.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਨੌਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਵਿਲਖਣ ਇਤਿਹਾਸ ਹੈ, ਗੁਰਬਾਣੀ ਆਧਾਰਤ ਸਿੱਖ ਇਤਿਹਾਸ-ਇਤਿਹਾਸ ਦਾ ਅਰਥ ਹੀ ਉਨ੍ਹਾਂ ਘਟਣਾਵਾਂ ਦਾ ਜ਼ਿਕਰ ਹੁੰਦਾ ਹੈ ਜਿਹੜੀਆਂ ਹੁਣ ਨਹੀਂ ਬਲਕਿ ਹੁਣ ਤੋਂ ਪਹਿਲਾਂ ਬੇਸ਼ੱਕ ਕੁੱਝ ਸਮਾਂ ਪਹਿਲਾਂ ਵਾਪਰ ਚੁੱਕੀਆਂ ਹੋਣ ਜਾਂ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਹੋਈਆਂ ਹੋਣ, ਉਹ ਸਾਰੀਆਂ ਇਤਿਹਾਸ ਹੀ ਕਹਿਲਵਾਂਉਂਦੀਆਂ ਹਨ।

ਫ਼ਿਰ ਕੇਵਲ ਭਾਰਤ ਹੀਂ ਬਲਕਿ ਸੰਸਾਰ ਭਰ ਦੇ ਇਤਿਹਾਸ ਦਾ ਸੰਤਾਪ ਹੈ, ਜੇ ਕਰ ਕਿਸੇ ਇਤਿਹਾਸਕ ਘਟਣਾ ਨਾਲ ਸੰਬੰਧਤ ਪੁਖ਼ਤਾ ਤੇ ਪੱਕੇ ਸਬੂਤ ਹੋਣ ਤਾਂ ਤੇ ਠੀਕ, ਨਹੀਂ ਤਾਂ ਸਮੇਂ ਨਾਲ ਜਦੋਂ ਉਸ ਇਤਿਹਾਸਕ ਘਟਣਾ `ਤੇ ਝੂਠ ਦੇ ਗਲੇਫੜੇ ਚੜ੍ਹਾ-ਚੜ੍ਹਾ ਕੇ ਉਸ ਨੂੰ ਮਿਥਿਹਾਸ `ਚ ਬਦਲ ਦਿੱਤਾ ਜਾਂਦਾ ਹੈ ਤਾਂ ਉਸ `ਚੋਂ ਸਚਾਈ ਦੀ ਪਹਿਚਾਣ ਕਰਣੀ ਸੰਭਵ ਹੀ ਨਹੀਂ ਰਹਿੰਦੀ। ਅਜਿਹੀ ਅਵਸਥਾ `ਚ ਇਤਿਹਾਸ ਹੋਵੇ ਜਾਂ ਮਿਥਿਹਾਸ ਦੋਵੇਂ ਇਕੋ ਜਗ੍ਹਾ `ਤੇ ਪੁੱਜ ਜਾਂਦੇ ਹਨ।

ਜਦਕਿ ਸਿੱਖ ਇਤਿਹਾਸ ਦੀ ਵਿਲਖਣਤਾ ਹੈ ਕਿ ਸਿੱਖ ਧਰਮ, ਸਿੱਖ ਰਹਿਣੀ ਤੇ ਸਿੱਖ ਇਤਿਹਾਸ `ਚ ਸਮੇਂ ਨਾਲ ਭਾਵੇਂ ਕਿਤਨੀ ਵੀ ਮਿਲਾਵਟ ਕਿਉਂ ਨਾ ਹੋ ਜਾਵੇ; ਸਿੱਖ ਕੋਲ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" "ਅੱਖਰ ਰੂਪ" "ਗੁਰਬਾਣੀ ਗੁਰੂ" ਤੋਂ ਪ੍ਰਗਟ "ਵਿਚਾਰਧਾਰਾ" ਵਾਲਾ ਅਜਿਹਾ ਤੇ ਨਿਵੇਕਲਾ ਖਜ਼ਾਨਾ ਹੈ ਜਿਸ ਤੋਂ ਉਸ ਘਟਣਾ ਦੀ ਸਚਾਈ ਤੀਕ ਪੁੱਜਣ ਲਈ ਇਸ ਖਜ਼ਾਨੇ ਨੂੰ "ਕਸਵੱਟੀ" ਵਜੋਂ, ਜਦੋਂ ਚਾਹੋ ਵਰਤਿਆ ਜਾ ਸਕਦਾ ਹੈ ਤੇ ਉਸ ਸੱਚ ਤੀਕ ਪੁੱਜਿਆ ਵੀ ਜਾ ਸਕਦਾ ਹੈ।

ਫ਼ਿਰ ਇਹ ਵੀ ਕਿ ਜਦੋਂ-ਜਦੋਂ ਵੀ ਸਿੱਖ ਤੇ ਭਾਵੇਂ ਸੰਸਾਰ ਭਰ ਦਾ ਕੋਈ ਵੀ ਮਨੁੱਖ ਅਥਵਾ ਸੰਸਥਾ, ਉਸ ਮਿਲਾਵਟ ਦੀ ਤਹਿ ਤੀਕ ਪੁੱਜਣਾ ਚਾਹੇ ਉਹ ਸਹਿਜੇ ਹੀ ਪੁੱਜ ਵੀ ਸਕਦੀ ਹੈ; ਬ-ਸ਼ਰਤੇ ਕਿ ਅਮੁੱਕਾ ਸੱਜਣ ਅਥਵਾ ਸੰਸਥਾ ਪਹਿਲਾਂ ਆਪ ਵੀ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਸਿਧਾਂਤ ਪੱਖੋਂ ਪੂਰੀ ਤਰ੍ਹਾਂ ਸੁਚੇਤ ਅਤੇ ਜਾਗ੍ਰਿਤ ਹੋਵੇ। ਇਹ ਵੀ ਕਿ ਫ਼ਿਰ ਭਾਵੇਂ ਉਹ ਇਸ ਦੀ ਪਹਿਚਾਣ ਨਿਜੀ ਤਲ `ਤੇ ਕਰ ਰਿਹਾ ਹੋਵੇ/ ਕੀਤੀ ਜਾ ਰਹੀ ਹੋਵੇ, ਕਿਸੇ ਸੰਸਥਾ ਦੇ ਤਲ `ਤੇ ਜਾਂ ਪੰਥਕ ਤਲ `ਤੇ।

"ਅਗੋ ਦੇ ਜੇ ਚੇਤੀਐ ਤਾਂ, ਕਾਇਤੁ ਮਿਲੈ ਸਜਾਇ" (ਪੰ: ੪੧੭) -ਜਦਕਿ ਸਿੱਖ ਇਤਿਹਾਸ ਨਾਲ ਇਸ ਤੋਂ ਵੱਡਾ ਦੁਖਾਂਤ ਇਹ ਹੋ ਰਿਹਾ ਹੈ ਕਿ ਸਿੱਖ ਇਤਿਹਾਸ ਨੂੰ ਅੱਜ ਜਿਸ ਤਰ੍ਹਾਂ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਉਹ ਅਨੇਕਾਂ ਪੱਖਾਂ ਤੋਂ ਗੁਰਬਾਣੀ ਦੀ ਕਸਵੱਟੀ `ਤੇ ਲਾਏ ਬਿਨਾ, ਪੂਰੇ ਸਿੱਖ ਇਤਿਹਾਸ ਦੀ ਤਾਂ ਗੱਲ ਹੀ ਕੀ ਬਲਕਿ ਸਿੱਖ ਇਤਿਹਾਸ ਦੇ ਮੂਲ "ਗੁਰੂ ਇਤਿਹਾਸ" ਨੂੰ ਵੀ ਸਾਰੇ ਪਾਸੇ ਬਿਨਾ ਘੋਖੇ, ਬਿਨਾ ਸਮਝੇ ਬਹੁਤਾ ਮੱਖੀ `ਤੇ ਮੱਖੀ ਮਾਰਣ ਵਰਗੀ ਗੱਲ ਹੀ ਬਣੀ ਪਈ ਹੈ। ਉਸੇ ਦਾ ਨਤੀਜਾ, ਬਜਾਏ ਲਾਭ ਦੇ ਇਸ ਪੱਖੋਂ ਕੌਮ ਦਾ ਹਰ ਸਮੇਂ ਭਰਵਾਂ ਨੁਕਸਾਨ ਵੀ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਜਿਹੜਾ ਅੱਜ ਦਿਨੋ-ਦਿਨ ਬਹੁਤੀਆਂ ਗੁਰੂ ਕੀਆਂ ਸ਼ੰਗਤਾਂ ਰਾਹੀਂ ਗੁਰਬਾਣੀ ਸੋਝੀ ਤੇ ਜੀਵਨ ਪੱਖੋਂ ਲਾਪਰਵਾਹੀ ਵਰਤੀ ਜਾ ਰਹੀ ਉਹ ਵੀ ਇਸ ਪੱਖੋਂ ਖ਼ਤਰਨਾਕ ਹੈ।

ਫ਼ਿਰ ਇਤਨਾ ਹੀ ਨਹੀਂ ਪਿਛਲੇ ਕੁੱਝ ਦਹਾਕਿਆਂ ਤੋਂ ਸਿੱਖ ਕੌਮ `ਚ ਆ ਚੁੱਕੀ ਸ਼ਤਾਬਦੀਆਂ ਦੀ ਹੋੜ `ਚ ਬੇਸ਼ੱਕ ਸਾਰੇ ਨਹੀਂ ਪਰ ਤਾਂ ਵੀ ਬੇਅੰਤ ਅਜਿਹੇ ਇਤਾਹਸਕਾਰ ਦਾਖ਼ਲ ਹੋ ਗਏ ਹਨ ਜਿਨ੍ਹਾਂ ਦੇ ਜੀਵਨ `ਚ ਨਾ ਗੁਰਬਾਣੀ ਦੀ ਸੋਝੀ ਹੈ ਤੇ ਨਾ ਜੀਵਨ-ਜਾਚ। ਇਸ ਤਰ੍ਹਾਂ ਉਹ ਲੋਕ ਤਾਂ ਕੇਵਲ ਸਿੱਖ ਇਤਿਹਾਸ ਹੀ ਨਹੀਂ ਬਲਕਿ ਗੁਰ ਇਤਿਹਾਸ ਨੂੰ ਵੀ ਇਤਨਾ ਵਿਗੜੇ ਹੋਏ ਰੂਪ `ਚ ਪਕਿਆਈ ਦੇ ਰਹੇ ਹਨ ਕਿ ਜਿਸ ਦੀ ਤਹਿ ਤੀਕ ਪੁੱਜਣਾ ਵੀ ਸੌਖਾ ਨਹੀਂ ਰਹਿ ਰਿਹਾ। ਤਾਂ ਤੇ ਸਿੱਖ ਇਤਿਹਾਸ `ਤੇ ਕਲਮ ਚੁੱਕਣ ਤੋਂ ਪਹਿਲਾਂ ਸਾਨੂੰ ਕੁੱਝ ਗੱਲਾਂ ਧਿਆਨ `ਚ ਰੱਖਣੀਆਂ ਵੀ ਅਤਿ ਜ਼ਰੂਰੀ ਹਨ ਜਿਵੇਂ:-

੦ ਜੇਕਰ ਸਚਮੁੱਚ ਅਸੀਂ "ਸ੍ਰੀ ਗੁਰੂ ਨਾਨਕ ਸਾਹਿਬ" ਤੇ "ਗੁਰੂ ਗੋਬਿੰਦ ਸਿੰਘ ਜੀ" ਦੇ ਸਿੱਖ ਹਾਂ ਤਾਂ ਸਾਨੂੰ ਦ੍ਰਿੜ ਕਰ ਲੈਣਾ ਚਾਹੀਦਾ ਕਿ ਅਸੀਂ ਸਾਰੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ" "ਸ਼ਬਦ-ਗੁਰੂ" ਕੇਵਲ ਤੇ ਕੇਵਲ "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹੀ ਸਿੱਖ ਹਾਂ, ਉਨ੍ਹਾਂ ਦੇ ਤੁਲ ਨਾ ਕੋਈ ਰਚਨਾ ਹੈ ਤੇ ਨਾ ਕਦੇ ਹੋਵੇਗੀ ਹੀ।

੦ ਸਿੱਖ ਇਤਿਹਾਸ ਦਾ ਆਧਾਰ ਹੈ "ਦਸ ਪਾਤਸ਼ਾਹੀਆਂ ਦਾ ਜੀਵਨ ਅਤੇ ਉਨ੍ਹਾਂ ਦੀਆਂ ਘਾਲਣਾਵਾਂ"। ਇਹੀ ਨਹੀਂ "ਸੰਨ ੧੪੬੯" ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਲੈ ਕੇ "੬ ਅਕਤੂਬਰ ਸੰਨ ੧੭੦੮" ਜਦੋਂ ਦਸਮੇਸ਼ ਜੀਂ ਨੇ "ਅੱਖਰ ਰੂਪ" "ਸ਼ਬਦ-ਗੁਰੂ" "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲੇ ਗੁਰਬਾਣੀ ਦੇ ਖਜ਼ਾਨੇ ਨੂੰ ਗੁਰਤਾ ਗੱਦੀ ਸੌਪੀ ਤਾਂ ਉਹ ਆਪਣੇ ਆਪ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸ਼ੰਪੂਰਣਤਾ ਦਾ ਐਲਾਣ ਵੀ ਸੀ।

੦ ਘਟੋ-ਘਟ ਸਿੱਖ ਅਖਵਾਉਣ ਵਾਲਿਆਂ ਰਾਹੀਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲੇ "ਇਲਾਹੀ ਤੇ ਸਦੀਵ ਕਾਲੀਨ ਸੱਚ ਨੂੰ" ਪਿਠ ਦੇਣੀ, ਉਸ ਪਾਸਿਓਂ ਭਟਕਾਣਾ ਜਾਂ ਕੁੱਝ ਬਾਹਰੀ ਤੇ ਵਿਰੋਧੀ ਤਾਕਤਾਂ ਰਾਹੀਂ ਸਿੱਖਾਂ ਨੂੰ ਇਸ ਪਾਸਿਓਂ ਭਟਕਾਉਣ ਲਈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਦੂਜੀਆਂ ਰਚਣਾਵਾਂ ਨੂੰ ਖੜਾ ਕਰਕੇ, ਸਿੱਖ ਕੌਮ ਨੂੰ ਦੁਚਿੱਤੀ `ਚ ਪਾਉਣ `ਚ ਸਫ਼ਲ ਹੋਣਾ, "ਸਿੱਖ ਧਰਮ" ਅਤੇ "ਮੂਲ ਸਿੱਖ ਇਤਿਹਾਸ" ਲਈ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ। ਦੇਖਿਆ ਜਾਵੇ ਤਾਂ ਅੱਜ ਤੇਜ਼ੀ ਨਾਲ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਅਤੇ ਬਣ ਵੀ ਰਹੇ ਹਨ।

੦ ਸਮੂਚੇ ਸਿੱਖ ਇਤਿਹਾਸ ਦੀ ਨੀਂਵ ਹੈ "ਗੁਰੂ ਇਤਿਹਾਸ"। "ਦਸੋਂ ਪਾਤਸ਼ਾਹੀਆਂ ਦਾ ਉਹ ਇਤਿਹਾਸ" ਜਿਹੜਾ-ਦੁਨਿਆਵੀ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ, ਡੇਰੇਦਾਰਾਂ, ਜਾਗੀਰਦਾਰਾਂ, ਗੱਦੀਦਾਰਾਂ, ਦੰਭੀ ਤੇ ਪਾਖੰਡੀ ਗੁਰੂਆਂ ਆਦਿ ਦਾ ਇਤਿਹਾਸ ਨਹੀਂ। ਉਹ ਅਜਿਹਾ ਇਤਿਹਾਸ ਹੈ ਜਿਸ ਦਾ ਪ੍ਰਗਟਾਵਾ ਹਨ "ਅੱਖਰ ਰੂਪ" "ਸ਼ਬਦ-ਗੁਰੂ" ਜੁਗੋ-ਜੁਗ ਅਟੱਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"। ਇਸੇ ਲਈ ਉਸ "ਧੁਰੋਂ ਸਥਾਪਤ ਪ੍ਰੋਗ੍ਰਾਮ" ਦੀ "ਸ਼ੁਧਤਾ" `ਤੇ ਸੰਸਾਰਕ, ਰਾਜਸੀ, ਪ੍ਰਵਾਰਕ ਤੇ ਸਮੇਂ ਦੇ ਉਤਾਰ-ਝੜਾਵ ਅਥਵਾ ਵਾਧੇ ਘਾਟੇ ਵੀ ਉਸ "ਰੱਬੀ ਪ੍ਰੋਗਰਾਮ" `ਚ ਰੁਕਾਵਟ ਨਾ ਬਣ ਸਕੇ।

੦ ਇਹ ਵੀ ਦੇਖ ਆਏ ਹਾਂ ਕਿ "ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਅਨੁਸਾਰ ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੱਕ-ਗੁਰੂ ਕੇਵਲ ਇਕੋ ਸੀ ਤੇ ਉਹ ਸੀ "ਸ਼ਬਦ-ਗੁਰੂ" ਰੂਪ ਅਕਾਲ ਪੁਰਖੀ, ਇਲਾਹੀ-ਬ੍ਰਹਮੰਡੀ ਤੇ ਰੱਬੀ ਗਿਆਨ। – ਇਸ ਲਈ ਅਸਾਂ ਨਾਲ-ਨਾਲ ਇਸ ਸਚਾਈ ਨੂੰ ਵੀ ਸਦਾ ਚੇਤੇ `ਚ ਰੱਖਣਾ ਹੈ ਕਿ ਸਾਡੇ ਗੁਰੂ, ਦਸ ਨਹੀਂ ਹਨ ਬਲਕਿ ਉਹ ਕੇਵਲ ਦਸ ਸਰੂਪ, ਜਾਮੇਂ ਤੇ ਦਸ ਪਾਤਸ਼ਾਹੀਆਂ ਹੀ ਹਨ। ਜਦਕਿ ਉਹ ਸਾਰੇ ਮੂਲ ਰੂਪ `ਚ ਉਸੇ ਅਕਾਲ ਪੁਰਖੀ, ਇਲਾਹੀ ਤੇ ਬ੍ਰਹਮੰਡੀ "ਸ਼ਬਦ-ਗੁਰੂ" ਦਾ ਹੀ ਸਰੀਰਕ ਪ੍ਰਗਟਾਵਾ ਸਨ।

੦ ਇਹ ਵੀ ਕਿ ਗੁਰੂ ਨਾਨਕ ਪਾਤਸ਼ਾਹ, ਇਲਾਹੀ ਗੁਰੂ ਗਿਆਨ ਦਾ ਧੁਰੋਂ ਹੀ ਸਰੀਰਕ ਪ੍ਰਗਟਾਵਾ ਸਨ। ਉਪ੍ਰੰਤ ਉਨ੍ਹਾਂ ਨੇ ਹੀ ਦਸ ਜਾਮੇ ਧਾਰਣ ਕਰਣ ਤੋਂ ਬਾਅਦ "ਉਸੇ ਰੱਬੀ ਸਦਾ ਥਿਰ ਸਦੀਵੀ ਸੱਚੇ ਤੇ ਜੁਗੋ-ਜੁਗ ਅਟੱਲ ਗੂਰੂ ਨੂੰ "ਅੱਖਰ ਰੂਪ" "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸਦੀਵ ਕਾਲ ਲਈ ਦਸਵੇਂ ਜਾਮੇ `ਚ ਸ਼ਥਾਪਤ ਵੀ ਆਪ ਹੀ ਕੀਤਾ।

੦ ਗੁਰੂ ਨਾਨਕ ਪਾਤਸ਼ਾਹ ਸੰਬੰਧੀ ਭੱਟਾਂ ਨੇ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ…" (ਪੰ: ੧੪੦੮) ਤੇ "ਆਪਿ ਨਰਾਇਣੁ ਕਲਾ ਧਾਰਿਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ" (ਪੰ੧੩੯੫) ਆਦਿ ਫ਼ੁਰਮਾਨਾਂ ਰਾਹੀਂ ਉਪ੍ਰੰਤ ਸਤਾ ਬਲਵੰਡ ਜੀ ਨੇ "ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਬਲਕਿ ਪੰਚਮ ਪਿਤਾ ਨੇ ਵੀ ‘ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ (ਪੰ: 750) ਆਦਿ ਫ਼ੁਰਮਾਨਾਂ ਰਾਹੀਂ ਇਸ ਰੱਬੀ ਸੱਚ `ਤੇ ਆਪਣੀ ਮੋਹਰ ਲਗਾਈ ਹੋਈ ਹੈ।

੦ ਇਸ ਤੋਂ ਬਾਅਦ ਕਿਸੇ ਬਾਹਰਲੇ ਸਬੂਤ ਦੀ ਵੀ ਲੋੜ ਨਹੀਂ ਰਹਿੰਦੀ, ਜਦੋਂ ਦੇਖਦੇ ਹਾਂ ਕਿ ਆਪਣੇ ਤੋਂ ਬਾਅਦ ਜਿਸ ਵੀ ਸਿੱਖ `ਤੇ ਗੁਰੂ ਨਾਨਕ ਪਾਤਸ਼ਾਹ ਜਾਂ ਉਨ੍ਹਾਂ ਦੇ ਕਿਸੇ ਵੀ ਜਾਨਸ਼ੀਨ ਨੇ ਬਖ਼ਸ਼ਿਸ਼ ਕੀਤੀ, ਤਾਂ ਬਿਨਾ ਕਿਸੇ ਭਿੰਨ-ਭੇਦ ਉਹ ਵੀ ਗੁਰੂ ਨਾਨਕ ਸਾਹਿਬ ਵਾਲੀ ਉਸੇ ਇਲਾਹੀ ਪਧਰ ਤੇ ਅਵਸਥਾ ਨੂੰ ਪ੍ਰਾਪਤ ਹੋ ਗਿਆ; ਜਦਕਿ ਬਾਕੀ ਨੌ ਸਰੂਪ ਇਸੇ ਰੱਬੀ ਸੱਚ ਦਾ ਪ੍ਰਗਟਾਵਾ ਹਨ।

੦ ਇਹੀ ਕਾਰਣ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ਸਚਾਈਆ "ਆਦਿ ਸਚੁ ਜੁਗਾਦੁ ਸਚੁ॥ ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ" (ਬਾਣੀ ਜਪੁ) ਦਾ ਹੀ ਪ੍ਰਗਟਾਵਾ ਹਨ। ਅਜੋਕੀਆਂ ਵਿਗਿਆਨਕ ਖੋਜਾਂ, ਗੁਰਬਾਣੀ ਦੇ ਇਲਾਹੀ ਸੱਚ ਤੋਂ ਅੱਜ ਵੀ ਹਜ਼ਾਰਾਂ ਸਾਲ ਪਿੱਛੇ ਹਨ ਤੇ ਸਦਾ ਪਿਛੇ ਰਹਿਣਗੀਆਂ ਵੀ।

੦ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਜਿਹੜਾ ਪ੍ਰੋਗਰਾਮ ਮਨੁੱਖ ਮਾਤ੍ਰ ਲਈ ਉਲੀਕਿਆ, ਦਸਾਂ ਸਰੂਪਾਂ `ਚ ਉਸਦੀ ਲੜੀਵਾਰ ਪ੍ਰਪੱਕਤਾ ਵੀ ਆਪ ਕੀਤੀ। ਸੰਸਾਰਕ ਰੁਕਾਵਟਾਂ, ਘਟਨਾਵਾਂ ਉਨ੍ਹਾਂ ਦੇ ਉਸ ਬਹਾਵ `ਚ ਨਾ ਰੁਕਾਵਟ ਬਣ ਸਕਦੀਆਂ ਸਨ ਤੇ ਨਾ ਬਣ ਸਕੀਆਂ। ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਦਸਵੇਂ ਸਰੂਪ `ਚ ਉਸੇ ਨੂੰ "ਅੱਖਰ-ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਦੇ ਰੂਪ `ਚ ਸੰਪੂਰਨਤਾ ਬਖਸ਼ੀ ਅਤੇ ਉਸ ਸਦੀਵੀ ਸੱਚ ਨੂੰ ਸੰਸਾਰ `ਚ ਪ੍ਰਗਟ ਕਰ ਦਿੱਤਾ।

੦ ਵਿਸ਼ੇ ਨੂੰ ਦੌਰਾ ਦੇਵੀਏ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਦਸਮੇਸ਼ ਪਿਤਾ ਬਿਲਕੁਲ ਵੀ ਭਿੰਨ-ਭਿੰਨ ਨਹੀਂ ਹਨ, ਜਿਵੇਂ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਇਤਿਹਾਸ `ਚ ਬਿਲਕੁਲ ਵੱਖਰੇ ਰੂਪ `ਚ ਪੇਸ਼ ਕੀਤਾ ਜਾ ਰਿਹਾ ਹੈ। ਇਹੀ ਇਸੇ ਲਈ ਅੱਜ (ਸੰਨ ੧੪੬੯-ਆਗਮਨ ਗੁਰੂ ਨਾਨਕ ਸਾਹਿਬ) ਅਤੇ "ਵਿਸਾਖੀ ਸੰਨ ੧੬੯੯" ਦੇ ਇਤਿਹਾਸ ਨੂੰ ਬਿਲਕੁਲ ਅੱਡ ਅੱਡ ਰੂਪ `ਚ ਪ੍ਰਚਾਰਿਆ ਤੇ ਪੇਸ਼ ਵੀ ਕੀਤਾ ਜਾ ਰਿਹਾ ਹੈ। ਜਦਕਿ ਇਨ੍ਹਾਂ ੨੩੦ ਸਾਲਾਂ `ਚ ਦਸਮੇਸ਼ ਜੀ ਦੇ ਗੁਰਗੱਦੀ ਕਾਲ ਦੇ ੨੪ ਸਾਲ ਵੀ ਹਨ। ਸਾਨੂੰ ਇਸ ਪਾਸਿਓਂ ਬਿਨਾ ਢਿੱਲ ਸੰਭਲਣ ਤੇ ਸੁਚੇਤ ਹੋਣ ਦੀ ਲੋੜ ਹੈ।

੦ ਇਹ ਵੀ ਦੌਰਾ ਦੇਵੀਏ ਕਿ ਗੁਰੂ-ਇਤਿਹਾਸ ਕੇਵਲ ਉਹੀ ਹੈ ਜਿਹੜਾ ਗੁਰਬਾਣੀ ਦੀ ਕਸਵੱਟੀ `ਤੇ ਪੂਰਾ ਉਤਰਦਾ ਹੈ। ਬਾਕੀ ਵਿਰੋਧੀਆਂ ਵੱਲੋਂ ਤੇ ਅਗਿਆਣਤਾ ਵੱਸ ਕੇਵਲ ਮਿਲਾਵਟਾਂ ਹਨ ਜਿਨ੍ਹਾਂ ਤੋਂ ਪੰਥ ਨੂੰ ਜਾਗਣ ਦੀ ਲੋੜ ਹੈ। ਇਸ ਤਰ੍ਹਾਂ ਜਦੋਂ ਜੜ੍ਹ `ਚ ਹੀ ਮਿਲਾਵਟ ਕਰ ਦਿੱਤੀ ਜਾਂ ਹੋ ਚੁੱਕੀ ਹੋਵੇ ਤਾ ਅਗਲੇਰਾ ਸਿੱਖ ਇਤਿਹਾਸ ਕਿਵੇਂ ਠੀਕ ਰਹਿ ਸਕਾਦਾ ਹੈ? ਇਹ ਵੀ ਕਿ ਉਨ੍ਹਾਂ ਮਿਲਾਵਟਾਂ ਦੀ ਤਹਿ ਤੱਕ ਪੁੱਜਣ ਲਈ ਸਾਨੂੰ ਹੰਸ ਬਿਰਤੀ ਦੀ ਲੋੜ ਹੈ। ਅਜਿਹੀ ਹੰਸ ਬਿਰਤੀ ਲਈ ਸੰਬੰਧਤ ਸੱਜਨਾਂ ਅੰਦਰ ਗੁਰਬਾਣੀ-ਸੋਝੀ ਤੇ ਗੁਰਬਾਣੀ ਜੀਵਨ-ਜਾਚ, ਦੋਨਾਂ ਦਾ ਹੋਣਾ ਜ਼ਰੂਰੀ ਹੈ।

੦ ਇਹ ਵੀ ਕਿ ਗੁਰੂਦਰ ਦੀਆਂ ਵਿਰੋਧੀ ਤਾਕਤਾਂ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਆਪਣੇ ਪਰ ਮਾਰ ਰਹੀਆਂ ਸਨ। ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੱਕ ਇਨ੍ਹਾਂ ਨੇ ਹਮਲੇ ਤਾਂ ਬਹੁਤ ਕੀਤੇ ਪਰ ਸਿੱਖੀ ਦੇ ਮਜ਼ਬੂਤ ਕਿਲੇ `ਚ ਦਾਖਲ ਹੋਣਾ ਤਾਂ ਦੂਰ, ਸੁਰਾਖ ਵੀ ਨਾ ਕਰ ਸਕੀਆਂ। ਅਜਿਹਾ ਇਸ ਲਈ ਹੋਇਆ ਕਿਉਂਕਿ ਗੁਰੂ ਪਾਤਸ਼ਾਹੀਆਂ ਅਤੇ ਸਮੇਂ ਸਮੇਂ ਨਾਲ ਉਨ੍ਹਾਂ ਵੱਲੋਂ ਸਥਾਪਤ ਯੋਗ ਪ੍ਰਚਾਰਕਾਂ ਦੀ ਅਗਵਾਹੀ ਕਾਰਣ ਹੀ, ਲਗਾਤਾਰ ੨੩੯ ਸਾਲ ਉਹ ਅਜਿਹਾ ਕੁੱਝ ਵੀ ਨਾ ਕਰ ਸਕੇ।

੦ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਤਾਂ ਵਿਰੋਧੀ ਤਾਕਤਾਂ ਨੂੰ ਸਿੱਖ ਰਹਿਣੀ, ਸਿਧਾਂਤ, ਇਤਿਹਾਸ ਦੀ ਭੰਨ ਤੋੜ ਲਈ ਖੁੱਲ੍ਹਾ ਸਮਾਂ ਮਿਲ ਗਿਆ। ਸਾਰੇ ਇਤਿਹਾਸਕ ਸਥਾਨਾਂ `ਤੇ ਇੱਕ ਜਾਂ ਦੂਜੇ ਰੂਪ `ਚ ਸਿੱਖ ਰਹਿਣੀ ਦੇ ਵਿਰੋਧੀ ਪੂਰੀ ਤਰ੍ਹਾਂ ਛਾ ਗਏ। ਇੰਨ੍ਹਾਂ ਨੇ ਸਾਡੀ ਰਹਿਣੀ ਤੇ ਇਤਿਹਾਸ `ਤੇ, ਗੁਰਬਾਣੀ ਦੀ ਚਾਸ਼ਨੀ ਚੜ੍ਹਾ ਕੇ ਭਰਵੀਂ ਮਿਲਾਵਟ ਕੀਤੀ। ਉਸ ਤੋਂ ਬਾਅਦ ਬਾਕੀ ਕਸਰ ਅੰਗ੍ਰੇਜ਼ਾਂ ਨੇ ਆ ਕੇ ਪੂਰੀ ਕਰ ਦਿੱਤੀ। ਵਿਸ਼ੇ ਸੰਬੰਧੀ ਹੋਰ ਵੇਰਵਾ ਅੱਗੇ ਚੱਲ ਕੇ ਆਵੇਗਾ।

੦ ਬਲਕਿ ਅੱਜ ਤੱਕ ਵੀ ਉਨ੍ਹਾਂ ਵਿਰੋਧੀ ਹਮਲਿਆ `ਤੇ ਰੋਕ ਨਹੀਂ ਲੱਗ ਸਕੀ ਤੇ ਹਰ ਪਲ ਜਾਰੀ ਹਨ। ਸਿੱਖ ਨੇ ਸ਼ਸਤ੍ਰਾਂ ਦੀਆਂ ਜੰਗਾਂ ਤਾਂ ਬਹੁਤੇਰੀਆਂ ਜਿੱਤੀਆਂ ਹਨ ਪਰ ਕਲਮ ਦੀ ਜੰਗ `ਚ ਗੁਰਬਾਣੀ ਸੋਝੀ-ਜੀਵਨ ਤੋਂ ਦੂਰ ਹੋ ਜਾਣ ਕਾਰਣ ਪੂਰੀ ਤਰ੍ਹਾਂ ਮਾਰ ਖਾ ਰਿਹਾ ਹੈ, ਜਾਗਣ ਦੀ ਅਤੇ ਸਾਨੂੰ ਤੇਜ਼ੀ ਨਾਲ "ਨਿਰੋਲ ਗੁਰਬਾਣੀ ਵਿਚਾਰਧਾਰਾ" ਆਧਾਰਤ ਜੀਵਨ `ਚ ਪ੍ਰਪਕ ਹੋਣ ਦੀ ਲੋੜ ਹੈ।

੦ ਸੰਸਾਰ ਤਲ `ਤੇ ਮੰਨਿਆਂ-ਪ੍ਰਮੰਣਿਆਂ ਸੱਚ ਹੈ, ਜਿਸ ਕੌਮ ਨੂੰ ਖ਼ਤਮ ਕਰਣਾ ਹੋਵੇ ਉਸ ਦੇ ਇਤਿਹਾਸ ਤੇ ਰਹਿਣੀ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ। ਜਦਕਿ ਸਿੱਖ ਨਾਲ ਤਾਂ ਇਸ ਤੋਂ ਵੀ ਵਡਾ ਅਨਰਥ ਹੋਇਆ ਹੈ। ਸਾਡੇ ਇਤਿਹਾਸ `ਚ ਮਿਲਾਵਟ ਵਿੱਚਲੀ ਗੱਲ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ; ਇਥੇ ਤਾਂ ਸਾਡਾ ੨੩੦ ਸਾਲਾਂ ਦਾ ਇਤਿਹਾਸ ਖ਼ਤਮ ਕਰਕੇ, ਹਰੇਕ ਗੱਲ ਸ਼ੁਰੂ ਹੀ "ਵਿਸਾਖੀ ਸੰਨ ੧੬੯੯" ਦੀ ਘਟਣਾ ਤੋਂ ਅਤੇ ਉਹ ਵੀ ਅਸਲੋਂ ਕੋਹਾਂ ਦੂਰ ਲਿਜਾ ਕੇ ਕੀਤੀ ਜਾਂਦੀ ਹੈ।

ਦ੍ਰਿੜ ਕਰਣਾ ਹੈ ਕਿ "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) ਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਭਾਵ ਸਿੱਖ ਧਰਮ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਤੋਂ ਹੀ ਹੋ ਚੁੱਕਾ ਸੀ। ਜਿਉਂ ਜਿਉਂ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਮੂਲ ਨਾਲ ਜੁੜਦੇ ਜਾਵਾਂਗੇ ਇਹ ਵੀ ਸਮਝ ਆਉਂਦੀ ਜਾਵੇਗੀ ਕਿ ਸਿੱਖ ਧਰਮ ਸੰਪੂਰਨ ਮਾਨਵਤਾ ਤੇ ਸੰਪੂਰਨ ਮਨੁੱਖ ਜਾਤੀ ਦਾ ਮੂਲ ਧਰਮ ਹੈ। ਇਹ ਧਰਮ ਗੁਰੂ ਪਾਤਸ਼ਾਹ ਨੇ ਪਹਿਲਾਂ ਤੋਂ ਧਰਮਾਂ ਦੀ ਗਿਣਤੀ `ਚ ਵਾਧਾ ਕਰਣ ਲਈ ਪ੍ਰਗਟ ਨਹੀਂ ਸੀ ਕੀਤਾ। ਬਲਕਿ ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਲਈ ਅਕਾਲਪੁਰਖ ਵੱਲ਼ੋਂ ਨਿਯਤ ਇਕੋ-ਇਕ ਮਨੁੱਖੀ ਧਰਮ ਦਾ ਪ੍ਰਕਾਸ਼ ਹੀ ਕੀਤਾ ਸੀ।

"ਦਸਵੇਂ ਪਾਤਸ਼ਾਹ ਕਾ ਗ੍ਰੰਥ" ? - ਪੰਜਾਂ ਕਕਾਰਾਂ ਚੋਂ ਕੜੇ ਵਾਲੇ ਪ੍ਰਕਰਣ ਦੇ ਚਲਦਿਆਂ, ਲੋੜ ਅਨੁਸਾਰ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ" "ਸ਼ਬਦ-ਗੁਰੂ" "ਜੁਗੋ-ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੀਮਾ ਤੇ ਦਾਇਰੇ ਤੋਂ ਬਾਹਿਰ ਜਾ ਕੇ ਅਸਾਂ "ਬਚਿਤ੍ਰ ਨਾਟਕ" ਤੇ ਅਜੋਕੇ "ਦਸਮ ਗ੍ਰੰਥ" ਸੰਬਧੀ ਵੀ ਕੁੱਝ ਜ਼ਿਕਰ ਕੀਤਾ ਸੀ।

ਇਥੇ ਸਮਝਣਾ ਹੈ ਪੰਚਮ ਪਿਤਾ ਰਾਹੀਂ "ਆਦਿ ਬੀੜ" ਦੀ ਰਚਨਾ ਤੋਂ ਬਾਅਦ ਨੌਂਵੇਂ ਪਾਤਸ਼ਾਹ ਨੇ ਵੀ ਗੁਰਬਾਣੀ ਰਚੀ ਸੀ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਜਿਤਨੇ ਤੇ ਜਿਸ-ਜਿਸ ‘ਰਾਗ’ `ਚ ਸ਼ਬਦ’ ਤੇ ਛੰਦ ਰਚੇ ਸਨ, ਬਾਅਦ `ਚ ਦਸਮੇਸ਼ ਜੀ ਨੇ ਉਨ੍ਹਾਂ ਨੂੰ ਅਜੋਕੀਆਂ ਬੀੜਾਂ `ਚ ਪੰਜਵੇਂ ਪਾਤਸ਼ਾਹ ਰਾਹੀਂ ਕਾਇਮ ਕੀਤੇ ਹੋਏ ਉਸੇ ਕ੍ਰਮ ਅਨੁਸਾਰ, ਉਸੇ "ਆਦਿ ਬੀੜ" `ਚ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੇ ਛੰਦਾ ਤੋਂ ਬਾਅਦ ਦਰਜ ਕਰ ਦਿੱਤਾ। ਇਹ ਵੀ ਕਿ ‘ਸ਼ਬਦਾਂ’ ਤੇ ਛੰਦਾਂ ਤੋਂ ਪਹਿਲਾਂ ਗੁਰਬਾਣੀ ਦੀ ਤਰਤੀਬ `ਚ ਅਸ਼ਟਪਦੀਆਂ ਵੀ ਹਨ ਪਰ ਨੌਂਵੇਂ ਪਾਤਸ਼ਾਹ ਦੀ ਕੋਈ ਵੀ ਅਸ਼ਟਪਦੀ ਨਹੀਂ ਸੀ।

ਫ਼ਿਰ ਇਹ ਵੀ ਕਿ ਨੌਵੇਂ ਪਾਤਸ਼ਾਹ ਨੇ ਸਲੋਕ ਵੀ ਰਚੇ ਸਨ। ਉਨ੍ਹਾਂ ਸੰਬੰਧੀ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਦਸਮੇਸ਼ ਜੀ ਨੇ "ਨੌਵੇਂ ਪਾਤਸ਼ਾਹ ਦੇ ਉਨ੍ਹਾਂ ਸਲੋਕਾਂ ਨੂੰ ਵੀ" ਬਾਣੀ ਦੀ ਸੰਪੂਰਣਤਾ ਸੂਚਕ ਪੰਜਵੇਂ ਪਾਤਸ਼ਾਹ ਦੇ ਦੋਨਾਂ ਸਲੋਕਾਂ "ਮੁੰਦਾਵਣੀ ਮਹਲਾ ੫ ਥਾਲ ਵਿਚਿ ਤਿੰਨਿ ਵਸਤੂ ਪਈਓ…" ਅਤੇ "ਸਲੋਕ ਮਹਲਾ ੫॥ ਤੇਰਾ ਕੀਤਾ ਜਾਤੋ ਨਾਹੀ…" (ਪੰ: ੧੪੨੯) ਤੋਂ ਇੱਕ ਦੰਮ ਪਹਿਲਾਂ "ੴ ਸਤਿਗੁਰ ਪ੍ਰਸਾਦਿ॥ ਸਲੋਕ ਮਹਲਾ ੯॥" ਦੇ ਸਿਰਲੇਖ ਹੇਠ ਦਰਜ ਕੀਤਾ। ਖ਼ੂਬੀ ਇਹ ਕਿ ਅੱਜ ਦਸਮੇਸ਼ ਜੀ ਦੀ ਰਚਨਾ ਕਹਿ ਕੇ ਪ੍ਰਚਾਰੇ ਜਾ ਰਹੇ "ਬਚਿਤ੍ਰ ਨਾਟਕ" ਉਰਫ਼ ਅਜੋਕੇ "ਦਸਮ ਗ੍ਰੰਥ" `ਚ ਵਰਤੇ ਗਏ ਮੰਗਲਾਚਰਣਾਂ ਦੇ ਉਲਟ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੋਂ ਪਹਿਲਾਂ ਦਸਮੇਸ਼ ਜੀਂ ਨੇ ਆਪ ਵੀ "ੴ ਸਤਿਗੁਰ ਪ੍ਰਸਾਦਿ॥" ਵਾਲਾ ਮੰਗਲਾਚਰਣ ਹੀ ਵਰਤਿਆ। ਜਦਕਿ "ਨਾਨਕ ਜੋਤ" ਹੋਣ ਦੇ ਨਾਤੇ ਉਨ੍ਹਾਂ ਨੂੰ ਮੰਗਲਾਚਰਣ ਬਦਲ ਕੇ ਵਰਤਣ ਦਾ ਵੀ ਹੱਕ ਸੀ ਅਤੇ ਉਨ੍ਹਾਂ ਨੂੰ ਤਾਂ ਪੰਜਵੇ ਪਾਤਸ਼ਾਹ ਰਾਹੀਂ ਕਾਇਮ ਕੀਤੇ ਹੋਏ "ਆਦਿ ਬੀੜ" ਦੇ ਸੰਪੂਰਣਾ ਸੂਚਕ ਸਲੋਕਾਂ ਦੀ ਸੀਮਾਂ ਨੂੰ ਤੋੜ ਕੇ ਨੌਵੇਂ ਪਾਤਸ਼ਾਹ ਰਹੀਂ ਰਚੇ ਹੋਏ ਸਲੋਕ ਬਾਅਦ `ਚ ਦਰਜ ਕਰਣ ਦਾ ਵੀ ਹੱਕ ਸੀ। ਜਦਕਿ ਕਲਗੀਧਰ ਪਾਤਸ਼ਾਹ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ; ਤਾਂ ਫ਼ਿਰ ਤਾਂ ਇਹ ਸਭ ਕਰਣੀ ਕਿਸ ਸਚਾਈ ਦੀ ਸੂਚਕ ਹੈ, ਕੌਣ ਵਿਚਾਰੇਗਾ?

ਚਲਦੇ ਵਿਸ਼ੇ ਵੱਲ ਖ਼ਾਸ ਧਿਆਣ ਲਈ, ਇਸ ਦਾ ਇੱਕ ਪੱਖ ਹੋਰ ਵੀ ਹੈ। ਉਹ ਇਹ ਕਿ ਇਸ ਤਰ੍ਹਾਂ ਓਦੋਂ ਸੰਗਤਾਂ ਵਿਚਾਲੇ ਇੱਕ ਨਹੀਂ ਦੋ ਤਰ੍ਹਾਂ ਦੀਆਂ ਭਿੰਨ ਭਿੰਨ ਬੀੜਾਂ ਪ੍ਰਚਲਤ ਹੋ ਚੁੱਕੀਆਂ ਸਨ। ਇੱਕ "ਆਦਿ ਬੀੜ" ਜਿਹੜੀ ਪੰਚਮ ਪਿਤਾ ਨੇ ਰਚੀ ਸੀ ਤੇ ਉਨ੍ਹਾਂ ਦੇ ਸਮੇਂ ਤੋਂ ਬਰਾਬਰ ਚਲਦੀ ਆ ਰਹੀ ਸੀ, ਦੂਜੀ ਜਿਸ ਨੂੰ ਦਸਮੇਸ਼ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਸੰਪੂਰਣ ਕੀਤਾ ਸੀ।

ਇਹੀ ਕਾਰਣ ਸੀ ਵੱਕਤੀ ਪਹਿਚਾਣ ਵਾਸਤੇ, ਕੁੱਝ ਸਮੇਂ ਲਈ ਸੰਗਤਾਂ ਵਿਚਾਲੇ ਪ੍ਰਚਲਤ ਬੀੜਾਂ ਨੂੰ ਦੋ ਭਿੰਨ ਭਿੰਨ ਨਾਵਾਂ ਨਾਲ ਜਾਣਿਆ ਜਾਣ ਲਗਾ। ਇੱਕ ਬੀੜ ਲਈ "ਆਦਿ ਬੀੜ" ਤੇ ਦੂਜੀ ਜਿਸ `ਚ ਦਸਮੇਸ਼ ਪਿਤਾ ਨੇ ਨੌਵੇਂ ਪਾਤਸਾਹ ਦੀ ਬਾਣੀ ਜੋੜ ਕੇ, ਜਿਸ ਨੂੰ ਸੰਪੂਰਣ ਕੀਤਾ ਸੀ। ਇਸਤਰ੍ਹਾਂ ਕੁੱਝ ਸਮੇਂ ਲਈ ਦਸਮੇਸ਼ ਪਿਤਾ ਰਾਹੀਂ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੁ ਸੰਪੂਰਣ ਕੀਤੀ ਗਈ ਬੀੜ ਨੂੰ "ਦਸਵੇਂ ਪਾਤਸ਼ਾਹ ਕਾ ਗ੍ਰੰਥ" ਕਿਹਾ ਜਾਣ ਲੱਗਾ। ਜਦਕਿ ਇਹ ਉਹੀ ਗ੍ਰੰਥ ਹੈ ਜਿਸ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਾਲਾ ਅਜੋਕਾ ਸੰਬੋਧਨ ਪ੍ਰਾਪਤ ਹੈ ਨਾ ਕਿ ਕੋਈ ਵੱਖਰਾ "ਦਸਮ ਗ੍ਰੰਥ" ਆਦਿ

ਸਪਸ਼ਟ ਹੋਇਆ ਕਿ ਉਹ ਸਭ ਕੇਵਲ ਵੱਕਤੀ ਤੇ ਸਮੇਂ ਦੀ ਲੋੜ ਅਤੇ ਪਹਿਚਾਣ ਮਾਤ੍ਰ ਹੀ ਸੀ। ਨਾ ਕਿ ਓਦੋਂ "ਦਸਵੇਂ ਪਾਤਸ਼ਾਹ ਕਾ ਗ੍ਰੰਥ" ਉਹ ਬਚਿਤ੍ਰ ਨਾਟਕ ਸੀ ਜਿਸ ਨੂੰ ਲਗਭਗ ਤੀਹ ਸਾਲ ਬਾਅਦ ਪ੍ਰਗਟ ਕੀਤਾ ਤੇ ਸੰਨ ੧੮੬੦ ਦੇ ਆਸ ਪਾਸ ‘ਦਸਮ ਗ੍ਰੰਥ’ ਵਾਲਾ ਨਾਮ ਦੇ ਕੇ ਪ੍ਰਚਲਤ ਕਰ ਦਿੱਤਾ ਗਿਆ। ਦਰਅਸਲ ਦਸਮ ਪਿਤਾ ਦਾ ਨਾਂ ਵਰਤ ਕੇ "ਗੁਰੂ ਕੀਆਂ ਸੰਗਤਾਂ" ਨੂੰ ਅੱਜ ਉਸੇ ‘ਦਸਮ ਗ੍ਰੰਥ’ ਤੋਂ ਭੰਬਲਭੂਸੇ `ਚ ਵੀ ਪਾਇਆ ਜਾ ਰਿਹਾ ਹੈ। (ਚਲਦਾ) #418P-VIVs06.16.02.16#p9

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-VIV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਨੌਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com




.