠਦਾ ਹੈ ਤਾਂ ਉਸ ਸਮੇਂ ਉਹ ਮਨ ਕਰਕੇ ਤਰੋ-ਤਾਜ਼ਾ ਹੁੰਦਾ ਹੈ। ਉਸਦੀ ਪਿਛਲੇ ਦਿਨ ਵਾਲੀ ਸਰੀਰਕ ਤੇ ਮਾਨਸਕ, ਦੋਵੇਂ ਥਕਾਵਟਾਂ ਮੁੱਕ ਚੁੱਕੀਆਂ ਹੁੰਦੀਆਂ ਹਨ। ਸਰੀਰ `ਚ ਹਲਕਾ ਪਣ ਤੇ ਮਨ `ਚ ਤਾਜ਼ਗੀ ਹੁੰਦੀ ਹੈ। ਇਸ਼ਨਾਨ-ਪਾਣੀ ਉਪ੍ਰੰਤ ਉਸ ਸਮੇਂ ਬਾਣੀ ‘ਜਪੁ’ ਦਾ ਮਤਲਬ ਹੀ ‘ਕਰਤੇ ਦੇ ਸਿਮਰਨ ਅਥਵਾ ਸਿੱਧੇ-ਸਿੱਧੇ ਪ੍ਰਭੂ ਦੀ ਯਾਦ ਨਾਲ ਜੁੜਣਾ ਤੇ, "ਸਚਿਆਰੇ" ਜੀਵਨ ਦੀ ਪ੍ਰਾਪਤੀ ਲਈ ਸੰਸਾਰਕ ਤੇ ਮਨੁੱਖ ਦੀ ਆਪ ਮਿੱਥੀ ਹੋਈ ਸਮੂਚੀ "ਕੂੜ ਦੀ ਪਾਲ" ਪੱਖੋਂ ਉਸ ਨੇ ਸੁਚੇਤ ਰਹਿਣਾ ਹੈ।

ਇਸ ਤਰ੍ਹਾਂ ਬਾਣੀ ਜਪੁ ਰਾਹੀਂ ਮਨੁੱਖ, ਪ੍ਰਭੂ ਦੀ ਬੇਅੰਤਤਾ ਤੇ ਬਖਸ਼ਿਸ਼ਾਂ ਦੀ ਪਹਿਚਾਣ ਕਰਦਾ ਹੈ। ਆਪਣੇ ਜੀਵਨ ਦੇ ਮੂਲ਼ ਮਕਸਦ ਬਾਰੇ ਸੋਝੀ, ਇਸਦੀ ਸਫਲਤਾ ਲਈ ਉੱਦਮ, ਦਿਨ ਭਰ `ਚ ਕੀਤੇ ਜਾਣ ਵਾਲੇ ਕਾਰ ਵਿਹਾਰ ਲਈ ਗੁਰਦੇਵ ਪਿਤਾ ਤੋਂ ਸੇਧ ਅਤੇ ਆਦੇਸ਼ ਲੈਂਦਾ ਹੈ। ਸ਼ਾਮਾਂ ਨੂੰ ਜਦੋਂ ਦਿਨ ਤੇ ਰਾਤ ਦਾ ਮਿਲਵਾਂ ਸਮਾਂ ਹੁੰਦਾ ਹੈ, ਉਸ ਸਮੇਂ ਕੇਵਲ ਮਨੁੱਖ ਹੀ ਨਹੀਂ, ਸਾਰੀ ਰਚਨਾ `ਚ ਉਪ੍ਰਾਮਤਾ ਤੇ ਉਦਾਸੀ ਛਾਈ ਹੁੰਦੀ ਹੈ। ਜਦਕਿ ਉਸ ਸਮੇਂ ਪ੍ਰਭੂ ਪਿਆਰਿਆਂ ਦੇ ਮਨ `ਚ ਇਸੇ ਉਦਾਸੀ `ਚੋਂ ਪ੍ਰਭੂ ਤੋਂ ਵਿਛੋੜੇ ਦੀ ਝਲਕ, ਪ੍ਰਭੂ ਮਿਲਾਪ ਲਈ ਬੇਹਬਲਤਾ, ਵੈਰਾਗ ਤੇ ਚਾਹ ਉਪਜਦੀ ਹੈ। ਇਸੇ ਲਈ ਇਸ ਸਮੇਂ "ਸੋਦਰੁ" ਤੇ "ਸੋ ਪੁਰਖੁ" ਦੀਆਂ ਬਾਣੀਆਂ ਦਾ ਮੂਲ ਵਿਸ਼ਾ ਵੀ ਪ੍ਰਭੂ ਦੇ ਚਰਨਾਂ `ਚ ਪ੍ਰਾਪਤ ਮਨੁੱਖਾ ਜਨਮ ਦੀ ਸਫ਼ਲਤਾ ਲਈ ਅਰਦਾਸਾਂ ਤੇ ਜੋਦੜੀਆਂ ਹਨ, ਜਿਹੜੀ ਉਸ ਸਮੇਂ ਦੀ ਵਿਸ਼ੇਸ਼ ਲੋੜ ਹੈ।

ਅੰਤ ਦਿਨ ਭਰ ਦੀ ਥਕਾਵਟ ਤੋਂ ਬਾਅਦ, ਮਨੁੱਖ ਲਈ ਰਾਤ ਨੂੰ ਸਮਾਂ ਹੋ ਜਾਂਦਾ ਹੈ ਸੌਣ ਦਾ ਅਤੇ ਆਰਾਮ ਕਰਣ ਦਾ। ਉਸ ਦਮੇਂ ਦਿਨ ਭਰ ਦਾ ਥੱਕਿਆ-ਹਾਰਿਆ ਮਨੁੱਖ ਸੌਣ ਲਈ ਉਤਾਵਲਾ ਹੁੰਦਾ ਹੈ। ਉਸ ਸਮੇਂ, ਉਸ ਨੂੰ ਆਰਾਮ ਦੀ ਸਖ਼ਤ ਲੋੜ ਹੁੰਦੀ ਹੈ। ਉਸ `ਚ ਸਮ੍ਰਥਾ ਨਹੀਂ ਹੁੰਦੀ ਕਿ ਬਹੁਤੀ ਦੇਰ ਬੈਠ ਸਕੇ। ਫਿਰ ਇਹ ਵੀ ਪਤਾ ਨਹੀਂ ਕਿ ਇਸ ਸੁੱਤੇ ਮਨੁੱਖ ਨੇ, ਸਵੇਰੇ ਜਾਗਣਾ ਵੀ ਹੈ ਜਾਂ ਨਹੀਂ। ਇਹ ਵੀ ਕਿ ਉਸ ਸਮੇਂ ਬਾਣੀ ਸੋਹਿਲਾ ਵਿੱਚਲੇ ਪੰਜ ਦੇ ਪੰਜ ਸ਼ਬਦ ਮਨੁੱਖ ਨੂੰ ਇਸੇ ਪੱਖ ਤੋਂ ਚੇਤਾਵਣੀ ਮਾਤ੍ਰ ਵੀ ਹਨ। (ਚਲਦਾ) #418P-XIs06.16.02.16#p11

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XI

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਯਾਰ੍ਹਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.