.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਧਰਮੁ ਪੰਖ ਕਰਿ ਉਡਰਿਆ

ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪੁੱਛਿਆ ਕਿ ਧਰਤੀ ਕਿਸ ਆਧਾਰ `ਤੇ ਖੜੀ ਹੈ ਤਾਂ ਉਹਨਾਂ ਨੇ ਦੋ ਤੁਕਾਂ ਵਿੱਚ ਹੀ ਗੱਲ ਨਿਬੇੜ ਦਿੱਤੀ ਕਿ ਧਰਤੀ ਧਰਮ, ਦਇਆ ਤੇ ਸੰਤੋਖ `ਤੇ ਖੜੀ ਹੈ। ਧਰਤੀ ਤੋਂ ਭਾਵ ਹੈ ਕਿ ਦੁਨੀਆਂ ਦਾ ਸਮੁੱਚਾ ਭਾਈਚਾਰਾ ਜੋ ਆਪਣੇ ਫ਼ਰਜ਼ ਦੀ ਪੂਰਤੀ ਕਰਦਿਆਂ ਹੋਇਆਂ, ਦਇਆ ਤੇ ਸੰਤੋਖ ਵਰਗੇ ਦੈਵੀ ਗੁਣਾਂ ਕਰਕੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਜੇ ਇਹਨਾਂ ਦੈਵੀ ਗੁਣਾਂ ਨੂੰ ਜੀਵਨ ਵਿਚੋਂ ਬਾਹਰ ਕੱਢ ਦਈਏ ਤਾਂ ਪਿੱਛੇ ਜੰਗਲ ਰਾਜ ਹੀ ਰਹਿ ਜਾਂਦਾ ਹੈ।

ਧੌਲੁ ਧਰਮੁ ਦਇਆ ਕਾ ਪੂਤੁ।।

ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।।

ਧਰਮ ਤੋਂ ਭਾਵ ਹੈ ਆਪਣੀ ਜਿੰਮੇਵਾਰੀ ਸਮਝਣੀ ਤੇ ਖਲਕਤ ਦੀ ਸੇਵਾ ਕਰਨੀ ਤੀਜਾ ਸੰਤੋਖ ਦਾ ਧਾਰਨੀ ਹੋਣਾ। ਜਿਹੜਾ ਇਹਨਾਂ ਤਿੰਨਾਂ ਸਿਧਾਂਤਾਂ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਦਾ ਹੈ ਉਸ ਨੂੰ ‘ਸਚਿਆਰ ਮਨੁੱਖ` ਆਖਿਆ ਜਾਂਦਾ ਹੈ।

"ਜੇ ਕੋ ਬੁਝੈ ਹੋਵੈ ਸਚਿਆਰੁ"।

ਮਹਾਨ ਕੋਸ਼ ਅਨੁਸਾਰ ਧਰਮ ਦੇ ਅਰਥ ਹਨ-- ਸੰਸਾਰ ਨੂੰ ਧਾਰਨ ਕਰਨ ਵਾਲਾ ਜਿਸ ਦੇ ਅਧਾਰ `ਤੇ ਵਿਸ਼ਵ ਹੈ ਉਹ ਪਵਿੱਤਰ ਨਿਯਮ ਜਿਸ ਅਨੁਸਾਰ ਸਾਰਾ ਸੰਸਾਰ ਚੱਲ ਰਿਹਾ ਹੈ। ਗੁਰਬਾਣੀ ਵਾਕ ਹੈ "ਸਭ ਕੁਲ ਉਧਰੀ ਇੱਕ ਨਾਮ ਧਰਮ" ਸਵੈਯੇ ਸ੍ਰੀ ਮੁਖਵਾਕ ਮ: ੫

੨. ਧਰਮ ਦੇ ਅਰਥ ਰਿਵਾਜ, ਰਸਮ, ਕੁਲ ਅਥਵਾ ਦੇਸ਼ ਦੀ ਰੀਤੀ। ੩. ਫ਼ਰਜ਼ ੪. ਇਨਸਾਫ਼ ੫. ਪ੍ਰਕਿਰਤੀ ਦਾ ਸੁਭਾਵ

ਧਰਮ ਦੇ ਅੰਗ- ਧੀਰਜ, ਖਿਮਾ, ਮਨ ਨੂੰ ਵੱਸ ਕਰਨਾ, ਚੋਰੀ ਦਾ ਤਿਆਗ ਕਰਨਾ, ਪਵਿੱਤ੍ਰਤਾ, ਇਮਾਨਦਾਰੀਆਂ, ਮਨ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧਿ ਵਿਦਿਆ ਦਾ ਅਭਿਆਸ, ਸਤਯ, ਕ੍ਰੋਧ ਦਾ ਤਿਆਗ ਕਰਨਾ।

ਮਹਾਨ ਕੋਸ਼ ਅਨੁਸਾਰ ਸਿੱਖ ਧਰਮ ਦੇ ਨਾਮ, ਦਾਨ ਤੇ ਇਸ਼ਨਾਨ ਤਿੰਨ ਅੰਗ ਮੰਨੇ ਗਏ ਹਨ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਨਾਮ, ਦਾਨ ਤੇ ਇਸ਼ਨਾਨ ਇਸ ਤਰ੍ਹਾਂ ਸਮਾਏ ਹੋਏ ਹਨ ਜਿਸ ਤਰ੍ਹਾਂ ਬੀਜ ਦੇ ਅੰਦਰ ਬ੍ਰਿਛ ਦਾ ਅਕਾਰ ਹੁੰਦਾ ਹੈ। ਨਾਮ ਤੋਂ ਭਾਵ ਹੈ ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਸਵਾਸ ਸਵਾਸ ਯਾਦ ਰੱਖਣਾ ਤੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਦਾਨ ਤੋਂ ਭਾਵ ਹੈ ਆਪਣੇ ਤਾਂਈਂ ਵਿਦਿਆ ਬਲ ਹੁਨਰ ਆਦਿਕ ਵਿੱਚ ਯੋਗਯ ਬਣਾ ਕੇ, ਆਪਣਾ ਨਿਰਬਾਹ ਸਵਤੰਤਰ ਕਰਨਾ ਅਤੇ ਹੋਰਨਾ ਦਾ ਪਾਲਨ ਕਰਨਾ ਅਰ ਕਿਸੇ ਅੱਗੇ ਹੱਥ ਨਾ ਪਸਾਰਨਾ, ਸਗੋਂ ਆਪਣਾ ਹੱਥ ਸਭ ਦੇ ਹੱਥ ਉੱਪਰ ਰੱਖਣਾ। ਇਸ਼ਨਾਨ ਤੋਂ ਭਾਵ ਹੈ ਮਨ ਸਰੀਰ ਆਚਰਣ ਵਸਤਰ ਘਰ ਆਦਿਕ ਮਲੀਨਤਾ ਰਹਿਤ ਨਿਰਮਲ ਰੱਖਣੇ ਜਿਸ ਤੋਂ ਆਤਮਾ ਅਤੇ ਸਰੀਰ ਤਿੰਨ ਤਾਪਾਂ ਤੋਂ ਬਚੇ ਰਹਿਣ।

ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਉਸ ਤੇ ਚਲਣਾ ਹੀ ਧਰਮ ਹੈ ਜਨੀ ਕਿ ਨਿਰਮਲ ਕਰਮ ਹੀ ਸੱਚਾ ਧਰਮ ਹੈ ਜੇਹਾ ਕਿ ਗੁਰਬਾਣੀ ਵਾਕ ਹੈ--

ਸਰਬ ਧਰਮ ਮਹਿ ਸ੍ਰੇਸਟ ਧਰਮੁ।।

ਹਰਿ ਕੋ ਨਾਮ ਨਿਰਮਲ ਕਰਮੁ।।

ਪੰਨਾ ੨੬੬

ਇਕ ਵਿਦਵਾਨ ਨੇ ਲਿਖਿਆ ਹੈ ਕਿ ਸੱਚਾਈ ਉੱਪਰ ਚਲਣਾ ਤੇ ਇਖ਼ਲਾਕੀ ਭਰੋਸੇ ਦਾ ਨਾਂ ਹੀ ਧਰਮ ਹੈ।

ਕਾਂਟ ਲਿਖਦਾ ਹੈ ਕਿ ਸਾਰੇ ਫ਼ਰਜ਼ਾਂ ਨੂੰ ਰੱਬੀ ਹੁਕਮ ਮੰਨਣਾ ਧਰਮ ਅਖਵਾਉਂਦਾ ਹੈ।

ਫਿਸ਼ਤੇ ਲਿਖਦਾ ਹੈ ਕਿ ਧਰਮ ਮਨੁੱਖ ਨੂੰ ਆਪਣੇ ਆਪ ਦੀ ਸੋਝੀ ਦੇਂਦਾ ਹੈ।

ਅਸਲ ਵਿੱਚ ਧਰਮ ਉਹ ਪਵਿੱਤਰ ਨਿਯਮ ਹੈ ਜੋ ਸਾਡੇ ਜੀਵਨ ਨੂੰ ਸ਼ੁੱਧ ਕਰਦਾ, ਕਾਇਮ ਰੱਖਦਾ ਅਤੇ ਉਸ ਦੀ ਉਸਾਰੀ ਕਰਦਾ ਹੈ।

ਦੂਸਰਾ ਜਿੰਨਾਂ ਸਿਧਾਤਾਂ ਅਸੂਲਾਂ, ਰਹਿਣੀ-ਬਹਿਣੀ, ਦੇ ਨਿਯਮ ਤੇ ਚਿੰਨ੍ਹਾਂ ਆਦਿ ਰਾਂਹੀ ਹਿੰਦੂ, ਜੈਨੀ, ਬੋਧੀ, ਈਸਾਈ, ਮੁਸਲਮਾਨ ਆਦਿਕ ਅੱਡੋ ਅੱਡ ਮਾਲੂਮ ਹੁੰਦੇ ਹਨ ਉਹਨਾਂ ਨੂੰ ਮਜ਼ਹਬ ਕਿਹਾ ਜਾਂਦਾ ਹੈ। ਭਾਵ ਮਜ਼੍ਹਬ ਨੀਯਤ ਕੀਤੇ ਹੋਏ ਸਿਧਾਂਤ ਦੀ ਰਹੁ-ਰੀਤੀ ਦਾ ਨਾਂ ਹੈ।

ਇਹ ਇੱਕ ਸਚਾਈ ਹੈ ਕਿ ਜਦੋਂ ਤੋਂ ਮਨੁੱਖ ਬਣਿਆ ਹੈ, ਓਦੋਂ ਤੋਂ ਹੀ ਧਰਮ ਅਤੇ ਮਜ਼੍ਹਬ ਚਲਿਆ ਆਉਂਦਾ ਹੈ।

ਸੋ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਵਲੋਂ ਦ੍ਰਿੜ ਕਰਾਇਆ ਧਰਮ, ਜੀਵਨ ਦੇ ਆਤਮਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਮਾਨਸਿਕ ਆਦਿ ਸਮੁੱਚੇ ਜੀਵਨ ਵਿੱਚ ਨੇਕੀ, ਸਦਾਚਾਰ, ਇਮਾਨਦਾਰੀ, ਨਿਰ-ਸੁਆਰਥ, ਸੇਵਾ, ਪਰਉਪਕਾਰ ਆਦਿ ਵੱਲ ਪ੍ਰੇਰਿਤ ਕਰਕੇ ਮਨੁੱਖੀ ਸਮਾਜ ਨੂੰ ਆਦਰਸ਼ਕ ਬਣਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਵਿੱਚ ਮੱਚੀ ਹਫੜਾਦਫੀ ਦੇਖ ਕੇ ਫਰਮਾਇਆ ਹੈ ਕਿ ਇਹਨਾਂ ਵਿਚੋਂ ਧਰਮ ਨਾਂ ਦੀ ਵਸਤੂ ਖੰਭ ਲਗਾ ਕੇ ਉੱਡ ਗਈ ਹੈ। ਜੀਵਨ ਦੇ ਹਰ ਖੇਤਰ ਵਿਚੋਂ ਇਨਸਾਨੀਅਤ ਦੀਆਂ ਕਦਰਾਂ ਕੀਮਤਾ ਗਵਾਚ ਚੁੱਕੀਆਂ ਹਨ। ਲੋਕ ਕੇਵਲ ਧਰਮ ਦੇ ਨਾਂ `ਤੇ ਰਸਮਾਂ ਹੀ ਨਿਭਾ ਰਹੇ ਹਨ।

ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ।।

ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।

ਹਊ ਭਾਲਿ ਵਿਕੁੰਨੀ ਹੋਈ।। ਅੰਧੇਰੇ ਰਾਹੁ ਨ ਕੋਈ।।

ਵਿਚਿ ਹਊਮੈ ਕਰਿ ਦੁਖੁ ਰੋਈ।।

ਕਹੁ ਨਾਨਕ ਕਿਨਿ ਬਿਦਿ ਗਤਿ ਹੋਈ।।

ਸਲੋਕ ਮ: ੧ ਪੰਨਾ ੧੪੫

ਅੱਖਰੀਂ ਅਰਥ--ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ?

ਗੁਰੂ ਨਾਨਕ ਸਾਹਿਬ ਜੀ ਨੇ ਰਾਜਿਆਂ ਦੀ ਕਾਰਜ ਸ਼ੈਲੀ ਨੂੰ ਦੇਖਿਆ ਕਿ ਇਹਨਾਂ ਵਿਚੋਂ ਸਦਚਾਰਕ ਕਦਰਾਂ ਕੀਮਤਾਂ ਖੰਭ ਲਾ ਕੇ ਉੱਡ ਚੁੱਕੀਆਂ ਸਨ। ਰਾਜਿਆਂ ਦਾ ਕੰਮ ਸੀ ਆਪਣੀ ਪਰਜਾ ਨੂੰ ਸੁੱਖ ਦੇਣਾ, ਸੜਕਾਂ, ਹਸਪਤਾਲ, ਸਕੂਲ-ਕਾਲਜ, ਆਵਜਾਈ ਦੇ ਸਾਧਨ, ਚੰਗੇ ਕਾਰਖਾਨੇ, ਲੋਕਾਂ ਨੂੰ ਇਨਸਾਫ਼ ਜਨੀ ਕਿ ਪਰਜਾ ਦੀ ਸੁੱਖ ਸਹੂਲਤ ਲਈ ਕੰਮ ਕਰਨਾ। ਹੋਇਆ ਇਹ ਹੈ, ਕਿ ਇਹ ਰਾਜੇ ਬਦ-ਇਖਲਾਕ ਹੋ ਕੇ ਵੱਢੀ ਖੋਰੇ ਹੋ ਗਏ ਹਨ। ਹਰ ਮਹਿਕਮੇ ਵਿੱਚ ਆਪਣਾ ਹਿੱਸਾ ਰੱਖਿਆ ਹੋਇਆ ਹੈ। ਇਨ੍ਹਾਂ ਦਾ ਬਦ ਇਕਲਾਕ ਦੇਖ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਕਿ ਇਹਨਾਂ ਵਿਚੋਂ ਧਰਮ ਖੰਭ ਲਾ ਕੇ ਉਡ ਗਿਆ ਹੈ। ਇਹ ਰਾਜੇ ਜਨਤਾ ਦੇ ਸੇਵਾਦਾਰ ਹੋਣ ਦੀ ਥਾਂ `ਤੇ ਕਸਾਈਆਂ ਵਾਲਾ ਰੂਪ ਧਾਰਨ ਕਰ ਲਿਆ ਹੋਇਆ ਸੀ।

ਕੀ ਇਹ ਮਹਾਨ ਗੁਰਬਾਣੀ ਕੇਵਲ ਪੜ੍ਹਨ ਜਾਂ ਕੀਰਤਨ ਕਰਨ ਲਈ ਹੀ ਹੈ? ਨਹੀਂ ਇਹ ਗੁਰਬਾਣੀ ਸਾਡੇ ਜੀਵਨ ਦਾ ਅਧਾਰ ਹੈ। ਗੁਰਬਾਣੀ ਪਾਠ, ਕੀਰਤਨ ਤੇ ਕਥਾ ਇੱਕ ਜ਼ਰੀਆ ਹੈ ਜਿਸ ਰਾਂਹੀ ਗੁਰਬਾਣੀ ਨੂੰ ਸਮਝ ਕੇ ਜੀਵਨ ਵਿੱਚ ਆਪਨਾਉਣਾ ਹੈ। ਗੁਰਬਾਣੀ ਹਮੇਸ਼ਾਂ ਸਾਡੇ ਜੀਵਨ `ਤੇ ਲਾਗੂ ਹੁੰਦੀ ਹੈ। ਜੇ ਅੱਜ ਸਰਕਾਰੀ ਅਹੁਦਿਆਂ `ਤੇ ਲੱਗੇ ਹੋਏ ਆਲ੍ਹਾ ਅਫਸਰ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਭਾਵ ਐਮ. ਐਲ. ਏ. , ਮੰਤਰੀ, ਐਮ. ਪੀ. ਤੇ ਮੁੱਖ ਮੰਤਰੀਆਂ `ਤੇ ਇਹ ਤੋਹਮਤਾਂ ਲੱਗਣ ਕੇ ਇਹਨਾਂ ਦੇ ਰਾਜ ਵਿੱਚ ਵਿਚ ਕਿਸਾਨਾਂ ਨੂੰ ਨਕਲੀ ਦਵਾਈਆਂ, ਖਾਦਾਂ ਤੇ ਬੀਜ ਮਿਲੇ ਹਨ ਜਿਸ ਨਾਲ ਨਰਮੇ ਵਰਗੀ ਫਸਲ ਬਰਬਾਦ ਹੋ ਗਈ ਹੈ ਤਾਂ ਕਹਿਣਾ ਪਏਗਾ ਇਹਨਾਂ ਦੇ ਜੀਵਨ ਵਿਚੋਂ ਧਰਮ ਭਾਵ ਸਚਾਈ ਖੰਭ ਲਾ ਕੇ ਉੱਡ ਗਈ ਹੈ। ਇਹਨਾਂ ਲੋਕ ਨੇ ਉੱਚ ਆਹੁਦਿਆਂ `ਤੇ ਬੈਠ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਬਹੁਤੇ ਲੋਕ ਮਜ਼੍ਹਬ ਦੀਆਂ ਪ੍ਰਕਿਰਿਆਂਵਾਂ ਨਿਭਾਅ ਕੇ ਆਪਣੇ ਆਪ ਨੂੰ ਧਰਮੀ ਸਿੱਧ ਕਰ ਰਹੇ ਹਨ ਪਰ ਧਰਮ ਵਰਗੀ ਉੱਤਮ ਵਸਤੂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ।

‘ਧਰਮੁ ਪੰਖ ਕਰਿ ਉਡਰਿਆ` ਕੇਵਲ ਰਾਜਿਆਂ ਲਈ ਹੀ ਸੀਮਤ ਨਹੀਂ ਹੈ ਇਹ ਡਾਕਟਰਾਂ `ਤੇ ਵੀ ਲਾਗੂ ਹੁੰਦਾ ਹੈ। ਸਸਤੀਆਂ ਦਵਾਈਆਂ ਵੀ ਮਹਿੰਗੀਆਂ ਵੇਚੀਆਂ ਜਾਣ ਜਾਂ ਨਾਰਮਲ ਅਪ੍ਰੇਸ਼ਨ ਨੂੰ ਮੇਜਰ ਅਪ੍ਰੇਸ਼ਨ ਕਹਿ ਕੇ ਫਾਲਤੂ ਪੈਸੇ ਬਟੋਰੇ ਜਾਣ ਤਾਂ ਕਹਿਣਾ ਪਏਗਾ ਇਹਨਾਂ ਵਿਚੋਂ ਵੀ ਧਰਮ ਵਰਗੀ ਕੀਮਤੀ ਵਸਤੂ ਖੰਭ ਲਗਾ ਕੇ ਉੱਡ ਗਈ ਹੈ। ਅੱਜ ਹਰ ਮਹਿਕਮੇ ਵਿਚੋਂ ਆਪਣਾ ਸਹੀ ਕੰਮ ਕਰਾਉਣ ਲਈ ਵੀ ਫਾਈਲਾਂ ਨੂੰ ਪਹੀਏ ਲਗਾਉਣੇ ਪੈਂਦੇ ਹਨ। ਧਰਮ ਦੇ ਨਾਂ `ਤੇ ਧੰਧਾ ਕੀਤਾ ਜਾ ਰਿਹਾ ਹੈ।

ਹੁਣ ਲਈਏ ਧਰਮੀ ਲੋਕਾਂ ਦੀ ਗੱਲ, ਚਿੱਟੇ ਦਿਨ ਵਿੱਚ ਤੱਖਤਾਂ ਦਿਆਂ ਜੱਥੇਦਾਰਾਂ ਨੇ ਕੌਮ ਨਾਲ ਧ੍ਰੋਅ ਕਮਾਉਂਦਿਆਂ ਸੌਦਾ ਸਾਧ ਨੂੰ ਮੁਆਫ ਕਰ ਦਿੱਤਾ ਗਿਆ ਹੈ। ਸਿੱਖੀ ਵਿੱਚ ਜਿਹੜਾ ਵੀ ਆਪਣੀ ਗਲਤੀ ਮੰਨ ਕੇ ਸ਼ਰਨ ਵਿੱਚ ਆਉਂਦਾ ਹੈ ਉਸ ਨੂੰ ਗੱਲ ਨਾਲ ਲਗਾਇਆ ਜਾਂਦਾ ਹੈ ਤੇ ਉਸ ਨੂੰ ਮੁਆਫ ਕੀਤਾ ਜਾਂਦਾ ਹੈ। ਇਹ ਸਿੱਖੀ ਦਾ ਵਡੱਪਣ ਹੈ। ਅਸੀਂ ਮੁਆਫੀ ਦੇ ਵਿਰੋਧੀ ਨਹੀਂ ਹਾਂ ਪਰ ਸੌਦਾ ਸਾਦ ਨੂੰ ਮੁਆਫ ਕਰਨ ਦਾ ਕੋਈ ਢੰਗ ਤਰੀਕਾ ਤਾਂ ਹੋਣਾ ਚਾਹੀਦਾ ਹੈ? ਜਿਸ ਤਰੀਕੇ ਨਾਲ ਸੌਦਾ ਸਾਧ ਨੂੰ ਮੁਆਫ਼ ਕੀਤਾ ਗਿਆ ਹੈ ਉਹ ਸਿੱਖੀ ਸਿਧਾਂਤ ਦੀਆਂ ਕਦਰਾਂ ਕੀਮਤਾਂ ਲਈ ਚਨੌਤੀ ਹੈ ਅਤੇ ਸਿੱਖ ਸਭਿਆਚਾਰ ਤੋਂ ਰਹਿਤ ਹੈ। ਰਾਜਨੀਤਿਕ ਲੋਕਾਂ ਨੇ ਆਪਣੇ ਲਾਭ ਲਈ ਧਾਰਮਿਕ ਅਸਥਾਨਾਂ ਤੇ ਆਗੂਆਂ ਨੂੰ ਵੀ ਵਰਤਣ ਤੋਂ ਸੰਕੋਚ ਨਹੀਂ ਕੀਤਾ। ਆਪਣੇ ਫਾਇਦੇ ਲਈ ੨੦੦੭ ਵਿੱਚ ਕਿਹਾ ਕਿ ਇਹਨਾਂ ਨਾਲ ਸਮਾਜਿਕ, ਧਾਰਮਿਕ ਕੋਈ ਵੀ ਮਿਲ ਵਰਤਣ ਨਹੀਂ ਕਰਨੀ। ਤੁਰੰਤ ਹੁਕਮ ਨਾਮਾ ਜਾਰੀ ਹੋ ਗਿਆ। ਹੋਣ ਦੇਖਿਆ ਕਿ ਕੌਮ ਨੇ ਇਹਨਾਂ ਦੇ ਕਹੇ ਤੇ ਆਪਣਾ ਨੁਕਸਾਨ ਉਠਾਇਆ ਹੈ ਪੂਰਾ ਦਫੇੜ ਪੈਦਾ ਹੋਇਆ ਹੈ ਪਰ ਸਾਡਾ ਉੱਲੂ ਸਿੱਧਾ ਹੋ ਗਿਆ ਹੈ। ਹੁਣ ਫਿਰ ਰਾਜਨੀਤਿਕ ਲੋਕ ਆਪਣਾ ਵੋਟ ਬੈਂਕ ਪੱਕਾ ਕਰਦਿਆ ਸਿੱਧਾ ਹੀ ਕਹਿ ਦਿੱਤਾ ਕਿ ਤੁਸੀਂ ਇਹਨਾਂ ਨੂੰ ਹੁਣੇ ਹੀ ਅੱਜ ਹੀ ਹੁਕਮਨਾਮਾ ਜਾਰੀ ਕਰਕੇ ਮੁਆਫ ਕਰ ਦਿਓ। ਹਾਂਲਾਂ ਕਿ ਕਿਸੇ ਚੱਜ ਅਚਾਰ ਨਾਲ ਸੌਦਾ ਸਾਧ ਵਲੋਂ ਮੁਆਫੀ ਮੰਗੀ ਹੀ ਨਹੀਂ ਗਈ। ਚਾਰ ਪੰਜ ਸਤਰਾਂ `ਤੇ ਹੀ ਸੌਦਾ ਸਾਧ ਨੂੰ ਮੁਆਫ ਕਰ ਦਿੱਤਾ ਗਿਆ। ਜਦੋਂ ਰਾਜਨੀਤਿਕ ਲੋਕਾਂ ਪਾਸ ਗੱਲ ਗਈ ਕਿ ਜੀ ਵਿਰੋਧ ਬਹੁਤ ਹੋਏਗਾ ਤਾਂ ਅੱਗੋਂ ਸਾਰੀ ਰਾਜਨੀਤੀ ਦਾ ਪਾਠ ਪੜ੍ਹਾਉਂਦਿਆਂ ਆਖਿਆ ਕਿ ਸਿੱਖਾਂ ਦਾ ਕੀ ਹੈ ਇਹ ਦੋ ਚਾਰ ਦਿਨ ਰੋਲ਼ਾਂ ਪਾ ਕੇ ਆਪੇ ਹੀ ਚੁੱਪ ਕਰ ਜਾਣਗੇ। ਉਂਝ ਵੀ ਸਿੱਖਾਂ ਨੂੰ ਬਹੁਤ ਛੇਤੀ ਚੇਤਾ ਭੁੱਲ ਜਾਂਦਾ ਹੈ। ਏਦਾਂ ਦਾ ਭੱਦਾ ਫੈਸਲਾ ਕਰਦਿਆਂ ਸਮਝਣਾ ਚਾਹੀਦਾ ਹੈ ਕਿ ਇਹਨਾਂ ਵਿਚੋਂ ਕੌਮ ਪ੍ਰਤੀ ਜ਼ਿੰਮੇਵਾਰੀ ਵਿਸਰ ਚੁੱਕੀ ਹੈ ਤੇ ਧਰਮ ਖੰਭ ਲਗਾ ਕੇ ਉੱਡ ਗਿਆ ਹੈ। ਹੁਣ ਤੇ ਇੰਜ ਲੱਗ ਰਿਹਾ ਹੈ ਕਿ ਸਾਡੇ ਜੱਥੇਦਾਰ ਰਾਜਨੀਤਿਕ ਦਬਾਅ ਵਿੱਚ ਆ ਕੇ ਆਪਣੀ ਅਣਖ, ਗੈਰਤ ਹੀ ਗਵਾ ਚੁੱਕੇ ਹਨ।

ਪੁਲੀਸ ਮਹਿਕਮਾ, ਮਾਲ ਮਹਿਕਮਾ, ਬਿਜਲੀ ਬੋਰਡ, ਸਿੱਖਿਆ ਵਿਭਾਗ, ਹਸਪਤਾਲ ਤੇ ਹੋਰ ਕਈ ਸਰਕਾਰੀ ਅਰਧ-ਸਰਾਕਰੀ ਮਹਿਕਮਿਆਂ ਵਿੱਚ ਦਲਾਲੀ ਰਿਸ਼ਵੱਤਖੋਰੀ ਗਲ਼ ਗਲ਼ ਤੱਕ ਆਈ ਹੋਈ ਹੈ। ਕਹਿਣਾ ਪਏਗਾ ਕਿ ਇਹਨਾਂ ਵਿਚੋਂ ਧਰਮ ਵਰਗੀ ਕੀਮਤੀ ਵਸਤੂ ਉੱਡ ਗਈ ਹੈ।

ਸਭ ਧਾਰਮਿਕ ਅਸਥਾਨਾਂ ਤੇ ਧਰਮ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਜਦੋਂ ਸਮਾਜ ਨੂੰ ਦੇਖਦੇ ਹਾਂ ਤਾਂ ਇਸ ਦੇ ਜੀਵਨ ਵਿਚੋਂ ਧਾਰਮਿਕ ਸਿੱਖਿਆ ਦਾ ਕੋਈ ਅਰਥ ਦਿਸਦਾ ਹੀ ਨਹੀਂ ਹੈ। ਜੀਵਨ ਵਿਚੋਂ ਨੈਤਿਕਤਾ ਦੀ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ। ਆਏ ਦਿਨ ਖਬਰਾਂ ਛੱਪ ਰਹੀਆਂ ਹਨ ਕਿ ਨਕਲੀ ਦੁੱਧ, ਖੋਇਆ, ਦਵਾਈਆਂ, ਨਸ਼ੀਲੇ ਪਦਾਰਥ ਆਦਿ ਫੜਿਆ ਗਇਆ ਹੈ। ਜਿਹੜੇ ਇਹ ਨਕਲੀ ਵਪਾਰ ਕਰਕੇ ਮਨੁੱਖਤਾ ਦਾ ਘਾਣ ਕਰ ਰਹੇ ਹਨ ਉਹਨਾਂ ਸਾਰਿਆਂ ਵਿਚੋਂ ਇਖ਼ਲਾਕ ਉੱਡ ਗਿਆ ਹੈ। ਜੇ ਵਾਕਿਆ ਹੀ ਅਸੀਂ ਧਰਮੀ ਬਣ ਜਾਈਏ ਤਾਂ ਸਾਡੇ ਕਰਮ ਨਿਰਮਲ ਹੋ ਸਕਦੇ ਹਨ—ਗੁਰੂ ਅਰਜਨ ਪਾਤਸ਼ਾਹ ਜੀ ਦਾ ਪਵਿੱਤਰ ਵਾਕ ਹੈ—

ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ॥ ਸਾਧਸੰਗਿ ਦੁਰਮਤਿ ਮਲੁ ਹਿਰਿਆ॥

ਅਸੀਂ ਲੋਕਾਂ ਸਾਹਮਣੇ ਧਰਮੀ ਦਿਸਣਾ ਚਾਹੁੰਦੇ ਹਾਂ ਪਰ ਧਰਮੀ ਬਣਨ ਲਈ ਤਿਆਰ ਨਹੀਂ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਖੁਦਮੁਖਤਿਆਰ ਬਣਾਇਆ ਹੈ।

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥

ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥

ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥

ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥੧॥

ਸਲੋਕ ਮ: ੧ ਪੰਨਾ ੧੪੨

ਅਰਥ:- (ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿੱਚ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ। ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ, ਜੋ ਕੁੱਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ। ਜਿਸ ਮਨੁੱਖ ਦਾ ਰਾਜ ਵਿੱਚ ਪਿਆਰ ਹੈ, ਮਾਲ ਵਿੱਚ ਮੋਹ ਹੈ, ਉਹ ਇਸ ਮੋਹ ਵਿੱਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਸੱਖਣਾ ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ।

ਅੱਜ ਗੁਰੂ ਸਾਹਿਬ ਜੀ ਦਾ ਪੁਰਬ ਤਾਂ ਬੜੀ ਵੱਡੀ ਪੱਧਰ `ਤੇ ਮਨਾਇਆ ਜਾ ਰਿਹਾ ਹੈ ਪਰ ਧਰਮ ਵਰਗੀਆਂ ਕੀਮਤਾਂ ਦੀ ਘਾਟ ਵੀ ਨਜ਼ਰ ਆ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹਰ ਖੇਤਰ ਦੇ ਇਨਸਾਨ ਨੂੰ ਉਸ ਦੀ ਬੋਲੀ ਵਿੱਚ ਉਪਦੇਸ਼ ਦਿੱਤਾ ਹੈ। ਜੋਗੀ ਨੂੰ ਸੰਤੋਖ ਦੀਆਂ ਮੁੰਦਰਾਂ, ਕਿਰਸਾਨ ਨੂੰ ਸੰਤੋਖ ਦਾ ਸੁਹਾਗਾ ਤੇ ਪੰਡਤ ਨੂੰ ਸੰਤੋਖ ਦਾ ਸੂਤ ਧਾਰਨ ਕਰਨ ਲਈ ਕਿਹਾ ਹੈ। ਬਾਹਰਲੀ ਭਿੱਟ ਮੰਨਣ ਵਾਲੇ ਨੂੰ ਕਿਹਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਭਿੱਟ ਨੂੰ ਖਤਮ ਕਰਨ ਦਾ ਯਤਨ ਕਰ।

ਉੱਤਰ ਪ੍ਰਦੇਸ ਦੇ ਦਾਦਰੀ ਪਿੰਡ ਵਿੱਚ ਮੰਦਰ ਦੇ ਪੁਜਾਰੀ ਵਲੋਂ ਸਪੀਕਰ ਵਿੱਚ ਸਾਰੇ ਪਿੰਡ ਨੂੰ ਸੂਚਿਤ ਕੀਤਾ ਗਿਆ ਕਿ ਇੱਕ ਮੁਸਲਮਾਨ ਪ੍ਰਵਾਰ ਦੇ ਘਰ ਗਊ ਮਾਸ ਰਿੱਝ ਰਿਹਾ ਹੈ ਤੇ ਬਾਕੀ ਦਾ ਗਊ ਮਾਸ ਫਰਿੱਜ ਵਿੱਚ ਰੱਖਿਆ ਹੋਇਆ ਹੈ। ਬੱਸ ਏੰਨੀ ਕੁ ਗੱਲ ਕਹਿਣ ਦੀ ਦੇਰ ਸੀ ਕਿ ਪਿੰਡ ਦੀ ਮਡ੍ਹੀਰ ਨੇ ਮੁਸਲਮਾਨ ਪ੍ਰਵਾਰ ਦੇ ਮੁੱਖੀ ਮੁਹੰਮਦ ਇਖਲਾਕ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ, ਉਸ ਦੇ ਵੀਹ ਸਾਲ ਦੇ ਬੇਟੇ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਬਾਕੀ ਘਰ ਦਾ ਸਾਰਾ ਸਮਾਨ ਤੋੜ ਭੰਨ ਦਿੱਤਾ ਗਿਆ। ਮਡ੍ਹੀਰ ਕਹਿੰਦੀ ਹੈ ਅਖੇ ਅਸੀਂ ਧਰਮ ਦਾ ਬਹੁਤ ਵੱਡਾ ਕਰਮ ਕਰ ਰਹੇ ਹਾਂ। ਹੈਰਾਨਗੀ ਦੀ ਗੱਲ ਦੇਖੋ ਹਿੰਦੂ ਆਗੂ ਉਬਲ਼ਦੇ ਬਿਆਨ ਦੇ ਕੇ ਹਿੰਦੂ ਵੋਟ ਨੂੰ ਪੱਕਾ ਕਰ ਰਹੇ ਹਨ। ਇਸ ਹਲਕੇ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਅਤੇ ਇੱਕ ਸਭਿਆਚਰਕ ਕੇਂਦਰੀ ਮੰਤਰੀ ਬਲਦੀ `ਤੇ ਤੇਲ ਪਉਣ ਦਾ ਕੰਮ ਕਰਦਿਆਂ ਇਹ ਵਾਪਰੇ ਭੈੜੇ ਦੁਖਾਂਤ ਨੂੰ ਇੱਕ ਹਾਦਸਾ ਦੱਸ ਰਹੇ ਹਨ। ਇੱਕ ਹੋਰ ਸੰਸਦ ਮੈਂਬਰ ਸ਼ਾਕਸੀ ਮਹਾਰਾਜ ਨੇ ਹਿੰਦੂਆਂ ਨੂੰ ਭੜਕਾਉਂਦਿਆਂ ਹੋਇਆਂ ਇਹ ਬਿਆਨ ਦਾਗਿਆ ਹੈ ਕਿ ਅੱਖੇ ਗਊਆਂ ਨੂੰ ਬਚਾਉਣ ਲਈ ਅਸੀਂ ਮਰਨ ਤੀਕ ਵੀ ਜਾ ਸਕਦੇ ਹਾਂ। ਅਜੇਹੀ ਸਭਿਅਤਾ ਵਾਲੇ ਲੋਕਾਂ ਵਿਚੋਂ ਧਰਮ ਖੰਭ ਲਗਾ ਕੇ ਉੱਡ ਚੁਕਿਆ ਹੈ। ਮੰਦਰ ਵਿਚੋਂ ਬੋਲਣ ਵਾਲਾ ਪੁਜਾਰੀ ਗੁਜਰਾਤ ਵਿਚੋਂ ਗਿਆ ਸੀ ਤੇ ਲੋਕਾਂ ਨੂੰ ਲੜਾ ਕੇ ਓੱਥੋਂ ਤੁਰਦਾ ਬਣਿਆ ਹੈ ਉਸ ਪੁਜਾਰੀ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਹੁਣ ਉਹ ਕਿੱਥੇ ਗਿਆ ਹੈ।

ਭਾਰਤ ਦੇ ਬੇਅੰਤ ਸੰਤ ਬਾਬੇ ਤੇ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਵਿਚੋਂ ਅਸਲੀ ਕਿਰਦਾਰ ਭਾਵ ਧਰਮ ਉੱਡ ਚੁੱਕਿਆ ਹੋਇਆ ਹੈ। ਰਾਜ ਕਰਨ ਵਾਲੇ ਇਖਲਾਕ ਹੀਣ ਹੋ ਚੁੱਕੇ ਹਨ। ਗੁਰਬਾਣੀ ਨੂੰ ਜੇ ਸਮਝਿਆ ਜਾਏ ਤਾਂ ਅਸੀਂ ਧਰਮੀ ਬਣ ਸਕਦੇ ਹਾਂ।

ਜੇ ਅਧਿਆਪਕ ਮਨ ਮਾਰ ਕੇ ਪੜ੍ਹਾਈ ਕਰਾਏ, ਜੇ ਇੱਕ ਸਰਕਾਰੀ ਡਾਕਟਰ ਇਮਨਾਦਾਰੀ ਵਰਤੇ, ਜੇ ਇੱਕ ਪੁਲੀਸ ਅਫ਼ਸਰ ਜ਼ਿੰਮੇਵਾਰੀ ਪ੍ਰਤੀ ਜੁਆਬ ਦੇਹ ਹੋਵੇ, ਸਰਕਾਰੀ ਤੰਤਰ ਰਾਜਨੀਤਿਕ ਦਬਦਬਾ ਵਿਚੋਂ ਬਾਹਰ ਆ ਜਾਏ ਤਾਂ ਧਰਮੀ ਰਾਜ ਕਾਇਮ ਹੋ ਸਕਦਾ ਹੈ।

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ।।

ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ।।

ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ।।

ਸੇਣ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ।।

ਬਿਹਾਗੜਾ ਮਹਲਾ ੫ ਪੰਨਾ ੫੪੮




.