.

ਨਾ ਹਮ ਹਿੰਦੂ ਨਾ ਮੁਸਲਮਾਨ॥

30 ਮਾਰਚ 1699 ਦੀ ਵਿਸਾਖੀ ਨੂੰ ਇੱਕ ਅਜੀਬ ਘਟਨਾ ਵਾਪਰੀ ਜਦੋਂ ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਗ ਜੀ ਨੇ ਪੰਜਾਂ ਪਿਆਰਿਆ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਗੁਰੂ-ਚੇਲੇ ਦਾ ਫਰਕ ਖਤਮ ਕਰ ਦਿੱਤਾ।

ਅੰਮ੍ਰਿਤ ਛਕਣ ਤੋਂ ਭਾਵ ਹੈ ਕਿ ਸਿੱਖ ਧਰਮ ਵਿਚ ਪ੍ਰਵੇਸ਼ ਕਰਨਾ। ਅੰਮ੍ਰਿਤ ਛਕਣ ਦਾ ਪਿਛਲੇ ਜਨਮ, ਜਾਤ, ਕੁਲ, ਲਿੰਗ ਦੇਸ਼ ਜਾਂ ਧਰਮ ਨਾਲ ਕੋਈ ਸੰਬੰਧ ਨਹੀਂ। ਸਿੱਖ ਧਰਮ ਦੇ ਅਸੂਲ ਸਮਝ ਕੇ ਕੋਈ ਵੀ ਪ੍ਰਾਣੀ, ਬਿਨਾਂ ਕਿਸੇ ਭੇਦਭਾਵ ਦੇ ਅੰਮ੍ਰਿਤ ਛਕ ਕੇ ਸਿੱਖ ਧਰਮ ਵਿਚ ਧਾਖਲਾ ਲੈ ਸਕਦਾ ਹੈ।

ਦੁਨੀਆਂ ਦੇ ਹਰ ਕੋਨੇ ਵਿਚ ਵਿਸਾਖੀ ਹਰ ਸਾਲ ਬੜੇ ਉਤਸ਼ਾਹ ਅਤੇ ਜੋਰਾਂ-ਸ਼ੋਰਾਂ ਨਾਲ ਮਨਾਈ ਜਾਂਦੀ ਹੈ ਅਤੇ ਇਸ ਸਾਲ ਵੀ ਮਨਾਈ ਜਾਵੇਗੀ। ਅਫਸੋਸ ਹੈ ਇਸ ਦਿਨ ਪ੍ਰਚਾਰਕ, ਢਾਡੀ ਆਦਿ ਸਿੱਖਾਂ ਨੂੰ ਸਿਰਫ 1699 ਵਿਚ ਹੋਈ ਪੰਜਾਂ ਪਿਆਰਿਆਂ ਦੀ ਚੋਣ ਅਤੇ ਅੰਮ੍ਰਿਤ ਛਕਣ ਦੀ ਵਿਧੀ ਤੋਂ ਵੱਧ ਕੁੱਝ ਨਹੀਂ ਦੱਸਦੇ। ਸੰਗਤਾਂ ਵੀ ਕੜਾਹ ਪ੍ਰਸ਼ਾਦ ਅਤੇ ਲੰਗਰ ਛੱਕ ਕੇ ਵਾਹ-ਵਾਹ ਕਰਦੀਆਂ ਘਰੀਂ ਜਾ ਵੜਦੀਆਂ ਹਨ। ਪ੍ਰਬੰਧਕਾਂ ਵੱਲੌਂ ਕਿੰਨੀ ਸੰਗਤ ਗੁਰਦੁਆਰੇ ਆਈ, ਕਿੰਨੀ ਮਾਇਆ ਇੱਕਠੀ ਹੋਈ, ਕਿੰਨੀ ਵਾਰੀ ਲੰਗਰ ਬਣਾਇਆ ਅਤੇ ਛਕਾਇਆ ਜਾਂਦਾ ਹੈ, ਦਾ ਹੀ ਲੇਖਾ-ਜੋਖਾ ਕੀਤਾ ਜਾਂਦਾ ਹੈ। ਕਈ ਵਾਰੀ ਦੇਖ ਕੇ ਹੈਰਾਨੀ ਹੁੰਦੀ ਹੈ ਅਤੇ ਸੰਗਤਾਂ ਦੇ ਇਕੱਠ ਤੋਂ ਇਸ ਤਰ੍ਹਾਂ ਮਾਲੂਮ ਹੁੰਦਾ ਹੈ ਕਿ ਇਹ ਇਕੱਠ ਕਿਸੇ ਗੁਰਦੁਆਰੇ ਵਿਚ ਨਹੀਂ ਸਗੋਂ ਕਿਸੇ ਹੋਰ ਧਾਰਮਿਕ ਸਥਾਨ ਤੇ ਹੈ। 90 ਫੀਸਦੀ ਸੰਗਤਾਂ ਦੇ ਸਿਰ ਤੇ ਪੱਗਾਂ ਦੀ ਥਾਂ ਰੁਮਾਲ ਰੱਖੇ ਹੁੰਦੇ ਹਨ। ਇਹ ਸਾਬਤ ਸੂਰਤ ਨਹੀਂ ਦਿਸਦੇ। ਉਨ੍ਹਾਂ ਦੇ ਕੇਸ ਅਤੇ ਦਾਹੜੀ ਕਤਲ ਕੀਤੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮੁਤਾਬਿਕ, `ਸਾਬਤ ਸੂਰਤ ਦਸਤਾਰ ਸਿਰਾ` ਸਿੱਖ ਹੋਣ ਦੀ ਪਹਿਲੀ ਨਿਸ਼ਾਨੀ ਹੈ।

ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਹੈ। ਇਸ ਕਰਕੇ ਇਸ ਲੇਖ ਵਿਚ ਇਹ ਜਰੂਰੀ ਸਮਝਿਆ ਗਿਆ ਹੈ ਕਿ ਇਸ ਵਿਸ਼ੇ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਾਣ ਤਾਂ ਜੋ ਸਾਨੂੰ ਆਪਣੇ ਜਨਮ ਬਾਰੇ ਕੋਈ ਭੁਲੇਖਾ ਨਾ ਰਹਿ ਜਾਵੇ।

ਆਮ ਸਿੱਖਾਂ ਦਾ ਵਿਸ਼ਵਾਸ ਹੈ ਕਿ `ਸਿੱਖ` ਹਿੰਦੂਆਂ ਵਿਚੋਂ ਪੈਦਾ ਹੋਏ ਹਨ। ਜੋਰ ਇਸ ਗੱਲ ਤੇ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਅਤੇ ਬਾਕੀ ਨੌ ਗੁਰੂ ਹਿੰਦੂ ਧਰਮ ਦੀ ਕਥਿਤ ਖੱਤਰੀ ਜਾਤ ਨਾਲ ਸੰਬੰਧ ਰੱਖਦੇ ਸਨ। ਪਰੰਤੂ ਜਾਤ-ਪਾਤ ਬਾਰੇ ਗੁਰੂ ਜੀ ਦਾ ਹੁਕਮ ਹੈ -

1. ਫਕੜ ਜਾਤੀ, ਫਕੜ ਨਾਉ॥ ਸਭਨਾ ਜੀਆਂ ਇਕਾ ਛਾਉ॥ (ਪੰਨਾ 83, ਸ੍ਰੀ ਰਾਗ)
ਅਤੇ
2. ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ॥ ਜਨਮ ਮਰਨ ਦੁਖ ਕਾਟੀਐ ਨਾਨਕ ਛੂਟਸਿ ਨਾਇ॥ (ਪੰਨਾ 1330, ਰਾਗ ਪ੍ਰਭਾਤੀ)


ਭਾਵ ਜਾਤਾਂ-ਪਾਤਾਂ ਅਸੀਂ ਹੀ ਬਣਾਈਆਂ ਹਨ, ਪ੍ਰਮਾਤਮਾ ਨੇ ਨਹੀਂ ਬਣਾਈਆਂ। ਪ੍ਰਮਾਤਮਾ ਨੇ ਤਾਂ ਮਨੁੱਖਤਾ ਨੂੰ ਪੈਦਾ ਕੀਤਾ ਹੈ। ਇਸ ਕਰਕੇ ਪ੍ਰਮਾਤਮਾ ਦੀ ਪੈਦਾ ਕੀਤੀ ਖਲਕਤ ਨੂੰ ਪਿਆਰ ਕਰਨਾ, ਸਾਡਾ ਫਰਜ ਹੈ ਅਤੇ ਗੁਰੂ ਸਾਹਿਬਾਂ ਦੇ ਕਹੇ ਬਚਨਾਂ ਤੇ ਹਰ ਸਿੱਖ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਹੈ।

ਗੁਰਬਾਣੀ ਫੁਰਮਾਣ ਇਸ ਤਰ੍ਹਾਂ ਹਨ:
1. ਸਭਿ ਮਹਿ ਜੋਤਿ, ਜੋਤਿ ਹੈ ਸੋਇ॥ ਤਿਸ ਕੈ ਚਾਨਣਿ, ਸਭਿ ਮਹਿ ਚਾਨਣ ਹੋਇ॥ (ਸੋਹਿਲਾ)

ਧਰਮ ਦਾ ਜਨਮ ਨਾਲ ਕੋਈ ਸੰਬੰਧ ਨਹੀਂ ਹੈ। ਹਰ ਪ੍ਰਾਣੀ ਨੂੰ ਆਪਣੀ ਮਰਜੀ ਅਨੁਸਾਰ ਧਰਮ ਅਪਣਾਉਣ ਅਤੇ ਜੀਵਨ ਜਿਊਣ ਦਾ ਹੱਕ ਹੈ। ਪਰ ਇਹ ਕਹਿਣਾ ਕਿ ਸਿੱਖ ਹਿੰਦੂਆਂ ਜਾਂ ਕਿਸੇ ਹੋਰ ਧਰਮ ਵਿਚੋਂ ਪੈਦਾ ਹੋਏ ਹਨ, ਸਹੀ ਨਹੀਂ ਹੈ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਸਿੱਖ ਧਰਮ ਹੀ ਦੁਨੀਆਂ ਦਾ ਇੱਕੋ-ਇੱਕ ਆਧੁਨਿਕ ਧਰਮ ਹੈ, ਜੋ ਅਕਾਲ-ਪੁਰਖ ਦੇ ਬਣਾਏ ਨਿਯਮਾਂ ਮੁਤਾਬਕ ਹੈ। ਬਾਕੀ ਸਾਰੇ ਧਰਮ, ਸਿੱਖ ਧਰਮ ਦੇ ਹੀ ਬਦਲ ਹਨ। ਸਿੱਖ ਧਰਮ ਵਿਚ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਸ ਦੀ ਦਿੱਤੀ ਅਮਾਨਤ ਕੇਸਾਂ ਅਤੇ ਦਾਹੜੀ ਨੂੰ ਕੁਦਰਤੀ ਰੂਪ ਵਿਚ ਸੰਭਾਲ ਕੇ ਰੱਖਿਆ ਜਾਂਦਾ ਹੈ। ਬਾਕੀ ਧਰਮਾਂ ਵਿਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਕੇਸ ਅਤੇ ਦਾਹੜੀ ਦਾ ਕਤਲ ਜਾਂ ਬੇਅਦਬੀ ਕਰਨ ਦਾ ਭਾਵ ਹੈ ਕਿ ਅਸੀਂ ਸਿੱਖ ਧਰਮ ਨੂੰ ਤਿਆਗ ਕੇ ਕਿਸੇ ਹੋਰ ਧਰਮ ਜਾਂ ਵਿਸ਼ਵਾਸ ਵੱਲ ਜਾ ਰਹੇ ਹਾਂ। ਉਦਾਹਰਣ ਦੇ ਤੌਰ ਤੇ:

1. ਕੇਸਾਂ-ਦਾਹੜੀ ਦੀ ਬੇਅਦਬੀ ਅਤੇ ਜਨੇਊ ਆਦਿ ਪਾਉਣ ਨਾਲ ਇਕ ਪ੍ਰਾਣੀ ਹਿੰਦੂ ਬਣ ਜਾਂਦਾ ਹੈ।
2. ਕੇਸਾਂ-ਦਾਹੜੀ ਦੀ ਬੇਅਦਬੀ ਜਾਂ ਤਲ ਅਤੇ ਸੁੰਨਤ ਕਰਾਉਣ ਨਾਲ ਇਕ ਪ੍ਰਾਣੀ ਮੁਸਲਮਾਨ ਬਣ ਜਾਂਦਾ ਹੈ ਅਤੇ
3. ਕੇਸਾਂ-ਦਾਹੜੀ ਦਾ ਕਤਲ ਜਾਂ ਬੇਅਦਬੀ ਕਰਵਾ ਕੇ, ਸੁੰਨਤ ਕਰਾਉਣ ਅਤੇ ਈਸਾ-ਮਸੀਹ ਤੇ ਇਤਬਾਰ ਲਿਆਉਣ ਨਾਲ ਇਕ ਪ੍ਰਾਣੀ ਈਸਾਈ ਬਣ ਜਾਂਦਾ ਹੈ ਆਦਿ ਆਦਿ।
ਸਿੱਖ ਧਰਮ ਇਕ ਨਿਆਰਾ ਅਤੇ ਬਾਕੀ ਧਰਮਾਂ ਨਾਲੋਂ ਵੱਖਰਾ ਧਰਮ ਹੈ। ਸਿੱਖ ਧਰਮ ਦੀ ਹਿੰਦੂ, ਮੁਸਲਮਾਨ ਜਾਂ ਕਿਸੇ ਹੋਰ ਧਰਮ ਨਾਲ ਕੋਈ ਸਾਂਝ ਨਹੀਂ। ਸੰਗਤਾਂ ਦੀ ਜਾਣਕਾਰੀ ਵਾਸਤੇ ਇਸ ਬਾਰੇ ਹੇਠ ਲਿਖੇ ਪ੍ਰਮਾਣ ਪੇਸ਼ ਕੀਤੇ ਜਾ ਰਹੇ ਹਨ -

ੳ. ਭਾਈ ਗੁਰਦਾਸ:
1. ਦੁਹ ਮਿਲਿ ਜੰਮੇ, ਦੁਇ ਜਣੇ, ਦੁਹੁ ਜਣਿਆਂ ਦੁਇ ਰਾਹ ਚਲਾਏ॥ ਹਿੰਦੂ ਆਖਨਿ ਰਾਮ ਰਾਮ, ਮੁਸਲਮਾਣਾ ਨਾਉ ਧੁਦਾਏ। ਹਿੰਦੂ ਪੂਰਬਿ ਸਊਹਿਆ, ਪੱਛਮ ਮੁਸਲਮਾਣ ਨਿਵਾਏ। ਗੰਗ ਬਨਾਰਸ ਹਿੰਦੂਆਂ, ਮਕਾ ਮੁਸਲਮਾਣੁ ਮਨਾਏ। ਵੇਦ ਕਤੇਬਾਂ ਚਾਰਿ ਚਾਰਿ, ਚਾਰ ਵਰਨ ਚਾਰਿ ਮਜ਼ਹਬ ਚਲਾਏ। ਪੰਜ ਤਤ ਦੋਵੈ ਜਣੇ, ਪਉਣ, ਪਾਣੀ ਬੈਸੰਤਰ ਛਾਏ। ਇਕ ਥਾਉਂ ਦੁਇ ਨਾਉ ਧਰਾਏ॥ (ਵਾਰ 33 ਪਉੜੀ 2)
ਭਾਵ: ਦੋਹਾਂ ਨੇ ਅਰਥਾਂਤ ਮਾਇਆ ਆੇ ਈਸ਼ਵਰ ਨੇ ਮਿਲ ਕੇ ਦੋਵੇਂ ਜਣੇ (ਹਿੰਦੂ ਅਤੇ ਮੁਸਲਮਾਨ) ਉਤਪਤ ਕੀਤੇ, ਇਨ੍ਹਾਂ ਦੋਨਾਂ ਨੇ ਦੋ ਅੱਡ-ਅੱਡ ਰਸੇ ਚਲਾ ਦਿੱਤੇ। ਹਿੰਦੂ ਰਾਮ-ਰਾਮ ਆਖਣ ਲੱਗੇ, ਮੁਸਲਮਾਨ ਖੁਦਾ-ਖੁਦਾ ਦਾ ਨਉਂ ਲੈਣ ਲੱਗ ਪਏ। ਹਿੰਦੂ ਪੂਰਬ ਵੱਲ ਖੜ੍ਹ ਕੇ ਅਤੇ ਮੁਸਲਮਾਨ ਪੱਛਮ ਵੱਲ ਰੱਬ ਨੂੰ ਨਿਉਂਦੇ ਹਨ। ਹਿੰਦੂ ਗੰਗਾ ਤੇ ਕਾਸ਼ੀ ਨੂੰ ਪਵਿੱਤਰ ਅਤੇ ਮੁਸਲਮਾਨ ਮੱਕੇ ਨੂੰ ਪਵਿੱਤਰ ਜਾਣਦੇ ਹਨ। ਦੋਵੇਂ ਜਣੇ ਪੰਜ ਤੱਤ - ਅੱਗ, ਤੇਜ਼, ਵਾਯੂ, ਪ੍ਰਿਥਮੀ ਅਤੇ ਆਕਾਸ਼ ਦੀ ਪੂਜਾ ਕਰਦੇ ਹਨ ਇਸ ਤਰ੍ਹਾਂ ਇੱਕੋ ਥਾਂ ਦੋ ਨਾਉਂ ਧਰ ਲਏ ਹਨ ਇਹਨਾਂ ਦੋਨਾਂ ਨੇ। (ਸਿੱਖ ਧਰਮ ਦਾ ਇਨ੍ਹਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ।)

2. ਮੁਸਲਮਾਣਾ-ਹਿੰਦੂਆਂ, ਦੁਇ ਰਾਹ ਚਲਾਏ॥ ਮਜਹਬ, ਵਰਨ ਗਣਾਇਕੇ, ਗੁਰੁ ਪੀਰ ਸਦਾਏ॥ ਸਿਖ ਮੁਰੀਦ, ਪਖੰਡ ਕਰਿ, ਉਪਦੇਸ਼ ਦ੍ਰਿੜਾਏ॥ ਰਾਮ, ਰਹੀਮ ਧਿਆਇਂਦੇ, ਹਉਮੈ ਗਰਬਾਏ॥ ਮੱਕਾ, ਗੰਗ, ਬਨਾਰਸੀ, ਪੂਜ ਜਾਰਤ ਆਏ॥ ਰੋਜੇ, ਵਰਤ, ਨਵਾਜ ਕਰਿ, ਡੰਡਉਤ ਕਰਾਏ॥ ਗੁਰ ਸਿਖ ਰੋਮ ਨ ਪੁਜਨੀ, ਜੇ ਆਪ ਗਵਾਏ॥ (ਵਾਰ 38 ਪਉੜੀ 9)

ਭਾਵ: ਮੁਸਲਮਾਨਾਂ ਅਤੇ ਹਿੰਦੂਆਂ ਨੇ ਆਪੋ-ਆਪਣੇ ਦੋ ਰਾਹ ਚਲਾ ਲਏ। ਮੁਸਲਮਾਨ ਆਪਣੇ ਰਸਤੇ ਦਾ ਨਾਉਂ ਮਜ਼ਹਬ, ਅਤੇ ਹਿੰਦੂ ਵਰਣ ਆਖਦੇ ਹਨ, ਹਿੰਦੂ ਗੁਰੂ ਅਤੇ ਮੁਸਲਮਾਨ ਪੀਰ ਕਹਿੰਦੇ ਹਨ। ਚੇਲੇ ਅਤੇ ਮੁਰੀਦ ਵੱਡੇ ਪਾਖੰਡਾਂ ਨਾਲ ਫਸਾਉਂਦੇ ਅਤੇ ਉਪਦੇਸ਼ ਦਿੰਦੇ ਹਨ। ਹਿੰਦੁ ਰਾਮ, ਮੁਸਲਮਾਨ ਰਹੀਮ ਧਿਆਉਂਦੇ ਹੰਕਾਰ ਅਤੇ ਗਰਮ ਕਰਦੇ ਹਨ। ਮੁਸਲਮਾਨ ਮੱਕੇ ਦੀ ਯਾਤਰਾ ਅਤੇ ਹਿੰਦੂ ਗੰਗਾ ਅਤੇ ਕਾਂਸ਼ੀ ਦੀ ਸੇਵਾ ਕਰਦੇ ਹਨ ਯਾਨੀਕਿ ਇਨ੍ਹਾਂ ਤੀਰਥਾਂ ਤੇ ਜਾਕੇ ਮਰਨ ਨਾਲ ਮਕੁਕਤੀ ਸਮਝਦੇ ਹਨ। ਮੁਸਲਮਾਨ ਰੋਜੇ, ਹਿੰਦੂ ਵਰਤ ਰੱਖਦੇ ਹਨ ਨਿਮਾਜ ਅਤੇ ਡੰਡਉਜ਼ ਕਰਦੇ ਹਨ। ਪਰ ਗੁਰਸਿਖ ਇਨ੍ਹਾਂ ਚੀਜ਼ਾਂ ਦੇ ਨੇਵੇ ਨਹੀਂ ਧੁੱਕਦੇ, ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦੇ ਅਤੇ ਆਪਾ ਗਵਾਉਂਦੇ ਹਨ ਭਾਵ ਮਾਣ (ਹੰਕਾਰ) ਨਹੀਂ ਕਰਦੇ।

3. ਛਿਅ ਦਰਸ਼ਨ ਵਰਤਾਇਆ, ਚਉਦਰ ਖਨਵਾਦੇ ॥ ਘਰੈ ਘੁੰਮਿ ਘਰਬਾਰੀਆ, ਅਸਵਾਰ ਪਿਆਦੇ ॥ ਸੰਨਿਆਸੀ ਦਸ ਨਾਮ ਧਰਿ, ਕਰਿ ਵਾਦ ਕਵਾਦੇ॥ ਰਾਵਲ ਬਾਰਹ ਪੰਥ ਕਰਿ, ਫਿਰਦੇ ਉਦਮਾਦੇ ॥ ਜੈਨੀ ਜੂਠ ਨ ਉਤਰੈ, ਜੂਠੇ ਪਰਸਾਦੇ॥ ਗੁਰਸਿਖ ਰੋਮ ਨ ਪੁਜਈ, ਧਰਿ ਆਦਿ ਜੁਗਾਦੇ ॥ (ਵਾਰ 38, ਪਉੜੀ 10)

4. ਬਹੁ ਸੁੰਨੀ, ਸ਼ੀਆ, ਰਾਫਜੀ, ਮਜਹਬ ਮਨ ਭਾਣੇ॥ ਮੁਲਹਿਦ ਹੋਇ ਮੁਨਾਫਕਾ ਸਭ ਭਰਮ ਭੁਲਾਣੇ॥ ਈਸਾਈ, ਮੂਸਾਈਆਂ ਹਊਮੈ ਹੈਰਾਣੇ॥ ਹੋਇ ਫਿਰੰਗੀ, ਅਰਮਨੀ, ਰੂਮੀ ਗਰਬਾਣੇ ॥ ਕਾਲੀ, ਪੋਸ, ਕਲੰਦਰਾ, ਦਰਵੇਸ਼ ਦੁਗਾਣੇ॥ ਗੁਰ ਸਿਖ ਰੋਮ ਨ ਪੁਜਨੀ ਗੁਰ ਹਟਿ ਵਿਕਾਣੇ॥ (ਵਾਰ 38, ਪਉੜੀ 11)

5. ਚਾਰਿ ਵਰਨ, ਚਾਰਿ ਮਜਹਬਾਂ, ਜਗ ਬਿਚਿ ਹਿੰਦੂ ਮੁਸਲਮਾਣੇ॥ ਖੁਦੀ ਬਖੀਲਿ, ਤਕਬਰੀ, ਖਿੱਚੋਤਾਣ ਕਰਨਿ ਸਿਙਾਣੇ ॥ ਗੰਗ, ਬਨਾਰਸਿ, ਹਿੰਦੂਆਂ, ਮਕਾ-ਕਾਬਾ ਮੁਸਲਮਾਣੇ ॥ ਸੁੰਨਤਿ ਮੁਸਲਮਾਣ ਦੀ, ਤਿਲਕ-ਜੰਝੂ ਹਿੰਦੂ ਲੋਭਾਣੇ॥ ਰਾਮ-ਰਹੀਮ ਕਹਾਇਕੇ, ਇਕ ਨਾਮੁ ਕੋਇ ਰਾਹ ਭੁਲਾਣੇ॥ ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ॥ ਸਚ ਕਿਨਾਰੇ ਰਹਿ ਗਇਆ, ਖਹਿ ਮਰਦੇ ਬਾਹਮਣ ਮਉਲਾਣੇ॥ ਸਿਰੋ ਨ ਮਿਟੇ ਆਵਣ ਜਾਣੇ॥ (ਵਾਰ 1 ਪਉੜੀ 21)

ਪਰ ਸਿੱਖਾਂ ਦਾ ਉੱਪਰ ਲਿਖੇ ਤੀਰਥਾਂ, ਵਰਤਾਂ ਸੁੰਨਤ ਆਦਿ ਨਾਲ ਕੋਈ ਵਾਸਤਾ ਨਹੀਂ ਹੈ।

6. ਲੋਕ ਬੇਦ ਗਿਆਨ ਉਪਦੇਸ ਹੈ ਪਤਿਬ੍ਰਤਾ ਕਉ, ਮਨ, ਬਚ, ਕ੍ਰਮ, ਸਵਾਮੀ ਸੇਵਾ ਅਧਿਕਾਰ ਕਉ, ਮਨ, ਬਚ, ਕ੍ਰਮ, ਸਵਾਮੀ ਸੇਵਾ ਅਧਿਕਾਰ ਹੈ॥ ਨਾਮ, ਇਨਸਾਨ, ਦਾਨ, ਸੰਜਮ ਨ ਜਾਪ ਤਾਪ, ਤੀਰਥ, ਬਰਤ, ਪੂਜਾ ਨਾ ਤਕਾਰ ਹੈ॥ ਹੋਮ, ਜਗ, ਭੋਗ, ਨਈ ਵੇਦ ਨਹੀਂ ਦੇਵੀ, ਦੇਵਾ ਸੇਵ, ਰਾਗ, ਨਾਦ, ਬਾਦ ਨ ਸੰਬਾਦ ਆਨ ਦੁਆਰ ਹੈ॥ ਤੈਸੇ ਗੁਰਸਿਖਨ ਮੈ ਇਕ ਟੇਕ ਹੀ ਪ੍ਰਧਾਨ, ਆਨ ਗਿਆਨ, ਧਿਆਨ, ਸਿਮਰਨ ਬਿਬਚਾਰ ਹੈ॥ (ਕਵਿਤ 482 ਭਾ. ਗੁਰਦਾਸ)

ਭਾਵ: ਜਿਵੇਂ ਇਕ ਪਤੀਬ੍ਰਤਾ ਇਸਤ੍ਰੀ ਨੂੰ ਮਨ, ਬਚਨ ਅਤੇ ਕਰਮਾਂ ਕਰਕੇ ਆਪਣੇ ਪਤੀ ਦੀ ਸੇਵਾ ਦਾ ਹੀ ਅਧਿਕਾਰੀ ਹੈ। ਯਾਨੀਕਿ ਪਤੀਬ੍ਰਤਾ ਔਰਤ ਦਾ ਮੁੱਖ ਫਰਜ ਪਤੀ ਦੀ ਸੇਵਾ ਹੈ। ਕਈ ਤਰ੍ਹਾਂ ਦੇ ਜਾਪ, ਇਸ਼ਨਾਨ, ਦਾਨ, ਸੰਜਮ, ਜਾਪ, ਤਾਪ, ਤੀਰਥ ਯਾਤਰਾ, ਵਰਤ, ਪੂਜਾ, ਹਵਨ, ਜਗ, ਭੋਗ, ਨਈ ਵੇਦ, ਦੇਵੀ ਦੇਵਤਿਆਂ ਦੀ ਉਪਾਸਨਾ, ਕਿਸੇ ਰਾਗ, ਵਾਜਿਆਂ, ਗਾਣੇ ਜਾਂ ਤਰਕ-ਕੁਤਰਕ ਵੱਲ ਉਹ ਤੱਕਦੀ ਤੱਕ ਨਹੀਂ।

ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਲਈ ਸਤਿਗੁਰ ਦੇ ਚਰਨਾਂ ਦੀ ਓਟ ਲੈਣੀ ਹੀ ਮੁੱਖ ਫਰਜ ਹੈ। ਹੋਰ ਅਨੇਕ ਪ੍ਰਕਾਰੀ ਗਿਆਨ, ਧਿਆਨ, ਤੀਰਥ, ਬਰਤ, ਮੰਤਰ, ਪੂਜਾ ਬਿਭਚਾਰ ਮਹਾਂ ਪਾਪ ਹੈ।

(ਅ) ਗੁਰਬਾਣੀ ਵਿੱਚੋਂ ਪ੍ਰਮਾਣ:

1. ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ॥ ਨਾਰਦਿ ਕਹਿਆ, ਸਿ ਪੂਜ ਕਰਾਂਹੀ॥ ਅੰਦੇ ਗੰੁਗੇ, ਅੰਧ ਅੰਧਾਰ॥ ਪਾਥਰ ਲੇ ਪੂਜਹਿ, ਮੁਗਧ ਗਵਾਰ॥ ੳਹਿ ਜਾ ਆਪਿ ਡੁਬੇ, ਤੁਹਾ ਕਹਾ ਤਰਣਹਾਰ॥2॥ (ਬਿਹਾਗੜੇ ਦੀ ਵਾਰ ਪੰਨਾ - 556)

ਭਾਵ: ਹਿੰਦੂ ਉੱਕਾ ਹੀ ਭੁੱਲੇ ਹੋਏ ਅਤੇ ਖੁੰਝੇ ਹੋਏ ਹਨ, ਜੋ ਨਾਰਦ ਨੇ ਕਿਹਾ ਉਨ੍ਹਾਂ ਦੀ ਹੀ ਪੂਜਾ ਕਰਦੇ ਹਨ। ਇਹ ਅੰਨੇ-ਗੁੰਗੇ ਹਨ ਕਿਉਂਕਿ ਇਹ ਸਹੀ ਰਸਤਾ ਨਹੀਂ ਦੇਖ ਰਹੇ ਅਤੇ ਨਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ। ਇਹ ਮੂਰਖ ਗਵਾਰ ਤਾਂ ਪੱਥਰਾਂ ਦੀ ਪੂਜਾ ਕਰਦੇ ਹਨ। ਹੇ ਭਾਈ ਜਿਨ੍ਹਾਂ ਪੱਥਰਾਂ ਨੂੰ ਤੁਸੀਂ ਪੂਜਦੇ ਹੋ ਉਹ ਆਪ ਤਾਂ ਪਾਣੀ ਵਿਚ ਡੁੱਬ ਜਾਂਦੇ ਹਨ ਤਾਂ ਉਨ੍ਹਾਂ ਦੀ ਪੂਜਾ ਕਰਕੇ ਤੁਸੀਂ ਸੰਸਾਰ ਸਮੁੰਦਰ ਤੋਂ ਕਿਵੇਂ ਤਰ ਸਕਦੇ ਹੋ?

2. ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ॥ ਓਇ ਲੇ ਜਾਰੇ, ੲਇ ਲੇ ਗਾਡੇ, ਤੇਰੀ ਗਤਿ ਦੁਹੁ ਨਾ ਪਾਈ॥ (ਰਾਗ ਸੋਰਠ ਪੰਨਾ - 654)

ਭਾਵ: ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰ-ਕਰ ਕੇ ਖੁਆਰ ਹੋ ਰਹੇ ਹਨ, ਮੁਸਲਮਾਨ ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਸਿਜਦੇ ਕਰਦੇ ਹਨ (ਅਤੇ ਹੱਜ ਕਰਦੇ ਹਨ) ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਆੇ ਮੁਸਲਮਾਨਾਂ ਨੇ ਦੱਬ ਦਿੱਤੇ। ਇਸੇ ਝਗੜੇ ਵਿਚ ਕਿ ਸੱਚਾ ਕੌਣ ਹੈ, ਪ੍ਰਭੂ ਤੂੰ ਕਿਹੋ ਜਿਹਾ ਹੈ? ਇਹ ਦੋਨ੍ਹਾਂ ਧਿਰਾਂ ਨੂੰ ਸਮਝ ਨਹੀਂ ਪਈ॥

3. ਹਿੰਦੂ ਪੂਜੇ ਦੇਹਰਾ, ਮੁਸਲਮਾਣ ਮਸੀਤਿ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤਿ॥ (ਰਾਗ ਗੋਂਡ ਪੰਨਾ 874)

ਭਾਵ: ਹਿੰਦੂ ਮੰਦਰਾਂ ਵਿਚ ਜਾ ਕੇ ਮੂਰਤੀ ਪੂਜਾ ਕਰਦਾ ਹੈ, ਮੂਰਤੀਆਂ ਨੂੰ ਹੀ ਰੱਬ ਸਮਝਦਾ ਹੈ ਪਰ ਮੁਸਲਮਾਨ ਨਿਰਾ ਮਸਜਿਦ ਨੂੰ ਰੱਬ ਦਾ ਘਰ ਸਮਝਦਾ ਹੈ। ਪਰ ਨਾਮਦੇਵ ਜੀ ਕਹਿੰਦੇ ਹਨ ਕਿ ਨਾ ਉਹ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਨਾ ਮਸਜਿਦ ਵਿਚ ਹੀ ਰੱਬ ਨੂੰ ਮੰਨਦੇ ਹਨ। ਉਹ ਤਾਂ ਉਸ ਅਕਾਲ ਪੁਰਖ ਦੀ ਪੂਜਾ ਕਰਦੇ ਹਨ ਜੋ ਸਰਬ ਵਿਆਪਕ ਹੈ। ਭਾਵ ਰੱਬ ਮੰਦਰਾਂ-ਮਸਜਿਦਾਂ ਵਿਚ ਹੀ ਨਹੀਂ ਵਸਦਾ ਉਹ ਤਾਂ ਹਰ ਥਾਂ ਵਸਦਾ ਹੈ।

4. ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ ਰਾਹੁ ਦਸਾਇ ਓਥੈ ਕੋ ਜਾਇ ॥ ਕਰਣੀ ਬਾਝਹੁ ਭਿਸਤਿ ਨ ਪਾਇ ॥ਜੋਗੀ ਕੈ ਘਰਿ ਜੁਗਤਿ ਦਸਾਈ ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ ਮੁੰਦ੍ਰਾ ਪਾਇ ਫਿਰੈ ਸੰਸਾਰਿ ॥ ਜਿਥੈ ਕਿਥੈ ਸਿਰਜਣਹਾਰੁ ॥ਜੇਤੇ ਜੀਅ ਤੇਤੇ ਵਾਟਾਊ ॥ ਚੀਰੀ ਆਈ ਢਿਲ ਨ ਕਾਊ ॥ਏਥੈ ਜਾਣੈ ਸੁ ਜਾਇ ਸਿਾਣੈ ॥ ਹੋਰੁ ਫਕੜੁ ਹਿੰਦੂ ਮੁਸਲਮਾਣੈ ॥ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ਸਚੋ ਸਚੁ ਵਖਾਣੈ ਕੋਇ ॥ ਨਾਨਕ ਅਗੈ ਪੁਛ ਨ ਹੋਇ ॥2॥ (ਗੁਰੂ ਗ੍ਰੰਥ ਸਾਹਿਬ, ਪੰਨਾ 952)

ਭਾਵ: ਕਿਸੇ ਹਿੰਦੂ ਦੇ ਘਰ ਬ੍ਰਾਹਮਣ ਆਉਂਦਾ ਹੈ ਅਤੇ ਮੰਤਰ ਪੜ੍ਹ ਕੇ ਉਸ ਦੇ ਗਲ ਵਿਚ ਜਨੇਊ ਪਾ ਦੇਂਦਾ ਹੈ। ਉਹ ਹਿੰਦੂ ਬਣਿਆ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ ਪਰ ਇਸ ਦੇ ਬਾਵਜੂਦ ਮੰਦੇ ਕਰਮ ਭੀ ਕਰੀ ਜਾਂਦਾ ਹੈ। ਇਸ ਤਰ੍ਹਾਂ ਸਰੀਰਕ ਸੁੱਚ ਅਤੇ ਮੰਦੇ ਕਰਮਾਂ ਨਾਲ ਉਹ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੋ ਸਕਦਾ।

ਮੁਸਲਮਾਨ ਦੀਨ ਦੀ ਵਡਿਆਈ ਕਰਦਾ ਹੈ ਪਰ ਜੇ ਗੁਰੂ-ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ ਉਹ ਵੀ ਰੱਬ ਦੇ ਦਰ ਤੇ ਕਬੂਲ ਨਹੀਂ ਹੋ ਸਕਦਾ। ਬਹਿਸ਼ਤ ਦਾ ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਇਸ ਰਸੇ ਤੇ ਤੁਰਦਾ ਵਿਰਲਾ ਹੀ ਹੈ। ਨੇਕ ਕੰਮ ਤੋਂ ਬਗੈਰ ਰੱਬ ਮਿਲ ਨਹੀਂ ਸਕਦਾ। ਜੋਗੀ ਦੇ ਡੇਰੇ ਤੇ ਮਨੁੱਖ ਜੋਗ ਦੀ ਜੁਗਤ ਪੁੱਛਣ ਜਾਂਦਾ ਹੈ। ਉਸ ਖਾਤਰ ਕੰਨਾਂ ਵਿਚ ਮੁੰਦਰਾਂ ਪਾ ਲੈਂਦਾ ਹੈ ਅਤੇ ਘਰ-ਬਾਰ ਤਿਆਗ ਕੇ ਸੰਸਾਰ ਵਿਚ ਚੱਕਰ ਲਾਉਂਦਾ ਹੈ। ਪਰ ਸਿਰਣਹਾਰ ਪ੍ਰਭੂ ਤਾਂ ਹਰ ਥਾਂ ਮੌਜੂਦ ਹੈ। ਤਾਂ ਫਿਰ ਸੰਸਾਰਕ ਘਾਲਣਾ ਵਿਆਰਥ ਹੈ ਅਤੇ ਰੱਬ ਘਰ ਬੈਠੇ ਹੀ ਭਾਲਿਆ ਜਾ ਸਕਦਾ ਹੈ।

ਜਗਤ ਦੇ ਜਿੰਨੇ ਵੀ ਜੀਵ ਹਨ ਉਹ ਸਾਰੇ ਹੀ ਮੁਸਾਫਰ ਹਨ, ਸਦਾ ਆਉਣ ਤੇ ਬਗੈਰ ਦੇਰ ਤੇ ਇੱਥੋਂ ਤੁਰ ਜਾਣਾ ਪੈਂਦਾ ਹੈ। ਜਿਸ ਨੇ ਇਸ ਜਨਮ ਵਿਚ ਹੀ ਪ੍ਰਭੂ ਨੂੰ ਪਛਾਣ ਲਿਆ ਹੈ ਉਹ ਪ੍ਰਲੋਕ ਵਿਚ ਵੀ ਪ੍ਰਭੂ ਨੂੰ ਪਛਾਣ ਲੈਂਦਾ ਹੈ ਭਾਵ ਜੀਵਨ ਮੁਕਤ ਹੋ ਜਾਂਦਾ ਹੈ। ਇਸ ਤੋਂ ਬਗੈਰ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ, ਇਕ ਫੋਕਾ ਹੀ ਦਾਅਵਾ ਹੈ। ਹਰੇਕ ਪ੍ਰਾਣੀ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜੂਰੀ ਵਿਚ ਹੁੰਦਾ ਹੈ। ਨੇਕ ਅਮਲਾਂ ਤੋਂ ਬਗੈਰ ਕੋਈ ਪਾਰ ਨਹੀਂ ਹੋ ਸਕਦਾ। ਜੋ ਇਸ ਜਨਮ ਵਿਚ ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪ੍ਰਲੋਕ ਵਿਚ ਉਸ ਮਨੁੱਖ ਦਾ ਲੇਖਾ ਨਹੀਂ ਹੁੰਦਾ।

5. ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥1॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥1॥ ਰਹਾਉ ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥2॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥3॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 477)


ਅਰਥ: ਹੇ ਕਾਜੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ ਕਿ ਮੁਸਲਮਾਨਾਂ ਨੂੰ ਬਹਿਸ਼ਤ ਅਤੇ ਹਿੰਦੂਆਂ ਆਦਿ ਨੂੰ ਦੋਜ਼ਖ ਮਿਲੇਗਾ। ਤੇਰੇ ਵਰਗੇ ਪੜ੍ਹਨ ਅਤੇ ਵਿਚਾਰਨ ਵਾਲੇ ਖੁਆਰ ਹੀ ਹੁੰਦੇ ਹਨ। ਕਿਸੇ ਨੂੰ ਰੱਬ ਦੀ ਅਸਲੀਅਤ ਦੀ ਸਮਝ ਨਹੀਂ ਪਈ॥1॥ ਰਹਾਉ॥

ਹੇ ਝਗੜਾਲੂ! ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਹਿੰਦੂ ਅਤੇ ਮੁਸਲਮਾਨ ਇਕ ਪ੍ਰਮਾਤਮਾ ਤੋਂ ਬਗੈਰ ਕਿੱਥੋਂ ਪੈਦਾ ਹੋਏ ਹਨ। ਪ੍ਰਭੂ ਤੋਂ ਬਗੈਰ ਕੌਣ ਕਿਸੇ ਨੂੰ ਪੈਦਾ ਕਰ ਸਕਦਾ ਹੈ। ਤੂੰ ਕਿਉਂ ਮੁਸਲਮਾਨਾਂ ਜਾਂ ਹਿੰਦੂਆਂ ਆਦਿ ਦੇ ਵਿਤਕਰੇ ਪਾਏ ਹਨ। ਸਿਰਫ ਮੁਸਲਮਾਨ ਜਾਂ ਹਿੰਦੂ ਆਦਿ ਹੋਣ ਕਰਕੇ ਹੀ ਕਿਸੇ ਨੂੰ ਬਹਿਸ਼ਤ ਜਾਂ ਜੋਜਖ ਵਿਚ ਨਹੀਂ ਭੇਜਿਆ ਜਾ ਸਕਦਾ॥1॥

ਇਹ ਸੁੰਨਤ ਤਾਂ ਔਰਤ ਦੇ ਪਿਆਰ ਦੀ ਖਾਤਰ ਹੀ ਕੀਤੀ ਜਾਂਦੀ ਹੈ, ਹੇ ਭਾਈ! ਮੈਂ ਨਹੀਂ ਮੰਨ ਸਕਦਾ ਕਿ ਸੁੰਨਤ ਕਰਨ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ। ਜੇ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆ ਹੋ ਜਾਵੇਗੀ ॥2॥

ਪਰ, ਜੇ ਸਿਰਫ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ। ਵਹੁਟੀ, ਮਨੁੱਖ ਦੇ ਜੀਵਨ ਦੀ ਹਰ ਵੇਲੇ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਵੀ ਸਾਥ ਨਹੀਂ ਛੱਡਦੀ। ਸੋ ਅੱਧਵਾਟੇ ਰਹਿਣ ਨਾਲੋਂ ਹਿੰਦੂ ਹੀ ਟਿਕੇ ਰਹਿਣਾ ਚਾਹੀਦਾ ਹੈ ॥3॥

ਹੇ ਭਾਈ! ਮਜ਼ਹਵੀ ਕਿਤਾਬਾਂ ਦੀਆਂ ਬਹਿਸਾਂ ਛੱਡਕੇ ਪ੍ਰਮਾਤਮਾ ਦਾ ਭਜਨ ਕਰ, ਬੰਦਗੀ ਛੱਡਕੇ ਤੂੰ ਆਪਣੇ ਆਪ ਨਾਲ ਬਹੁਤ ਜ਼ੁਲਮ ਕਰ ਰਿਹਾ ਹੈਂ{ ਕਬੀਰ ਨੇ ਤਾਂ ਹਿੰਦੂ-ਮੁਸਲਮਾਨਾਂ ਨੂੰ ਛੱਡਕੇ ਇਕ ਪ੍ਰਮਾਤਮਾ ਦਾ ਆਸਰਾ ਲਿਆ ਹੈ, ਜੋ ਸਭ ਦਾ ਸਿਰਜਣਹਾਰ ਹੈ। ਮੁਸਲਮਾਨ-ਹਿੰਦੂ ਬਹਿਸਾਂ ਵਿਚ ਹੀ ਖੁਆਰ ਹੋ ਰਹੇ ਹਨ॥

ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥1॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥2॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥4॥
(ਗੁਰੂ ਗ੍ਰੰਥ ਸਾਹਿਬ, ਪੰਨਾ 1158)


ਨੋਟ: ਭਗਤ ਕਬੀਰ ਕੱਪੜਾ ਬਣਾਉਣ ਦਾ ਕੰਮ ਕਰਦੇ ਸਨ। ਆਪਣੇ ਹੀ ਕਿੱਤੇ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਜਿਉਂ-ਜਿਉਂ ਮੈਂ ਪ੍ਰਭੂ ਚਰਨਾਂ ਵਿਚ ਸੁਰਤ ਜੋੜਨ ਦੀ ਤਾਣੀ ਉਣੀ, ਤਿਉਂ-ਤਿਉਂ ਮੈਨੂੰ ਹਿਰੰਦੂਆਂ ਦੇ ਕਰਮਾਂ-ਕਾਂਡਾਂ ਅਤੇ ਮੁਸਲਮਾਨਾਂ ਦੀ ਸ਼ਰਹ ਦੀ ਲੋੜ ਨਹੀਂ ਰਹੀ। ਰੱਬ ਨੂੰ ਲਿਣ ਲਈ ਬਸ ਇੱਕੋ ਹੀ ਗੁਰ ਹੈ ਕਿ ਮਨੁੱਖ ਆਪਣੇ ਆਪ ਹੀ ਖੋਜ ਕਰੇ ਅਤੇ ਪ੍ਰਭੂ ਨੂੰ ਆਪਣੇ ਦਿਲ ਵਿਚ ਵਸਾਏ।

ਅਰਥ: ਜਿਉਂ-ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣੀ ਰਿਹਾ ਹਾਂ, ਮੈਂ ਪੰਡਿਤ ਅਤੇ ਮੁਲਾਂ ਦੋਵੇਂ ਹੀ ਛੱਡ ਦਿੱਤੇ। ਦੋਹਾਂ ਦੇ ਦੱਸੇ ਕਰਮ-ਕਾਂਡ ਅਤੇ ਸ਼ਰਹ ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ। ਭਾਵ ਕਰਮ-ਕਾਂਡ ਤੇ ਸ਼ਰਹ ਦੋਵੇਂ ਨਾਮ ਸਿਮਰਨ ਦੇ ਸਹਮਣੇ ਤੁੱਛ ਹਨ॥1॥ਰਹਾਉ॥

ਨਾਮ ਦੀ ਬਰਕਤ ਨਾਲ ਮਨ ਨੂੰ ਮਾਇਆ ਨਾਲੋਂ ਉਲਟਾ ਕੇ ਮੈਂ ਜਾਤਿ ਅਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ। ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਜਾਤ ਜਾਂ ਕੁਲ ਨਾਲ ਕੋਈ ਸੰਬੰਧ ਨਹੀਂ। ਨਾਮ ਸਿਮਰ ਕੇ ਕੋਈ ਵੀ ਪ੍ਰਭੂ ਨੂੰ ਮਿਲ ਸਕਦਾ ਹੈ। ਪੰਡਿਤ ਜਾਂ ਮੁੱਲਾ ਲਈ ਨਾਮ ਸਿਮਰਨ ਰਾਖਵਾਂ ਨਹੀਂ। ਮੇਰੀ ਸੁਰਤ ਹੁਣ ਉੱਥੇ ਟਿਕੀ ਹੋਈ ਹੈ ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ ਯਾਨੀਕਿ ਉੱਥੇ ਅਡੋਲਤਾ ਹੀ ਅਡੋਲਤਾ ਹੈ॥1॥

ਪ੍ਰਭੂ ਚਰਨਾਂ ਵਿਚ ਸੁਰਤ ਰੂਪੀ ਤਾਣੀ ਉਣ-ਉਣ ਕੇ ਮੈਂ ਆਪਣੇ ਆਪ ਨੂੰ ਪਹਿਨ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫਤ-ਸਲਾਹ ਕਰ ਰਿਹਾ ਹਾਂ, ਜਿੱਥੇ ਆਪਾ-ਭਾਵ ਨਹੀਂ ਹੈ॥2॥

ਕਰਮ-ਕਾਂਡ ਅਤੇ ਸ਼ਰਹ ਬਾਰੇ ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਵੀ ਲਿਖਿਆ ਹੈ, ਮੈਂ ਇਹ ਸਭ ਕੁੱਝ ਛੱਡ ਦਿੱਤਾ ਹੈ, ਮੈਨੂੰ ਇਹਨ੍ਹਾਂ ਕਿਸੇ ਦੀ ਵੀ ਲੋੜ ਨਹੀਂ॥3॥

ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ। ਕਰਮ-ਕਾਂਡ ਅਤੇ ਸ਼ਰਹ ਇੱਥੇ ਮਦਦ ਨਹੀਂ ਕਰਦੇ। ਹੇ ਕਬੀਰ! ਜੋ ਵੀ ਪ੍ਰਭੂ ਨੂੰ ਮਿਲੇ ਹਨ, ਉਹ ਆਪਾ ਖੋਜ-ਖੋਜ ਕੇ ਹੀ ਮਿਲੇ ਹਨ। ਉਹ ਕਿਸੇ ਵੀ ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ॥

ਨਟੋ: ਉਪਰੋਕਤ ਸ਼ਬਦ ਦੀ ਰਹਾਉ ਵਾਲੀ ਤੁੱਕ "ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥" ਪੜ੍ਹਨ ਵੇਲੇ `ਪੰਡਿਤ-ਮੁਲਾਂ` ਨੂੰ ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ ਨਹੀਂ ਹੋਇਆ ਭਾਵੇਂ ਇਸ ਦਾ ਭਾਵ ਸ਼ਬਦ ਦੇ ਤੀਜੇ ਬੰਦ ਵਿਚ ਕੁੱਝ ਹੱਲ ਹੋ ਜਾਂਦਾ ਹੈ ਕਿ ਭਗਤ ਕਬੀਰ ਪੰਡਤਾਂ ਦੇ ਕਰਮ-ਕਾਂਡਾਂ ਅਤੇ ਮੁਸਲਮਾਨਾਂ ਦੀ ਸ਼ਰਹ ਦੀ ਗੱਲ ਕਰ ਰਹੇ ਹਨ।

7. ਭਗਤ ਕਬੀਰ ਜੀ ਦੇ ਇਸ ਸ਼ਬਦ ਵਿਚ ਦਿੱਤੇ ਭਾਵ ਨੂੰ ਵਧੇਰੇ ਸਾਫ ਕਰਨ ਵਾਸਤੇ ਕਿ ਸਿੱਖ ਧਰਮ ਦਾ ਹਿੰਦੂ ਜਾਂ ਮੁਸਲਮਾਨਾਂ ਦੇ ਧਰਮ ਨਾਲ ਕੋਈ ਵਾਸਤ ਨਹੀਂ, ਗੁਰੂ ਅਰਜਨ ਦੇਵ ਜੀ ਦੇ ਭੈਰਉ ਰਾਗ ਵਿਚ ਇਕ ਹੋਰ ਸ਼ਬਦ ਦਰਜ ਹੈ ਜਿਸ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ। ਕਿਉਂਕਿ `ਮਹਲਾ` ਲਫਜ਼ ਗੁਰੂ ਸਾਹਿਬਾਂ ਵਾਸਤੇ ਹੀ ਰਾਖਵਾਂ ਹੈ ਇਸ ਲਈ ਇਸ ਸ਼ਬਦ ਦਾ ਸਿਰਲੇਖ ਭੈਰਉ ਮ:5 ਹੈ। ਕਿਉਂਕਿ ਇਹ ਸ਼ਬਦ ਭਗਤ ਕਬੀਰ ਦੇ ਸ਼ਬਦ ਦੀ ਹੀ ਵਿਆਖਿਆ ਹੈ, ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ `ਨਾਨਕ` ਦੀ ਥਾਂ `ਕਬੀਰ` ਨਾਉਂ ਵਰਤਿਆ ਹੈ। ਇਹ ਕੋਈ ਅਨੋਖੀ ਗੱਲ ਨਹੀਂ ਹੈ। ਇਸ ਤਰ੍ਹਾਂ ਗੁਰਬਾਣੀ ਅੰਦਰ ਕਈ ਹੋਰ ਵੀ ਥਾਵਾਂ ਤੇ ਇਸੇ ਤਰ੍ਹਾਂ ਕੀਤਾ ਗਿਆ ਹੈ। ਉਦਾਹਰਣ ਦੇ ਤੌਰ ਤੇ ਦੇਖੋ ਰਾਗ ਆਸਾ ਵਿਚ ਪੰਨਾ 487 ਤੇ `ਧੰਨਾ` ਅਤੇ ਰਾਗ ਸਾਰੰਗ ਵਿਚ ਪੰਨਾ 1253 ਤੇ `ਸੂਰਦਾਸ`। ਇਨ੍ਹਾਂ ਦੋਨ੍ਹਾਂ ਸ਼ਬਦਾਂ ਦਾ ਸਿਰਲੇਖ ਵੀ `ਮਹਲਾ 5` ਹੀ ਹੈ।

ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥

ਅਰਥ: ਹੇ ਭਾਈ! ਆਤਮਕ ਜੀਵਨ ਦੀ ਅਗਵਾਈ ਵਾਸਤੇ ਮੈਂ ਆਪਣੀ ਸਾਂਝ `ਹਿੰਦੂ` ਅਤੇ `ਤੁਰਕ` ਦੋਹਾਂ ਨਾਲੋਂ ਮੁਕਾ ਲਈ ਹੈ। ਮੇਰਾ ਤਾਂ ਰੱਬ ਸਿਰਫ ਉਹ ਹੈ ਜਿਸ ਨੂੰ ਹਿੰਦੂ ਗੁਸਾਈ ਅਤੇ ਮੁਸਲਮਾਨ ਅੱਲਾਹ ਆਖਦਾ ਹੈ॥1॥ ਰਹਾਉ॥

ਹੇ ਭਾਈ! ਨਾਂਹ ਮੈਂ ਹਿੰਦੂਆਂ ਵਾਂਗ ਵਰਤ ਰੱਖਦਾ ਹਾਂ ਨਾ ਹੀ ਮੁਸਲਮਾਨਾਂ ਵਾਂਗ ਰਮਜ਼ਾਨ ਦੇ ਮਹੀਨੇ ਰੋਜੇ॥ ਮੈਂ ਤਾਂ ਸਿਰਫ ਉਸ ਪ੍ਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖਰ ਤੱਕ ਹਰ ਜੀਵ ਦੀ ਰੱਖਿਆ ਕਰਦਾ ਹੈ॥1॥

ਹੇ ਭਾਈ! ਮੈਂ ਮੁਸਲਮਾਨਾਂ ਵਾਂਗ ਨਾ ਕਾਬੇ ਹੱਜ ਕਰਨ ਵਾਸਤੇ ਜਾਂਦਾ ਹਾਂ ਨਾ ਹੀ ਹਿੰਦੂਆਂ ਵਾਂਗ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ ਇੱਕ ਪਰਮਾਤਮਾ ਨੂੰ ਹੀ ਸਿਮਰਦਾ ਹਾਂ, ਕਿਸੇ ਹੋਰ ਦੂਜੇ ਦੇਵੀ-ਦੇਵਤਾ, ਅਵਤਾਰ ਨੂੰ ਨਹੀਂ ਪੂਜਦਾ ਜਾਂ ਸਿਮਰਦਾ॥2॥

ਹੇ ਭਾਈ! ਮੈਂ ਨਾ ਹਿੰਦੂਆਂ ਵਾਂਗ ਦੇਵ-ਪੂਜਾ ਕਰਦਾ ਹਾਂ, ਨਾ ਹੀ ਮੁਸਲਮਾਨਾਂ ਵਾਂਗ ਨਮਾਜ਼ ਪੜਦਾ ਹਾਂ। ਮੈਂ ਤਾ ਸਿਰਫ ਇੱਕ ਨਿਰੰਕਾਰ ਨੂੰ ਹੀ ਹਿਰਦੇ ਵਿਚ ਵਸਾ ਕੇ ਉਸ ਅੱਗੇ ਸਿਰ ਨਿਵਾਂਦਾ ਹਾਂ॥3॥

ਹੇ ਭਾਈ! ਆਤਮਕ ਜੀਵਨ ਦੀ ਅਗਵਾਈ ਵਾਸਤੇ ਨਾ ਹੀ ਅਸੀਂ ਹਿੰਦੂ ਧਰਮ ਦੇ ਮੁਥਾਜੀ ਹਾਂ, ਨਾ ਹੀ ਅਸੀਂ ਮੁਸਲਮਾਨਾਂ ਦੇ। ਸਾਡਾ ਇਹ ਸਰੀਰ, ਸਾਡੀ ਇਹ ਜਿੰਦ ਪਰਮਾਤਮਾ ਦੇ ਦਿੱਤੇ ਹੋਏ ਹਨ ਜਿਸਨੂੰ ਮੁਸਲਮਾਨ ਅੱਲਾ ਕਹਿੰਦਾ ਹੈ ਅਤੇ ਜਿਸ ਨੂੰ ਹਿੰਦੂ ਰਾਮ ਕਹਿੰਦਾ ਹੈ। ਭਾਵ ਸਾਡਾ ਸਰੀਰ ਜਾਂ ਜਿੰਦ ਕਿਸੇ ਹਿੰਦੂ ਜਾਂ ਮੁਸਲਮਾਨ ਨੇ ਨਹੀਂ ਬਣਾਏ॥4॥

ਕਬੀਰ ਸਾਹਿਬ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੈਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ॥5॥

ਖਾਲਸੇ ਦੀ ਸਾਜਨਾ ਕਰਕੇ 30 ਮਾਰਚ 1699 ਗੁਰੂ ਗੋਬਿੰਦ ਸਿੰਘ ਨੇ ਸਿੱਖ ਦਰਮ ਵਿਚ ਪ੍ਰਵੇਸ਼ ਕਰਨ ਦੀ ਵਿਧੀ ਨੂੰ ਹੀ ਬਦਲਿਆ ਹੈ। ਸਾਰੇ ਗੁਰੂ ਇੱਕੋ ਹੀ ਜੋਤ ਹਨ।

ਉਪਰੋਕਤ ਪ੍ਰਮਾਣਾਂ ਦੇ ਬਾਵਜੂਦ ਇਹ ਕਹਿਣਾ ਕਿ ਸਿੱਖ ਹਿੰਦੂਆ ਵਿੱਚੋਂ ਪੈਦਾ ਹੋਏ ਹਨ, ਸਾਡਾ ਹੱਠ ਹੈ, ਹਕੀਕਤ ਨਹੀਂ। ਅੰਤ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੇ ਵਿਸ਼ਵਾਸਾਂ ਦੀ ਭਿੰਨਤਾ ਦਾ ਸੰਖੇਪ ਵੇਰਮਾ ਦਿੱਤਾ ਜਾਂਦਾ ਹੈ -

ਨੰ: ਵਿਸ਼ਵਾਸ ਹਿੰਦੂ ਮੁਸਲਮਾਨ ਸਿੱਖ

1. ਮੂਲ ਮੰਤਰ ਗਾਯਤ੍ਰੀ --ਕਲਮਾ --ੴ ਤੋਂ ਲੈ ਕੇ ਗੁਰਪ੍ਰਸਾਦਿ ਤੱਕ
2. ਮੰਗਲਾਚਰਨ ਓਅੰ- ਬਿਸਮੱਲਾ -ੴ ਸਤਿਗੁਰ ਪ੍ਰਸਾਦਿ॥
3. ਮੁਲਾਕਾਤ ਵੇਲੇ ਰਾਮ-ਰਾਮ -ਸਲਾਮ -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
4. ਧਾਰਮਿਕ ਪੁਸਤਕ ਵੇਦ -ਕੁਰਾਨ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
5. ਤੀਰਥ ਗੰਗਾ, ਗਯਾ, ਪ੍ਰਣਾਗ ਆਦਿ- ਮੱਕਾ -ਗੁਰੂ ਦੀ ਸਿੱਖਿਆ ਹੀ ਤੀਰਥ।
6. ਪੂਜਾ ਦੇ ਸਾਂਝੇ ਅਸਥਾਨ ਦਾ ਨਾਮ ਠਾਕਰਦੁਆਰੇ ਸ਼ਿਵ ਦਵਾਲੇ ਆਦਿ -ਮਸਜਿਦ -ਗੁਰਦੁਆਰੇ
7. ਪੂਜਨ ਦੀ ਦਿਸ਼ਾ ਪੂਰਬ ਅਤੇ ਦੱਖਣ -ਪੱਛਮ -ਕਿਸੇ ਵੀ ਪਾਸੇ ਕਿਉਂਕਿ ਵਾਹਿਗੁਰੂ ਹਰ ਥਾਂ ਹਰ ਦਿਸ਼ਾ ਇੱਕ ਸਾਰ ਹੈ।
8. ਇਸ਼ਨਾਨ ਵੇਲਾ ਸੂਰਜ ਚੜ੍ਹਨ ਵੇਲੇ -ਵਜ ਨਿਵਾਜ ਤੋਂ ਪਹਿਲਾਂ -ਅੰਮ੍ਰਿਤ ਵੇਲੇ
9. ਨਿਤਨੇਮ ਗਾਯਤ੍ਰੀ ਨਿਵਾਜ ਜਪ, ਜਾਪ, ਸਵੱਯੇ, ਰਹਿਰਾਸ ਅਤੇ ਸੋਹਿਲਾ
10. ਧਰਮ ਪ੍ਰਵੇਸ਼ ਦੀ ਵਿਧੀ ਜਨੇਊ, ਮੰਡਨ -ਸੁੰਨਤ -ਖੰਡੇ ਦੀ ਪਹੁਲ ਦੁਆਰਾ ਅੰਮ੍ਰਿਤ ਛੱਕਣਾ
11. ਧਾਰਮਿਕ ਚਿੰਨ੍ਹ ਸਿਖਾ, ਤਿਲਕ, ਮਾਲਾ, ਜਨੇਊ, ਧੋਤੀ ਸ਼ਰਈ- ਮੁੱਛਾਂ ਅਤੇ ਤੰਬਾ ਸਈਯਦ/ਮੌਲਵੀ ਪੰਜ ਕਕਾਰ (ਕੇਸ, ਕਛਹਰਾ, ਕਿਰਪਾਨ, ਕੰਘਾ ਅਤੇ ਕੜਾ)
12. ਪੁਜਾਰੀ ਬ੍ਰਹਮਣ ਸਈਯਦ/ਮੌਲਵੀ ਗੁਰੂ ਖਾਲਸਾ
13. ਦਿਨ ਜਨਮ ਅਸ਼ਟਮੀ, ਰਾਮ ਨੌਮੀ ਆਦਿ ਈਦ, ਬਕਰੀਦ -ਗੁਰਪੁਰਬ
14. ਪ੍ਰਸਾਦਿ ਲੱਡੂ, ਚੂਰਮਾ, ਫੁੱਲੀਆਂ -ਬੱਕਰੇ ਆਦਿ ਦੀ ਕੁਰਬਾਨੀ -ਕੜਾਹ ਪ੍ਰਸ਼ਾਦ

ਸਿੱਖਾਂ ਲਈ ਵਿਸਾਖੀ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਗੁਰੂ ਦੀ ਸਿੱਖਿਆ ਤੇ ਚੱਲੀਏ ਅਤੇ ਕੇਸਾਂ ਦੀ ਬੇਅਦਬੀ ਛੱਡ ਕੇ ਖਾਲਸਾ ਪੰਥ ਵਿਚ ਦਾਖਲਾ ਲਈਏ। ਇਹ ਦਾਖਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਿਆਰ-ਬਰ-ਤਿਆਰ ਪੰਜ ਸਿੰਘਾਂ ਤੋਂ ਖੰਡੇ ਦੀ ਪਹੁਲ ਛਕ ਕੇ ਹੀ ਲਿਆ ਜਾ ਸਕਦਾ ਹੈ।
ਉਮੀਦ ਹੈ ਕਿ ਅਸੀਂ ਇਹ ਸਮਝਣ ਵਿਚ ਸਫਲ ਹੋ ਗਏ ਹਾਂ ਕਿ ਸਿੱਖ ਧਰਮ ਕਿਸੇ ਧਰਮ ਵਿਚੋਂ ਪੈਦਾ ਨਹੀਂ ਹੋਇਆ। ਖਾਲਸੇ ਦੇ ਜਨਮ ਦਿਨ ਦੀ ਸਭ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਸਿਡਨੀ (ਆਸਟ੍ਰੇਲੀਆ)
.