.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਬਾਣੀ ਪੜ੍ਹੀਏ ਤੇ ਵਿਚਾਰੀਏ

ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਪੜਾਅ `ਤੇ ਖੜੀ ਹੈ ਉਹ ਬਹੁਤ ਹੀ ਖਤਰਨਾਕ ਪੜਾਅ ਹੈ। ਕਿਤੇ ਵੀ ਚਲੇ ਜਾਓ ਜਾਂ ਜਿੱਥੇ ਵੀ ਚਾਰ ਬੰਦੇ ਜੁੜੇ ਹੁੰਦੇ ਹਨ ਓੱਥੇ ਏਹੀ ਗੱਲ ਹੁੰਦੀ ਹੈ ਕਿ ਨਸ਼ਿਆਂ ਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਚਿੱਟੇ ਨੇ ਘਰਾਂ ਦੇ ਘਰ ਖਾ ਲਏ ਹਨ। ਲਗ-ਪਗ ਹਰ ਘਰ ਦਾ ਆਗੂ ਚਿੰਤਾਤੁਰ ਹੈ। ਸਿਆਣੇ ਸੂਝਵਾਨ ਦਰਦ ਤਾਂ ਬਹੁਤ ਛਿੱਦਤ ਨਾਲ ਮਹਿਸੂਸ ਕਰਦੇ ਹਨ ਪਰ ਹੱਲ ਕੋਈ ਨਹੀਂ ਦੱਸਦਾ। ਨੌਜਵਾਨਾਂ ਦਾ ਨਸ਼ਿਆਂ ਵਲ ਨੂੰ ਪ੍ਰੇਰਤ ਹੋਣਾ, ਕਈ ਬਰੀਕ ਕਾਰਨ ਹਨ, ਜਿਵੇਂ ਪ੍ਰਾਇਮਰੀ ਵਿਦਿਆ ਦੇ ਮਿਆਰ ਵਿੱਚ ਗਿਰਾਵਟ ਆਉਣਾ, ਸਰਕਾਰੀ ਨੌਕਰੀਆਂ ਦੀ ਘਾਟ, ਸ਼ਰਾਬ ਨੂੰ ਸੂਬੇ ਦੀ ਆਮਦਨ ਦਾ ਮੁੱਖ ਸਾਧਨ ਬਣਾਉਣਾ, ਦਿਨ-ਬ-ਦਿਨ ਪੜ੍ਹਾਈ ਮਹਿੰਗੀ ਹੋਣੀ, ਜ਼ਮੀਨਾਂ ਦੀ ਘਾਟ, ਧਾਕੜ ਨੇਤਾਵਾਂ ਵਲੋਂ ਨਸ਼ਿਆਂ ਦੀ ਸਰਪ੍ਰਸਤੀ ਕਰਨੀ ਤੇ ਲੋਕ ਗਾਇਕਾਂ ਵਲੋਂ ਗਭਰੂਆਂ ਨੂੰ ਅਯਾਸ਼ੀ ਵਿੱਚ ਧਿਕੇਲਣਾ ਇਤਆਦਕ ਭਾਂਵੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਅਹਿਮ ਕਾਰਨ ਹੈ ਕਿ ਸਿੱਖ ਨੌਜਵਾਨ ਪੀੜ੍ਹੀ ਆਪਣੇ ਗੌਰਵ ਮਈ ਵਿਰਸੇ ਗੁਰਬਾਣੀ ਤੇ ਸ਼ਾਨਾਮਤੇ ਅਮੀਰ ਇਤਿਹਾਸ ਨੂੰ ਭੁੱਲ ਗਈ ਹੈ।

ਗੁਰਦੁਆਰਿਆਂ ਦੇ ਗੁੰਬਦ ਤੇ ਨਿਸ਼ਾਨ ਸਾਹਿਬ ਅਸਾਂ ਉੱਚੇ ਕਰ ਲਏ ਹਨ ਪਰ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦਾ ਕੋਈ ਵੀ ਠੋਸ ਯਤਨ ਯਤਨ ਨਹੀਂ ਕੀਤਾ ਗਿਆ। ਅੱਜ ਗੁਰਦੁਆਰੇ ਕੇਵਲ ਕਮੇਟੀਆਂ ਲਈ ਅਮਦਨ ਦਾ ਸਾਧਨ ਬਣ ਕੇ ਰਹਿ ਗਏ ਹਨ। ਕੋਈ ਵੀ ਪ੍ਰਬੰਧਕ ਬੱਚਿਆਂ ਦੇ ਤਲ਼ `ਤੇ ਸੋਚਣ ਲਈ ਤਿਆਰ ਨਹੀਂ ਹੈ। ਬਹੁਤਿਆਂ ਗੁਰਦੁਆਰਿਆਂ ਵਿੱਚ ਬਿਮਾਰ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਹਨ ਜਿਸ ਦਾ ਕੋਈ ਖਾਸ ਨਤੀਜਾ ਨਹੀਂ ਨਿਕਲ ਰਿਹਾ ਨਜ਼ਰ ਆਉਂਦਾ। ਗੁਰਦੁਆਰਿਆਂ ਵਿੱਚ ਅਖੰਡਪਾਠਾਂ ਦੀਆਂ ਲੜੀਆਂ, ਦੁਪਹਿਰੇ-ਚੁਪਹਿਰੇ, ਕੀਰਤਨ ਦਰਬਾਰ ਜਾਂ ਅੱਖਾਂ ਬੰਦ ਕਰਕੇ ਕੇਵਲ ਨਾਮ ਹੀ ਜਪਾਇਆ ਜਾ ਰਿਹਾ ਹੈ। ਸਿੱਧੀ ਗੱਲ ਹੈ ਜਿਹੜੀ ਕੌਮ ਸਿਰਫ ਕੀਰਤਨ ਦਰਬਾਰ, ਅਖੰਡਪਾਠ ਦੀਆਂ ਲੜੀਆਂ, ਸਿਮਰਨ ਜਾਂ ਨਗਰ ਕੀਰਤਨਾਂ ਤੱਕ ਸੀਮਤ ਹੋ ਜਾਏ ਉਸ ਕੌਮ ਦਾ ਬੌਧਿਕ ਵਿਕਾਸ ਰੁੱਕ ਜਾਂਦਾ ਹੈ। ਦੇਸ-ਵਿਦੇਸ ਦੀ ਕਮੇਟੀਆਂ ਕੋਲ ਇਕੋ ਹੀ ਕੰਮ ਰਹਿ ਗਿਆ ਹੈ ਗੁਰਦੁਆਰੇ ਢਾਹ ਢਾਹ ਕੇ ਨਵੇਂ ਸਿਰੇ ਤੋਂ ਬਣਾਉਣੇ ਤੇ ਬੈਂਕਾਂ ਦੀਆਂ ਕਿਸ਼ਤਾਂ ਤਾਰੀ ਜਾਣੀਆਂ। ਜੇ ਕੋਈ ਕੰਮ ਨਹੀਂ ਲੱਭਦਾ ਤਾਂ ਪਹਿਲਾ ਲੱਗਿਆ ਹੋਇਆ ਮਾਰਬਲ ਲਾਹ ਕੇ ਦੂਜਾ ਲਗਾਈ ਜਾਣਗੇ ਤੇ ਗੁਰਦੁਆਰੇ ਵਿੱਚ ਹਰ ਜੁੜੇ ਇਕੱਠ ਵਿੱਚ ਪੈਸਿਆਂ ਦੀਆਂ ਅਪੀਲਾਂ ਕਰੀ ਜਾਣਗੇ। ਅਖੇ ਆਪਣੀਆਂ ਕਮਾਈਆਂ ਸਫਲ ਕਰ ਲਓ। ਦੁਨੀਆਂ ਵਿੱਚ ਸ਼ਾਇਦ ਹੀ ਕੋਈ ਗੁਰਦੁਆਰਾ ਹੋਵੇ ਜਿਹੜਾ ਸੰਪੂਰਨ ਰੂਪ ਵਿੱਚ ਤਿਆਰ ਹੋ ਗਿਆ ਹੋਵੇ।

ਅੱਜ ਕੇਵਲ ਨੌਜਵਾਨਾਂ ਨੂੰ ਹੀ ਨਹੀਂ ਸਗੋਂ ਪਰਵਾਰਾਂ ਨੂੰ ਵੀ ਸੰਭਾਲਣ ਦੀ ਲੋੜ ਹੈ। ਪੰਜਾਬ ਦੇ ਵਿਹਲੜ ਸਾਧਾਂ ਨੇ ਆਮ ਸਿੱਖਾਂ ਵਿੱਚ ਇਹ ਗੱਲ ਪ੍ਰਪੱਕਤਾ ਨਾਲ ਪਰਚਾਰੀ ਹੈ ਕਿ ਤੁਸੀਂ ਗੁਰਬਾਣੀ ਨਾ ਪੜ੍ਹਿਆ ਜੇ, ਕਿਉਂਕਿ ਜਦੋਂ ਤੁਸੀਂ ਗੁਰਬਾਣੀ ਪੋੜ੍ਹਗੇ ਤਾਂ ਤੁਹਾਡੇ ਕੋਲੋਂ ਪਾਠ ਗਲਤ ਪੜ੍ਹਿਆ ਜਾਣਾ ਹੈ। ਬਾਣੀ ਗਲਤ ਪੜ੍ਹਨ ਨਾਲ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਸਾਧਾਂ ਵਲੋਂ ਇਹ ਗੱਲ ਪ੍ਰਚਾਰਨ ਨਾਲ ਆਮ ਲੋਕ ਗੁਰਬਾਣੀ ਪੜ੍ਹਨੀ ਛੱਡ ਗਏ। ਦੂਸਰਾ ਅਖੌਤੀ ਸਾਧਲਾਣਾ ਇਹ ਪ੍ਰਚਾਰਨ ਵਿੱਚ ਵੀ ਕਾਮਯਾਬ ਹੋ ਗਿਆ ਕਿ ਗੁਰਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਮ ਲੋਕ ਗੁਰਬਾਣੀ ਦੀ ਵਿਚਾਰ ਕਰਨੀ ਵੀ ਛੱਡ ਗਏ। ਅੱਜ ਇੱਕ ਲੋੜ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਗੁਰਬਾਣੀ ਨਾਲ ਜੋੜਨ ਲਈ ਸਹਿਜ ਪਾਠ ਵਰਗੀ ਲਹਿਰ ਚਲਾਉਣ ਦੀ ਜ਼ਰੂਰਤ ਹੈ। ਸੰਗਤਾਂ ਨੂੰ ਆਪ ਗੁਰਬਾਣੀ ਪੜ੍ਹਨੀ ਤੇ ਵਿਚਾਰਨ ਦੀ ਚੇਟਕ ਲਉਣ ਦੀ ਲੋੜ ਹੈ।

ਮਨੁੱਖਤਾ ਨੂੰ ਚੰਗਾ ਜੀਵਨ ਦੇਣ ਲਈ ਸਿਆਣੇ ਸੂਝਵਾਨ ਲੋਕ ਮਰਯਾਦਾ ਤਿਆਰ ਕਰਦੇ ਹਨ। ਪਹਿਲਾਂ ਪਹਿਲ ਤਾਂ ਇਹ ਮਰਯਾਦਾ ਚੰਗਾ ਸਮਾਜ ਸਿਰਜਦੀ ਹੈ। ਜਦੋਂ ਪੁਜਾਰੀ ਪੂਰੀ ਤਰ੍ਹਾਂ ਕਾਬਜ਼ ਹੋ ਜਾਂਦੇ ਹਨ ਤਾਂ ਹੌਲ਼ੀ ਹੌਲ਼ੀ ਮਰਯਾਦਾ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਜਾਂਦਾ ਹੈ। ਗਿਆਨ ਹੀਣ ਲੋਕ ਆਪੋ ਆਪਣੀ ਮਰਯਾਦਾ ਸ਼ੁਰੂ ਕਰ ਦੇਂਦੇ ਹਨ ਜਿਸ ਨਾਲ ਸਮਾਜ ਨੂੰ ਕੋਈ ਲਾਭ ਹੋਣ ਦੀ ਬਜਾਏ ਅੰਧ-ਵਿਸ਼ਵਾਸ ਤੇ ਕਰਮ ਕਾਂਡ ਜਨਮ ਲੈ ਲੈਂਦੇ ਹਨ। ਸਮਾਜ ਨੂੰ ਸਹੀ ਸੇਧ ਦੇਣ ਲਈ ਸਮੇਂ ਸਮੇਂ ਅਜੇਹੀਆਂ ਮਰਯਾਦਾਵਾਂ ਦੀ ਘੋਖ ਹੋਣੀ ਬੜੀ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਕੋਲ ਕੋਈ ਥਿੰਕ ਟੈਂਕ ਹੋਵੇ। ਅੱਜ ਹਰ ਜੱਥੇਬੰਦੀ ਆਪਣੀ ਆਪਣੀ ਰਹਿਤ ਮਰਯਾਦਾ ਬਣਾਈ ਫਿਰਦੀ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾਈ ਹੈ, ਜਿੱਥੇ ਛੇ ਗੁਰੂ ਸਾਹਿਬਾਨ ਦੀ ਬਾਣੀ ਅੰਕਤ ਕੀਤੀ ਹੈ ਓੱਥੇ ਭਗਤਾਂ, ਭੱਟਾਂ ਤੇ ਸਿੱਖਾਂ ਦੇ ਰੱਬੀ ਕਲਾਮ ਨੂੰ ਵੀ ਅੰਕਤ ਕੀਤਾ ਹੈ। ਜਿਹੜਾ ਗੁਰੂ ਸਿਧਾਂਤ `ਤੇ ਖਰਾ ਉਤਰਿਆ ਓਸੇ ਵਿਚਾਰ ਨੂੰ ਹੀ ਆਪਣੇ ਨਾਲ ਬੈਠਾਇਆ ਹੈ। ਇਸ ਰੱਬੀ ਕਲਾਮ ਨੂੰ ਸਮਝਣ ਲਈ ਕੁੱਝ ਪੜਾਅ ਹਨ। ਜਿਸ ਤਰ੍ਹਾਂ ਅੱਖਰ ਦਾ ਗਿਆਨ ਦੂਜਾ ਸ਼ਬਦ ਦਾ ਗਿਆਨ ਤੇ ਤੀਜਾ ਵਾਕ ਗਿਆਨ ਹੋਣਾ ਚਾਹੀਦਾ ਹੈ। ਸਹੀ ਉਚਾਰਨ ਤੇ ਵਿਸ਼ਰਾਮ ਦੁਆਰਾ ਸਹੀ ਅਰਥਾਂ ਦੀ ਜਾਣਕਾਰੀ ਮਿਲਦੀ ਹੈ ਨਹੀਂ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਸਾਰੀ ਗੁਰਬਾਣੀ ਕਾਵਕ ਰੂਪ ਵਿੱਚ ਤੇ ਕਾਵਕ ਰੂਪ ਨੂੰ ਸਮਝਣ ਲਈ ਸ਼ਬਦ ਦਾ ਕੇਂਦਰੀ ਭਾਵ, ਦੂਜਾ ਸ਼ਬਦ ਦਾ ਸਾਰ ਤੇ ਤੀਜਾ ਇਸ ਤੋਂ ਸਿੱਖਿਆ ਕਿਹੜੀ ਮਿਲਦੀ ਹੈ। ਇਹਨਾਂ ਤਿੰਨ ਗੱਲਾਂ ਦਾ ਧਿਆਨ ਰੱਖਣਾ ਪਏਗਾ। ਏਸੇ ਤਰ੍ਹਾਂ ਸਭ ਤੋਂ ਪਹਿਲਾ ਪੜਾਅ ਹੈ ਗੁਰਬਾਣੀ ਪੜ੍ਹਨੀ ਜਾਂ ਸੁਣਨੀ ਦੂਜਾ ਵਿਚਾਰਨੀ, ਤੀਜਾ ਗੁਰਬਾਣੀ ਦੇ ਭਾਵ ਅਰਥ ਨੂੰ ਸਮਝਣਾ ਤੇ ਚੌਥਾ ਭਾਵ ਅਰਥ ਨੂੰ ਆਪਣੇ ਜੀਵਨ ਵਿੱਚ ਢਾਲਣਾ, ਉਸ ਅਨੁਸਾਰੀ ਹੋ ਕੇ ਚਲਣਾ। ਬੱਸ ਏਸੇ ਪੜਾਅ ਤੇ ਆ ਕੇ ਅਸੀਂ ਮਾਰ ਖਾ ਗਏ ਹਾਂ। ਅੱਜ ਕੇਵਲ ਗੁਰਬਾਣੀ ਪੜ੍ਹੀ ਜਾ ਰਹੀ ਹੈ ਵਿਚਾਰਨੀ ਤੇ ਅਮਲ; ਕਰਨਾ ਛੱਡ ਦਿੱਤਾ ਹੈ। ਬਹੁਤੀ ਥਾਂਈ ਤਾਂ ਗੁਰਬਾਣੀ ਨੂੰ ਮੰਤਰਾਂ ਵਾਂਗ ਜੱਪਿਆ ਜਾ ਰਿਹਾ ਹੈ।

ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਸੀ ਤਾਂ ਓਦੋਂ ਛਾਪੇਖਾਨੇ ਨਹੀਂ ਸਨ। ਸਿੱਖ ਆਪ ਗੁਰਬਾਣੀ ਦੀਆਂ ਪੱਥੀਆਂ ਲਿਖ ਕੇ ਅਗਾਂਹ ਵੰਢਦੇ ਹੁੰਦੇ ਸਨ ਜੋ ਸਿੱਖਾਂ ਵਿੱਚ ਬਹੁਤ ਵੱਡੀ ਸੇਵਾ ਮੰਨੀ ਗਈ ਹੈ। ਭਾਈ ਗੁਰਦਾਸ ਜੀ ਦਾ ਪਿਆਰਾ ਵਾਕ ਹੈ "ਗੁਰਬਾਣੀ ਲਿਖਿ ਪੋਥੀਆਂ ਤਾਲ ਮ੍ਰਿਦੰਗ ਰਬਾਬ ਵਜਾਵੇ"। ਜਿੱਥੇ ਸਿੱਖ ਬਾਣੀਆਂ ਦੀਆਂ ਪੋਥੀਆਂ ਲਿਖਦੇ ਸਨ ਓੱਥੇ ਪਾਠ ਤੇ ਉਸ ਦੀ ਵਿਚਾਰ ਵੀ ਕਰਿਆ ਕਰਦੇ ਸਨ। ਇਹ ਉਹ ਯੁੱਗ ਸੀ ਜਦੋਂ ਗੁਰਬਾਣੀ ਦੀ ਮਹਾਨ ਸਿੱਖਿਆਂ ਨੂੰ ਹਰ ਸਿੱਖ ਜੀਵਨ ਵਿੱਚ ਧਾਰਨ ਕਰਦਾ ਸੀ। ਗੁਰਬਾਣੀ ਦਾ ਸਿਧਾਂਤ ਬਹੁਤ ਹੀ ਸਰਲ ਸਪੱਸ਼ਟ ਤੇ ਸਮਝ ਆਉਣ ਵਾਲਾ ਹੈ। ਗੁਰਬਾਣੀ ਵਿਚਾਰ ਗੁਣਾਂ ਭਰਪੂਰ ਗਿਆਨ ਦੇ ਕੇ ਜੀਵਨ ਜਾਚ ਸਿਖਾਉਂਦੀ ਹੈ। ਗੁਰਬਾਣੀ ਵਿਚਾਰ ਨਾਲ ਧਾਰਮਿਕ ਕਰਮ ਕਾਂਡਾ ਤੇ ਅੰਧਵਿਸ਼ਵਾਸ ਤੋਂ ਮਨੱਖ ਨੂੰ ਨਿਜਾਤ ਦਿਵਾਉਂਦੀ ਹੈ। ਜ਼ਿੰਦਗੀ ਦੀ ਅਸਲੀਅਤ ਦਾ ਪਤਾ ਚਲਦਾ ਹੈ।

ਹਰ ਸਿੱਖ ਲਗਦੇ ਚਾਰੇ ਗੁਰਬਾਣੀ ਦਾ ਪਾਠ ਲਗਾਤਾਰ ਕਰਦਾ ਹੀ ਰਹਿੰਦਾ ਸੀ। ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਉਪਰੰਤ ਲੰਬਾ ਸਮਾਂ ਸਿੱਖਾਂ ਨੂੰ ਜੰਗਲ਼ਾਂ ਵਿੱਚ ਰਹਿਣਾ ਪਿਆ। ਹੱਥ ਲਿਖਤ ਬੀੜਾਂ ਹੁੰਦੀਆਂ ਸਨ ਜਿੰਨਾਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਹੁੰਦੀ ਸੀ। ਇਸ ਘਾਟ ਨੂੰ ਮਹਿਸੂਸ ਕਰਦਿਆਂ ਸਾਰੇ ਸਿੰਘ ਵਾਰੀ ਵਾਰੀ ਲਗਾਤਾਰ ਬਾਣੀ ਪੜ੍ਹਦੇ ਸਨ। ਇਸ ਦਾ ਨਾਂ ਅੰਖਡ ਪਾਠ ਰੱਖਿਆ ਲਿਆ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਲਿਖ ਚੁੱਕਿਆਂ ਹਾਂ ਕਿ ਜਦੋਂ ਕੋਈ ਮਰਯਾਦਾ ਬਣਦੀ ਹੈ ਤਾਂ ਓਦੋਂ ਉਹ ਬਹੁਤ ਹੀ ਸਾਰਥਿਕ ਹੁੰਦੀ ਹੈ ਪਰ ਜੇ ਸਮੇਂ ਸਮੇਂ ਫਿਰ ਵਿਚਾਰਿਆ ਨਾ ਜਾਏ ਓੱਥੇ ਵਿਗਾੜ ਪੈਦਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਘਾਟ ਕਰਕੇ ਤੇ ਸਮਾਂ ਥੋੜਾ ਹੋਣ ਕਰਕੇ ਲਗਾਤਾਰ ਰਲ਼ ਕੇ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਸੀ। ਪਰ ਏੱਥੇ ਤਾਂ ਹੁਣ ਅਖੰਡਪਾਠ ਵਪਾਰਕ ਬਿਰਤੀ ਬਣ ਚੁੱਕਿਆ ਹੈ।

ਸਿੱਖ ਰਹਿਤ ਮਰਯਾਦਾ ਵਿੱਚ ਸਾਹਿਜ ਪਾਠ ਸਬੰਧੀ ਇੰਜ ਲਿਖਿਆ ਹੋਇਆ ਹੈ ਕਿ ਹਰ ਸਿੱਖ ਲਗਦੇ ਚਾਰੇ ਆਪਣਾ ਸਹਿਜ ਪਾਠ ਜਾਰੀ ਰੱਖੇ। ਇਸ ਤੋਂ ਸਪੱਸ਼ਟ ਹੈ ਕਿ ਹਰ ਸਿੱਖ ਗੁਰਬਾਣੀ ਦਾ ਨਿਤਾ ਪ੍ਰਤੀ ਬਾਣੀ ਦਾ ਪਾਠ ਕਰਦਾ ਸੀ। ਕਈ ਪਰਵਾਰ ਅੱਜ ਵੀ ਸਹਿਜ ਪਾਠ ਕਰਦੇ ਹਨ। ਦੂਜਾ ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਲਿਖਿਆ ਹੈ ਕਿ ਜਦੋਂ ਕੋਈ ਭੀੜ ਜਾਂ ਉਤਸ਼ਾਹ ਦਾ ਮੌਕਾ ਹੋਵੇ ਤਾਂ ਪਰਵਾਰ ਸਕੇ ਸਬੰਧੀ ਮਿੱਤਰ ਦੋਸਤ ਆਦ ਰਲ਼ ਕੇ ਅਖੰਡਪਾਠ ਕਰਨ। ਨਿਰ ਸੰਦੇਹ ਇਹ ਸਾਰੀਆਂ ਪ੍ਰੰਪਰਾਵਾਂ ਬਹੁਤ ਚੰਗੀਆਂ ਸਨ। ਮੈਂ ਦੇਖਿਆ ਹੈ ਕਿ ਜਦੋ ਸਾਡਿਆਂ ਘਰਾਂ ਵਿੱਚ ਅਖੰਡਪਾਠ ਜਾਂ ਗੁਰਦੁਆਰੇ ਅੰਖਡਪਾਠ ਹੁੰਦਾ ਸੀ ਤਾਂ ਬੱਚਿਆਂ ਨੂੰ ਬਹੁਤ ਹੀ ਚਾਅ ਚੜ੍ਹਿਆ ਹੁੰਦਾ ਸੀ ਕਿ ਸਾਡੇ ਘਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ। ਹੌਲ਼ੀ ਹੌਲ਼ੀ ਇਸ ਮਰਯਾਦਾ ਵਿੱਚ ਬਹੁਤ ਵਿਗਾੜ ਪੈਦਾ ਹੋ ਗਿਆ ਹੈ। ਅਖੰਡਪਾਠ ਨੂੰ ਡੇਰਾਵਾਦੀ ਬਿਰਤੀ ਨੇ ਵਪਾਰਕ ਬਣਾ ਕੇ ਰੱਖ ਦਿੱਤਾ ਹੈ। ਦੇਸ-ਵਿਦੇਸ ਦੇ ਗੁਰਦੁਆਰਿਆਂ ਨੇ ਅਖੰਡਪਾਠ ਨੂੰ ਆਪਣੀ ਆਮਦਨ ਦਾ ਮੁੱਖ ਸਾਧਨ ਬਣਾ ਲਿਆ ਹੋਇਆ ਹੈ। ਬਹਤਿਆਂ ਵਲੋਂ ਅਖੰਡਪਾਠ ਨੂੰ ਸੁਖਣਾ ਦੀ ਪੂਰਤੀ ਵਜੋਂ ਜਾਣਿਆਂ ਜਾਂਦਾ ਹੈ।

ਹੁਣ ਨਾ ਤਾਂ ਏਨੇ ਸਿਖਾਂਦਰੂ ਪਾਠੀ ਹਨ ਤੇ ਨਾ ਹੀ ਗੁਰਦੁਆਰਿਆਂ ਵਿੱਚ ਏੰਨਾ ਕੋਈ ਪਾਠ ਸੁਣਦਾ ਹੈ। ਇਸ ਲਈ ਪਾਠਾਂ ਦੀਆਂ ਕਈ ਕਿਸਮਾਂ ਬਣ ਗਈਆਂ ਹਨ। ਜੇ ਤਾਂ ਕੋਈ ਪਾਠ ਨਹੀਂ ਸੁਣਦਾ ਤਾਂ ਪਾਠੀ ਚੁੱਪ ਕਰਕੇ ਬੈਠਾ ਰਹਿੰਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਚੁਪ-ਗੜੁਪ ਪਾਠ। ਦੂਜਾ ਹੈ ਗੁਣਗੁਣਾ ਪਾਠ ਜੋ ਪਾਠੀ ਸਿੰਘ ਮੂੰਹ ਵਿੱਚ ਕੁੱਝ ਕਹੀ ਜਾਂਦਾ ਹੈ ਜਿਸ ਦਾ ਆਮ ਸਰੋਤੇ ਨੂੰ ਕੁੱਝ ਵੀ ਪਤਾ ਨਹੀਂ ਚਲਦਾ ਪਰ ਕੋਈ ਆਣ ਕੇ ਬੈਠ ਜਾਏ ਤਾਂ ਏੰਨਾ ਹੀ ਪਤਾ ਲਗਦਾ ਹੈ ਕਿ ਭਾਈ ਜੀ ਨੇ ਰਹਾਉ ਸ਼ਬਦ ਬੋਲਿਆ ਹੈ ਜਾਂ ਮਹਲਾ ਪੰਜਵਾਂ ਆਖਿਆ ਹੈ। ਕਈ ਪਾਠੀ ਮੂੰਹ ਵਿੱਚ ਰੀਂ ਰੀਂ ਕਰੀ ਜਾਣਗੇ। ਇੱਕ ਹੈ ਸਿਰ ਫੇਰ ਪਾਠ ਜਦੋਂ ਪਾਠ ਲੇਟ ਹੋ ਜਾਂਦਾ ਹੈ ਤਾਂ ਓਦੋਂ ਪਾਠੀ ਕੇਵਲ ਸਿਰ ਹੀ ਫੇਰਦਾ ਹੈ ਮੂੰਹ ਵਿਚੋਂ ਕੁੱਝ ਵੀ ਨਹੀਂ ਬੋਲਦਾ। ਹੁਣ ਇੱਕ ਨਵੀਂ ਕਿਸਮ ਦਾ ਪਾਠ ਸ਼ੁਰੂ ਹੋਇਆ ਹੈ ਜਿਸ ਦਾ ਨਾਂ ਹੈ ਮੂੰਹ ਬਨ੍ਹ ਪਾਠ। ਡੇਰਾਵਾਦੀ ਬਿਰਤੀ ਨੇ ਜਿਵੇਂ ਕਸਮ ਖਾਧੀ ਹੋਵੇ ਕਿ ਅਸੀਂ ਕਿਸੇ ਦੇ ਪੱਲੇ ਕੱਖ ਵੀ ਨਹੀਂ ਪਉਣਾ। ਮੂੰਹ ਬੰਨ੍ਹ ਕੇ ਪਾਠ ਕਰਨ ਨੂੰ ਸਾਧ ਕਹਿੰਦੇ ਹਨ ਕਿ ਇਹ ਮਰਯਾਦਾ ਵਾਲਾ ਸ਼ੁਧ ਪਾਠ ਹੈ।

ਰਹਿਤ ਮਰਯਾਦਾ ਵਿੱਚ ਇਹ ਵੀ ਲਿਖਿਆ ਹੈ ਕਿ ਅਖੰਡਪਾਠ ਦੇ ਸਮੇਂ ਕੁੰਭ ਨਰੀਏਲ ਜੋਤ ਜਗਾਉਣੀ ਜਾਂ ਅਖੰਡਪਾਠ ਦੇ ਨਾਲ ਨਾਲ ਹੋਰ ਬਾਣੀ ਦਾ ਪਾਠ ਕਰਨਾ ਮਨਮਤ ਹੈ। ਰਹਿਤ ਮਰਯਾਦਾ ਇਚ ਇਹ ਵੀ ਲਿਖਿਆ ਹੈ ਕਿ ਗੁਰਦੁਆਰੇ ਵਿੱਚ ਇੱਕ ਸਮੇਂ ਇਕੋ ਹੀ ਗੱਲ ਹੋਣੀ ਚਾਹੀਦੀ ਹੈ।

ਗੁਰਬਾਣੀ ਪਾਠ ਸਮਝਣ ਸਮਝਾਉਣ ਦੀ ਥਾਂ `ਤੇ ਅੱਜ ਇੱਕ ਵਪਾਰ ਬਣ ਕੇ ਰਹਿ ਗਿਆ ਹੈ। ਸਾਹਿਜ ਪਾਠ ਤੋਂ ਅਖੰਡਪਾਠ ਤੇ ਅਗਾਂਹ ਹੁਣ ਸੰਪਟ ਪਾਠ ਮਹਾਂ ਸੰਪਟ ਪਾਠ ਵੀ ਡੇਰਾਵਾਦੀ ਬਿਰਤੀ ਨੇ ਚਾਲੂ ਕਰ ਦਿੱਤੇ ਹਨ। ਗੁਰਬਾਣੀ ਤੋਂ ਜੀਵਨ ਸੇਧ ਲੈਣ ਦੀ ਥਾਂ `ਤੇ ਸੌ ਸੌ ਅਖੰਡਪਾਠ ਮੰਤਰਾਂ ਵਾਂਗ ਸ਼ੁਰੂ ਕਰ ਦਿੱਤੇ ਹਨ। ਜੇ ਏਦਾਂ ਹੀ ਧਰਮ ਦੇ ਨਾਂ `ਤੇ ਪ੍ਰਕਿਰਿਆ ਰਹੀ ਤਾਂ ਫਿਰ ਕੌਮ ਲਈ ਇੱਕ ਖਤਰਨਾਕ ਮੌੜ `ਤੇ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜੋ ਚਾਰ ਭਾਗਾਂ ਵਿੱਚ ਸ਼ਬਦਾਰਥ ਤਿਆਰ ਕੀਤੇ ਹਨ ਉਹਨਾਂ ਨੂੰ ਸੰਗਤਾਂ ਤੀਕ ਪਹੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਰਥਾਂ ਵਿੱਚ ਹਰੇਕ ਨੂੰ ਪਾਠ ਕਰਨਾ ਬਹੁਤ ਸੌਖਾ ਹੈ ਕਿਉਂਕਿ ਔਖੇ ਸ਼ਬਦਾਂ ਦੇ ਅਰਥ ਨਾਲ ਦੇ ਪੰਨੇ `ਤੇ ਦਿੱਤੇ ਹੋਏ ਹਨ।

ਹਰ ਪਰਵਾਰ ਨੂੰ ਆਪ ਸਹਿਜ ਪਾਠ ਅਰਥਾਂ ਨਾਲ ਕਰਨਾ ਚਾਹੀਦਾ ਹੈ।

ਗੁਰਬਾਣੀ ਵਿਚਾਰ ਤੋਂ ਬਿਨਾ ਸਾਡੇ ਵਹਿਮ ਭਰਮ ਦੂਰ ਨਹੀਂ ਹੋ ਸਕਦੇ।

ਗੁਰਬਾਣੀ ਦੀ ਵਿਚਾਰ ਨਾ ਹੋਣ ਕਰਕੇ ਹੀ ਅਸੀਂ ਬ੍ਰਾਹਮਣੀ ਕਰਮ ਕਾਂਡ ਕਰੀ ਜਾ ਰਹੇ ਹਾਂ।

ਜਿੱਥੇ ਅਸੀਂ ਅੱਜ ਰੁਮਾਲੇ ਚੜ੍ਹਾਉਣ ਨੂੰ ਤਰਜੀਹ ਦੇਂਦੇ ਹਾਂ ਓੱਥੇ ਸਾਨੂੰ ਗੁਰਬਾਣੀ ਪਾਠ ਆਪ ਕਰਨਾ ਚਾਹੀਦਾ ਹੈ ਤੇ ਨਾਲ ਵਿਚਾਰ ਵੀ ਕਰਨੀ ਚਾਹੀਦੀ ਹੈ।

ਗੁਰਬਾਣੀ ਦੀ ਵਿਚਾਰ ਨਾ ਤਾਂ ਅਸੀਂ ਸੁਣਦੇ ਹਾਂ ਤੇ ਨਾ ਹੀ ਆਪ ਕਰਨ ਲਈ ਤਿਆਰ ਹਾਂ। ਏਹੀ ਕਾਰਨ ਹਨ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਸੁਣਾਈ ਜਾ ਰਿਹਾ ਹੈ।

ਸਮੇਂ ਸਮੇਂ ਸਿਖਾਂਦਰੂ ਵੀਰਾਂ ਦੀਆਂ ਸੇਵਾਵਾਂ ਲੈ ਕੇ ਸੰਥਿਆ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਆਓ ਇੱਕ ਲਹਿਰ ਸਿਰਜੀਏ ਗੁਰਬਾਣੀ ਆਪ ਪੜ੍ਹੀਏ ਤੇ ਵਿਚਾਰੀਏ।

ਕੁਬੁਧਿ ਮਿਟੈ ਗੁਰ ਸਬਦਿ ਬੀਚਾਰਿ।।

ਸਤਿਗੁਰੁ ਭੇਟੇ ਮੋਖ ਦੁਆਰ।।

ਰਾਮਕਲੀ ਗੋਸਟਿ ਮਹਲਾ ੧ ਪੰਨਾ ੯੪੪
.