.

ਗੋਪਾਲ ਤੇਰਾ ਆਰਤਾ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 17)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 16 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਗੋਪਾਲ ਤੇਰਾ ਆਰਤਾ।।

(ਧਨਾਸਰੀ, ਭਗਤ ਧੰਨਾ ਜੀ- ੬੯੫)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਸ਼ਬਦ ਨੂੰ ਅਕਸਰ ਹੀ ਸਾਡੇ ਗੁਰਦੁਆਰਿਆਂ ਵੱਖ-ਵੱਖ ਡੇਰਿਆਂ ਅਤੇ ਉਨ੍ਹਾਂ ਨਾਲ ਸਬੰਧਿਤ ਸ਼ਰਧਾਲੂਆਂ ਦੇ ਘਰਾਂ ਵਿੱਚ ਅਖੰਡ ਪਾਠ/ਸਹਿਜ ਪਾਠ ਦੇ ਭੋਗ ਸਮੇਂ, ਕੀਰਤਨ ਰੂਪ ਵਿੱਚ ਆਰਤੀ ਦੇ ਸ਼ਬਦਾਂ ਅੰਦਰ ਗਾਇਨ ਕੀਤਾ ਜਾਂਦਾ ਹੈ। ਕਈ ਥਾਵਾਂ ਉਪਰ ਤਾਂ ਆਰਤੀ ਦੇ ਸ਼ਬਦਾਂ ਦਾ ਗਾਇਨ ਕਰਦੇ ਸਮੇਂ ਥਾਲ ਵਿੱਚ ਦੀਵੇ ਜਗ੍ਹਾ ਕੇ, ਧੂਫ ਬੱਤੀ, ਸੁਗੰਧੀਆਂ, ਫੁੱਲਾਂ ਦੀ ਵਰਖਾ ਕਰਦੇ ਹੋਏ ਮੰਦਰਾਂ ਦੀ ਨਕਲ ਅਨੁਸਾਰ ਥਾਲ ਘੁਮਾ ਕੇ ਆਰਤੀ ਵੀ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ‘ਅੰਮ੍ਰਿਤ ਕੀਰਤਨ` ਪੋਥੀ ਵਿੱਚ ਆਰਤੀ ਦੇ ਸ਼ਬਦਾਂ ਰੂਪੀ ਇੱਕ ਸੰਗ੍ਰਹਿ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਗੁਰੂ ਨਾਨਕ ਸਾਹਿਬ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, , ਭਗਤ ਸੈਣ ਜੀ, ਭਗਤ ਧੰਨਾ ਜੀ, ਦਸਮ ਗ੍ਰੰਥ ਆਦਿ ਦੇ ਕੁੱਝ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਨਾ ਕਰਦੇ ਸਮੇਂ, ਸ੍ਰੀ ਗੁਰੂ ਗੋੰਿਬਦ ਸਿੰਘ ਜੀ ਵਲੋਂ ਸੰਪੂਰਨਤਾ ਕਰਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੋਈ ਵੀ ਸੰਗ੍ਰਹਿ ਨਹੀਂ ਕੀਤਾ ਗਿਆ ਹੈ। ਲੱਗਦਾ ਹੈ ਕਿ ਜਦੋਂ ਘੱਲੂਘਾਰਿਆਂ ਦੇ ਸਮੇਂ ਸਿੱਖਾਂ ਨੂੰ ਮਜਬੂਰੀ ਵੱਸ ਆਪਣੇ ਘਰ-ਘਾਟ ਅਤੇ ਗੁਰਦੁਆਰਿਆਂ ਨੂੰ ਛੱਡ ਕੇ ਜਾਣਾ ਪਿਆ, ਇਸ ਸਮੇਂ ਦੌਰਾਨ ਨਿਰਮਲੇ, ਉਦਾਸੀਆਂ ਵਲੋਂ ਜਿਥੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਚੰਗਾ ਕੰਮ ਕੀਤਾ ਗਿਆ, ਉਸਦੇ ਨਾਲ-ਨਾਲ ਜਿਵੇਂ ਉਹ ਆਪਣੇ ਮੰਦਰਾਂ ਵਿੱਚ ਧਾਰਮਿਕ ਮਰਯਾਦਾਵਾਂ ਨਿਭਾਉਂਦੇ ਸਨ, ਗੁਰਦੁਆਰਿਆਂ ਅੰਦਰ ਵੀ ਉਨ੍ਹਾਂ ਹੀ ਮਰਯਾਦਵਾਂ ਨੂੰ ਬਿਨਾ ਸੋਚੇ ਸਮਝੇ ਲਾਗੂ ਕਰ ਦਿੱਤਾ। ਜਿਨ੍ਹਾਂ ਵਿਚੋਂ ਆਰਤੀ ਉਤਾਰਨਾ ਵੀ ਇੱਕ ਹੈ। ਉਸ ਸਮੇਂ ਤੋਂ ਅਗਿਆਨਤਾ ਵੱਸ ਚੱਲੀ ਇਸ ਮਰਯਾਦਾ ਨੂੰ ਬਿਨਾ ਵਿਚਾਰੇ ਅਸੀਂ ਅੱਜ ਵੀ ਸੀਨਾ-ਬਸੀਨਾ ਨਿਭਾਈ ਜਾ ਰਹੇ ਹਾਂ। ਜੇ ਕਿਸੇ ਗੁਰਦੁਆਰੇ ਵਿੱਚ ਥਾਲ ਵਿੱਚ ਦੀਵੇ ਜਗਾ ਕੇ ਆਰਤੀ ਨਹੀਂ ਕੀਤੀ ਜਾਂਦੀ ਤਾਂ ਕੀਰਤਨ ਰੂਪ ਵਿੱਚ ਗਾਈ ਜ਼ਰੂਰ ਜਾਂਦੀ ਹੈ। ਲਗਭਗ ਹਰ ਰੋਜ ਸ਼ਾਮ ਨੂੰ ਵੀ ਇਸ ਦਾ ਕੀਰਤਨ ਗਾਇਨ ਵੀ ਅਕਸਰ ਕੀਤਾ ਜਾਂਦਾ ਹੈ।

ਹੈਰਾਨੀ ਹੁੰਦੀ ਹੈ ਕਿ ਇਨਾਂ ਸ਼ਬਦਾਂ ਨੂੰ ਆਰਤੀ ਨਾਲ ਜੋੜਣ ਲਈ ਸ਼ਬਦ ਅੰਦਰ ਦਰਸਾਏ ਕੇਵਲ ਸ਼ਾਬਦਿਕ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਂਦਾ ਹੈ, ਭਾਵ-ਅਰਥ ਅਤੇ ਉਸ ਸ਼ਬਦ ਅੰਦਰ ਦਿੱਤੇ ਗਏ ਉਪਦੇਸ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ ਹੈ। ਜਗਨਨਾਥ ਪੁਰੀ ਦੀ ਧਰਤੀ ਉਪਰ ਜਗਨਨਾਥ ਦੇ ਮੰਦਿਰ ਵਿੱਚ ਮੂਰਤੀ ਦੀ ਉਤਾਰੀ ਜਾ ਰਹੀ ਆਰਤੀ ਦਾ ਸਪਸ਼ਟ ਰੂਪ ਵਿੱਚ ਖੰਡਨ ਕਰਦੇ ਹੋਏ ਪ੍ਰਮੇਸ਼ਰ ਦੀ ਕੁਦਰਤਿ ਦੁਆਰਾ ਕੀਤੀ ਜਾ ਰਹੀ ਜਿਸ ਆਰਤੀ ਦਾ ਜ਼ਿਕਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਨੇ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ` (੬੬੩) ਸ਼ਬਦ ਰਾਹੀਂ ਉਪਦੇਸ਼ ਦਿੱਤਾ ਸੀ, ਅੱਜ ਅਗਿਆਨਤਾ ਵੱਸ ਉਸੇ ਸ਼ਬਦ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਉਤਾਰਣ ਦਾ ਹਾਸੋਹੀਣਾ ਕਰਮ ਕੀਤਾ ਜਾਂਦਾ ਹੈ।

ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਅਜ ਸਿੱਖ ਸਮਾਜ ਵਿੱਚ ਅਖੌਤੀ ਸੰਤਾਂ ਮਹਾਂਪੁਰਖਾਂ ਦੇ ਪਿਛੇ ਲੱਗ ਕੇ ਬਹੁਤ ਸਾਰੇ ਡੇਰਿਆਂ/ ਗੁਰਦੁਆਰਿਆਂ/ ਸਮਾਗਮਾਂ ਸਮੇ ਬਿਨਾਂ ਸੋਚੇ ਸਮਝੇ ਦੇਖਾ-ਦੇਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਉਤਾਰਨ ਦਾ ਐਸਾ ਕਰਮਕਾਂਡ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਥਾਵਾਂ ਤੇ ਤਾਂ ਇਹ ਕਰਮ ਚਲ ਰਹੇ ਅਖੰਡ ਪਾਠ ਦੇ ਦੌਰਾਨ ਕੀਤੇ ਜਾਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ। ਇਹ ਆਰਤੀ ਉਤਾਰਨ ਲਈ ਪੰਡਿਤਾਂ ਦੇ ਬਣਾਏ ਭਜਨਾਂ ਦੀ ਥਾਂ ਤੇ ਗੁਰਬਾਣੀ ਦੇ ਸ਼ਬਦਾਂ ਅਤੇ ਬਿਨਾਂ ਸੋਚੇ ਸਮਝੇ ‘ਦਸਮ ਗ੍ਰੰਥ` ਦੀਆਂ ਕੁੱਝ ਰਚਨਾਵਾਂ ਨੂੰ ਸ਼ਾਮਲ ਕਰਦੇ ਹੋਏ ਦੀਵੇ, ਧੂਫ, ਸੁਗੰਧੀਆਂ, ਢੋਲਕੀਆਂ, ਚਿਮਟੇ, ਛੈਣੇ, ਹਰਮੋਨੀਅਮ, ਤਬਲੇ, ਖੜਤਾਲਾਂ, ਨਗਾਰੇ ਆਦਿ ਦੇ ਸ਼ੋਰ ਵਿੱਚ ਜਿਵੇ ਪੰਡਿਤ ਲੋਕ ਜਗਨਨਾਥ ਦੀ ਮੂਰਤੀ ਦੇ ਆਲੇ ਦੁਆਲੇ ਥਾਲ ਘੁਮਾਉਂਦੇ ਹਨ, ਉਸੇ ਦੀ ਨਕਲ ਕਰਦੇ ਹੋਏ ਅਗਿਆਨਤਾ ਵੱਸ ਸਿੱਖ ਵੀ ਇਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਕਰੀ ਜਾਂਦੇ ਹਨ ਅਤੇ ‘ਸੰਖਨ ਕੀ ਧੁਨ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ` (ਦਸਮ ਗ੍ਰੰਥ) ਦੀਆਂ ਤੁਕਾਂ ਆਉਂਦਿਆਂ ਹੀ ਫੁੱਲ ਪੱਤੀਆਂ ਦੀ ਵਰਖਾ ਅਰੰਭ ਕਰ ਦਿੰਦੇ ਹਨ। ਜਦੋਂ ਕਿ ਗੁਰਬਾਣੀ ਫੁੱਲ ਪੱਤੀਆਂ ਦੀ ਵਰਖਾ ਵਾਲੇ ਇਸ ਅਗਿਆਨਤਾ ਭਰਪੂਰ ਕਰਮਕਾਂਡ ਉਪਰ ਸਪਸ਼ਟ ਨਿਰਣਾ ਦਿੰਦੀ ਹੈ-

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ੧।।

ਭੂਲੀ ਮਾਲਨੀ ਹੈ ਏਉ।। ਸਤਿਗੁਰੁ ਜਾਗਤਾ ਹੈ ਦੇਉ।। ੧।। ਰਹਾਉ।।

(ਆਸਾ-ਕਬੀਰ ਜੀ -੪੭੯)

ਭਗਤ ਕਬੀਰ ਜੀ ਨੇ ਐਸੇ ਨਾ ਸਮਝ ਲੋਕਾਂ ਬਾਰੇ ਕਿਹਾ ਹੈ ਕਿ ਜੋ ਲੋਕ ਗੁਰਬਾਣੀ ਦੇ ਭਾਵ ਅਰਥਾਂ, ਉਪਦੇਸ਼ਾਂ ਨੂੰ ਸਮਝਣ ਤੋਂ ਬਿਨਾਂ ਹੀ ਵਰਤੀ ਜਾ ਰਹੇ ਹਨ ਉਨ੍ਹਾਂ ਲਈ ਗੁਰਬਾਣੀ ਦਾ ਦਰਜਾ ਇੱਕ ਗੀਤ ਤੋਂ ਵੱਧ ਕੋਈ ਨਹੀਂ, ਪਰ ਜਿੰਨ੍ਹਾਂ ਨੂੰ ਸਮਝ ਹੈ ਉਨ੍ਹਾਂ ਲਈ ਗੁਰਬਾਣੀ ਪ੍ਰਮੇਸ਼ਰ ਦੇ ਘਰ ਦੀ ਬ੍ਰਹਮ ਵਿਚਾਰ ਦਾ ਦਰਜਾ ਰੱਖਦੀ ਹੈ-

ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹਮ ਬੀਚਾਰੁ।।

(ਗਉੜੀ ਕਬੀਰ ਜੀ-੩੩੫)

ਭਾਈ ਕਾਨ੍ਹ ਸਿੰਘ ਨਾਭਾ ਇਸ ਵਿਸ਼ੇ ਤੇ ਲਿਖਦੇ ਹਨ-

"ਹਿੰਦੂ ਮਤ ਵਿੱਚ ਇਸ਼ਟ ਦੇਵਤਾ ਅੱਗੇ ਦੀਵੇ ਭੁਆਂ ਕੇ ਪੂਜਾ ਕਰਨ ਦਾ ਨਾਉਂ ‘ਆਰਤੀ` (ਆਰਾਤ੍ਰਿਕ) ਹੈ, ਜਿਸ ਦਾ ਸਿੱਖ ਮੱਤ ਵਿੱਚ ਖੰਡਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਖੰਡ ਆਰਤੀ ਦਾ ਉਪਦੇਸ਼ ਦਿਤਾ ਹੈ। … … … … … … …

ਅਸੀਂ ਹੈਰਾਨ ਹਾਂ ਉਨ੍ਹਾਂ ਭਾਈਆਂ ਦੀ ਬੁੱਧਿ ਪਰ, ਜੋ ਮੂੰਹੋ ਦੀਵਿਆਂ ਦੀ ਆਰਤੀ ਦੇ ਖੰਡਨ ਰੂਪ ਸ਼ਬਦ ਪੜਦੇ ਹਨ ਅਤੇ ਹੱਥਾਂ ਨਾਲ ਦੀਵੇ ਅਰਥਾਤ ਗੁਰ ਸ਼ਬਦ ਵਿਰੁੱਧ ਕ੍ਰਿਯਾ ਕਰਦੇ ਹਨ। "

(ਗੁਰਮਤਿ ਮਾਰਤੰਡ-ਪੰਨਾ ੬੮, ੭੦)

ਸਾਡੇ ਵਲੋਂ ਆਪਣੀ ਮਨ ਦੀ ਮਤਿ ਅਨੁਸਾਰ ਬਣਾਏ ਗਏ ਆਰਤੀ ਵਾਲੇ ਸ਼ਬਦਾਂ ਦੇ ਸੰਗ੍ਰਹਿ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਵਿੱਚ ਪੰਚਮ ਪਾਤਸ਼ਾਹ ਨੇ ਸੰਪਾਦਨਾ ਅਤੇ ਦਸਮ ਪਾਤਸ਼ਾਹ ਵਲੋਂ ਸੰਪੂਰਨਤਾ ਕਰਦੇ ਸਮੇਂ ਐਸਾ ਕੋਈ ਵੀ ਸੰਗ੍ਰਹਿ ਨਹੀਂ ਬਣਾਇਆ) ਦੇ ਅਰਥਾਂ ਨੂੰ ਵਿਚਾਰਣ ਦੀ ਵੀ ਜ਼ਰੂਰਤ ਨਹੀਂ ਸਮਝੀ ਜਾਂਦੀ ਜਿਵੇਂ ‘ਗੋਪਾਲ ਤੇਰਾ ਆਰਤਾ` (ਧਨਾਸਰੀ ਧੰਨਾ ਜੀ- ੬੯੫) ਵਿੱਚ ਆਰਤਾ ਸ਼ਬਦ ਦੇ ਅਰਥਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਕੀ ਗੁਰੂ ਸਾਹਿਬਾਨ, ਭਗਤਾਂ ਨੇ ਆਰਤੀ ਕੀਤੀ ਹੈ ਪਰ ਧੰਨੇ ਜੱਟ ਨੇ ਆਰਤਾ ਕੀਤਾ ਹੈ। ਜਦੋਂ ਕਿ ਇਥੇ ‘ਆਰਤਾ` ਸ਼ਬਦ ਦਾ ਅਰਥ ਪੂਰੇ ਸ਼ਬਦ ਦੇ ਅਰਥਾਂ ਦੇ ਪਰਿਖੇਪ ਵਿੱਚ ਕਿਸੇ ਵੀ ਤਰਾਂ ਆਰਤੀ ਨਾਲ ਸਬੰਧਿਤ ਨਾਂ ਹੋ ਕੇ ‘ਲੋੜਵੰਦ` ਦੇ ਅਰਥਾਂ ਵਿੱਚ ਹੈ। ਇਸੇ ਤਰਾਂ ਆਰਤੀ ਨਾਲ ਪੜੇ ਜਾਂਦੇ ਬਾਕੀ ਸ਼ਬਦਾਂ ਪ੍ਰਤੀ ਵੀ ਇਹੀ ਸਚਾਈ ਹੈ।

ਚਲ ਰਹੇ ਵਿਸ਼ੇ ਸਬੰਧੀ ਸਹੀ ਗਿਆਨ ਪ੍ਰਾਪਤ ਕਰਨ ਲਈ ਸਾਨੂੰ ਭਗਤ ਧੰਨਾ ਜੀ ਵਲੋਂ ਉਚਾਰਣ ਕੀਤੇ ਗਏ ਪੂਰੇ ਸ਼ਬਦ ਨੂੰ ਅਰਥਾਂ ਸਹਿਤ ਵਿਚਾਰਣ ਦੀ ਲੋੜ ਹੈ। ਪੂਰਾ ਸ਼ਬਦ ਇਸ ਤਰਾਂ ਹੈ-

ਗੋਪਾਲ ਤੇਰਾ ਆਰਤਾ।। ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ।। ੧।। ਰਹਾਉ।।

ਦਾਲ ਸੀਧਾ ਮਾਗਉ ਘੀਉ।। ਹਮਰਾ ਖੁਸੀ ਕਰੈ ਨਿਤ ਜੀਉ।।

ਪਨੀਆ ਛਾਦਨੁ ਨੀਕਾ।। ਅਨਾਜ ਮਗਉ ਸਤ ਸੀ ਕਾ।। ੧।।

ਗਊ ਭੈਸ ਮਗਉ ਲਾਵੇਰੀ।। ਇੱਕ ਤਾਜਨਿ ਤੁਰੀ ਚੰਗੇਰੀ।।

ਘਰ ਕੀ ਗੀਹਨਿ ਚੰਗੀ।। ਜਨੁ ਧੰਨਾ ਲੇਵੈ ਮੰਗੀ।। ੨।। ੪।।

(ਧਨਾਸਰੀ-ਭਗਤ ਧੰਨਾ ਜੀ-੬੯੫)

ਅਰਥ- ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀਆਂ ਲੋੜਾਂ ਪੂਰੀਆਂ ਕਰ। ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਸਿਰੇ ਚਾੜਦਾ ਹੈਂ।। ੧।। ਰਹਾਉ।। ਮੈਂ ਤੇਰੇ ਦਰ ਤੋਂ ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਸੁਖੀ ਰੱਖੇ। ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ ਤੇ ਉਹ ਅੰਨ, ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ, ਭੀ ਤੈਥੋਂ ਹੀ ਮੰਗਦਾ ਹਾਂ।। ੧।। ਹੇ ਗੋਪਾਲ! ਮੈਂ ਗਾਂ-ਮੱਝ ਲਵੇਰੀ (ਦੁੱਧ ਦੇਣ ਵਾਲੀ) ਭੀ ਮੰਗਦਾ ਹਾਂ ਤੇ ਸਵਾਰੀ ਕਰਨ ਲਈ ਇੱਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਘਰ ਦੀ ਚੰਗੀ ਇਸਤਰੀ (ਸੁਪਤਨੀ) ਵੀ ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ।। ੨।। ੪।।

ਭਗਤ ਧੰਨਾ ਜੀ ਦੇ ਵਿਸ਼ਾ ਅਧੀਨ ਸ਼ਬਦ ਦੇ ਪੂਰੇ ਅਰਥਾਂ ਨੂੰ ਸਾਹਮਣੇ ਰੱਖਣ ਨਾਲ ਇਹ ਗੱਲ ਪੂਰੀ ਤਰਾਂ ਨਾਲ ਸਪਸ਼ਟ ਹੋ ਜਾਂਦੀ ਹੈ ਕਿ ਇਥੇ ਸਾਰਾ ਭੁਲੇਖਾ ‘ਆਰਤਾ` ਸ਼ਬਦ ਦੇ ਸਹੀ ਅਰਥ ਨਾ ਸਮਝਦੇ ਹੋਏ ਉਲਟ ਅਰਥ ਕਰਨ ਕਾਰਣ ਹੀ ਹੈ। ਜਦੋਂ ਕਿ ਇਥੇ ਆਰਤਾ ਸ਼ਬਦ ਦਾ ਅਰਥ ਲੋੜਵੰਦ ਹੈ ਅਤੇ ਭਗਤ ਧੰਨਾ ਜੀ ਪੂਰੇ ਸ਼ਬਦ ਅੰਦਰ ਰੋਜ਼ਾਨਾ ਘਰ ਪਰਿਵਾਰ ਦੀਆਂ ਲੋੜ ਵਾਲੀਆਂ ਵਸਤਾਂ ਇਕ-ਇਕ ਕਰ ਕੇ ਮੰਗ ਰਹੇ ਹਨ, ਜਿਸ ਨਾਲ ਕੋਈ ਭੁਲੇਖਾ ਵੀ ਨਹੀਂ ਰਹਿ ਜਾਂਦਾ। ਇਸ ਸ਼ਬਦ ਦੀ ਕੋਈ ਵੀ ਤੁਕ ਆਰਤੀ ਨਾਲ ਸਬੰਧਿਤ ਨਹੀਂ ਹੈ। ਇਹ ਸਾਡਾ ਹੱਠ ਹੀ ਹੈ ਜੋ ਇਸ ਸ਼ਬਦ ਨੂੰ ਜਾਣ-ਬੁੱਝ ਕੇ ਆਰਤੀ ਨਾਲ ਜੋੜ ਕੇ ਪੜ੍ਹਣ ਵਾਲੀ ਪ੍ਰਪਾਟੀ ਨੂੰ ਕੇਵਲ ਦੇਖਾ-ਦੇਖੀ ਚਲਾਇਆ ਜਾ ਰਿਹਾ ਹੈ। ਸੁਚੇਤ ਹੋ ਕੇ ਸੋਚਣ ਦੀ ਲੋੜ ਹੈ।

… … … … …

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.