.

ਪਾਰੁ ਕੈਸੇ ਪਾਇਬੋ ਰੇ ॥

ਮਨੁੱਖਾਂ ਜੀਵਨ ਦਾ ਮਨੋਰਥ ਸਮਝਾਉਂਦੇ ਹੋਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਆਸਾ ਵਿਚ ਲਿਖਦੇ ਹਨ, "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" ਭਾਵ ਹੇ ਮਨੁੱਖ, ਮਨੁੱਖਾਂ ਜੀਵਨ ਤੈਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ। ਇਸੇ ਹੀ ਸ਼ਬਦ ਦੀ ਰਹਾਓ ਵਾਲੀ ਤੁੱਕ ਵਿਚ ਪ੍ਰਭੂ ਮਿਲਣ ਦਾ ਤਰੀਕਾ ਭੀ ਆਪ ਹੀ ਦਸਦੇ ਹਨ ਅਤੇ ਲਿਖਦੇ ਹਨ, "ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾ ਰੰਗਿ ਮਾਇਆ ਕੈ॥" ਭਾਵ ਹੇ ਭਾਈ! ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ ਭੀ ਆਹਰੇ ਲੱਗ। ਨਿਰੇ ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।

ਕੀ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ? ਕੀ ਇਹ ਜੀਵਨ-ਮੁਕਤ ਹੋ ਸਕਦਾ ਹੈ? ਉਹ ਕਿੜਾ ਰਸਤਾ ਹੈ ਜਿਸ `ਤੇ ਚੱਲ ਕੇ ਮਨੁੱਖਾ ਦੇਹੀ ਸਫਲ ਹੋ ਸਕਦੀ ਹੈ? ਇਸ ਸਵਾਲ ਨੂੰ ਸਮਝਣ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 346 `ਤੇ ਰਾਗ ਗਉੜੀ ਬੈਰਾਗਣਿ ਵਿਚ ਲਿਖਿਆ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਚੁਣਿਆ ਹੈ, ਜੋ ਇਸ ਪ੍ਰਕਾਰ ਹੈ -

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥1॥ ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਾ ਗਵਨੁ ਬਿਲਾਇ ॥1॥ ਰਹਾਉ ॥ ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥2॥ ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥3॥ ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥4॥ ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥5॥ ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥6॥ ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥7॥ ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥8॥

ਇਸ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਕੁੱਝ ਗੱਲਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ ਜਿਵੇਂ ਕਿ -

1. ਸਿੱਖ ਧਰਮ ਸੰਸਾਰ ਦੇ ਬਾਕੀ ਧਰਮਾਂ ਤੋਂ ਵੱਖਰਾ ਅਤੇ ਨਿਆਰਾ ਧਰਮ ਹੈ। ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਹਨ।

2. ਪਰਮਾਤਮਾ ਇੱਕ ਹੈ। ਉਹ ਦੁਨੀਆਂ ਬਣਨ ਤੋਂ ਪਹਿਲਾਂ ਮੌਜੂਦ ਸੀ ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ। ਪਰਮਾਤਮਾ ਸਮੈਂ ਅਤੇ ਕਾਲ (ਮੌਤ) ਤੋਂ ਪਰੇ ਹੈ। ਉਹ ਜੂਨਾਂ ਵਿਚ ਨਹੀਂ ਪੈਂਦਾ।

3. ਸਮੇਂ ਦੀ ਯੁਗਾਂ ਵਿਚ ਵੰਡ ਮਨੁੱਖ ਦੀ ਆਪਣੀ ਹੀ ਕੀਤੀ ਹੋਈ ਹੈ। ਸਮਾਂ ਬੀਤਣ ਨਾਲ ਪਰਮਾਤਮਾ ਦੀ ਇਕਾਈ, ਗੁਣਾਂ ਅਤੇ ਉਸ ਦੀ ਪ੍ਰਾਪਤੀ ਦੇ ਤਰੀਕੇ ਜਾਂ ਸਾਧਨ ਬਦਲੇ ਨਹੀਂ ਜਾ ਸਕਦੇ। ਭਾਵ ਸਾਰੇ ਯੁਗਾਂ ਵਿਚ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰੂ ਰਾਹੀਂ, ਸੱਚੇ ਗੁਰੂ ਦੇ ਦੱਸੇ ਸੱਚ-ਮਾਰਗ ਨਾਲ ਹੀ ਹੋ ਕਦੀ ਹੈ। ਆਓ ਗੁਣ ਭਗਤ ਰਵਿਦਾਸ ਦੇ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਨੋਟ: ਰਹਾਉ ਦੀਆਂ ਤੁਕਾਂ ਵਿਚ ਭਗਤ ਰਵਿਦਾਸ ਜੀ ਆਖਦੇ ਹਨ -

"ਕੋਈ ਮਨੁੱਖ ਮੈਨੂੰ ਇਹ ਗੱਲ ਨਹੀਂ ਸਮਝਾ ਕੇ ਦੱਸਦਾ ਕਿ ਜਨਮ-ਮਰਨ ਦਾ ਗੇੜ ਕਿਵੇਂ ਮੁੱਕਗਾ, ਅਤੇ ਜਗਤ ਦੇ ਸਹਿਸਿਆਂ ਤੋਂ ਖਲਾਸੀ ਕਿਵੇਂ ਹੋਵੇਗੀ"। ਪਾਰ ਕੈਸੇ ਪਾਇਬੋ ਰੇ॥

ਸ਼ਬਦ ਦੇ ਪਹਿਲੇ ਚਾਰ ਬੰਦ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਡਿਤ ਲੋਕ ਪ੍ਰਭੂ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਧਰਮ-ਕਰਮ ਕਰਦੇ ਹਨ ਪਰ ਭਗਤ ਰਵਿਦਾਸ ਜੀ ਇਨ੍ਹਾਂ ਕਰਮਾਂ-ਧਰਮਾਂ ਨਾਲ ਸਹਿਮਤ ਨਹੀਂ ਹਨ। ਭਗਤ ਜੀ ਆਪਣਾ ਮਤ ਪੰਜਵੇਂ ਬੰਦ ਤੋਂ ਸ਼ੁਰੂ ਕਰਦੇ ਹਨ ਅਤੇ ਕਹਿੰਦੇ ਹਨ ਕਿ ਪਾਰਸ ਗੁਰੂ ਨੂੰ ਮਿਲਣ ਨਾਲ ਹੀ ਵਿਕਾਰਾਂ ਤੋਂ ਮੁਕਤੀ ਹੁੰਦੀ ਹੈ। ਆਖਰੀ ਬੰਦ ਵਿਚ ਆਪ ਦੱਸਦੇ ਹਨ ਕਿ ਕਰਮ-ਕਾਂਡ ਕਰਨੇ ਪ੍ਰਭੂ ਪ੍ਰਾਪਤੀ ਲਈ ਵਿਅਰਥ ਯਤਨ ਹਨ। ਇਸ ਲਈ ਭਗਤ ਰਵਿਦਾਸ ਇਹ ਕਰਮ-ਕਾਂਡ ਨਹੀਂ ਕਰਦੇ। ਉਹ ਪ੍ਰਭੂ-ਪ੍ਰਾਪਤੀ ਸਿਰਫ ਪ੍ਰਭੂ-ਭਗਤੀ ਹੀ ਕਰਦੇ ਹਨ।

ਸ਼ਬਦ ਦੀ ਤਰਤੀਬ ਤੋਂ ਇਹ ਗੱਲ ਭੀ ਸਾਫ ਦਿਸ ਰਹੀ ਹੈ ਕਿ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਜੀ ਪੰਡਤਾਂ ਦੇ ਵਿਚਾਰਾਂ ਦਾ ਜ਼ਿਕਰ ਕਰ ਰਹੇ ਹਨ ਜਿਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਮੁਤਾਬਕ ਸਮੇਂ ਨੂੰ ਯੁਗਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਯੁਗ ਵਿਚ ਪਰਮਾਤਮਾ ਦੀ ਭਗਤੀ ਦਾ ਤਰੀਕਾ ਵੀ ਵੱਖ-ਵੱਖ ਹੈ। ਭਗਤ ਰਵਿਦਾਸ ਇਸ ਨਾਲ ਵੀ ਸਹਿਮਤ ਨਹੀਂ ਕਿਉਂਕਿ ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਸਮੇਂ ਘੋੜੇ ਆਦਿ ਮਾਰ ਕੇ ਜੱਗ ਕਰਨਾ ਜੀਵਨ ਦਾ ਸਹੀ ਰਾਸਤਾ ਹੋਵੇ, ਕਦੇ ਤੀਰਥ ਇਸ਼ਨਾਨ ਮਨੁੱਖਾ ਜੀਵਨ ਮਨੋਰਥ ਹੋਵੇ, ਕਦੇ ਦੇਵਤਿਆਂ ਦੀ ਪੂਜਾ ਅਤੇ ਕਦੇ ਅਵਤਾਰਾਂ ਦੀ ਪੂਜਾ ਇਨਸਾਨੀ ਫਰਜ ਹੋਵੇ। ਇਨ੍ਹਾਂ ਯਤਨਾਂ ਦੁਆਰਾ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਾਦਰ ਅਤੇ ਕੁਦਰਤ ਦੇ ਆਦਿ ਕਾਲ ਤੋਂ ਨਿਯਮ ਸਦਾ ਅਟੱਲ ਹਨ। ਜਦ ਤੱਕ ਇਹ ਦੁਨੀਆ ਰਹੇਗੀ, ਇਹ ਨਿਯਮ ਅਟੱਲ ਰਹਿਣਗੇ। ਮਨੁੱਖ ਆਪ ਭਟਕਣਾ ਵਿਚ ਪੈ ਸਕਦਾ ਹੈ ਪਰ ਕਰਤਾਰ ਨਹੀਂ। ਗੁਰਬਾਣੀ ਫੁਰਮਾਨ ਅਨੁਸਾਰ:

1. ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (ਸਿਰੀ ਰਾਗ ਪੰਨਾ - 61)

2. ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੂਲੈ॥ (ਰਾਗ ਪ੍ਰਭਾਤੀ ਪੰਨਾ - 1344)

ਨਾਨਕ, ਸਚਿ ਨਾਮਿ ਨਿਸਤਰਾ, ਕੋ ਗੁਰ ਪਰਸਾਦਿ ਆਘੁਲੈ॥

ਇਸ ਲਈ ਪ੍ਰਭੂ ਦੀ ਪ੍ਰਾਪਤੀ ਪ੍ਰਭੂ ਦੇ ਗੁਣਾਂ ਦੇ ਜਾਪ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਨਾਲ ਹੀ ਹੋ ਸਕਦੀ ਹੈ।

ਭਗਤ ਰਵਿਦਾਸ ਦੇ ਇਸ ਸ਼ਬਦ ਦੇ ਪਹਿਲੇ ਬੰਦ ਵਿਚ ਅਖੀਰ ਤੇ ਆਈ ਤੁੱਕ "ਕਲਿ ਕੇਵਲ ਨਾਮ ਅਧਾਰ" ਤੋਂ ਇਸ ਤਰ੍ਹਾਂ ਦਾ ਭੁਲੇਖਾ ਲੱਗਦਾ ਹੈ ਕਿ ਜਿਵੇਂ ਕਲਯੁਗ ਵਿਚ ਹੀ "ਕੇਵਲ ਨਾਮ ਅਧਾਰ ਹੈ", ਜੀਵਨ ਦਾ। ਇਸ ਤੋਂ ਇਹ ਭੀ ਭੁਲੇਖਾ ਲੱਗਦਾ ਹੈ ਕਿ ਇਹ ਭਗਤ ਜੀ ਦਾ ਸਿਧਾਂਤ ਹੈ (ਅਤੇ ਗੁਰਮਤ ਦਾ ਵੀ), ਪਰ ਅਜਿਹਾ ਨਹੀਂ ਕਿਉਂਕਿ ਅੰਤ ਵਿਚ ਆਪ ਲਿਖਦੇ ਹਨ ਕਿ "ਪ੍ਰੇਮ ਭਗਤਿ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ॥" ਇਸ ਨੁਕਤੇ ਨੂੰ ਸਮਝਣਾ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਦੇ ਹੀ ਖਿਆਲ ਗੁਰੂ ਨਾਨਕ, ਆਸਾ ਕੀ ਵਾਰ ਵਿਚ ਪੰਨਾ 465 `ਤੇ ਲਿਖਦੇ ਹੋਏ ਕਹਿੰਦੇ ਹਨ -

ਸਲੋਕ ਮਃ 1 ॥ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਜੋਗੀ ਸੁੰਨਿ ਧਿਆਵਨਿ੍ ਜੇਤੇ ਅਲਖ ਨਾਮੁ ਕਰਤਾਰੁ ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 465)

ਇਨ੍ਹਾਂ ਤੁੱਕਾਂ ਵਿਚ ਵੀ ਗੁਰੂ ਨਾਨਕ ਆਪਣਾ ਨਹੀਂ ਸਗੋਂ ਮੁਸਲਮਾਨਾਂ, ਹਿੰਦੂਆਂ ਅਤੇ ਜੋਗੀਆਂ ਦੇ ਸਿਧਾਂਤ ਦਾ ਜਿਕਰ ਕਰਦੇ ਹਨ। ਇਸ ਪਉੜੀ ਦੇ ਅੰਤ ਵਿਚ ਗੁਰਮਤਿ ਸਿਧਾਂਤ ਇਸ ਤਰ੍ਹਾਂ ਪੇਸ਼ ਕਰਦੇ ਹਨ -

ਨਾਨਕ, ਭਗਤਾ ਭੁਖ ਸਾਲਾਹਣੁ, ਸਚੁ ਨਾਮ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ॥

ਇਸ ਤਰ੍ਹਾਂ ਭਗਤ ਰਵਿਦਾਸ ਜੀ "ਕਲਿ ਕੇਵਲ ਨਾਮ ਅਧਾਰ" ਵਿਚ ਆਪਣਾ ਖਿਆਲ ਨਹੀਂ ਦੱਸ ਰਹੇ, ਉਹ ਤਾਂ ਇਹ ਖਿਆਲ ਨੂੰ ਅੱਗੇ ਤੋਰਦੇ ਹੋਏ ਆਪ ਪੁੱਛ ਰਹੇ ਹਨ ਕਿ -

ਪਾਰ ਕੈਸੇ ਪਾਇਬੋ ਰੇ॥ ਮੋ ਸਉ ਕੋਊ ਨ ਕਹੈ ਸਮਝਾਇ॥ ਜਾ ਤੇ ਆਵਾ ਗਵਨੁ ਬਿਲਾਇ ॥1॥ ਰਹਾਉ॥

"ਕਲਿ ਕੇਵਲ ਨਾਮ ਅਧਾਰ" ਦੀ ਅੱਗੇ ਗੱਲ ਤੋਰਨ ਤੋਂ ਪਹਿਲਾਂ ਪੰਨਾ 1159 ਤੇ ਰਾਗ ਭੈਰਉ ਵਿਚ ਭਗਤ ਕਬੀਰ ਦਾ ਉਚਾਰਿਆ ਇਹ ਸ਼ਬਦ ਵੀ ਧਿਆਨ ਯੋਗ ਹੈ ਜਦੋਂ ਸ਼ਬਦ ਦੇ ਅੰਤ ਵਿਚ ਆਪ ਲਿਖਦੇ ਹਨ -

ਜੋਗੀ, ਗੋਰਖੁ ਗੋਰਖੁ ਕਰੈ॥ ਹਿੰਦੂ ਰਾਮ ਨਾਮ ਉਚਰੈ॥ ਮੁਸਲਮਾਨ ਦਾ ਏਕ ਖੁਦਾਇ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥4॥3॥11॥

(ਪੰਨਾ 1159)

ਇੱਥੇ ਕਬੀਰ ਜੀ ਵੀ ਜੋਗੀ, ਹਿੰਦੂ ਅਤੇ ਮੁਸਲਮਾਨਾਂ ਦੇ ਮਿੱਥੇ ਹੋਏ ਇਸ਼ਟ-ਪਰਮਾਤਮਾ ਦੀ ਨਿਖੇਧੀ ਕਰਦੇ ਹਨ। ਆਪਣਾ ਸਿਧਾਂਤ ਨਹੀਂ ਪੇਸ਼ ਕਰ ਰਹੇ। ਆਖਰੀ ਤੁੱਕ ਵਿਚ ਆਪਣਾ ਸਿਧਾਂਤ ਦਸਦੇ ਹੋਇਆਂ ਪਰਮਾਤਮਾ ਬਾਰੇ ਆਪ ਲਿਖਦੇ ਹਨ ਕਿ "ਕਬੀਰ ਕਾ ਸੁਆਮੀ ਰਹਿਆ ਸਮਾਇ ॥" ਭਾਵ ਪਰਮਾਤਮਾ ਹਰ ਥਾਂ ਜ਼ਰੇ-ਜ਼ਰੇ ਵਿਚ ਵੱਸਦਾ ਹੈ। ਇਸੇ ਸ਼ਬਦ ਦੀ ਰਹਾਉ ਦੀ ਤੁੱਕ ਵਿਚ ਭਗਤ ਕਬੀਰ ਜੀ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਦੱਸਦੇ ਹਨ ਕਿ -

ਹੈ ਹਜੂਰਿ, ਕਤਿ ਦੂਰਿ ਬਤਾਵਹੁ ॥ ਦੁੰਦਰ ਬਾਧਹੁ, ਸੁੰਦਰ ਪਾਵਹੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1159)

ਭਾਵ: ਹੇ ਮੁੱਲਾ! ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ। ਤੁਸੀਂ ਉਸ ਨੂੰ ਦੂਰ ਕਿਉਂ ਦਸਦੇ ਹੋ? ਜੇ ਉਸ ਸੋਹਣੇ ਰੱਬ ਨੂੰ ਮਿਲਣਾ ਹੈ, ਤਾਂ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥1॥ਰਹਾਉ॥

ਕਬੀਰ ਜੀ ਜਿਸ "ਰਾਮ ਨਾਮ" ਦੀ ਨਿਖੇਧੀ ਕਰਦੇ ਹਨ ਉਸੇ "ਨਾਮ ਅਧਾਰ" ਦੀ ਗੱਲ ਕਰਕੇ ਭਗਤ ਰਵਿਦਾਸ ਜੀ ਇਸ ਸ਼ਬਦ ਵਿਚ ਸਵਾਲ ਕਰਦੇ ਹਨ ਕਿ "ਪਾਰ ਕੈਸੇ ਪਾਇਬੋ ਰੇ"।

ਤਾਂ ਫਿਰ, ਜਿਨ੍ਹਾਂ ਲੋਕਾਂ ਨੇ ਜੁਗਾਂ ਦੀ ਵੰਡ ਕਰਕੇ "ਕਲਿ ਕੇਵਲ ਨਾਮ ਅਧਾਰ" ਆਖਿਆ ਹੈ, ਉਨ੍ਹਾਂ ਨੇ "ਨਾਮ" ਨੂੰ ਕੀ ਸਮਝਿਆ ਸੀ? ਭਗਤ ਰਵਿਦਾਸ ਜੀ ਨੇ ਇਸ "ਨਾਮ" ਦੀ ਨਿਖੇਧੀ ਕਿਉਂ ਕੀਤੀ? ਇਹ ਕਹਿੜਾ "ਨਾਮ" ਹੈ? ਇਹ ਹੈ "ਅਵਤਾਰੀ ਰਾਮ ਦਾ ਨਾਮ" ਜੋ ਕਿ ਦਸ਼ਰਥ ਦਾ ਪੁੱਤਰ ਸੀ ਤੇ ਜੋ ਤ੍ਰੇਤੇ ਜੁਗ ਦਾ ਅਵਤਾਰ ਸੀ। ਇਹ ਹੈ "ਅਵਤਾਰ-ਭਗਤੀ" ਜਾਂ "ਮੂਰਤੀ ਪੂਜਾ"। ਹਿੰਦੂ ਸਾਸ਼ਤਰਾਂ ਦੀ ਵੰਡ ਅਨੁਸਾਰ, "ਦਾਨ" ਆਦਿ "ਸਤਿਜੁਗ" ਦਾ ਧਰਮ-ਕਰਮ ਹੈ, "ਜੱਗ ਆਦਿ ਕਰਨੇ" "ਤ੍ਰੇਤੇ ਜੁਗ" ਦਾ ਧਰਮ-ਕਰਮ ਹੈ, ਦੇਵਤਿਆਂ ਦੀ "ਪੂਜਾ" ਹੈ, "ਦੁਆਪਰ" ਦਾ ਧਰਮ ਕਰਮ ਅਤੇ "ਅਵਤਾਰ-ਭਗਤੀ", ਜਿਸਨੂੰ "ਮੂਰਤੀ ਪੂਜਾ" ਵੀ ਕਿਹਾ ਜਾਂਦਾ ਹੈ, "ਕਲਜੁਗ" ਦਾ ਧਰਮ-ਕਰਮ ਹੈ। ਭਗਤਿ ਰਵਿਦਾਸ ਜੀ ਅਨੁਸਾਰ ਚਾਰੇ ਧਰਮ-ਕਮਾਉਣ ਤੋਂ ਕੀ ਫਲ ਮਿਲਦਾ ਹੈ, ਇਸ ਬਾਰੇ ਲਿਖਦੇ ਹਨ:

"ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥"

"ਮੂਰਤੀ ਪੂਜਾ" ਬਾਰੇ ਗੁਰੂ ਅਰਜਨ ਦੇਵ ਜੀ ਲਿਖਦੇ ਹਨ:

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥

ਭਾਵ: ਸਾਡਾ ਪਰਮਾਤਮਾ ਸਦਾ ਬੋਲਦਾ ਹੈ। ਉਹ ਪ੍ਰਭੂ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥1॥ਰਹਾਉ॥

ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ, ਉਨ੍ਹਾਂ ਦੀ ਕੀਤੀ ਘਾਲ-ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ ਦੀ ਮੂਰਤੀ ਦੇ ਪੈਰੀਂ ਪੈਂਦੇ ਹਨ, ਉਨ੍ਹਾਂ ਦੀ ਕੀਤੀ ਮਿਹਨਤ ਅਜਾਂਈ ਚਲੀ ਜਾਂਦੀ ਹੈ।

ਗੁਰਬਾਣੀ ਵਿਚ ਇਹ ਸਿਧਾਂਤ ਅਪਣਾਇਆ ਗਿਆ ਹੈ ਕਿ ਜਿੱਥੇ ਕਿਤੇ ਦੂਜੇ ਧਰਮਾਂ ਦੇ ਸਿਧਾਂਤਾਂ ਦੀ ਗੱਲ ਕਹੀ ਗਈ ਹੈ, ਉੱਥੇ ਆਪਣਾ ਸਿਧਾਂਤ ਦੇਣ ਤੋਂ ਪਹਿਲਾਂ ਦੂਜੇ ਧਰਮਾਂ ਦੇ ਸਿਧਾਂਤਾਂ ਦੀ ਪਹਿਲਾਂ ਗੱਲ ਕਹੀ ਜਾਂਦੀ ਹੈ। ਅੰਤ ਵਿਚ ਗੁਰਮਤ ਸਿਧਾਂਤ ਅਨੁਸਾਰ ਆਪਣਾ ਫੈਸਲਾ ਦਿੱਤਾ ਜਾਂਦਾ ਹੈ। ਸੋ "ਕਲਿ ਕੇਵਲ ਅਧਾਰ" ਤੋਂ ਕੋਈ ਭੁਲੇਖਾ ਨਹੀਂ ਖਾਣਾ। ਇਹ ਗੁਰਮਤ ਸਿਧਾਂਤ ਨਹੀਂ। ਇਸ ਦਾ ਮਤਲਬ ਹੈ ਮੂਰਤੀ ਪੂਜਾ। ਗੁਰਸਿੱਖ ਕਦੇ ਵੀ ਮੂਰਤੀ ਪੂਜਾ ਨਹੀਂ ਕਰਦਾ।

ਇਹੀ ਸਤਗੁਰਿ ਦਾ ਮਾਰਗ ਹੈ। ਜੀਵਨ ਦੀ ਸਫਲਤਾ ਵਾਸਤੇ ਇਸੇ ਗੁਰ-ਮਾਰਗ ਤੇ ਗੁਰਸਿੱਖਾਂ ਨੇ ਚੱਲਣਾ ਹੈ। ਆਪਣੇ ਸਤਿਗੁਰੂ, ਕੇਵਲ ਗੁਰੂ ਗ੍ਰੰਥ ਸਾਹਿਬ ਤੇ ਹੀ ਭਰੋਸਾ ਰੱਖਣਾ ਹੈ।

ਔਖੇ ਸ਼ਬਦਾ ਦੇ ਅਰਥ:

1. ਸਤੁ-ਦਾਨ, 2. ਜਗੀ - ਜੱਗ ਕਰਕੇ, 3. ਪੂਜਾਚਾਰ - ਦੇਵਤਿਆਂ ਦੀ ਪੂਜਾ, 4. ਨਾਮ-ਅਧਾਰ - ਰਾਮ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਦੇ ਨਾਮ ਦਾ ਜਾਪ, 5. ਪਾਰੁ - ਸੰਸਾਰ ਸਮੁੰਦਰ ਦਾ ਪਲਾ ਕੰਢਾ, 6. ਪਾਇਬੋ - ਪਾਉਂਗੇ, 7. ਬਿਲਾਇ - ਦੂਰ ਕਰ ਦੇਵੇ, 8. ਧਰਮ - ਵੱਖ-ਵੱਖ ਕਰਤਬ, 9. ਨਿਰੂਪੀਏ - ਮਿੱਥੇ ਗਏ, 10. ਜਿਹ ਸਾਧੇ - ਜਿਸ ਧਾਰਮਿਕ ਰਸਮ ਦੇ ਕਰਨ ਨਾਲ, 11. ਸਿਧਿ - ਕਾਮਯਾਬੀ, 12. ਸੰਸਾ - ਫਿਕਰ, 13. ਬਾਹੁਰ - ਬਾਹਰਲਾ ਪਾਸਾ, 14. ਉਦਕਿ - ਪਾਣੀ ਨਾਲ, 15. ਪਖਾਰੀਐ - ਧੋ ਦੇਈਏ, 16. ਰਜਨੀ - ਰਾਤ, 17. ਉਨਮਨ ਮਨ - ਤਾਂਘ, 18. ਨਿਗ੍ਰਹ - ਰੋਕਣਾ

ਸ਼ਬਦ ਦੇ ਅਰਥ:

ਪਰ, ਹੇ ਪੰਡਿਤ! ਇਨ੍ਹਾਂ ਜੁਗਾਂ ਦੇ ਵੰਡੇ ਹੋਏ ਕਰਮਾਂ-ਧਰਮਾਂ ਨਾਲ, ਸੰਸਾਰ-ਸਮੁੰਦਰ ਦਾ ਪਾਰਲਾ ਬੰਨਾਂ ਕਿਵੇਂ ਲੱਭੋਗੇ? ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਜਿਸ ਦੀ ਸਹਾਇਤਾ ਨਾਲ ਮਨੁੱਖ ਦੇ ਜਨਮ-ਮਰਨ ਦਾ ਗੇੜ ਮੁੱਕ ਸਕੇ ॥1॥ਰਹਾਉ॥

1. ਹੇ ਪੰਡਿਤ ਜੀ! ਤੁਸੀਂ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ। ਇਸ ਅਨੁਸਾਰ ਸਤਜੁਗ ਵਿਚ ਦਾਨ ਆਦਿ ਪ੍ਰਧਾਨ ਸੀ, ਤ੍ਰੇਤੇ ਜੁਗ ਵਿਚ ਜੱਗ ਕਰਨੇ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ। ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਜੁਗ ਇਨ੍ਹਾਂ ਤਿੰਨਾਂ ਕਰਮਾਂ-ਧਰਮਾਂ ਤੇ ਜੋਰ ਦਿੰਦੇ ਰਹੇ, ਤੇ ਗੁਣ ਕਲਜੁਗ ਵਿਚ ਸਿਰਫ ਰਾਮ ਨਾਮ (ਮੂਰਤੀ ਪੂਜਾ) ਦਾ ਆਸਰਾ ਹੈ ॥1॥

2. ਸ਼ਾਸ਼ਤਰਾਂ ਅਨੁਸਾਰ ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ, ਇਨ੍ਹਾਂ ਸ਼ਾਸ਼ਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹੀ ਮਿੱਥੇ ਹੋਏ ਕਰਮ-ਧਰਮ ਕਰਦਾ ਦਿਸ ਰਿਹਾ ਹੈ, ਪਰ ਕਿਸ ਕਰਮ-ਧਰਮ ਦੇ ਕਰਨ ਨਾਲ ਆਵਾਗਮਨ ਤੋਂ ਖਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਾਤਾ ਹੁੰਦੀ ਹੈ? ਇਹ ਗੱਲ ਤੁਸੀਂ ਮੈਨੂੰ ਨਹੀਂ ਦੱਸ ਸਕੇ ॥2॥

3. ਵੇਦਾਂ ਅਤੇ ਪੁਰਾਣਾਂ ਨੂੰ ਸੁਣ ਕੇ ਸਗੋਂ ਹੋਰ-ਹੋਰ ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸ਼ਤਰਾਂ ਦੇ ਅਨੁਸਾਰ ਹੈ ਅਤੇ ਕਿਹੜਾ ਕਰਮ ਸ਼ਾਸ਼ਤਰਾਂ ਨੇ ਵਰਜਿਆ ਹੈ। ਇਨ੍ਹਾਂ ਵਰਨ ਆਸ਼ਰਮਾਂ ਦੇ ਕਰਮ-ਧਰਮ ਕਰਦਿਆਂ ਹੀ, ਮਨੁੱਖ ਦੇ ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, ਫਿਰ ਉਹ ਕਿਹੜਾ ਕਰਮ-ਧਰਮ ਤੁਸੀਂ ਦੱਸਦੇ ਹੋ, ਜੋ ਮਨ ਦਾ ਹੰਕਾਰ ਦੂਰ ਕਰ ਸਕੇ? ॥3॥

4. ਹੇ ਪੰਡਿਤ! ਤੁਸੀਂ ਤੀਰਥ-ਇਸ਼ਨਾਨ ਤੇ ਜੋਰ ਦਿੰਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, ਕਿ ਇਸ ਤੀਰਥ-ਇਸ਼ਨਾਨ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਇਹ ਸੁੱਚ ਤਾਂ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ॥4॥

5. ਪਰ ਹੇ ਪੰਡਿਤ! ਸਾਰਾ ਸੰਸਾਰ ਇਹ ਜਾਣਦਾ ਹੈ ਕਿ ਸੂਰਜ ਦੇ ਚੜ੍ਹਦਿਆਂ ਸਾਰ ਜਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਆਂ ਉਸ ਦਾ ਸੋਨਾ ਬਣਨ ਵਿਚ ਦੇਰ ਨਹੀਂ ਲੱਗਦੀ ॥5॥

6. ਇਸੇ ਤਰ੍ਹਾਂ ਜੇ ਪੂਰਬਲੇ ਭਾਗ ਜਾਗ ਪੈਣ ਤਾਂ ਸਤਿਗੁਰ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਦਾ ਪਾਰਸ ਹੈ। ਗੁਰੂ-ਕਿਰਪਾ ਨਾਲ ਮਨ ਵਿਚ ਪਰਾਮਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਅਤੇ ਮਨ ਦੇ ਕਰੜੇ ਕਵਾੜ ਖੁੱਲ੍ਹ ਜਾਂਦੇ ਹਨ ॥6॥

7. ਜਿਸ ਮਨੁੱਖ ਨੇ ਪ੍ਰਭੂ ਦੀ ਘਤੀ ਵਿਚ ਜੁੜ ਕੇ ਇਸ ਭਗਤੀ ਦੀ ਬਰਕਤ ਨਾਲ ਭਟਕਣਾਂ, ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ, ਉਹੀ ਮਨੁੱਖ ਪ੍ਰਭੂ ਦੀ ਯਾਦ ਵਿਚ ਟਿਕ ਕੇ ਆਨੰਦ ਨਾਲ ਪ੍ਰਭੂ ਨੂੰ ਅੰਤਰ-ਆਤਮੇ ਮਿਲ ਪੈਂਦਾ ਹੈ ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ। ਪਰਮਾਤਾਮ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥7॥

8. ਪ੍ਰਭੂ ਦੀ ਯਾਦ ਤੋਂ ਬਿਨ੍ਹਾਂ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਜੇ ਹੋਰ ਅਨੇਕਾਂ ਯਤਨ ਭੀ ਕੀਤੇ ਜਾਣ ਤਾਂ ਭੀ ਵਿਕਾਰਾਂ ਵਿਚ ਭਟਕਣ ਦੀ ਫਾਹੀ ਟਲਿਆਂ ਨਹੀਂ ਟਲਦੀ। ਕਰਮ-ਕਾਂਡਾਂ ਦੇ ਇਨ੍ਹਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ ਹਿਰਦੇ ਵਿਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਨ੍ਹਾਂ ਕਰਮਾਂ-ਧਰਮਾਂ ਤੋਂ ਉਦਾਸ ਹਾਂ (ਅਤੇ ਮੈਂ ਇਹ ਕਰਮ-ਧਰਮ ਨਹੀਂ ਕਰਦਾ।) ॥8॥1॥

ਨੋਟ: ਆਸਾਰ ਕੀ ਵਾਰ ਵਿਚ ਗੁਰੂ ਨਾਨਕ ਨੇ ਪੰਨਾ 470 ਤੇ ਅਤੇ ਰਾਮਕਲੀ ਰਾਗ ਵਿਚ ਪੰਨਾ 880 ਤੇ ਗੁਰੂ ਅਮਰ ਦਾਸ ਜੀ ਨੇ ਵੀ ਜੁਗਾਂ ਦੀ ਵੰਡ ਨੂੰ ਮਨੁੱਖਾਂ ਦੀ ਦੇਣ ਹੀ ਸਮਝਿਆ ਹੈ। ਪਰਮਾਤਮਾ ਸਮੈਂ ਅਤੇ ਕਾਲ ਦੇ ਕੰਟਰੋਲ ਵਿਚ ਨਹੀਂ। ਸੋ ਉਸ ਦੀ ਹੀ ਭਗਤੀ ਕਰਨੀ ਫਬਦੀ ਹੈ।

ਭਾਉ ਭਗਤਿ ਕਰਿ ਨੀਚ ਸਦਾਏ ॥ ਤੁਉ ਨਾਨਕ ਮੋਖੰਤਰ ਪਾਏ ॥

(ਆਸਾ ਕੀ ਵਾਰ, ਪੰਨਾ 470)

ਜੁਗ ਚਾਰੇ ਨਾਮ ਵਡਿਆਈ ਹੋਈ ॥ ਜਿ ਨਾਮਿ ਲਾਗੈ ਸੋ ਮੁਕਤ ਹੋਵੈ, ਗੁਰ ਬਿਨੁ ਨਾਮ ਨ ਪਾਵੈ ਕੋਈ ॥

(ਪੰਨਾ 880)

ਸ਼ਬਦ ਦਾ ਭਾਵ: ਇਹ ਗੱਲ ਗਲਤ ਹੈ ਕਿ ਹਿਰਦੇ ਵਿਚ ਪਰਮਾਤਮਾ ਦੀ ਪ੍ਰੇਮ ਭਗਤੀ ਪੈਦਾ ਕਰਨ ਲਈ ਹਰੇਕ ਜੁਗ ਵਿਚ ਮਨੁੱਖ ਵਾਸਤੇ ਵੱਖ-ਵੱਖ ਕਰਮ-ਧਰਮ ਪ੍ਰਧਾਨ ਰਹੇ ਹਨ। ਕੋਈ ਦਾਨ, ਜੱਗ, ਦੇਵ-ਪੂਜਾ, ਅਵਤਾਰ-ਭਗਤੀ (ਮੂਰਤੀ ਪੂਜਾ) ਤੀਰਥ ਇਸ਼ਨਾਨ ਆਦਿ ਮਨੁੱਖ ਨੂੰ ਮਾਇਆ ਦੀ ਫਾਹੀ ਤੋਂ ਨਹੀਂ ਬਚਾ ਸਕਦਾ ਅਤੇ ਨਾ ਹੀ ਪ੍ਰਭੂ ਚਰਨਾਂ ਵਿਚ ਜੋੜ ਸਕਦਾ ਹੈ।

ਸੋ ਗੁਰਬਾਣੀ ਦਾ ਇਹੀ ਆਸ਼ਾ ਹੈ ਕਿ ਕੋਈ ਮਿੱਥਿਆਂ ਹੋਇਆ ਸਤਜੁਗ, ਤ੍ਰੇਤਾ, ਦੁਆਪਰ ਤਾਂ ਕਲਜੁਗ ਹੋਵੇ ਜਾਂ ਨਾ ਦੁਨੀਆਂ ਦੇ ਵਿਕਾਰਾਂ ਤੋਂ ਬਚ ਕੇ ਜੀਵਨ ਦਾ ਸਹੀ ਰਸਤਾ ਲੱਭਣ ਲਈ "ਪਰਮਾਤਮਾ ਦੀ ਭਗਤੀ" ਹੀ ਇੱਕੋ-ਇੱਕ ਯਤਨ ਹੈ ਜੋ ਠੀਕ ਹੈ। ਪਰਮਾਤਮਾ ਦੀ ਭਗਤੀ ਕਰਕੇ ਹੀ ਸਾਨੂੰ "ਜਨਮ-ਮਰਨ" ਦੇ ਗੇੜ ਤੋਂ ਸੁਰਖਰੂ ਕਰ ਸਕਦੀ ਹੈ। ਤਾਂ ਤੇ ਅੱਜ ਤੋਂ ਸਭ ਫੋਕਟ ਕਰਮਾਂ-ਧਰਮਾਂ, ਵਹਿਮਾਂ-ਭਰਮਾਂ ਨੂੰ ਛੱਡ ਕੇ ਪ੍ਰਭੂ ਭਗਤੀ ਵਿਚ ਜੁਟ ਜਾਣਾ ਚਾਹੀਦਾ ਹੈ।

ਭਗਤ ਰਵਿਦਾਸ ਆਪਣੀ ਜਾਤ ਅਤੇ ਜਨਮ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਲਿਖਦੇ ਹਨ ਕਿ -

1. ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੇ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥1॥

(ਰਾਗ ਮਲਾਰ ਪੰਨਾ 1293)

2. ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥1॥ਰਹਾਉ॥

(ਰਾਗ ਸੋਰਠ, ਪੰਨਾ 659)

ਨੋਟ: ਗੁਰਸਿੱਖ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਰੱਖਦੇ। ਭਗਤ ਰਵਿਦਾਸ ਜੀ ਇਨ੍ਹਾਂ ਸ਼ਦਾਂ ਵਿਚ ਪੰਡਤਾਂ ਦੇ ਉਨ੍ਹਾਂ ਦੀ ਜਾਤ ਪ੍ਰਤੀ ਮਖੌਲ ਦਾ ਜਵਾਬ ਦੇ ਰਹੇ ਹਨ।

ਡਾ. ਸ਼ਮਸ਼ੇਰ ਸਿੰਘ ਅਸ਼ੋਕ ਮੁਤਾਬਕ ਭਗਤ ਰਵਿਦਾਸ ਜੀ ਦਾ ਜਨਮ ਸੰਮਤ 1456 (ਸਨ 1399) ਬਨਾਰਸ ਦੇ ਨਜਦੀਕ ਪਿੰਡ ਭਾਡੂਰ ਜਾਂ ਮੰਡੂਰ ਵਿਖੇ ਹੋਇਆ। ਭਾਈ ਕਾਹਨ ਸਿੰਘ ਨਾਭਾ ਮੁਤਾਬਕ ਆਪ ਦੇ ਪਿਤਾ ਦਾ ਨਾਮ ਸੰਤੋਖਾ ਅਤੇ ਮਾਤਾ ਦਿਆਰੀ ਸੀ।

ਕਿਉਂਕਿ ਉਸ ਵਕਤ ਸਮਾਜਿਕ ਕੁਰੀਤੀਆਂ ਕਰਕੇ ਸ਼ੂਦਰਾਂ ਨੂੰ ਪੜ੍ਹਾਈ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਇਸ ਲਈ ਭਗਤ ਰਵਿਦਾਸ ਕਿਸੇ ਪਾਠਸ਼ਾਲਾ ਤੋਂ ਪੜ੍ਹਾਈ ਨਾ ਕਰ ਸਕੇ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਜਤਨਾਂ ਸਦਕਾ ਪ੍ਰਾਚੀਨ ਧਾਰਮਿਕ ਗ੍ਰੰਥਾਂ ਅਤੇ ਪ੍ਰਚਲਤ ਧਰਮਾਂ ਬਾਰੇ ਜਾਣਕਾਰੀ ਹਾਸਲ ਕਰ ਲਈ। ਉਨ੍ਹਾਂ ਦੀ ਰਚੀ ਬਾਣੀ ਤੋਂ ਇਹ ਭੀ ਪਤਾ ਚੱਲਦਾ ਹੈ ਕਿ ਆਪ ਨੂੰ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ।

ਭਗਤ ਰਵਿਦਾਸ ਜੀ 7 ਸਾਲ ਦੀ ਛੋਟੀ ਉਮਰ ਤੋਂ ਹੀ ਪ੍ਰਭੂ ਭਗਤੀ ਵੱਲ ਲੱਗ ਗਏ ਸਨ। ਆਪ ਸੰਸਾਰਕ ਕੰਮਾਂ ਤੋਂ ਉਪਰਾਮ ਰਹਿੰਦੇ ਸਨ ਅਤੇ ਸੰਤ-ਜਨਾਂ ਦੀ ਸੇਵਾ ਵਿਚ ਮਗਨ ਰਹਿੰਦੇ ਸਨ। ਆਪ ਨੂੰ ਸੰਸਾਰਕ ਰੁਚੀਆਂ ਵਿਚ ਬੰਨਣ ਵਾਸਤੇ ਆਪ ਜੀ ਦੇ ਮਾਪਿਆਂ ਨੇ ਭਗਤ ਰਵਿਦਾਸ ਜੀ ਦੀ ਸ਼ਾਦੀ ਮਾਤਾ ਲੋਨਾ (ਲੋਣਾ) ਪੁੱਤਰੀ ਸ਼੍ਰੀ ਹਾਰੂ ਜੀ ਪਿੰਡ ਮਿਰਜਾਪੁਰ ਨਾਲ ਕਰ ਦਿੱਤੀ। "ਰਵਿਦਾਸ ਪੁਰਾਣ" ਅਨੁਸਾਰ ਆਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਵਿਜਯ ਦਾਸ ਸੀ। ਸ਼ਾਦੀ ਮਗਰੋਂ ਆਪ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਪੂਰਾ ਸਹਿਯੋਗ ਦਿੱਤਾ।

ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਨੇ ਭਗਤ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕੀਤਾ। ਉਨ੍ਹਾਂ ਤੋਂ ਉਪਦੇਸ਼ ਲੈ ਕੇ ਆਪ ਨੇ ਮਾਨਵ ਕਲਿਆਣ ਦਾ ਬੀੜਾ ਚੁੱਕਿਆ ਸੀ। ਰੋਜੀ ਵਾਸਤੇ ਆਪ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ।

ਬਹੁਤਾ ਸਮਾਂ ਆਪ ਜੀ ਨੇ ਬਨਾਰਸ (ਕਾਂਸ਼ੀ) ਵਿਚ ਰਹਿ ਕੇ ਹੀ ਲੋਕਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ। ਫਿਰ ਵੀ ਆਪ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ। ਕੁੱਝ ਰਾਜੇ, ਰਾਣੀਆਂ ਅਤੇ ਵਿਦਵਾਨ ਪੰਡਿਤ ਵੀ ਆਪ ਦੇ ਸ਼ਰਧਾਲੂ ਬਣ ਗਏ। ਇਸ ਗੱਲ ਦਾ ਜ਼ਿਕਰ ਆਪ ਆਪਣੀ ਬਾਣੀ ਵਿਚ ਇਹ ਕਹਿੰਦਿਆਂ ਕਰਦੇ ਹਨ ਕਿ ਮੇਰਾ ਜਨਮ ਮਰੇ ਹੋਏ ਪਸ਼ੂ ਢੋਣ, ਚੰਮ ਕੁੱਟਣ ਅਤੇ ਵੱਢਣ ਵਾਲੇ ਚੀਚ ਕਹੇ ਜਾਂਦੇ ਲੋਕਾਂ ਵਿਚ ਹੋਇਆ ਹੇ ਪਰ ਪ੍ਰਭੂ! ਤੇਰੀ ਸ਼ਰਨ ਵਿਚ ਆਉਣ ਕਰਕੇ ਵੱਡੇ-ਵੱਡੇ ਬ੍ਰਾਹਮਣ ਵੀ ਮੈਨੂੰ ਨਮਸਕਾਰ ਕਰਦੇ ਹਨ:

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥

(ਗੁਰੂ ਗ੍ਰੰਥ ਸਾਹਿਬ, 1293)

ਔਖੇ ਸ਼ਬਦਾਂ ਦੇ ਅਰਥ:

1. ਬਾਢਲਾ: ਚੰਮ ਕੁਟਣ ਅਤੇ ਵੱਢਣ ਵਾਲੇ, 2. ਢੋਰ - ਪਸ਼ੂ, 3. ਬਿਪ੍ਰ - ਬ੍ਰਾਹਮਣ, 4. ਡੰਡਉਤਿ - ਨਮਸਕਾਰ, 5. ਸਰਵਾਇ - ਪ੍ਰਭੂ ਦੀ ਸ਼ਰਣ।

ਪ੍ਰਭੂ ਦੀ ਯਾਦ ਵਿਚ ਜੁੜੇ ਰਹਿਣ ਕਾਰਨ ਆਪ ਦੀ ਸਖਸ਼ੀਅਤ ਵਿਚ ਹੋਰ ਭੀ ਨਿਖਾਰ ਆਇਆ ਅਤੇ ਦੈਵੀ ਤੇ ਨੈਤਿਕ ਗੁਣਾਂ ਵਿਚ ਵਾਧਾ ਹੋਇਆ। ਆਪ ਨਿਰਵੈਰਤਾ, ਨਿਡਰਤਾ, ਸੱਚ ਕਹਿਣ ਦੀ ਦਲੇਰੀ, ਮਨੁੱਖਤਾ ਨਾਲ ਪਿਆਰ, ਨਿਸ਼ਕਾਮ ਸੇਵਾ ਦੀ ਭਾਵਨਾ, ਖੁੱਲ੍ਹ-ਦਿਲੀ, ਸ਼ਾਂਤਿ ਸੁਭਾਅ, ਲੋੜਵੰਦਾਂ ਦੀ ਮਦਦ ਕਰਨ ਵਰਗੇ ਗੁਣਾਂ ਦੇ ਮਾਲਕ ਸਨ।

ਆਪ ਜੀ ਭਗਤ ਕਬੀਰ ਜੀ ਦੇ ਸਮਕਾਲੀ ਸਨ। ਉਨ੍ਹਾਂ ਨਾਲ ਆਪ ਦਾ ਮਿਲਾਪ ਭੀ ਹੋਇਆ ਜਿਸ ਨੇ ਆਪ ਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਇਸ ਤਰ੍ਹਾਂ ਆਪ ਆਪਣੇ ਵਿਚਾਰਾਂ ਦਾ ਪ੍ਰਚਾਰ ਹੋਰ ਭੀ ਦ੍ਰਿੜਤਾ ਨਾਲ ਕਰਨ ਲੱਗ ਪਏ।

ਆਪਣੇ ਜੀਵਨ ਦੇ ਆਖੀਰਲੇ ਦਿਨਾਂ ਵਿਚ ਆਪ ਆਪਣੀ ਪਤਨੀ ਸਮੇਤ ਮੀਰਾਂ ਬਾਈ ਦੇ ਸੱਦੇ ਤੇ ਚਿਤੌੜ ਚਲੇ ਗਏ। ਭਜਨ ਬੰਦਗੀ ਅਤੇ ਪ੍ਰਚਾਰ ਕਰਦੇ ਹੋਏ ਉੱਥੇ ਹੀ ਸੰਨ 1518 (ਸੰਮਤ 1675) ਨੂੰ ਅਕਾਲ ਚਲਾਣਾ ਕਰ ਗਏ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਦੇ 40 ਸ਼ਬਦ 16 ਰਾਗਾਂ ਵਿਚ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਨੰ ਰਾਗ ਸ਼ਬਦਾਂ ਦੀ ਗਣਤੀ

1. ਸਿਰੀ ਰਾਗ 1

2. ਰਾਗੁ ਗਉੜੀ 5

3. ਰਾਗੁ ਆਸਾ 6

4.  ਰਾਗੁ ਗੂਜਰੀ 1

5. ਰਾਗੁ ਸੋਰਠਿ 7

6. ਰਾਗੁ ਧਨਾਸਰੀ 3

7. ਰਾਗੁ ਜੈਤਸਰੀ 1

8. ਰਾਗੁ ਸੂਹੀ 3

9. ਰਾਗੁ ਬਿਲਾਵਲੁ 2

10. ਰਾਗੁ ਗੋਡ 2

11. ਰਾਗੁ ਰਾਮਕਲੀ 1

12. ਰਾਗੁ ਮਾਰੂ 2

13. ਰਾਗੁ ਕੇਦਾਰਾ 1

14. ਰਾਗੁ ਭੈਰਉ 1

15. ਰਾਗੁ ਬਸੰਤ 1

16. ਰਾਗੁ ਮਲਾਰ 1

ਕੁੱਲ 40

ਮੁੱਖ ਉਪਦੇਸ਼: ਆਪ ਜੀ ਦੀ ਬਾਣੀ ਵਿਚੋਂ ਸੰਖੇਪ ਰੂਪ ਵਿਚ ਆਪ ਦੇ ਉਪਦੇਸ਼ ਇਸ ਤਰ੍ਹਾਂ ਹਨ:

1. ਜੀਵਨ ਮਨੋਰਥ: ਮਨੁੱਖਾ ਜੀਵਨ ਦਾ ਮੁੱਖ ਉਦੇਸ਼ ਪਰਮਾਤਮਾ ਨਾਲ ਇਕ-ਮਿਕ ਹੋਣਾ ਹੈ।

2. ਪ੍ਰਭੂ ਸਰਬ ਵਿਆਪਕ ਹੈ। ਉਸ ਦੀ ਜੋਤ ਹਰ ਜੀਵਨ ਵਿਚ ਹੈ ਅਤੇ ਸਭ ਜੀਆਂ ਨੂੰ ਸੁੱਖ ਅਤੇ ਦਾਤਾਂ ਬਖਸ਼ਦਾ ਹੈ।

3. ਪ੍ਰਭੂ ਭਗਤੀ ਨਾਲ ਨੀਵੇਂ ਕਹੇ ਜਾਂਦੇ ਲੋਕ ਭੀ ਉੱਚੇ ਹੋ ਜਾਂਦੇ ਹਨ।

4. ਪ੍ਰਭੂ ਨੂੰ ਪ੍ਰਾਪਤ ਕਰਕੇ ਕੋਈ ਸੋਗ, ਦੁੱਖ ਚਿੰਤਾ, ਪਾਪ, ਵਿਕਾਰ ਮਨੁੱਖ `ਤੇ ਅਸਰ ਨਹੀਂ ਪਾ ਸਕਦਾ। ਮੌਤ ਦਾ ਡਰ ਨਹੀਂ ਰਹਿੰਦਾ।

5. ਸਰੀਰਕ ਮੋਹ, ਵਿਕਾਰਾਂ ਅਤੇ ਮਾਇਆ ਦੇ ਬੁਰੇ ਪ੍ਰਭਾਵਾਂ ਤੋਂ ਬਚ ਕੇ ਸ਼ੁੱਧ ਹਿਰਦੇ ਨਾਲ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ।

6. ਕਰਮ-ਕਾਂਡੀ ਪੂਜਾ (ਜਿਵੇਂ ਮੂਰਤੀ ਪੂਜਾ, ਠਾਕੁਰਾਂ ਨੂੰ ਦੁੱਧ ਨਾਲ ਇਸ਼ਨਾਨ ਕਰਵਾਉਣਾ, ਫੁੱਲ ਚੜ੍ਹਾਉਣੇ, ਆਰਤੀ ਉਤਾਰਨੀ) ਦੀ ਪ੍ਰਭੂ ਭਗਤੀ ਵਿਚ ਕੋਈ ਥਾਂ ਨਹੀਂ। ਪਰਮਾਤਮਾ ਕਾਲ ਅਤੇ ਸਮੇਂ ਤੋਂ ਆਜ਼ਾਦ ਹੈ। ਇਸ ਲਈ ਹੋਰਨਾਂ ਨੂੰਛੱਡ ਕੇ ਪ੍ਰਭੂ ਭਗਤੀ ਕਰਨਾ ਹੀ ਮਨੁੱਖਾ ਜੀਵਨ ਲਈ ਉਚਿਤ ਹੈ।

ਬਲਬਿੰਦਰ ਸਿੰਘ ਸਿਡਨੀ (ਅਸਟ੍ਰੇਲੀਆ)




.